Saturday, May 24, 2025

ਬਹਾਦਰੀ ਪੁਰਸਕਾਰ

 ਬਹਾਦਰੀ ਪੁਰਸਕਾਰ

ਜਦੋਂ ਅਸੀਂ ਦਾਂਤੇਵਾੜਾ ਵਿੱਚ ਕੰਮ ਕਰਦੇ ਸੀ, ਤਾਂ ਸਾਡੇ ਨਾਲ ਆਸ਼ਰਮ ਵਿੱਚ ਕੰਮ ਕਰਨ ਇੱਕ ਲੜਕਾ ਆਇਆ। ਮੇਰੇ ਸਾਥੀਆਂ ਨੇ ਦੱਸਿਆ ਕਿ ਪਹਿਲਾਂ ਇਹ 'ਸਲਵਾ ਜੁਡਮ' ਵਿੱਚ ਐਸ.ਪੀ.ਓ. ਸੀ। ਲੇਕਿਨ ਬਾਅਦ ਵਿੱਚ ਉਸਨੂੰ ਆਪਣੇ ਕੰਮ ਨਾਲ ਨਫ਼ਰਤ ਹੋ ਗਈ ਅਤੇ ਉਸਨੇ ਇਹ ਕੰਮ ਛੱਡ ਦਿੱਤਾ। ਉਸਨੇ ਕਿਹਾ ਕਿ ਉਹ ਹੁਣ ਪਿੰਡ ਵਾਲਿਆਂ ਲਈ ਕੰਮ ਕਰਨਾ ਚਾਹੁੰਦਾ ਹੈ, ਇਸ ਲਈ ਸਾਡੇ ਆਸ਼ਰਮ ਨਾਲ ਜੁੜਨਾ ਚਾਹੁੰਦਾ ਹੈ। ਉਹ ਕੰਮ ਕਰਨ ਲੱਗਿਆ। ਬਾਅਦ ਵਿੱਚ ਉਸਨੇ ਮੈਨੂੰ ਕਈ ਘਟਨਾਵਾਂ ਸੁਣਾਈਆਂ। ਉਹਨਾਂ ਵਿੱਚੋਂ ਦੋ ਅੱਜ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ।
ਉਸਨੇ ਦੱਸਿਆ ਕਿ ਇੱਕ ਵਾਰ ਪੁਲਿਸ ਅਤੇ ਸੀ.ਆਰ.ਪੀ.ਐਫ. ਨੇ ਐਸ.ਪੀ.ਓ. ਨੂੰ ਨਾਲ ਲੈ ਕੇ ਇੱਕ ਪਿੰਡ 'ਤੇ ਹਮਲਾ ਕੀਤਾ। ਸਾਰੇ ਪਿੰਡ ਵਾਲੇ ਜਾਨ ਬਚਾਉਣ ਲਈ ਜੰਗਲ ਵੱਲ ਭੱਜ ਗਏ। ਪੁਲਿਸ ਪਾਰਟੀ ਝੌਂਪੜੀਆਂ ਵਿੱਚ ਵੜ ਕੇ ਆਦਿਵਾਸੀਆਂ ਨੂੰ ਲੱਭਣ ਲੱਗੀ। ਇਸ ਮੁੰਡੇ ਨੇ ਵੀ ਇੱਕ ਝੌਂਪੜੀ ਦੇ ਦਰਵਾਜੇ ਨੂੰ ਲੱਤ ਮਾਰਕੇ ਭੰਨ੍ਹ ਦਿੱਤਾ। ਅੰਦਰ ਇੱਕ ਆਦਿਵਾਸੀ ਪਰਿਵਾਰ ਮੌਜੂਦ ਸੀ। ਤਿੰਨ ਛੋਟੇ ਛੋਟੇ ਬੱਚੇ ਡਰਦੇ ਮਾਰੇ ਕੰਬ ਰਹੇ ਸੀ। ਮਾਂ-ਬਾਪ ਨੇ ਬੱਚਿਆਂ ਦੇ ਰੋਣ ਦੀ ਆਵਾਜ਼ ਨੂੰ ਰੋਕਣ ਲਈ ਹੱਥਾਂ ਨਾਲ ਮੂੰਹੇ ਘੁੱਟੇ ਹੋਏ ਸਨ। ਮਾਂ-ਬਾਪ ਖੁਦ ਵੀ ਡਰਦੇ-ਕੰਬਦੇ ਰੋ ਰਹੇ ਸਨ। 
ਉਸ ਮੁੰਡੇ ਨੇ ਦੱਸਿਆ ਕਿ, ਗੁਰੂ ਜੀ, ਵੈਸੇ ਤਾਂ ਅਜਿਹੇ ਮਾਮਲਿਆਂ ਵਿੱਚ ਅਸੀਂ ਸਾਰਿਆਂ ਨੂੰ ਮਾਰ ਹੀ ਦਿੰਦੇ ਹਾਂ। ਪਰ ਉਸ ਦਿਨ ਉਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਮਾਰੇ ਜਾਣ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਦੀ ਕਲਪਨਾ ਆਈ। ਮੈਨੂੰ ਲੱਗਿਆ ਮੈਨੂੰ ਉਲਟੀ ਆ ਜਾਵੇਗੀ। ਮੈਂ ਬੱਚਿਆਂ ਦੇ ਬਾਪ ਨੂੰ ਕਿਹਾ ਕਿ ਬੱਚਿਆਂ ਨੂੰ ਲੈਕੇ ਚੁੱਪ-ਚਾਪ ਘਰ ਦੇ ਪਿੱਛੇ ਜੰਗਲ ਵਿੱਚ ਦੌੜ ਜਾਵੇ। ਉਹ ਡਰ ਰਿਹਾ ਸੀ ਕਿ ਮੈਂ ਸ਼ਾਇਦ ਪਿੱਛੋਂ ਗੋਲੀ ਨਾ ਮਾਰ ਦਿਆਂ। ਮੈਂ ਉਸਨੂੰ ਧੱਕਾ ਮਾਰਿਆ ਅਤੇ ਕਿਹਾ ਛੇਤੀ ਭੱਜ ਜਾ। ਉਹ ਪੂਰੇ ਪਰਿਵਾਰ ਨਾਲ ਜੰਗਲ ਵਿੱਚ ਭੱਜ ਗਿਆ। 
ਇਧਰ ਮੇਰੇ ਦੂਜੇ ਐਸ.ਪੀ.ਓ. ਸਾਥੀ ਨੂੰ ਇੱਕ ਘਰ ਵਿੱਚ ਇੱਕ ਬਜ਼ੁਰਗ ਮਿਲ ਗਿਆ। ਉਸਨੇ ਬਜ਼ੁਰਗ ਆਦਿਵਾਸੀ ਦੇ ਹੱਥ ਪਿੱਛੇ ਬੰਨ੍ਹ ਕੇ ਉਸਨੂੰ ਬਰਾਂਡੇ ਦੇ ਥੰਮ੍ਹ ਨਾਲ ਨੂੜ ਦਿੱਤਾ। ਪਹਿਲਾਂ ਤਾਂ ਉਹ ਉਸ ਤੋਂ ਪਿੰਡ ਵਾਲਿਆਂ ਬਾਰੇ ਪੁੱਛਦੇ ਰਹੇ। ਉਦੋਂ ਹੀ ਇੱਕ ਪੁਲਿਸ ਵਾਲਾ ਬੋਲਿਆ ਇਹ ਸਾਲਾ ਸਾਡੇ ਕੰਮ ਦਾ ਨਹੀਂ, ਟਾਈਮ ਖਰਾਬ ਨਾ ਕਰੋ ਛੇਤੀ ਗੋਲੀ ਠੋਕ। ਐਸ.ਪੀ.ਓ. ਨੇ ਵਿਹੜੇ ਵਿੱਚ ਪਈ ਕਹੀ ਚੱਕੀ ਅਤੇ ਬਜ਼ੁਰਗ ਦਾ ਗਾਟਾ ਲਾਹ ਦਿੱਤਾ। 
ਦੂਜੇ ਪਾਸੇ ਸਾਡੀ ਇੱਕ ਟੁਕੜੀ ਨੂੰ ਦੋ ਆਦਿਵਾਸੀ ਕੁੜੀਆਂ ਮਿਲ ਗਈਆਂ। ਜਿਹਨਾਂ ਵਿੱਚੋਂ ਇੱਕ ਨੂੰ ਸ਼ਾਇਦ ਬੁਖ਼ਾਰ ਸੀ, ਇਸ ਕਰਕੇ ਉਹ ਭੱਜ ਨਹੀਂ ਸਕੀ। ਦੂਜੀ ਪੰਦਰਾਂ ਸਾਲ ਦੀ ਇੱਕ ਨਬਾਲਗ ਕੁੜੀ ਸੀ ਉਹ ਵੀ ਸੁੱਤੀ ਪਈ ਸੀ। ਲੱਗਦਾ ਜਿਵੇਂ ਉਸਦੇ ਘਰਵਾਲਿਆਂ ਨੂੰ ਇਸ ਗੱਲ ਦਾ ਮੌਕਾ ਹੀ ਨਾ ਮਿਲਿਆ ਹੋਵੇ ਕਿ ਉਸਨੂੰ ਜਗਾ ਕੇ ਨਾਲ ਲੈ ਜਾਣ। ਮੇਰੇ ਐਸ.ਪੀ.ਓ. ਸਾਥੀ ਅਤੇ ਸੀ.ਆਰ.ਪੀ.ਐਫ. ਵਾਲੇ ਉਹਨਾਂ ਨੂੰ ਲੈ ਕੇ ਇੱਕ ਘਰ ਵਿੱਚ ਵੜ ਗਏ। ਅੰਦਰੋਂ ਕੁੜੀਆਂ ਦੇ ਚੀਕਣ ਅਤੇ ਸਿਪਾਹੀਆਂ ਦੇ ਖਸਿਆਣੇ ਹਾਸੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਕੁੱਝ ਚਿਰ ਵਿੱਚ ਹੀ ਸਾਡੇ ਵੱਡੇ ਸਾਹਿਬ ਆ ਗਏ। ਉਹਨਾਂ ਪੁੱਛਿਆ ਕੀ ਹੋ ਰਿਹਾ ਹੈ ਇੱਥੇ? ਅਸੀਂ ਕਿਹਾ ਸਰ ਦੋ ਔਰਤਾਂ ਨੂੰ ਫੜਿਆ ਹੈ। ਸਾਹਿਬ ਕਹਿੰਦਾ ਐਧਰ ਲਿਆਉ। ਸਿਪਾਹੀ ਦੋਵਾਂ ਕੁੜੀਆਂ ਨੂੰ ਧੂਹ ਕੇ ਸਾਹਮਣੇ ਲੈ ਆਏ। ਦੋਵੇਂ ਕੁੜੀਆਂ ਕੱਪੜਿਆਂ-ਲੀੜਿਆਂ ਤੋਂ ਬਗੈਰ ਸਨ। ਸਾਹਿਬ ਕਹਿਣ ਲੱਗਿਆ ਇਹਨਾਂ ਨੂੰ ਕੱਪੜੇ ਪੁਆਓ। ਇਹਨਾਂ ਦੇ ਵਾਲ ਕੱਟੋ ਅਤੇ ਤਸਵੀਰਾਂ ਖਿੱਚੋ। ਦੋਵੇਂ ਕੁੜੀਆਂ ਜ਼ਮੀਨ 'ਤੇ ਬੈਠੀਆਂ ਰੋ ਰਹੀਆਂ ਸਨ। ਅਸੀਂ ਆਪਣੇ ਪਿੱਠੂ ਝੋਲਿਆਂ ਵਿੱਚੋਂ ਨਕਸਲੀਆਂ ਵਾਲੀ ਹਰੀ ਵਰਦੀ ਕੱਢੀ। ਜ਼ਬਰਦਸਤੀ ਇਹਨਾਂ ਕੁੜੀਆਂ ਨੂੰ ਪੁਆਈ। ਫੇਰ ਆਪਣੀਆਂ ਬੰਦੂਕਾਂ ਉਹਨਾਂ ਦੇ ਮੋਢਿਆਂ 'ਤੇ ਟੰਗੀਆਂ। ਇੱਕ ਸਿਪਾਹੀ ਨੇ ਉਹਨਾਂ ਦੇ ਵਾਲ ਨਕਸਲੀ ਕੁੜੀਆਂ ਵਰਗੇ ਕੱਟ ਦਿੱਤੇ, ਫੇਰ ਅਸੀਂ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ। ਉਹਨਾਂ ਨੂੰ ਲੈ ਕੇ ਥਾਣੇ ਆ ਗਏ। ਉੱਥੇ ਪੁਲਿਸ ਵਾਲੇ ਇਹਨਾਂ ਤੋਂ ਦੇ ਹਫਤੇ ਪੁੱਛਗਿੱਛ ਕਰਦੇ ਰਹੇ। ਥਾਣੇ ਵਿੱਚ ਰਾਤ ਨੂੰ ਬਹੁਤ ਸਾਰੇ ਪੁਲਿਸ ਵਾਲੇ ਅਤੇ ਐਸ.ਪੀ.ਓ. ਇਹਨਾਂ ਨਾਲ ਗਲਤ ਕੰਮ ਵੀ ਕਰਦੇ ਸਨ। 
ਦੋ ਹਫ਼ਤੇ ਬਾਅਦ ਪੁਲਿਸ ਨੇ ਇਹਨਾਂ ਕੁੜੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜੱਜ ਸਾਹਿਬ ਨੇ ਇਹਨਾਂ ਕੁੜੀਆਂ ਨੂੰ ਨਕਸਲੀ ਮੰਨ ਕੇ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ। 
(ਟਿੱਪਣੀ- ਮੈਂ ਇਹਨਾਂ ਦੋਵੇਂ ਕੁੜੀਆਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਇੱਕ ਲੋਕ-ਸੁਣਵਾਈ ਵਿੱਚ ਲੈ ਕੇ ਆਇਆ ਸੀ। ਕੁੱਝ ਮਹੀਨੇ ਬਾਅਦ ਇਹਨਾਂ ਦੇ ਪਰਿਵਾਰ ਵਾਲਿਆਂ ਨੇ  ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਮੀਟਿੰਗ ਹਾਲ ਵਿੱਚ ਹਾਜ਼ਰ ਹਰੇਕ ਪੱਤਰਕਾਰ ਦੀਆਂ ਅੱਖਾਂ ਗਿੱਲੀਆਂ ਸਨ। ਪਰ ਅਗਲੇ ਦਿਨ ਦਿੱਲੀ ਦੇ ਇੱਕ ਵੀ ਅਖਬਾਰ ਵਿੱਚ ਇਹ ਖ਼ਬਰ ਨਹੀਂ ਛਪੀ ਸੀ। ਦਾਂਤੇਵਾੜਾ ਰਹਿਣ ਸਮੇਂ ਅਸੀਂ ਇਹਨਾਂ ਵਿੱਚੋਂ ਇੱਕ ਕੁੜੀ ਦੀ ਜ਼ਮਾਨਤ ਕਰਾ ਲਈ ਸੀ ਪਰ ਬਾਅਦ ਵਿੱਚ ਮੈਨੂੰ ਦਾਂਤੇਵਾੜਾ ਛੱਡਣਾ ਪਿਆ। ਹੋ ਸਕਦਾ ਹੈ ਦੂਜੀ ਕੁੜੀ ਹਾਲੇ ਵੀ ਜੇਲ੍ਹ ਵਿੱਚ ਹੀ ਹੋਵੇ)
ਉਸ ਮੁੰਡੇ ਨੇ ਇੱਕ ਹੋਰ ਕਹਾਣੀ ਸੁਣਾਈ!” ਇੱਕ ਵਾਰੀ ਅਸੀਂ ਕੌਬਿੰਗ ਲਈ ਸਵੇਰ-ਸਵੇਰੇ ਇੱਕ ਪਿੰਡ ਵਿੱਚ ਗਏ। ਪਿੰਡ ਦੇ ਬਾਹਰਵਾਰ ਹੀ ਖੇਤਾਂ ਦੀ ਰਾਖੀ ਬੈਠੇ ਪੰਜ ਬਜ਼ੁਰਗ ਧੂਣੀ ਸੇਕੀ ਜਾਂਦੇ ਸਨ। ਅਚਨਚੇਤ ਆਪਣੇ ਆਲੇ-ਦੁਆਲੇ ਪੁਲਿਸ ਵੇਖ ਕੇ ਉਹ ਬਜ਼ੁਰਗ ਡਰਦੇ ਮਾਰੇ ਖੜ੍ਹੇ ਹੋ ਗਏ। ਇੱਕ ਸਿਪਾਹੀ ਨੇ ਹਵਾਈ ਫ਼ਾਇਰ ਕਰ ਦਿੱਤਾ ਤਾਂ ਉਹ ਡਰਦੇ ਮਾਰੇ ਭੱਜਣ ਲੱਗ ਪਏ। ਪੁਲਿਸ ਨੇ ਪਿੱਛੋਂ ਫ਼ਾਇਰੰਗ ਕਰ ਦਿੱਤੀ। ਤਿੰਨ ਬਜ਼ੁਰਗ ਥਾਏਂ ਮਰ ਗਏ। ਦੋ ਜਾਨ ਬਚਾ ਕੇ ਜੰਗਲ ਵਿੱਚ ਭੱਜ ਗਏ। 
ਇਸ ਸਮੇਂ ਫ਼ਾਇਰਿੰਗ ਦੀ ਆਵਾਜ਼ ਸੁਣਕੇ ਪੂਰਾ ਪਿੰਡ ਖਾਲੀ ਹੋ ਜਾਂਦਾ ਹੈ। ਤਲਾਸ਼ੀ ਲੈਣ 'ਤੇ ਪਿੰਡ ਵਿੱਚੋਂ ਸਾਨੂੰ ਕੁੱਝ ਨਹੀਂ ਮਿਲਿਆ। ਖਿੱਝ ਕੇ ਐਸ.ਪੀ. ਸਾਹਿਬ ਸਾਨੂੰ ਕਹਿਣ ਲੱਗੇ ਇਹਨਾਂ ਬਜ਼ੁਰਗਾਂ ਨੂੰ ਹੀ ਨਕਸਲੀਆਂ ਦੀਆਂ ਵਰਦੀਆਂ ਪੁਆਉ। ਅਸੀਂ ਆਪਣੇ ਨਾਲ ਲਿਆਂਦੀਆਂ ਨਕਸਲੀਆਂ ਦੀਆਂ ਵਰਦੀਆਂ ਪਹਿਨਾਈਆਂ, ਕੋਲੇ ਬੰਦੂਕਾਂ ਰੱਖੀਆਂ। ਐਸ.ਪੀ. ਸਾਹਿਬ ਨਾਲ ਖੜ੍ਹ ਕੇ ਅਸੀਂ ਤਸਵੀਰਾਂ ਖਿੱਚਵਾਈਆਂ। ਪਿੰਡ ਵਿੱਚੋਂ ਅਸੀਂ ਇੱਕ ਬਲਦ ਗੱਡੀ ਲਈ ਅਤੇ ਤਿੰਨੇ ਲਾਸ਼ਾਂ ਰੱਖ ਕੇ ਜ਼ਿਲ੍ਹਾ ਹੈੱਡਕੁਆਟਰ 'ਤੇ ਆ ਗਏ। 
ਐਸ.ਪੀ. ਸਾਹਿਬ ਨੇ ਪੱਤਰਕਾਰਾਂ ਨੂੰ ਸੱਦਿਆ। ਪੱਤਰਕਾਰਾਂ ਨੂੰ ਦੱਸਿਆ ਸਰਚਿੰਗ ਅਪਰੇਸ਼ਨ ਸਮੇਂ ਨਕਸਲੀਆਂ ਦੇ ਇੱਕ ਗ੍ਰੋਹ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਨਕਸਲੀਆਂ ਦੀ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਲਗਪਗ ਦੋ ਘੰਟੇ ਲਗਾਤਾਰ ਗੋਲਾਬਾਰੀ ਹੋਈ ਜਿਸ ਵਿੱਚ ਸਾਡੇ ਸਿਪਾਹੀਆਂ ਨੇ ਲਾ-ਮਿਸਾਲ ਬਹਾਦਰੀ ਵਿਖਾਈ। ਇਸ ਮੁਕਾਬਲੇ ਵਿੱਚ ਐਸ.ਪੀ. ਸਾਹਿਬ ਦੀ ਸੁਚੱਜੀ ਅਗਵਾਈ ਵਿੱਚ ਸੁਰੱਖਿਆ ਫੋਰਸਾਂ ਨੇ ਤਿੰਨ ਖਤਰਨਾਕ ਨਕਸਲੀਆਂ ਨੂੰ ਮਾਰ ਦਿੱਤਾ।
ਇਹ ਖ਼ਬਰ ਦੇਸ਼ ਦੇ ਸਾਰੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ। ਰਾਜ ਸਰਕਾਰ ਨੇ ਐਸ.ਪੀ. ਸਾਹਿਬ ਦਾ ਨਾਂ ਰਾਸ਼ਟਰਪਤੀ ਬਹਾਦਰੀ ਐਵਾਰਡ ਲਈ ਭੇਜਿਆ। ਅਗਲੇ ਸਾਲ ਐਸ.ਪੀ. ਸਾਹਿਬ ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਦਿੱਤਾ ਗਿਆ।             --0--

No comments:

Post a Comment