Friday, May 30, 2025

ਵਿਦਿਆਰਥੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਮੁਹਿੰਮ

 ਵਿਦਿਆਰਥੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਮੁਹਿੰਮ



ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵੱਲੋਂ ਮਾਰਚ ਮਹੀਨਾਭਰ ਸ਼ਰਧਾਂਜਲੀ ਮੁਹਿੰਮ ਚਲਾਈ ਗਈ। ਮੁਹਿੰਮ ਦੇ ਤਹਿਤ ਵੱਖ-ਵੱਖ ਕਾਲਜਾਂ ਤੇ ਪਿੰਡਾਂ ਦੇ ਵਿੱਚ ਇਕੱਤਰਤਾਵਾਂ, ਮਸ਼ਾਲ ਮਾਰਚ ਤੇ ਇਨਕਲਾਬੀ ਨਾਟਕ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ 'ਚ ਵਿਦਿਆਰਥੀ ਆਗੂਆਂ ਨੇ ਸੈਂਕੜੇ ਲੋਕਾਂ ਤੱਕ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਛਿੱਟਾ ਦਿੱਤਾ ਅਤੇ ਸਿੱਖਿਆ ਤੇ ਰੁਜ਼ਗਾਰ ਦੇ ਮੁੱਦਿਆਂ ਦੀ ਚਰਚਾ ਛੇੜੀ। ਸੰਗਰੂਰ ਜ਼ਿਲ੍ਹੇ ਦੇ ਪਿੰਡ ਢੀਂਡਸਾ ਦੇ ਵਿੱਚ ਨੌਜਵਾਨਾਂ ਦੀ ਟੀਮ ਵੱਲੋਂ ਪਿੰਡ ਵਿੱਚ ਫੰਡ ਇਕੱਠਾ ਕੀਤਾ ਗਿਆ। ਪਿੰਡ ਦੇ ਵਿਚਕਾਰ ਇਨਕਲਾਬੀ ਨਾਟਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸੱਤਪਾਲ ਬੰਗਾ ਦੀ ਨਿਰਦੇਸ਼ਾਂ ਹੇਠ "ਬੁੱਤ ਜਾਗ ਪਿਆ" ਦੀ ਪੇਸ਼ਕਾਰੀ ਕੀਤੀ ਗਈ। ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ "ਮੈਂ ਧਰਤੀ ਪੰਜਾਬ ਦੀ" ਕੋਰੋਗਰਾਫੀ ਵੀ ਪੇਸ਼ ਕੀਤੀ ਗਈ। ਅਵਤਾਰ ਤੇ ਇਕਬਾਲ ਚੜਿੱਕ ਦੇ ਵੱਲੋਂ ਭੰਡ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦੇ ਵਿੱਚ 500 ਲਗਭਗ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਸਰਕਾਰੀ ਰਣਵੀਰ ਕਾਲਜ ਸੰਗਰੂਰ ਤੇ ਖੇਮੂਆਣਾ (ਬਠਿੰਡਾ) ਵਿੱਚ ਇਨਕਲਾਬੀ ਨਾਟਕ ਸਮਾਗਮ ਕਰਵਾਏ ਗਏ ਜਿਸ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੌਜਵਾਨਾਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਮੁਹਿੰਮ ਦੇ ਤਹਿਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ, ਕੋਟਗੁਰੂ, ਘੁੱਦਾ, ਬਾਜਕ, ਰੋੜੀਕਪੂਰਾ, ਜੀਦਾ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕ ਤੇ ਚੱਠਾ ਦੇ ਵਿੱਚ ਮਸ਼ਾਲ ਮਾਰਚ ਕੀਤੇ ਗਏ। ਰਣਬੀਰ ਕਾਲਜ ਸੰਗਰੂਰ, ਕਿਰਤੀ ਕਾਲਜ ਨਿਆਲ ਪਾਤੜਾਂ, ਨੇਬਰਹੁੱਡ ਕੈਂਪਸ ਦੇਹਲਾ ਸੀਹਾਂ, ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਬਹਾਦਰਪੁਰ, ਆਈ ਟੀ ਆਈ ਪਾਤੜਾਂ, ਆਈ ਟੀ ਆਈ ਬੁਢਲਾਡਾ, ਆਈ ਟੀ ਆਈ ਮੂਨਕ, ਯੂਨੀਵਰਸਿਟੀ ਕਾਲਜ ਘੁੱਦਾ, ਟੀਪੀਡੀ ਕਾਲਜ ਰਾਮਪੁਰਾ ਫੂਲ, ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ, ਰੀਜਨਲ ਸੈਂਟਰ ਬਠਿੰਡਾ ਤੇ ਰਾਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਵਿਦਿਆਰਥੀ ਇਕੱਤਰਤਾਵਾਂ ਕੀਤੀਆਂ ਗਈਆਂ ਤੇ ਪਰਚਾ ਵੰਡਿਆ ਗਿਆ।

ਮੁਹਿੰਮ ਦੇ ਤਹਿਤ ਸੈਂਕੜੇ ਵਿਦਿਆਰਥੀਆਂ ਨੌਜਵਾਨਾਂ ਨੂੰ ਸੰਬੋਧਿਤ ਹੋਇਆ ਗਿਆ। ਬੁਲਾਰਿਆਂ ਨੇ ਸੰਬੋਧਨ ਰਾਹੀਂ ਕਿਹਾ ਕਿ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ 'ਤੇ ਜ਼ੋਰਦਾਰ ਹਕੂਮਤੀ ਹੱਲੇ ਕਰਕੇ ਵਿਦਿਆਰਥੀ ਨੌਜਵਾਨ ਵਰਗ ਵੱਡੀਆਂ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ। ਹਰੇਕ ਵਿਅਕਤੀ ਦੀ ਲੋੜ ਬਣ ਚੁੱਕੀ ਸਿੱਖਿਆ ਵੱਡੇ ਧਨਾਢਾਂ ਤੇ ਕਾਰੋਬਾਰੀਆਂ ਖਾਤਰ ਮੁਨਾਫੇ ਕਮਾਉਣ ਤੇ ਵਿਦਿਆਰਥੀਆਂ ਦੀ ਲੁੱਟ ਦਾ ਸਾਧਨ ਬਣ ਗਈ ਹੈ। ਸਰਕਾਰੀ ਸਿੱਖਿਆ ਲਈ ਰੱਖਿਆ ਜਾਂਦਾ ਬਜਟ ਆਏ ਸਾਲ ਘਟਾ ਦਿੱਤਾ ਜਾਂਦਾ ਹੈ, ਇਹਨਾਂ ਸੰਸਥਾਵਾਂ ਨੂੰ ਆਉਂਦੀ ਗਰਾਂਟ ਦਾ ਕੀਰਤਨ ਸੋਹਿਲਾ ਪੜ੍ਹ ਦਿੱਤਾ ਗਿਆ ਹੈ। ਯੂਨੀਵਰਸਿਟੀਆਂ ਤੇ ਸਰਕਾਰੀ/ ਅਰਧ ਸਰਕਾਰੀ ਕਾਲਜਾਂ ਨੂੰ ਗਰਾਂਟਾਂ ਦੀ ਉਡੀਕ ਕਰਨ ਦੀ ਬਜਾਏ ਆਵਦੇ ਖ਼ਰਚੇ ਆਪ ਜਟਾਉਣ ਲਈ ਕਹਿ ਦਿੱਤਾ ਗਿਆ ਹੈ। ਨਤੀਜਾ ਇਹ ਹੈ ਕਿ ਇਹਨਾਂ ਸੰਸਥਾਵਾਂ ਦਾ ਬੁਨਿਆਦੀ ਸਹੂਲਤਾਂ ਪੱਖੋਂ ਮੰਦਾ ਹਾਲ ਹੈ। ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਪ੍ਰਾਈਵੇਟ ਕਰਨ ਦੇ ਰਾਹ ਵਧਿਆ ਜਾ ਰਿਹਾ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਪਹਿਲਾਂ ਹੀ ਲੁੱਟ ਦੀਆਂ ਦੁਕਾਨਾਂ ਬਣੀਆਂ ਹੋਈਆਂ ਹਨ, ਇਹਨਾਂ ਸੰਸਥਾਵਾਂ ਦੇ ਫੀਸਾਂ ਤੇ ਫੰਡਾਂ ਨੂੰ ਕਾਬੂ ਹੇਠ ਰੱਖਣ ਵਾਲੇ ਸਰਕਾਰੀ ਨਿਯਮਾਂ ਨੂੰ ਪਹਿਲਾਂ ਹੀ ਸਿੱਖਿਆ ਪਸਾਰੇ ਦੇ ਰਾਹ ਵਿੱਚ ਅੜਿੱਕਾ ਦੱਸ ਕੇ ਛੂ ਮੰਤਰ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਬੇਕਿਰਕ ਲੁੱਟ ਤੇ ਮਾਨਸਿਕ ਦਾਬੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਫੀਸਾਂ ਦਾ ਖਰਚਾ ਚੁੱਕ ਸਕਣ ਦੀ ਸਮਰੱਥਾ ਨਾ ਹੋਣ ਕਰਕੇ ਵੱਡੀ ਗਿਣਤੀ ਵਿਦਿਆਰਥੀ ਸਿੱਖਿਆ ਖੇਤਰ  'ਚੋਂ ਬਾਹਰ ਹੋ ਰਹੇ ਹਨ। ਨਿੱਜੀਕਰਨ, ਵਪਾਰੀ ਕਰਨ ਦੀ ਇਹ ਹਨੇਰੀ ਸਾਡੇ ਰਿਆਇਤੀ ਬੱਸ ਪਾਸ ਵੀ ਉਡਾ ਕੇ ਲੈ ਗਈ ਹੈ। ਸਰਕਾਰੀ ਸ਼ਹਿ ਪ੍ਰਾਪਤ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਤੇ ਉਤੋਂ ਵੱਧਦੇ ਬੱਸ ਕਿਰਾਏ ਵਿਦਿਆਰਥੀਆਂ ਦਾ ਕਚੂੰਬਰ ਕੱਢ ਰਹੇ ਹਨ।

 ਸਾਡੀ ਇਹ ਹਾਲਤ ਸਾਡੇ ਕੋਲੋਂ ਉਹੋ ਜਿਹਾ ਹੁੰਗਾਰਾ ਮੰਗਦੀ ਹੈ ਜਿਵੇਂ ਕਦੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਅਗਵਾਈ ਵਿੱਚ ਮੁਲਕ ਦੀ ਜਵਾਨੀ ਨੇ ਭਰਿਆ ਸੀ। ਸਾਨੂੰ ਹਾਕਮਾਂ ਵੱਲੋਂ ਪ੍ਰਚਾਰੇ ਜਾ ਰਹੇ ਲੱਚਰ ਸੱਭਿਆਚਾਰ, ਫੈਸ਼ਨ, ਨਸ਼ੇ, ਗੁੰਡਾਗਰਦੀ ਆਦਿ ਤੋਂ ਬਚਣਾ ਚਾਹੀਦਾ ਹੈ ਤੇ ਸ਼ਹੀਦਾਂ ਵੱਲੋਂ ਦਰਸਾਏ ਰਾਹ 'ਤੇ ਚੱਲਣਾ ਚਾਹੀਦਾ ਹੈ। ਇਹੋ ਸਾਡੇ ਇਹਨਾਂ ਨਾਇਕਾਂ ਨੂੰ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।

--0--

No comments:

Post a Comment