Thursday, November 21, 2024

ਵਿਦਿਆਰਥੀਆਂ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ


 ਵਿਦਿਆਰਥੀਆਂ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ

ਸ਼ਹੀਦ ਦੇ ਜੱਦੀ ਘਰ ਤੱਕ ਕੀਤਾ ਮਾਰਚ

ਸ਼ਹੀਦ ਭਗਤ ਸਿੰਘ ਭਾਰਤੀ ਇਨਕਲਾਬੀ ਲਹਿਰ ਦਾ ਧਰੂ ਤਾਰਾ ਹੈ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਸ਼ਹੀਦ ਭਗਤ ਸਿੰਘ ਤੇ ਕੌਮੀ ਮੁਕਤੀ ਲਹਿਰ ਨਾਲ ਗਦਾਰੀ ਕਰਨ ਵਾਲੇ ਹਾਕਮ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਨ ਪ੍ਰੰਤੂ ਉਹ ਸ਼ਹੀਦ ਦੇ ਵਿਚਾਰਾਂ ਦੀ ਰੂਹ ਨੂੰ ਦਫਨ ਕਰਕੇ ਸਿਰਫ ਉਸਦੇ ਬੁੱਤ ਪੁੱਜਣ ਦਾ ਹੀ ਦਿਖਾਵਾ ਕਰਦੇ ਹਨ। ਦੂਜੇ ਪਾਸੇ ਮੁਲਕ ਦੇ ਕਰੋੜਾਂ ਕਿਰਤੀ ਕਿਸਾਨ ਤੇ ਨੌਜਵਾਨ ਹਨ ਜੋ ਹਰ ਸਾਲ ਸ਼ਹੀਦ ਦੇ ਜਨਮਦਿਨ ਤੇ ਸ਼ਹੀਦੀ ਦਿਹਾੜਾ ਮਨਾਉਂਦੇ ਹਨ ਤੇ ਸ਼ਹੀਦ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਲੋਕ ਲਹਿਰ ਦੇ ਸੂਹੇ ਪਰਚਮ ਨੂੰ ਬੁਲੰਦ ਕਰਦੇ ਹਨ। ਇਸ ਵਾਰ ਵੀ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮੁਲਕ ਭਰ ਵਿੱਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਪੰਜਾਬ ਭਰ ਚ ਵੀ ਵੱਖ-ਵੱਖ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਨੇ ਆਪੋ ਆਪਣੇ ਪੱਧਰ ਤੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਸ਼ਹੀਦ ਨੂੰ ਯਾਦ ਕੀਤਾ।

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨਾ ਦੀ ਵਿਦਿਆਰਥੀ ਜਥੇਬੰਦੀ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਵਿਦਿਆਰਥੀ ਰੈਲੀ ਕੀਤੀ। ਜਥੇਬੰਦੀ ਵੱਲੋਂ ਖੜਕੜ ਕਲਾ ਚਲੋ ਮੁਹਿੰਮ ਦੇ ਤਹਿਤ ਦਰਜਨਾ ਕਾਲਜਾਂ, ਸਕੂਲਾਂ ਤੇ ਪਿੰਡਾਂ ਦੇ ਵਿੱਚ ਰੈਲੀਆਂ ਮੁਜ਼ਾਹਰੇ ਤੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਫੰਡ ਇਕੱਠਾ ਕੀਤਾ ਗਿਆ। ਬਠਿੰਡਾ ਜਿਲੇ ਦੇ ਪਿੰਡ ਕੋਟ ਗੁਰੂ, ਘੁੱਦਾ, ਸੰਗਤ ਮੰਡੀ ਤੇ ਵਾਜਕ ਦੇ ਵਿੱਚ ਮੀਟਿੰਗਾਂ ਹੋਈਆਂ ਤੇ ਮਸ਼ਾਲ ਮਾਰਚ ਹੋਏ ਫੰਡ ਵੀ ਇਕੱਠਾ ਕੀਤਾ ਗਿਆ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਢੀਡਸਾ, ਝੱਠਾ ਗੋਬਿੰਦਪੁਰਾ ਤੇ ਰਾਮਪੁਰਾ ਦੇ ਵਿੱਚ ਮੀਟਿੰਗਾਂ ਤੇ ਮਸ਼ਾਲ ਮਾਰਚ ਕੀਤੇ ਗਏ ਤੇ ਫੰਡ ਇਕੱਠਾ ਹੋਇਆ। ਇਹਨਾਂ ਮਸ਼ਾਲ ਮਾਰਚਾਂ ਦੇ ਵਿੱਚ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੁਹਿੰਮ ਨੂੰ ਭਖਾਉਣ ਲਈ ਜਥੇਬੰਦੀ ਵੱਲੋਂ ਸਰਗਰਮ ਵਿਦਿਆਰਥੀ ਕਾਰਕੁਨਾਂ ਦੀ ਮੀਟਿੰਗ ਕਰਕੇ ਕਾਲਜਾਂ ਦੇ ਵਿੱਚ ਇਕੱਤਰਤਾਵਾਂ ਕਰਨ ਦਾ ਫੈਸਲਾ ਕੀਤਾ ਗਿਆ। ਇਕੱਤਰਤਾਵਾਂ ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਬਹਾਦਰਪੁਰ, ਯੂਨੀਵਰਸਿਟੀ ਕਾਲਜ ਘੁੱਦਾ, ਯੂਨੀਵਰਸਿਟੀ ਕਾਲਜ ਜੈਤੋ, ਨੇਬਰਹੁੱਡ ਕੈਂਪਸ ਦੇਹਲਾ ਸੀਹਾਂ, ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ, ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ, ਸਰਕਾਰੀ ਰਣਵੀਰ ਕਾਲਜ ਸੰਗਰੂਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈਆਂ। ਇਹਨਾਂ ਇਕੱਤਰਤਾਵਾਂ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ ਤੇ ਵੱਖ-ਵੱਖ ਵਿਦਿਆਰਥੀ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਇਨਾ ਵੱਡੇ ਇਕੱਠਾਂ ਦੇ ਵਿੱਚ ਕਾਲਜ ਵਿਦਿਆਰਥੀਆਂ ਤੋਂ ਬਿਨਾਂ ਕਾਲਜ ਅਧਿਆਪਕ ਵੀ ਸ਼ਾਮਿਲ ਹੋਏ ਤੇ ਵਿਦਿਆਰਥੀ ਨੂੰ ਸੰਬੋਧਨ ਕੀਤਾ। 28 ਸਤੰਬਰ ਨੂੰ ਮੀਹ ਪੈਣ ਕਰਕੇ ਖੜਕੜ ਕਲ ਸਮਾਗਮ ਵਾਲੀ ਥਾਂ ਜਥੇਬੰਦੀ ਨੂੰ ਐਨ ਮੌਕੇ ਤੇ ਬਦਲਣੀ ਪਈ ਬਦਲਵੀ ਥਾਂ ਤੇ ਕੀਤੇ ਸਮਾਗਮ ਚ ਸੈਂਕੜੇ ਵਿਦਿਆਰਥੀ ਸ਼ਾਮਿਲ ਹੋਏ। ਸ਼ਹੀਦ ਦੇ ਜੱਦੀ ਪਿੰਡ ਚ ਪਹੁੰਚ ਕੇ ਵਿਦਿਆਰਥੀਆਂ ਦੀ ਭੁੱਖ ਤੇ ਲੰਮੇ ਰਸਤੇ ਦੀ ਥਕਾਵਟ ਉੱਡ ਪੁੱਡ ਗਈ ਤੇ ਵਿਦਿਆਰਥੀ ਕਾਫਲੇ ਮਾਰਚ ਕਰਦੇ ਜੋਸ਼ ਨਾਲ ਭਰੇ ਸਮਾਗਮ ਚ ਪਹੁੰਚੇ। ਰੈਲੀ ਸ਼ੁਰੂ ਹੋਈ ਜਿਸ ਨੂੰ ਵੱਖ-ਵੱਖ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ ਵਿਦਿਆਰਥੀ ਆਗੂਆਂ ਨੇ ਆਪਣੇ ਸੰਬੋਧਨ ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੀ ਤਸਵੀਰ, ਨਾਅਰਾ ਤੇ ਰੰਗ ਵਰਤ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਸਰਕਾਰ ਵੱਲੋਂ ਕੀਤੇ ਸਰਕਾਰੀ ਸਮਾਗਮ ਚ ਵੱਡੇ ਕਲਾਕਾਰਾਂ ਨੂੰ ਬੁਲਾ ਕੇ ਵੀ ਨੌਜਵਾਨਾਂ ਨੂੰ ਭਰਮਾਉਣ ਦੇ ਯਤਨ ਕੀਤੇ ਜਾਂਦੇ ਹਨ ਪ੍ਰੰਤੂ ਸ਼ਹੀਦ ਦੇ ਵਾਰਸ ਨੌਜਵਾਨ ਆਪਣੇ ਸ਼ਹੀਦ ਨੂੰ ਭੁੱਲੇ ਨਹੀਂ ਹਨ ਇਸ ਦਾ ਇਕੱਠ ਗਵਾਹ ਹੈ। ਆਪ ਸਰਕਾਰ ਇੱਕ ਪਾਸੇ ਸ਼ਹੀਦ ਦਾ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੀ ਹੈ ਤੇ ਦੂਜੇ ਪਾਸੇ ਸਾਮਰਾਜੀ ਕੰਪਨੀਆਂ ਨੂੰ ਉਹਨਾਂ ਦੇ ਮੁਲਕਾਂ ਚ ਜਾ ਕੇ ਪੰਜਾਬ ਦੀ ਜਲ, ਜਮੀਨ, ਸਿੱਖਿਆ ਆਦਿ ਲੁੱਟਣ ਦੇ ਲਈ ਸੱਦੇ ਦਿੱਤੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਸ਼ਹੀਦ ਦੇ ਵਿਚਾਰਾਂ ਤੇ ਚੱਲ ਕੇ 1970 ਵਿਚ ਨੌਜਵਾਨ ਵਿਦਿਆਰਥੀ ਲਹਿਰ ਖੜੀ ਕੀਤੀ ਸੀ ਜਿਸ ਨੇ ਕਾਲਜਾਂ ਤੇ ਪਿੰਡਾਂ ਦਾ ਮਾਹੌਲ ਬਦਲ ਕੇ ਰੱਖ ਦਿੱਤਾ ਸੀ। ਫਿਰ ਹਕੂਮਤ ਨੇ ਫਿਰਕੂ ਦਹਿਸ਼ਤਗਰਦੀ ਪੈਦਾ ਕਰਕੇ ਨੌਜਵਾਨਾਂ ਨੂੰ ਸ਼ਹੀਦ ਦੇ ਵਿਚਾਰਾਂ ਤੋਂ ਦੂਰ ਕਰਨ ਲਈ ਕੋਸ਼ਿਸ਼ ਕੀਤੀ ਗਈ ਪਰੰਤੂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੇ ਇਹ ਹੋਣ ਨਹੀਂ ਦਿੱਤਾ। ਅੱਜ ਵੀ ਵਿਦਿਆਰਥੀ ਨੌਜਵਾਨਾਂ ਦੀਆਂ ਟੁਕੜੀਆਂ ਸ਼ਹੀਦ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਲਹਿਰ ਉਸਾਰੀ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਵਿਦਿਆਰਥੀ ਆਗੂਆਂ ਨੇ ਸ਼ਹੀਦ ਵੱਲੋਂ ਲਾਏ ਨਾਅਰੇ ਦੇ ਅਰਥ ਉਘਾੜਦਿਆਂ ਕਿਹਾ ਕਿ ਸਾਮਰਾਜਵਾਦ ਮੁਰਦਾਬਾਦ ਤੋਂ ਬਿਨਾਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਅਧੂਰਾ ਹੈ। ਉਹਨਾਂ ਕਿਹਾ ਕਿ ਅੱਜ ਮੁਲਕ ਤੇ ਦੁਨੀਆਂ ਚ ਸਾਮਰਾਜੀ ਹਾਕਮਾਂ ਨੇ ਅੱਤ ਚੁੱਕੀ ਹੋਈ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਫਲਸਤੀਨ ਚ ਕੀਤਾ ਜਾ ਰਿਹਾ ਕਤਲੇਆਮ ਹੈ। ਉਹਨਾਂ ਵਿਦਿਆਰਥੀਆਂ ਨੂੰ ਸ਼ਹੀਦ ਦੇ ਵਿਚਾਰਾਂ ਤੇ ਚੱਲ ਕੇ ਨੌਜਵਾਨ ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਖਟਕੜ ਕਲਾ ਸਮਾਗਮ ਦੀ ਵਿੱਚ ਸਟੇਜ ਤੋਂ ਫਲਸਤੀਨੀ ਕੌਮੀ ਸੰਘਰਸ਼ ਦੇ ਹੱਕ ਚ ਮਤਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਪਹੁੰਚੇ ਪਲਸ ਮੰਚ ਦੇ ਆਗੂ ਅਮੋਲਕ ਸਿੰਘ ਨੇ ਬੋਲਦਿਆਂ ਵਿਦਿਆਰਥੀ ਕਾਫਲੇ ਦਾ ਖੜਕੜ ਕਲਾਂ ਪਹੁੰਚਣ ਤੇ ਸਵਾਗਤ ਕੀਤਾ। ਮੰਚ ਤੋਂ ਧਰਮਿੰਦਰ ਮਸਾਣੀ, ਇਨਕਲਾਬੀ ਕਵਿਸ਼ਰੀ ਜਥਾ ਰਸੂਲਪੁਰ, ਨਰਗਿਸ ਤੇ ਸੁਖਬੀਰ ਖੇਮੂਆਣਾ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ ਤੇ ਕਵਿਸ਼ਰੀਆਂ ਸੁਣਾਈਆਂ ਗਈਆਂ। ਮਾਲੜੀ ਨਕੋਦਰ ਪਿੰਡ ਦੇ ਵਿਦਿਆਰਥੀਆਂ ਵੱਲੋਂ ਇੱਕ ਕੋਰਿਓਗ੍ਰਾਫੀ ਵੀ ਪੇਸ਼ ਕੀਤੀ ਗਈ। ਸਟੇਜ ਦੀ ਸਮਾਪਤੀ ਤੇ ਸੈਂਕੜੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਸਾਮਰਾਜਵਾਦ ਮੁਰਦਾਬਾਦ ਦੇ ਨਾਅਰਿਆਂ ਦੀ ਗੂੰਜ ਨਾਲ ਮਾਰਚ ਕੀਤਾ ਗਿਆ ਤੇ ਜੱਦੀ ਘਰ ਪਹੁੰਚ ਕੇ ਵਿਦਿਆਰਥੀ ਮਾਰਚ ਦੀ ਸਮਾਪਤੀ ਕੀਤੀ। ਇਸ ਰੈਲੀ ਦੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਲਾਕਾ ਨਕੋਦਰ ਤੋਂ ਵੀ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।  

No comments:

Post a Comment