ਇਨਕਲਾਬੀ ਵਚਨਬੱਧਤਾ ਦਾ ਮੁਜੱਸਮਾ ਕਾ. ਰੇਣੂਕਾ
31 ਮਾਰਚ ਨੂੰ ਭਾਜਪਾ ਸਰਕਾਰ ਦੇ ਕਾਤਲ ਗਰੋਹਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਕਾ. ਰੇਣੂਕਾ ਨੂੰ ਸ਼ਹੀਦ ਕਰ ਦਿੱਤਾ। ਇਸ ਨੂੰ ਮੁਕਾਬਲੇ ਦਾ ਨਾਂ ਦਿੱਤਾ ਗਿਆ ਅਤੇ ਜਸ਼ਨ ਮਨਾਏ ਗਏ ਕਿ ਹਕੂਮਤੀ ਲਸ਼ਕਰਾਂ ਨੇ ਸਿਰਕੱਢ ਇਨਾਮੀ ਮਾਓਵਾਦੀ ਨੂੰ ਖ਼ਤਮ ਕਰਕੇ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜਿਸ ਦੇ ਸਿਰ 'ਤੇ 45 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੇਣੂਕਾ ਉਰਫ਼ ਚੇਤੇ ਦੋ ਘੰਟੇ ਤੱਕ ਚੱਲੇ ਮੁਕਾਬਲੇ ਵਿਚ ਮਾਰੀ ਗਈ ਜਦਕਿ ਮਾਓਵਾਦੀ ਪਾਰਟੀ ਦੇ ਬੁਲਾਰੇ ਨੇ ਆਪਣੇ ਪ੍ਰੈੱਸ ਬਿਆਨ ਵਿਚ ਸਪਸ਼ਟ ਕੀਤਾ ਕਿ ਕਾ. ਰੇਣੂਕਾ ਬੀਮਾਰ ਹੋਣ ਕਾਰਨ ਕੁਝ ਸਮੇਂ ਤੋਂ ਪਿੰਡ ਬੈਲਨਾਰ (ਬਲਾਕ ਭੈਰਮਗੜ੍ਹ) ਵਿਚ ਇਕ ਆਦਿਵਾਸੀ ਘਰ ਵਿਚ ਇਕੱਲੀ ਰਹਿ ਰਹੀ ਸੀ ਜਿੱਥੋਂ ਉਸਨੂੰ ਗ੍ਰਿਫ਼ਤਾਰ ਕਰਕੇ 2-3 ਘੰਟੇ ਬੇਕਿਰਕੀ ਨਾਲ ਤਸੀਹੇ ਦੇਣ ਤੋਂ ਬਾਅਦ ਇੰਦਰਾਵਤੀ ਨਦੀ ਨੇੜੇ ਲਿਜਾ ਕੇ ਗੋਲੀ ਮਾਰ ਦਿੱਤੀ ਗਈ। ਮੁਕਾਬਲੇ ਬਣਾਉਣ ਵਾਲੀ ਭਾਰਤ ਦੀ ਪੁਲਿਸ ਦੀ ਬਹਾਦਰੀ ਅਤੇ ਮੁਕਾਬਲਿਆਂ ਦਾ ਸੱਚ ਕੁਲ ਦੁਨੀਆ ਨੂੰ ਪਤਾ ਹੈ।
ਸਮਾਜਿਕ ਦਰਜੇਬੰਦੀ ਵਿਚ ਹਾਸ਼ੀਏ 'ਤੇ ਧੱਕੇ 'ਜੁਲਾਹਾ' ਭਾਈਚਾਰੇ ਦੇ ਇਕ ਸਧਾਰਨ ਪਰਿਵਾਰ ਨਾਲ ਸੰਬੰਧਤ ਗੁਮੁਡਾਵੇਲੀ ਰੇਣੂਕਾ ਆਗੂ ਮੁਕਾਮ 'ਤੇ ਪਹੁੰਚੀ ਅਤੇ ਉਸਨੇ ਆਪਣੀ 55 ਸਾਲ ਦੀ ਜ਼ਿੰਦਗੀ ਵਿੱਚੋਂ ਤਿੰਨ ਦਹਾਕੇ ਇਨਕਲਾਬੀ ਲਹਿਰ ਦੇ ਲੇਖੇ ਲਾਏ।
1980ਵਿਆਂ 'ਚ ਤੇਲੰਗਾਨਾ ਵਿਚ ਨਕਸਲੀ ਸਿਆਸਤ ਦੇ ਵਿਆਪਕ ਪ੍ਰਭਾਵ ਹੇਠ ਸੈਂਕੜੇ ਪਿੰਡ ਇਨਕਲਾਬੀ ਰੰਗ 'ਚ ਇਸ ਕਦਰ ਰੰਗੇ ਗਏ ਸਨ ਕਿ ਉੱਚ ਪੜ੍ਹਾਈ ਕਰ ਰਹੇ ਸੈਂਕੜੇ ਵਿਦਿਆਰਥੀ-ਨੌਜਵਾਨ ਆਪਣਾ ਨਿੱਜੀ ਭਵਿੱਖ ਤਿਆਗਕੇ ਲੋਕ-ਮੁਕਤੀ ਲਈ ਸੰਘਰਸ਼ ਵਿਚ ਕੁੱਦ ਪਏ। ਕਡਾਵੇਂਡੀ ਅਜਿਹੇ ਸਿਰਕੱਢ ਪਿੰਡਾਂ ਵਿੱਚੋਂ ਇਕ ਸੀ ਜਿੱਥੇ ਸਕੂਲ ਜਾਂ ਕਾਲਜ ਵਿਚ ਪੜ੍ਹਦੇ ਕਿਸੇ ਮੁੰਡੇ-ਕੁੜੀ ਦਾ ਅਚਾਨਕ ਪੜ੍ਹਾਈ ਛੱਡਕੇ ਹਥਿਆਰਬੰਦ ਸੰਘਰਸ਼ ਨੂੰ ਸਮਰਪਿਤ ਹੋ ਜਾਣਾ ਆਮ ਗੱਲ ਸੀ। ਰੇਣੂਕਾ ਕਡਾਵੇਂਡੀ ਦੀ ਜੰਮਪਲ ਸੀ ਜਿੱਥੇ ਤਕਰੀਬਨ ਹਰ ਪਰਿਵਾਰ ਦੇ ਕਿਸੇ ਨੌਜਵਾਨ ਨੇ ਇਨਕਲਾਬ ਨੂੰ ਸਮਰਪਿਤ ਹੋਣ ਦਾ ਰਾਹ ਚੁਣਿਆ । ਜਦੋਂ ਸਕੂਲ ਵਿਚ ਪੜ੍ਹਦਾ ਉਸਦਾ ਵੱਡਾ ਭਰਾ ਜੀ.ਵੀ.ਕੇ. ਪ੍ਰਸਾਦ ਵੀ ਇਨਕਲਾਬੀ ਕਾਫ਼ਲੇ 'ਚ ਸ਼ਾਮਲ ਹੋ ਗਿਆ ਸੀ ਤਾਂ ਪਰਿਵਾਰ ਨੇ ਕਾਲਜ ਵਿਚ ਪੈਰ ਧਰਨ ਸਮੇਂ ਹੀ ਇਹ ਸੋਚਕੇ ਰੇਣੂਕਾ ਦਾ ਵਿਆਹ ਕਰ ਦਿੱਤਾ ਕਿ ਕਿਤੇ ਉਹ ਵੀ ਪ੍ਰਸਾਦ ਵਾਲੇ ਰਾਹ ਨਾ ਪੈ ਜਾਵੇ। ਪਤੀ ਦੀ ਹਿੰਸਾ ਤੋਂ ਤੰਗ ਆ ਕੇ ਰੇਣੂਕਾ ਨੇ ਵਿਆਹ ਦਾ ਬੰਧਨ ਛੇਤੀਂ ਹੀ ਵਗਾਹ ਮਾਰਿਆ ਅਤੇ ਉਸ ਦੇ ਅੰਦਰ ਦਬੀ ਔਰਤ ਮੁਕਤੀ ਦੀ ਲੋਚਾ ਅੱਗ ਬਣਕੇ ਮੱਚਣ ਦਾ ਰਾਹ ਤਲਾਸ਼ਣ ਲੱਗੀ। ਉਸਨੇ ਐੱਲ.ਐੱਲ.ਬੀ. ਦੀ ਡਿਗਰੀ ਕੀਤੀ ਅਤੇ ਕੁਝ ਸਮਾਂ ਵਿਸ਼ਾਖਾਪਟਨਮ ਵਿਚ ਵਕਾਲਤ ਵੀ ਕੀਤੀ। 1995 ਤੋਂ ਆਂਧਰਾ ਪ੍ਰਦੇਸ਼ ਵਿਚ ਔਰਤ ਹੱਕਾਂ ਦੀ ਜਥੇਬੰਦੀ ਵਿਚ ਸਰਗਰਮ ਹੋ ਗਈ ਅਤੇ ਗੁਪਤਵਾਸ ਸਾਥੀਆਂ ਦੇ ਪਰਿਵਾਰਾਂ ਦੀ ਕਾਨੂੰਨੀ ਲੜਾਈ ਵਿਚ ਮੱਦਦ ਕਰਦੀ ਰਹੀ।
ਫਿਰ ਉਹ ਨਕਸਲੀ ਲਹਿਰ ਵਿਚ ਕੁੱਦ ਪਈ ਅਤੇ 2004 'ਚ ਗੁਪਤਵਾਸ ਹੋ ਗਈ। ਰਾਜਨੀਤਕ ਸੂਝ ਅਤੇ ਇਨਕਲਾਬੀ ਵਚਨਬੱਧਤਾ ਨੇ ਉਸ ਨੂੰ ਦੰਡਕਾਰਣੀਆ ਸਪੈਸ਼ਲ ਜੋ਼ਨਲ ਕਮੇਟੀ ਦੀ ਮੈਂਬਰ ਦੇ ਮੁਕਾਮ 'ਤੇ ਪਹੁੰਚਾ ਦਿੱਤਾ ਜੋ ਕਿ ਮਾਓਵਾਦੀ ਰਸੂਖ਼ ਵਾਲੇ ਬਹੁਰਾਜੀ ਵਿਸ਼ਾਲ ਜੰਗਲੀ ਖੇਤਰ ਦੀ ਮੁੱਖ ਆਗੂ ਕਮੇਟੀ ਹੈ। 1999 'ਚ ਆਂਧਰਾ ਪੁਲਿਸ ਵੱਲੋਂ ਉਸਦੇ ਜੀਵਨ-ਸਾਥੀ ਕਾ. ਮਹੇਸ਼ ਦਾ ਮੁਕਾਬਲਾ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਉਸਦੇ ਦੂਜੇ ਜੀਵਨ-ਸਾਥੀ ਕਾ. ਅੱਪਾ ਰਾਓ ਨੂੰ ਵੀ 2010 'ਚ ਮੁਕਾਬਲੇ 'ਚ ਮਾਰ ਦਿੱਤਾ ਗਿਆ। ਇਨ੍ਹਾਂ ਸਦਮਿਆਂ ਨੇ ਉਸਦੀ ਲੋਕ-ਦੁਸ਼ਮਣ ਪ੍ਰਬੰਧ ਪ੍ਰਤੀ ਨਫ਼ਰਤ ਵਿਚ ਹੋਰ ਵਾਧਾ ਹੀ ਕੀਤਾ। ਆਪਣੇ ਭਰਾ ਪ੍ਰਸਾਦ (ਜੋ ਪਾਰਟੀ ਦਾ ਬੁਲਾਰਾ ਸੀ) ਦੇ ਲਹਿਰ ਤੋਂ ਕਿਨਾਰਾ ਕਰ ਲੈਣ 'ਤੇ ਵੀ ਉਸਦੀ ਨਿਹਚਾ ਨਹੀਂ ਡੋਲੀ ਅਤੇ ਉਹ ਆਖ਼ਰੀ ਸਾਹਾਂ ਤੱਕ 'ਇਨਕਲਾਬ ਦੇ ਰਾਹ ਉੱਪਰ ਅਡੋਲ ਰਹਿ ਕੇ ਡੱਟੀ ਰਹੀ।
ਉਹ ਬੰਦੂਕ ਅਤੇ ਕਲਮ ਦੋਹਾਂ ਮੋਰਚਿਆਂ 'ਤੇ ਸਰਗਰਮ ਆਗੂ ਸੀ। ਉਹ ਪ੍ਰਕਾਸ਼ਨਾਵਾਂ ਦੀ ਇੰਚਾਰਜ ਸੀ ਅਤੇ ਵੱਖ-ਵੱਖ ਭਾਸ਼ਾਵਾਂ ਵਿਚ ਇਕ ਦਰਜਣ ਤੋਂ ਵੱਧ ਰਸਾਲਿਆਂ ਦਾ ਸੰਪਾਦਨ ਕਰਦੀ ਸੀ। ਉਸਨੇ ਬਹੁਤ ਸਾਰੇ ਕਲਮੀਂ ਨਾਵਾਂ ਹੇਠ ਬਹੁਤ ਸਾਰੇ ਲੇਖ ਅਤੇ ਕਹਾਣੀਆਂ ਲਿਖੀਆਂ। ਖ਼ਾਸ ਕਰਕੇ, ਦਮਿਯੰਤੀ ਨਾਂ ਹੇਠ ਉਹ ਰਸਾਲਿਆਂ ਲਈ ਲੇਖ ਲਿਖਦੀ ਸੀ। ਇਸੇ ਨਾਂ ਹੇਠ ਉਸਨੇ 'ਸਲਵਾ ਜੁਡਮ' ਦੇ ਜ਼ੁਲਮਾਂ ਨੂੰ ਕਲਮਬੱਧ ਕੀਤਾ ਅਤੇ ਨਰਾਇਣਪਟਨਾ (ਉੜੀਸਾ) ਦੇ ਲੋਕ ਸੰਘਰਸ਼ ਬਾਰੇ ਕਿਤਾਬ ਲਿਖੀ। ਉਸ ਦੀਆਂ ਲਿਖੀਆਂ ਮਜ਼ਬੂਤ ਔਰਤ ਕਿਰਦਾਰਾਂ ਵਾਲੀਆਂ 30 ਤੋਂ ਵੱਧ ਕਹਾਣੀਆਂ ਔਰਤਾਂ ਦੇ ਸੰਘਰਸ਼ ਨੂੰ ਕਲਾਤਮਕ ਸੁਹਜ ਨਾਲ ਪੇਸ਼ ਕਰਨ ਦਾ ਨਮੂਨਾ ਹਨ। ਉਸ ਦੀਆਂ ਕੁਝ ਕਹਾਣੀਆਂ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਵਿਯੂਕਾ (ਤੜਕੇ ਦਾ ਤਾਰਾ) ਨਾਂ ਦੇ ਕਹਾਣੀ-ਸੰਗ੍ਰਹਿ ਵਿਚ ਸ਼ਾਮਲ ਕੀਤੀਆਂ ਗਈਆਂ ਹਨ ਜੋ ਮਾਓਵਾਦੀ ਵਿਦਰੋਹੀ ਔਰਤਾਂ ਵੱਲੋਂ ਲਿਖੀਆਂ ਕਹਾਣੀਆਂ ਦਾ ਵਿਸ਼ੇਸ਼ ਸੰਗ੍ਰਹਿ ਹੈ। ਤੇਲਗੂ ਪਾਠਕ ਉਸਨੂੰ ਉਸਦੇ ਕਲਮੀਂ ਨਾਮ 'ਮਿੜਕੋ' ਵਜੋਂ ਜਾਣਦੇ ਹਨ।
ਰੇਣੂਕਾ ਮਹਿਜ਼ ਇਕ ਸਾਲ ਦੇ ਅਰਸੇ 'ਚ ਮਾਰੀਆਂ ਗਈਆਂ ਡੇਢ ਸੌ ਜੁਝਾਰੂ ਛਾਪਾਮਾਰਾਂ 'ਚੋਂ ਇਕ ਨਹੀਂ ਹੈ। ਉਹ ਬੇਹੱਦ ਪਿਛੜੇ ਹੋਏ ਸਮਾਜਿਕ ਪਿਛੋਕੜ 'ਚੋਂ ਉੱਠ ਕੇ ਆਗੂ ਪੁਜੀਸ਼ਨਾਂ 'ਤੇ ਪਹੁੰਚੀਆਂ ਔਰਤਾਂ 'ਚ ਸ਼ੁਮਾਰ ਹੈ। ਇਨ੍ਹਾਂ ਜੁਝਾਰੂ ਔਰਤਾਂ ਦਾ ਜੀਵਨ-ਸਫ਼ਰ ਸਰਕਾਰੀ ਪ੍ਰਚਾਰਤੰਤਰ ਅਤੇ ਗੋਦੀ ਮੀਡੀਆ ਦੇ ਇਸ ਝੂਠੇ ਪ੍ਰਚਾਰ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਕਿ ਨਕਸਲੀ ਲਹਿਰ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ। ਹਕੀਕਤ ਇਹ ਹੈ ਕਿ ਮਰਦ-ਪ੍ਰਧਾਨ ਸਮਾਜਿਕ ਪ੍ਰਬੰਧ ਹੇਠ ਹਰ ਤਰ੍ਹਾਂ ਦੇ ਸ਼ੋਸ਼ਣ ਅਤੇ ਜਿਨਸੀ ਹਿੰਸਾ ਦੀ ਮਾਰ ਝੱਲ ਰਹੀਆਂ ਔਰਤਾਂ ਲਈ ਇਹ ਲਹਿਰ ਸਦੀਵੀ ਸੰਤਾਪ ਤੋਂ ਮੁਕੰਮਲ ਮੁਕਤੀ ਦਾ ਰੋਸ਼ਨ ਰਾਹ ਹੈ। ਇਹੀ ਵਜ੍ਹਾ ਹੈ ਕਿ ਛੱਤੀਸਗੜ੍ਹ ਵਰਗੇ ਅਤਿਅੰਤ ਪਿਛੜੇ ਖੇਤਰ ਵਿਚ ਇਨਕਲਾਬੀ ਛਾਪਾਮਾਰਾਂ ਦਾ 40% ਹਿੱਸਾ ਔਰਤਾਂ ਹਨ।
ਸਮਾਜਿਕ ਢਾਂਚੇ ਵਿਚ ਕਿਸੇ ਵੀ ਸੁਧਾਰ ਦੀ ਘੋਰ ਦੁਸ਼ਮਣ ਆਰ.ਐੱਸ.ਐੱਸ.-ਭਾਜਪਾ ਸਰਕਾਰ ਦਾ ਇੱਕੋ ਇਕ ਨਿਸ਼ਾਨਾ ਤਬਦੀਲੀ ਦੇ ਸੁਪਨੇ ਨੂੰ ਖ਼ਤਮ ਕਰਨਾ ਹੈ। ਇਸੇ ਲਈ ਰੇਣੂਕਾ ਭਗਵਾ ਹਕੂਮਤ ਸਮੇਤ ਪੂਰੇ ਭਾਰਤੀ ਰਾਜ ਲਈ ਖ਼ੂੰਖ਼ਾਰ 'ਦਹਿਸ਼ਤਗਰਦ' ਸੀ। ਜਦਕਿ ਆਦਿਵਾਸੀਆਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਲਈ ਉਹ ਮੁਕਤੀ ਦਾ ਚਿੰਨ੍ਹ ਹੈ। ਲੋਕ-ਮੁਕਤੀ ਲਈ ਜੂਝ ਰਹੀ ਕਮਿਊਨਿਸਟ ਇਨਕਲਾਬੀ ਲਹਿਰ ਲਈ ਰੇਣੂਕਾ ਦਾ ਕਤਲ ਨਿਰਸੰਦੇਹ ਬਹੁਤ ਵੱਡੀ ਸੱਟ ਹੈ। ਕਰੂਰ ਹਕੂਮਤੀ ਤਾਕਤ ਦੇ ਨਸ਼ਿਆਏ ਹਾਕਮਾਂ ਨੂੰ ਇਹ ਗ਼ਰੂਰ ਹੁੰਦਾ ਹੈ ਕਿ ਉਹ ਇਨਕਲਾਬੀ ਆਗੂਆਂ ਦਾ ਜਿਸਮਾਨੀ ਖ਼ਾਤਮਾ ਕਰਕੇ ਬਿਹਤਰ ਜ਼ਿੰਦਗੀ ਲਈ ਮਨੁੱਖੀ ਸੰਘਰਸ਼ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ। ਮਨੁੱਖੀ ਇਤਿਹਾਸ ਇਸ ਭਰਮ ਨੂੰ ਚਕਨਾਚੂਰ ਕਰਦਾ ਆਇਆ ਹੈ। ਜਿੰਨਾ ਚਿਰ ਲੁੱਟ ਅਤੇ ਦਾਬੇ ਦਾ ਪ੍ਰਬੰਧ ਖ਼ਤਮ ਨਹੀਂ ਹੋ ਜਾਂਦਾ, ਲੋਕ ਸੰਘਰਸ਼ ਅਜਿਹੀਆਂ ਵੀਰਾਂਗਣਾਂ ਦੀ ਸਿਰਜਣਾ ਕਰਦੇ ਰਹਿਣਗੇ।
ਹਕੂਮਤੀ ਦਹਿਸ਼ਤ ਨੂੰ ਚਕਨਾਚੂਰ ਕਰਦਿਆਂ ਇਨਕਲਾਬੀ ਸ਼ਹੀਦਾਂ ਦਾ ਅੰਤਮ ਸੰਸਕਾਰ ਕਰਨ ਦੀ ਤੇਲੰਗਾਨਾ ਦੀ ਇਨਕਲਾਬੀ ਰਵਾਇਤ ਅਨੁਸਾਰ ਰੇਣੂਕਾ ਦੀ ਲਾਸ਼ ਉੱਪਰ ਲਾਲ ਝੰਡਾ ਪਾ ਕੇ ਕਡਾਵੇਂਡੀ ਵਿਚ ਲਿਜਾ ਕੇ ਅੰਤਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੈਂਕੜੇ ਲੋਕਾਂ ਦੇ ਨਾਲ ਹੱਕਾਂ ਦੇ ਕਾਰਕੁਨ, ਲੇਖਕ, ਸਿਵਲ ਸੁਸਾਇਟੀ ਦੇ ਮੈਂਬਰ, ਵਿਦਿਆਰਥੀ, ਸਾਬਕਾ ਮਾਓਵਾਦੀ ਅਤੇ 'ਮੁੱਖਧਾਰਾ ਪਾਰਟੀਆਂ' ਦੇ ਆਗੂ ਵੀ ਸ਼ਾਮਲ ਹੋਏ।
ਕਾ. ਰੇਣੂਕਾ ਦੀ ਇਨਕਲਾਬੀ ਘਾਲਣਾ ਨੂੰ ਲਾਲ ਸਲਾਮ।
--0--
No comments:
Post a Comment