Friday, May 30, 2025

ਵੀਅਤਨਾਮੀ ਜੰਗ ਦੀ ਜਿੱਤ ਦੀ ਵਰ੍ਹੇਗੰਢ-

ਵੀਅਤਨਾਮੀ  ਜੰਗ ਦੀ ਜਿੱਤ ਦੀ ਵਰ੍ਹੇਗੰਢ-

ਵੀਅਤਨਾਮੀ ਲੋਕਾਂ ਦਾ ਨਾਇਕ ਹੋ ਚੀ ਮਿਨ੍ਹ 


-ਗੁਰਬਚਨ ਸਿੰਘ ਭੁੱਲਰ 

ਹੋ ਚੀ ਮਿਨ ਵੀਅਤਨਾਮੀ ਲੋਕਾਂ ਦੀ ਸਾਮਰਾਜ ਵਿਰੋਧੀ ਜਦੋਜਹਿਦ ਦਾ ਮਕਬੂਲ ਨਾਇਕ ਤੇ ਆਗੂ ਸੀ। ਪਹਿਲਾਂ ਫਰਾਂਸੀਸੀ ਬਸਤੀਵਾਦੀ ਗੁਲਾਮੀ ਤੋਂ ਅਤੇ ਫਿਰ ਅਮਰੀਕੀ ਸਾਮਰਾਜੀ ਹਮਲੇ ਖਿਲਾਫ ਵੀਅਤਨਾਮੀ ਲੋਕਾਂ ਦੀ ਕੌਮੀ ਜੰਗ ਚ ਉਸਨੇ ਸ਼ਾਨਦਾਰ ਅਗਵਾਈ ਕੀਤੀ। 1960 ਵਿਆਂ 'ਚ ਚੀਨੀ ਕਮਿਊਨਿਸਟ ਪਾਰਟੀ ਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਚ ਚੱਲੀ ਮਹਾਨ ਬਹਿਸ ਵੇਲੇ ਭਾਵੇਂ ਉਸਦਾ ਝੁਕਾ ਲ ਰਿਹਾ ਤੇ ਵੀਅਤਨਾਮ ਚ ਸੋਵੀਅਤ ਸਹਾਇਤਾ ਦੇ ਨਾਂ 'ਤੇ ਸੋਵੀਅਤ ਸਮਾਜਿਕ ਸਾਮਰਾਜਵਾਦ ਦਾ ਦਖਲ ਵੀ ਉਸਦੇ ਹੁੰਦਿਆਂ ਬਣਿਆ, ਪਰ ਤਾਂ ਵੀ ਸਾਮਰਾਜਵਾਦ ਵਿਰੋਧੀ ਕੌਮੀ ਮੁਕਤੀ ਜੰਗਾਂ ਦੇ ਨਾਇਕ ਵਜੋਂ ਇਤਿਹਾਸ ਅੰਦਰ ਉਸਦੀ ਭੂਮਿਕਾ ਵਿਲੱਖਣ ਤੇ ਸ਼ਾਨਦਾਰ ਹੈ। 19 ਮਈ ਉਸ ਦਾ ਜਨਮ ਦਿਹਾੜਾ ਸੀ। ਉਸ ਨੂੰ ਸਿਜਦਾ ਕਰਦਿਆਂ ਤੇ ਅਮਰੀਕੀ ਸਾਮਰਾਜਵਾਦ ਦੀ ਹਾਰ ਦੀ ਵਰੇਗੰਢ ਦਾ ਜਸ਼ਨ ਮਨਾਉਂਦਿਆਂ  ਵੀਅਤਨਾਮੀ ਜੰਗ ਬਾਰੇ ਪੰਜਾਬੀ ਦੇ ਉੱਘੇ ਸਾਹਿਤਕਾਰ ਗੁਰਬਚਨ ਭੁੱਲਰ ਵੱਲੋਂ ਲਿਖੀ ਪੁਸਤਕ ਚੋਂ ਅਸੀਂ ਦੋ ਭਾਗ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ-ਸੰਪਾਦਕ

ਵੀਅਤਨਾਮ ਦੀ ਆਜ਼ਾਦੀ ਦੀ ਲੜਾਈ ਨੇ ਦੁਨੀਆ ਭਰ ਦਾ ਧਿਆਨ ਖਿੱਚਿਆ। ਇਸ ਦਾ ਇੱਕ ਕਾਰਨ ਤਾਂ ਤਾਕਤਵਰ ਵਿਰੋਧੀਆਂ ਦੇ ਮੁਕਾਬਲੇ ਉਹਦਾ ਖੇਤੀ-ਸਾਧਨਾਂ ਪੱਖੋਂ ਗਰੀਬੜਾ ਦੇਸ਼ ਹੋਣਾ ਸੀ। ਦੂਜਾ ਕਾਰਨ ਇਹ ਸੀ ਕਿ ਜਿੱਥੇ ਬਸਤੀਆਂ ਬਣਾ ਕੇ ਗੁਲਾਮ ਬਣਾਏ ਗਏ ਬਾਕੀ ਅਨੇਕ ਦੇਸ਼ਾਂ ਨੂੰ ਆਜ਼ਾਦ ਹੋਣ ਲਈ ਸਿਰਫ ਆਪਣੇ ਬਸਤੀਵਾਦੀ ਹਾਕਮਾਂ ਵਿਰੁੱਧ ਲੜਨਾ ਪਿਆ, ਉੱਥੇ ਵਿਸ਼ੇਸ਼ ਹਾਲਤਾਂ ਕਾਰਨ ਵੀਅਤਨਾਮ ਦੀ ਆਜ਼ਾਦੀ ਦੀ ਲੜਾਈ ਦੋ-ਪੜਾਵੀ ਹੋ ਗਈ। ਵੀਅਤਨਾਮੀ ਲੋਕਾਂ ਨੂੰ ਪਹਿਲਾਂ ਬਸਤੀਵਾਦੀ ਫਰਾਂਸ ਵਿਰੁੱਧ ਲੰਮਾ ਸੰਗਰਾਮ ਕਰਨਾ ਪਿਆ ਤੇ ਫੇਰ ਸਾਮਰਾਜਵਾਦੀ ਅਮਰੀਕਾ ਵਿਰੁੱਧ।

ਹੋ ਚੀ ਮਿਨ੍ਹ ਨੇ ਫਰਾਂਸ ਨਾਲ ਕਿਸੇ ਅਮਨ-ਸਮਝੌਤੇ ਉੱਤੇ ਪੁੱਜਣ ਦੀ ਸੁਹਿਰਦ ਕੋਸ਼ਿਸ਼ ਕੀਤੀ, ਪਰ ਇੱਕ ਸਾਲ ਦੀਆਂ ਕੋਸ਼ਿਸ਼ਾਂ ਦੀ ਅਸਫ਼ਲਤਾ ਨਾਲ ਜਦੋਂ ਸਪੱਸ਼ਟ ਹੋ ਗਿਆ ਕਿ ਜੰਗ ਤੋਂ ਬਿਨ੍ਹਾਂ ਫਰਾਂਸ ਨੂੰ ਕੱਢਣ ਦਾ ਹੋਰ ਕੋਈ ਰਾਹ ਨਹੀ, 19 ਦਸੰਬਰ 1945 ਨੂੰ ਉਹਨੇ ਜੰਗ ਦਾ ਐਲਾਨ ਕਰ ਦਿੱਤਾ। ਉਸੇ ਦਿਨ ਉਹਨੇ ਇੱਕ ਫਰਾਂਸੀਸੀ ਨੂੰ ਕਿਹਾ, “ਮੇਰੇ ਮਾਰੇ ਹੋਏ ਇੱਕ ਬੰਦੇ ਦੇ ਬਦਲੇ ਜੇ ਤੁਸੀਂ ਮੇਰੇ ਦਸ ਬੰਦੇ ਵੀ ਮਾਰ ਦਿਓ, ਇਸ ਚੰਦਰੀ ਹਾਲਤ ਵਿੱਚ ਵੀ ਹਾਰ ਤੁਹਾਡੀ ਹੋਵੇਗੀ ਤੇ ਜਿੱਤ ਮੇਰੀ!” ਉਹਦੀ ਭਵਿੱਖਵਾਣੀ ਸੱਚੀ ਸਿੱਧ ਹੋਈ; 1954 ਵਿੱਚ ਦੀਨ ਬੀਨ ਫੂ ਦੀ ਪ੍ਰਸਿੱਧ ਫੈਸਲਾਕੁੰਨ ਲੜਾਈ ਨੇ ਜੰਗ ਦਾ ਅੰਤ ਕਰ ਦਿੱਤਾ ਅਤੇ ਦਸ ਹਜ਼ਾਰ ਫਰਾਂਸੀਸੀ ਫੌਜੀਆਂ ਨੇ ਗੋਡੇ ਟੇਕ ਹਥਿਆਰ ਸੁੱਟ ਦਿੱਤੇ।

ਪਰ ਜਾਂਦਾ ਹੋਇਆ ਫਰਾਂਸ, ਬਿਲਕੁਲ ਹਿੰਦੁਸਤਾਨ ਦੇ ਅੰਗਰੇਜ਼ਾਂ ਵਾਂਗ, ਦੇਸ ਦੇ ਦੋ ਟੋਟੇ ਕਰ ਗਿਆ। ਉੱਤਰੀ ਵੀਅਤਨਾਮ ਵਿੱਚ ਹੋ ਚੀ ਮਿਨ੍ਹ ਦੀ ਅਗਵਾਈ ਵਿੱਚ ਕਮਿਊਨਿਸਟ ਸਰਕਾਰ ਸੀ ਅਤੇ ਦੱਖਣੀ ਵੀਅਤਨਾਮ ਵਿੱਚ ਕਮਿਊਨਿਸਟ-ਵਿਰੋਧੀ ਸਰਕਾਰ ਜਿਸ ਨੇ ਆਪਣੇ ਇਲਾਕੇ ਵਿੱਚ ਦੇਸ਼ ਨੂੰ ਇੱਕ ਕਰਨ ਲਈ ਲੜ ਰਹੇ ਵੀਅਤਨਾਮੀ ਗੁਰੀਲਿਆਂ ਦੇ ਟਾਕਰੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਵਸ ਦੇਖਿਆ। ਉਹਦੇ ਲਈ ਬਚ ਰਹਿਣ ਦਾ ਇੱਕੋ-ਇੱਕ ਰਾਹ ਅਮਰੀਕਾ ਦੇ ਮੱਦਦ ਦੇ ਸੁਨੇਹਿਆਂ ਨਾਲ ਸਹਿਮਤ ਹੋਣਾ ਸੀ। 

ਅਮਰੀਕਾ ਨੇ ਸੋਚਿਆ ਸੀ ਕਿ ਉਹ ਹਥਿਆਰਾਂ ਦੇ ਲੱਦੇ ਸਮੁੰਦਰੀ ਜਹਾਜ਼ਾਂ ਨਾਲ ਗਿਣਤੀ ਦੇ ਜੰਗੀ ਮਾਹਿਰ ਭੇਜ ਕੇ ਦੱਖਣੀ ਵੀਅਤਨਾਮ ਫੌਜਾਂ ਨੂੰ ਫਤਹਿ ਦੁਆ ਦੇਵੇਗਾ। ਜਦੋਂ ਇਹ ਸੁਪਨਾ ਪੂਰਾ ਨਾ ਹੋਇਆ, ਉਹਨੇ ਹਵਾਈ ਅੱਡਿਆਂ ਤੇ ਹੋਰ ਅਹਿਮ ਟਿਕਾਣਿਆਂ ਦੀ ਰਾਖੀ ਆਪਣੇ ਜ਼ਿੰਮੇ ਲੈ ਲਈ। ਇਸ ਕਦਮ ਨਾਲ ਵੀ ਜਦੋਂ ਕੁਛ ਨਾ ਬਣਿਆ, ਉਹਨੇ ਸਿੱਧੀ ਲੜਾਈ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ। ਇਸ ਕਦਮ ਦੀ ਅਸਫ਼ਲਤਾ ਪਿੱਛੋਂ ਉਹ ਉੱਤਰੀ ਵੀਅਤਨਾਮ ਉੱਤੇ ਹਵਾਈ ਹਮਲਿਆਂ ਦੇ ਫੈਸਲੇ ਨਾਲ ਜੰਗੀ ਦਲਦਲ ਵਿੱਚ ਫਸ ਗਿਆ। ਉੱਤਰੀ ਵੀਅਤਨਾਮ ਉੱਤੇ ਹਵਾਈ ਹਮਲਿਆਂ ਦਾ ਦੁਨੀਆਂ ਭਰ ਵਿੱਚ ਤਾਂ ਵਿਰੋਧ ਹੋਇਆ ਹੀ, ਖੁਦ ਅਮਰੀਕਾ ਦੇ ਅੰਦਰ ਰੋਸ ਦੀ ਜ਼ਬਰਦਸਤ ਲਹਿਰ ਉੱਠ ਖਲੋਤੀ। 

ਆਜ਼ਾਦੀ ਸੰਗਰਾਮ ਦੇ ਇਹਨਾਂ ਸਾਰੇ ਪੜਾਵਾਂ ਵਿੱਚ ਵੀਅਤਨਾਮ ਦੀ ਅਗਵਾਈ ਸਧਾਰਨ ਜਿਹੇ ਕੱਦ-ਕਾਠ, ਸਾਧਾਰਨ ਲਿਬਾਸ ਤੇ ਵੀਅਤਨਾਮੀ ਕਿਸਾਨਾਂ-ਮਜ਼ਦੂਰਾਂ ਵਰਗੀ ਸਧਾਰਨ ਜਿਹੀ ਦਿੱਖ ਵਾਲੇ ਆਗੂ ਹੋ ਚੀ ਮਿਨ੍ਹ ਦੇ ਹੱਥ ਸੀ ਜਿਸ ਨੂੰ ਵੀਅਤਨਾਮੀ ਲੋਕ ਪਿਆਰ ਤੇ ਸਤਿਕਾਰ ਨਾਲ ਚਾਚਾ ਹੋ ਆਖਦੇ ਸਨ। ਇਉਂ ਦੇਸ਼ ਦਾ ਨਾਂ ਵੀਅਤਨਾਮ ਅਤੇ ਦੇਸ਼ ਦੇ ਆਗੂ ਦਾ ਨਾਂ ਹੋ ਚੀ ਮਿਨ੍ਹ ਇੱਕ ਦੂਜੇ ਵਿੱਚ ਪੂਰੀ ਤਰ੍ਹਾਂ ਗੁੰਦੇ ਗਏ। ਹੋ ਚੀ ਮਿਨ੍ਹ ਨੇ ਜਿਸ ਤਰੀਕੇ ਨਾਲ ਪਹਿਲਾਂ ਬਸਤੀਵਾਦੀ ਫਰਾਂਸ ਨੂੰ ਤੇ ਫੇਰ ਸਾਮਰਾਜੀ ਅਮਰੀਕਾ ਨੂੰ ਬੇਆਬਰੂ ਕਰ ਕੇ ਵੀਅਤਨਾਮ ਵਿੱਚੋਂ ਕੱਢਿਆਂ, ਉਹ ਅਜਿਹਾ ਕਾਰਨਾਮਾ ਸੀ ਜਿਸ ਨੇ ਦੁਨੀਆਂ ਨੂੰ ਦੰਗ ਕਰ ਦਿੱਤਾ। ਇਸ ਕਰਕੇ ਉਹ ਵੀਹਵੀਂ ਸਦੀ ਦੇ ਸੰਸਾਰ ਦੇ ਸਭ ਤੋਂ ਵੱਧ ਸਤਿਕਾਰੇ ਜਾਂਦੇ ਰਾਜਸੀ ਤੇ ਰਾਜਕੀ ਆਗੂਆਂ ਵਿੱਚ ਗਿਣਿਆ ਜਾਂਦਾ ਹੈ। 

ਇੱਕ ਛੋਟੇ ਜਿਹੇ ਦੇਸ਼, ਵੀਅਤਨਾਮ ਦੇ ਜਮਹੂਰੀ ਗਣਰਾਜ (ਡੈਮੋਕਰੈਟਿਕ ਰੀਪਬਲਿਕ ਆਫ਼ ਵੀਅਤਨਾਮ) , ਜਿਸਨੂੰ ਉਸ ਸਮੇਂ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੋਣ ਕਾਰਨ ਜਿੰਨੀ ਪ੍ਰਸਿੱਧੀ ਤੇ ਇੱਜ਼ਤ ਉਹਨੇ ਹਾਸਿਲ ਕੀਤੀ, ਉਹ ਵੱਡੇ-ਵੱਡੇ ਕਹਿੰਦੇ ਕਹਾਉਂਦੇ ਦੇਸ਼ਾਂ ਦੇ ਮੁਖੀਆਂ ਨੂੰ ਪਛਾੜਦੀ ਸੀ। ਇੱਕ ਬੱਸ ਕੱਟੜ ਕਮਿਊਨਿਸਟ ਵਿਰੋਧੀਆਂ ਨੂੰ ਛੱਡ ਕੇ ਉਹਨੂੰ ਦੁਨੀਆਂ-ਭਰ ਦੇ ਲੋਕਾਂ 'ਚ ਜੋ ਪਿਆਰ ਸਤਿਕਾਰ ਮਿਲਿਆ, ਉਹ ਬੇਮਿਸਾਲ ਸੀ। ਉਹਦੇ ਪ੍ਰਸ਼ੰਸਕਾਂ, ਸਗੋਂ ਸ਼ਰਧਾਲੂਆਂ ਵਿੱਚ ਦੁਨੀਆਂ ਭਰ ਦੇ ਕਮਿਊਨਿਸਟ ਤੇ ਖੱਬੀ ਸੋਚ ਵਾਲੇ ਹੋਰ ਲੋਕ ਹੀ ਨਹੀਂ ਸਨ, ਉਹ ਲੋਕ ਵੀ ਸਨ ਜੋ ਖੱਬੀ ਵਿਚਾਰਧਾਰਾ ਦੇ ਵਿਸ਼ਵਾਸ਼ੀ ਤਾਂ ਨਹੀਂ ਸਨ ਪਰ ਮਨੁੱਖੀ ਆਜ਼ਾਦੀ ਤੇ ਬਰਾਬਰੀ ਦੇ ਪੱਖ-ਪੂਰਕ ਅਤੇ ਦੂਜੇ ਦੇਸ਼ਾਂ ਉੱਤੇ ਸਾਮਰਾਜੀ ਕਬਜ਼ਿਆਂ ਦੇ ਵਿਰੋਧੀ ਸਨ। 

ਪਹਿਲਾਂ ਫਰਾਂਸੀਸੀਆਂ ਤੇ ਫੇਰ ਖਾਸ ਕਰ ਕੇ ਅਮਰੀਕੀਆਂ ਵਿਰੁੱਧ ਲੜਦਿਆਂ ਹੋ ਚੀ ਮਿਨ੍ਹ ਦੀ ਅਗਵਾਈ ਵਿੱਚ ਵੀਅਤਨਾਮੀ ਲੋਕਾਂ ਵੱਲੋਂ ਦਿਖਾਈ ਗਈ ਬਹਾਦਰੀ ਤੇ ਨਿਰਭੈਤਾ ਬੇਮਿਸਾਲ ਸੀ। ਕੋਈ ਜ਼ੁਲਮ ਨਹੀਂ ਸੀ ਜੋ ਅਮਰੀਕਾ ਨੇ ਉੱਥੇ ਢਾਹਿਆ ਨਾ ਹੋਵੇ ਤੇ ਕੋਈ ਗੁਨਾਹ ਨਹੀਂ ਸੀ ਜੋ ਅਮਰੀਕਾ ਨੇ ਉੱਥੇ ਕੀਤਾ ਨਾ ਹੋਵੇ। ਅਮਰੀਕਾ ਦੀ ਬਰਬਰਤਾ ਦੇਖ ਕੇ ਦੁਨੀਆਂ ਹੈਰਾਨ ਤੇ ਭੈਭੀਤ ਸੀ ਪਰ ਹੋ ਚੀ ਮਿਨ੍ਹ ਹੈਰਾਨ-ਭੈਭੀਤ ਨਹੀਂ ਸੀ ਸਗੋਂ ਕ੍ਰੋਧ ਵਿੱਚ ਸੀ। ਹੈਰਾਨ ਉਹ ਇਸ ਕਰਕੇ ਨਹੀਂ ਸੀ ਕਿਉਂਕਿ ਉਹ ਆਪਣੀ ਅਨੇਕ ਦੇਸ਼ਾਂ ਦੀ ਯਾਤਰਾ ਸਮੇਂ ਸਾਮਰਾਜੀਆਂ ਦਾ, ਗੁਲਾਮ ਦੇਸ਼ਾਂ ਦੇ ਲੋਕਾਂ ਅਤੇ ਦੇਸੀ ਤੇ ਅਫ਼ਰੀਕੀ ਕਾਲਿਆਂ ਵੱਲ ਅਣਮਨੁੱਖੀ ਵਹਿਸ਼ੀ ਰਵੱਈਆ ਦੇਖ-ਜਾਣ ਚੁੱਕਿਆ ਸੀ। ਭੈਭੀਤ ਇਸ ਕਰਕੇ ਨਹੀਂ ਸੀ ਕਿਉਂਕਿ ਉਹਦੇ ਆਪਣੇ ਵੀਅਤਨਾਮੀ ਲੋਕ ਹੀ ਉਹਦੇ ਨਾਲ ਨਹੀਂ ਸਨ ਸਗੋਂ ਦੁਨੀਆਂ ਭਰ ਦੇ ਸਹੀ ਸੋਚ ਵਾਲੇ ਲੋਕਾਂ ਦੀ ਹਮਦਰਦੀ ਵੀ ਉਹਦੇ ਨਾਲ ਸੀ। 

ਦੁਨੀਆਂ ਦਾ ਧਿਆਨ ਤਾਂ ਹੋ ਚੀ ਮਿਨ੍ਹ ਵੱਲ ਉਸ ਸਮੇਂ ਹੀ ਹੋ ਗਿਆ ਸੀ ਜਦੋਂ ਉਹਨੇ ਬਲੀ ਫਰਾਂਸ ਨੂੰ ਦੀਨ ਬੀਨ ਫੂ ਦੀ ਲੜ੍ਹਾਈ ਵਿੱਚ ਹਰਾਇਆ ਸੀ, ਪਰ ਉਹਦੀ ਭਰਪੂਰ ਚਰਚਾ ਤੇ ਜੈ-ਜੈ-ਕਾਰ ਉਸ ਸਮੇਂ ਹੋਈ ਜਦੋਂ ਵੀਅਤਨਾਮ ਨੇ ਉਹਦੇ ਅਣਹੁੰਦਿਆਂ ਉਹਦੀ ਅਗਵਾਈ ਵਿੱਚ ਮਹਾਂਬਲੀ ਅਮਰੀਕਾ ਦੀਆਂ ਗੋਡਣੀਆਂ ਲੁਆ ਦਿੱਤੀਆਂ। ਇਹ ਕੀੜੀ ਹੱਥੋਂ ਹਾਥੀ ਦੇ ਹਾਰਨ ਵਾਲੀ ਗੱਲ ਸੀ। ਹੋ ਚੀ ਮਿਨ੍ਹ ਦੀ ਸਿਹਤ ਕਾਫ਼ੀ ਚਿਰ ਤੋਂ ਡਿੱਗ ਰਹੀ ਸੀ। ਹੋਰ ਰੋਗਾਂ ਵਿੱਚ ਦਿਲ ਦਾ ਰੋਗ ਵੀ ਸ਼ਾਮਲ ਸੀ। ਆਖਰ 2 ਸਤੰਬਰ 1969 ਨੂੰ ਉਹ 79 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। 

ਤਾਂ ਵੀ ਉੱਤਰੀ ਵੀਅਤਨਾਮੀ ਦਸਤੇ ਰਣ ਖੇਤਰ ਵਿੱਚ ਅੱਗੇ ਵੱਧਦਿਆਂ ਗਾਉਂਦੇ: ਚਾਚਾ ਹੋ/ ਅੱਗੇ ਲੱਗ ਕੇ ਹੁਣ ਵੀ ਸਾਡੇ/ ਮਾਰਚ ਕਰਦਾ ਵਧਦਾ ਜਾਵੇ! ਜਦੋਂ ਉਹਨਾਂ ਨੇ 30 ਅਪਰੈਲ 1975 ਨੂੰ ਦੱਖਣੀ ਵੀਅਤਨਾਮ ਦੀ ਰਾਜਧਾਨੀ ਸਾਇਗਾਨ ਵਿੱਚ ਪ੍ਰਵੇਸ਼ ਕੀਤਾ, ਉਹ ਪੂਰੇ ਉਤਸ਼ਾਹ ਤੇ ਜੋਸ਼ ਨਾਲ ਇਹੋ ਗੀਤ ਗਾ ਰਹੇ ਸਨ। ਇਸ ਕਰਕੇ ਅਗਲੇ ਦਿਨ, ਇੱਕ ਮਈ ਦੇ ਅਖ਼ਬਾਰਾਂ ਵਿੱਚ ਪ੍ਰਸਿੱਧ ਆਸਟਰੇਲੀਅਨ ਪੱਤਰਕਾਰ, ਡੈਨਿਸ ਵਾਰਨਰ ਦਾ ਇਹ ਦਿਲਸਚਪ ਕਥਨ ਛਪਿਆ: “ਕੱਲ੍ਹ ਜਦੋਂ ਉੱਤਰੀ ਵੀਅਤਨਾਮੀ ਦਸਤੇ ਸਾਇਗਾਨ ਦੇ ਅੰਦਰ ਪਹੁੰਚੇ, ਉਹਨਾਂ ਦੀ ਅਗਵਾਈ ਉਹ ਬੰਦਾ ਕਰ ਰਿਹਾ ਸੀ ਜੋ ਉੱਥੇ ਹੈ ਨਹੀਂ ਸੀ!”

ਅਮਰੀਕੀ ਫੌਜਾਂ ਦੇਸ਼ ਪਰਤ ਗਈਆਂ ਅਤੇ ਉੱਤਰੀ ਵੀਅਤਨਾਮ ਨੇ ਅਮਰੀਕੀ ਪਿੱਠੂ ਦੱਖਣੀ ਵੀਅਤਨਾਮ ਨੂੰ ਆਪਣੇ ਵਿੱਚ ਮਿਲਾ ਲਿਆ। ਦੱਖਣੀ ਵੀਅਤਨਾਮ ਦੀ ਰਾਜਧਾਨੀ ਰਹੇ ਸਾਇਗਾਨ ਨੂੰ ਵੀਅਤਨਾਮ ਲੋਕਾਂ ਨੇ ਆਪਣੇ ਆਗੂ ਲਈ ਪਿਆਰ-ਸਤਿਕਾਰ ਦਿਖਾਉਂਦਿਆਂ ਹੋ ਚੀ ਮਿਨ੍ਹ ਸਿਟੀ ਦਾ ਨਾਂ ਦੇ ਦਿੱਤਾ। 

ਹੋ ਚੀ ਮਿਨ੍ਹ ਦਾ ਨਾਂ ਲਿਆਂ ਮਨ ਵਿੱਚ ਉਹਦੀ ਤਸਵੀਰ ਰਾਜਨੀਤੀ ਦੇ ਲੇਖੇ ਲੱਗੇ ਹੋਏ ਮਨੁੱਖ ਦੇ ਰੂਪ ਵਿੱਚ ਉੱਭਰਦੀ ਹੈ। ਉਹ ਕੁਦਰਤੀ ਵੀ ਹੈ। ਜੀਵਨ ਦੇ ਹੋਸ਼ਮੰਦ ਪੜਾਅ ਵਿੱਚ ਪੈਰ ਧਰਦਿਆਂ ਹੀ ਉਸਨੇ ਤਿੰਨ ਦਹਾਕਿਆਂ ਦਾ ਸਮਾਂ ਅਨੇਕ ਗੁਲਾਮ ਦੇਸ਼ਾਂ ਤੇ ਉਹਨਾਂ ਦੇ ਹਾਕਮ ਦੇਸ਼ਾਂ ਦੀ ਅਸਲ ਹਾਲਤ ਦੇਖਣ-ਘੋਖਣ ਦੇ ਲੇਖੇ ਲਾਇਆ। ਕੌਮਿਨਟਰਨ ਵਿੱਚ ਕੰਮ ਕਰਨ ਦੇ ਨਾਲ-ਨਾਲ ਦੱਖਣ-ਪੂਰਬ ਏਸ਼ੀਆ ਦੇ ਦੇਸ਼ਾਂ ਵਿੱਚ ਕਮਿਊਨਿਸਟ ਪਾਰਟੀਆਂ ਜਥੇਬੰਦ ਕਰਨ ਵਿੱਚ ਉਹਨੇ ਅਹਿਮ ਭੂਮਿਕਾ ਨਿਭਾਈ। ਪਹਿਲਾਂ ਫਰਾਂਸੀਸੀ ਬਸਤੀਵਾਦੀਆਂ ਨੂੰ ਤੇ ਫੇਰ ਅਮਰੀਕੀ ਸਾਮਰਾਜੀਆਂ ਨੂੰ ਹਰਾਉਣ ਵਿੱਚ ਤਾਂ ਉਹ ਮੋਹਰੀ ਹੈ ਹੀ ਸੀ। ਪਰ ਦਿਲਚਸਪ ਗੱਲ ਇਹ ਹੈ ਕਿ ਕਟਾਰ ਦੀ ਸ਼ਕਤੀ ਦੇ ਨਾਲ ਹੀ ਉਸਨੇ ਕਲਮ ਦੀ ਸ਼ਕਤੀ ਵੀ ਪਛਾਣ ਲਈ ਸੀ। ਸ਼ੁਰੂਆਤੀ ਦਿਨਾਂ ਵਿੱਚ ਹੀ ਉਹ ਆਪਣੇ ਦੇਖੇ-ਮਹਿਸੂਸੇ ਨੂੰ ਪੱਤਰਕਾਰੀ ਅਤੇ ਵਾਰਤਿਕ ਦਾ ਰੂਪ ਹੀ ਨਹੀਂ ਸੀ ਦੇਣ ਲੱਗ ਪਿਆ, ਉਹਨੇ ਕਹਾਣੀਆਂ ਲਿਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਅੱਗੇ ਚੱਲ ਕੇ ਉਹਨੇ ਕਵੀ ਵਜੋਂ ਵੀ ਪ੍ਰਸਿੱਧੀ ਖੱਟੀ। 

ਹੋ ਚੀ ਮਿਨ੍ਹ ਸਮਕਾਲੀ ਸੰਸਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿੱਚ ਗਿਣਿਆ ਜਾਂਦਾ ਹੈ। 1987 ਵਿੱਚ ਯੂਨੈਸਕੋ ਨੇ ਅਧਿਕਾਰਤ ਰੂਪ ਵਿੱਚ ਆਪਣੇ ਮੈਂਬਰ ਦੇਸ਼ਾਂ ਨੂੰ ਕਿਹਾ ਸੀ ਕਿ “ਪ੍ਰਧਾਨ ਹੋ ਚੀ ਮਿਨ੍ਹ ਦੀ ਯਾਦ ਨੂੰ ਸ਼ਰਧਾ ਭੇਟ ਕਰਨ ਵਾਸਤੇ ਵੰਨ-ਸੁਵੰਨੇ ਪ੍ਰੋਗਰਾਮ ਜਥੇਬੰਦ ਕਰ ਕੇ ਉਹਦੀ ਜਨਮ-ਸ਼ਤਾਬਦੀ ਮਨਾਉਣ ਵਿੱਚ ਸ਼ਾਮਿਲ ਹੋਇਆ ਜਾਵੇ। ਸੱਭਿਆਚਾਰ, ਵਿੱਦਿਆ ਅਤੇ ਕਲਾਵਾਂ ਦੇ ਖੇਤਰਾਂ ਵਿੱਚ ਉਹਦੀ ਦੇਣ ਵੱਡੀ ਤੇ ਬਹੁਪੱਖੀ ਹੈ। ਉਹਨੇ ਆਪਣਾ ਸਾਰਾ ਜੀਵਨ ਵੀਅਤਨਾਮੀ ਲੋਕਾਂ ਦੀ ਕੌਮੀ ਮੁਕਤੀ ਦੇ ਲੇਖੇ ਲਾ ਦਿੱਤਾ ਅਤੇ ਅਮਨ, ਕੌਮੀ ਆਜ਼ਾਦੀ, ਜਮਹੂਰੀਅਤ ਤੇ ਸਮਾਜਕ ਤਰੱਕੀ ਵਾਸਤੇ ਕੌਮਾਂ ਦੇ ਸਾਂਝੇ ਸੰਗਰਾਮ ਵਿੱਚ ਵੱਡਮੁੱਲੀ ਦੇਣ ਦਿੱਤੀ।”

ਵੀਅਤਨਾਮ ਦੇ ਲੋਕਾਂ ਦੇ ਸੰਗਰਾਮ ਨੇ ਦੁਨੀਆਂ ਭਰ ਦੇ ਲੇਖਕਾਂ ਨੂੰ ਪ੍ਰੇਰਿਆ। ਅਨੇਕ ਪੰਜਾਬੀ ਕਵੀਆਂ ਨੇ ਕਵਿਤਾਵਾਂ ਲਿਖੀਆਂ। ਪੰਜਾਬ ਲਿਖਾਰੀ ਸਭਾ, ਰਾਮਪੁਰ ਨੇ ਫਰਵਰੀ 1967 ਵਿੱਚ 'ਕੂੜ ਨਿਖੁੱਟੇ' ਦੇ ਨਾਂ ਹੇਠ ਵੀਅਤਨਾਮ ਬਾਰੇ ਕਾਵਿ-ਸ੍ਰੰਗਿਹ ਪ੍ਰਕਾਸ਼ਿਤ ਕੀਤਾ। 144 ਪੰਨੇ ਦੀ ਇਸ ਪੁਸਤਕ ਵਿੱਚ 65 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਸਨ। ਉਸ ਪਿੱਛੋਂ ਦੀਆਂ, ਖਾਸ ਕਰ ਕੇ ਲੇਖਕਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਉਦੋਂ ਦੇ ਕਵੀਆਂ ਦੀਆਂ ਭਾਵਨਾਵਾਂ ਦੀ ਜਾਣਕਾਰੀ ਦੇਣ ਲਈ ਉਹਨਾਂ ਵਿੱਚੋਂ 11 ਕਵੀਆਂ ਦੀਆਂ ਕਵਿਤਾਵਾਂ ਦਾ ਵੱਖਰਾ ਭਾਗ ਬਣਾ ਦਿੱਤਾ ਗਿਆ ਹੈ। (ਸੰਖੇਪ)

--0--

No comments:

Post a Comment