ਕੀ ਆਦਿਵਾਸੀ ਅਜ਼ਾਦ ਹੋਏ ਹਨ?
(ਸਮਾਜਿਕ ਤੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਦੀ ਪੁਸਤਕ
`ਵਿਕਾਸ ਆਦਿਵਾਸੀ ਅਤੇ ਹਿੰਸਾ' 'ਚੋਂ ਤਿੰਨ ਭਾਗ)
ਆਜ਼ਾਦੀ ਦਿਹਾੜਾ ਜਿਸਨੂੰ ਅਸੀ ਸੁਤੰਤਰਤਾ ਦਿਵਸ ਦੇ ਨਾਂ ਨਾਲ ਵੀ ਜਾਣਦੇ ਆਂ, ਨੇੜੇ ਆ ਰਿਹਾ ਹੈ ਆਓ ਗੱਲ ਕਰਦੇ ਆਂ ਕਿ ਆਦਿਵਾਸੀਆਂ ਲਈ ਇਸ ਆਜ਼ਾਦੀ ਦਾ ਕੀ ਅਰਥ ਹੈ?
ਇੱਕ ਵਾਰ ਮੇਰੇ ਕੋਲ 'ਡਾਊਨ ਟੂ ਅਰਥ' ਰਸਾਲੇ ਦੀ ਇੱਕ ਪੱਤਰਕਾਰ ਆਈ ਉਸਨੇ ਮੈਨੂੰ ਕਿਹਾ ਕਿ ਮੈਂ ਆਦਿਵਾਸੀ ਅਤੇ ਸੁਤੰਤਰਤਾ ਦਿਵਸ ਤੇ ਇੱਕ ਫ਼ੀਚਰ ਕਰਨਾ, ਮੈਂ ਕਿਹਾ, ਚੱਲੋ ਮੈਂ ਤੁਹਾਨੂੰ ਆਦਿਵਾਸੀਆਂ ਦੇ ਪਿੰਡ ਲੈ ਕੇ ਚੱਲਦਾ ਹਾਂ।
ਮੈਂ ਉਸ ਪੱਤਰਕਾਰ ਨੂੰ ਸੁਕਮਾ ਜ਼ਿਲ੍ਹੇ ਦੇ ਨੇਂਡਰਾ ਪਿੰਡ ਵਿੱਚ ਲੈ ਗਿਆ ਇਸ ਪਿੰਡ ਨੂੰ ਸਰਕਾਰ ਨੇ ਤਿੰਨ ਵਾਰ ਸਾੜ ਦਿੱਤਾ ਸੀ। ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਆਦਿਵਾਸੀ ਪਿੰਡ ਖਾਲੀ ਕਰ ਦੇਣ, ਸਰਕਾਰ ਇਹ ਜ਼ਮੀਨ ਕੰਪਨੀਆਂ ਨੂੰ ਦੇਣੀ ਚਾਹੁੰਦੀ ਸੀ।
ਸਾਡੇ ਸਾਥੀਆਂ ਨੇ ਉਸ ਪਿੰਡ ਨੂੰ ਦੁਬਾਰਾ ਵਸਾਇਆ ਅਤੇ ਅਸੀਂ ਕਾਫੀ ਜਣੇ ਪਿੰਡ ਵਾਲਿਆਂ ਨੂੰ ਸੁਰੱਖਿਆ ਫੋਰਸਾਂ ਦੇ ਹਮਲਿਆਂ ਤੋਂ ਬਚਾਉਣ ਲਈ ਮਨੁੱਖੀ ਢਾਲ ਦੇ ਰੂਪ ਵਿੱਚ ਉੱਥੇ ਰਹੇ ਸੀ। ਉਸ ਔਰਤ ਪੱਤਰਕਾਰ ਨੇ ਪਿੰਡ ਦੇ ਬਜ਼ੁਰਗ ਭੀਮਾ ਪਟੇਲ ਦੇ ਮੂੰਹ ਦੇ ਸਾਹਮਣੇ ਮਾਈਕ ਲਾ ਕੇ ਪੁੱਛਿਆ ਕਿ ਤੁਹਾਡੇ ਲਈ ਇਸ ਆਜ਼ਾਦੀ ਦਾ ਕੀ ਅਰਥ ਹੈ?
ਭੀਮੇ ਨੇ ਹੈਰਾਨੀ ਨਾਲ ਉਸ ਔਰਤ ਵੱਲ ਵੇਖਿਆ ਅਤੇ ਪੁੱਛਿਆ 'ਆਜ਼ਾਦੀ! ਇਹ ਕੀ ਹੁੰਦੀ ਹੈ?' ਭੀਮਾ ਨੇ ਮੇਰੇ ਵੱਲ ਮੱਦਦ ਲਈ ਵੇਖਿਆ। ਮੈਂ ਹੱਸਦਿਆਂ ਉਸ ਪੱਤਰਕਾਰ ਨੂੰ ਕਿਹਾ ਕਿ ਆਜ਼ਾਦੀ ਸਮਝਣ ਲਈ ਪਹਿਲਾਂ ਸਾਨੂੰ ਗ਼ੁਲਾਮੀ ਦਾ ਪਤਾ ਹੋਣਾ ਚਾਹੀਦਾ ਹੈ।
ਜਿਸਨੇ ਕਦੇ ਗ਼ੁਲਾਮੀ ਨਾ ਵੇਖੀ ਹੋਵੇ ਉਹ ਆਜ਼ਾਦੀ ਵੀ ਨਹੀਂ ਸਮਝ ਸਕਦਾ। ਮੈਂ ਬੋਲਣਾ ਜਾਰੀ ਰੱਖਿਆ...ਮੈਂ ਕਿਹਾ ਕਿ ਆਦਿਵਾਸੀ ਤਾਂ ਦੁਨੀਆਂ ਬਣਨ ਤੋਂ ਲੈ ਕੇ ਆਜ਼ਾਦ ਹੀ ਹਨ। ਬਸਤਰ ਦੇ ਜੰਗਲਾਂ ਵਿੱਚ ਤਾਂ ਅੰਗਰੇਜ਼ ਵੀ ਨਹੀਂ ਆਏ ਸਨ। ਇਸ ਲਈ ਇਹਨਾਂ ਆਦਿਵਾਸੀਆਂ ਨੇ ਆਪਣੀ ਜ਼ਿੰਦਗੀ ਵਿੱਚ ਨਾਂ ਤਾਂ ਗ਼ੁਲਾਮੀ ਵੇਖੀ ਹੈ ਅਤੇ ਨਾ ਗ਼ੁਲਾਮੀ ਬਾਰੇ ਸੁਣਿਆ ਹੈ।
ਇਹ ਆਦਿਵਾਸੀ ਤਾਂ ਜਦੋਂ ਦੇ ਪੈਦਾ ਹੋਏ ਹਨ, ਆਜ਼ਾਦ ਹੀ ਹਨ। ਬਸਤਰ ਦੇ ਆਦਿਵਾਸੀਆਂ ਨੇ ਆਪਣੇ ਆਲੇ-ਦੁਆਲੇ ਦੇ 'ਹਾਟ ਬਜ਼ਾਰ' ਤੋਂ ਅੱਗੇ ਨਹੀਂ ਵੇਖਿਆ, ਅਖ਼ਬਾਰ ਉਹ ਪੜ੍ਹਨ ਨਹੀਂ ਜਾਣਦੇ, ਰੇਡੀਓ ਉਹਨਾਂ ਕੋਲ ਹੈ ਨਹੀਂ ਸੀ। ਅੰਗਰੇਜ਼ ਆਏ ਅਤੇ ਚਲੇ ਵੀ ਗਏ। ਭਾਰਤ 'ਆਜ਼ਾਦ' ਹੋ ਗਿਆ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ। ਆਜ਼ਾਦੀ ਦੇ ਸੱਤਰ ਸਾਲ ਬੀਤ ਗਏ, ਸਰਕਾਰ ਆਦਿਵਾਸੀਆਂ ਦੇ ਨੇੜੇ ਵੀ ਨਹੀਂ ਆਈ, ਫੇਰ ਜਦੋਂ ਵਿਸ਼ਵੀਕਰਨ ਸ਼ੁਰੂ ਹੋ ਗਿਆ ਤਾਂ ਸਾਰੀ ਦੁਨੀਆਂ ਦੀਆਂ ਕੰਪਨੀਆਂ ਇਹਨਾਂ ਇਲਾਕਿਆਂ 'ਤੇ ਟੁੱਟ ਕੇ ਪੈ ਗਈਆਂ।
ਇਹਨਾਂ ਕੰਪਨੀਆਂ ਦੇ ਸਾਹਮਣੇ ਸਰਕਾਰਾਂ ਬਹੁਤ ਕਮਜ਼ੋਰ ਸਾਬਤ ਹੋਈਆਂ। ਸੱਤਾਧਾਰੀ ਨੇਤਾ, ਅਫ਼ਸਰ ਅਤੇ ਪੁਲਿਸ ਰਲਕੇ ਆਦਿਵਾਸੀਆਂ ਦੀ ਜ਼ਮੀਨ ਖੋਹਣ ਲੱਗੇ। ਜਿੰਨ੍ਹਾਂ ਨੂੰ ਕਾਨੂੰਨ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ, ਉਹ ਹੀ ਕਾਨੂੰਨ ਤੋੜਨ ਨੂੰ ਦੇਸ਼ ਦਾ ਵਿਕਾਸ ਆਖਣ ਲੱਗ ਪਏ।
ਇਹਨਾਂ ਹਾਲਤਾਂ ਵਿੱਚ ਆਦਿਵਾਸੀਆਂ ਨੇ ਵੇਖਿਆ ਕਿ ਨਕਸਲੀ ਇਸ ਹਾਲਤ ਦੀ ਬਹੁਤ ਸਹੀ ਵਿਆਖਿਆ ਕਰ ਰਹੇ ਹਨ। ਨਕਸਲੀ ਕਹਿ ਰਹੇ ਸੀ ਇਹ ਆਜ਼ਾਦੀ ਝੂਠੀ ਹੈ, ਸਰਕਾਰ ਪਹਿਲਾਂ ਵੀ ਸਾਮਰਾਜੀ ਤਾਕਤਾਂ ਦੇ ਹੱਥ ਵਿੱਚ ਸੀ ਤੇ ਹੁਣ ਨਵ-ਸਾਮਰਾਜੀ ਤਾਕਤਾਂ ਸੱਤਾ 'ਤੇ ਕਾਬਜ਼ ਹੋ ਗਈਆਂ।
ਇਸ ਲਈ ਇੱਕ ਨਵ-ਜਨਵਾਦੀ ਲੋਕ ਸੰਘਰਸ਼ ਹੀ ਅਸਲੀ ਆਜ਼ਾਦੀ ਲਿਆ ਸਕਦਾ ਹੈ। ਨਕਸਲਵਾਦੀ ਸਰਕਾਰੀ ਸਕੂਲਾਂ ਵਿੱਚ ਪੰਦਰਾਂ ਅਗਸਤ ਤੇ ਛੱਬੀ ਜਨਵਰੀ ਨੂੰ ਕਾਲੇ ਝੰਡੇ ਲਹਿਰਾਉਂਦੇ ਰਹੇ। ਦੂਜੇ ਪਾਸੇ ਸਰਕਾਰਾਂ, ਨੇਤਾ ਅਤੇ ਅਫ਼ਸਰ ਲੋਕ ਕਲਿਆਣ ਦੇ ਨਾਂ 'ਤੇ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਨਾਂ ਹੇਠ ਡਟ ਕੇ ਠੱਗੀ-ਠੋਰੀ ਅਤੇ ਲੁੱਟਮਾਰ ਕਰਦੇ ਰਹੇ।
ਜਿੱਥੇ-ਜਿੱਥੇ ਵੀ ਵਿਕਾਸ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ, ਉਹਨਾਂ ਵਿੱਚ ਆਦਿਵਾਸੀਆਂ ਨੂੰ ਬਹੁਤ ਵੱਡਾ ਮੁੱਲ ਚੁਕਾਉਣਾ ਪਿਆ। ਆਦਿਵਾਸੀਆਂ ਵੱਲੋਂ ਤਾਰੇ ਗਏ ਮੁੱਲ ਦੇ ਮੁਕਾਬਲੇ ਵਿੱਚ ਆਦਿਵਾਸੀਆਂ ਨੂੰ ਵਿਕਾਸ ਦਾ ਕੋਈ ਵਿਸ਼ੇਸ਼ ਲਾਹਾ ਨਾ ਮਿਲਿਆ। ਨਾ ਹੀ ਵਿਕਾਸ ਦੀਆਂ ਯੋਜਨਾਵਾਂ ਬਣਾਉਣ ਵਿੱਚ ਆਦਿਵਾਸੀਆਂ ਦੀ ਕਦੇ ਕੋਈ ਰਾਏ ਲਈ ਗਈ।
ਤਾਂ ਹੋਇਆ ਇਹ ਕਿ ਇਸ ਵਿਕਾਸ ਦਾ ਫਾਇਦਾ ਤਾਂ ਸ਼ਹਿਰਾਂ ਨੂੰ ਮਿਲਿਆ, ਪਰ ਇਸਦਾ ਮੁੱਲ ਆਦਿਵਾਸੀਆਂ ਨੇ ਤਾਰਿਆ। ਅੱਜ ਵਿਕਾਸ ਇੱਕ ਵੱਡਾ ਰਾਜਨੀਤਿਕ ਮੁੱਦਾ ਹੈ। ਲੇਕਿਨ ਪੂੰਜੀਪਤੀਆਂ ਨੂੰ ਵਿਕਾਸ ਦਾ ਨਾਇਕ ਬਣਾ ਦਿੱਤਾ ਗਿਆ ਹੈ।
ਪੂੰਜੀਪਤੀ ਤਾਂ ਮੁਨਾਫ਼ੇ ਲਈ ਹੀ ਕੰਮ ਕਰੇਗਾ। ਉਹ ਰੁਜ਼ਗਾਰ ਪੈਦਾ ਕਰਨ ਦੀ ਬਜਾਏ ਨਵੀਆਂ ਮਸ਼ੀਨਾਂ ਲਿਆਉਂਦਾ ਹੈ। ਪਰ ਲੋਕ ਤਾਂ ਰੁਜ਼ਗਾਰ ਮੰਗਦੇ ਹਨ। ਤਾਂ ਸਰਕਾਰ ਜ਼ਿਆਦਾ ਇਲਾਕਿਆਂ ਵਿੱਚ ਉਦਯੋਗਾਂ ਦਾ ਵਿਸਥਾਰ ਕਰਦੀ ਹੈ।
ਇਸਦਾ ਦਬਾਅ ਸਭ ਤੋਂ ਵੱਧ ਆਦਿਵਾਸੀ ਇਲਾਕਿਆਂ 'ਤੇ ਪੈਂਦਾ ਹੈ। ਕਿਉਂਕਿ ਜ਼ਿਆਦਾਤਰ ਕੁਦਰਤੀ ਸੋਮੇ ਆਦਿਵਾਸੀ ਇਲਾਕਿਆਂ ਵਿੱਚ ਹਨ। ਸਾਰੀ ਦੁਨੀਆਂ ਦੇ ਆਦਿਵਾਸੀ ਇਸ ਨਵੇਂ ਵਿਕਾਸ ਦੇ ਕਾਰਨ ਸੱਤਾ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ।
ਚਾਹੇ ਉਹ ਭਾਰਤ ਹੋਵੇ, ਲੈਟਿਨ ਅਮਰੀਕਾ ਜਾਂ ਅਫ਼ਰੀਕਾ, ਹਰ ਥਾਂ ਆਦਿਵਾਸੀਆਂ 'ਤੇ ਹਮਲੇ ਹੋ ਰਹੇ ਹਨ। ਜੇਕਰ ਤੁਸੀਂ ਅੰਕੜੇ ਵੇਖੋ ਤਾਂ ਇਸ ਸਮੇਂ ਜੇਲ੍ਹਾਂ ਵਿੱਚ ਜ਼ਮੀਨ ਬਚਾਉਣ ਸੰਬੰਧੀ ਸੰਘਰਸ਼ਾਂ ਦੇ ਕਾਰਕੁੰਨ ਸਭ ਤੋਂ ਵੱਧ ਗਿਣਤੀ ਵਿੱਚ ਬੰਦ ਹਨ।
ਆਜ਼ਾਦੀ ਦੀ ਜੋ ਪਹਿਲੀ ਸ਼ਰਤ ਸੀ, ਉਹ ਸੀ ਕਿ ਸਾਰਿਆਂ ਨੂੰ ਬਰਾਬਰ ਮੰਨਿਆ ਜਾਵੇਗਾ, ਉਸ ਵਾਅਦੇ ਨੂੰ ਤੋੜ ਦਿੱਤਾ ਗਿਆ ਹੈ।
ਹੁਣ ਸਾਡੇ ਦੇਸ਼ ਵਿੱਚ ਪੂੰਜੀਪਤੀ ਅਤੇ ਆਦਿਵਾਸੀ ਜਦੋਂ ਬਰਾਬਰ ਸਮਝੇ ਹੀ ਨਹੀਂ ਜਾ ਰਹੇ ਤਾਂ ਇਸ ਲਈ ਆਦਿਵਾਸੀਆਂ ਦੀ ਜ਼ਮੀਨ ਖੋਹ ਕੇ ਪੂੰਜੀਪਤੀਆਂ ਨੂੰ ਦਿੱਤੀ ਜਾ ਰਹੀ ਹੈ। ਹੁਣ ਵਿਕਾਸ ਦੇ ਨਾਂ ਹੇਠ ਮੁੱਠੀ ਭਰ ਲੋਕਾਂ ਨੂੰ ਅਮੀਰ ਬਣਾਉਣ ਦੀ ਖੇਡ ਜਿੰਨਾ ਜ਼ੋਰ ਫੜੇਗੀ, ਆਦਿਵਾਸੀਆਂ 'ਤੇ ਹਮਲੇ ਓਨੇ ਹੀ ਜਿਆਦਾ ਵਧਣਗੇ।
ਵਿਕਾਸ ਦੇ ਲਾਲਚ ਵਿੱਚ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ। ਫੇਰ ਚਾਹੇ ਕਿੰਨੇ ਵੀ ਨਿਰਦੋਸ਼ ਆਦਿਵਾਸੀ ਮਰ ਜਾਣ, ਕਿੰਨੀਆਂ ਆਦਿਵਾਸੀਆਂ ਔਰਤਾਂ ਨਾਲ ਸੁਰੱਖਿਆ ਫੋਰਸਾਂ ਦੇ ਸਿਪਾਹੀਆਂ ਵੱਲੋਂ ਬਲਾਤਕਾਰ ਕੀਤੇ ਜਾਣ, ਤੁਸੀਂ ਇਸਦਾ ਵਿਰੋਧ ਕਰਨ ਦੀ ਹਿੰਮਤ ਹੀ ਨਹੀਂ ਕਰਦੇ।
ਇਸ ਲਈ ਅੱਜ ਆਦਿਵਾਸੀ ਇਸ ਦੇਸ਼ ਵਿੱਚ ਖ਼ੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਸਾਲ ਆਪਣੀ ਰਿਪੋਰਟ ਵਿੱਚ ਮੰਨਿਆ ਹੈ ਕਿ ਘੱਟ ਤੋਂ ਘੱਟ ਸੋਲਾਂ ਆਦਿਵਾਸੀ ਔਰਤਾਂ ਨਾਲ ਸੁਰੱਖਿਆ ਫੋਰਸਾਂ ਦੇ ਸਿਪਾਹੀਆਂ ਵੱਲੋ ਬਲਾਤਕਾਰ ਕੀਤੇ ਜਾਣ ਦੇ ਮੁੱਢਲੇ ਪ੍ਰਮਾਣ ਮੌਜੂਦ ਹਨ।
ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸੋਨੀ ਸੋਰੀ ਦੇ ਗੁਪਤ ਅੰਗਾਂ ਵਿੱਚ ਪੱਥਰ ਧੱਕਣ ਵਾਲੇ ਪੁਲਿਸ ਅਫ਼ਸਰ ਨੂੰ ਰਾਸ਼ਟਰਪਤੀ ਵੀਰਤਾ ਪੁਰਸਕਾਰ ਦਿੱਤਾ ਗਿਆ। ਜੇਕਰ ਆਜ਼ਾਦੀ ਦਾ ਅਰਥ ਬਰਾਬਰੀ ਹੈ, ਜਿਸ ਵਿੱਚ ਬਰਾਬਰ ਮੌਕੇ, ਬਰਾਬਰ ਅਧਿਕਾਰ ਅਤੇ ਬਰਾਬਰ ਸਨਮਾਨ ਸ਼ਾਮਿਲ ਹੈ, ਤਾਂ ਆਦਿਵਾਸੀਆਂ ਦੇ ਲਈ ਉਹ ਆਜ਼ਾਦੀ ਹਾਲੇ ਆਈ ਨਹੀਂ।
No comments:
Post a Comment