ਆਦਰਸ਼ ਸਕੂਲ ਚਾਉਕੇ
ਸਥਾਨਕ ਪੱਧਰੇ ਸੰਘਰਸ਼ ਦੀਆਂ ਮਿਸਾਲੀ ਪੈੜਾਂ
ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੇ ਭਰਾਤਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਸਾਲੀ ਸੰਘਰਸ਼ ਲੜਿਆ ਜਾ ਰਿਹਾ ਹੈ। ਅਧਿਆਪਕਾਂ ਦੀ ਹੱਕੀ ਸੰਘਰਸ਼ ਲਈ ਦ੍ਰਿੜਤਾ ਤੇ ਸਰਕਾਰ ਦੇ ਘੋਰ ਲੋਕ ਦੋਖੀ ਤੇ ਜਾਬਰ ਰਵੱਈਏ ਨੇ ਇਸ ਸਥਾਨਕ ਪੱਧਰੇ ਸਕੂਲ ਦੇ ਮਸਲੇ ਨੂੰ ਸੂਬੇ ਭਰ 'ਚ ਇੱਕ ਚਰਚਿਤ ਸੰਘਰਸ਼ ਬਣਾ ਦਿੱਤਾ ਹੈ। ਇੱਕ ਸਕੂਲ ਦੇ ਅਧਿਆਪਕਾਂ ਵੱਲੋਂ ਆਪਣੀ ਲੁੱਟ-ਖਸੁੱਟ ਤੇ ਦਾਬੇ ਖ਼ਿਲਾਫ਼ ਇੱਕ ਪਿੰਡ 'ਚੋਂ ਉੱਠੀ ਆਵਾਜ਼ ਲੋਕਾਂ ਦੇ ਹੱਕਾਂ ਦੀ ਆਵਾਜ਼ 'ਚ ਰਲ ਕੇ ਅਜਿਹੀ ਗੂੰਜ ਬਣ ਗਈ ਹੈ ਜਿਹੜੀ ਸੂਬੇ ਭਰ 'ਚ ਸੁਣਾਈ ਦਿੱਤੀ ਹੈ ਅਤੇ ਇਹ ਗੂੰਜ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਅੰਦਰ ਲੋਕ ਸੰਘਰਸ਼ਾਂ ਪ੍ਰਤੀ ਅਖਤਿਆਰ ਕੀਤੇ ਗਏ ਜਾਬਰ ਰੁਖ ਤੋਂ ਲੋਕ ਨਾਬਰੀ ਦੀ ਧੁਨ ਵਜੋਂ ਵੀ ਸੁਣੀ ਗਈ ਹੈ। ਸਰਕਾਰੀ ਆਦਰਸ਼ ਸਕੂਲ ਚਲਾ ਰਹੀ ਪ੍ਰਾਈਵੇਟ ਮੈਨਜਮੈਂਟ ਦੇ ਭ੍ਰਿਸ਼ਟਾਚਾਰ ਨੂੰ ਬੰਦ ਕਰਵਾਉਣ, ਸਰਕਾਰ ਵੱਲੋਂ ਤੈਅ ਕੀਤੀ ਤਨਖਾਹ ਦਾ ਹੱਕ ਲੈਣ ਤੇ ਮਾਣ-ਸਨਮਾਨ ਨਾਲ ਨੌਕਰੀ ਕਰਨ ਦਾ ਹੱਕ ਪੁਗਾਉਣ ਲਈ ਲੜਿਆ ਜਾ ਰਿਹਾ ਇਹ ਸੰਘਰਸ਼ ਕਈ ਪੱਖਾਂ ਤੋਂ ਮਿਸਾਲੀ ਸੰਘਰਸ਼ ਹੋ ਨਿਬੜਿਆ ਹੈ।
ਇੱਕ ਸਥਾਨਕ ਪੱਧਰਾ ਸੰਘਰਸ਼ ਸੂਬੇ ਭਰ 'ਚ ਚਰਚਿਤ ਸੰਘਰਸ਼ ਇਸ ਲਈ ਹੋ ਨਿਬੜਿਆ ਹੈ ਕਿਉਂਕਿ ਪੰਜਾਬ ਦੀ ਸਰਕਾਰ ਸਭ ਸੰਗ-ਸ਼ਰਮ ਲਾਹ ਕੇ ਤੇ ਲੋਕਾਂ ਦੇ ਮੁੱਦਿਆਂ ਦਾ ਗੌਰ ਕਰਨ ਦੇ ਰਸਮੀ ਦਾਅਵੇ ਵੀ ਤਿਆਗ ਕੇ, ਇੱਕ ਭ੍ਰਿਸ਼ਟ ਪ੍ਰਾਈਵੇਟ ਮੈਨੇਜਮੈਂਟ ਦੀ ਪਿੱਠ 'ਤੇ ਡਟਕੇ ਖੜ੍ਹ ਗਈ ਅਤੇ ਉਸਨੂੰ ਇਹ ਭਰਮ ਸੀ ਕਿ ਉਸਦੀ ਅਜਿਹੀ ਸੁਰੱਖਿਆ ਛਤਰੀ ਸੰਘਰਸ਼ਸ਼ੀਲ ਅਧਿਆਪਕਾਂ ਨੂੰ (ਜਿੰਨ੍ਹਾਂ 'ਚ ਵੱਡੀ ਗਿਣਤੀ ਕੁੜੀਆਂ ਦੀ ਹੈ) ਥਕਾ ਦੇਵੇਗੀ ਅਤੇ ਜਾਬਰ ਕਦਮਾਂ ਦੀ ਭਰਮਾਰ ਡਰਾ ਦੇਵੇਗੀ ਪਰ ਰੁਜ਼ਗਾਰ ਦੇ ਹੱਕ ਲਈ ਡਟ ਗਈਆਂ ਕੁੜੀਆਂ ਨੇ ਨਾ ਡਰਨਾ ਪ੍ਰਵਾਨ ਕੀਤਾ ਤੇ ਨਾ ਹੀ ਥੱਕਣਾ ਪ੍ਰਵਾਨ ਕੀਤਾ। ਨਾ ਜ਼ੇਲ੍ਹ ਤੇ ਨਾ ਹੀ ਕੇਸ ਸੰਘਰਸ਼ ਭਾਵਨਾ ਨੂੰ ਕਮਜ਼ੋਰ ਕਰ ਸਕੇ ਅਤੇ ਲਗਭਗ ਚਾਰ ਮਹੀਨੇ ਤੋਂ ਅਧਿਆਪਕ ਸੰਘਰਸ਼ ਦੇ ਰਾਹ 'ਤੇ ਡਟੇ ਹੋਏ ਹਨ।
ਇਸ ਸਥਾਨਕ ਪੱਧਰੇ ਸੀਮਤ ਮੁੱਦਿਆਂ ਦੇ ਸੰਘਰਸ਼ ਨੇ ਹਕੂਮਤੀ ਨੀਤੀ, ਰਵੱਈਏ ਤੇ ਦਾਅਵਿਆਂ ਦੀ ਹਕੀਕਤ ਨੂੰ ਨਸ਼ਰ ਕਰਨ ਪੱਖੋਂ ਸੂਬਾਈ ਪੱਧਰੀਆਂ ਜਨਤਕ ਲਾਮਬੰਦੀਆਂ ਵਰਗਾ ਕਾਰਜ ਕੀਤਾ ਹੈ ਅਤੇ ਨਾਲ ਹੀ ਜਨਤਕ ਸੰਘਰਸ਼ਾਂ ਦੇ ਪਿੜ੍ਹ 'ਚ ਤਬਕਾਤੀ ਸਾਂਝ ਦੀਆਂ ਰਵਾਇਤਾਂ ਨੂੰ ਵੀ ਹੋਰ ਡੂੰਘੀਆਂ ਕਰਨ 'ਚ ਮਹੱਤਵਪੂਰਨ ਹਿੱਸਾ ਪਾਇਆ ਹੈ। ਇਹ ਸੰਘਰਸ਼ ਉਦੋਂ ਲੜਿਆ ਜਾ ਰਿਹਾ ਹੈ ਜਦੋਂ ਪੰਜਾਬ ਦੀ ਸਰਕਾਰ ਆਪਣੇ ਮਸ਼ਹੂਰੀਨੁਮਾ ਮਾਡਲ ਤਹਿਤ ਸੂਬੇ 'ਚ ਸਿੱਖਿਆ ਕ੍ਰਾਂਤੀ ਆ ਜਾਣ ਦਾ ਸ਼ੋਰ ਪਾ ਰਹੀ ਹੈ ਤੇ ਸਰਕਾਰੀ ਸਕੂਲਾਂ 'ਚ ਆਮ ਰੁਟੀਨ 'ਚ ਹੁੰਦੇ ਸਧਾਰਨ ਕੰਮਾਂ ਨੂੰ ਵੀ ਆਪਣੇ ਖਾਤੇ ਪਾ ਕੇ, ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਵਜੋਂ ਉਭਾਰ ਰਹੀ ਹੈ। ਇਸ ਖਾਤਰ ਉਦਘਾਟਨੀ ਸਮਾਗਮ ਰਚਾਉਣ ਦੀ ਮੁਹਿੰਮ ਚਲਾ ਕੇ, ਸਿੱਖਿਆ ਖੇਤਰ 'ਚ ਕਾਇਆਕਲਪ ਕਰ ਦੇਣ ਦੇ ਨਿਰ ਅਧਾਰ ਦਾਅਵਿਆਂ ਦੀ ਹਨ੍ਹੇਰੀ ਲਿਆਂਦੀ ਹੋਈ ਹੈ। ਇਸ ਝੂਠੇ ਪ੍ਰਚਾਰ ਦੇ ਗਰਦੋਗੁਬਾਰ ਨੂੰ ਅਧਿਆਪਕਾਂ ਦੇ ਇਸ ਸੰਘਰਸ਼ ਨੇ ਝਾੜ ਦੇਣ 'ਚ ਅਹਿਮ ਹਿੱਸਾ ਪਾਇਆ ਹੈ। ਇੱਕ ਤਾਂ ਇਸ ਪ੍ਰਚਾਰ ਦਾ ਥੋਥ ਹੀ ਏਨਾ ਜ਼ਾਹਰਾ ਸੀ ਕਿ ਲੋਕਾਂ ਲਈ ਇਹ ਚੁਟਕਲਿਆਂ ਦਾ ਸਾਧਨ ਬਣ ਗਿਆ ਤੇ ਦੂਸਰੇ ਇਹ ਅਧਿਆਪਕ ਸੰਘਰਸ਼ ਮਾਲਵਾ ਖੇਤਰ 'ਚ ਇਹਨਾਂ ਦਾਅਵਿਆਂ ਦੇ ਮੁਕਾਬਲੇ 'ਤੇ ਹਕੂਮਤੀ ਅਸਲੀਅਤ ਨਸ਼ਰ ਕਰਨ ਵਾਲਾ ਥੰਮ੍ਹ ਹੋ ਕੇ ਗੱਡਿਆ ਗਿਆ। ਇਸ ਨੇ ਸਿੱਖਿਆ ਖੇਤਰ 'ਚ ਪ੍ਰਾਈਵੇਟ ਮੈਨਜਮੈਂਟ ਨੂੰ ਸਰਕਾਰੀ ਖ਼ਜ਼ਾਨਾ ਲੁਟਾਉਣ ਦੀ ਆਪ ਸਰਕਾਰ ਦੀ ਨੀਤ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ। ਸਿੱਖਿਆ ਖੇਤਰ 'ਚ ਬਾਦਲ ਸਰਕਾਰ ਵੇਲੇ ਤੋਂ ਤੁਰੀ ਆਉਂਦੀ ਨਿੱਜੀ ਸਰਕਾਰੀ ਭਾਈਵਾਲੀ ਵਾਲੀ ਨੀਤੀ ਦੀ ਲਗਾਤਾਰਤਾ ਆਪਣੇ ਆਪ 'ਚ ਹੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਦੀ ਫੂਕ ਕੱਢ ਦਿੰਦੀ ਹੈ। ਇਹ ਨਾ ਸਿਰਫ ਸਰਕਾਰੀ ਖ਼ਜ਼ਾਨਾ ਸਿੱਖਿਆ ਕਾਰੋਬਾਰੀਆਂ ਨੂੰ ਲੁਟਾਉਣ ਦੀ ਨੀਤੀ ਨੂੰ ਜਾਰੀ ਰੱਖਣਾ ਹੈ ਸਗੋਂ ਉਸ ਤੋਂ ਵੀ ਅੱਗੇ ਜਾ ਕੇ ਸਰਕਾਰੀ ਖ਼ਜ਼ਾਨੇ ਦੀ ਇਸ ਲੁੱਟ ਦੀ ਰਖਵਾਲੀ ਲਈ ਜਬਰ 'ਤੇ ਉੱਤਰਨਾ ਹੈ। ਅਧਿਆਪਕ ਤੇ ਵਿਦਿਆਰਥੀ ਹੱਕਾਂ ਲਈ ਆਵਾਜ਼ ਉਠਾਉਂਦੇ ਲੋਕਾਂ 'ਤੇ ਜਬਰ ਢਾਹੁਣ ਰਾਹੀਂ ਤੇ ਮਹੀਨਿਆਂ ਬੱਧੀ ਲੋਕਾਂ ਦੀ ਮੰਗ ਨੂੰ ਅਣਗੌਲਿਆਂ ਕਰਨ ਰਾਹੀਂ ਤੇ ਜਬਰ ਦੇ ਜ਼ੋਰ ਕੁਚਲਣ ਰਾਹੀਂ ਪ੍ਰਾਈਵੇਟ ਮੈਨਜਮੈਂਟ ਦੇ ਲੁੱਟ ਦੇ ਧੰਦੇ ਦੀ ਸੇਵਾ 'ਚ ਵਿਛ ਜਾਣਾ ਹੈ। ਇਸ ਸੰਘਰਸ਼ ਨੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੀ ਨੀਤੀ ਦੀ ਅਸਲੀਅਤ ਅਮਲੀ ਤੌਰ 'ਤੇ ਲੋਕਾਂ ਸਾਹਮਣੇ ਨਸ਼ਰ ਕਰ ਦਿੱਤੀ ਹੈ। ਇਸਨੇ `ਬਦਲਾਅ' ਨੂੰ ਵੀ ਪਹਿਲੀਆਂ ਹਕਮੂਤੀ ਨੀਤੀਆਂ ਦੀ ਲਗਾਤਾਰਤਾ ਵਜੋਂ ਨਸ਼ਰ ਕੀਤਾ ਹੈ। ਬਦਲਾਅ ਦਾ ਮੁੱਢਲਾ ਕਦਮ ਤਾਂ ਇਹ ਬਣਦਾ ਸੀ ਕਿ ਪੀ.ਪੀ.ਪੀ. ਨੀਤੀ ਨੂੰ ਹੀ ਮੁਢੋਂ ਰੱਦ ਕੀਤਾ ਜਾਂਦਾ। ਇਸ ਸੰਘਰਸ਼ ਨੇ ਭ੍ਰਿਸ਼ਟਾਚਾਰ ਦੇ ਇੱਕ ਅਹਿਮ ਸੋਮੇ ਵਜੋਂ ਨਵੀਆਂ ਆਰਥਿਕ ਨੀਤੀਆਂ ਦੀ ਹਕੀੀਕਤ ਨੂੰ ਉਘਾੜਿਆ ਹੈ। ਇਸਨੇ ਜ਼ਾਹਰਾ ਤੌਰ 'ਤੇ ਦਿਖਾਇਆ ਹੈ ਨਿਜੀਕਰਨ ਵਪਾਰੀਕਰਨ ਦੇ ਅਮਲ 'ਚ ਹੀ ਭ੍ਰਿਸ਼ਟਾਚਾਰ ਦੇ ਢੰਗਾਂ ਦਾ ਤਰਕ ਮੌਜੂਦ ਹੈ। ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਇਹਨਾਂ ਨੀਤੀਆਂ ਖਿਲ਼ਾਫ਼ ਲੜਾਈ ਦਾ ਅੰਗ ਹੈ।
ਇਸ ਸੰਘਰਸ਼ ਨੇ ਆਪ ਹਕੂਮਤ ਦੇ ਇਹਨਾਂ ਦਾਅਵਿਆਂ ਨੂੰ ਛੰਡ ਦਿੱਤਾ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਸਰਕਾਰ ਹੈ ਤੇ ਭ੍ਰਿਸ਼ਟਾਚਾਰ ਜ਼ਰਾ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ 'ਤੇ ਚੱਲ ਰਹੀ ਹੈ। ਇਸ ਸੰਘਰਸ਼ ਨੇ ਦਰਸਾਇਆ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਵਾਂਗ ਨਾ ਸਿਰਫ ਭ੍ਰਿਸਟਾਚਾਰ ਨੂੰ ਨੀਤੀ ਵਜੋਂ ਜਾਰੀ ਰੱਖ ਰਹੀ ਹੈ ਸਗੋਂ ਪਹਿਲਿਆਂ ਤੋਂ ਵੀ ਚਾਰ ਕਦਮ ਅੱਗੇ ਜਾਂਦਿਆਂ ਜੱਗ ਜ਼ਾਹਿਰ ਹੋ ਚੁੱਕੀ ਭ੍ਰਿਸ਼ਟ ਮੈਨਜਮੈਂਟ ਦੇ ਧੰਦੇ ਦੀ ਰਖਵਾਲੀ ਲਈ ਲੋਕਾਂ 'ਤੇ ਜਬਰ ਢਾਹੁੰਦੀ ਹੈ।
ਆਦਰਸ਼ ਸਕੂਲ ਦੇ ਇਹ ਅਧਿਆਪਕ ਜਿੰਨ੍ਹਾਂ 'ਚ ਮੁੱਖ ਗਿਣਤੀ ਔਰਤ ਅਧਿਆਪਕਾਵਾਂ ਦੀ ਹੈ, ਵੱਲੋਂ ਅਜਿਹੀ ਡਟਵੀਂ ਲੜਾਈ ਲੜਨ ਨੇ ਦਰਸਾਇਆ ਹੈ ਕਿ ਔਰਤਾਂ ਲਈ ਰੁਜ਼ਗਾਰ ਦਾ ਮਹੱਤਵ ਪੈਸਿਆਂ ਦੀ ਸਧਾਰਨ ਕਮਾਈ ਦੇ ਅਰਥਾਂ 'ਚ ਨਹੀਂ ਹੈ ਸਗੋਂ ਇਹ ਉਹਨਾਂ ਲਈ ਮਾਣ-ਸਨਮਾਨ ਵਾਲੀ ਜ਼ਿੰਦਗੀ ਲਈ ਅਹਿਮ ਸਾਧਨ ਵੀ ਹੈ। ਇਸ ਸਿਰੜੀ ਜਦੋਜਹਿਦ ਦੀ ਤਹਿ ਹੇਠਾਂ ਇਹ ਮਾਣ ਸਨਮਾਨ ਦੀ ਤਾਂਘ ਵੀ ਹਰਕਤਸ਼ੀਲ ਹੈ। ਰੁਜ਼ਗਾਰ 'ਤੇ ਹੋਣਾ ਔਰਤ ਦੀ ਜ਼ਿੰਦਗੀ 'ਚ ਕਈ ਤਰ੍ਹਾਂ ਦੀਆਂ ਆਜ਼ਾਦੀਆਂ/ਹੱਕਾਂ ਦੇ ਦੁਆਰ ਖੋਲ੍ਹਦਾ ਹੈ ਚਾਹੇ ਅਜੇ ਸਮੁੱਚੇ ਸਮਾਜੀ ਤਾਣੇ ਬਾਣੇ ਕਾਰਨ ਇਹ ਪੂਰੇ ਨਹੀਂ ਖੁੱਲ੍ਹਦੇ ਪਰ ਤਾਂ ਵੀ ਇਹ ਕਿਸੇ ਹੱਦ ਤੱਕ ਔਰਤ ਦੀ ਮੁਥਾਜਗੀ ਦੀ ਹਾਲਤ ਨੂੰ ਤਾਂ ਖੋਰਾ ਲਾਉਂਦਾ ਹੈ ਤੇ ਉਸਦੀ ਪਰਿਵਾਰਕ ਸਮਾਜਿਕ ਹੈਸੀਅਤ ਨੂੰ ਉਗਾਸਾ ਦਿੰਦਾ ਹੈ। ਇਸ ਪੱਖ ਤੋਂ ਔਰਤ ਅਧਿਆਪਕਾਵਾਂ ਲਈ ਰੁਜ਼ਗਾਰ ਦੀ ਰਾਖੀ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਜਾਂਦੀ ਹੈ।
ਇਸ ਮੌਜੂਦਾ ਸੰਘਰਸ਼ ਦੇ ਪਿਛੋਕੜ 'ਚ ਇੱਕ ਪ੍ਰਿੰਸੀਪਲ ਵੱਲੋਂ ਇਹਨਾਂ ਔਰਤ ਅਧਿਆਪਕਾਵਾਂ ਦੇ ਸਰੀਰਕ ਸੋਸ਼ਣ ਦੀ ਮਨਸ਼ਾ ਖ਼ਿਲਾਫ਼ ਡਟਵੀਂ ਆਵਾਜ਼ ਉਠਾਏ ਜਾਣ ਦਾ ਘਟਨਾ ਕ੍ਰਮ ਵੀ ਸ਼ਾਮਿਲ ਹੈ। ਇਹ ਪ੍ਰਿੰਸੀਪਲ ਔਰਤ ਅਧਿਆਪਕਾਂ ਨੂੰ ਦਬਾ ਕੇ ਰੱਖਣ ਦੀ ਵਿਸ਼ੇਸ਼ ਭੂਮਿਕਾ ਵੀ ਅਦਾ ਕਰਦਾ ਸੀ। ਅਧਿਆਪਕਾਂ ਵੱਲੋਂ ਇਸ ਖ਼ਿਲਾਫ਼ ਉਠਾਈ ਆਵਾਜ਼ ਕਾਰਨ ਇਸਨੂੰ ਇੱਥੋਂ ਤਬਦੀਲ ਕਰਵਾ ਦਿੱਤਾ ਗਿਆ ਸੀ ਪਰ ਮੈਨੇਜਮੈਂਟ ਨੇ ਇਸਨੂੰ ਆਪਣੇ ਦਾਬੇ ਨੂੰ ਚੁਣੌਤੀ ਵਜੋਂ ਲਿਆ ਸੀ ਤੇ ਉਸ ਵੱਲੋਂ ਅਧਿਆਪਕਾਂ ਨੂੰ ਨੌਕਰਿਓਂ ਕੱਢਣ ਕਾਰਨ ਇਹ ਟਕਰਾਅ ਤਿੱਖਾ ਹੋ ਗਿਆ ਸੀ ਤੇ ਜਨਵਰੀ ਮਹੀਨੇ ਤੋਂ ਇਹ ਬਕਾਇਦਾ ਸੰਘਰਸ਼ 'ਚ ਵਟ ਗਿਆ ਸੀ। ਇਸ ਸੰਘਰਸ਼ 'ਚ ਔਰਤਾਂ ਦੀ ਮਾਣ ਸਨਮਾਨ ਵਾਲੀ ਜ਼ਿੰਦਗੀ ਲਈ ਤੇ ਕੰਮ ਥਾਂਵਾਂ 'ਤੇ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਤੋਂ ਨਾਬਰੀ ਦੀ ਤਾਂਘ ਵੀ ਸਮੋਈ ਹੋਈ ਹੈ। ਔਰਤ ਹੱਕਾਂ ਲਈ ਤਾਂਘ ਵੀ ਇਸ ਸੰਘਰਸ਼ ਦਾ ਇੱਕ ਪਸਾਰ ਹੈ। ਇਸ ਸੰਘਰਸ਼ ਨੇ ਇਹ ਹਕੀਕਤ ਉਜਾਗਰ ਕੀਤੀ ਹੈ ਕਿ ਔਰਤਾਂ ਦੀ ਸਮਾਜਿਕ ਦਾਬੇ ਵਾਲੀ ਹੈਸੀਅਤ ਉਹਨਾਂ ਦੀ ਕਿਰਤ ਦੀ ਲੁੱਟ ਦਾ ਇੱਕ ਕਾਰਨ ਬਣਦੀ ਹੈ। ਅਜਿਹੇ ਸਕੂਲਾਂ 'ਚ ਆਮ ਕਰਕੇ ਕੁੜੀਆਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ 'ਤੇ ਰੱਖਿਆ ਜਾਂਦਾ ਹੈ ਅਤੇ ਦਾਬੇ ਹੇਠ ਰੱਖ ਕੇ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ। ਇਉਂ ਇਸ ਸਕੂਲ ਦੇ ਸਮੁੱਚੇ ਸੰਘਰਸ਼ 'ਚ ਔਰਤ ਅਧਿਆਪਕਾਂ ਵੱਲੋਂ ਇਸ ਦਾਬੇ ਨੂੰ ਦਿੱਤੀ ਗਈ ਚੁਣੌਤੀ ਵੀ ਸ਼ਾਮਿਲ ਹੈ। ਇਸ ਪਹਿਲੂ ਨੂੰ ਉਜਾਗਰ ਕਰਨ ਤੇ ਇਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਕਿਸਾਨ ਆਗੂਆਂ ਅਨੁਸਾਰ ਉਹਨਾਂ ਵੱਲੋਂ ਅਜਿਹੀ ਡਟਵੀਂ ਹਮਾਇਤ ਕਰਨ ਪਿੱਛੇ ਇਸ ਉਸਾਰੂ ਪੱਖ ਨੂੰ ਹੋਰ ਮਜ਼ਬੂਤ ਕਰਨ ਦੀ ਭਾਵਨਾ ਵੀ ਕੰਮ ਕਰਦੀ ਹੈ। ਇਸ ਦਾਬੇ ਨੂੰ ਚੁਣੌਤੀ ਸਧਾਰਨ ਆਰਥਿਕ ਮੰਗ ਤੋਂ ਕਿਤੇ ਅੱਗੇ ਦੀ ਗੱਲ ਬਣਦੀ ਹੈ ਤੇ ਸਮਾਜਿਕ ਚੇਤਨਾ ਦੇ ਪਸਾਰੇ ਪੱਖੋਂ ਅਹਿਮ ਹੈ। ਇਹ ਔਰਤਾਂ ਲਈ ਆਜ਼ਾਦੀ ਬਰਾਬਰੀ ਦੇ ਹੱਕਾਂ ਲਈ ਚੇਤਨਾ ਤੇ ਜਦੋਜਹਿਦ ਦੇ ਰਾਹ 'ਤੇ ਪੈਰ ਟਿਕਾਉਣ 'ਚ ਸਹਾਈ ਹੋਣ ਵਾਲਾ ਪਹਿਲੂ ਹੈ।
ਇਸ ਸੰਘਰਸ਼ 'ਚ ਜਿਸ ਤਰ੍ਹਾਂ ਕਿਸਾਨ ਜਥੇਬੰਦੀ ਵੱਲੋਂ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ, ਇਹ ਵੀ ਲੋਕਾਂ ਦੇ ਵੱਖ-ਵੱਖ ਤਬਕਿਆਂ ਦੀ ਸੰਘਰਸ਼ ਸਾਂਝ ਦੀਆਂ ਰਵਾਇਤਾਂ 'ਚ ਨਵੀਂਆਂ ਪੈਂੜਾਂ ਪਾਉਣ ਵਾਲੀ ਹੈ। ਇਹ ਹਮਾਇਤ ਸਧਾਰਨ ਰਸਮੀ ਹਮਾਇਤ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਜ਼ਿਲ੍ਹਾ ਬਠਿੰਡਾ ਲਗਾਤਾਰ ਤੇ ਹਰ ਪੱਖੋਂ ਸੰਘਰਸ਼ਸ਼ੀਲ ਅਧਿਆਪਕਾਂ ਦੀ ਢੋਈ ਬਣ ਕੇ ਨਿਭਿਆ ਹੈ। ਪਿਛਲੇ ਵਰ੍ਹੇ ਤੋਂ, ਪ੍ਰਿੰਸੀਪਲ ਖ਼ਿਲਾਫ਼ ਆਵਾਜ਼ ਉਠਾਉਣ ਵੇਲੇ ਤੋਂ ਲੈ ਕੇ ਕਿਸਾਨ ਜਥੇਬੰਦੀ ਹਰ ਮੋੜ 'ਤੇ ਅਤੇ ਹਰ ਕਦਮ 'ਤੇ ਅਧਿਆਪਕਾਂ ਨਾਲ ਸਰਗਰਮ ਸਹਿਯੋਗ ਤੇ ਰਾਬਤੇ 'ਚ ਰਹੀ ਹੈ। ਕਿਸਾਨ ਆਗੂਆਂ ਦਾ ਜੇਲ੍ਹ ਜਾਣਾ, ਪੁਲਿਸ ਤਸ਼ੱਦਦ ਸਹਿਣਾ ਤੇ ਝੂਠੇ ਪੁਲਿਸ ਕੇਸਾਂ 'ਚ ਮਾਰ 'ਚ ਆਉਣ ਵੇਲੇ ਅਜਿਹੀ ਭਾਵਨਾ ਪ੍ਰਗਟ ਹੋਈ ਹੈ, ਜਿਵੇਂ ਇਹ ਕਿਸਾਨਾਂ ਦਾ ਆਪਣਾ ਸੰਘਰਸ਼ ਹੋਵੇ। ਬਿਨ੍ਹਾਂ ਕਿਸੇ ਅਕੇਵੇਂ ਥਕੇਵੇਂ ਦੇ ਤੇ ਬਿੰਨਾਂ ਕਿਸੇ ਰੱਖ ਰਖਾਅ ਦੇ ਕੀਤੀ ਗਈ ਇਹ ਹਮਾਇਤ ਇਸ ਜਥੇਬੰਦੀ ਵੱਲੋਂ ਪਹਿਲਾਂ ਵੀ ਪਾਈਆਂ ਹੋਈਆਂ ਮਿਸਾਲੀ ਪਰਤਾਂ ਨੂੰ ਹੋਰ ਗੂੜ੍ਹਾ ਕਰਦੀ ਹੈ। ਅਧਿਆਪਕਾਂ ਨੂੰ ਕਿਸਾਨਾਂ ਦਾ ਸਾਥ ਹੀ ਨਹੀਂ ਸਗੋਂ ਸੰਘਰਸ਼ਾਂ ਦੇ ਲੰਮੇ ਤਜਰਬੇ 'ਚ ਅਗਵਾਈ ਵੀ ਹਾਸਿਲ ਹੋਈ ਹੈ ਜਿਸ ਕਾਰਨ ਏਨੀ ਸਖਤ ਤੇ ਲਮਕਵੀਂ ਜਦੋਜਹਿਦ ਸੰਭਵ ਹੋ ਸਕੀ ਹੈ। ਇਸ ਖੇਤਰ ਦੀਆਂ ਹੋਰਨਾਂ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਵੀ ਹਮਾਇਤੀ ਕੰਨ੍ਹਾ ਲਾਇਆ ਹੈ। ਰੈਗੂਲਰ ਅਧਿਆਪਕਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਲਗਾਤਾਰ ਹਮਾਇਤੀ ਸਹਿਯੋਗ ਦਿੱਤਾ ਗਿਆ ਹੈ ਤੇ ਰੈਗੂਲਰ, ਠੇਕਾ ਜਾਂ ਪ੍ਰਾਈਵੇਟ ਮੈਨੇਜਮੈਂਟ ਅਧੀਨ ਮੁਲਾਜ਼ਮਾਂ ਦੀ ਸੌੜੀ ਹੱਦਬੰਦੀ ਤੋਂ ਉੱਪਰ ਉੱਠਣ ਦੀ ਚੰਗੀ ਭਾਵਨਾ ਪ੍ਰਗਟ ਹੋਈ ਹੈ। ਚਾਹੇ ਅਜੇ, ਸੰਘਰਸ਼ ਦੀ ਮੁਕੰਮਲ ਫਤਿਹ ਬਾਕੀ ਹੈ ਪਰ ਜਨਤਕ ਸੰਘਰਸ਼ਾਂ ਦੇ ਪਿੜ੍ਹ 'ਚ ਇਸ ਵੱਲੋਂ ਪਾਈਆਂ ਪੈੜਾਂ ਫਤਿਹ ਹਾਸਿਲ ਹੋ ਜਾਣ ਵਰਗੀ ਰੰਗਤ ਸਿਰਜ ਰਹੀਆਂ ਹਨ। --0--
No comments:
Post a Comment