ਸੋਨੀ ਸੋਰੀ ਦੇ ਮੁੱਦੇ 'ਤੇ ਸਰਵਉੱਚ ਅਦਾਲਤ ਨੂੰ ਲਿਖੀ ਮੇਰੀ ਚਿੱਠੀ
ਮਾਨਯੋਗ ਮੁੱਖ ਜੱਜ ਸਾਹਿਬਸਰਵਉੱਚ ਅਦਾਲਤ
ਨਵੀਂ ਦਿੱਲੀ
ਇਹ ਚਿੱਠੀ ਮੈਂ ਤੁਹਾਨੂੰ ਸੋਨੀ ਸੋਰੀ ਨਾਂ ਦੀ ਆਦਿਵਾਸੀ ਕੁੜੀ ਦੇ ਸੰਬੰਧ ਵਿੱਚ ਲਿਖ ਰਿਹਾ ਹਾਂ ਜਿਸਦੇ ਗੁਪਤ ਅੰਗਾਂ ਵਿੱਚ ਦਾਂਤੇਵਾੜਾ ਐਸ.ਪੀ. ਨੇ ਪੱਥਰ ਭਰ ਦਿੱਤੇ ਸਨ ਅਤੇ ਜਿਸਦਾ ਮੁਕੱਦਮਾ ਤੁਹਾਡੀ ਅਦਾਲਤ ਵਿੱਚ ਚੱਲ ਰਿਹਾ ਹੈ। ਉਸ ਕੁੜੀ ਦੀ ਮੈਡੀਕਲ ਜਾਂਚ ਵੀ ਤੁਹਾਡੇ ਹੁਕਮਾਂ 'ਤੇ ਹੋਈ ਸੀ। ਡਾਕਟਰਾਂ ਨੇ ਉਸ ਆਦਿਵਾਸੀ ਕੁੜੀ ਦੇ ਦੋਸ਼ਾਂ ਨੂੰ ਸਹੀ ਮੰਨਿਆ ਸੀ। ਡਾਕਟਰੀ ਰਿਪੋਰਟ ਦੇ ਨਾਲ ਉਸ ਕੁੜੀ ਗੁਪਤ ਅੰਗਾਂ ਵਿੱਚੋਂ ਨਿਕਲੇ ਤਿੰਨ ਪੱਥਰ ਵੀ ਤੁਹਾਨੂੰ ਭੇਜ ਦਿੱਤੇ ਸਨ।
ਕੱਲ੍ਹ ਮਿਤੀ 02/12/2011 ਨੂੰ ਤੁਸੀਂ ਉਹ ਪੱਥਰ ਦੇਖਣ ਤੋਂ ਬਾਅਦ ਵੀ ਉਸ ਕੁੜੀ ਨੂੰ ਛੱਤੀਸਗੜ੍ਹ ਦੀ ਜੇਲ੍ਹ ਵਿੱਚ ਹੀ ਰੱਖਣ ਦਾ ਹੁਕਮ ਦਿੱਤਾ ਅਤੇ ਛੱਤੀਸ਼ਗੜ੍ਹ ਦੀ ਸਰਕਾਰ ਨੂੰ ਡੇਢ ਮਹੀਨੇ ਦਾ ਸਮਾਂ ਜਵਾਬ ਦੇਣ ਲਈ ਦਿੱਤਾ ਹੈ।
ਜੱਜ ਸਾਹਿਬ ਮੇਰੀਆਂ ਦੋ ਧੀਆਂ ਹਨ ਜੇਕਰ ਕਿਸੇ ਨੇ ਮੇਰੀਆਂ ਧੀਆਂ ਨਾਲ ਇਉਂ ਜ਼ੁਲਮ ਕੀਤਾ ਹੁੰਦਾ ਤਾਂ ਮੈਂ ਅਜਿਹਾ ਕਰਨ ਵਾਲੇ ਨੂੰ ਡੇਢ ਮਹੀਨਾ ਤਾਂ ਕੀ ਡੇਢ ਮਿੰਟ ਦੀ ਮੋਹਲਤ ਵੀ ਨਾ ਦਿੰਦਾ ਅਤੇ ਜੱਜ ਸਾਹਿਬ ਜੇਕਰ ਇਹ ਧੀ ਤੁਹਾਡੀ ਹੁੰਦੀ ਤਾਂ ਕੀ ਉਸਦੇ ਗੁਪਤ ਅੰਗਾਂ ਵਿੱਚ ਪੱਥਰ ਧੱਕਣ ਵਾਲੇ ਨੂੰ ਵੀ ਤੁਸੀਂ ਪੰਜਤਾਲੀ ਦਿਨਾਂ ਦਾ ਸਮਾਂ ਦਿੰਦੇ?ਕੀ ਉਸ ਤੋਂ ਇਹ ਪੁੱਛਦੇ ਕਿ ਤੁਸੀਂ ਮੇਰੀ ਧੀ ਦੇ ਗੁਪਤ ਅੰਗਾਂ ਵਿੱਚ ਪੱਥਰ ਕਿਉਂ ਤੁੰਨੇ। ਪੰਜਤਾਲੀ ਦਿਨਾਂ ਬਾਅਦ ਆ ਕੇ ਦੱਸ ਦੇਣਾ ਅਤੇ ਉਦੋਂ ਤੱਕ ਮੇਰੀ ਧੀ ਨੂੰ ਤੁਸੀਂ ਆਪਣੇ ਘਰ ਵਿੱਚ ਆਪਣੇ ਕਬਜ਼ੇ ਵਿੱਚ ਰੱਖ ਸਕਦੇ ਹੋ।
ਪੱਥਰ ਤੁੰਨਣ ਵਾਲੇ ਉਸ ਬਦਮਾਸ਼ ਐਸ.ਪੀ. ਨੂੰ ਪਤਾ ਹੈ ਕਿ ਉਸਦੀ ਰੱਖਿਆ ਲਈ ਤੁਸੀਂ ਇੱਥੇ ਸਰਵਉੱਚ ਅਦਾਲਤ ਵਿੱਚ ਬੈਠੇ ਹੋ। ਇਸ ਲਈ ਉਹ ਬੇਫ਼ਿਕਰ ਹੋ ਕੇ ਸ਼ਰੇਆਮ ਅਜਿਹੀ ਸ਼ਰਮਨਾਕ ਹਰਕਤ ਕਰਦਾ ਹੈ ਅਤੇ ਤੁਹਾਡੇ ਕੱਲ੍ਹ ਦੇ ਹੁਕਮ ਨੇ ਇਸ ਗੱਲ ਨੂੰ ਹੋਰ ਪੁਖਤਾ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਵਾਲੇ ਦੀ ਰੱਖਿਆ ਸਰਵਉੱਚ ਅਦਾਲਤ ਲਗਾਤਾਰ ਇਸੇ ਤਰ੍ਹਾਂ ਹੀ ਕਰਦੀ ਰਹੇਗੀ ਜਿਵੇਂ ਉਹ ਅੰਗਰੇਜ਼ਾਂ ਸਮੇਂ ਸਰਕਾਰੀ ਪੁਲਿਸ ਦੀ ਕਰਦੀ ਰਹੀ ਹੈ।
ਜੱਜ ਸਾਹਿਬ ਇਹ ਅਦਾਲਤ ਉਸ ਆਦਿਵਾਸੀ ਕੁੜੀ ਦੀ ਰੱਖਿਆ ਲਈ ਬਣਾਈ ਗਈ ਸੀ ਨਾ ਕਿ ਉਸ ਬਦਮਾਸ਼ ਐਸ.ਪੀ. ਲਈ। ਇਹ ਇਸ ਲੋਕਤੰਤਰ ਦੇਸ਼ ਦੀ ਸਰਵਉੱਚ ਅਦਾਲਤ ਹੈ ਇਸਦਾ ਪਹਿਲਾ ਕੰਮ ਦੇਸ਼ ਦੇ ਕਮਜ਼ੋਰ ਲੋਕਾਂ ਰੱਖਿਆ ਕਰਨਾ ਹੈ। ਤੁਹਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਇਸ ਦੇਸ਼ ਦੇ ਸਭ ਤੋਂ ਕਮਜ਼ੋਰ ਲੋਕ ਔਰਤਾਂ, ਆਦਿਵਾਸੀ, ਦਲਿਤ ਅਤੇ ਭੁੱਖ ਨਾਲ ਮਰਦੇ ਕਰੋੜਾਂ ਲੋਕ ਹਨ ਅਤੇ ਇਸ ਅਦਾਲਤ ਨੂੰ ਹਰ ਫ਼ੈਸਲਾ ਇਹਨਾਂ ਲੋਕਾਂ ਦੀ ਹਾਲਤ ਨੂੰ ਬੇਹਤਰ ਬਣਾਉਣ ਲਈ ਦੇਣਾ ਪਵੇਗਾ। ਪਰ ਆਜ਼ਾਦੀ ਤੋਂ ਬਾਅਦ ਇਹਨਾਂ ਸਾਰੇ ਲੋਕਾਂ ਨੂੰ ਤੁਹਾਡੇ ਵੱਲੋਂ ਅਣਗੌਲਿਆਂ ਕੀਤਾ ਗਿਆ ਜਦਕਿ ਇਸ ਦੁਰਗਤੀ ਲਈ ਜ਼ਿੰਮੇਵਾਰ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ।
ਮੇਰੇ ਪਿਤਾ ਜੀ ਇਸ ਦੇਸ਼ ਦੀ ਆਜ਼ਾਦੀ ਲਈ ਲੜੇ ਸਨ। ਉਹਨਾਂ ਆਜ਼ਾਦੀ ਦੇ ਦੀਵਾਨਿਆਂ ਦੇ ਕੀ ਸੁਪਨੇ ਸਨ? ਉਹਨਾਂ ਲੋਕਾਂ ਨੇ ਕਦੇ ਕਲਪਨਾ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਆਜ਼ਾਦੀ ਤੋਂ ਬਾਅਦ ਇੱਕ ਦਿਨ ਦੇਸ਼ ਦੀ ਸਰਵਉੱਚ ਅਦਾਲਤ ਇੱਕ ਆਦਿਵਾਸੀ ਬੱਚੀ ਦੀ ਬਜਾਏ ਉਸ ਉੱਪਰ ਅੱਤਿਆਚਾਰ ਕਰਨ ਵਾਲੇ ਦੇ ਸਿਰ 'ਤੇ ਹੱਥ ਰੱਖੇਗੀ।
ਸਾਨੂੰ ਬਚਪਨ ਵਿੱਚ ਦੱਸਿਆ ਗਿਆ ਕਿ ਇਸ ਦੇਸ਼ ਵਿੱਚ ਲੋਕਤੰਤਰ ਹੈ, ਇਸਦਾ ਮਤਲਬ ਹੈ ਕਰੋੜਾਂ ਆਦਿਵਾਸੀਆਂ , ਕਰੋੜਾਂ ਦਲਿਤਾਂ, ਕਰੋੜਾਂ ਭੁੱਖਿਆਂ ਦਾ ਤੰਤਰ। ਪਰ ਤੁਹਾਡੇ ਸਾਰੇ ਫ਼ੈਸਲੇ ਇਹਨਾਂ ਕਰੋੜਾਂ ਲੋਕਾਂ ਨੂੰ ਬਦਹਾਲੀ ਵਿੱਚ ਧੱਕਣ ਵਾਲੇ ਲੋਕਾਂ ਦੇ ਪੱਖ ਵਿੱਚ ਹੁੰਦੇ ਹਨ। ਤੁਹਾਨੂੰ ਜਗਤ ਸਿੰਘਪੁਰ, ਉੜੀਸਾ ਵਿੱਚ ਆਪਣੀ ਜ਼ਮੀਨ ਬਚਾਉਣ ਲਈ ਗਰਮ ਰੇਤ ਉੱਤੇ ਲਿਟੇ ਪਏ ਔਰਤਾਂ ਅਤੇ ਬੱਚੇ ਵਿਖਾਈ ਨਹੀਂ ਦਿੰਦੇ? ਉਹਨਾਂ ਲਈ ਆਵਾਜ਼ ਚੁੱਕਣ ਵਾਲੇ ਕਾਰਕੁੰਨ ਅਭੈ ਸਾਹੂ ਦੀ, ਜ਼ਮੀਨ ਖੋਹਣ ਵਾਲੀ ਕੰਪਨੀ ਮਾਲਕਾਂ ਦੇ ਹੁਕਮ 'ਤੇ, ਸਰਕਾਰ ਵੱਲੋਂ ਗ੍ਰਿਫਤਾਰੀ ਤੁਹਾਨੂੰ ਵਿਖਾਈ ਨਹੀਂ ਦਿੰਦੀ?
ਤੁਹਾਡੀ ਅਦਾਲਤ ਵਿੱਚ ਗੌਂਪਾੜ ਪਿੰਡ ਵਿੱਚ ਸਰਕਾਰੀ ਸੁਰੱਖਿਆ ਫੋਰਸਾਂ ਵੱਲੋਂ ਤਲਵਾਰਾਂ ਨਾਲ ਵੱਢੇ ਗਏ ਸੋਲਾਂ ਆਦਿਵਾਸੀਆਂ ਦਾ ਮੁਕੱਦਮਾ ਪਿਛਲੇ ਦੋ ਸਾਲਾਂ ਤੋਂ ਲਮਕ ਰਿਹਾ ਹੈ। ਇਸ ਅਦਾਲਤ ਵਿੱਚ ਉਹਨਾਂ ਆਦਿਵਾਸੀਆਂ ਨੂੰ ਲਿਆਉਂਦੇ ਸਮੇਂ ਮੈਨੂੰ ਇੱਕ ਨਕਸਲਵਾਦੀ ਨੇਤਾ ਨੇ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਇਹਨਾਂ ਆਦਿਵਾਸੀਆਂ ਦੇ ਕਤਲ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਮੈਂ ਸਜ਼ਾ ਦਿਵਾ ਦਿੱਤੀ ਤਾਂ ਮੈਂ ਬੰਦੂਕ ਛੱਡ ਦੇਵਾਂਗਾ। ਪਰ ਮੈ ਹਾਰ ਗਿਆ। ਇਸ ਅਦਾਲਤ ਵਿੱਚ ਪਹੁੰਚ ਕਰਨ ਦੀ ਸਜ਼ਾ ਵਜੋਂ ਪੁਲਿਸ ਨੇ ਉਹਨਾਂ ਆਦਿਵਾਸੀਆਂ ਦੇ ਪਰਿਵਾਰਾਂ ਨੂੰ ਅਗਵਾ ਕਰ ਲਿਆ ਅਤੇ ਉਹ ਅੱਜ ਵੀ ਪੁਲਿਸ ਦੀ ਨਜ਼ਾਇਜ਼ ਹਿਰਾਸਤ ਵਿੱਚ ਹਨ। ਤੁਸੀਂ ਹੁਣ ਤੱਕ ਦੋਸ਼ੀਆਂ ਨੂੰ ਸਜ਼ਾ ਨਾ ਦੇ ਕੇ ਇਸ ਦੇਸ਼ ਦੇ ਸਰਕਾਰ ਨੂੰ ਨਹੀਂ ਜਿਤਾਇਆ, ਬਲਕਿ ਮੈਨੂੰ ਚੁਣੌਤੀ ਦੇਣ ਵਾਲੇ ਉਸ ਨਕਸਲਵਾਦੀ ਨੂੰ ਜਿਤਾ ਦਿੱਤਾ। ਹੁਣ ਮੈਂ ਕਿਹੜੇ ਮੂੰਹ ਨਾਲ ਉਸ ਨਕਸਲਵਾਦੀ ਦੇ ਸਾਹਮਣੇ ਇਸ ਦੇਸ਼ ਦੇ ਮਹਾਨ ਲੋਕਤੰਤਰ ਅਤੇ ਨਿਰਪੱਖ ਇਨਸਾਫ਼ ਦੀ ਗੱਲ ਕਰ ਸਕਦਾ ਹਾਂ? ਉਸਦੇ ਬੰਦੂਕ ਚੁੱਕਣ ਨੂੰ ਕਿਵੇਂ ਗਲਤ ਕਹਾਂਗਾ?
ਜੇਕਰ ਇਸ ਦੇਸ਼ ਵਿੱਚ ਤਾਨਾਸ਼ਾਹੀ ਹੁੰਦੀ ਤਾਂ ਸਾਨੂੰ ਪਛਤਾਵਾ ਨਾ ਹੁੰਦਾ ਅਤੇ ਅਸੀਂ ਉਸ ਤਾਨਾਸ਼ਾਹੀ ਦੇ ਖ਼ਿਲਾਫ਼ ਲੜ ਰਹੇ ਹੁੰਦੇ। ਪਰ ਸਾਨੂੰ ਦੱਸਿਆ ਗਿਆ ਕਿ ਦੇਸ਼ ਵਿੱਚ ਲੋਕਤੰਤਰ ਹੈ। ਪਰ ਇਸ ਤੰਤਰ ਦੀ ਹਰੇਕ ਸੰਸਥਾ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਕਰੋੜਾਂ ਲੋਕਾਂ ਦੇ ਖ਼ਿਲਾਫ਼ ਅਤੇ ਕੁੱਝ ਕੁ ਧਨਾਢਾਂ ਦੇ ਪੱਖ ਵਿੱਚ ਪੂਰੀ ਬੇਸ਼ਰਮੀ ਨਾਲ ਡਟੇ ਹੋਏ ਹਨ। ਇਸ ਨੂੰ ਅਸੀਂ ਲੋਕਤੰਤਰ ਨਹੀਂ ਸਗੋਂ ਲੋਕਤੰਤਰ ਦਾ ਢੌਂਗ ਕਹਾਂਗੇ ਅਤੇ ਅਸੀਂ ਹੁਣ ਲੋਕਤੰਤਰ ਦੇ ਨਾਂ ਹੇਠ ਇਸ ਢੌਂਗਤੰਤਰ ਨੂੰ ਇੱਕ ਦਿਨ ਲਈ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਾਂ।
ਅੱਜ ਮੈਂ ਪ੍ਰਣ ਕਰਦਾ ਹਾਂ ਕਿ ਅੱਜ ਤੋ ਬਾਅਦ ਮੈਂ ਕਿਸੇ ਗਰੀਬ ਦਾ ਮੁਕੱਦਮਾ ਲੈ ਕੇ ਤੁਹਾਡੀ ਅਦਾਲਤ ਵਿੱਚ ਨਹੀਂ ਆਊਂਗਾ। ਹੁਣ ਮੈਂ ਜਨਤਾ ਵਿੱਚ ਜਾਵਾਂਗਾ। ਜਨਤਾ ਨੂੰ ਕਹੂੰਗਾ ਕਿ ਉਹ ਇਸ ਢੌਂਗਤੰਤਰ 'ਤੇ ਹਮਲਾ ਕਰਕੇ ਇਸਨੂੰ ਤਬਾਹ ਕਰ ਦੇਣ ਤਾਂ ਕਿ ਸੱਚੇ ਲੋਕਤੰਤਰ ਦੀ ਇਮਾਰਤ ਖੜ੍ਹੀ ਕਰਨ ਲਈ ਥਾਂ ਬਣਾਈ ਜਾ ਸਕੇ।
ਜੇਕਰ ਤੁਸੀਂ ਇਸ ਕੁੜੀ ਨੂੰ ਇਸ ਕਰਕੇ ਇਨਸਾਫ ਨਹੀਂ ਦੇ ਰਹੇ ਕਿ ਸਰਕਾਰ ਨਰਾਜ਼ ਹੋ ਜਾਵੇਗੀ ਅਤੇ ਤੁਹਾਡੀ ਤਰੱਕੀ ਰੁਕ ਸਕਦੀ ਹੈ ਤਾਂ ਇਤਿਹਾਸ 'ਤੇ ਨਜ਼ਰ ਮਾਰਿਓ, ਇਤਿਹਾਸ ਗ਼ਲਤ ਫ਼ੈਸਲਾ ਦੇਣ ਵਾਲਿਆਂ ਨੂੰ ਕਦੇ ਮਾਫ ਨਹੀਂ ਕਰਦਾ। ਸੁਕਰਾਤ ਨੂੰ ਸੱਚ ਬੋਲਣ ਦੀ ਸਜ਼ਾ ਦੇਣ ਵਾਲੇ ਜੱਜ ਦਾ ਨਾਂ ਕਿੰਨੇ ਕੁ ਲੋਕਾਂ ਨੂੰ ਯਾਦ ਹੈ? ਜੀਸੀਅਸ ਨੂੰ ਚੋਰਾਂ ਦੇ ਨਾਲ ਸੂਲੀ 'ਤੇ ਕਿੱਲ ਗੱਡ ਕੇ ਟੰਗਣ ਵਾਲੇ ਜੱਜ ਨੂੰ ਭਲਾਂ ਕਿੰਨੇ ਕੁ ਲੋਕ ਜਾਣਦੇ ਹਨ?
ਤੁਹਾਡੇ ਇਸ ਅਨਿਆਂ ਨਾਲ ਸੋਨੀ ਸੋਰੀ ਇਤਿਹਾਸ ਵਿੱਚ ਅਮਰ ਹੋ ਜਾਏਗੀ ਅਤੇ ਇਤਿਹਾਸ ਤੁਹਾਡੇ ਲਈ ਇੱਕ ਕਾਤਰ ਵੀ ਲਿਖਣ ਲਈ ਨਹੀਂ ਛੱਡੇਗਾ। ਹਾਂ ਜੇਕਰ ਤੁਸੀਂ ਸੰਵਿਧਾਨ ਦੀ ਸੱਚੀ ਭਾਵਨਾ ਦੇ ਅਨੁਸਾਰ ਇਕੱਲੀ ਆਦਿਵਾਸੀ ਔਰਤ ਨੂੰ ਇਨਸਾਫ਼ ਦਿੰਦੇ ਤਾਂ ਸੱਤਾ ਭਲਾਂ ਤੁਹਾਨੂੰ ਤਰੱਕੀ ਨਾ ਦੇਵੇ ਪਰ ਤੁਸੀਂ ਆਪਣੀਆਂ ਨਜ਼ਰਾਂ ਵਿੱਚ, ਆਪਣੇ ਪਰਿਵਾਰ ਦੀ ਨਜ਼ਰ ਵਿੱਚ ਅਤੇ ਇਸ ਦੇਸ਼ ਦੀ ਨਜ਼ਰ ਵਿੱਚ ਬਹੁਤ ਤਰੱਕੀ ਕਰ ਜਾਉਂਗੇ।
ਜੇਕਰ ਇਹ ਚਿੱਠੀ ਲਿਖਣ ਤੋਂ ਬਾਅਦ ਤੁਸੀਂ ਮੈਨੂੰ ਗ੍ਰਿਫ਼ਤਾਰ ਕਰਦੇ ਉਂ ਤਾਂ ਮੈਨੂੰ ਇਸ ਗੱਲ ਦਾ ਭੋਰਾ ਭਰ ਸ਼ਿਕਵਾ ਨਹੀਂ ਹੋਵੇਗਾ ਕਿਉਂਕਿ ਉਸਤੋਂ ਬਾਅਦ ਮੈਂ ਘੱਟੋ-ਘੱਟ ਆਪਣੀਆਂ ਦੋਵੇਂ ਧੀਆਂ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਤਾਂ ਕਰ ਸਕਾਂਗਾ ਅਤੇ ਕਹਿ ਸਕਾਂਗਾ ਕਿ ਮੈ ਸੋਨੀ ਸੋਰੀ ਦੀਦੀ ਦੇ ਨਾਲ ਹੋਣ ਵਾਲੇ ਅੱਤਿਆਚਾਰਾਂ ਸਮੇਂ ਚੁੱਪ ਨਹੀਂ ਰਿਹਾ ਅਤੇ ਮੈਂ ਉਹੀ ਕੀਤਾ ਜੋ ਇੱਕ ਧੀ ਦੇ ਬਾਪ ਨੂੰ ਧੀ ਦੇ ਅਪਮਾਨ ਤੋਂ ਬਾਅਦ ਕਰਨਾ ਹੀ ਚਾਹੀਦਾ ਹੈ।
ਹਿੰਮਾਸ਼ੂ ਕੁਮਾਰ
--0--
No comments:
Post a Comment