ਕਸ਼ਮੀਰੀਆਂ ਵਿਦਿਆਰਥੀਆਂ ਦੇ ਨਾਲ ਖੜ੍ਹੇ ਪਿੰਡ ਘੁੱਦਾ ਦੇ ਲੋਕ
ਫਿਰਕੂ ਅਨਸਰਾਂ ਦੀ ਭੁਗਤ ਸਵਾਰੀ
ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਜਿੱਥੇ ਸਾਰਾ ਦੇਸ਼ ਇਸ ਘਟਨਾ ਉੱਤੇ ਡੂੰਘਾ ਦੁੱਖ ਜਾਹਰ ਕਰ ਰਿਹਾ ਸੀ,ਉੱਥੇ ਭਾਜਪਾ ਅਤੇ ਸੰਘੀ ਲਾਣਾ ਇਸ ਘਟਨਾ ਦਾ ਫਿਰਕੂਕਰਨ ਕਰਨ ਉੱਤੇ ਲੱਗੇ ਹੋਏ ਸਨ। ਬਿਨਾਂ ਜਾਂਚ ਪੜਤਾਲ ਤੋਂ ਪਾਕਿਸਤਾਨ ਨੂੰ ਦੋਸ਼ੀ ਗਰਦਾਨ ਕੇ, ਇਸ ਦੀ ਆੜ ਹੇਠ ਮੁਲਕ ਦੇ ਮੁਸਲਮਾਨਾਂ ਅਤੇ ਕਸ਼ਮੀਰੀਆਂ ਖਿਲਾਫ ਫਿਰਕੂ ਪਾਲਾਬੰਦੀ ਕਰ ਰਹੇ ਸਨ। ਦੇਸ਼ ਵਿੱਚ ਕਈ ਥਾਵਾਂ ਉੱਤੇ ਮੁਸਲਮਾਨਾਂ ਤੇ ਕਸ਼ਮੀਰੀਆਂ ਖਿਲਾਫ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ। ਇਸੇ ਤਰ੍ਹਾਂ ਦੀ ਘਟਨਾ ਪਿੰਡ ਘੁੱਦਾ ਵਿਖੇ ਸਥਿਤ ਕੇਂਦਰੀ ਯੂਨੀਵਰਸਿਟੀ, ਪੰਜਾਬ ਦੇ ਕਸ਼ਮੀਰੀ ਵਿਦਿਆਰਥੀਆਂ ਨਾਲ ਵਾਪਰੀ, ਜਿਸਦਾ ਜਵਾਬ ਜਥੇਬੰਦਕ ਲੋਕ ਤਾਕਤ ਨਾਲ ਦਿੱਤਾ ਗਿਆ।
ਦੋ ਕਸ਼ਮੀਰੀ ਇਸ ਪਿੰਡ ਵਿੱਚ ਦੋ ਹਿੰਦੂ ਵਿਦਿਆਰਥੀਆਂ ਨਾਲ ਸਾਂਝੇ ਤੌਰ 'ਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਇਹਨਾਂ ਵਿੱਚੋਂ ਇੱਕ ਕਸ਼ਮੀਰੀ ਦੀ ਪੜ੍ਹਾਈ ਹਾਲ ਹੀ ਵਿੱਚ ਮੁੱਕੀ ਹੈ ਅਤੇ ਉਹ ਕਿਸੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰ ਰਿਹਾ ਹੈ। ਬਾਕੀ ਦੇ ਤਿੰਨੋਂ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਇਸ ਯੂਨੀਵਰਸਿਟੀ ਵਿੱਚ ਭਾਜਪਾ ਦਾ ਵਿਦਿਆਰਥੀ ਵਿੰਗ ਏ.ਬੀ.ਵੀ.ਪੀ ਸਰਗਰਮ ਹੈ ਅਤੇ ਇਹ ਵਿੰਗ ਇਹਨਾਂ ਦੋਨਾਂ ਹਿੰਦੂ ਵਿਦਿਆਰਥੀਆਂ ਉੱਤੇ ਕਸ਼ਮੀਰੀ ਮੁਸਲਮਾਨਾਂ ਨਾਲ ਰਹਿਣ ਕਰਕੇ ਕਾਫੀ ਔਖਾ ਸੀ। ਇਸੇ ਦੌਰਾਨ ਇਹਨਾਂ ਵਿੱਚੋਂ ਇੱਕ ਹਿੰਦੂ ਵਿਦਿਆਰਥੀ ਦੀ ਏ.ਬੀ.ਵੀ.ਪੀ ਵਾਲਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਉਹਨਾਂ ਨੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਵੱਲੋਂ ਦਹਿਸ਼ਤ ਪਾਉਣ ਦੇ ਮਨਸ਼ੇ ਨਾਲ 15-20 ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇਹਨਾਂ ਦੀ ਰਿਹਾਇਸ਼ ਵੱਲ ਗੇੜਾ ਵੀ ਮਾਰਿਆ ਗਿਆ, ਜਿਸ ਦੀ ਲਿਖਤੀ ਸ਼ਿਕਾਇਤ ਇਹਨਾਂ ਵਿਦਿਆਰਥੀਆਂ ਵੱਲੋਂ 2ਮਈ ਨੂੰ ਯੂਨੀਵਰਸਟੀ ਅਧਿਕਾਰੀਆਂ ਕੋਲ ਅਤੇ ਨੰਦਗੜ੍ਹ ਥਾਣੇ ਵਿੱਚ ਕੀਤੀ ਗਈ। ਪਰ ਉਸ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਾ ਹੋਈ।
ਬੀਤੀ ਇੱਕ ਮਈ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਪੰਜਾਬ ਦੇ ਮੋਹਰੀ ਆਗੂਆਂ ਦੀ ਅਗਵਾਈ ਵਿੱਚ 15-20 ਏ.ਬੀ.ਵੀ.ਪੀ ਕਾਰਕੁਨ ਕਸ਼ਮੀਰੀਆਂ ਦੀ ਰਿਹਾਇਸ਼ ਉੱਤੇ ਪਹੁੰਚ ਗਏ ਤੇ ਜਬਰੀ ਘਰ ਵਿੱਚ ਦਾਖਲ ਹੋਣ ਲੱਗੇ। ਇੱਕ ਕਸ਼ਮੀਰੀ ਨੇ ਇਹਨਾਂ ਨੂੰ ਰੋਕਿਆ ਤੇ ਕਿਹਾ ਕਿ ਤੁਸੀਂ ਕੌਣ ਹੋ? ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ "ਅਸੀਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਤੂੰ ਕਸ਼ਮੀਰੀ ਹੈਂ,ਮੁਸਲਮਾਨ ਹੈਂ, ਅੱਤਵਾਦੀ ਹੈਂ ਤੇ ਪਾਕਿਸਤਾਨ ਪੱਖੀ ਹੈਂ। ਤੂੰ ਆਪਣੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਇੱਥੇ ਕੀ ਕਰ ਰਿਹਾ ਹੈਂ?" ਤਾਂ ਉਸ ਕਸ਼ਮੀਰੀ ਨੇ ਵੀ ਅੱਗੋਂ ਜਵਾਬ ਦਿੱਤਾ ਕਿ "ਇਹ ਯੂ.ਪੀ,ਬਿਹਾਰ ਨਹੀਂ,ਇਹ ਪੰਜਾਬ ਹੈ। ਇਥੇ ਤੁਹਾਡੀ ਇੰਨੀ ਸੌਖਿਆਂ ਨਹੀਂ ਪੁੱਗ ਸਕਦੀ। ਪਿੰਡ ਦੇ ਸਾਰੇ ਲੋਕ ਆ ਜਾਣਗੇ।" ਇੰਨਾ ਸੁਣਦਿਆਂ ਹੀ ਏ.ਬੀ.ਵੀ.ਪੀ ਵਾਲਿਆਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਪਹੁੰਚੇ ਅਤੇ ਉਹਨਾਂ ਨੇ ਕਸ਼ਮੀਰੀਆਂ ਤੇ ਦੂਜੇ ਵਿਦਿਆਰਥੀਆਂ ਦੀ ਜਾਨ ਬਚਾਈ ਅਤੇ ਇਹਨਾਂ ਗੁੰਡਾ ਅਨਸਰਾਂ ਦੀ ਚੰਗੀ ਭੁਗਤ ਸਵਾਰੀ।
ਇਸ ਘਟਨਾ ਤੋਂ ਬਾਅਦ ਕਸ਼ਮੀਰੀ ਦੂਸਰੇ ਦੋਨੋਂ ਵਿਦਿਆਰਥੀਆਂ ਸਮੇਤ ਥਾਣਾ ਨੰਦਗੜ੍ਹ ਪਹੁੰਚ ਗਏ। ਦੂਜੇ ਪਾਸਿਓਂ ਏ.ਬੀ.ਵੀ.ਪੀ ਵਾਲੇ 15-20 ਜਣੇ ਵੀ ਥਾਣੇ ਪਹੁੰਚ ਗਏ। ਦੋਹਾਂ ਧਿਰਾਂ ਦੀ ਤਲਾਸ਼ੀ ਦੌਰਾਨ ਕਸ਼ਮੀਰੀਆਂ ਕੋਲੋਂ ਸਿਰਫ ਮੋਬਾਇਲ ਫੋਨ ਮਿਲੇ ਜਦੋਂ ਕਿ ਏ.ਬੀ.ਵੀ.ਪੀ ਵਾਲਿਆਂ ਕੋਲ ਪੰਚ ਅਤੇ ਹੋਰ ਕਈ ਕਿਸਮ ਦੇ ਹਥਿਆਰ ਸਨ। ਭਾਜਪਾ ਦਾ ਦਬਾਅ ਥਾਣਾ ਮੁਖੀ ਦੇ ਚਿਹਰੇ ਉੱਤੋਂ ਸਾਫ ਝਲਕ ਰਿਹਾ ਸੀ। ਇਸ ਦਬਾਅ ਕਾਰਨ ਕਸ਼ਮੀਰੀ ਵਿਦਿਆਰਥੀਆਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਦੇ ਫੋਨ ਜ਼ਬਤ ਕਰ ਲਏ ਗਏ ਅਤੇ ਢਾਈ ਤਿੰਨ ਘੰਟੇ ਪੁਲਿਸ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਅਗਲੇ ਦਿਨ ਹਾਜ਼ਰ ਹੋਣ ਲਈ ਕਹਿ ਕੇ ਜਾਣ ਦਿੱਤਾ ਗਿਆ।
2 ਮਈ ਨੂੰ ਇਹ ਚਾਰੋਂ ਜਣੇ ਦੁਬਾਰਾ ਥਾਣਾ ਨੰਦਗੜ੍ਹ ਪਹੁੰਚ ਗਏ।ਸਿਆਸੀ ਦਬਾਅ ਸਦਕਾ ਥਾਣਾ ਨੰਦਗੜ੍ਹ ਦੇ ਮੁਖੀ ਨੇ ਜਨੇਊ ਤੋੜਨ ਦਾ ਝੂਠਾ ਇਲਜ਼ਾਮ ਲਾ ਕੇ ਪੀੜਤਾਂ ਉੱਤੇ ਹੀ ਪਰਚਾ ਦਰਜ ਕਰਨ ਦੀ ਮਨਸ਼ਾ ਜਾਹਰ ਕੀਤੀ। ਮਸਲੇ ਨੂੰ ਇਉਂ ਧਾਰਮਿਕ ਰੰਗਤ ਦੇਣ ਦਾ ਇਹਨਾਂ ਵਿਦਿਆਰਥੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਵਿਦਿਆਰਥੀਆਂ ਦੇ ਇਸ ਵਿਰੋਧ ਸਦਕਾ ਥਾਣਾ ਮੁਖੀ ਨੂੰ ਆਪਣੀ ਸੁਰ ਬਦਲਣੀ ਪਈ ਅਤੇ ਉਹਨੇ ਇਹਨਾਂ ਨੂੰ ਸਮਝੌਤਾ ਕਰਨ ਲਈ ਕਹਿਣਾ ਸ਼ੁਰੂ ਕੀਤਾ । ਪਰ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਏ.ਬੀ.ਵੀ.ਪੀ ਵਾਲਿਆਂ ਦੇ ਪੱਖ ਵਿੱਚ ਇੱਕ ਪਾਸੜ ਸਨ। ਇਹਨਾਂ ਸ਼ਰਤਾਂ ਵਿੱਚ ਇਹਨਾਂ ਵਿਦਿਆਰਥੀਆਂ ਵੱਲੋਂ ਲਿਖਤੀ ਮਾਫੀ ਮੰਗਣ, ਇੱਕ ਹਫਤਾ ਯੂਨੀਵਰਸਿਟੀ ਵਿੱਚ ਦਾਖਲ ਨਾ ਹੋਣ ਅਤੇ ਜਿਸ ਕਸ਼ਮੀਰੀ ਵਿਦਿਆਰਥੀ ਦੀ ਪੜ੍ਹਾਈ ਖਤਮ ਹੋ ਗਈ ਹੈ ਉਹਦੇ ਪਿੰਡ ਛੱਡ ਜਾਣ ਆਦਿ ਵਰਗੀਆਂ ਗੱਲਾਂ ਸ਼ਾਮਿਲ ਸਨ। ਇੱਕ ਵਾਰ ਆਪਣੇ ਆਪ ਨੂੰ ਪੁਲਿਸ ਅਤੇ ਗੁੰਡਿਆਂ ਦੇ ਸਿਆਸੀ ਜ਼ੋਰ ਅੱਗੇ ਬੇਬਸ ਮਹਿਸੂਸ ਕਰਦੇ ਹੋਏ ਇਹਨਾਂ ਨੇ ਸਮਝੌਤੇ ਦੀਆਂ ਸ਼ਰਤਾਂ ਲਈ ਹਾਮੀ ਭਰ ਦਿੱਤੀ। ਪਰ ਦੂਸਰੀ ਧਿਰ ਸਿਆਸੀ ਤੌਰ 'ਤੇ ਆਪਣੇ ਆਪ ਨੂੰ ਇਨੀ ਜ਼ੋਰਾਵਰ ਸਮਝਦੀ ਸੀ ਕਿ ਉਸਨੇ ਇਹਨਾਂ ਸ਼ਰਤਾਂ ਉੱਤੇ ਵੀ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੀ ਮਨਸ਼ਾ ਇਹਨਾਂ ਨੂੰ ਹੋਰ ਵਧੇਰੇ ਤੰਗ ਕਰਨ ਦੀ ਸੀ। ਉਹਨਾਂ ਨੇ ਤਾਂ ਥਾਣੇ ਵਿੱਚ ਇਹ ਵੀ ਕਿਹਾ ਕਿ ਪੰਜਾਬ ਵਿੱਚ ਅਜਿਹਾ ਕੁਝ ਨਾ ਚੱਲਣ ਦੀ ਗੱਲ ਕਹਿਣ ਬਦਲੇ ਤੁਹਾਨੂੰ ਸਬਕ ਸਿਖਾਇਆ ਜਾਵੇਗਾ।
ਘਟਨਾ ਦਾ ਪਤਾ ਲੱਗਣ ਉੱਤੇ ਪਿੰਡ ਵਿੱਚ ਮੌਜੂਦ ਜਨਤਕ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਗਿਆ। ਉਹਨਾਂ ਤੋਂ ਘਟਨਾ ਦੀ ਜਾਣਕਾਰੀ ਲੈਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਉਹਨਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। 3 ਮਈ ਨੂੰ ਰਿਪੋਰਟ ਦਰਜ ਕਰਵਾਉਣ ਲਈ ਥਾਣਾ ਨੰਦਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ।
ਅਗਲੇ ਦਿਨ ਮਿਥੇ ਸਮੇਂ 'ਤੇ ਵੱਖ-ਵੱਖ ਜਥੇਬੰਦੀਆਂ ਦੇ 60 ਦੇ ਕਰੀਬ ਕਾਰਕੁੰਨ ਥਾਣਾ ਨੰਦਗੜ੍ਹ ਪਹੁੰਚ ਗਏ ਅਤੇ ਥਾਣਾ ਮੁਖੀ ਨਾਲ ਮਸਲੇ ਸਬੰਧੀ ਗੱਲਬਾਤ ਕੀਤੀ। ਥਾਣਾ ਮੁਖੀ ਨੇ ਸਿਆਸੀ ਦਬਾਅ ਸਦਕਾ ਸਾਰੇ ਮਸਲੇ ਨੂੰ ਬਦਲ ਕੇ ਕਿਸੇ ਲੜਕੀ ਨਾਲ ਸੰਬੰਧਤ ਮਸਲਾ ਬਣਾ ਦਿੱਤਾ। ਪਰ ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਮਸਲਾ ਲੜਕੀ ਦਾ ਸੀ ਤਾਂ ਫਿਰ ਕਸ਼ਮੀਰੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਅਤੇ ਉਹਨਾਂ ਨਾਲ ਕੁੱਟਮਾਰ ਕਿਉਂ ਕੀਤੀ ਗਈ? ਜਥੇਬੰਦੀ ਦੇ ਆਗੂਆਂ ਵੱਲੋਂ ਇਹ ਗੱਲ ਵੀ ਉਭਾਰੀ ਗਈ ਕਿ ਯੂਨੀਵਰਸਿਟੀ ਦਾ ਵੀ.ਸੀ. ਜੋ ਕਿ ਆਰ.ਐਸ.ਐਸ ਦੀ ਵਿਚਾਰਧਾਰਾ ਨਾਲ ਸੰਬੰਧਿਤ ਹੈ ,ਉਸ ਵੱਲੋਂ ਵੀ ਇਹਨਾਂ ਗੁੰਡਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਦਖ਼ਲ ਦੇਣ ਨਾਲ ਪੁਲਿਸ ਅਧਿਕਾਰੀਆਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਵਾਸਤੇ ਇਹਨਾਂ ਭਾਜਪਾ ਦੇ ਗੁੰਡਿਆਂ ਦਾ ਸ਼ਰ੍ਹੇਆਮ ਪੱਖ ਲੈਣਾ ਔਖਾ ਹੋ ਗਿਆ ਅਤੇ ਹੁਣ ਉਹ ਸਮਝੌਤੇ ਲਈ ਜੋੜ ਤੋੜ ਕਰਨ ਲੱਗੇ। ਯੂਨੀਵਰਸਟੀ ਡੀਨ (ਵਿਦਿਆਰਥੀ ਭਲਾਈ) ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਫੋਨ ਕਰਕੇ ਸਮਝੌਤੇ ਲਈ ਬੁਲਾਇਆ ਗਿਆ। ਚਾਰੋਂ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨਾਲ ਰਾਏ ਮਸ਼ਵਰਾ ਕਰਕੇ ਅਧਿਕਾਰੀਆਂ ਨੂੰ ਮਿਲਣ ਚਲੇ ਗਏ। ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਠਿੰਡਾ ਦਿਹਾਤੀ ਦੀ ਡੀ.ਐਸ.ਪੀ ਵੀ ਗੱਲਬਾਤ ਦੌਰਾਨ ਮੌਜੂਦ ਰਹੀ। ਕਸ਼ਮੀਰੀ ਵਿਦਿਆਰਥੀਆਂ ਨੇ ਇਹ ਮੀਟਿੰਗ ਏ.ਬੀ.ਵੀ.ਪੀ ਦੇ ਆਗੂ ਸੁਸ਼ਾਂਤ ਵਾਲੀਆ ਦੀ ਹਾਜ਼ਰੀ ਵਿੱਚ ਕਰਨ ਉੱਤੇ ਇਤਰਾਜ਼ ਕੀਤਾ ਅਤੇ ਉਸਨੂੰ ਮੀਟਿੰਗ ਵਿੱਚੋਂ ਬਾਹਰ ਜਾਣਾ ਪਿਆ। ਇਕੱਠ ਦੇ ਦਬਾਅ ਹੇਠ ਡੀ.ਐਸ.ਪੀ ਨੇ ਹਮਲਾਵਰ ਧਿਰ ਦੀ ਕਾਫੀ ਝਾੜ ਝੰਬ ਕੀਤੀ ਅਤੇ ਕਿਹਾ ਕਿ ਅੱਗੇ ਤੋਂ ਅਜਿਹੀ ਕੋਈ ਵੀ ਗੱਲ ਵਾਪਰਨ ਦੀ ਜਿੰਮੇਵਾਰੀ ਏ.ਬੀ.ਵੀ.ਪੀ ਸਿਰ ਹੋਵੇਗੀ। ਏ.ਬੀ.ਵੀ.ਪੀ ਵਾਲਿਆਂ ਨੇ ਅੱਗੇ ਤੋਂ ਅਜਿਹੀ ਗੁੰਡਾਗਰਦੀ ਨਾ ਕਰਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਲਿਖਤੀ ਸਮਝੌਤਾ ਹੋਇਆ ਜਿਸ ਉੱਪਰ ਚਾਰੋਂ ਵਿਦਿਆਰਥੀ ਸੰਤੁਸ਼ਟ ਸਨ।
ਸਾਰੀ ਘਟਨਾ ਦੀ ਜਾਣਕਾਰੀ ਦੇਣ ਲਈ ਜਥੇਬੰਦੀਆਂ ਵੱਲੋਂ ਸ਼ਾਮ ਨੂੰ ਪਿੰਡ ਵਿੱਚ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਾਮਿਲ ਹੋ ਕੇ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਆਪਣੇ ਸਰੋਕਾਰਾਂ ਦਾ ਸਬੂਤ ਦਿੱਤਾ। ਪਿੰਡ ਦੀ ਲਾਈਬ੍ਰੇਰੀ ਤੋਂ ਸ਼ੁਰੂ ਕਰਕੇ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਗੇਟ ਤੱਕ ਮੁਜ਼ਾਹਰਾ ਕੀਤਾ ਗਿਆ ਅਤੇ ਉੱਥੇ ਮੌਜੂਦ ਵੱਡੀ ਗਿਣਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਏ.ਬੀ.ਵੀ.ਪੀ ਨੂੰ ਆਪਣੀ ਪਾਟਕ ਪਾਊ ਸਿਆਸਤ ਤੋਂ ਬਾਜ ਆਉਣ ਅਤੇ ਵਾਈਸ ਚਾਂਸਲਰ ਨੂੰ ਭਗਵੀਂ ਗੁੰਡਾਗਰਦੀ ਦੀ ਰੱਖਿਆ ਕਰਨ ਖਿਲਾਫ ਚੇਤਾਵਨੀ ਦਿੱਤੀ ਗਈ। ਭਵਿੱਖ ਵਿੱਚ ਆਉਣ ਵਾਲੀ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਕਸ਼ਮੀਰੀਆਂ ਅਤੇ ਮੁਸਲਮਾਨਾਂ ਨੂੰ ਜਥੇਬੰਦੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ।
--0--
No comments:
Post a Comment