ਵਿਦਿਆਰਥੀਆਂ ਨੇ
ਮੋਗਾ ਸੰਗਰਾਮ ਰੈਲੀ ਦੀ 50ਵੀਂ ਵਰ੍ਹੇਗੰਢ
ਮਨਾਈ !
ਸ਼ਾਨਾਂਮੱਤੇ
ਸੰਗਰਾਮੀ ਇਤਿਹਾਸ ਦੇ ਸਬਕਾਂ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ..
ਇਤਿਹਾਸਿਕ ਮੋਗਾ
ਸੰਗਰਾਮ ਰੈਲੀ ਦੀ 50ਵੀਂ ਵਰ੍ਹੇਗੰਢ
ਮੌਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸੰਗਰੂਰ ਦੇ ਰਣਬੀਰ ਕਾਲਜ ਵਿੱਚ
ਵਿਦਿਆਰਥੀ ਕਾਰਕੁੰਨਾਂ ਦੀ ਇਕੱਤਰਤਾ ਕੀਤੀ ਗਈ। ਇਕੱਤਰਤਾ ਦੀ ਸ਼ੁਰੂਆਤ ਕੌਮੀ ਮੁਕਤੀ ਸੰਗਰਾਮ ਦੇ
ਮਹਾਨ ਸਹੀਦ ਅਸਫਾਕ-ਉੱਲਾ ਖਾਨ ਨੂੰ ਉਸਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ।
ਵਿਦਿਆਰਥੀ ਕਾਰਕੁੰਨਾਂ ਨੂੰ ਸੰਬੋਧਨ ਹੁੰਦਿਆਂ ਪੀ ਐਸ ਯੂ
(ਸ਼ਹੀਦ ਰੰਧਾਵਾ) ਦੇ ਸਾਬਕਾ ਸੂਬਾ ਪ੍ਰਧਾਨ ਪਾਵੇਲ ਕੁੱਸਾ ਨੇ ਸੰਗਰਾਮ ਰੈਲੀ ਦੇ ਇਤਿਹਾਸਿਕ ਮਹੱਤਵ
ਅਤੇ ਅਜੋਕੇ ਦੌਰ ਅੰਦਰ ਇਸ ਦੇ ਸਨੇਹੇ ਦੀ ਪ੍ਰਸੰਗਕਿਤਾ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਮੋਗਾ
ਸੰਗਰਾਮ ਰੈਲੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਇੱਕ ਅਹਿਮ ਘਟਨਾ ਸੀ ਜਿਸ ਰਾਹੀਂ ਪੰਜਾਬ ਦੇ
ਵਿਦਿਆਰਥੀਆਂ ਨੇ ਹਾਕਮ ਜਮਾਤਾਂ ਦੀ ਭਟਕਾਊ ਤੇ ਭਰਮਾਊ ਸਿਆਸਤ ਦੇ ਮੁਕਾਬਲੇ ਸਾਮਰਾਜ ਵਿਰੋਧੀ ਅਸਲ
ਲੋਕ ਪੱਖੀ ਬਦਲ ਪੇਸ਼ ਕੀਤਾ ਸੀ। ਉਹਨਾਂ ਕਿਹਾ ਕਿ ਇਸ ਰੈਲੀ ਰਾਹੀਂ ਜੇ ਪੀ ਅੰਦੋਲਨ ਵੱਲੋਂ ਉਭਾਰੇ
ਜਾ ਰਹੇ ਸੰਪੂਰਨ ਇਨਕਲਾਬ ਦੇ ਭਰਮਾਊ ਨਾਅਰੇ ਅਤੇ ਇੰਦਰਾ ਹਕੂਮਤ ਵੱਲੋਂ ਅੰਨ੍ਹੇ ਕੌਮ ਹੰਕਾਰ ’ਤੇ ਸਵਾਰ ਹੋ ਕੇ ਲੋਕਾਂ ਖਿਲਾਫ ਬੋਲੇ ਬਹੁ-ਧਾਰੀ ਧਾਵੇ
ਦਾ ਪਰਦਾਚਾਕ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਇਸ ਭਰਮਾਊ ਸਿਆਸਤ ਦੇ ਟਾਕਰੇ ਲਈ ਹਾਕਮ ਜਮਾਤੀ
ਪਾਰਟੀਆਂ ਦੀ ਮੁਥਾਜਗੀ ਤੋਂ ਮੁਕਤ ਸਵੈ- ਨਿਰਭਰ ਜਥੇਬੰਦ ਸ਼ਕਤੀ ’ਤੇ ਟੇਕ ਰੱਖ ਕੇ ਅੱਗੇ ਵਧਣ ਦਾ ਹੋਕਾ ਦਿੱਤਾ ਗਿਆ ਸੀ।
ਇਸ ਰੈਲੀ ਤੋਂ ਪੇਸ਼ ਕੀਤਾ ਗਿਆ “ਕੌਮ ਲਈ ਕਲਿਆਣ ਦਾ
ਰਾਹ’’ ਨਾਂ ਦਾ ਦਸਤਾਵੇਜ਼ ਅੱਜ ਵੀ
ਪ੍ਰਸੰਗਿਕ ਹੈ। ਉਹਨਾਂ ਕਿਹਾ ਕਿ ਇਸ ਰੈਲੀ ਦੇ ਨਾਅਰੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਅੰਦਰ ਇੰਨੇ
ਮਕਬੂਲ ਹਨ ਕਿ ਉਹ ਹੁਣ ਵੀ ਲੋਕ ਸੰਘਰਸ਼ਾਂ ਅੰਦਰ ਗੂੰਜਦੇ ਸੁਣੇ ਜਾ ਸਕਦੇ ਹਨ। ਇਸ ਰੈਲੀ ਰਾਹੀਂ
ਵਿਦਿਆਰਥੀ ਜਥੇਬੰਦੀ ਨੇ ਪੰਜਾਬ ਦੇ ਲੋਕਾਂ ਦੀ ਮੋਹਰੀ ਸੋਚਵਾਨ ਸਕਤੀ ਵਜੋਂ ਰੋਲ ਅਦਾ ਕੀਤਾ ਸੀ।
ਹੁਣ ਵੀ ਹਾਕਮ ਜਮਾਤੀ ਸਿਆਸੀ ਸਕਤੀਆਂ ਵੱਲੋਂ ਵਰਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਭਰਮਾਊ
ਨਾਅਰਿਆਂ ਤੇ ਪੈਂਤੜਿਆਂ ਦੇ ਟਾਕਰੇ ਲਈ ਇਤਿਹਾਸ ਦਾ ਇਹ ਪੰਨਾ ਮੁੱਲਵਾਨ ਸਬਕ ਸਮੋਈ ਬੈਠਾ ਹੈ। ਪੀ
ਐਸ ਯੂ (ਸ਼ਹੀਦ ਰੰਧਾਵਾ) ਦੇ ਸੂਬਾ ਸਕੱਤਰ ਹੁਿਸ਼ਆਰ ਸਿੰਘ ਨੇ ਇਸ ਮਹਾਨ ਸੰਗਰਾਮੀ ਵਿਰਾਸਤ ਨੂੰ
ਗ੍ਰਹਿਣ ਕਰਨ ਦਾ ਸੱਦਾ ਦਿੱਤਾ ਅਤੇ ਅਜੋਕੇ ਦੌਰ ਵਿਚ ਵਿਦਿਆਰਥੀ ਲਹਿਰ ਅਤੇ ਸਮੁੱਚੀ ਲੋਕ ਲਹਿਰ
ਨੂੰ ਦਰਪੇਸ਼ ਚੁਣੌਤੀਆਂ ਦੇ ਪ੍ਰਸੰਗ ਵਿੱਚ ਇਸ ਵਿਰਾਸਤ ਦੇ ਸਬਕਾਂ ਨੂੰ ਗ੍ਰਹਿਣ ਕਰਨ ਦੇ ਮਹੱਤਵ ਦੀ
ਚਰਚਾ ਕੀਤੀ। ਉਹਨਾਂ ਕਿਹਾ ਕਿ ਅਸੀਂ ਮਾਣ ਕਰ ਸਕਦੇ ਹਾਂ ਕਿ ਅਸੀਂ ਇਸ ਮਹਾਨ ਇਨਕਲਾਬੀ ਵਿਰਾਸਤ ’ਤੇ ਅੱਜ ਪਹਿਰਾ ਦੇਣ ਲਈ ਯਤਨ ਜੁਟਾ ਰਹੇ ਹਾਂ।
ਇਸ ਮੌਕੇ ਵਿਦਿਆਰਥੀ
ਆਗੂ ਅਮਿਤੋਜ ਮੌੜ ਨੇ ਕੈਨੇਡਾ ’ਚ ਸੰਘਰਸ਼ ਕਰ ਰਹੇ
ਵਿਦਿਆਰਥੀਆਂ ਦੀ ਹਮਾਇਤ ਵਿੱਚ ਮਤਾ ਪੇਸ਼ ਕੀਤਾ ਤੇ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦਾ ਭਵਿੱਖ
ਤਬਾਹ ਕਰਨ ਦੀਆਂ ਵਿਉਤਾਂ ਰੱਦ ਕਰਕੇ ਉਹਨਾਂ ਨੂੰ ਮਾਣ-ਸਨਮਾਨ ਲਾਇਕ ਪੜ੍ਹਾਈ ਤੇ ਰੁਜ਼ਗਾਰ ਮੁਹੱਈਆ
ਕਰਾਇਆ ਜਾਵੇ। ਇਕੱਤਰਤਾ ਦਾ ਮੰਚ ਸੰਚਾਲਨ ਗੁਰਵਿੰਦਰ ਸਿੰਘ ਵੱਲੋਂ ਕੀਤਾ ਗਿਆ। ਸੁਰਖ਼ਾਬ ਨੇ
ਸਿੱਖਿਆ ਪ੍ਰਬੰਧ ਬਾਰੇ ਕਵਿਤਾ ਤੀਸਰੀ ਅੱਖ ਸੁਣਾਈ।
--੦--
ਵਿਦਿਆਰਥੀਆਂ ਵੱਲੋਂ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ
ਪੰਜਾਬ ’ਚ ਮੌਜੂਦ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਮੋਗਾ ਰੀਗਲ
ਸਿਨੇਮਾ ਗੋਲੀ ਕਾਂਢ ਦੇ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ। ਇਸ ਵਾਰ ਵੀ ਮੋਗਾ ਗੋਲੀ ਕਾਂਢ ਦੇ
ਸ਼ਹੀਦਾਂ ਦੀ 52ਵੀਂ ਵਰ੍ਹੇਗੰਢ
ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬ ਸਟੂਡੈਂਟਸ
ਯੂਨੀਅਨ ਵੱਲੋਂ ਮੋਗਾ ’ਚ ਰੀਗਲ ਸਿਨੇਮਾ
ਯਾਦਗਾਰ ’ਤੇ ਵਿਦਿਆਰਥੀ
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਰੈਲੀ ਕੀਤੀ ਗਈ। ਰੈਲੀ ’ਚ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ
ਦੇ ਕਾਰਕੁੰਨ ਤੇ ਆਗੂ ਵੀ ਸ਼ਾਮਿਲ ਹੋਏ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵੀ
ਯੂਨੀਵਰਸਿਟੀ ਕਾਲਜ ਮੂਣਕ ਤੇ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿੱਚ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ
ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸ਼ਹੀਦਾਂ ਦੇ ਵਿਚਾਰਾਂ ਤੋਂ ਰੌਸ਼ਨੀ ਪ੍ਰਾਪਤ ਕਰਕੇ ਨੌਜਵਾਨ
ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
No comments:
Post a Comment