Friday, May 30, 2025

ਆਦਰਸ਼ ਸਕੂਲ ਚਾਉਕੇ-

ਆਦਰਸ਼ ਸਕੂਲ ਚਾਉਕੇ-

ਅਜੇ ਵੀ ਜਾਰੀ ਹੈ ਸੰਘਰਸ਼
ਹਕੂਮਤੀ ਜਬਰ ਤੇ ਲੋਕ ਸਿਰੜ ਦਾ ਬਿਆਨ ਬਣਦਾ ਸੰਘਰਸ਼ 



ਪਿਛਲੇ ਅੰਕ ਵਿੱਚ ਅਸੀਂ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਹ ਸੰਘਰਸ਼ ਅਜੇ ਵੀ ਜਾਰੀ ਹੈ। ਚਾਹੇ ਲੋਕਾਂ ਤੇ ਅਧਿਆਪਕਾਂ ਦੇ ਜ਼ੋਰਦਾਰ ਸੰਘਰਸ਼ ਮੂਹਰੇ ਝੁਕਦਿਆਂ ਸਰਕਾਰ ਨੇ ਪ੍ਰਾਈਵੇਟ ਮੈਨੇਜਮੈਂਟ ਨੂੰ ਸਕੂਲ ਤੋਂ ਪਾਸੇ ਹਟਾ ਦਿੱਤਾ ਹੈ ਪਰ ਅਧਿਆਪਕਾਂ ਦੀ ਸਕੂਲ ਵਿੱਚ ਮੁੜ ਬਹਾਲੀ, ਮੈਨੇਜਮੈਂਟ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਤੇ ਝੂਠੇ ਕੇਸ ਵਾਪਸ ਲੈਣ ਵਰਗੀਆਂ ਬਾਕੀ ਮੰਗਾਂ 'ਤੇ ਅਜੇ ਵੀ ਅਧਿਆਪਕ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ। ਇਹਨਾਂ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਵੱਖ-ਵੱਖ ਜਬਰ ਦੀਆਂ ਘਟਨਾਵਾਂ ਨੂੰ ਲੈ ਕੇ ਬਠਿੰਡੇ ਵਿੱਚ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਚ ਲੱਗੇ ਹੋਏ ਹਨ। 

ਬਠਿੰਡਾ ਜਿਲਾ ਪ੍ਰਸ਼ਾਸਨ ਅਧਿਆਪਕਾਂ ਦੇ ਸਕੂਲ ਬਾਹਰ ਧਰਨਾ ਸ਼ੁਰੂ ਕਰਨ ਵੇਲੇ ਤੋਂ ਲੈ ਕੇ ਹੀ ਸੰਘਰਸ਼ ਨੂੰ ਅਣਗੌਲਿਆਂ ਕਰਕੇ ਅਕਾਉਣ ਥਕਾਉਣ ਦੀ ਨੀਤੀ 'ਤੇ ਚੱਲ ਰਿਹਾ ਸੀ। ਚਾਹੇ ਇੱਕ ਵਾਰ ਡੀਸੀ ਬਠਿੰਡਾ ਵੱਲੋਂ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੀ ਪੜਤਾਲ ਲਈ ਕਮੇਟੀ ਬਣਾ ਦਿੱਤੀ ਗਈ ਸੀ ਪਰ ਉਸ ਦੀ ਰਿਪੋਰਟ ਨੂੰ ਜਨਤਕ ਨਹੀਂ ਸੀ ਕੀਤਾ ਗਿਆ। ਇਸ ਰਵੱਈਏ ਨਾਲ ਅਧਿਆਪਕਾਂ ਚ ਰੋਸ ਵੱਧ ਰਿਹਾ ਸੀ । ਅਧਿਆਪਕਾਂ ਨੇ ਭਰਾਤਰੀ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਵਿਦਿਆਰਥੀਆਂ ਦੇ ਇਮਤਿਹਾਨ ਖਤਮ ਹੋਣ ਤੋਂ ਬਾਅਦ ਸਕੂਲ ਦੇ ਗੇਟ ਨੂੰ ਜਿੰਦਾ ਲਗਾਉਣ ਦਾ ਫੈਸਲਾ ਕੀਤਾ। ਅਧਿਆਪਕਾਂ ਦਾ ਇਹ ਸਰੋਕਾਰ ਸੀ ਕਿ ਇਹ ਅਰਸਾ ਸਕੂਲ ਤੋਂ ਬੱਚਿਆਂ ਦੀ ਗੈਰ ਹਾਜ਼ਰੀ ਦਾ ਅਰਸਾ ਹੋਵੇਗਾ ਜਿਸ ਕਾਰਨ ਪੜ੍ਹਾਈ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਮੈਨੇਜਮੈਂਟ ਦੇ ਪ੍ਰਸ਼ਾਸਨਿਕ ਕੰਮਾਂ ਨੂੰ ਜਾਮ ਕੀਤਾ ਜਾਵੇਗਾ। ਇਸ ਗੱਲ ਦੀ ਭਿਣਕ  ਪੁਲਿਸ ਪ੍ਰਸ਼ਾਸਨ ਨੂੰ ਵੀ ਸੀ ਕਿ ਬੱਚਿਆਂ ਦੇ ਪੇਪਰ ਖਤਮ ਹੁੰਦਿਆਂ ਅਧਿਆਪਕ ਕੋਈ ਤਿੱਖਾ ਐਕਸ਼ਨ ਲੈਣਗੇ।

ਇਸ ਹੋਣ ਵਾਲੇ ਐਕਸ਼ਨ ਦੇ ਦਬਾਅ ਹੇਠ ਆ ਕੇ ਪੁਲਿਸ ਪ੍ਰਸ਼ਾਸਨ ਨੇ ਅਸਿੱਧੇ ਢੰਗ ਨਾਲ ਕਮੇਟੀ ਦੀ ਰਿਪੋਰਟ ਜਥੇਬੰਦੀਆਂ ਦੇ ਆਗੂਆਂ ਨਾਲ ਸਾਂਝੀ ਕੀਤੀ ਅਤੇ ਇਸ ਰਿਪੋਰਟ ਦੇ ਅਧਿਆਪਕਾਂ ਦੇ ਹਿੱਤ ਵਿੱਚ ਹੋਣ ਦਾ ਹਵਾਲਾ ਦੇ ਕੇ ਅਤੇ ਛੇਤੀ ਹੀ ਇਸ ਦੇ ਅਧਾਰ ਤੇ ਮੈਨੇਜਮੈਂਟ ਖਿਲਾਫ ਕਾਰਵਾਈ ਹੋਣ ਦਾ ਗੈਰ ਰਸਮੀ ਭਰੋਸਾ ਦੇ ਕੇ ਸਖਤ ਐਕਸ਼ਨ ਨਾ ਕਰਨ ਤੋਂ ਵਰਜਣ ਦੀ ਕੋਸ਼ਿਸ਼ ਕੀਤੀ। ਪਰ ਇਹ ਸਾਰੀ ਕਵਾਇਦ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਕੀਤੀ ਜਾ ਰਹੀ ਸੀ ਜਦਕਿ ਡੀਸੀ ਬਠਿੰਡਾ ਆਪਣੀ ਹੀ ਬਣਾਈ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਕੋਈ ਯਤਨ ਨਹੀਂ ਸੀ ਕਰ ਰਿਹਾ ਸਗੋਂ ਉਲਟਾ ਅਧਿਆਪਕ ਸੰਘਰਸ਼ ਨੂੰ ਅਣਗੌਲ਼ੇ ਕਰਕੇ ਚੱਲਣ ਦਾ ਪ੍ਰਭਾਵ ਦੇ ਰਿਹਾ ਸੀ।

 ਜੋ ਦੋਸ਼ ਸੰਘਰਸ਼ਸ਼ੀਲ ਅਧਿਆਪਕਾਂ ਤੇ ਮਾਪਿਆਂ ਨੇ ਮੈਨੇਜਮੈਂਟ ਉੱਪਰ ਲਾਏ ਸਨ, ਡੀ ਸੀ ਵੱਲੋਂ ਬਣਾਈ ਹੋਈ ਪੜਤਾਲ ਕਮੇਟੀ ਦੀ ਇਸ ਰਿਪੋਰਟ ਅਨੁਸਾਰ ਉਹ ਲਗਭਗ ਸਹੀ ਸਾਬਤ ਹੋਏ ਸਨ। ਚਾਹੇ ਇਹਦੇ ਵਿੱਚ ਵੀ ਤਨਖਾਹ ਮੈਨੇਜਮੈਂਟ ਵੱਲੋਂ ਵਾਪਸ ਕਢਵਾਉਣ ਵਾਲੇ ਸਭ ਤੋਂ ਗੰਭੀਰ ਦੋਸ਼ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਸੀ ਕੀਤੀ ਗਈ ਤੇ ਮਨੇਜਮੈਂਟ ਨੂੰ ਬਚਾਉਣ ਦੀ ਪਹੁੰਚ ਵੀ ਝਲਕਦੀ ਸੀ ਪਰ ਤਾਂ ਵੀ ਇਹ ਰਿਪੋਰਟ ਡੀਜੀਐਸਸੀ ਨੂੰ ਮੈਨੇਜਮੈਂਟ ਖਿਲਾਫ਼ ਕਾਰਵਾਈ ਕਰਨ ਦਾ ਆਧਾਰ ਦਿੰਦੀ ਸੀ। ਡੀਸੀ ਵੱਲੋਂ ਡੀਜੀਐਸਸੀ ਨੂੰ ਅਗਲੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਪਰ ਕਿਉਂਕਿ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਰਿਪੋਰਟ ਦੇ ਆਧਾਰ 'ਤੇ ਮੈਨੇਜਮੈਂਟ ਬਾਰੇ ਜਾਂ ਅਧਿਆਪਕਾਂ ਨੂੰ ਬਹਾਲ ਕਰਨ ਬਾਰੇ ਕੋਈ  ਭਰੋਸਾ ਨਾ ਦੇਣ ਬਾਰੇ ਤੇ ਮਸਲੇ ਦੇ ਹੱਲ ਬਾਰੇ ਮੂੰਹ ਤੱਕ ਨਾ ਖੋਲਣ ਕਰਕੇ ਅਧਿਆਪਕਾਂ ਨੇ ਫੈਸਲੇ ਮੁਤਾਬਕ 17 ਮਾਰਚ ਨੂੰ ਜਿੰਦਾ ਲਗਾਉਣ ਦਾ ਫੈਸਲਾ ਲਾਗੂ ਕਰ ਦਿੱਤਾ। 

ਸਕੂਲ ਦੇ ਦੋ ਗੇਟ ਹਨ। ਪਿਛਲੇ ਗੇਟ ਵਾਲੇ ਪਾਸੇ ਜਿੰਦਾ ਲਗਾ ਕੇ ਟਰਾਲੀਆਂ ਲਗਾ ਦਿੱਤੀਆਂ ਤੇ ਅਗਲੇ ਗੇਟ ਮੂਹਰੇ ਅਧਿਆਪਕਾਂ ਨੇ ਧਰਨਾ ਸ਼ੁਰੂ ਕਰ ਦਿੱਤਾ। ਮੈਨੇਜਮੈਂਟ ਦੀ ਸ਼ਹਿ 'ਤੇ ਇਸ ਦੇ ਬਰਾਬਰ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਰਕਰ, ਕੁਝ ਕੁ ਕਾਂਗਰਸੀ ਬੰਦੇ, 10 -12 ਮਾਪੇ ਤੇ ਸੰਘਰਸ਼ਸ਼ੀਲ ਅਧਿਆਪਕਾਂ ਦੀ ਥਾਂ ਨਵੇਂ ਰੱਖੇ ਅਧਿਆਪਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਸਪੀਕਰ ਲਗਾ ਕੇ ਬਰਾਬਰ ਧਰਨਾ ਸ਼ੁਰੂ ਕਰ ਦਿੱਤਾ । ਦਿਨ ਰਾਤ ਦੇ ਧਰਨੇ 'ਤੇ ਬੈਠੀਆਂ ਅਧਿਆਪਕਾਂਵਾਂ ਬਾਰੇ ਇਹਨਾਂ ਗੁੰਡੇ ਕਿਸਮ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਅਸ਼ਲੀਲ  ਮੈਸੇਜ ਵਾਇਰਲ ਕੀਤੇ ਗਏ, ਜੀਹਦੀ ਸ਼ਿਕਾਇਤ ਵੀ ਐਸ.ਐਸ.ਪੀ. ਬਠਿੰਡਾ ਨੂੰ ਕੀਤੀ ਗਈ ਪਰ ਕਾਰਵਾਈ ਕੋਈ ਨਹੀਂ ਹੋਈ। 

19 ਮਾਰਚ ਨੂੰ ਇਹਨਾਂ ਹੀ ਬੰਦਿਆਂ ਨੇ ਪ੍ਰਸ਼ਾਸਨ ਦੀ ਸ਼ਹਿ 'ਤੇ ਪਿਛਲਾ ਗੇਟ ਭੰਨ ਕੇ ਸਕੂਲ ਦੇ ਅੰਦਰ ਗਰਾਊਂਡ ਵਿੱਚ ਧਰਨਾ ਲਗਾ ਦਿੱਤਾ ਅਤੇ ਅੰਦਰਲੇ ਪਾਸੇ ਦਾਖਲ ਹੋ ਕੇ  ਗੇਟ ਦੀ ਅਰਲ ਤੋੜਨ ਲਈ ਅੰਦਰਲੇ ਪਾਸਿਓਂ ਕਟਰ ਚਲਾਏ ਗਏ ਅਤੇ  ਅਧਿਆਪਕਾਂ ਵੱਲੋਂ ਵਿਰੋਧ ਦੌਰਾਨ ਕਈ ਅਧਿਆਪਕਾਂ ਦੇ ਸੱਟਾ ਵੀ ਲੱਗੀਆਂ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰ, ਪਿੰਡ ਦੇ ਇਸ ਵਾਰਡ ਦੇ ਆਮ ਲੋਕ, ਨੌਜਵਾਨ, ਔਰਤਾਂ, ਆਦਮੀ , ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਮੈਂਬਰ ਤੇ ਹੋਰ ਸਮਾਜਿਕ ਸਰੋਕਾਰ ਰੱਖਣ ਵਾਲੇ ਕੁਝ ਲੋਕ ਸੰਘਰਸ਼ਸ਼ੀਲ ਅਧਿਆਪਕਾਂ ਦੀ ਮਦਦ 'ਤੇ ਆ ਗਏ। ਨੌਜਵਾਨ ਭੇੜੂ ਰੌਂਅ ਵਿੱਚ ਸਨ। ਸਕੂਲ ਦੇ ਬਾਹਰ ਪਿੰਡ ਦੇ ਲੋਕ ਤੇ ਦੂਜੇ ਪਾਸੇ ਕੂੜ ਪ੍ਰਚਾਰ ਕਰਨ ਵਾਲੇ ਪ੍ਰਸ਼ਾਸਨ ਦੀ ਸ਼ਹਿ ਪ੍ਰਾਪਤ ਮੈਨੇਜਮੈਂਟ ਦੇ ਹੱਥ ਠੋਕੇ ਵਿਆਕਤੀ ਆਹਮੋ-ਸਾਹਮਣੇ ਹੋ ਗਏ।

ਇਕ ਦਿਨ ਤਾਂ ਬਕਾਇਦਾ ਸਪੀਕਰਾਂ 'ਤੇ ਆਹਮੋ ਸਾਹਮਣੇ ਦੋਨਾਂ ਧਿਰਾਂ ਦੇ ਸਵਾਲ ਜਵਾਬ ਚੱਲੇ। ਮੈਨੇਜਮੈਂਟ ਪੱਖੀਆਂ ਨੂੰ ਪਿੰਡ ਦੇ ਲੋਕਾਂ ,ਮਾਪਿਆਂ, ਅਧਿਆਪਕਾਂ ਨੇ ਨਿਰ-ਉੱਤਰ ਕੀਤਾ। ਆਖਰ ਨੂੰ ਸਕੂਲ ਦਾ ਗੇਟ ਬੰਦ ਕੀਤੇ ਜਾਣ ਦੇ ਦਬਾਅ ਹੇਠ ਆ ਕੇ ਏਡੀਸੀ ਬਠਿੰਡਾ ਨੇ ਭਰਾਤਰੀ ਜਥੇਬੰਦੀਆਂ ਅਤੇ ਅਧਿਆਪਕਾਂ ਨੂੰ ਮੀਟਿੰਗ ਲਈ ਸੱਦਾ ਭੇਜਿਆ। ਇਹ ਮੀਟਿੰਗ ਅਸਲ ਵਿੱਚ ਮੈਨੇਜਮੈਂਟ ਨਾਲ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਹੀ ਸੀ ਪਰ ਜਿਹੜੇ ਤਿੰਨ ਅਧਿਆਪਕ ਟਰਮੀਨੇਟ ਕੀਤੇ ਗਏ ਸਨ ਉਹਨਾਂ ਨੂੰ ਬਹਾਲ ਕਰਨ ਬਾਰੇ ਕੋਈ ਸਹਿਮਤੀ ਨਹੀਂ ਸੀ ਦਿਖਾਈ ਜਾ ਰਹੀ। ਸੋ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ, ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਹੋਇਆ।

ਇਸੇ ਦੌਰਾਨ ਹੀ ਮੈਨੇਜਮੈਂਟ ਨੇ ਨਵੀਂ ਭਰਤੀ ਲਈ 25 ਮਾਰਚ ਦਾ ਟੈਸਟ ਰੱਖ ਦਿੱਤਾ ਅਤੇ ਅਖ਼ਬਾਰ ਵਿੱਚ ਨੋਟਿਸ ਵੀ ਦੇ ਦਿੱਤਾ ਇਸ ਟੈਸਟ ਦੇ ਵਿਰੋਧ ਵਿੱਚ ਅਧਿਆਪਕਾਂ ਨੇ ਕੋਰਟ ਤੋਂ ਸਟੇਅ ਲੈ ਲਈ। 

23 ਮਾਰਚ ਨੂੰ ਧਰਨੇ ਵਿੱਚ ਸ਼ਹੀਦ ਭਗਤ ਸਿੰਘ ਦਾ ਦਿਨ ਮਨਾਇਆ ਗਿਆ। ਪਿੰਡ ਦੇ ਲੋਕਾਂ ਨੇ ਤੇ ਭਰਾਤਰੀ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪਿੰਡ ਦੇ ਸਰਪੰਚ ਨੇ ਵੀ ਕੁਝ ਪੰਚਾਇਤ ਮੈਂਬਰਾਂ ਸਮੇਤ ਹਾਜ਼ਰੀ ਭਰੀ।

ਇੰਨੇ ਦਿਨ ਬੀਤਣ ਦੇ ਬਾਅਦ ਵੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਅੱਖਾਂ ਮੀਚੀ ਰੱਖੀਆਂ। ਆਖਿਰ ਨੂੰ ਆਪਣੇ ਰੋਸ ਨੂੰ ਜਾਹਰ ਕਰਨ ਲਈ ਅਧਿਆਪਕਾਂ ਨੇ ਪ੍ਰਿੰਸੀਪਲ ਅਤੇ ਐਮਡੀ ਨੂੰ ਘੇਰਨ ਦਾ ਫੈਸਲਾ ਕਰ ਲਿਆ ਕਿਉਂਕਿ ਇਹ ਸਕੂਲ ਪ੍ਰਬੰਧਕ ਨਵੇਂ ਸਟਾਫ ਨੂੰ ਲੈ ਕੇ ਪਿਛਲੇ ਗੇਟ ਰਾਹੀਂ ਸਕੂਲ ਅੰਦਰ ਨਿਰਵਿਘਨ ਜਾਂਦੇ ਰਹੇ ਸਨ। ਅਤੇ ਇਹ ਪ੍ਰਭਾਵ ਦੇ ਰਹੇ ਸਨ ਕਿ ਸਕੂਲ ਦਾ ਗੇਟ ਬੰਦ ਹੋਣ ਦਾ ਉਹਨਾਂ ਲਈ ਕੋਈ ਅਰਥ ਨਹੀਂ। 25 ਮਾਰਚ ਨੂੰ ਪ੍ਰਿੰਸੀਪਲ ਦਾ ਸੰਕੇਤਕ ਘਿਰਾਓ ਕੀਤਾ ਗਿਆ ਸੀ। ਇਸ ਨੂੰ ਬਹਾਨਾ ਬਣਾ ਕੇ ਅਗਲੇ ਦਿਨ ਪੁਲਿਸ ਪ੍ਰਸ਼ਾਸਨ ਨੇ ਸ਼ਾਮ ਦੇ ਸਮੇਂ ਵੱਡੀ ਗਿਣਤੀ ਫੋਰਸ ਨਾਲ ਧਰਨਾਕਾਰੀਆਂ 'ਤੇ ਹਮਲਾ ਕਰ ਦਿੱਤਾ। ਲਾਠੀਚਾਰਜ ਕੀਤਾ। ਨਾਲ ਹੀ ਪਿੰਡ ਦੇ ਗੁੰਡਾ ਅਨਸਰਾਂ ਨੇ ਵੀ ਅਧਿਆਪਕਾਂ 'ਤੇ ਹਮਲਾ ਕੀਤਾ। ਸਕੂਲ ਦਾ ਗੇਟ ਕੱਟਣ ਦੀ ਕੋਸ਼ਿਸ਼ ਕਰਦੇ ਗੁੰਡਾ ਅਨਸਰਾਂ ਵੱਲੋਂ ਚਲਾਏ ਜਾ ਰਹੇ ਕਟਰ ਕੁੜੀਆਂ ਦੇ ਹੱਥਾਂ 'ਤੇ ਵੀ ਲੱਗੇ। ਗਰਭਵਤੀ ਅਧਿਆਪਕਾਂਵਾਂ ਨਾਲ ਧੱਕਾ ਮੁੱਕੀ ਕੀਤੀ ਗਈ। 29 ਮਹਿਲਾ ਅਧਿਆਪਕਾਂ, ਕਿਸਾਨ ਯੂਨੀਅਨ ਦੇ ਵਰਕਰਾਂ ਸਮੇਤ 15 -16 ਆਦਮੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਗਿੱਲ ਕਲਾਂ ਲਿਜਾਇਆ ਗਿਆ। ਇਸ ਲਾਠੀਚਾਰਜ ਵਿੱਚ ਇੱਕ ਅਧਿਆਪਕ ਦਾ ਕੰਨ ਵੀ ਪਾਟ ਗਿਆ । ਕਈ ਟਾਂਕੇ ਲੱਗੇ। ਕਈਆਂ ਦੇ ਗੰਭੀਰ ਸੱਟਾਂ ਲੱਗੀਆਂ। ਰਾਤ ਨੂੰ ਭਰਾਤਰੀ ਜਥੇਬੰਦੀਆਂ ਨੇ ਥਾਣੇ ਬਾਹਰ ਇਕੱਠ ਕਰਕੇ ਗ੍ਰਿਫਤਾਰ ਕੀਤੇ ਸਾਥੀਆਂ ਨੂੰ ਰਿਹਾਅ ਕਰਵਾਇਆ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਹੁਤ ਮਸ਼ੱਕਤ ਤੋਂ ਬਾਅਦ ਜ਼ਖਮੀ ਅਧਿਆਪਕਾਂ ਦੇ ਬਿਆਨ ਲਏ ਗਏ ਪਰ ਕਾਰਵਾਈ ਅਜੇ ਤੱਕ ਕੋਈ ਨਹੀਂ ਕੀਤੀ ਗਈ। ਤੁਰੰਤ ਫੈਸਲਾ ਕਰਕੇ ਭਰਾਤਰੀ ਜਥੇਬੰਦੀਆਂ ਵੱਲੋਂ ਪੁਲਿਸ ਦੀ ਦਹਿਸ਼ਤ ਭੰਨਣ ਲਈ 27 ਮਾਰਚ ਨੂੰ ਪਿੰਡ ਵਿੱਚ 5- 600 ਦੀ ਗਿਣਤੀ ਵਿੱਚ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾ ਕਰਕੇ ਸਕੂਲ ਮੂਹਰੇ ਰੈਲੀ ਕੀਤੀ ਤੇ ਗੇਟ ਨੂੰ ਦੁਬਾਰਾ ਜੰਦਰਾ ਲਗਾ ਦਿੱਤਾ ਗਿਆ।। 

  ਫਿਰ ਡੀਸੀ ਬਠਿੰਡਾ ਨਾਲ ਮੀਟਿੰਗ ਹੋਈ। ਡੀਸੀ ਬਠਿੰਡਾ ਨੇ ਉਹੀ ਪੁਰਾਣੀ ਪੁਜੀਸ਼ਨ ਦੁਹਰਾਈ। ਟਰਮੀਨੇਟ ਕੀਤੇ ਅਧਿਆਪਕਾਂ ਨੂੰ ਛੱਡ ਕੇ ਬਾਕੀਆਂ ਨੂੰ ਸਕੂਲ ਜੁਆਇੰਨ ਕਰਨ ਲਈ ਕਿਹਾ ।ਦੁਬਾਰਾ ਪੜਤਾਲ ਕਰਾਉਣ ਬਾਰੇ ਪ੍ਰਪੋਜਲ ਰੱਖੀ ।ਮੈਨੇਜਮੈਂਟ 'ਤੇ ਕਾਰਵਾਈ ਦੀ ਮੰਗ ਤੋਂ ਇਹ ਕਹਿ ਕੇ ਖਹਿੜਾ- ਛਡਾਉਣ ਦੀ ਕੋਸ਼ਿਸ਼ ਕੀਤੀ ਕਿ ਫੈਸਲਾ ਡੀਜੀਐਸਈ ਨੇ ਲੈਣਾ ਹੈ। ਇਹ ਪੇਸ਼ਕਸ਼ ਵੀ ਅਧਿਆਪਕਾਂ ਨੇ ਰੱਦ ਕਰ ਦਿੱਤੀ। 1 ਅਪ੍ਰੈਲ ਨੂੰ ਪਿੰਡ ਵਿੱਚ ਵੱਡੇ ਇਕੱਠ ਦਾ ਐਲਾਨ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਇਕੱਠ ਵਿੱਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸਰਕਾਰ ਦੇ ਜਬਰ ਖਿਲਾਫ ਡਟੀਆਂ ਅਧਿਆਪਕਾਂਵਾਂ ਦਾ ਹੌਸਲਾ ਵਧਾਇਆ ਤੇ ਸੰਘਰਸ਼ ਦੀ ਜਿੱਤ ਤੱਕ ਸਮਰਥਨ ਦਾ ਐਲਾਨ ਕੀਤਾ। ਇਸ ਇਕੱਠ ਵਿੱਚ ਹਜ਼ਾਰ ਦੇ ਨੇੜੇ ਮਾਪਿਆਂ, ਵਿਦਿਆਰਥੀਆਂ ,ਪਿੰਡ ਦੇ ਲੋਕਾਂ ,ਜਥੇਬੰਦੀ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਅਧਿਆਪਕਾਂ 'ਤੇ ਹੋਏ ਜਬਰ ਨੇ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਦਾ ਧਿਆਨ ਖਿੱਚਿਆ। ਇਸੇ ਇਕੱਠ ਵਿੱਚ 6 ਅਪ੍ਰੈਲ ਨੂੰ ਦੁਬਾਰਾ ਪਿੰਡ ਵਿੱਚ ਹੀ ਔਰਤਾਂ ਦਾ ਵਿਸ਼ਾਲ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਮੈਨੇਜਮੈਂਟ ਦੀ ਸ਼ਹਿ 'ਤੇ ਅਧਿਆਪਕਾਂ ਤੇ ਸੰਘਰਸ਼ ਖਿਲਾਫ਼ ਗੈਰ-ਸਮਾਜੀ ਤੇ ਗੁੰਡਾ ਅਨਸਰਾਂ ਵੱਲੋਂ ਉਸ ਦਿਨ ਸ਼ਾਮ ਨੂੰ ਧਰਨੇ ਦੀ ਸਮਾਪਤੀ ਮੌਕੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਹਿਲਾਂ ਮਾਪਿਆਂ ਦੇ ਨਾਂ ਹੇਠ ਡੀਸੀ ਬਠਿੰਡਾ ਨੂੰ ਮਿਲੇ। ਜ਼ਿਲਾ ਪ੍ਰਸ਼ਾਸਨ ਦੀ ਹੱਲਾ-ਸ਼ੇਰੀ ਨਾਲ ਹੀ ਪਿੰਡ ਵਿੱਚ ਆ ਕੇ ਸੰਘਰਸ਼ ਵਿਰੋਧੀ ਹੋ ਹੱਲਾ ਮਚਾਉਣ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ 'ਤੇ ਸੰਘਰਸ਼ ਖਿਲਾਫ਼ ਗੁਮਰਾਹੁੰਨ ਪ੍ਰਚਾਰ ਚਲਾਇਆ। 

6 ਅਪ੍ਰੈਲ ਨੂੰ ਔਰਤਾਂ ਦੇ ਇਕੱਠ  ਹੋਣ ਤੋਂ ਰੋਕਣ ਲਈ ਅਤੇ ਸੰਘਰਸ਼ ਨੂੰ ਕੁਚਲ ਦੇਣ ਲਈ 5 ਅਪ੍ਰੈਲ ਨੂੰ ਸਵੇਰ ਦੇ ਸਮੇਂ ਹੀ ਪੁਲਿਸ ਨੇ ਫੇਰ ਦੁਬਾਰਾ ਧਰਨਾ ਚੁਕਵਾਉਣ ਲਈ ਧਰਨੇ 'ਤੇ ਹੱਲਾ ਬੋਲ ਦਿੱਤਾ। ਟੈਂਟ ਉਖਾੜ ਦਿੱਤੇ। ਕਿਉਂਕਿ ਸਵੇਰੇ 6 ਵਜੇ ਗਿਣਤੀ ਘੱਟ ਸੀ ਤਾਂ ਧਰਨੇ ਵਿੱਚੋਂ ਛੇ ਅਧਿਆਪਕਾਂਵਾਂ ਤੇ ਅਧਿਆਪਕ ਆਗੂ ਸੰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਰਾਮਪੁਰਾ ਦੇ ਸਕੱਤਰ ਬਲਦੇਵ ਸਿੰਘ ਚਾਓਕੇ  ਨੂੰ ਪੁਲਿਸ ਅਣਦੱਸੀ ਜਗ੍ਹਾ ਲੈ ਗਈ। ਧਰਨਾ ਚੁਕਵਾ ਦਿੱਤਾ ਗਿਆ। ਦੁਬਾਰਾ ਜਿੰਦਰਾ ਲੱਗਣ ਦੇ ਡਰੋਂ ਸਕੂਲ ਦਾ ਮੇਨ ਗੇਟ ਪੱਟ ਦਿੱਤਾ ਗਿਆ ।ਸੰਦੀਪ ਸਿੰਘ ਦੀ ਗੱਡੀ ਧਰਨਾ ਸਥਾਨ ਤੋਂ ਜਿਸ ਵਿੱਚ ਕੁਝ ਨਕਦੀ ਤੇ ਸੋਨਾ ਸੀ, ਮੈਨੇਜਮੈਂਟ ਦੇ ਬੰਦਿਆਂ ਨੇ ਗਾਇਬ ਕਰ ਦਿੱਤੀ। ਇਹ ਕਾਰਵਾਈ ਕੀਤੇ ਜਾਣ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ। ਵੀਡੀਓ ਸਮੇਤ ਸਬੂਤ ਵੀ ਦਿੱਤਾ ਗਿਆ। ਪਰ ਉਸ ਉੱਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਫਿਰ ਪੰਜ ਅਪ੍ਰੈਲ ਨੂੰ ਹੀ ਭਰਾਤਰੀ ਜਥੇਬੰਦੀਆਂ, ਮਾਪਿਆਂ, ਧਰਨਾਕਾਰੀ ਅਧਿਆਪਕਾਂ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਗ੍ਰਿਫਤਾਰ ਕੀਤੇ ਲੋਕਾਂ ਨੂੰ ਰਿਹਾ ਕਰਵਾਉਣ ਲਈ ਥਾਣਾ ਗਿੱਲ ਕਲਾਂ ਦੇ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਅੰਨ੍ਹਾਂ ਜਬਰ ਕਰਕੇ ਇਥੋਂ ਵੀ ਧਰਨਾ ਖਿੰਡਾਅ ਦਿੱਤਾ। ਬਜ਼ੁਰਗਾਂ ਤੇ ਕਿਸਾਨ ਔਰਤ ਆਗੂਆਂ ਦੀ ਕੁੱਟ ਮਾਰ ਕੀਤੀ ।25-30 ਔਰਤਾਂ ਅਤੇ ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 5 ਅਪ੍ਰੈਲ ਨੂੰ ਕੁੱਲ ਮਿਲਾ ਕੇ ਦਸ ਔਰਤਾਂ, 25 ਆਦਮੀਆਂ ਸਮੇਤ 13 ਮਹੀਨਿਆਂ ਦੀ ਬੱਚੀ ਨੂੰ ਜੇਲ੍ਹ ਡੱਕ ਦਿੱਤਾ। ਕਿਸਾਨ ਜਥੇਬੰਦੀਆਂ ਦੇ ਵਹੀਕਲ ਤੇ ਹੋਰ ਸਮਾਨ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ। ਪੁਲਿਸ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਪੂਰੇ ਪੰਜਾਬ ਭਰ ਵਿੱਚ ਰੋਸ ਫੈਲਿਆ। ਪੰਜ ਦੀ ਸ਼ਾਮ ਨੂੰ ਹੀਂ ਬਠਿੰਡਾ ਸ਼ਹਿਰ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੱਦੇ 'ਤੇ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਰਾਮਪੁਰਾ ਸ਼ਹਿਰ ਵਿੱਚ 250 ਦੀ ਗਿਣਤੀ ਨਾਲ ਮੁਜ਼ਾਹਰਾ ਕੀਤਾ ਗਿਆ। ਪੰਜਾਬ ਭਰ ਵਿੱਚੋਂ ਥਾਂ ਥਾਂ ਤੋਂ ਲੋਕਾਂ ਨੇ ਸਰਕਾਰ ਦੇ ਇਸ ਜਾਬਰ ਵਤੀਰੇ ਦੀ ਨਿਖੇਧੀ ਕੀਤੀ।

ਇਸ ਜਬਰ ਦੇ ਖਿਲਾਫ਼ ਫੌਰੀ ਪ੍ਰਤੀਕਰਮ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 6 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ। 8 ਅਪ੍ਰੈਲ ਨੂੰ ਰਾਮਪੁਰਾ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਰਕੇ ਰਾਮਪੁਰਾ ਸ਼ਹਿਰ ਵਿੱਚ 12 ਅਪ੍ਰੈਲ ਨੂੰ ਵਿਸ਼ਾਲ ਜਨਤਕ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ। ਇਸ ਮੋੜ 'ਤੇ ਆ ਕੇ ਇਹ ਸੰਘਰਸ਼ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਪੰਜਾਬ ਸਰਕਾਰ ਇੱਕ ਲੁਟੇਰੀ ਪ੍ਰਾਈਵੇਟ ਮੈਨੇਜਮੈਂਟ ਦੀ ਰਾਖੀ ਕਰਨ ਅਤੇ ਉਸਦੀ ਸੇਵਾ 'ਚ ਡੰਡੌਤ ਕਰਦੀ ਦਿਖੀ। ਸਿੱਖਿਆ ਕਾਰੋਬਾਰੀਆਂ ਦੇ ਹਿਤਾਂ ਦੀ ਖਾਤਰ ਪੰਜਾਬ ਸਰਕਾਰ ਨੇ ਅਧਿਆਪਕਾਂ ,ਔਰਤਾਂ ਅਤੇ 13 ਮਹੀਨਿਆਂ ਦੀ ਬੱਚੀ ਤੱਕ ਨੂੰ ਜੇਲ੍ਹ ਡੱਕਣ ਦਾ ਕਲੰਕ ਆਪਣੇ ਮੱਥੇ ਲਵਾ ਲਿਆ। ਸਿੱਖਿਆ ਵਪਾਰੀਆਂ ਦੀ ਸੇਵਾ ਤੇ ਲੋਕਾਂ 'ਤੇ ਜਬਰ ਦੇ ਵਿਹਾਰ ਨੇ ਪੰਜਾਬ ਭਰ ਅੰਦਰ ਲੋਕ ਰੋਹ ਨੂੰ ਤਿੱਖਾ ਕੀਤਾ

ਮੁਲਕ ਭਰ ਵਿੱਚੋਂ 700 ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾ ਦੇ ਦਸਤਖਤਾਂ ਵਾਲੀ ਇੱਕ ਅਪੀਲ ਪੰਜਾਬ ਸਰਕਾਰ ਨੂੰ ਕੀਤੀ ਗਈ ,ਜਿਸ ਵਿੱਚ ਔਰਤਾਂ 'ਤੇ ਹੋਏ ਜਬਰ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ,ਕਰਮਚਾਰੀਆਂ ਤੇ ਕਾਰਵਾਈ ਕਰਨ ਦੀ ਅਤੇ ਆਦਰਸ਼ ਸਕੂਲ ਚਾਓਕੇ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਗਈ। ਲੋਕ ਰੋਹ ਤੇ ਸੰਘਰਸ਼ ਦੇ ਇਸ ਦਬਾਅ ਥੱਲੇ ਸਰਕਾਰ ਵੱਲੋਂ 9 ਅਪ੍ਰੈਲ ਨੂੰ ਛੇ ਅਧਿਆਪਕਾਵਾਂ ਅਤੇ 13 ਮਹੀਨਿਆਂ ਦੀ ਬੱਚੀ ਨੂੰ ਅਤੇ 10 ਅਪ੍ਰੈਲ ਨੂੰ ਚਾਰ ਕਿਸਾਨ ਔਰਤਾਂ ਨੂੰ ਜੇਲ੍ਹ ਵਿੱਚੋਂ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ। 12 ਅਪ੍ਰੈਲ ਦੇ ਰਾਮਪੁਰਾ ਵਿਖੇ ਰੱਖੇ ਜਬਰ ਵਿਰੋਧੀ ਇਕੱਠ ਵਿੱਚ ਦਰਜਨਾਂ ਜਨਤਕ ਜਥੇਬੰਦੀਆਂ ਨੇ ਵੱਖ-ਵੱਖ ਪੱਧਰਾਂ ਤੋਂ ਸ਼ਮੂਲੀਅਤ ਕੀਤੀ, ਕਿਸੇ ਨੇ ਜ਼ਿਲ੍ਹਾ ਪੱਧਰ ਤੋਂ ਤੇ ਕਿਸੇ ਜਥੇਬੰਦੀ ਨੇ ਸੂਬਾ ਪੱਧਰ ਤੋਂ ਆਪਣੇ ਵਿੱਤ ਮੁਤਾਬਕ ਇਕੱਠ ਵਿੱਚ ਹਿੱਸਾ ਪਾਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਪੱਧਰ ਦਾ ਸੱਦਾ ਦੇ ਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਲਗਭਗ 15- 17 ਹਜ਼ਾਰ ਦੀ ਗਿਣਤੀ ਵਿੱਚ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। 15 ਅਪ੍ਰੈਲ ਨੂੰ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲੇ ਐਕਸ਼ਨ ਐਲਾਨਣ ਦਾ ਐਲਾਨ ਵੀ ਇਸ ਪ੍ਰੋਗਰਾਮ ਵਿੱਚ ਕੀਤਾ ਗਿਆ।

ਇਸ ਦੌਰਾਨ ਡੀਆਈਜੀ ਬਠਿੰਡਾ ਵੱਲੋਂ ਵੀ ਸੰਘਰਸ਼ਸ਼ੀਲ ਲੋਕਾਂ ਦਾ ਪੱਖ ਸੁਣਿਆ ਗਿਆ ਪਰ ਮਸਲਾ ਹੱਲ ਕਰਨ ਲਈ ਕੁਝ ਨਾ ਕੀਤਾ ਗਿਆ।

15 ਅਪ੍ਰੈਲ ਨੂੰ ਜਨਤਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ।ਜਿਸ ਵਿੱਚ ਵਿਧਾਇਕਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ, 18 ਨੂੰ ਮਾਨਸਾ ਸ਼ਹਿਰ ਵਿੱਚ ਮੀਟਿੰਗ ਕਰਨ ਅਤੇ 17 ਤੋਂ ਸਕੂਲ ਅੱਗੇ ਦੁਬਾਰਾ ਧਰਨਾ ਲਾਉਣ ਦਾ ਫੈਸਲਾ ਕੀਤਾ। 16 ਨੂੰ ਰਾਮਪੁਰਾ ਪੁਲਿਸ ਪ੍ਰਸ਼ਾਸਨ ਵੱਲੋਂ ਡੀ ਜੀ. ਐਸੀ ਨਾਲ ਮੀਟਿੰਗ ਕਰਵਾਈ ਗਈ।

ਇੰਨੇ ਸੰਘਰਸ਼ ਦੇ ਬਾਵਜੂਦ ਅਤੇ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਜਾਹਰਾ ਰੂਪ ਵਿੱਚ ਪ੍ਰਗਟ ਹੋਣ ਦੇ ਬਾਵਜੂਦ ਵੀ ਜਿਲਾ ਪ੍ਰਸ਼ਾਸਨ ਦਾ ਰਵੱਈਆ ਅਧਿਆਪਕਾਂ ਨੂੰ ਇਨਸਾਫ ਦੇਣ ਦੀ ਥਾਂ ਜਥੇਬੰਦ ਹੋਣ ਦਾ ਸਬਕ ਸਿਖਾਉਣ ਵਾਲਾ ਹੀ ਰਿਹਾ। ਡੀਜੀ ਐਸ ਈ ਨੇ ਅਧਿਆਪਕਾਂ ਦਾ ਪੱਖ ਸੁਣਿਆ ਪਰ ਕਿਸੇ ਹੱਲ ਬਾਰੇ ਕੋਈ ਰਾਹ ਨਾ ਦਿੱਤਾ ।ਸੋ 17 ਨੂੰ ਅਧਿਆਪਕ ਦੁਆਰਾ ਸਕੂਲ ਅੱਗੇ ਧਰਨੇ 'ਤੇ ਬੈਠ ਗਏ।। 

24 ਅਪ੍ਰੈਲ ਨੂੰ ਮਾਨਸਾ ਵਿੱਚ ਰਹਿੰਦੇ ਮੈਨੇਜਮੈਂਟ ਮੁਖੀਆਂ ਦਾ ਪਰਦਾ ਚਾਕ ਕਰਨ ਲਈ ਸ਼ਹਿਰ ਵਿੱਚ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਵੀ ਅਧਿਆਪਕਾਂ ਦੇ ਨਾਲ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਜਥੇਬੰਦ ਹਿੱਸਿਆਂ ਨੇ ਸ਼ਮੂਲੀਅਤ ਕੀਤੀ। ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਕੁਕਰਮਾਂ ਦਾ ਖੁਲਾਸਾ ਕਰਦਾ ਇੱਕ ਲੀਫਲੈਟ ਵੀ ਸ਼ਹਿਰ ਵਿੱਚ ਵੰਡਿਆ ਗਿਆ। 

25 ਅਪ੍ਰੈਲ ਨੂੰ ਸਰਕਾਰ ਨੇ ਮੈਨੇਜਮੈਂਟ ਤੋਂ ਸਕੂਲ ਵਾਪਸ ਲੈ ਕੇ ਐਸਡੀਐਮ ਦੇ ਪ੍ਰਬੰਧ ਹੇਠ ਕਰਨ ਦਾ ਪੱਤਰ ਜਾਰੀ ਕਰ ਦਿੱਤਾ। ਸਰਕਾਰ ਵੱਲੋਂ ਮੈਨੇਜਮੈਂਟ ਤੋਂ ਸਕੂਲ ਵਾਪਸ ਲੈਣ ਦਾ ਢੰਗ ਵੀ ਉਸ ਨੂੰ ਬਚਾਉਣ ਵਾਲਾ ਰਿਹਾ। ਉਸ ਨੂੰ ਦੋਸ਼ੀ ਕਰਾਰ ਦੇ ਕੇ ਸਕੂਲ ਵਾਪਸ ਲੈਣ ਦੀ ਥਾਂ ਉਸ ਵੱਲੋਂ ਸਕੂਲ ਛੱਡੇ ਜਾਣ ਦੀ ਅਰਜੀ ਲਵਾਈ ਗਈ ਸੀ। ਅਗਲੇ ਦਿਨ 26 ਅਪ੍ਰੈਲ ਨੂੰ ਫੇਰ ਸਕੂਲ ਦੇ ਗੇਟ ਅੱਗੇ ਰੈਲੀ ਕਰਕੇ ਇਸ ਨੂੰ ਮੁਢਲੀ ਜਿੱਤ ਕਰਾਰ ਦਿੱਤਾ। ਪੂਰਨ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ । 3 ਮਈ ਨੂੰ 19 ਸਾਥੀ ਜਮਾਨਤ 'ਤੇ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆ ਗਏ, ਛੇ ਮਈ ਨੂੰ ਸੰਦੀਪ ਸਿੰਘ ਨੂੰ ਵੀ ਜਮਾਨਤ 'ਤੇ ਰਿਹਾਅ ਕੀਤਾ ਗਿਆ। ਚਾਰ ਸਾਥੀ ਅਜੇ ਵੀ ਜੇਲ੍ਹ ਵਿੱਚ ਹੀ ਬੰਦ ਹਨ। ਸਰਕਾਰ ਇਸ ਸੰਘਰਸ਼ ਨੂੰ ਪੂਰੀ ਤਰਾਂ ਦਬਾਉਣ ਦੀ ਨੀਤੀ 'ਤੇ ਚੱਲ ਰਹੀ ਹੈ। ਇਸ ਮਸਲੇ 'ਤੇ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਤੇ ਵਰਕਰਾਂ 'ਤੇ ਦਰਜ ਪੁਰਾਣੇ ਸੰਘਰਸ਼ਾਂ ਦੇ ਕੇਸ ਵੀ ਖੋਲ੍ਹ ਲਏ ਗਏ ਹਨ।

ਇਸ ਦਰਮਿਆਨ ਨਵੇਂ ਸਕੂਲ ਪ੍ਰਸ਼ਾਸਕ ਵਜੋਂ ਨਿਯੁਕਤ ਕੀਤੇ ਗਏ ਐਸ ਡੀ ਐਮ ਮੌੜ ਨੂੰ ਜਥੇਬੰਦੀਆਂ ਦਾ ਵਫ਼ਦ ਦੋ ਵਾਰ ਮਿਲਿਆ। ਪਿੰਡ ਦੇ ਕੁਝ ਘੜੰਮ ਚੌਧਰੀਆਂ ਵੱਲੋਂ ਸਕੂਲ ਦੇ ਗੇਟ ਅੱਗੋਂ ਧਰਨਾ ਚੁਕਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਧਰਨਾ ਚੁਕਵਾਉਣ ਦੇ ਹੁਕਮ ਲੈ ਆਂਦੇ। ਇਹਨਾਂ ਹੁਕਮਾਂ ਦੀ ਆੜ ਹੇਠ ਪੁਲਿਸ ਪ੍ਰਸ਼ਾਸਨ ਫਿਰ ਧਰਨਾ ਚੁਕਵਾਉਣ ਲਈ ਧਮਕੀਆਂ ਦੇਣ 'ਤੇ ਉੱਤਰ ਆਇਆ। ਪਰ ਅਧਿਆਪਕ ਤੇ ਲੋਕ ਡਟੇ ਰਹੇ ਅਤੇ ਐਲਾਨ ਕੀਤਾ ਕਿ ਮੰਗਾਂ ਮੰਨ ਕੇ , ਸਾਰੇ ਅਧਿਆਪਕਾਂ ਨੂੰ ਬਹਾਲ ਕਰਕੇ, ਸਾਥੀਆਂ 'ਤੇ ਪਾਏ ਝੂਠੇ ਪਰਚੇ ਰੱਦ ਕਰਨ 'ਤੇ ਹੀ ਧਰਨਾ ਚੁੱਕਿਆ ਜਾ ਸਕਦਾ ਹੈ, ਨਹੀਂ ਅਸੀਂ ਹਰ ਜਬਰ ਝੱਲਣ ਲਈ ਤਿਆਰ ਹਾਂ। 

ਅਖੀਰ ਅਧਿਆਪਕਾਂ ਦੇ ਦ੍ਰਿੜ ਇਰਾਦਿਆਂ ਅੱਗੇ ਪ੍ਰਸ਼ਾਸਨ ਨੂੰ ਇਹ ਭਰੋਸਾ ਦਵਾਉਣਾ ਪਿਆ ਕਿ ਦਸ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਮਸਲੇ ਦਾ ਪੂਰਾ ਹੱਲ ਕਰ ਦਿੱਤਾ ਜਾਵੇਗਾ ।ਏਨੀ ਲੰਬੀ ਤੇ ਸਖਤ ਜਦੋ ਜਹਿਦ ਤੋਂ ਬਾਅਦ ਪ੍ਰਸ਼ਾਸਨ ਨੂੰ ਲੋਕਾਂ ਦਾ ਦਬਾਅ ਮੰਨਣਾ ਪਿਆ। ਜਥੇਬੰਦੀਆਂ ਨੇ ਫੈਸਲਾ ਕਰਕੇ ਸਕੂਲ ਅੱਗੋਂ ਇੱਕ ਵਾਰ ਧਰਨਾ ਉਠਾ ਲਿਆ।

ਪਰ ਪ੍ਰਸ਼ਾਸਨ ਨੇ ਆਪਣੇ ਵਾਅਦੇ ਤੋਂ ਮੁੱਕਰਦਿਆਂ ਚਾਰ ਅਧਿਆਪਕਾਂ ਨੂੰ ਛੱਡ ਕੇ ਬਾਕੀ ਅਧਿਆਪਕਾਂ ਨੂੰ ਸਕੂਲ ਵਿੱਚ ਜੁਆਇਨ ਕਰਨ ਦੇ ਹੁਕਮ ਦੇ ਦਿੱਤੇ ਹਨ। ਇਹਨਾਂ ਹੁਕਮਾਂ ਨੂੰ ਸਾਰੇ ਅਧਿਆਪਕਾਂ ਨੇ ਇੱਕਜੁੱਟ ਹੋ ਕੇ ਰੱਦ ਕਰਦਿਆਂ ਸਭਨਾਂ ਦੀ ਬਹਾਲੀ ਤੱਕ ਸੰਘਰਸ਼ ਵਿੱਚ ਡਟੇ ਰਹਿਣ ਦਾ ਐਲਾਨ ਕੀਤਾ ਹੈ। ਇਨਾ ਚਾਰ ਅਧਿਆਪਕਾਂ ਨੂੰ ਨੌਕਰੀ ਤੇ ਬਹਾਲ ਨਾ ਕਰਨ ਦਾ ਇੱਕੋ ਇੱਕ ਕਾਰਨ ਇਹਨਾਂ ਨੂੰ ਸੰਘਰਸ਼ ਦੀ ਅਗਵਾਈ ਕਰਨ ਲਈ ਦਿੱਤੀ ਜਾ ਰਹੀ ਸਜ਼ਾ ਹੈ। ਸਰਕਾਰ ਅਜਿਹੀ ਮਿਸਾਲੀ ਸੰਘਰਸ਼ ਦੀ ਅਗਵਾਈ ਲਈ ਇਹਨਾਂ ਆਗੂਆਂ ਨੂੰ ਨੌਕਰੀਉੰ ਫਾਰਗ ਕਰਨ ਦੀਸਜ਼ਾ ਦੇਣੀ ਚਾਹੁੰਦੀ ਹੈ। ਹਾਲਾਂਕਿ ਬਠਿੰਡਾ ਪ੍ਰਸ਼ਾਸਨ ਕੋਲ ਇਹਨਾਂ ਚਾਰ ਅਧਿਆਪਕਾਂ ਨੂੰ ਬਹਾਲ ਨਾ ਕੀਤੇ ਜਾਣ ਪਿੱਛੇ ਕੋਈ ਜਚਣਹਾਰ ਦਲੀਲ ਨਹੀਂ ਹੈ। ਇਥੋਂ ਤੱਕ ਕਿ ਜਿਸ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦਾ ਇਹਨਾਂ ਅਧਿਆਪਕਾਂ ਵੱਲੋਂ ਪਰਦਾਚਾਕ ਕੀਤਾ ਗਿਆ ਉਹ ਮੈਨੇਜਮੈਂਟ ਨੂੰ ਬਦਲ ਦੇਣ ਦੀ ਸੂਰਤ ਵਿੱਚ ਇਹਨਾਂ ਅਧਿਆਪਕਾਂ ਨਾਲ ਕੋਈ ਰੌਲਾ ਨਹੀਂ ਬਣਦਾ। ਪਰ ਇੱਕੋ ਇੱਕ ਰੌਲਾ ਹੈ ਕਿ ਇਹਨਾਂ ਨੇ ਲੋਕਾਂ ਤੇ ਅਧਿਆਪਕਾਂ ਦੇ ਸੰਘਰਸ਼ ਦੀ ਅਗਵਾਈ ਕੀਤੀ ਹੈ।

 ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਚ ਐਲਾਨੇ ਪ੍ਰੋਗਰਾਮਾਂ ਤਹਿਤ 26 ਮਈ ਨੂੰ ਬਠਿੰਡੇ ਜਿਲ੍ਹੇ ਅੰਦਰ ਜਬਰ ਵਿਰੋਧੀ ਰੈਲੀ ਰੱਖੀ ਹੋਈ ਹੈ।ਜਿਸ ਵਿੱਚ ਚਾਉਕੇ ਸਕੂਲ ਨਾਲ ਸੰਬੰਧਿਤ ਸੰਘਰਸ਼ ਦੌਰਾਨ ਹੋਏ ਜਬਰ ਦਾ ਮਸਲਾ ਮੁੱਖ ਰੂਪ ਵਿੱਚ ਲਿਆ ਗਿਆ ਹੈ। ਅਧਿਆਪਕਾਂ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਵਿਢੀਆਂ ਹੋਈਆਂ ਹਨ ਤੇ ਰਾਮਪੁਰਾ ਬਲਾਕ ਦੇ ਪਿੰਡਾਂ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। 

ਇਸ ਸੰਘਰਸ਼ ਨੇ ਹਕੂਮਤ ਦੇ ਜਾਬਰ ਰਵਈਏ ਅਤੇ ਲੋਕਾਂ ਦੇ ਸਿਰੜ ਸਿਦਕ ਦੀਆਂ ਸ਼ਾਨਦਾਰ ਮਿਸਾਲਾਂ ਪੇਸ਼ ਕੀਤੀਆਂ ਹਨ।  

--0-



 

No comments:

Post a Comment