Friday, May 30, 2025

ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲੇ ਇੱਕ ਖਤਰਨਾਕ ਰੁਝਾਨ


 ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲੇ ਇੱਕ ਖਤਰਨਾਕ ਰੁਝਾਨ

ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਅੰਦਰ ਸੁਰੱਖਿਆ ਤੇ ਨਸ਼ਾਂ ਤਸਕਰਾਂ ਨੂੰ ਰੋਕਣ ਦੀ ਆੜ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਝੂਠੇ ਫਰਜ਼ੀ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਇਹ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਇੱਕਾ-ਦੁੱਕਾ ਘਟਨਾਵਾਂ ਨਹੀਂ ਹਨ ਸਗੋਂ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਘਟਨਾਵਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਤੇ ਇਹਨਾਂ ਫਰਜ਼ੀ ਝੂਠੇ ਪੁਲਿਸ ਮੁਕਾਬਲਿਆਂ 'ਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਪੁਲਿਸ ਕਾਰਵਾਈਆਂ ਰਾਹੀਂ ਉਹਨਾਂ ਨੇ ਵੱਡੇ ਨਸ਼ਾ ਤਸਕਰਾਂ ਤੇ ਖੂੰਖਾਰ ਅਪਰਾਧੀਆਂ ਨੂੰ ਨੱਥ ਪਾਈ ਹੈ। ਇਹਨਾਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਨਿਗਰਾਨੀ ਹੇਠ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਸ ਸਪੈਸ਼ਲ ਟਾਸਕ ਫੋਰਸ ਨੂੰ ਇਹਨਾਂ ਅਪ੍ਰੇਸ਼ਨਾਂ ਲਈ ਸਪੈਸ਼ਲ ਟਰੇਨਿੰਗ ਦਿੱਤੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਵੀ ਇਸ ਸਪੈਸ਼ਲ ਟਾਸਕ ਫੋਰਸ  ਨੂੰ ਅਪਰਾਧੀਆਂ ਨਾਲ ਨਜਿੱਠਣ ਲਈ ਪੁਲਿਸੀ ਕਾਰਵਾਈ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਹੋਈ ਹੈ। ਜਿਸ ਕਰਕੇ ਪੰਜਾਬ ਪੁਲਿਸ ਵੱਲੋਂ ਕਿਸੇ ਅਪਰਾਧੀ ਨੂੰ ਫੜ੍ਹਣ ਦੀ ਬਜਾਏ ਝੂਠੇ ਪੁਲਿਸ ਮੁਕਾਬਲੇ ਬਣਾ ਕੇ, ਗਿਣ ਮਿਥ ਕੇ ਕਤਲ ਕੀਤੇ ਜਾ ਰਹੇ ਹਨ।

ਜੇਕਰ ਪਿਛਲੇ ਦੋ-ਢਾਈ ਸਾਲਾਂ ਦੇ  ਕੁੱਝ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਲਗਭਗ ਔਸਤਨ ਹਰ ਰੋਜ਼ ਝੂਠੇ ਪੁਲਿਸ ਮੁਕਾਬਲੇ 'ਚ ਅਪਰਾਧੀਆਂ ਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਵਾਲੇ ਘੱਟ ਹੀ ਜਖ਼ਮੀ ਹੁੰਦੇ ਨੇ। ਪੰਜਾਬ ਪੁਲਿਸ ਵੱਲੋਂ ਇਹਨਾਂ  ਲਗਭਗ ਸਾਰੇ ਪੁਲਿਸ ਮੁਕਾਬਲਿਆਂ 'ਚ ਇੱਕੋ ਪ੍ਰਕਾਰ ਦੀ ਝੂਠੀ ਕਹਾਣੀ ਘੜੀ ਜਾਂਦੀ ਹੈ। ਪੰਜਾਬ ਪੁਲਿਸ ਅਨੁਸਾਰ ਜਦੋਂ ਹਿਰਾਸਤੀ ਅਪਰਾਧੀ ਵੱਲੋਂ ਲੁਕੋ ਕੇ ਰੱਖੇ ਹੋਏ ਹਥਿਆਰ ਬਰਾਮਦ ਕੀਤੇ ਜਾ ਰਹੇ ਸਨ ਤਾਂ ਉਸ ਵੇਲੇ ਅਪਰਾਧੀ ਵੱਲੋਂ ਪੁਲਿਸ 'ਤੇ ਗੋਲੀ ਚਲਾ ਦਿੱਤੀ ਗਈ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਜਾਂ ਫਿਰ ਕਿਸੇ ਨਸ਼ਾ ਤਸਕਰ ਜਾਂ ਗੈਂਗਸਟਰ ਨੂੰ ਪੁਲਿਸ ਨਾਕੇ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ  ਉਸਨੇ ਰੁਕਣ ਦੀ ਥਾਂ  ਗੋਲੀ ਚਲਾ ਦਿੱਤੀ, ਉਹ ਵੀ ਜਵਾਬੀ ਪੁਲਿਸ ਦੀ ਕਾਰਵਾਈ ਦੌਰਾਨ ਮਾਰਿਆ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਸਾਰੇ ਮੁਕਾਬਲਿਆਂ ਦੌਰਾਨ ਕਿਸੇ ਵੀ ਪੁਲਿਸ ਮੁਲਾਜ਼ਮ ਦੇ ਝਰੀਟ ਤੱਕ ਨਹੀਂ ਆਉਂਦੀ। ਸਾਰੇ ਹੀ ਪੁਲਿਸ ਮੁਕਾਬਲਿਆਂ ਦੌਰਾਨ ਇੱਕੋ ਪ੍ਰਕਾਰ ਦਾ ਘਟਨਾਕ੍ਰਮ ਵਾਪਰਦਾ ਹੈ। ਹਾਲਾਂਕਿ ਜਿਹੜਾ ਅਪਰਾਧੀ ਪੁਲਿਸ ਹਿਰਾਸਤ 'ਚ ਹੈ ਉਹ ਭਲਾਂ ਐਨੀ ਪੁਲਿਸ ਹੋਣ ਦੇ ਬਾਵਜੂਦ ਹਥਿਆਰ ਬਰਾਮਦੀ ਦੌਰਾਨ ਗੋਲੀ ਕਿਵੇਂ ਚਲਾ ਸਕਦਾ ਹੈ। ਪੰਜਾਬ ਪੁਲਿਸ ਵੱਲੋਂ ਇਕੱਲੇ ਪੰਜਾਬ ਦੇ ਅੰਦਰ ਹੀ ਨਹੀਂ ਹੋਰਨਾਂ ਰਾਜਾਂ ਅੰਦਰ ਜਾ ਕੇ ਵੀ ਫਰਜ਼ੀ ਪੁਲਿਸ ਮੁਕਾਬਲੇ ਬਣਾਏ  ਗਏ ਹਨ। ਕੁੱਝ ਸਮਾਂ ਪਹਿਲਾਂ  ਵੀ ਯੂ.ਪੀ. 'ਚ ਜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਹੈ। ਇਸ ਤਰ੍ਹਾਂ 13 ਮਾਰਚ ਨੂੰ ਨਾਭੇ ਨੇੜੇ ਪੈਂਦੇ ਪਿੰਡ ਮੰਡੌਰ 'ਚ ਕੈਨੇਡਾ ਵਾਸੀ ਨੌਜਵਾਨ ਨੂੰ ਅਗਵਾ ਦੇ ਦੋਸ਼ ਹੇਠ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਹੈ। ਡੈਮੋਕ੍ਰੈਟਿਕ ਲਾਅਰਜ਼ ਐਸ਼ੋਸੀਏਸ਼ਨ ( ਡੀ.ਐਲ.ਏ) ਦੀ ਤੱਥ ਖੋਜ ਰਿਪੋਰਟ ਅਨੁਸਾਰ ਇਹ ਪੁਲਿਸ ਮੁਕਾਬਲਾ ਪੂਰੀ ਤਰ੍ਹਾਂ ਝੂਠਾ ਤੇ ਫਰਜ਼ੀ ਸੀ। ਪਿੰਡ ਵਾਸੀਆਂ ਅਨੁਸਾਰ  ਉਸ ਨੌਜਵਾਨ ਵੱਲੋਂ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਗਿਆ ਸੀ ਪਰ ਪੁਲਿਸ ਵੱਲੋਂ ਉਸ ਨੂੰ ਹਿਰਾਸਤ 'ਚ ਲੈਣ ਦੀ ਬਜਾਏ ਇੱਕ ਪਾਸੇ ਲਿਜਾ ਕੇ ਬਹੁਤ ਨੇੜਿਓਂ ਵੱਖ-ਵੱਖ ਹਥਿਆਰਾਂ ਨਾਲ ਸੱਤ ਗੋਲੀਆਂ ਮਾਰੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਫਰਜ਼ੀ ਪੁਲਿਸ ਮੁਕਾਬਲਿਆਂ ਦੀ ਜਾਂਚ ਪੜਤਾਲ ਕਰਵਾਉਣ ਦੀ ਥਾਂ ਪੰਜਾਬ ਪੁਲਿਸ ਨੂੰ ਇਨਾਮ ਤੇ ਤਰੱਕੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਇਹਨਾਂ ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਪਿੱਠ ਥਾਪੜੀ ਹੈ। ਇਹ ਝੂਠੇ ਪੁਲਿਸ ਮੁਕਾਬਲੇ  ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਵਜੋਂ ਅਖਬਾਰੀ ਇਸ਼ਤਿਹਾਰਾਂ ਦੇ ਸ਼ਿੰਗਾਰ ਬਣੇ ਹਨ। ਇਥੋਂ ਤੱਕ ਕੇ ਪੰਜਾਬ ਦੀ ਕਿਸੇ ਵੀ ਹਾਕਮ ਜਮਾਤੀ ਸਿਆਸੀ ਪਾਰਟੀ ਨੇ ਵੀ ਇਹਨਾਂ ਫਰਜ਼ੀ ਪੁਲਿਸ ਮੁਕਾਬਲਿਆਂ ਖ਼ਿਲਾਫ ਮੂੰਹ ਨਹੀਂ ਖੋਲ੍ਹਿਆ।   ਇਹ ਅਜਿਹਾ ਵਿਹਾਰ ਹੈ ਜਿਹੜਾ 80-90 ਦੇ ਦਹਾਕੇ ਦੌਰਾਨ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ 'ਚ ਖਾਲਸਤਾਨੀਆਂਆਮ ਲੋਕਾਂ ਦੇ ਥੋਕ ਦੇ ਭਾਅ ਪੰਜਾਬ  ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਸਨ। ਉਸ ਵਕਤ ਵੀ ਪੁਲਿਸ ਨੂੰ ਤਰੱਕੀਆਂ 'ਤੇ ਇਨਾਮ ਬਖਸ਼ੇ ਗਏ ਸੀ। ਪਹਿਲਾਂ 70ਵਿਆਂ ਦੇ ਸ਼ੁਰੂ 'ਚ ਨਕਸਲਵਾੜੀ ਲਹਿਰ ਦੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਚੱਕਰ ਚਲਾਇਆ ਗਿਆ ਸੀ ਤੇ ਸੂਬੇ ਅੰਦਰ ਇਹ ਜਾਬਰ ਰਵਾਇਤ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਤੋਰੀ ਗਈ ਸੀ। ਹੁਣ ਯੂਪੀ ਅੰਦਰ ਯੋਗੀ ਦੇ ਰਾਜ 'ਚ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਵਰਤਾਰਾ  ਤੇਜ਼ੀ ਨਾਲ ਉਭਰਿਆ ਹੈ ਜਿਸ ਨੂੰ ਇਨਸਾਫ਼ ਦੇ ਯੋਗੀ ਤਰੀਕੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜੋ ਬਹੁਤ ਖਤਰਨਾਕ ਰੁਝਾਨ ਹੈ। ਇਹ ਫਾਸ਼ੀ ਰਾਜ ਸਥਾਪਿਤ ਕਰਨ ਦੇ ਪ੍ਰੋਜੈਕਟ ਦਾ ਹਿੱਸਾ ਹੈ, ਜਿੱਥੇ ਸਧਾਰਨ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਨੌਜਵਾਨਾਂ ਨੂੰ ਪੁਲਸ ਵੱਲੋਂ ਅਦਾਲਤੀ ਪ੍ਰਕਿਰਿਆ ਤੋਂ ਬਗੈਰ ਹੀ ਸਜ਼ਾ ਦਿੱਤੀ ਜਾਂਦੀ ਹੈ ਤੇ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ।

 ਝੂਠੇ ਪੁਲਿਸ ਮੁਕਾਬਲੇ ਭਾਰਤ ਅੰਦਰ ਇੱਕ ਪਰਖਿਆ ਪਰਤਿਆਇਆ ਹਥਿਆਰ ਹੈ ਜਿਸਦੀ ਵਰਤੋਂ ਸਾਰੀਆਂ ਹਕੂਮਤਾਂ ਕਰਦੀਆਂ ਆਈਆਂ ਹਨ। ਇਹ ਆਪਾਸ਼ਾਹ ਤੇ ਜਾਬਰ ਭਾਰਤੀ ਰਾਜ ਦੇ ਕਿਰਦਾਰ ਨੂੰ ਪ੍ਰਗਟਾਉਦਾ ਇੱਕ ਲੱਛਣ ਹੈ ਜਿੱਥੇ ਸੈਂਕੜਿਆਂ ਦੀ ਤਾਦਾਦ 'ਚ ਝੂਠੇ ਪੁਲਿਸ ਮੁਕਾਬਲੇ ਬਣਦੇ ਹਨ। ਇਸ ਰਾਜ ਦੇ ਕਿਸੇ ਅੰਗ ਲਈ ਕੋਈ ਮਸਲਾ ਨਹੀਂ ਬਣਦੇ ਸਗੋਂ ਇਹਨਾਂ ਨੂੰ ਇਨਸਾਫ਼ ਦੇ ਇੱਕ ਮਾਅਰਕੇ ਵਜੋਂ ਉਭਾਰਿਆ ਜਾਂਦਾ ਹੈ। ਪੰਜਾਬ ਪੁਲਿਸ ਵੱਲੋਂ ਵੀ ਨਸ਼ਾ ਤਸਕਰੀ ਨੂੰ ਰੋਕਣ ਤੇ ਪੰਜਾਬ ਦੀ ਸੁਰੱਖਿਆ ਦਾ ਝੂਠਾ ਬਿਰਤਾਂਤ ਸਿਰਜ ਕੇ ਪੰਜਾਬ ਦੇ ਨੌਜਵਾਨਾਂ ਦੇ ਗਿਣ ਮਿਥ ਕੇ ਕਤਲ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਦਾ ਇਹ ਗੈਰ-ਕਾਨੂੰਨੀ ਤੇ ਵਹਿਸ਼ੀ ਕਾਰਾ ਹੈ ਜਿਹੜਾ  ਪੁਲਿਸ ਵੱਲੋਂ ਖੁਦ ਹੀ ਅਦਾਲਤੀ ਪ੍ਰਕਿਰਿਆ ਨੂੰ ਰੱਦ ਕਰਕੇ ਉਹਨਾਂ ਨੂੰ ਦੋਸ਼ੀ ਘੋਸ਼ਿਤ ਸਾਬਿਤ ਕਰ ਦਿੱਤਾ ਜਾਂਦਾ ਹੈ ਤੇ ਫ਼ਰਜੀ ਮੁਕਾਬਲਾ ਬਣਾ ਕੇ ਇਨਸਾਫ਼ ਕਰ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਅਜਿਹੇ ਅਣਮਨੁੱਖੀ ਕਾਰੇ ਨੂੰ ਪੰਜਾਬ ਦੀ ਸ਼ਾਤੀ ਲਈ ਵਰਦਾਨ ਵਜੋਂ ਦਰਸਾਇਆ ਜਾ ਰਿਹਾ ਹੈ। ਪੁਲਿਸ ਤੇ ਫੌਜ ਇਸ ਜਾਬਰ ਰਾਜ ਭਾਗ ਦੇ ਮੁੱਖ ਸੰਦ ਹਨ ਤੇ ਪੁਲਿਸ ਤੇ ਫੌਜ ਨੂੰ ਵਧੇਰੇ ਅਧਿਕਾਰ ਦੇ ਕੇਇਹਨਾਂ ਅਧਿਕਾਰਾਂ 'ਤੇ ਜਾਬਰ ਰਾਜ ਭਾਗ ਨੂੰ ਚਲਾਇਆ ਜਾਂਦਾ ਹੈ। ਇਹ ਝੂਠੇ ਪੁਲਿਸ ਮੁਕਾਬਲੇ ਜਮਹੂਰੀ ਰਾਜ ਹੋਣ ਦੇ ਦੰਭ ਨੂੰ ਨੰਗਾ ਕਰਦੇ ਹਨ। ਇਹ ਝੂਠੇ ਪੁਲਿਸ ਮੁਕਾਬਲੇ ਕਿਸੇ ਵੀ ਅਪਰਾਧ ਨੂੰ ਨਜਿੱਠਣ ਦਾ ਅਣਮਨੁੱਖੀ ਤੇ ਗੈਰ-ਜਮਹੂਰੀ ਤਰੀਕਾ ਹੈ। ਇਹ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।  ਹੁਣ ਜਿਸ ਧੜੱਲੇ ਨਾਲ ਪੰਜਾਬ ਦੀ ਆਪ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਨਵੀਆਂ ਲੋਕ ਦੋਖੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤੇ ਇਹਨਾਂ ਸਾਮਰਾਜੀ ਨੀਤੀਆਂ ਨੇ ਪੰਜਾਬ ਦੇ ਲੋਕਾਂ ਦੀ ਲੁੱਟ ਦਾ ਰਾਹ ਹੋਰ ਪੱਧਰਾ ਕਰਨਾ ਹੈ। ਸੰਕਟ ਦੀ ਮਾਰ ਹੇਠ ਆਈ ਪੰਜਾਬ ਦੀ ਕਿਸਾਨੀ, ਜਮੂਹਰੀ ਲਹਿਰ ਦੀ ਅਗਵਾਈ ਹੇਠ ਇਹਨਾਂ ਲੁੱਟ ਵਾਲੀਆਂ ਸਾਮਰਾਜੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ ਤੇ ਇਹਨਾਂ ਸਾਮਰਾਜੀ ਨੀਤੀਆਂ ਨੂੰ ਪੰਜਾਬ ਦੇ ਅੰਦਰ   ਧੜੱਲੇ ਨਾਲ ਲਾਗੂ ਕਰਨ ਵਿੱਚ ਅੜਿੱਕਾ ਬਣ ਰਹੀ ਹੈ। ਜਿਸਦੇ ਸਿੱਟੇ ਵਜੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਜਮਹੂਰੀ ਹਿੱਸਿਆਂ ਉੱਪਰ ਹਕੂਮਤੀ ਜਾਬਰ ਹੱਲਾ ਤੇਜ਼ ਕਰ ਦਿੱਤਾ ਗਿਆ ਹੈ ਤੇ ਹੁਣ ਪੰਜਾਬ ਸਰਕਾਰ ਇਹਨਾਂ ਜਮਹੂਰੀ ਲਹਿਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਇਸ ਕਰਕੇ  ਪੰਜਾਬ ਪੁਲਿਸ ਦੀਆਂ ਇਹ ਵਹਿਸ਼ੀ ਕਾਰਵਾਈਆਂ ਇਕੱਲੇ ਇੱਥੋਂ ਤੱਕ ਸੀਮਤ ਨਹੀਂ ਰਹਿਣੀਆਂ  ਸਗੋਂ ਆਉਣ ਵਾਲੇ ਸਮੇਂ 'ਚ ਅਜਿਹੇ  ਹਕੂਮਤੀ ਜਬਰ ਦਾ ਨਿਸ਼ਾਨਾ ਜਮਹੂਰੀ ਲਹਿਰਾਂ ਨੇ ਵੀ ਬਣਨਾ ਹੈ। ਇਸ ਲਈ ਪੰਜਾਬ ਪੁਲਿਸ ਦੀਆਂ ਇਹਨਾਂ ਗੈਰ-ਜਮਹੂਰੀ ਤੇ ਵਹਿਸ਼ੀ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਇਸਦੇ ਖ਼ਿਲਾਫ਼ ਆਵਾਜ਼ ਉਠਾਉਣੀ  ਚਾਹੀਦੀ ਹੈ।

                                                                                      --0--

ਨਸ਼ਾ ਤਸਕਰਾਂ, ਗੈਂਗਸਟਰਾ ਜਾਂ ਹੋਰ ਅਪਰਾਧੀ ਗਤੀਵਿਧੀਆਂ 'ਚ ਸ਼ਾਮਿਲ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਇਹ ਨੀਤੀ ਸਮਾਜ ਦੇ ਗੈਰ ਜਮਹੂਰੀ ਤੇ ਧੱਕੜ ਅਮਲਾਂ ਤੇ ਇਨਸਾਫ਼ ਦੇ ਤਕਾਜਿਆਂ ਬਾਰੇ ਮੱਧ-ਯੁਗੀ ਸੋਚਣੀ ਤੋਂ ਹੀ ਤਾਕਤ ਹਾਸਲ ਕਰਦੀ ਹੈ। ਇਨਸਾਫ਼ ਦੇ ਅਮਲ ਦੇ ਬਣਦੇ ਜਮਹੂਰੀ ਤੇ ਮਨੁੱਖੀ ਹੱਕਾਂ ਦੇ ਪੈਮਾਨਿਆਂ ਬਾਰੇ ਲੋਕਾਂ 'ਚ ਚੇਤਨਾ ਦੀ ਘਾਟ ਦਾ ਲਾਹਾ ਲੈ ਕੇ ਫਲਦੀ ਫੁਲਦੀ ਹੈ। ਸਮਾਜ ਅੰਦਰ ਜਮਹੂਰੀ ਸੋਝੀ ਦਾ ਨੀਵਾਂ ਪੱਧਰ ਹੋਣ ਕਾਰਨ ਲੋਕ ਦੋਖੀ ਹਕੂਮਤਾਂ ਲਈ ਅਜਿਹੇ ਵਰਤਾਰੇ ਚਲਾਉਣ 'ਚ  ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਬਣਦਾ। ਇਸ ਰਾਜ ਅੰਦਰ ਇਨਸਾਫ਼ ਪ੍ਰਕਿਰਿਆ ਏਨੀ ਲਮਕਵੀਂ ਹੈ ਤੇ ਗੁੰਝਲਦਾਰ ਹੈ ਕਿ ਆਮ ਤੌਰ 'ਤੇ ਹੀ ਵੱਖ ਵੱਖ ਚੋਰ ਮੋਰੀਆਂ ਦਾ ਲਾਹਾ ਲੈ ਕੇ ਅਪਰਾਧੀ ਬਚ ਨਿਕਲਦੇ ਹਨ। ਕਈ ਤਰ੍ਹਾਂ ਦੇ ਅਪਰਾਧਿਕ ਵਰਤਾਰੇ ਤਾਂ ਰਾਜ-ਭਾਗ ਵੱਲੋਂ ਹੀ ਪਾਲੇ ਪੋਸੇ ਹੁੰਦੇ ਹਨ, ਇਸ ਲਈ ਉਹਨਾਂ ਕੇਸਾਂ 'ਚ ਗੰਭੀਰ ਸਜਾਵਾਂ ਨਹੀਂ ਹੁੰਦੀਆਂ ਤੇ ਅਦਾਲਤਾਂ 'ਚੋਂ ਬਰੀ ਹੁੰਦੇ ਅਪਰਾਧੀਆਂ ਸਾਹਮਣੇ ਇਨਸਾਫ਼ ਪਸੰਦ ਲੋਕ ਆਪਣੀ ਬੇਵਸੀ ਹੰਢਾਉਂਦੇ ਹਨ। ਇਹ ਹਾਲਤ ਲੋਕਾਂ 'ਚ ਬੇਬਸੀ ਤੇ ਨਿਰਾਸ਼ਾ ਪੈਦਾ ਕਰਦੀ ਹੈ। ਭਾਰਤੀ ਅਦਾਲਤੀ ਇਨਸਾਫ਼ ਪ੍ਰਣਾਲੀ ਆਪਣੀ ਬੇ-ਇਨਸਾਫ਼ੀ ਭਰੀ ਪਹੁੰਚ ਕਾਰਨ ਲੋਕਾਂ 'ਚ ਨਸ਼ਰ ਹੋ ਚੁੱਕੀ ਹੈ ਤੇ ਇਸਤੋਂ ਲੋਕ ਬੇ-ਉਮੀਦ ਹਨ। ਹਾਕਮ ਜਮਾਤਾਂ ਵੱਲੋਂ ਇਸੇ ਬੇਭਰੋਸਗੀ ਦਾ ਲਾਹਾ ਹੀ ਸਮਾਜ ਅੰਦਰ ਅਜਿਹੇ ਜਾਬਰ ਫਾਸ਼ੀ ਰੁਝਾਨਾਂ ਨੂੰ ਤਕੜੇ ਕਰਨ ਲਈ ਲਿਆ ਜਾਂਦਾ ਹੈ। ਭਾਰਤੀ ਰਾਜ ਦੇ ਆਪਾਸ਼ਾਹ ਖਾਸੇ ਨੂੰ ਹੋਰ ਤਿੱਖਾ ਤੇ ਜਾਬਰ ਕਰਨ ਲਈ ਵੀ ਲਿਆ ਜਾਂਦਾ ਹੈ। ਭਾਰਤੀ ਰਾਜ ਅੰਦਰ ਮੋਦੀ ਹਕੂਮਤ ਫਾਸ਼ੀ ਰੁਝਾਨਾਂ ਨੂੰ ਤਕੜੇ ਕਰਨ ਲਈ ਰਾਜ ਅੰਦਰਲੀ ਲੋਕ ਬੇਚੈਨੀ ਨੂੰ ਹੀ ਖੁਰਾਕ ਵਜੋਂ ਵਰਤ ਰਹੀ ਹੈ। ਪੰਜਾਬ ਦੀ ਸਰਕਾਰ ਵੀ ਇਸੇ ਰਾਹ ਪੈਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਬੇ ਅੰਦਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਕਹਿਰ ਦੀ ਸਮੱਸਿਆ ਤੋਂ ਪੀੜਿਤ ਲੋਕਾਂ ਅੰਦਰਲੀ ਉਪਰਾਮਤਾ ਨੂੰ "ਮੁਕਾਬਲਿਆਂ ਵਾਲੇ ਇਨਸਾਫ਼ ਦੀ ਢੋਈ" ਲਈ ਵਰਤਿਆ ਜਾ ਰਿਹਾ ਹੈ। ਲੋਕਾਂ ਦੇ ਜਮਹੂਰੀ ਤੇ ਮਨੁੱਖੀ ਹੱਕਾਂ ਦੇ ਕੁਚਲੇ ਜਾਣ ਪੱਖੋਂ ਇਹ ਬਹੁਤ ਖਤਰਨਾਕ ਰੁਝਾਨ ਹੈ।
ਪੰਜਾਬ ਦੀ ਜਮਹੂਰੀ ਲਹਿਰ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਇਹ ਵਰਤਾਰਾ ਗੰਭੀਰ ਸਰੋਕਾਰ ਦਾ ਮੁੱਦਾ ਬਣਨਾ ਚਾਹੀਦਾ ਹੈ।  ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਤੇ ਕਾਰਕੁਨਾਂ ਲਈ ਇਹ ਇਸ ਵੇਲੇ ਬਹੁਤ ਅਹਿਮ ਕਾਰਜ ਬਣਦਾ ਹੈ ਕਿ ਉਹ ਅਜਿਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਤੇ ਇਹਨਾਂ ਦੇ ਖਿਲਾਫ ਲੋਕ ਰਾਏ ਲਾਮਬੰਦ ਕਰਨ ਲਈ ਸਰਗਰਮ ਹੋਣ। ਕਿਸੇ ਵੀ ਵੰਨਗੀ ਦੇ ਝੂਠੇ ਪੁਲਿਸ ਮੁਕਾਬਲਿਆਂ ਖਿਲਾਫ ਪੰਜਾਬ ਦੀ ਜਮਹੂਰੀ ਲਹਿਰ ਵੱਲੋਂ ਆਵਾਜ਼ ਉਠਾਉਣ ਦੀ ਸ਼ਾਨਾਮੱਤੀ ਵਿਰਾਸਤ ਹੈ। 80ਵਿਆਂ ਅੰਦਰ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਖਿਲਾਫ਼ ਵੀ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਜ਼ੋਰਦਾਰ ਆਵਾਜ਼ ਉਠਾਉਂਦੀ ਰਹੀ ਹੈ। ਹਾਲਾਂਕਿ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਲੋਕ ਦੋਖੀ ਰੋਲ ਦਾ ਵਿਰੋਧ ਕਰਦੇ ਹੋਏ ਵੀ ਉਹਨਾਂ ਦੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ। ਹੁਣ ਜਮਹੂਰੀ ਹੱਕਾਂ ਦੇ ਕਾਰਕੁਨਾਂ ਤੇ ਲਹਿਰ ਵੱਲੋਂ ਇਸ ਗੰਭੀਰ ਤੇ ਚਿੰਤਾਜਨਕ ਵਰਤਾਰੇ ਦਾ ਲੋੜੀਂਦੀ ਹੱਦ ਤੱਕ ਨੋਟਸ ਨਾ ਲੈਣ ਦੀ ਕਮੀ ਰੜਕਵੀਂ ਹੈ। ਜਮਹੂਰੀ ਹੱਕਾਂ ਦੀ ਲਹਿਰ ਨੂੰ ਆਪਣਾ ਰੋਲ਼ ਪਛਾਨਣ ਤੇ ਨਿਭਾਉਣ ਲਈ ਵਧੇਰੇ ਸਰਗਰਮ ਯਤਨ ਜਟਾਉਣ ਦੀ ਲੋੜ ਹੈ। ਲੋਕਾਂ ਸਾਹਮਣੇ ਸੱਚ ਉਜਾਗਰ ਕਰਨ ਤੇ ਹਕੂਮਤੀ ਜਵਾਬਦੇਹੀ ਤੈਅ ਕਰਨ ਲਈ ਠੋਸ ਤੱਥਾਂ ਅਧਾਰਿਤ ਪੜਤਾਲ ਦਾ ਕਾਰਜ ਮਹੱਤਵਪੂਰਨ ਹੈ ਨਾਲ ਹੀ ਇਨਸਾਫ਼ ਦੇ ਬਣਦੇ ਅਮਲ ਬਾਰੇ ਲੋਕਾਂ ਚ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਸੋਝੀ ਦਾ ਸੰਚਾਰ ਕਰਨ ਦਾ ਕਾਰਜ ਵੀ ਦਰਪੇਸ਼ ਹੈ।
-0-

No comments:

Post a Comment