ਮੱਧ ਭਾਰਤ ਦੇ ਆਦਿਵਾਸੀਆਂ ਦੀ ਉਮੀਦ ਅਤੇ ਜੰਗਲਾਂ ਦਾ ਰਾਖਾ - ਹਿੜਮਾ
[ਮੀਡੀਆ ਰਿਪੋਰਟਾਂ ਅਨੁਸਾਰ ਅਪ੍ਰੈੱਲ ਮਹੀਨੇ 'ਚ ਭਾਰਤੀ ਰਾਜ ਦੇ 24 ਹਜ਼ਾਰ ਦੇ ਕਰੀਬ ਸੁਰੱਖਿਆ ਬਲਾਂ ਵੱਲੋਂ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ਉੱਪਰ ਕਰੇਗੁੱਟਾ ਪਹਾੜੀਆਂ ਨੂੰ ਘੇਰ ਕੇ 21 ਦਿਨ ਲੰਮਾ ਓਪਰੇਸ਼ਨ ਚਲਾਇਆ ਗਿਆ। ਇਹ ਕਿਹਾ ਗਿਆ ਕਿ ਉੱਥੇ ਪ੍ਰਮੁੱਖ ਮਾਓਵਾਦੀ ਛਾਪਾਮਾਰ ਕਮਾਂਡਰ ਹਿੜਮਾ, ਦੇਵਾ, ਦਮੋਦਰ ਆਦਿ ਸਮੇਤ 1000 ਦੇ ਕਰੀਬ ਮਾਓਵਾਦੀ ਛਾਪਾਮਾਰ ਲੁਕੇ ਹੋਏ ਹਨ ਅਤੇ ਸੁਰੱਖਿਆ ਬਲ ਉਨ੍ਹਾਂ ਦਾ ਸਫ਼ਾਇਆ ਕਰਕੇ ਮਾਰਚ 2026 ਤੱਕ ਮੋਦੀ ਸਰਕਾਰ ਦੇ ਮਾਓਵਾਦ ਮੁਕਤ ਬਸਤਰ ਦੇ ਟੀਚੇ ਨੂੰ ਅੰਜਾਮ ਦੇਣ ਲਈ ਦ੍ਰਿੜ ਹਨ। ਆਦਿਵਾਸੀਆਂ ਦੇ ਸੰਘਰਸ਼ ਦੇ ਡੂੰਘੇ ਭੇਤੀ ਉੱਘੇ ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ ਨੇ ਇਸ ਕਰੂਰ ਵਰਤਾਰੇ ਬਾਰੇ ਬਹੁਤ ਹੀ ਭਾਵਪੂਰਤ ਟਿੱਪਣੀ ਲਿਖੀ ਹੈ ਜੋ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ 'ਓਪਰੇਸ਼ਨ ਕਗਾਰ' ਦੇ ਅਸਲ ਮਨੋਰਥ ਅਤੇ ਆਦਿਵਾਸੀਆਂ ਵੱਲੋਂ ਇਸ ਵਿਰੁੱਧ ਲੜੇ ਜਾ ਰਹੇ ਸੰਘਰਸ਼ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਜ਼ਮੀਨੀ ਹਕੀਕਤ ਦੀ ਤਸਵੀਰ ਦੇ ਮਹੱਤਵ ਦੇ ਮੱਦੇਨਜ਼ਰ ਹਿਮਾਂਸ਼ੂ ਕੁਮਾਰ ਜੀ ਦੀ ਟਿੱਪਣੀ ਦਾ ਅਨੁਵਾਦ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।]
ਮੈਂ ਇਕ ਆਦਿਵਾਸੀ ਸੰਮੇਲਨ ਵਿਚ ਗਿਆ ਸੀ। ਸੰਮੇਲਨ ਕਰਵਾਉਣ ਵਾਲੀ ਸੰਸਥਾ ਦੇ ਪ੍ਰਧਾਨ ਇਕ ਗਾਂਧੀਵਾਦੀ ਬਜ਼ੁਰਗ ਸਨ। ਉਹ ਭਾਸ਼ਣ ਦੇਂਦੇ ਦੇਂਦੇ ਰੋਣ ਲੱਗ ਪਏ ਤੇ ਕਹਿਣ ਲੱਗੇ ਕਿ ਅਸੀਂ ਆਦਿਵਾਸੀ ਮਨੁੱਖੀ ਅਧਿਕਾਰ ਕਾਰਕੁਨ ਸੋਨੀ ਸੋਰੀ ਦੇ ਗੁਪਤ ਅੰਗਾਂ ਵਿਚ ਪੱਥਰ ਭਰਨ ਵਾਲੇ ਕਰੂਰ ਪੁਲਿਸ ਅਧਿਕਾਰੀ ਦਾ ਕੁਝ ਵੀ ਨਹੀਂ ਵਿਗਾੜ ਸਕੇ।
ਮੈਂ ਸੰਮੇਲਨ ਹਾਲ ਵਿਚ ਬੈਠਾ ਉਨ੍ਹਾਂ ਨੂੰ ਦੇਖ ਰਿਹਾ ਸੀ ਅਤੇ ਮੇਰੇ ਮਨ ਵਿਚ ਬਸਤਰ ਦਾ ਆਦਿਵਾਸੀ ਬਾਗ਼ੀ ਨੌਜਵਾਨ ਹਿੜਮਾ ਘੁੰਮਣ ਲੱਗਾ। ਮੇਰਾ ਮਨ ਆਪਣੇ ਆਪ ਹੀ ਇਸ ਗਾਂਧੀਵਾਦੀ ਕਾਰਕੁਨ ਅਤੇ ਹਿੜਮਾ ਵਿਚਕਾਰ ਤੁਲਨਾ ਕਰਨ ਲੱਗ ਪਿਆ। ਇਹ ਗਾਂਧੀਵਾਦੀ ਕਾਰਕੁਨ ਆਪਣੀ ਬੇਵਸੀ ਉੱਪਰ ਰੋ ਰਿਹਾ ਸੀ।
ਦੂਜੇ ਪਾਸੇ ਬਸਤਰ ਦਾ ਉਹ ਆਦਿਵਾਸੀ ਨੌਜਵਾਨ ਹਿੜਮਾ ਹੈ। ਸਰਕਾਰ ਹਿੜਮਾ ਨੂੰ ਨਕਸਲੀ ਕਹਿੰਦੀ ਹੈ। ਹੁਣ ਅਮਿਤ ਸ਼ਾਹ ਨੇ ਹਿੜਮਾ ਨੂੰ ਕਤਲ ਕਰਨ ਲਈ ਇਕ ਮੁਹਿੰਮ ਚਲਾਈ ਹੋਈ ਹੈ। ਹੁਣੇ ਖ਼ਬਰ ਆਈ ਸੀ ਕਿ ਫ਼ੌਜ ਨੇ ਹਿੜਮਾ ਨੂੰ ਘੇਰ ਲਿਆ ਹੈ। ਅਤੇ ਇਹ ਡਰ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਹੁਣ ਹਿੜਮਾ ਮਾਰਿਆ ਜਾਵੇਗਾ।
ਹਾਲ ਹੀ ਵਿਚ ਬਸਤਰ ਦੀ ਮਨੁੱਖੀ ਅਧਿਕਾਰ ਕਾਰਕੁਨ ਸੋਨੀ ਸੋਰੀ ਨੇ ਮੈਨੂੰ ਫ਼ੋਨ ਕੀਤਾ ਸੀ। ਉਹ ਦੱਸ ਰਹੀ ਸੀ ਕਿ ਉਸ ਨੂੰ ਕਈ ਲੋਕਾਂ ਨੇ, ਜਿਨ੍ਹਾਂ ਵਿਚ ਕਈ ਪੁਲਿਸ ਦੇ ਹੇਠਲੇ ਰੈਂਕ ਦੇ ਆਦਿਵਾਸੀ ਸਿਪਾਹੀ ਵੀ ਸਨ, ਨੇ ਕਿਹਾ ਕਿ “ਦੀਦੀ, ਹਿੜਮਾ ਮਰਨਾ ਨਹੀਂ ਚਾਹੀਦਾ।”
ਅਮਿਤ ਸ਼ਾਹ ਜੋ ਵੱਡੇ ਸਰਮਾਏਦਾਰਾਂ ਦਾ ਦਲਾਲ ਹੈ, ਉਸ ਦੇ ਹੁਕਮ 'ਤੇ ਪੁਲਿਸ ਨੇ ਹਿੜਮਾ ਨੂੰ ਪੰਜ ਦਿਨ ਤੱਕ ਜੰਗਲ ਵਿਚ ਘੇਰ ਕੇ ਰੱਖਿਆ। ਸਾਰਿਆਂ ਨੂੰ ਉਮੀਦ ਸੀ ਕਿ ਹੁਣ ਹਿੜਮਾ ਮਾਰਿਆ ਜਾਵੇਗਾ। ਪਰ ਹਿੜਮਾ ਜੰਗਲੀ ਚੀਤੇ ਵਾਂਗ ਪੁਲਿਸ ਦੇ ਘੇਰੇ ਵਿੱਚੋਂ ਬਚ ਕੇ ਨਿਕਲ ਗਿਆ।
ਮੈਂ ਆਪਣੇ ਆਪ 'ਤੇ ਹੈਰਾਨ ਹਾਂ ਕਿ ਇਕ ਅਜਿਹੇ ਆਦਿਵਾਸੀ ਦੇ ਬਚ ਨਿਕਲਣ 'ਤੇ ਮੈਂ ਖੁਸ਼ ਕਿਉਂ ਹਾਂ ਜਿਸ ਨੂੰ ਸਰਕਾਰ ਨਕਸਲੀ ਕਹਿੰਦੀ ਹੈ? ਅਸਲ ਵਿਚ ਮੈਂ ਉਹ ਵਿਅਕਤੀ ਹਾਂ ਜਿਸ ਦਾ ਬਸਤਰ ਨਾਲ 35 ਸਾਲਾਂ ਤੋਂ ਵੱਧ ਸਮੇਂ ਤੋਂ ਵਾਹ ਹੈ।
ਮੈਂ ਬਸਤਰ ਵਿਚ ਆਦਿਵਾਸੀ ਔਰਤਾਂ ਨਾਲ ਭਾਰਤੀ ਰਾਜ ਦੇ ਸਿਪਾਹੀਆਂ ਵਲੋਂ ਕੀਤੇ ਗਏ ਬਲਾਤਕਾਰ ਦੇਖੇ ਹਨ। ਮੈਂ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਹਨ। ਮੈਂ ਆਪਣੀ ਸਰਕਾਰ ਦੇ ਭਿਆਨਕ ਕਰੂਰ ਕਾਰੇ ਦੇਖੇ ਹਨ। ਮੇਰੀ ਆਪਣੀ ਸਰਕਾਰ ਨੇ ਇਹ ਸਭ ਵੱਡੇ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਕੀਤਾ।
ਮੈਂ ਬਸਤਰ ਵਿਚ 18 ਸਾਲ ਗੁਜ਼ਾਰੇ ਹਨ ਅਤੇ ਮੈਂ ਜਾਣਦਾ ਹਾਂ ਕਿ ਇਕ ਸਮਾਂ ਸੀ ਜਦੋਂ ਬਸਤਰ ਦੇ ਜੰਗਲ ਦੇ ਹਰ ਰੁੱਖ, ਹਰ ਪੱਤੇ ਤੋਂ ਭਾਰਤ ਸਰਕਾਰ ਡਰਦੀ ਸੀ।
ਮੈਂ ਸੋਚ ਕੇ ਕਈ ਵਾਰੀ ਨੀਂਦ ਵਿਚ ਜਾਗ ਜਾਂਦਾ ਹਾਂ ਅਤੇ ਡਰ ਜਾਂਦਾ ਹਾਂ ਕਿ ਉਹ ਜੰਗਲ ਕਿਹੋ ਜਿਹਾ ਹੋਵੇਗਾ ਜਿੱਥੇ ਸਰਕਾਰ ਦੇ ਸਿਪਾਹੀ ਸਰਮਾਏਦਾਰਾਂ ਲਈ ਜੰਗਲ ਵਿਚ ਘੁਸ ਕੇ ਕਬਜ਼ਾ ਕਰਨ ਖ਼ਾਤਰ ਆਦਿਵਾਸੀ ਔਰਤਾਂ ਦੀਆਂ ਇੱਜ਼ਤਾਂ ਲੁੱਟਣਗੇ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ।
ਹਿੜਮਾ ਮਾਰਿਆ ਜਾਵੇਗਾ, ਉਸ ਦਾ ਜੋ ਖ਼ੌਫ਼ ਸਰਕਾਰੀ ਲੁਟੇਰਿਆਂ ਦੇ ਦਿਲ ਵਿਚ ਸੀ, ਉਹ ਖ਼ਤਮ ਹੋ ਜਾਵੇਗਾ।
ਜਿਵੇਂ ਲੋਕ ਮੰਦਰ ਵਿਚ ਜਾਣ ਤੋਂ ਪਹਿਲਾਂ ਆਪਣੀ ਜੁੱਤੀ ਲਾਹੁੰਦੇ ਹਨ, ਸਰਕਾਰ ਜੰਗਲ ਵਿਚ ਘੁੱਸਣ ਤੋਂ ਪਹਿਲਾਂ ਡਰਕੇ ਆਪਣੀ ਜੁੱਤੀ ਲਾਹ ਦਿੰਦੀ ਸੀ। ਜੰਗਲ ਪਵਿੱਤਰ ਸੀ ਕਿਉਂਕਿ ਉੱਥੇ ਹਿੜਮਾ ਸੀ। ਹਿੜਮਾ ਮਰ ਜਾਵੇਗਾ ਤਾਂ ਇਹ ਸਰਕਾਰ ਜੰਗਲ ਨੂੰ ਅਪਵਿੱਤਰ ਕਰ ਦੇਵੇਗੀ ਅਤੇ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਬਚੇਗਾ।
ਹਿੜਮਾ ਦੇ ਹੋਣ ਕਰਕੇ ਜੰਗਲ ਨੂੰ ਇਕ ਮਾਣ ਮਿਲਿਆ ਹੋਇਆ ਸੀ। ਉਹ ਜੰਗਲ ਕਿਹੋ ਜਿਹਾ ਹੋਵੇਗਾ ਜਿਸਦਾ ਕੋਈ ਮਾਣ-ਸਨਮਾਨ ਨਹੀਂ ਹੋਵੇਗਾ, ਜਿਸ ਉੱਪਰ ਸਰਕਾਰ ਆਪਣੇ ਸਿਪਾਹੀ ਭੇਜ ਕੇ ਕਬਜ਼ਾ ਕਰੇਗੀ, ਔਰਤਾਂ ਨਾਲ ਬਲਾਤਕਾਰ ਹੋਣਗੇ, ਨੌਜਵਾਨ ਮਾਰੇ ਜਾਣਗੇ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਹਿੜਮਾ ਨਹੀਂ ਬਚੇਗਾ।
ਅੱਜ ਤੋਂ 50 ਸਾਲ ਬਾਅਦ ਇਤਿਹਾਸ ਵਿਚ ਲਿਖਿਆ ਜਾਵੇਗਾ ਕਿ ਬਸਤਰ ਦਾ ਇਕ ਬਾਗ਼ੀ ਸੀ ਜਿਸ ਨੂੰ ਇਕ ਤੜੀਪਾਰ ਗੁੰਡੇ ਨੇ ਆਪਣੀ ਸੱਤਾ ਦੀ ਤਾਕਤ ਦੇ ਆਧਾਰ 'ਤੇ ਮਾਰ ਦਿੱਤਾ ਤਾਂ ਜੋ ਮੁਨਾਫ਼ਾਖ਼ੋਰ ਲੋਭੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਸਕੇ।
ਬਿਰਸਾ ਮੁੰਡਾ ਅਤੇ ਗੁੰਡਾਧੁਰ ਵਾਂਗ ਹਿੜਮਾ ਇਤਿਹਾਸ ਦੀਆਂ ਕਿਤਾਬਾਂ ਵਿਚ ਅਮਰ ਹੋ ਜਾਵੇਗਾ। ਅਤੇ ਅਸੀਂ ਇਤਿਹਾਸ ਵਿਚ ਕਾਇਰ ਦੇ ਰੂਪ ਵਿਚ ਦਰਜ ਹੋਵਾਂਗੇ ਜੋ ਆਪਣੀਆਂ ਅੱਖਾਂ ਸਾਹਮਣੇ ਹੋ ਰਹੇ ਐਨੇ ਵੱਡੇ ਅਨਿਆਂ ਨੂੰ ਦੇਖਕੇ ਚੁੱਪ ਰਹੇ।
(3 ਮਈ 2025)
(ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ)
--0--
No comments:
Post a Comment