Saturday, May 24, 2025

ਹਿਮਾਂਸ਼ੂ ਕੁਮਾਰ ਦੀ ਪੰਜਾਬ ਫੇਰੀ ਦਾ ਪੁਰਜ਼ੋਰ ਸੰਦੇਸ਼

ਹਿਮਾਂਸ਼ੂ ਕੁਮਾਰ ਦੀ ਪੰਜਾਬ ਫੇਰੀ ਦਾ ਪੁਰਜ਼ੋਰ ਸੰਦੇਸ਼ 

ਭਗਵਾ ਹਕੂਮਤ 'ਮੁਕਾਬਲਿਆਂ' ਦੇ ਨਾਂ 'ਤੇ ਕਤਲੇਆਮ ਅਤੇ ਉਜਾੜਾ ਬੰਦ ਕਰੇ

                                                                                                                                     -ਬੂਟਾ ਸਿੰਘ ਮਹਿਮੂਦਪੁਰ     


ਉੱਘੇ ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ ਨੇ 22 ਮਾਰਚ ਤੋਂ 8 ਅਪ੍ਰੈਲ ਤੱਕ ਪੰਜਾਬ ਵਿਚ 'ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ' ਦੇ ਸੱਦੇ 'ਤੇ ਵੱਖ-ਵੱਖ ਥਾਵਾਂ ਉੱਪਰ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਇਹ ਮੁਹਿੰਮ ਪੰਜਾਬ ਦੇ ਲੋਕਾਂ ਨੂੰ ਆਦਿਵਾਸੀਆਂ ਦੀ ਨਸਲਕੁਸ਼ੀ, ਉਜਾੜੇ ਅਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਬਾਰੇ ਜਾਗਰੂਕ ਕਰਨ ਲਈ ਚਲਾਈ ਗਈ ਸੀ, ਜੋ ਕਿ ਕੇਂਦਰ ਸਰਕਾਰ ਵੱਲੋਂ 'ਵਿਕਾਸ' ਦੇ ਨਾਂ 'ਤੇ ਕਾਰਪੋਰੇਟ ਧਾੜਵੀਆਂ ਦਾ ਆਦਿਵਾਸੀ ਇਲਾਕਿਆਂ ਦੇ ਕੁਦਰਤੀ ਵਸੀਲਿਆਂ, ਜੰਗਲਾਂ, ਜ਼ਮੀਨਾਂ ਅਤੇ ਖਣਿਜਾਂ 'ਤੇ ਕਬਜ਼ਾ ਕਰਾਉਣ ਲਈ ਕੀਤਾ ਜਾ ਰਿਹਾ ਹੈ।

ਇਸ ਫੇਰੀ ਦੀ ਸ਼ੁਰੂਆਤ 22 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਧਰਤੀ ਖਟਕੜ ਕਲਾਂ ਤੋਂ ਹੋਈ।  ਉੱਥੇ ਹਿਮਾਂਸ਼ੂ ਕੁਮਾਰ ਜੀ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਸ਼ਹੀਦੀ ਯਾਦਗਾਰ ਕਮੇਟੀ, ਬੰਗਾ ਵੱਲੋਂ ਹਰ ਸਾਲ ਆਯੋਜਤ ਕੀਤੇ ਜਾਂਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਬੁਲਾਵਾ ਦਿੱਤਾ।

 ਅਗਲੇ ਦਿਨ, ਇਹ ਕਾਫ਼ਲਾ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਦੇ ਪਿੰਡ ਤਲਵੰਡੀ ਸਲੇਮ ਪਹੁੰਚਿਆ। ਉੱਥੇ ਸ਼ਹੀਦ ਪਾਸ਼-ਹੰਸ ਰਾਜ ਸਮੇਤ 23 ਮਾਰਚ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਆਯੋਜਤ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਿਮਾਂਸ਼ੂ ਕੁਮਾਰ ਨੇ ਕਾਰਪੋਰੇਟ 'ਵਿਕਾਸ' ਮਾਡਲ ਥੋਪਣ ਦੇ ਉਦੇਸ਼ ਨਾਲ ਹਕੂਮਤ ਵੱਲੋਂ ਆਦਿਵਾਸੀਆਂ ਅਤੇ ਇਨਕਲਾਬੀ ਕਾਰਕੁਨਾਂ ਦੇ ਕਤਲੇਆਮ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।

25 ਮਾਰਚ ਨੂੰ ਹਿਮਾਂਸ਼ੂ ਕੁਮਾਰ ਨੇ ਅੰਮ੍ਰਿਤਸਰ ਵਿਚ ਜਮਹੂਰੀ ਫਰੰਟ ਵੱਲੋਂ ਕਰਵਾਏ ਗਏ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਜੱਲਿਆਂਵਾਲਾ ਬਾਗ਼ ਸਾਮਰਾਜਵਾਦ ਅਤੇ ਫਿਰਕਾਪ੍ਰਸਤੀ ਵਿਰੋਧੀ ਸੰਘਰਸ਼ ਦੇ ਗੌਰਵਮਈ ਇਤਿਹਾਸ ਦਾ ਚਿੰਨ੍ਹ ਅਤੇ ਇਤਿਹਾਸਕ ਧਰਤੀ ਹੈ। 28 ਮਾਰਚ ਨੂੰ ਉਨ੍ਹਾਂ ਨੇ ਫਿਰੋਜ਼ਪੁਰ ਨੇੜੇ ਹੁਸੈਨੀਵਾਲਾ 'ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ, ਜੋ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦਾ ਪ੍ਰਤੀਕ ਇਤਿਹਾਸਕ ਸਥਾਨ ਹੈ। ਇੱਥੇ ਉਨ੍ਹਾਂ ਨੇ ਕਿਸਾਨ ਆਗੂਆਂ ਦੀ ਮੰਗ  'ਤੇ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਧਰਨੇ ਮੌਕੇ ਵੀ ਸੰਬੋਧਨ ਕੀਤਾ।  ਕਿਸਾਨ ਇਕੱਠ ਨੂੰ ਇਸ ਜਾਬਰ ਮੁਹਿੰਮ ਵਿਚ ਪੰਜਾਬ ਵਰਗੇ ਖੇਤਰਾਂ ਲਈ ਸਮੋਏ ਭਵਿੱਖੀ ਖ਼ਤਰਿਆਂ ਤੋਂ ਵੀ ਸੁਚੇਤ ਕੀਤਾ।

30 ਮਾਰਚ ਨੂੰ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਵਿਚ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਸਥਾਨਕ ਇਕਾਈ ਵੱਲੋਂ ਆਯੋਜਿਤ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਅਗਲੇ ਦਿਨ, 31 ਮਾਰਚ ਨੂੰ ਉਨ੍ਹਾਂ ਨੇ ਪਟਿਆਲਾ ਦੇ ਪ੍ਰਭਾਤ ਪਰਵਾਨਾ ਹਾਲ ਵਿਚ ਡੈਮੋਕਰੇਟਿਕ ਡਿਸਕਸ਼ਨ ਫੋਰਮ ਦੁਆਰਾ ਆਯੋਜਿਤ ਵਿਚਾਰ-ਚਰਚਾ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇੱਥੇ ਉਨ੍ਹਾਂ ਨੇ ਜਮਹੂਰੀ ਤੇ ਸਾਹਿਤਕ ਸ਼ਖ਼ਸੀਅਤਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਪੁਸਤਕ ਮੇਲੇ ਵਿਚ ਹਿੱਸਾ ਲਿਆ ਅਤੇ ਵਿਦਿਆਰਥੀਆਂ, ਅਕਾਦਮਿਕਾਂ ਅਤੇ ਕਾਰਕੁਨਾਂ ਨਾਲ ਵੀ ਚਰਚਾ ਕੀਤੀ।

3 ਅਪ੍ਰੈਲ ਨੂੰ ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਦੀ ਫਗਵਾੜਾ ਇਕਾਈ ਵੱਲੋਂ ਆਯੋਜਤ ਕਨਵੈਨਸ਼ਨ ਨੂੰ ਸੰਬੋਧਨ ਕੀਤਾ। 4 ਅਪ੍ਰੈਲ ਨੂੰ ਉਨ੍ਹਾਂ ਨੇ ਜਮਹੂਰੀ ਅਧਿਕਾਰ ਸਭਾ ਦੀ ਚੰਡੀਗੜ੍ਹ ਇਕਾਈ ਵੱਲੋਂ ਆਯੋਜਤ ਕਨਵੈਨਸ਼ਨ ਨੂੰ ਸੰਬੋਧਨ ਕੀਤਾ ਜਿੱਥੇ ਵੱਡੀ ਗਿਣਤੀ 'ਚ ਲੋਕ ਪੱਖੀ ਚਿੰਤਕ ਅਤੇ ਜਮਹੂਰੀ ਕਾਰਕੁਨ ਹਾਜ਼ਰ ਸਨ। 5 ਅਪ੍ਰੈਲ ਨੂੰ ਉਨ੍ਹਾਂ ਨੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਦੋ-ਰੋਜ਼ਾ ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕੀਤਾ। 6 ਅਪ੍ਰੈਲ ਨੂੰ ਉਨ੍ਹਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਵੱਲੋਂ ਆਯੋਜਤ ਕਨਵੈਨਸ਼ਨ ਵਿਚ ਹਾਜ਼ਰ ਵੱਡੀ ਗਿਣਤੀ ਲੋਕਾਂ ਵਿਚ ਆਪਣੇ ਵਿਚਾਰ ਪੇਸ਼ ਕੀਤੇ। 7 ਅਪ੍ਰੈਲ ਨੂੰ ਉਨ੍ਹਾਂ ਨੇ ਪੰਜਾਬੀ ਭਵਨ ਲੁਧਿਆਣਾ ਵਿਚ ਜਮਹੂਰੀ ਫਰੰਟ ਵੱਲੋਂ ਆਯੋਜਤ ਕਨਵੈਨਸ਼ਨ ਨੂੰ ਸੰਬੋਧਨ ਕੀਤਾ। 8 ਅਪ੍ਰੈਲ ਦੇ ਇਤਿਹਾਸਕ ਦਿਨ, ਜਦੋਂ 1929 ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਦੀ ਸੈਂਟਰਲ ਅਸੈਂਬਲੀ ਵਿਚ ਹਾਨੀਰਹਿਤ ਬੰਬ ਸੁੱਟ ਕੇ ਬਰਤਾਨਵੀ ਹਕੂਮਤ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਜਮਹੂਰੀ ਫਰੰਟ ਵੱਲੋਂ ਮੁਹਿੰਮ ਦਾ ਸਮਾਪਤੀ ਸਮਾਗਮ ਬਠਿੰਡਾ ਦੇ ਟੀਚਰਜ਼ ਹੋਮ ਵਿਚ ਜਥੇਬੰਦ ਕੀਤਾ ਗਿਆ। ਜਿਸ ਵਿਚ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਬਠਿੰਡੇ ਦੀਆਂ ਜਮਹੂਰੀ ਤੇ ਸੱਭਿਆਚਾਰਕ-ਸਾਹਿਤਕ ਜਥੇਬੰਦੀਆਂ ਵੱਲੋਂ ਜੋਸ਼-ਖਰੋਸ਼ ਨਾਲ ਸ਼ਮੂਲੀਅਤ ਕੀਤੀ ਗਈ। ਬਾਅਦ ਵਿਚ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ। ਇਸੇ ਦਿਨ ਸ਼ਾਮ ਨੂੰ ਹਿਮਾਂਸ਼ੂ ਕੁਮਾਰ ਜੀ ਵੱਲੋਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਆਯੋਜਤ ਰੂਬਰੂ ਸਮਾਗਮ ਵਿਚ ਸ਼ਾਮਲ ਹੋ ਕੇ ਆਪਣੇ ਵਿਚਾਰ ਤੇ ਸਰੋਕਾਰ ਸਾਂਝੇ ਕੀਤੇ ਗਏ।

ਇਨ੍ਹਾਂ ਇਕੱਠਾਂ ਨੂੰ ਮੁੱਖ ਵਕਤਾ ਹਿਮਾਂਸ਼ੂ ਕੁਮਾਰ ਅਤੇ ਫਰੰਟ ਦੇ ਆਗੂਆਂ ਡਾ. ਪਰਮਿੰਦਰ, ਬੂਟਾ ਸਿੰਘ ਮਹਿਮੂਦਪੁਰ, ਪ੍ਰੋਫੈਸਰ ਏਕੇ ਮਲੇਰੀ, ਯਸ਼ਪਾਲ, ਸੁਮੀਤ ਸਿੰਘ, ਜਗਸੀਰ ਜੀਦਾ, ਰਾਮ ਸਵਰਨ ਲੱਖੇਵਾਲੀ ਤੋਂ ਇਲਾਵਾ ਜਨਤਕ-ਜਮਹੂਰੀ ਜਥੇਬੰਦੀਆਂ ਦੇ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀ "2026 ਤੱਕ ਨਕਸਲਵਾਦ ਖਤਮ ਕਰਨ" ਦੀ ਨੀਤੀ ਕਾਰਪੋਰੇਟ ਪ੍ਰੋਜੈਕਟਾਂ ਲਈ ਜ਼ਮੀਨ ਸਾਫ਼ ਕਰਨ ਦੀ ਫਾਸ਼ੀਵਾਦੀ ਸਾਜ਼ਿਸ਼ ਹੈ, ਨਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ। ਛੱਤੀਸਗੜ੍ਹ ਵਿਚ ਜਨਵਰੀ 2024 ਤੋਂ "ਓਪਰੇਸ਼ਨ ਕਗਾਰ" ਤਹਿਤ ਲੱਗਭੱਗ 400 ਲੋਕਾਂ ਨੂੰ ਕਤਲ ਕੀਤਾ ਗਿਆ ਹੈ (ਜਿਨ੍ਹਾਂ ਵਿਚ 140 ਔਰਤਾਂ ਅਤੇ ਬਹੁਤ ਸਾਰੇ ਬੱਚੇ ਵੀ ਸ਼ਾਮਲ ਹਨ)। ਇਹ ਕਤਲੇਆਮ ਦਿਨੋ-ਦਿਨ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਹਥਿਆਰਬੰਦ ਟਾਕਰੇ ਦਾ ਮੂਲ ਕਾਰਨ ਘੋਰ ਨਾਬਰਾਬਰੀ ਅਤੇ ਨੰਗੇ ਅਨਿਆਂ 'ਤੇ ਆਧਾਰਤ ਸਮਾਜਿਕ-ਆਰਥਕ ਪ੍ਰਬੰਧ ਹੈ ਅਤੇ ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ ਦੀਆਂ ਨੀਤੀਆਂ ਪਹਿਲਾਂ ਹੀ ਹਾਸ਼ੀਏ 'ਤੇ ਧੱਕੇ ਦੱਬੇ ਕੁਚਲੇ ਹਿੱਸਿਆਂ ਦਾ ਉਜਾੜਾ, ਤਬਾਹੀ ਅਤੇ ਕਤਲੇਆਮ ਕਰਕੇ ਹੋਰ ਜ਼ਿਆਦਾ ਨਾਬਰਾਬਰੀ ਅਤੇ ਸਮਾਜਿਕ ਅਨਿਆਂ ਥੋਪ ਰਹੀਆਂ ਹਨ। ਫਾਸ਼ੀਵਾਦੀ ਹਕੂਮਤ ਨੇ ਪੂਰੀ ਤਰ੍ਹਾਂ ਹੱਕੀ ਸੰਘਰਸ਼ਾਂ ਨੂੰ ਦੇਸ਼ ਵਿਰੋਧੀ ਜੁਰਮ ਕਰਾਰ ਦੇ ਦਿੱਤਾ ਹੈ ਅਤੇ ਵਿਰੋਧ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਜੇਲ੍ਹਾਂ ਵਿਚ ਸੁੱਟ ਕੇ ਜਮਹੂਰੀ ਹੱਕਾਂ ਦਾ ਬੇਦਰੇਗ ਘਾਣ ਕੀਤਾ ਜਾ ਰਿਹਾ ਹੈ। ਅਦਾਲਤਾਂ ਉਲਟਾ ਮਜ਼ਲੂਮਾਂ ਨੂੰ ਹੀ ਦਬਾ ਰਹੀਆਂ ਹਨ ਅਤੇ ਜਵਾਬਦੇਹੀ ਦੀ ਮੰਗ ਕਰਨ ਵਾਲਿਆਂ 'ਤੇ ਜੁਰਮਾਨਾ ਠੋਕ ਰਹੀਆਂ ਹਨ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਇਹ ਰਾਜਕੀ ਦਹਿਸ਼ਤਵਾਦ ਸਿਰਫ਼ ਆਦਿਵਾਸੀ ਇਲਾਕਿਆਂ (ਬਸਤਰ, ਝਾਰਖੰਡ, ਓੜੀਸਾ) ਅਤੇ ਕਸ਼ਮੀਰ, ਮਨੀਪੁਰ ਆਦਿ ਤੱਕ ਸੀਮਤ ਨਹੀਂ ਰਹੇਗਾ, ਜੇਕਰ ਲੋਕਾਂ ਵੱਲੋਂ ਜਨਤਕ ਵਿਰੋਧ ਉਸਾਰਕੇ ਇਸ ਨੂੰ ਠੱਲ੍ਹ ਨਾ ਪਾਈ ਗਈ ਤਾਂ ਇਹ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿਕਸਤ ਖੇਤੀਬਾੜੀ ਖੇਤਰਾਂ ਨੂੰ ਵੀ ਆਪਣੀ ਮਾਰ ਹੇਠ ਲਿਆਏਗਾ।

ਇਸ ਸਮੁੱਚੀ ਮੁਹਿੰਮ ਦਾ ਗਿਣਨਯੋਗ ਹਾਸਲ ਇਹ ਸੀ ਕਿ ਇਸ ਨੇ ਮੁਲਕ ਦੇ ਦੂਰ-ਦਰਾਜ ਇਲਾਕਿਆਂ ਵਿਚ ਆਦਿਵਾਸੀ ਲੋਕਾਂ ਅਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਵੱਲ ਜਨਤਕ ਜਮਹੂਰੀ ਤਾਕਤਾਂ ਦਾ ਧਿਆਨ ਖਿੱਚਿਆ ਅਤੇ ਇਸ ਦੇ ਵਿਰੋਧ ਦੇ ਮਹੱਤਵ ਨੂੰ ਸੰਘਰਸ਼ਸ਼ੀਲ ਕਾਫ਼ਲਿਆਂ ਦੀ ਚੇਤਨਾ ਦਾ ਹਿੱਸਾ ਬਣਾਉਣ ਲਈ ਹੰਭਲਾ ਮਾਰਿਆ। ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ, ਸਾਹਿਤਕ-ਸੱਭਿਆਚਾਰਕ ਕਾਮੇ, ਜਮਹੂਰੀ ਹੱਕਾਂ ਦੇ ਪਹਿਰੇਦਾਰ, ਤਰਕਸ਼ੀਲ, ਲੋਕਪੱਖੀ ਪੱਤਰਕਾਰ, ਲੇਖਕ, ਚਿੰਤਕ ਅਤੇ ਹੋਰ ਇਨਸਾਫ਼ਪਸੰਦ ਹਿੱਸੇ ਫਾਸ਼ੀਵਾਦੀ ਵਿਰੋਧੀ ਜਮਹੂਰੀ ਲਾਮਬੰਦੀ ਦਾ ਹਿੱਸਾ ਬਣੇ। ਪਲਸ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਬੀਕੇਯੂ (ਏਕਤਾ-ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਸ਼ਹੀਦੀ ਯਾਦਗਾਰ ਕਮੇਟੀ ਬੰਗਾ,  ਸ਼ਹੀਦ ਪਾਸ਼-ਹੰਸਰਾਜ ਯਾਦਗਾਰ ਕਮੇਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਕ੍ਰਾਂਤੀਕਾਰੀ ਮਜ਼ਦੂਰ ਕੇਂਦਰ ਅਤੇ ਹੋਰ ਬਹੁਤ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਭਰਵਾਂ ਸਹਿਯੋਗ ਦਿੱਤਾ ਗਿਆ ਅਤੇ ਸਰਗਰਮ ਸ਼ਮੂਲੀਅਤ ਕੀਤੀ ਗਈ। ਇਹ ਮੁਹਿੰਮ ਸਮੇਂ ਦਾ ਤਕਾਜ਼ਾ ਹੈ ਅਤੇ ਇਸ ਜਮਹੂਰੀ ਸੋਝੀ ਅਤੇ ਇਕਜੁੱਟਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਧੇਰੇ ਸੁਚੇਤ ਅਤੇ ਸੁਹਿਰਦ ਹੋ ਕੇ ਕੋਸ਼ਿਸ਼ਾਂ ਜੁਟਾਉਣੀਆਂ ਚਾਹੀਦੀਆਂ ਹਨ।

ਇਨ੍ਹਾਂ ਇਕੱਠਾਂ ਵਿਚ ਮਤੇ ਪਾਸ ਕਰਕੇ ਪੁਰਜ਼ੋਰ ਮੰਗ ਕੀਤੀ ਗਈ ਕਿ ਓਪਰੇਸ਼ਨ ਕਗਾਰ ਖ਼ਤਮ ਕੀਤਾ ਜਾਵੇ, ਆਦਿਵਾਸੀ ਇਲਾਕਿਆਂ ਵਿਚ 'ਮੁਕਾਬਲਿਆਂ', ਡਰੋਨ ਹਮਲਿਆਂ ਅਤੇ ਵੱਖ-ਵੱਖ ਰੂਪਾਂ 'ਚ ਕਤਲੇਆਮ ਤੁਰੰਤ ਬੰਦ ਕੀਤਾ ਜਾਵੇ। 'ਅੰਦਰੂਨੀ ਸੁਰੱਖਿਆ' ਦੇ ਨਾਂ 'ਤੇ ਭਾਰਤੀ ਨਾਗਰਿਕਾਂ ਖਿਲਾਫ਼ ਨੀਮ-ਫ਼ੌਜੀ ਜਾਬਰ ਕਾਰਵਾਈਆਂ ਬੰਦ ਕੀਤੀਆਂ ਜਾਣ। ਮਾਓਵਾਦੀਆਂ ਨਾਲ ਬਿਨਾਂ ਸ਼ਰਤ ਗੱਲਬਾਤ ਸ਼ੁਰੂ ਕਰਕੇ ਮੂਲ ਸਮਾਜਿਕ ਅਤੇ ਆਰਥਕ ਮੁੱਦਿਆਂ ਦਾ ਹੱਲ ਲੱਭਿਆ ਜਾਵੇ। ਆਦਿਵਾਸੀ ਖੇਤਰਾਂ ਵਿੱਚੋਂ ਸਾਰੇ ਸੁਰੱਖਿਆ ਕੈਂਪ ਹਟਾਏ ਜਾਣ ਅਤੇ ਨਵੇਂ ਕੈਂਪ ਬਣਾਉਣੇ ਬੰਦ ਕੀਤੇ ਜਾਣ। ਯੂਏਪੀਏ, ਅਫਸਪਾ, ਪੀਐਸਏ ਵਰਗੇ ਜਾਬਰ ਕਾਨੂੰਨ ਰੱਦ ਕੀਤੇ ਜਾਣ। ਕਾਰਪੋਰੇਟ ਵਿਕਾਸ ਮਾਡਲ ਰੱਦ ਕੀਤਾ ਜਾਵੇ ਅਤੇ ਕੋਈ ਵੀ 'ਵਿਕਾਸ' ਪ੍ਰੋਜੈਕਟ ਲਾਉਣ ਤੋਂ ਪਹਿਲਾਂ ਲੋਕਾਂ ਦੀ ਪੂਰੀ ਤਰ੍ਹਾਂ ਸੁਤੰਤਰ ਸਹਿਮਤੀ ਲੈਣਾ ਅਤੇ ਵਾਤਾਵਰਣ ਕਾਨੂੰਨਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਜ਼ਮੀਨ, ਜਲ ਅਤੇ ਜੰਗਲ ਯਾਨੀ ਜੰਗਲਾਂ-ਪਹਾੜਾਂ ਦੇ ਕੁਦਰਤੀ ਵਸੀਲਿਆਂ ਉੱਪਰ ਆਦਿਵਾਸੀਆਂ ਦਾ ਹੱਕ ਸੰਵਿਧਾਨਕ ਪੰਜਵੀਂ ਅਨੁਸੂਚੀ ਤਹਿਤ ਸਵੀਕਾਰ ਕੀਤਾ ਜਾਵੇ। ਝੂਠੇ ਕੇਸਾਂ ਰਾਹੀਂ ਕਾਰਕੁਨਾਂ, ਬੁੱਧੀਜੀਵੀਆਂ ਅਤੇ ਹਕੂਮਤ ਉੱਪਰ ਸਵਾਲ ਉਠਾਉਣ ਵਾਲਿਆਂ ਨੂੰ ਝੂਠੇ ਕੇਸਾਂ ਰਾਹੀਂ ਦਬਾਉਣਾ/ਜੇਲ੍ਹਾਂ 'ਚ ਡੱਕਣਾ ਬੰਦ ਕੀਤਾ ਜਾਵੇ। ਫਾਸ਼ੀਵਾਦੀ ਜਬਰ ਦਾ ਸੰਦ ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ ਅਤੇ ਸਾਰੇ ਹੀ ਰਾਜਨੀਤਕ ਕੈਦੀਆਂ ਅਤੇ ਅੰਡਰ-ਟਰਾਇਲਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਕ ਵਿਸ਼ੇਸ਼ ਮਤਾ ਪਾਸ ਕਰਕੇ ਚਾਓਕੇ ਆਦਰਸ਼ ਸਕੂਲ ਦੇ ਸੰਘਰਸ਼ ਵਿਚ ਅਧਿਆਪਕਾਂ ਅਤੇ ਜਨਤਕ ਆਗੂਆਂ ਉੱਪਰ ਵਹਿਸ਼ੀਆਨਾ ਜਬਰ ਢਾਹੁਣ ਅਤੇ ਆਗੂਆਂ ਨੂੰ ਜੇਲ੍ਹਾਂ ਵਿਚ ਡੱਕਣ ਅਤੇ ਪੁਲਿਸ ਫੋਰਸਾਂ ਦੇ ਕਟਕ ਚੜ੍ਹਾ ਕੇ ਵੱਖ-ਵੱਖ ਕਿਸਾਨ ਸੰਘਰਸ਼ਾਂ ਨੂੰ ਦਬਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ।

ਇਸ ਮੁਹਿੰਮ ਨੇ ਵਿਸ਼ੇਸ਼ ਕਰਕੇ ਪੰਜਾਬ ਵਾਸੀਆਂ ਨੂੰ ਪੰਜਾਬ ਅੰਦਰ ਬਸਤਰ ਅਤੇ ਫਲਸਤੀਨ ਵਰਗੇ ਹਾਲਾਤ ਬਣਾ ਧਰਨ ਅਤੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਮਨ ਆਈਆਂ ਕਰਨ ਦੇ ਮਨਸੂਬੇ ਨਾਕਾਮ ਕਰਨ ਲਈ ਹੁਣ ਤੋਂ ਖ਼ਬਰਦਾਰ ਰਹਿਣ ਅਤੇ ਲੋਕਾਂ ਦੀ ਜ਼ਬਰਦਸਤ ਟਾਕਰਾ ਲਹਿਰ ਉਸਾਰਨ ਪ੍ਰਤੀ ਜਾਗਣ ਦਾ ਸਫ਼ਲ ਸੁਨੇਹਾ ਦਿੱਤਾ।

                                                                                                          

No comments:

Post a Comment