ਇੱਕ ਅਮਰੀਕਨ ਦਾ ਹੋਕਾ
ਵੀਅਤਨਾਮ ਵਿੱਚ ਅਮਰੀਕੀ ਲੜਾਈ ਦੇ ਅਣਮਨੁੱਖੀ ਜ਼ੁਲਮਾਂ ਤੇ ਤਸੀਹਿਆਂ ਬਾਰੇ ਅਤੇ ਇਸ ਲੜਾਈ ਦੇ ਅਸਲੀ ਰੂਪ, ਭਾਵ ਬੇਇਨਸਾਫ ਨੰਗ-ਚਿੱਟੇ ਹਮਲੇ ਬਾਰੇ ਜੋ ਰੋਸ ਦੀ ਲਹਿਰ ਦੁਨੀਆਂ-ਭਰ ਵਿੱਚ ਸ਼ੁਰੂ ਹੈ, ਉਸ ਲਹਿਰ ਦੀ ਇੱਕ ਸਭ ਤੋ ਸ਼ਾਨਦਾਰ ਗਾਥਾ ਅਮਰੀਕੀ ਲੋਕਾਂ ਦਾ ਇਸ ਲੜਾਈ ਵਿਰੁੱਧ ਰੋਹ ਹੈ। ਉੱਥੋਂ ਦਾ ਹਰ ਸੂਝਵਾਨ ਮਨੁੱਖ ਹਿਟਲਰੀ ਹਾਕਮਾਂ ਤੇ ਉਹਨਾਂ ਦੇ ਗੁਰੂ ਜਾਨਸਨ ਦੀਆਂ ਵੀਅਤਨਾਮ ਵਿਚਲੀਆਂ ਕਾਲੀਆਂ ਕਰਤੂਤਾਂ ਬਾਰੇ ਅਤਿ ਸ਼ਰਮਿੰਦਾ ਹੈ ਤੇ ਆਪਣੇ ਦੇਸ਼ ਨੂੰ ਨੀਵਾਂ ਡਿੱਗਿਆ ਅਨੁਭਵ ਕਰਦਾ ਹੈ। ਇਸੇ ਰੋਹ ਨੂੰ ਸਿਖ਼ਰ ਵੱਲ ਲੈ ਜਾਣ ਲਈ ਜਗਤ-ਪ੍ਰਸਿੱਧ ਬਰਤਾਨਵੀ ਫਿਲਾਸਫਰ ਬਰਟਰਾਂਡ ਰਸਲ ਨੇ 'ਸ਼ਾਤੀ ਸੰਸਥਾ” ਲਈ ਕੁੱਝ ਠੋਸ ਕਦਮ ਉਲੀਕੇ ਹਨ।
ਇਸ 'ਬਰਟਰਾਂਡ ਰਸਲ ਸ਼ਾਂਤੀ ਸੰਸਥਾ' ਦਾ ਡਾਇਰੈਕਟਰ ਇੱਕ ਅਮਰੀਕੀ ਸ਼੍ਰੀ ਰੈਲਫ਼ ਸਕੋਇਨਮੈਨ ਹੈ। ਸ਼੍ਰੀ ਰੈਲਫ਼ ਆਪਣੇ ਹਾਕਮਾਂ ਦੀ ਦਰਿੰਦਗੀ ਅੱਖੀਂ ਦੇਖਣ ਲਈ ਅਤੇ ਇੱਕ ਰਿਪੋਰਟ ਤਿਆਰ ਕਰਨ ਲਈ ਵੀਅਤਨਾਮ ਗਿਆ ਸੀ। ਉਹਨੇ ਦੇਖਿਆ ਕਿ ਪਿੱਠੂਆਂ ਤੋਂ ਛੁੱਟ ਸਭ ਵੀਅਤਨਾਮੀ ਉੱਥੇ ਅਮਰੀਕਨਾਂ ਦੀ ਹਾਜ਼ਰੀ ਨੂੰ ਘਿਰਣਾ ਕਰਦੇ ਹਨ। ਇਹ ਅਨੁਭਵ ਕਰਦਿਆਂ ਕਿ ਉਹਦਾ ਦੇਸ਼ ਇਸ ਸਮੇਂ ਅਫਰੀਕਾ, ਏਸ਼ੀਆ ਤੇ ਲਾਤਿਨ ਅਮਰੀਕਾ ਦੇ ਜੂਝ ਰਹੇ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਰੈਲਫ਼ ਨੇ ਹੈਨੋਈ ਰੇਡੀਓ ਤੋਂ ਦੱਖਣੀ ਵੀਅਤਨਾਮ ਵਿਚਲੇ ਅਮਰੀਕੀ ਸਿਪਾਹੀਆਂ ਦੇ ਨਾਂ ਆਪ ਅਮਰੀਕੀ ਹੋਣ ਦੇ ਨਾਤੇ ਇਹ ਹੋਕਾ ਦਿੱਤਾ:
ਮੈਂ, ਇੱਕ ਅਮਰੀਕੀ ਅੱਜ ਹੈਨੋਈ ਰੇਡੀਓ ਤੋਂ ਤੁਹਾਨੂੰ, ਦੱਖਣੀ ਵੀਅਤਨਾਮ ਦੇ ਅਮਰੀਕੀ ਸਿਪਾਹੀਆਂ ਨੂੰ ਬੋਲ ਰਿਹਾ ਹਾਂ। ਤੁਹਾਡੇ ਵਾਂਗ ਮੈਨੂੰ ਵੀ ਆਪਣਾ ਦੇਸ਼ ਪਿਆਰਾ ਹੈ ਤੇ ਤੁਹਾਡੇ ਵਾਂਗ ਮੈਂ ਵੀ ਨਿਆਂ ਤੇ ਮਨੁੱਖੀ ਸੁਤੰਤਰਤਾ ਦਾ ਵਿਸ਼ਵਾਸ਼ੀ ਹਾਂ। ਭਰਾਵੋ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵੀਅਤਨਾਮੀ ਲੋਕਾਂ ਵਿਰੁੱਧ ਕੇਹੀ ਲੜਾਈ ਲੜ ਰਹੇ ਹਾਂ। ਇਹ ਲੜਾਈ ਜਾਂਗਲੀ ਹੈ। ਇਹ ਜਿੱਤ ਦੇ ਉਦੇਸ਼ ਨਾਲ ਹਮਲਾਵਰ ਲੜਾਈ ਹੈ ਜਿਸ ਨੂੰ ਅਸੀਂ ਸਭ ਨਫ਼ਰਤ ਕਰਦੇ ਹਾਂ ਪਰ ਜਿਸ ਨੂੰ ਅਸੀਂ ਬਹੁਤ ਘੱਟ ਸਮਝਦੇ ਹਾਂ।
ਜਦੋਂ ਅਸੀਂ ਆਪਣੀ ਆਜ਼ਾਦੀ ਲਈ ਲੜੇ ਸੀ, ਸਾਨੂੰ ਕਿਸੇ ਹੋਰ ਨੇ ਨਹੀਂ ਸੀ ਦੱਸਿਆ ਕਿ ਇਹ ਲੜਾਈ ਕਾਹਦੇ ਲਈ, ਨਾ ਸਾਨੂੰ ਕਿਸੇ ਹੋਰ ਨੇ ਲੜਾਇਆ ਸੀ ਤੇ ਨਾ ਸਾਨੂੰ ਦਸ ਹਜ਼ਾਰ ਮੀਲ ਦੂਰ ਜਾਣਾ ਪਿਆ ਸੀ। ਅਸੀਂ ਬਦੇਸ਼ੀਆਂ ਵਿਰੁੱਧ ਆਪਣੀ ਇਨਕਲਾਬੀ ਲੜਾਈ ਲੜੀ ਸੀ। ਸਾਡੇ ਕੋਲ ਕੇਵਲ ਸਲੰਘਾਂ-ਤੰਗਲੀਆਂ ਸਨ ਤੇ ਜਾਂ ਤੋੜੇਦਾਰ ਬੰਦੂਕਾਂ। ਅਸੀਂ ਜੰਗਲਾਂ ਤੇ ਖੇਤਾਂ ਵਿੱਚ ਲੁਕੇ ਸੀ। ਅਸੀਂ ਚੀਥੜਿਆਂ ਵਿੱਚ ਬੁਰੇ ਹਾਲ ਸੀ ਤੇ ਕਾਬਜ਼ ਉਸ ਸਮੇਂ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਸੀ। ਅਸੀਂ ਭੁੱਖੇ ਅਤੇ ਗਰੀਬ ਸੀ। ਉਹ ਸਾਡੀ ਆਜ਼ਾਦੀ ਦੀ ਲੜਾਈ ਸੀ। ਉਹ ਸਾਨੂੰ ਉਜੱਡ ਤੇ ਵਹਿਸ਼ੀ ਕਹਿੰਦੇ ਸਨ। ਅਸੀਂ ਅਮਰੀਕਨ ਆਪਣੇ ਪਿੰਡਾ-ਸ਼ਹਿਰਾਂ ਵਿੱਚ ਵਸ ਰਹੇ ਸੀ ਅਤੇ ਉਹ ਸਾਡੀਆਂ ਹੀ ਨੌਆਬਾਦੀਆਂ ਦੇ ਮਾਲਕ ਬਣ ਕੇ ਸਾਨੂੰ ਬਾਗ਼ੀ ਤੇ ਗੰਵਾਰ ਆਖ ਰਹੇ ਸਨ।
ਜਦੋਂ ਅੰਗਰੇਜ਼ਾਂ ਨੂੰ ਘੇਰਦਾ ਉਹ ਫੜਿਆ ਗਿਆ ਸੀ ਤਾਂ, ਯਾਦ ਹੈ, ਨਾਥਾਨ ਹੇਲ ਨੀ ਕੀ ਆਖਿਆ ਸੀ? “ਮੈਨੂੰ ਇੱਕੋ ਅਫ਼ਸੋਸ ਹੈ ਕਿ ਦੇਸ਼ ਨੂੰ ਦੇਣ ਲਈ ਮੇਰੇ ਕੋਲ ਕੁੱਲ ਇੱਕੋ ਜੀਵਨ ਹੈ।” ਤੇ ਪੈਤਰਿਕ ਹੈਨਰੀ ਨੇ ਕੀ ਕਿਹਾ ਸੀ? “ਕੀ ਜ਼ਿੰਦਗੀ ਏਨੀ ਮਿੱਠੀ ਹੈ ਅਤੇ ਅਮਨ ਏਨਾ ਪਿਆਰਾ ਹੈ ਕਿ ਉਹਨਾਂ ਦੀ ਪ੍ਰਾਪਤੀ ਲਈ ਅਸੀਂ ਗੁਲਾਮ ਰਹੀਏ? ਮੈਨੂੰ ਨਹੀਂ ਪਤਾ ਕਿ ਦੂਜੇ ਕੀ ਕਹਿੰਦੇ ਹਨ, ਪਰ ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਨੂੰ ਜਾਂ ਆਜ਼ਾਦੀ ਦਿਓ ਜਾਂ ਮੌਤ!”
ਇਹ ਸ਼ਬਦ ਅਜੇ ਵੀ ਸਾਡੇ ਦਿਲਾਂ ਵਿੱਚ ਗੂੰਜ ਰਹੇ ਹਨ। ਦੋ ਸੌ ਸਾਲ ਬੀਤ ਗਏ, ਅਸੀਂ ਇਹਨਾਂ ਨੂੰ ਅਜੇ ਦੁਹਰਾਉਂਦੇ ਹਾਂ। ਤਾਂ ਵੀਅਤਨਾਮ ਦੇ ਨਾਥਾਨ ਹੇਲ ਅਤੇ ਪੈਤਰਿਕ ਹੈਨਰੀ ਕੌਣ ਹਨ? ਇਹ ਅਮਰੀਕੀ ਫੌਜੀ ਨਹੀਂ ਹਨ, ਇਹ ਅਸੀਂ ਨਹੀਂ ਹਾਂ ਤੇ ਇਸ ਸੱਚ ਦਾ ਸਾਨੂੰ ਪਤਾ ਹੈ। ਸਮੁੰਦਰ ਰਾਹੀਂ ਹਜ਼ਾਰਾਂ ਮੀਲ ਚੱਲ ਕੇ ਮੌਤ ਤੇ ਤਬਾਹੀ ਫੈਲਾਉਣ ਕੌਣ ਆਇਆ ਹੈ? ਅੰਗੇਰਜ਼ਾਂ ਨੇ ਜੋ ਸਾਡੇ ਨਾਲ ਕੀਤੀ ਸੀ, ਉਹ ਅਸੀਂ ਵੀਅਤਨਾਮੀਆਂ ਨਾਲ ਕਰ ਰਹੇ ਹਾਂ। ਉਹ ਬਹਾਦਰੀ ਕੌਣ ਦਿਖਾ ਰਿਹਾ ਹੈ, ਉਹ ਦੇਸ਼-ਪਿਆਰ ਕੌਣ ਪ੍ਰਗਟਾ ਰਿਹਾ ਹੈ, ਆਜ਼ਾਦੀ ਤੇ ਨਿਆਂ ਵਿੱਚ ਉਹ ਵਿਸ਼ਵਾਸ਼ ਕੀਹਦਾ ਹੈ ਜੋ ਅੱਜ ਤੱਕ ਬਣੇ ਸਭ ਹਥਿਆਰਾਂ ਤੋਂ ਵੱਧ ਸ਼ਕਤੀਸ਼ਾਲੀ ਹੈ? ਅਸੀਂ ਇਹ ਕੁੱਝ 1776 ਵਿੱਚ ਕੀਤਾ ਸੀ ਜੋ ਵੀਅਤਨਾਮੀ ਅੱਜ ਕਰ ਰਹੇ ਹਨ।
ਅਸੀਂ ਉਹਨਾਂ ਵਿਰੁੱਧ ਉਹੋ ਲੜਾਈ ਲੜ ਰਹੇ ਹਾਂ ਜੋ ਨਾਜ਼ੀਆਂ ਨੇ ਲੋਕਾਂ ਵਿਰੁੱਧ ਲੜੀ ਸੀ ਤੇ ਕਾਰਨ ਵੀ ਉਹੋ ਹਨ। ਮੈਂ ਬਾਰਾਂ ਫਰਵਰੀ ਉਨੀ ਸੌ ਪੰਜਾਹ ਦੇ 'ਨਿਊਯਾਰਕ ਟਾਈਮ' ਦਾ ਹਵਾਲਾ ਦੇਣਾ ਚਾਹੁੰਦਾ ਹਾਂ, “ਹਿੰਦਚੀਨੀ ਜੂਏ ਦਾ ਬਹੁਤ ਵੱਡਾ ਦਾਅ ਲਾ ਦੇਣ ਯੋਗ ਇਨਾਮ ਹੈ। ਉੱਤਰ ਵਿੱਚ ਬਰਾਮਦ ਲਈ ਕਲਈ, ਟੰਗਸਟਨ, ਮੈਂਗਨੀਜ਼, ਕੋਇਲਾ, ਚੌਲ, ਰਬੜ, ਚਾਹ, ਕਾਲੀਆਂ ਮਿਰਚਾਂ, ਤੇ ਖੱਲਾਂ ਹਨ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਵੀ ਹਿੰਦਚੀਨੀ ਤੋਂ ਹਰ ਸਾਲ ਤੀਹ ਕਰੋੜ ਡਾਲਰ ਨਫ਼ਾ ਮਿਲਦਾ ਸੀ।”
ਸਾਡੇ ਆਪਣੇ ਸਟੇਟ ਡੀਪਾਰਟਮੈਂਟ ਨੇ ਕੇਵਲ ਇੱਕ ਸਾਲ ਪਿੱਛੋਂ ਹੀ ਪੂਰੇ ਸਾਫ਼ ਸ਼ਬਦਾਂ ਵਿੱਚ ਦੱਸ ਦਿੱਤਾ ਸੀ ਕਿ ਇਹ ਜੰਗ ਕਾਹਦੇ ਬਾਰੇ ਹੈ, “ਅਸੀਂ ਦੱਖਣ-ਪੂਰਬੀ ਏਸ਼ੀਆ ਦੇ ਸਾਧਨ ਅੰਸ਼ਕ ਤੌਰ ਉੱਤੇ ਹੀ ਵਰਤੇ ਹਨ। ਦੱਖਣ-ਪੂਰਬੀ ਏਸ਼ੀਆ ਦੁਨੀਆਂ ਦੀ ਪੈਦਾਵਾਰ ਵਿੱਚੋਂ ਕੱਚੀ ਰਬੜ ਦਾ ਨੱਬੇ ਫੀਸਦੀ, ਕਲਈ ਦਾ ਸੱਠ ਫੀਸਦੀ ਤੇ ਖੋਪੇ ਦੇ ਤੇਲ ਦਾ ਅੱਸੀ ਫੀਸਦੀ ਦਿੰਦਾ ਹੈ। ਉੱਥੇ ਭਾਰੀ ਮਾਤਰਾ ਵਿੱਚ ਖੰਡ, ਚਾਹ ਕਾਫੀ, ਤੰਬਾਕੂ, ਫਲ, ਮਸਾਲੇ, ਲਾਖ ਤੇ ਗੂੰਦ, ਪੈਟਰੋਲੀਅਮ, ਕੱਚਾ ਲੋਹਾ ਤੇ ਬਾਕਸਾਈਟ ਮਿਲਦੇ ਹਨ।” ਤੇ 1953 ਵਿੱਚ ਆਈਜ਼ਨਹਾਵਰ ਨੇ ਆਖਿਆ ਸੀ, “ਮੰਨ ਲਵੋ, ਹਿੰਦਚੀਨੀ ਸਾਡੇ ਹੱਥੋਂ ਨਿਕਲ ਜਾਵੇ। ਕਲਈ ਤੇ ਟੰਗਸਟਨ, ਜਿਨ੍ਹਾਂ ਦੀ ਅਸੀਂ ਅਥਾਹ ਕੀਮਤ ਸਮਝਦੇ ਹਾਂ, ਆਉਣੋਂ ਬੰਦ ਹੋ ਜਾਣਗੇ। ਅਸੀਂ ਇਹ ਭਿਆਨਕ ਭਾਣਾ ਵਰਤਣੋਂ ਰੋਕਣ ਦਾ ਸਭ ਤੋਂ ਸੌਖਾ ਰਾਹ ਫੜਿਆ ਹੈ- ਹਿੰਦਚੀਨੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚੋਂ ਸਾਡੀ ਮਨਚਾਹੀ ਦੌਲਤ ਪ੍ਰਾਪਤ ਨਾ ਕਰ ਸਕਣ ਦਾ ਭਿਆਨਕ ਭਾਣਾ।”
ਇਸ ਲਈ, ਭਰਾਵੋ, ਅਸੀਂ ਕੇਵਲ ਤੋਪਾਂ ਦਾ ਚਾਰਾ ਹਾਂ। ਅਸੀਂ ਉਹ ਹਾਂ ਜਿਨ੍ਹਾਂ ਨੂੰ ਧੋਖੇ ਵਿੱਚ ਪਾ ਕੇ ਉਹ ਵੀਅਤਨਾਮੀ ਮਰਵਾ ਰਹੇ ਹਨ, ਹਮਲੇ ਅਤੇ ਕਬਜ਼ੇ ਕਰਵਾ ਰਹੇ ਹਨ, ਗੈਸਾਂ ਤੇ ਜ਼ਹਿਰਾਂ ਖਿੰਡਵਾ ਰਹੇ ਹਨ, ਹਸਪਤਾਲ ਤੇ ਸਕੂਲ ਢੁਹਾ ਰਹੇ ਹਨ। ਇਹ ਸਾਰੀ ਭਿਆਨਕਤਾ ਕੇਵਲ ਸਾਡੇ ਧਨੀਆਂ ਦੀ ਸ਼ਹਿਨਸ਼ਾਹੀ ਬਚਾਉਣ ਲਈ ਖੇਡੀ ਜਾ ਰਹੀ ਹੈ ਜਿਨ੍ਹਾਂ ਕੋਲ ਦੁਨੀਆਂ ਦੇ ਸਾਧਨਾਂ ਦਾ ਸੱਠ ਫੀਸਦੀ ਹੈ। ਇਹ ਅਸਲੀ ਤੇ ਇੱਕੋ-ਇੱਕ ਕਾਰਨ ਹੈ ਕਿ ਅਸੀਂ ਹਰ ਥਾਂ ਕਬਜ਼ੇ ਕੀਤੇ ਹੋਏ ਹਨ ਅਤੇ ਦੂਜੇ ਦੇਸ਼ਾਂ ਦੀਆਂ ਧਰਤੀਆਂ ਉੱਤੇ ਸਾਡੇ ਤਿੰਨ ਹਜ਼ਾਰ ਅੱਡੇ ਹਨ। ਅਸੀਂ ਹਰ ਉਸ ਦੇਸ਼ ਉੱਤੇ ਹਮਲਾ ਕਰਦੇ ਹਾਂ ਜਿਹੜਾ ਆਜ਼ਾਦ ਹੋਣ ਦੀ ਕੋਸ਼ਿਸ਼ ਕਰੇ, ਜਿਵੇਂ ਅਸੀਂ 1776 ਵਿੱਚ ਕੀਤੀ ਸੀ। ਅਸੀਂ ਵੀਅਤਨਾਮ, ਡੋਮੀਨੀਕਨ ਰੀਪਬਲਿਕ, ਕਾਂਗੋ ਉੱਤੇ ਹਮਲੇ ਕੀਤੇ ਹਨ ਅਤੇ ਹਰ ਥਾਂ ਪਿੱਠੂ ਖੜ੍ਹੇ ਕੀਤੇ ਹਨ।
ਉਹ ਆਦਮੀ ਜਿਹੜੇ ਪੈਂਟਾਗਨ ਵਿੱਚ ਬੈਠੇ ਹਨ ਤੇ ਕਲਾਂ ਮਰੋੜਦੇ ਹਨ, ਉਹੋ ਹੀ ਜੋ ਕੰਪਨੀਆੰ ਦੇ ਡਾਇਰੈਕਟਰਾਂ ਦੇ ਬੋਰਡਾਂ ਵਿੱਚ ਬੈਠਦੇ ਹਨ ਅਤੇ ਫੌਜੀ ਠੇਕਿਆਂ ਉੱਤੇ ਦਸਖ਼ਤ ਕਰਦੇ ਹਨ ਜੋ ਉਹਨਾਂ ਦੇ ਆਪਣੇ ਆਪ ਲਈ ਹੀ ਹੁੰਦੇ ਹਨ। ਉਹ ਆਪਣਾ ਚੋਰੀ ਦਾ ਮਾਲ ਬਚਾਉਣ ਲਈ ਸਾਨੂੰ ਇੱਥੇ ਸਿਪਾਹੀ ਬਣਾ ਕੇ ਭੇਜਦੇ ਹਨ। ਤੇ ਸਾਡੇ ਦੇਸ਼ ਉੱਤੇ ਕੀ ਬੀਤ ਰਹੀ ਹੈ? ਸਾਡੇ ਨਿਉਯਾਰਕ, ਸ਼ਿਕਾਗੋ ਅਤੇ ਲਾਸ ਏਂਜਲਜ਼ ਜਿੱਥੇ ਤਿਹਾਈ ਤੋਂ ਬਹੁਤੀਆਂ ਝੁੱਗੀਆਂ ਹਨ। ਤੇ ਸਾਡੇ ਵਾਟਸ, ਹਾਰਲੇਮ ਅਤੇ ਜਾਰਜੀਆ ਵਿੱਚ ਆਜ਼ਾਦੀ ਬਾਰੇ ਕੀ ਵਿਚਾਰ ਹੈ, ਜਿੱਥੇ ਸਹੀ ਅਰਥਾਂ ਵਾਲੀ ਆਜ਼ਾਦੀ ਲਈ ਲੜ ਰਹੇ ਸਾਡੇ ਹੀ ਲੋਕਾਂ ਉੱਤੇ ਸਾਡੇ ਹੀ ਸਿਪਾਹੀ ਗੋਲੀਆਂ ਚਲਾ ਕੇ ਉਹਨਾਂ ਨੂੰ ਗਲੀਆਂ ਵਿੱਚ ਵਿਛਾ ਦਿੰਦੇ ਹਨ। ਵੀਅਤਨਾਮੀ ਪੱਚੀ ਸਾਲ ਤੋਂ ਜਾਪਾਨੀਆਂ ਵਿਰੁੱਧ, ਸਾਡੇ ਵੱਲੋਂ ਖਰਚ ਓਟ ਕੇ ਲੜਾਏ ਗਏ ਫਰਾਂਸ ਵਿਰੁੱਧ ਅਤੇ ਹੁਣ ਸਾਡੇ ਵਿਰੁੱਧ ਲੜ ਰਹੇ ਹਨ। ਅਸੀਂ ਉਹੋ ਕੁੱਝ ਕਰ ਰਹੇ ਹਾਂ ਜੋ ਟੋਜੋ ਨੇ ਕੀਤਾ ਸੀ, ਕਾਰਨ ਵੀ ਉਹੋ ਹਨ, ਉਹੀਓ ਮਾਲੀ ਲੁੱਟ-ਖਸੁੱਟ ਦਾ ਲੋਭ!
ਮੈਂ ਉਸ ਸਮੇਂ ਸਾਰੇ ਉੱਤਰੀ ਵੀਅਤਨਾਮ ਵਿੱਚ ਫਿਰਿਆ ਹਾਂ ਜਦੋਂ ਬੰਬ ਵਰ੍ਹ ਰਹੇ ਸਨ। ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਹਰ ਹਸਪਤਾਲ, ਹਰ ਸਿਹਤ-ਘਰ, ਹਰ ਸਕੂਲ, ਹਰ ਚਰਚ ਉੱਤੇ ਬੰਬ ਵਰ੍ਹਾ ਰਹੇ ਹਾਂ। ਮੈਂ ਹਸਪਤਾਲਾਂ ਵਿੱਚੋਂ, ਬੁੱਢਿਆਂ ਲਈ ਬਣਾਏ ਕੇਂਦਰਾਂ ਵਿੱਚੋਂ ਡੰਗੋਰੀਆਂ ਦੇ ਆਸਰੇ ਭੱਜਦੇ ਲੋਕਾਂ ਉੱਤੇ ਬੰਬ ਵਰ੍ਹਦੇ ਦੇਖੇ ਹਨ। ਇਮਾਰਤਾਂ ਉੱਤੇ ਰੈੱਡ ਕਰਾਸ ਦੇ ਝੰਡੇ ਝੁੱਲ ਰਹੇ ਸਨ। ਅਸੀਂ 'ਲੇਜ਼ੀਡਾਗ' ਬੰਬ ਵਰਤ ਰਹੇ ਹਾਂ ਜਿਹੜੇ ਪਿੰਡਾਂ ਵਿੱਚ ਇੱਕ ਸਿਰਿਓਂ ਦੂਜੇ ਸਿਰੇ ਤੱਕ ਰੰਦਾ ਫੇਰ ਦਿੰਦੇ ਹਨ। ਅਸੀਂ ਜ਼ਹਿਰਾਂ ਤੇ ਜ਼ਹਿਰੀਲੀਆਂ ਗੈਸਾਂ ਵਰਤ ਰਹੇ ਹਾਂ ਅਤੇ ਸਾਨੂੰ ਇਹਦਾ ਪਤਾ ਹੈ। ਸਾਡੇ ਆਪਣੇ ਸਿਪਾਹੀਆਂ ਦੀ ਮੌਤ ਉਸ ਹਾਲਤ ਵਿੱਚ ਵੀ ਹੋ ਜਾਂਦੀ ਹੋ ਜਦੋਂ ਉਹਨਾਂ ਨੇ ਗੈਸਾਂ ਤੋਂ ਬਚਣ ਵਾਲਾ ਤੋਬਰਾ ਵੀ ਮੂੰਹ ਉੱਤੇ ਚੜ੍ਹਾਇਆ ਹੋਇਆ ਹੁੰਦਾ ਹੈ। ਅਸੀਂ ਲੋਕਾਂ ਨੂੰ ਮਾਰਨ ਵਾਲੀਆਂ ਤੇ ਉਹਨਾਂ ਦੇ ਭੋਜਨ ਨੂੰ ਨਸ਼ਟ ਕਰ ਵਾਲੀਆਂ ਵਸਤਾਂ ਵਰਤ ਰਹੇ ਹਾਂ।
ਸਾਇਗਾਨ ਵਿਚਲੇ ਉਹਨਾਂ ਬੌਣੇ ਹਿਟਲਰਾਂ ਨੇ ਲੱਖਾਂ ਲੋਕਾਂ ਨੂੰ ਸਾਡੇ ਹੁਕਮ ਨਾਲ ਕੈਂਪਾਂ ਵਿੱਚ ਤੂੜੀ ਵਾਂਗ ਤੂੜਿਆ ਹੋਇਆ ਹੈ। ਜੋ ਵੀ ਦੇਸ਼ ਭਗਤ ਉਹਨਾਂ ਦੇ ਹੱਥ ਲੱਗਦਾ ਹੈ, ਉਹਨੂੰ ਤਸੀਹੇ ਦਿੰਦੇ ਹਨ, ਅੰਗ-ਅੰਗ ਕੋਂਹਦੇ ਹਨ। ਵਾਸ਼ਿੰਗਟਨ ਸਾਨੂੰ ਜੰਗੀ ਮੁਜ਼ਰਮ ਬਣਾ ਰਿਹਾ ਹੈ। ਵੀਅਤਨਾਮੀਆਂ ਨੂੰ ਹਿਟਲਰ ਤੇ ਸਾਡੇ ਵਿਚਕਾਰ ਕੋਈ ਫ਼ਰਕ ਨਹੀਂ ਦਿਸਦਾ। ਅਸੀਂ ਆਪਣੇ ਦਿਲਾਂ ਵਿੱਚ ਜਾਣਦੇ ਹਾਂ ਕਿ ਉਹ ਸਾਡੇ ਅਸਲੀ ਰੂਪ, ਭਾਵ ਕਬਜ਼ੇ ਲਈ ਆਈ ਫੌਜ ਵਾਲੇ ਰੂਪ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਦੇਸ਼ ਵਿਚਲੇ ਧਨੀਆਂ ਤੇ ਜੰਗਬਾਜ਼ਾਂ ਨੇ ਸਾਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ। ਇਹ ਨਵੇਂ ਹਿਟਲਰ ਕਲਪਿਆ ਜਾ ਸਕਣ ਵਾਲਾ ਹਰ ਜੰਗੀ ਜੁਰਮ ਸਾਥੋਂ ਕਰਵਾ ਰਹੇ ਹਨ। ਇਹ ਸੱਚ ਹੈ। ਪਰ ਵੀਅਤਨਾਮੀ ਅੰਤਲੇ ਮਰਦ, ਇਸਤਰੀ ਤੇ ਬੱਚੇ ਤੱਕ ਲੜਨਗੇ, ਜਿਵੇਂ ਜੇ ਲੜਾਈ ਸਾਡੀ ਹੁੰਦੀ, ਅਸੀਂ ਲੜਦੇ! ਭਰਾਵੋ, ਜੇ ਸਾਡੇ ਉੱਤੇ ਹਮਲਾ ਹੋਵੇ ਤੇ ਪੱਚੀ ਸਾਲ ਕਬਜ਼ਾ ਰਹੇ, ਜੇ ਸਾਡੇ ਸੱਠ ਫੀਸਦੀ ਲੋਕ ਕੈਂਪਾਂ ਵਿੱਚ ਤੂੜੇ ਹੋਏ ਹੋਣ, ਜੇ ਸਾਡੇ ਸ਼ਹਿਰ ਜੈਲੀ ਗੈਸੋਲੀਨ ਨਾਲ ਮਲੀਆਮੇਟ ਕੀਤੇ ਜਾਣ, ਜੇ ਸਾਡੇ ਖੇਤਾਂ ਤੇ ਫਸਲਾਂ, ਪਾਣੀ ਤੇ ਬੰਦਿਆਂ ਉੱਤੇ ਰਸਾਇਣਾਂ ਤੇ ਗੈਸਾਂ ਨਾਲ ਜ਼ਹਿਰ ਧੂੜ ਦਿੱਤੀ ਜਾਵੇ ਤਾਂ ਇਹ ਸਭ ਕਰਤੂਤਾਂ ਕਰਨ ਵਾਲਿਆਂ ਮੁਜ਼ਰਮਾਂ ਦੀਆਂ ਇਹਨਾਂ ਮੰਗਾਂ ਨੂੰ ਅਸੀਂ ਕੀ ਕਹਾਂਗੇ ਕਿ ਅਸੀਂ ਅਮਨ ਲਈ ਗੱਲਬਾਤ ਕਰੀਏ, ਜਦੋਂ ਕਿ ਉਹਨਾਂ ਦੀਆਂ ਫੌਜਾਂ ਬਣੀਆਂ ਰਹਿਣ ਅਤੇ ਉਹਨਾਂ ਦੀ ਸੇਵਾ ਕਰਨ ਵਾਲੇ ਗੱਦਾਰਾਂ ਨੂੰ ਸਾਡੀ ਸਰਕਾਰ ਆਖਿਆ ਜਾ ਰਿਹਾ ਹੋਵੇ? ਭਰਾਵੋ, ਅਸੀਂ ਲੜਾਂਗੇ ਹੀ!
ਵੀਤਨਾਮੀਆਂ ਵਿਰੁੱਧ ਜੁਰਮਾਂ ਦਾ ਭਾਰ ਅਸੀਂ ਆਪਣੀਆਂ ਜ਼ਮੀਰਾਂ ਉੱਤੇ ਲੱਦ ਰਹੇ ਹਾਂ ਤੇ ਸਾਡੀ ਅਮਰੀਕੀ ਰੋਹ ਦੀ ਲਹਿਰ ਇਸੇ ਸੰਬੰਧ ਵਿੱਚ ਹੈ। ਇਹ ਲੋਕਰਾਜ ਲਈ, ਅਮਰੀਕੀ ਲੋਕਰਾਜ ਲਈ ਅਸਲੀ ਸੰਗਰਾਮ ਹੈ। ਇਹ ਸੁਤੰਤਰਤਾ ਲਈ ਅਸਲੀ ਰਣਭੂਮੀ ਹੈ। ਸਾਡੇ ਆਪਣੇ ਹਾਕਮਾਂ ਵਿਰੁੱਧ ਲੜਾਈ, ਜਿਹੜੇ ਸਾਡਾ ਅਯੋਗ ਲਾਭ ਉਠਾਉਂਦੇ ਹਨ ਅਤੇ ਸਾਡੇ ਦੇਸ਼ ਦਾ ਨਾ ਲੈ-ਲੈ ਕੀ ਹੀ ਸਾਡੀ ਇੱਜ਼ਤ ਨੂੰ ਦਾਗ਼ ਲਾਉਂਦੇ ਹਨ। ਸਾਨੂੰ ਆਪਣੇ ਦੇਸ ਵਿੱਚ ਓਨੇ ਹੀ ਅਧਿਕਾਰ ਹਨ, ਜਿੰਨੇ ਵਾਸ਼ਿੰਗਟਨ ਵਿਚਲੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਇਹ ਅਧਿਕਾਰ ਖੋਹੇ ਹਨ ਅਤੇ ਜਿਨ੍ਹਾਂ ਨੇ ਦੁਨੀਆਂ- ਭਰ ਦੇ ਲੋਕਾਂ ਦੀ ਸੋਚ ਵਿੱਚ ਸਾਡਾ ਨਾਂ ਸੜੇਹਾਂਦ ਪੈਦਾ ਕਰਨ ਲਾ ਦਿੱਤਾ ਹੈ। ਜੇ ਉਹ ਚਾਹੁੰਦੇ ਹਨ ਤਾਂ ਜਨਸਨ ਤੇ ਮੈਕਨਮਾਰਾ ਆਪਣੀਆਂ ਬਨਾਇਣਾਂ-ਨੀਕਰਾਂ ਵਿੱਚ ਆਉਣ ਅਤੇ ਆਪਣੀ ਲੜਾਈ ਆਪ ਲੜਨ। ਵੀਅਤਨਾਮ ਦੇ ਲੋਕ ਆਪੇ ਉਹਨਾਂ ਨਾਲ ਸਿੱਝ ਲੈਣਗੇ। ਪਰ ਸਾਨੂੰ ਹਰ ਹਾਲਤ ਘਰ ਮੁੜਨਾ ਚਾਹੀਦਾ ਹੈ ਅਤੇ ਇਹਨਾਂ ਯੋਧਿਆਂ ਦਾ ਕਤਲੇਆਮ ਬੰਦ ਕਰ ਦੇਣਾ ਚਾਹੀਦਾ ਹੈ।
ਸਾਨੂੰ ਲੜਨਾਂ ਤਾਂ ਵਾਸ਼ਿਗਟਨ ਵਿੱਚ ਬੈਠੇ ਉਹਨਾਂ ਲੋਕਾਂ ਵਿਰੁੱਧ ਚਾਹੀਦਾ ਹੈ ਜਿਹੜੇ ਸਾਨੂੰ ਵੀਅਤਨਾਮੀਆਂ ਨੂੰ ਮਾਰਨ ਤੇ ਤਸੀਹੇ ਦੇਣ ਲਈ ਭੇਜ ਰਹੇ ਹਨ। ਜੇ ਅਸੀਂ ਇਹ ਰੋਕ ਸਕੀਏ ਤਾਂ ਦੇਸ਼ ਨੂੰ ਨਵੇਂ ਸਿਰਿਓਂ ਆਜ਼ਾਦ ਕਰ ਰਹੇ ਹੋਵਾਂਗੇ। ਇਹ ਬਦੀ ਜਾਂ ਸੰਕਟ ਨਵਾਂ ਨਹੀਂ ਹੈ। ਗੱਲ ਤਾਂ ਇਹ ਹੈ ਕਿ ਅਸੀਂ ਅੱਜ ਉੱਥੇ ਖੜ੍ਹੇ ਹਾਂ ਜਿੱਥੇ ਜਰਮਨ ਵਾਲੇ ਉਨੀ ਸੌ ਤੀਹਾਂ ਵਿੱਚ ਖੜ੍ਹੇ ਸਨ। ਕਿਉਂਕਿ ਸਾਡੀ ਸਰਕਾਰ ਵੱਲੋਂ ਜ਼ੁਲਮ ਤੇ ਵਹਿਸ਼ਤ ਸਾਡੇ ਨਾਂ ਹੇਠ ਕੀਤੇ ਜਾ ਰਹੇ ਹਨ, ਇਸ ਲਈ, ਆਓ, ਉਸ ਸਭ ਕੁੱਝ ਦੇ ਮੂੰਹ ਨੂੰ ਜਿਸ ਦੀ ਅਸੀਂ ਕਦਰ ਕਰਦੇ ਹਾਂ, ਇਹ ਬੇਇਨਸਾਫ਼ੀ ਦੀ ਲੜਾਈ ਲੜਨ ਤੋਂ ਨਾਂਹ ਕਰ ਦੇਈਏ। ਇਹ ਨਾਂਹ ਇਹਨਾਂ ਸਵਾਲਾਂ ਨਾਲ ਸ਼ੁਰੂ ਹੁੰਦੀ ਹੈ- ਜੇ ਹੁਣ ਨਹੀਂ ਤਾਂ ਕਦੋਂ? ਜੇ ਮੈਂ ਨਹੀਂ ਤਾਂ ਕੌਣ?
ਯਾਦ ਰੱਖੋ, ਤੁਸੀਂ ਇਕੱਲੇ ਨਹੀਂ। ਹਰ ਸ਼ਹਿਰ ਵਿੱਚ ਹਜ਼ਾਰਾਂ ਅਮਰੀਕੀ ਮਾਰਚ ਕਰ ਰਹੇ ਹਨ। ਹਰ ਯੂਨੀਵਰਸਿਟੀ ਸਾਡੇ ਅਮਰੀਕੀ ਰੋਸ ਨਾਲ ਗੂੰਜ ਰਹੀ ਹੈ। ਅਸੀਂ ਆਪਣੇ ਅਮਰੀਕੀਆਂ ਵਿੱਚੋਂ ਸਭ ਤੋਂ ਵੱਧ ਸੁਲਝੇ ਅਤੇ ਨਿੱਖਰੇ ਹੋਏ ਅਮਰੀਕੀਆਂ ਦੇ ਨਾਲ-ਨਾਲ ਉੱਠ ਰਹੇ ਹਾਂ- ਸਾਡੇ ਕਵੀਆਂ, ਸਾਡੇ ਨਾਟਕਕਾਰਾਂ, ਸਾਡੇ ਪ੍ਰੋਫੈਸਰਾਂ, ਸਾਡੇ ਵਿਦਿਆਰਥੀਆਂ ਤੇ ਅਮਰੀਕੀ ਕੌਮ ਦੇ ਹਰ ਇੱਕ ਦਿਲ ਨਾਲ ਉੱਠ ਰਹੇ ਹਾਂ। ਕੋਈ ਸ਼ਕਤੀ ਸਾਨੂੰ ਰੋਕ ਨਹੀਂ ਸਕਦੀ! ਕੋਈ ਕੈਦ ਸਾਨੂੰ ਡੱਕ ਨਹੀਂ ਸਕਦੀ! ਕੋਈ ਹਥਿਆਰ ਸਾਡੇ ਜੋਸ਼ ਨੂੰ ਮਾਰ ਨਹੀਂ ਸਕਦਾ! ਕੋਈ ਸ਼ਕਤੀ ਏਨੀ ਸਮਰੱਥਾ ਨਹੀਂ ਰੱਖਦੀ ਕਿ ਸਾਨੂੰ ਗੋਡਣੀਏਂ ਕਰ ਸਕੇ!
ਅਸੀਂ ਅਜਿਹੇ ਅਮਰੀਕਾ ਲਈ ਜੂਝ ਰਹੇ ਹਾਂ, ਜੋ ਜਾਨਲੇਵਾ ਚੀਜ਼ਾਂ ਦੀ ਪੈਦਾਵਰ ਤੋਂ ਅਤੇ ਜੰਗੀ ਮੁਜ਼ਰਮਾਂ ਤੋਂ ਸਾਫ਼ ਹੋਵੇ। ਤੁਸੀਂ ਅਮਰੀਕਨ ਸਿਪਾਹੀਆਂ ਨੇ ਆਪਣੇ ਅੱਖੀਂ ਵੀਅਤਨਾਮੀ ਲੋਕਾਂ ਵਿਰੁੱਧ ਸਾਡੀ ਲੜਾਈ ਦੀ ਬੇਕਿਰਕ ਭਿਆਨਕਤਾ ਦੇਖੀ ਹੈ। ਅਜਿਹੀਆਂ ਲੜਾਈਆਂ ਦੀ ਸ਼ਰਮਿੰਦਗੀ ਅਤੇ ਭਾਰ ਤੋਂ ਆਪਣਾ ਦੇਸ਼ ਮੁਕਤ ਕਰਾਉਣ ਵਿੱਚ ਸਾਡੀ ਸਹਾਇਤਾ ਕਰੋ। ਅਸੀਂ ਆਜ਼ਾਦ ਵਿਅਕਤੀ ਪੈਦਾ ਹੋਏ ਸੀ। ਆਓ, ਆਪ ਵੀ ਆਜ਼ਾਦੀ ਦਾ ਆਨੰਦ ਮਾਣੀਏ ਤੇ ਹੋਰਾਂ ਨੂੰ ਵੀ ਆਜ਼ਾਦੀ ਦਾ ਆਨੰਦ ਮਾਣਨ ਵਿੱਚ ਸਹਾਈ ਹੋਈਏ। ਪੂਰੇ ਮਾਮਲੇ ਦਾ ਨਿਤਾਰਾ ਤੇ ਨਿਬੇੜਾ ਕਰਨ ਦੀ ਜਿੰਮੇਵਾਰੀ ਸਾਡੀ ਹੈ। (28 ਅਗਸਤ 1966)
--0--
No comments:
Post a Comment