Wednesday, May 28, 2025

ਜੰਗਲਾਂ ਦੀ ਧਰਤੀ ਦੇ ਪੁੱਤਰਾਂ ਦੀ ਅਜਿਹੀ ਹੋਣੀ ਕਿਉਂ! --ਕਰੇਗੁੱਟਾ ਆਪ੍ਰੇਸ਼ਨ 'ਚ ਆਦਿਵਾਸੀ ਲਾਸ਼ਾਂ ਦੀ ਬੇਕਦਰੀ

 ਜੰਗਲਾਂ ਦੀ ਧਰਤੀ ਦੇ ਪੁੱਤਰਾਂ ਦੀ ਅਜਿਹੀ ਹੋਣੀ ਕਿਉਂ!
ਕਰੇਗੁੱਟਾ ਆਪ੍ਰੇਸ਼ਨ 'ਚ ਆਦਿਵਾਸੀ ਲਾਸ਼ਾਂ ਦੀ ਬੇਕਦਰੀ


ਬਸਤਰ ਖੇਤਰ ਦੇ ਸਾਰੇ ਆਦਿਵਾਸੀ ਸਮਾਜ ਅਤੇ ਭਾਰਤ ਦੇ ਨਾਗਰਿਕਾਂ ਨੂੰ,

ਸੇਵਾ ਜੋਹਾਰ,

ਮੈਂ ਬਹੁਤ ਦੁੱਖ ਨਾਲ ਇਹ ਲਿਖ ਰਹੀ ਹਾਂ।

ਸਾਡਾ ਬਸਤਰ ਕਾਰਪੋਰੇਟ ਲੋਕਾਂ ਦੀ ਲਾਲਚ ਨੂੰ ਪੂਰਾ ਕਰਨ ਲਈ ਇੱਕ ਤਬਾਹੀ ਵਾਲੀ ਜੰਗ ਦਾ ਮੈਦਾਨ ਬਣ ਚੁੱਕਾ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ।

ਬਸਤਰ ਦੀ ਲੜਾਈ ਦੌਰਾਨ ਕੁਝ ਸਾਲ ਪਹਿਲਾਂ ਪੁਲਿਸ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਮੈਨੂੰ ਕਿਹਾ ਸੀ ਕਿ ਆਦਿਵਾਸੀਆਂ ਦਾ ਨਾ ਕੋਈ ਅਤੀਤ ਸੀ, ਨਾ ਕੋਈ ਭਵਿੱਖ ਹੋਵੇਗਾ। ਨਾ ਕੋਈ ਔਕਾਤ, ਨਾ ਕੋਈ ਜੀਵਨ, ਨਾ ਕੋਈ ਪਹਿਚਾਣ। ਆਦਿਵਾਸੀਆਂ ਨੂੰ ਕੀੜਿਆਂ ਮਕੌੜਿਆਂ ਵਾਂਗ ਕੁਚਲਣਾ ਤੇ ਮਾਰਨਾ ਹੈ। ਇਹੀ ਸੱਚ ਹੈ। ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਚੰਗੀ ਤਰ੍ਹਾਂ ਬਿਠਾ ਲਓ – ਇਹੀ ਤੁਹਾਡੀ ਔਕਾਤ ਹੈ।

ਹੁਣ ਹਾਲ ਹੀ ਵਿੱਚ ਮੈਨੂੰ ਜਾਣਕਾਰੀ ਮਿਲੀ ਕਿ ਕਰੇਗੁੱਟਾ ਜੰਗਲ ਵਿੱਚ ਪਹਾੜਾਂ ਤੋਂ ਨਕਸਲੀਆਂ ਦੇ ਨਾਂ 'ਤੇ ਵੱਡੀ ਗਿਣਤੀ ਵਿੱਚ ਆਦਿਵਾਸੀਆਂ ਨੂੰ ਮਾਰ ਕੇ ਲਿਆਂਦਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਬਹੁਤ ਹੀ ਪਰੇਸ਼ਾਨ ਹਨ। ਭੁੱਖੇ-ਪਿਆਸੇ ਹੋ ਕੇ ਲਾਸ਼ਾਂ ਨੂੰ ਲੈ ਜਾਣ ਲਈ ਲੜ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਲਾਸ਼ਾਂ ਨਹੀਂ ਦੇ ਰਿਹਾ।

ਇਸ ਸਥਿਤੀ ਵਿੱਚ ਮੈਂ 12-05-2025 ਨੂੰ ਬੀਜਾਪੁਰ ਜ਼ਿਲ੍ਹਾ ਹਸਪਤਾਲ ਪਹੁੰਚੀ। ਕਈ ਪਿੰਡਾਂ ਦੇ ਆਦਿਵਾਸੀ ਲੋਕ ਹਸਪਤਾਲ ਤੇ ਥਾਣੇ ਦੇ ਚੱਕਰ ਲਾ ਰਹੇ ਸਨ। ਮੈਂ ਪਿੰਡਾਂ ਦੇ ਲੋਕਾਂ ਨੂੰ ਮਿਲੀ ਅਤੇ ਪੁੱਛਣ ਲੱਗੀ ਕਿ ਅਸਲ ਵਿੱਚ ਕਰੇਗੁੱਟਾ ਪਹਾੜਾਂ 'ਚ ਕੀ ਹੋਇਆ? ਕੀ ਪੁਲਿਸ ਅਤੇ ਸਰਕਾਰ ਜੋ ਕਹਿ ਰਹੀ ਹੈ, ਉਹ ਸੱਚ ਹੈ? ਤੁਸੀਂ ਸਭ ਦੱਸੋ ਤਾਂ  ਜੋ ਅਸੀਂ ਮਦਦ ਕਰ ਸਕੀਏ।

ਕਈ ਪਿੰਡਾਂ ਦੇ ਮਰਦ, ਔਰਤਾਂ ਅਤੇ ਬੱਚੇ ਆਏ ਹੋਏ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ, "ਦੀਦੀ, ਮੁठਭੇੜ ਦੀ ਗੱਲ ਅਸੀਂ ਵੀ ਸੁਣੀ ਹੈ, ਪਰ ਅਜਿਹਾ ਕੁਝ ਨਹੀਂ ਹੋਇਆ। ਇਹ ਸਭ ਝੂਠ ਹੈ। ਅਸਲ ਵਿੱਚ CRPF ਦੀ ਕੋਬਰਾ, DRG ਅਤੇ ਤੇਲੰਗਾਨਾ ਦੀ ਗਰੇ-ਹਾਊਂਡ ਫੋਰਸਾਂ ਵਿੱਚ ਗਲਤਫਹਿਮੀ ਕਾਰਨ ਪਰਸਪਰ ਗੋਲੀਬਾਰੀ ਹੋਈ। ਤਿੰਨ ਪੁਲਿਸ ਜਵਾਨ ਵੀ ਮਾਰੇ ਗਏ। ਕਈ ਜਵਾਨ ਜਖ਼ਮੀ ਹੋਏ। ਨਕਸਲੀਆਂ ਦੀ ਬਿਛਾਈ IED ਜਾਂ ਬੰਬ ਨਹੀਂ, ਇਹ ਸਾਰੇ ਆਪਣੀ ਗੋਲੀਬਾਰੀ ਨਾਲ ਜਖ਼ਮੀ ਹੋਏ ਹਨ। ਇਹ ਘਟਨਾ 7-5-2025 ਨੂੰ ਸਵੇਰੇ 7–8 ਵਜੇ ਦੀ ਹੈ।"

ਅਸੀਂ ਤਾਂ ਲਾਸ਼ ਲੈਣ ਆਏ ਹਾਂ। ਇਹ ਲਾਸ਼ਾਂ ਓਸੇ ਦਿਨ ਦੀਆਂ ਹਨ। ਪੁਲਿਸ ਨੇ ਘੇਰ ਕੇ ਮਾਰਿਆ ਹੈ। ਇਨ੍ਹਾਂ ਵਿੱਚ ਨਾਬਾਲਿਗ ਵੀ ਹਨ, ਬੇਗੁਨਾਹ ਆਦਿਵਾਸੀ ਵੀ ਹਨ। ਕੁਝ ਨਿਹੱਥੇ ਕਿਸਾਨ ਸੰਗਠਨ ਦੇ ਮੈਂਬਰ ਹਨ। ਕੋਈ ਵੀ ਨਕਸਲੀ ਲੀਡਰ ਨਹੀਂ। 6 ਜਾਂ 7 ਮਈ ਨੂੰ ਕੋਈ ਮੁठਭੇੜ ਨਹੀਂ ਹੋਈ।

ਮੈਂ ਪੁੱਛਿਆ, ਤੁਹਾਨੂੰ ਇਹ ਤਾਰੀਖ ਕਿਵੇਂ ਪਤਾ ਲੱਗੀ? ਉਨ੍ਹਾਂ ਨੇ ਕਿਹਾ, “ਸਾਡੇ ਪਿੰਡ ਦੇ ਕੁਝ ਲੋਕ DRG ਵਿਚ ਹਨ। DRG ਵਾਲਿਆਂ ਨੇ ਸਾਨੂੰ ਕਿਹਾ ਕਿ ਆਪਣਿਆਂ ਦੀਆਂ ਲਾਸ਼ਾਂ ਲੈ ਜਾਣ  ਲਈ ਆਓ। ਉਹ ਮਾਰੇ ਗਏ ਹਨ। ਅਸੀਂ 8 ਮਈ ਨੂੰ ਆ ਗਏ, 9 ਮਈ ਦੀ ਰਾਤ ਤੱਕ ਉਡੀਕ ਕੀਤੀ। ਪਰ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭੁੱਖ ਤੇ ਪਿਆਸ ਨਾਲ ਸਾਡੀ ਹਾਲਤ ਖ਼ਰਾਬ ਹੋ ਗਈ ਤਾਂ ਅਸੀਂ 10 ਮਈ ਨੂੰ ਵਾਪਸ ਚਲੇ ਗਏ। ਅੱਜ 12-5-2025 ਨੂੰ ਫਿਰ ਆਏ ਹਾਂ।”

ਮੈਂ ਕਿਹਾ, “ਅੱਜ ਕਿਸੇ ਵੀ ਹਾਲਤ ਵਿੱਚ ਤੁਸੀਂ ਲਾਸ਼ਾਂ ਲੈ ਕੇ ਜਾਵੋਗੇ। ਅਸੀਂ ਤੁਹਾਡੇ ਨਾਲ ਹਾਂ।”

ਪਰਿਵਾਰ ਬਹੁਤ ਹੀ ਪਰੇਸ਼ਾਨ ਸਨ। ਸਮਾਂ ਲੰਘ ਰਿਹਾ ਸੀ। ਪਰ ਪੁਲਿਸ ਲਾਸ਼ਾਂ ਦੇਣ ਵਿੱਚ ਝਿਜ਼ਕ ਰਹੀ ਸੀ। ਆਖ਼ਰ ਇੰਨਾ ਨਾਟਕ ਕਿਉਂ?

ਜਦੋਂ ਅਸੀਂ ਅੱਗੇ ਵਧੇ ਤਾਂ ਪੁਲਿਸ ਮਜਬੂਰ ਹੋ ਗਈ ਅਤੇ ਲਾਸ਼ਾਂ ਦੇਣ ਲੱਗੀ। ਜਦੋਂ ਮੈਂ ਲਾਸ਼ਾਂ ਦੇ ਕੋਲ ਗਈ ਤਾਂ ਵੇਖਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕੀੜੇ ਲਾਸ਼ਾਂ ਉੱਤੇ ਚੱਲ ਰਹੇ ਸਨ। ਹਰ ਇੱਕ ਆਦਿਵਾਸੀ ਦੀ ਲਾਸ਼ ਕੀੜਿਆਂ ਨਾਲ ਢੱਕੀ ਹੋਈ ਸੀ। ਕੀੜੇ ਲਾਸ਼ਾਂ ਨੂੰ ਖਾ ਰਹੇ ਸਨ। ਉਸ ਅਧਿਕਾਰੀ ਦੀ ਗੱਲ ਸੱਚ ਸਾਬਤ ਹੋ ਰਹੀ ਸੀ।

ਸਵਾਲ ਇਹ ਨਹੀਂ ਹੋਣਾ ਚਾਹੀਦਾ ਕਿ ਮਰਿਆ ਹੋਇਆ ਵਿਅਕਤੀ ਨਕਸਲੀ ਸੀ ਜਾਂ ਆਮ ਆਦਿਵਾਸੀ?

ਜੋ ਵੀ ਮਰੇ – ਉਹ ਇਨਸਾਨ ਸਨ। ਉਹ ਸਾਰੇ ਬਸਤਰ ਦੇ ਆਦਿਵਾਸੀ ਸਨ।

ਆਦਿਵਾਸੀਆਂ ਦੀਆਂ ਲਾਸ਼ਾਂ ਨੂੰ ਇੰਝ ਛੱਡ ਦਿੱਤਾ ਜਾਂਦਾ ਹੈ ਕਿ ਪਰਿਵਾਰ ਉਨ੍ਹਾਂ ਨੂੰ ਪਛਾਣ ਨਾ ਸਕਣ। ਇਸ ਵਾਰੀ ਸਰਕਾਰ ਅਤੇ ਪੁਲਿਸ ਨੇ ਝੂਠੀ ਮੁठਭੇੜ ਦੀ ਕਹਾਣੀ ਬਣਾਉਣ ਵਿੱਚ 6 ਦਿਨ ਲਾ ਦਿੱਤੇ।

ਜੇਕਰ ਇੱਕ ਆਦਿਵਾਸੀ ਮਾਂ ਦੇ ਦੋ ਪੁੱਤ ਹਨ, ਤਾਂ ਇੱਕ ਨੂੰ ਸਰਕਾਰ ਪੁਲਿਸ ਬਣਾ ਕੇ ਹੱਥ ਵਿੱਚ ਗੰਨ ਦੇ ਦਿੰਦੀ ਹੈ।

ਦੂਜਾ ਆਪਣੀ ਜ਼ਮੀਨ ਬਚਾਉਂਦਾ ਹੈ।

ਜੇਕਰ ਸਰਕਾਰ ਵਾਲਾ ਪੁੱਤਰ ਮਰ ਜਾਵੇ ਤਾਂ ਉਹਨੂੰ ਤਿਰੰਗੇ ਵਿੱਚ ਲਪੇਟਿਆ ਜਾਂਦਾ ਹੈ।

ਪਰ ਜੇਕਰ ਆਪਣੀ ਧਰਤੀ ਬਚਾਉਂਦਾ ਹੋਇਆ ਮਰ ਜਾਵੇ, ਤਾਂ ਉਸ ਦੀ ਲਾਸ਼ ਕੀੜਿਆਂ ਨਾਲ ਢੱਕੀ ਹੋਈ ਛੱਡ ਦਿੱਤੀ ਜਾਂਦੀ ਹੈ।

– ਸੋਨੀ ਸੋਰੀ

(ਸਿਰਲੇਖ ਸਾਡਾ) --0--

No comments:

Post a Comment