Thursday, May 29, 2025

'ਅਰਧ ਸੈਨਿਕ ਬਲ ਆਦਿਵਾਸੀਆਂ ਨੂੰ ਮਾਰਨ ਤੋਂ ਬਾਅਦ ਨੱਚਦੇ ਹਨ’

 'ਅਰਧ ਸੈਨਿਕ ਬਲ ਆਦਿਵਾਸੀਆਂ ਨੂੰ ਮਾਰਨ ਤੋਂ ਬਾਅਦ ਨੱਚਦੇ ਹਨ’


-ਸੋਨੀ ਸੋਰੀ

ਸੋਨੀ ਸੋਰੀ ਭਾਰਤ ਦੇ ਅੰਦਰੂਨੀ ਬਸਤੀਵਾਦ ਦੀਆਂ ਲਹੂ ਲੁਹਾਨ ਹੱਦਾਂ 'ਤੇ ਖੜ੍ਹੀ ਹੈ। ਉਸ ਦੀ ਜ਼ਿੰਦਗੀ ਦੀ ਕਹਾਣੀ ਛੱਤੀਸਗੜ੍ਹ ਦੇ ਖਣਿਜ-ਭਰਪੂਰ ਜੰਗਲਾਂ ਦੀ ਮਾਲਕੀ ਲਈ ਆਦਿਵਾਸੀਆਂ ਅਤੇ ਰਾਜ ਮਸ਼ੀਨਰੀ ਦਰਮਿਆਨ ਚੱਲ ਰਹੇ ਲੰਮੇ ਟਕਰਾਅ  ਦੀ ਗਵਾਹ ਹੈ। ਜਦੋਂ ਰਾਜ ਨੇ 2011 ਵਿੱਚ ਉਸ ਨੂੰ ਮਾਉਵਾਦੀ ਕਹਿ ਕੇ ਨਿਸ਼ਾਨਾ ਬਣਾਇਆ, ਤਾਂ ਇਹ ਸਿਰਫ਼ ਇੱਕ ਵਿਚਾਰਧਾਰਾ ਨਹੀਂ, ਸਗੋਂ ਹਰ ਕਿਸਮ ਦੇ ਵਿਰੋਧ ਨੂੰ ਅਪਰਾਧੀ ਬਣਾਉਣ ਵਾਲੀ ਪੁਰਾਣੀ ਰਣਨੀਤੀ ਸੀ। ਉਸ ਦੀ ਦੋ ਸਾਲ ਦੀ ਕੈਦ ਇਸ ਗੱਲ  ਦੀ ਇੱਕ ਜਿਉਂਦੀ ਜਾਗਦੀ ਮਿਸਾਲ ਬਣ ਗਈ ਕਿ ਭਾਰਤ ਵਿੱਚ ਸਭ ਤੋਂ ਹਾਸ਼ੀਏ 'ਤੇ ਧੱਕੇ  ਜਾ ਰਹੇ ਲੋਕਾਂ ਨੂੰ ਕਿਵੇਂ 'ਸਬਕ ਸਿਖਾਇਆ' ਜਾਂਦਾ ਹੈ । ਸੋਰੀ ਨੇ ਦੋਸ਼ ਲਾਏ ਸਨ ਕਿ ਉਸ ਸਮੇਂ ਦੇ ਜ਼ਿਲ੍ਹਾ ਪੁਲੀਸ ਅਧੀਕਾਰੀ ਅੰਕਿਤ ਗਰਗ ਨੇ ਜੇਲ੍ਹ ਵਿੱਚ ਉਸ ਦਾ ਲਿੰਗਕ ਸੋਸ਼ਨ ਕੀਤਾ; ਬਾਅਦ ਵਿੱਚ ਉਸੇ ਗਰਗ ਨੂੰ ਰਾਸ਼ਟਰਪਤੀ ਦੇ ਪੁਲਿਸ ਸ਼ੌਰਿਆ ਪੁਰਸਕਾਰ ਨਾਲ ਨਵਾਜਿਆ ਗਿਆ।

ਪਰ ਸੋਨੀ ਸੋਰੀ ਨੇ ਸਿਰਫ਼ ਇੱਕ ਪੀੜਤ ਦੀ ਭੂਮਿਕਾ ਨਿਭਾਉਣ ਤੋਂ ਸਖ਼ਤ ਇਨਕਾਰ ਕਰ ਦਿੱਤਾ। 2013 ਤੋਂ ਲੈ ਕੇ, ਉਸ ਨੇ ਆਪਣੇ ਆਪ ਨੂੰ ਇਕ ਹੋਰ ਰੂਪ ਵਿੱਚ ਢਾਲ ਲਿਆ — ਇੱਕ ਐਸਾ ਰੂਪ ਜਿਸ ਤੋਂ ਰਾਜ ਸਭ ਤੋਂ ਵੱਧ ਡਰਦਾ ਹੈ: ਇੱਕ ਇਤਿਹਾਸਕਾਰ, ਇੱਕ ਗਵਾਹ ਜੋ ਬੋਲਦੀ ਹੈ। 2016 ਵਿੱਚ ਹੋਇਆ ਤੇਜ਼ਾਬੀ ਹਮਲਾ ਵੀ ਉਸਨੂੰ 'ਬੇਦਖ਼ਲੀ ਦੀ ਪ੍ਰਕਿਰਿਆ' ਨੂੰ ਲਿਖਤੀ ਰੂਪ  ਤੋਂ ਨਹੀਂ ਰੋਕ ਸਕਿਆ। ਆਪਣੇ ਹਾਲੀਆ ਬਿਆਨ ਵਿੱਚ, ਉਸ ਨੇ “ਓਪਰੇਸ਼ਨ ਕਗਾਰ”—ਜੋ ਮਾਰਚ 2026 ਤੱਕ ਮਾਓਵਾਦੀਆਂ ਨੂੰ “ਖ਼ਤਮ ਕਰਨ” ਦੀ ਫੌਜੀ ਰਣਨੀਤੀ ਹੈ—ਨੂੰ ਆਦਿਵਾਸੀਆਂ ਦੀ ਜ਼ਮੀਨ ਅਤੇ ਇਜ਼ਤ ਨੂੰ ਖ਼ਤਮ ਕਰਨ ਦਾ ਬਹਾਨਾ ਕਰਾਰ ਦਿੱਤਾ।

ਵਿਕਾਸ ਦੇ ਝੂਠੇ ਪ੍ਰਚਾਰ ਅਤੇ ਵਿਨਾਸ਼ ਵਿਚਲੇ ਗਠਜੋੜ ਨੂੰ ਬੇਨਕਾਬ ਕਰਦਿਆਂ ਸੋਰੀ ਤੀਬਰਤਾ ਅਤੇ ਬੇਚੈਨੀ ਨਾਲ ਗੱਲ ਕਰਦੀ ਹੈ। ਜਿੱਥੇ ਰਾਜ ਨੂੰ ਸੜਕਾਂ ਦਿਸਦੀਆਂ ਹਨ, ਉਹ ਉਸਨੂੰ ਆਦਿਵਾਸੀ ਜੀਵਨ ਦੇ ਆਧਾਰ, ਖਣਿਜ, ਅਤੇ ਸੋਮੇ ਚੂਸਣ ਵਾਲਿਆਂ ਨਾੜੀਆਂ ਨਜ਼ਰ ਆਉਂਦੀਆਂ ਹਨ । ਜਿੱਥੇ ਅਧਿਕਾਰੀ ਸੁਰੱਖਿਆ ਕੈਂਪਾਂ ਅਤੇ ਵਧਦੇ ਹੋਏ ਬਟਾਲੀਅਨਾਂ ਦਾ ਜਸ਼ਨ ਮਨਾਉਂਦੇ ਹਨ, ਉਥੇ ਉਹ ਜ਼ਬਰ-ਜਨਾਹ, ਬੇਘਰੀ ਅਤੇ ਤਸ਼ੱਦਦ ਦਾ ਚਿਤਰਨ ਕਰਦੀ ਹੈ। ਜਿੱਥੇ ਕਾਰਪੋਰੇਟ ਮੀਡੀਆ ਤਰੱਕੀ ਦੀ ਰਿਪੋਰਟ ਕਰਦਾ ਹੈ ਅਤੇ ਆਪਣੇ ਭਰੋਸੇਮੰਦ ਪੱਤਰਕਾਰਾਂ ਰਾਹੀਂ ਇੱਕ ਝੂਠੀ ਜਿੱਤ ਦਿਖਾਉਂਦਾ ਹੈ, ਉਥੇ ਸੋਰੀ ਸੰਵਿਧਾਨਕ ਵਾਅਦਿਆਂ ਦੀ ਕੀਤੀ ਜਾ ਰਹੀ ਸੰਸਥਾਤਮਕ ਤਬਾਹੀ ਨੂੰ ਦਰਜ ਕਰਦੀ ਹੈ — ਉਹ ਵਾਅਦੇ ਜੋ ਭਾਰਤ ਦੇ ਮੂਲ ਨਿਵਾਸੀਆਂ ਨਾਲ ਕੀਤੇ ਗਏ ਸਨ। ...........................

 ਮੇਰਾ ਤੁਹਾਨੂੰ ਪਹਿਲਾ ਸਵਾਲ ਲਗਾਤਾਰ ਵੱਧ ਰਹੀਆਂ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਬਾਰੇ ਹੈ। ਮੂਲਵਾਸੀ ਬਚਾਓ ਮੋਰਚਾ (MBM) ਦੀ ਸਾਬਕਾ ਪ੍ਰਧਾਨ ਰਘੂ ਮੀਡਿਆਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਸਾਲ ਕਾਰਕੁਨ ਆਗੂ ਸੁਨੀਤਾ ਪੋਟਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਛੱਤੀਸਗੜ੍ਹ ਸਰਕਾਰ ਨੇ ਨਵੰਬਰ 2024 ਵਿੱਚ MBM ਨੂੰ ਬੈਨ ਕਰ ਦਿੱਤਾ। ਤੁਸੀਂ ਇਸ ਸਾਰੇ ਜਬਰ ਨੂੰ ਕਿਵੇਂ ਦੇਖਦੇ ਹੋ ? 

ਹਰ ਰੋਜ਼ 5 ਤੋਂ 10 ਆਦਿਵਾਸੀ ਗ੍ਰਿਫ਼ਤਾਰ ਕੀਤੇ ਜਾਂਦੇ ਹਨ; ਝੂਠੇ ਪੁਲੀਸ ਮੁਕਾਬਲੇ ਬਣਾਏ ਜਾਂਦੇ ਹਨ। ਇਸਦੇ ਪਿੱਛੇ ਦਾ ਮੁੱਖ ਮਕਸਦ ਆਦਿਵਾਸੀਆਂ ਦੀਆਂ ਜ਼ਿੰਦਗੀਆਂ ਖਤਮ ਕਰਨਾ ਹੈ। ਬਸਤਰ ਵਿੱਚ ਜੋ ਕੋਈ ਵੀ ਲੜਦਾ ਹੈ ਚਾਹੇ ਉਹ MBM ਜਾਂ ਸੋਨੀ ਸੋਰੀ ਜਾਂ ਹਿਡਮੇ ਮਾਰਕਮ ਉਸਨੂੰ ਨਕਸਲਵਾਦੀ ਕਹਿ ਕੇ ਦਰੜ੍ਹ ਦਿੱਤਾ ਜਾਂਦਾ ਹੈ। ਇਹੀ ਕੁਝ ਸੁਨੀਤਾ ਨਾਲ ਕੀਤਾ ਗਿਆ ਹੈ। ਸੁਨੀਤਾ ਦੀ ਦਾ ਜਨਮ ਭੂਮੀ ਗੰਗਲੂਰ, ਬੀਜਾਪੁਰ ਜ਼ਿਲੇ (ਉਹ ਪੋਸਨਾਰ ਤੋਂ ਹੈ) 'ਚ ਹੈ ਜਿੱਥੇ ਖਣਿਜ ਭਰਪੂਰ ਪਹਾੜੀਆਂ ਹਨ। ਹੁਣ ਜੇਕਰ ਸਰਕਾਰ ਨੇ ਉੱਥੋਂ ਖਣਿਜਾਂ ਦੀ ਖੁਦਾਈ ਕਰਨੀ ਹੋਵੇ ਤਾਂ ਉਹ ਆਪਣੇ ਮਕਸਦ ਦੀ ਪੂਰਤੀ ਲਈ ਓਹ ਕਿਸ ਨੂੰ ਨਿਸ਼ਾਨਾ ਬਣਾਵੇਗੀ? ਜਿਹੜੇ ਉੱਥੇ ਰਹਿ ਰਹੇ ਹਨ, ਆਦਿਵਾਸੀਆਂ ਨੂੰ। ਜੇਕਰ ਜ਼ਮੀਨ ਖਾਲੀ ਕਰਨੀ ਹੈ ਤਾਂ ਆਦਿਵਾਸੀ ਮਾਰੇ ਜਾਣੇ ਜ਼ਰੂਰੀ ਨੇ ਤੇ ਜੇਕਰ ਤੁਸੀਂ ਆਦਿਵਾਸੀਆਂ ਨੂੰ ਖਤਮ ਕਰਨਾ ਹੈ ਤਾਂ ਤੁਹਾਨੂੰ ਆਦਿਵਾਸੀ ਆਗੂਆਂ ਨੂੰ ਉਹਨਾਂ ਤੇ ਪ੍ਰਤੀਬੰਧ ਲਾਉਣ, ਉਹਨਾਂ ਦੀਆਂ ਗ੍ਰਿਫ਼ਤਾਰੀਆਂ ਰਾਹੀਂ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਹੋਵੇਗਾ। ਜੰਗਲ 'ਚੋਂ ਆਦਿਵਾਸੀਆਂ ਨੂੰ ਹਟਾਉਣਾ ਤੇ ਖਣਿਜ ਭਰਪੂਰ ਪਹਾੜੀਆਂ ਪੂੰਜੀਪਤੀਆਂ ਹਵਾਲੇ ਕਰਨ ਲਈ ਇਹ ਸਰਕਾਰ ਦੀ ਬਾਕਾਇਦਾ ਪੂਰੀ ਸੋਚੀ ਸਮਝੀ ਤੇ ਯੋਜਨਾਵੱਧ ਰਣਨੀਤੀ ਦਾ ਹਿੱਸਾ ਹੈ।  

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਹੁਣ ਚੱਲ ਰਿਹਾ ਆਪਰੇਸ਼ਨ ਕਗਾਰ 31 ਮਾਰਚ 2026 ਤਕ ਮਾਓਵਾਦ/ਨਕਸਲਵਾਦ ਨੂੰ ਖਤਮ ਕਰ ਦੇਵੇਗਾ। ਇਸਤੋਂ ਪਹਿਲੇ ਹੱਲੇ ਨੂੰ ਸਮਾਧਾਨ-ਪਰਹਾਰ ਕਿਹਾ ਗਿਆ; ਉਸ ਤੋਂ ਵੀ ਪਹਿਲਾਂ ਕਈ ਹੋਰ ਨਾਮ ਨੇ। ਇਸ ਵਾਰ ਦੇ ਹੱਲੇ ਨੂੰ ਸਮਾਂਵੱਧ ਕਰਨ ਤੇ ਉਸ ਸਮਾਂ ਸੀਮਾ ਦਾ ਜਨਤਕ ਤੌਰ 'ਤੇ ਐਲਾਨ ਕਰਨ ਦੇ ਪਿੱਛੇ ਤੁਹਾਨੂੰ ਕੀ ਕਾਰਣ ਲੱਗਦੇ ਹਨ ? 

    ਜੋ ਗ੍ਰਹਿ ਮੰਤਰੀ ਕਹਿ ਰਹੇ ਨੇ ਉਹ ਕੁਝ ਨਵਾਂ ਨਹੀਂ ਹੈ। ਇਹ ਬਿਆਨ ਪਹਿਲਾਂ ਵੀ ਦਿੱਤੇ ਗਏ ਨੇ। ਪਰ ਇਸ ਵਾਰ ਉਹ ਇਹ ਹੋਰ ਸਰਗਰਮੀ  ਨਾਲ ਕਹਿ ਰਹੇ ਹਨ, ਇੱਕ ਰਾਜ ਤੋਂ ਦੂਜੇ ਰਾਜ ਤਕ ਜਾ ਕੇ, ਅੰਤਰਰਾਸ਼ਟਰੀ ਮੰਚਾਂ 'ਤੇ ਵੀ ਹਰ ਜਗ੍ਹਾ ਬੋਲ ਰਹੇ ਹਨ।

ਇਸ ਤੋਂ ਪਹਿਲਾ ਇੱਥੇ ਸਲਵਾ ਜੂਡਮ ਸੀ। ਸਲਵਾ ਜੂਡਮ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੌਣ ਹੋਇਆ ? ਆਦਿਵਾਸੀ। ਇੱਥੇ ਬਸਤਰ ਬਟਾਲੀਅਨ ਸੀ, ਦੰਤੇਸ਼ਵਰੀ ਫਾਇਟਰਜ਼, ਕੋਬਰਾ ਬਟਾਲੀਅਨ ਤੇ ਹੋਰ ਬਹੁਤ ਸਾਰੀਆਂ। ਪੁਲੀਸ ਕੈਂਪ ਬਣਾਏ ਗਏ ਹਰ ਤਰ੍ਹਾਂ ਦੀ ਫੋਰਸ ਇੱਥੇ ਲਿਆਂਦੀ ਗਈ ਆਦਿਵਾਸੀਆਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ। 

ਜਿੱਥੇ ਕਿਤੇ ਝੂਠੇ ਪੁਲੀਸ ਮੁਕਾਬਲੇ ਹੁੰਦੇ ਹਨ, ਸਾਨੂੰ ਉੱਥੇ ਜਾਣ ਦੀ ਆਗਿਆ ਨਹੀਂ ਹੈ, ਅਸੀਂ ਸਵਾਲ ਨਹੀਂ ਪੁੱਛ ਸਕਦੇ। ਜਦੋਂ ਅਸੀਂ ਮੀਡੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ। ਸਟੇਟ ਹੀ ਖੁਦ ਸਾਰੇ ਸੰਸਾਰ ਨਾਲ ਗੱਲ ਕਰਦੀ ਹੈ ਤੇ ਬਸਤਰ ਦੇ ਲੋਕਾਂ ਤੇ ਸਮਾਜ ਸੇਵੀਆਂ ਦੀਆਂ ਆਵਾਜ਼ਾਂ ਨੂੰ ਦਰੜ੍ਹ ਦਿੱਤਾ ਜਾਂਦਾ ਹੈ। ਅਮਿਤ ਸ਼ਾਹ ਕਹਿ ਰਹੇ ਨੇ ਕਿ 2026 ਤਕ ਮਾਓਵਾਦੀ ਖਤਮ ਹੋ ਜਾਣਗੇ। ਇਸ ਦੇ ਪਿੱਛੇ ਅਸਲ ਰਣਨੀਤੀ ਕੀ ਹੈ ? ਮਾਓਵਾਦੀ ਹੋਣ ਦੇ ਨਾਮ ਹੇਠ ਜਦੋਂ ਕੋਈ ਵੀ ਆਦਮੀ ਮਾਰਿਆ ਜਾਂਦਾ ਹੈ ਤਾਂ ਇਹ ਦਾਆਵਾ ਕੀਤਾ ਜਾਂਦਾ ਹੈ ਕਿ ਇਸ ਦੇ ਸਿਰ ਤੇ 2 ਲੱਖ, 3 ਲੱਖ, 4 ਲੱਖ ਦਾ ਇਨਾਮ ਸੀ। ਇਸ ਤਰ੍ਹਾਂ ਨਾਲ ਆਦਿਵਾਸੀ ਕਿਸਾਨਾਂ ਨੂੰ ਮਾਰਿਆ ਜਾਂਦਾ ਹੈ ਪਰ ਉਹਨਾਂ ਨੂੰ ਮਾਓਵਾਦੀ ਐਲਾਨ ਦਿੱਤਾ ਜਾਂਦਾ ਹੈ। ਅਸੀਂ ਲੋਕਾਂ ਦੇ ਸਿਰ ਤੇ 60 ਲੱਖ ਤੇ 1.5 ਕਰੋੜ ਤਕ ਦੇ ਇਨਾਮ ਵੀ ਸੁਣੇ ਹਨ ਜਿਹੜੇ ਮਾਰ ਦਿੱਤੇ ਗਏ। ਤੁਸੀਂ ਉਹਨਾਂ ਨੂੰ ਮਾਰ ਕੇ ਇਨਾਮ ਆਪਸ ਵਿੱਚ ਵੰਡ ਲੈਂਦੇ ਹੋ। 

ਪਰ ਕਾਨੂੰਨੀ ਤੌਰ 'ਤੇ ਕੀ ਹੋਣਾ ਚਾਹੀਦਾ ਹੈ ? ਸਭ ਤੋਂ ਪਹਿਲਾਂ ਪੋਸਟ-ਮਾਰਟਮ। ਮਾਰਿਆ ਗਿਆ ਮਾਓਵਾਦੀ ਜਿਸ ਪਿੰਡ ਨਾਲ ਸੰਬੰਧਿਤ ਹੈ ਉਸ ਪਿੰਡ ਦੀ ਪੰਚਾਇਤ ਨੂੰ ਸੂਚਨਾ ਦਿੱਤੀ ਜਾਵੇ; ਪਰਿਵਾਰ ਨੂੰ ਸੂਚਨਾ ਦਿੱਤੀ ਜਾਵੇ; ਪਿੰਡ ਦੇ ਲੋਕਾਂ ਨੂੰ  ਖਾਸ ਕਰ ਜੋ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਦੱਸਿਆ ਜਾਵੇ। 

ਪਰ ਉਹ ਅਜਿਹਾ ਕੁਝ ਨਹੀਂ ਕਰਦੇ। ਨਾ ਉਹ ਪੋਸਟ-ਮਾਰਟਮ ਕਰਦੇ ਹਨ, ਨਾ ਅਖਬਾਰਾਂ ਵਿੱਚ ਕੋਈ ਜਾਣਕਾਰੀ ਛਾਪਦੇ ਨੇ। ਜਦੋਂ ਕੋਈ ਵਿਅਕਤੀ ਮਾਰਿਆ ਜਾਂਦਾ ਹੈ ਫੇਰ ਉਸ ਦੇ ਸਿਰ 'ਤੇ ਇਨਾਮੀ ਰਾਸ਼ੀ ਦੀ ਘੋਸ਼ਣਾ ਹੁੰਦੀ ਹੈ। ਇਸੇ ਕਰਕੇ ਐਥੈ ਬਹੁਤ ਜ਼ਿਆਦਾ ਖੂਨ ਖਰਾਬਾ ਹੋ ਰਿਹਾ ਹੈ। ਕਿਸੇ ਨੂੰ ਮਾਰ ਦੇਵੋ ਤੇ ਪੈਸੇ ਲੈ ਲਵੋ। ਆਤਮ ਸਮਰਪਣ ਕਰੋ ਤੇ ਪੈਸੇ ਲਵੋ। 

ਮੇਰਾ ਰਾਜ ਤੇ ਕੇਂਦਰੀ ਸਰਕਾਰ ਨੂੰ ਸਵਾਲ ਹੈ ਕਿ ਆਖਿਰ ਇਹ ਪੈਸਾ ਕਿਥੋਂ ਆਉਂਦਾ ਹੈ ? ਕੀ ਤੁਹਾਡੇ ਕੋਲ ਇਸ ਪੈਸੇ ਦਾ ਕੋਈ ਹਿਸਾਬ ਕਿਤਾਬ ਹੈ? 

............

ਕੀ ਇਨਾਮ ਵਿੱਚ ਦਿੱਤਾ ਜਾਣ ਵਾਲਾ ਪੈਸਾ ਲੋਕਾਂ ਦਾ ਪੈਸਾ ਨਹੀਂ ਹੈ ? ਇਸ ਦਾ ਹਿਸਾਬ ਕਿੱਥੇ ਹੈ ? ਕੌਣ ਇਸ ਦੀ ਵੰਡ ਕਰਦਾ ਹੈ ? ਕੌਣ ਇਸਦਾ ਹਿਸਾਬ ਕਰਦਾ ਹੈ ? ਕਿੱਥੇ ਕੀਤਾ ਜਾਂਦਾ ਹੈ ਇਹ ਸਭ ? ਮੈਂ ਇਸ ਸਾਰੇ ਵਰਤਾਰੇ ਨੂੰ ਬੇਨਕਾਬ ਕਰਨ ਲਈ ਤਿਆਰ ਹਾਂ। ਜੇਕਰ ਮੈਂ ਇਹਨਾਂ ਸਵਾਲਾਂ ਦੇ ਜਵਾਬ ਮੰਗਣ ਲਈ ਅਰਜ਼ੀ ਦੇਵਾਂਗੀ ਤਾਂ ਮੈਨੂੰ ਵੀ ਮਾਓਵਾਦੀ ਐਲਾਨ ਕੇ ਮਾਰ ਦਿੱਤਾ ਜਾਵੇਗਾ ਜਾਂ ਜੇਲ੍ਹ ਸੁੱਟ ਦਿੱਤਾ ਜਾਵੇਗਾ।

ਮੈਂ ਪੜ੍ਹਿਆ ਸੀ ਕੀ 2500 ਸੁਰੱਖਿਆ ਜਵਾਨਾਂ ਦੀ ਇੱਕ ਹੋਰ ਬਟਾਲੀਅਨ ਨੂੰ ਬਸਤਰ ਦੇ ਖੁੱਲ੍ਹੇ ਕੈਂਪਾਂ ਵਿੱਚ ਲਿਆਂਦਾ ਗਿਆ ਹੈ। ਅੰਡਰ ਬੈਰਲ ਗਰਨੇਡ ਲੋਂਚਰ ਵਰਗੇ ਨਵੇਂ ਹਥਿਆਰ ਲਿਆਂਦੇ ਗਏ ਨੇ, ਅਨਮੈਨਡ ਹਵਾਈ ਸਾਧਨ ਤੇ ਡ੍ਰੋਨਾਂ ਦੀ ਹਵਾਈ ਨਿਗਰਾਨੀ ਲਈ ਵਰਤੋਂ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗਤੀਵਿਧੀਆਂ ਪਿੰਡ ਦੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਿਵੇਂ ਖਲਲ ਪਾ ਰਹੀਆਂ ਹਨ ? 

   ਪਿੰਡਾਂ ਦੇ ਲੋਕ ਵਿਚਾਰੇ ਸੌਂ ਨਹੀਂ ਪਾ ਰਹੇ। ਕੈਂਪ ਸਥਾਪਿਤ ਹੋ ਜਾਣ ਤੋਂ ਬਾਅਦ ਫੌਜ ਦੇ ਲੋਕਾਂ ਪਿੰਡਾਂ 'ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਆਦਿਵਾਸੀ ਕਿਸਾਨ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ, ਪਾਣੀ ਨਹੀਂ ਲਿਆ ਸਕਦੇ, ਲਕੜੀ ਜਾਂ ਤੇਂਦੂ ਪੱਤਾ ਕੱਠਾ ਕਰਨ ਵੀ ਨਹੀਂ ਜਾ ਸਕਦੇ। ਇਸ ਸਮੇਂ ਬੀਜਾਪੁਰ ਦੇ ਵਿੱਚ ਇਹ ਹਾਲਤ ਬਣੇ ਹੋਏ ਹਨ ।

ਮੈਂ ਸਿਲਗਰ ਤੋਂ ਅੱਗੇ ਇੱਕ ਪਿੰਡ ਵਿੱਚ ਠਹਿਰੀ ਹੋਈ ਸੀ। ਰਾਤ ਨੂੰ ਇੱਕ ਵਜੇ ਬੰਬਾਂ ਦੇ ਖੜਕੇ ਨਾਲ ਮੇਰੀ ਨੀਂਦ ਖੁੱਲ੍ਹ ਗਈ। ਮੇਰੇ ਨਾਲ ਇੱਕ ਗਰਭਵਤੀ ਔਰਤ ਵੀ ਸੀ ਜਿਸ ਨੇ ਦੱਸਿਆ ਕੀ ਇਹ ਤਾਂ ਰੋਜ਼ ਦੀ ਗੱਲ ਹੈ ਸਗੋਂ ਉਸਦੇ ਪੇਟ ਅੰਦਰਲਾ ਬੱਚਾ ਵੀ ਇਹਨਾਂ ਆਵਾਜ਼ਾਂ ਤੋਂ ਪਰੇਸ਼ਾਨ ਹੋ ਜਾਂਦਾ ਹੈ। ਉਸ ਨੇ ਮੈਨੂੰ ਆਪਣੇ ਪੇਟ ਨੂੰ ਹੱਥ ਲਗਾਉਣ ਨੂੰ ਕਿਹਾ ਕੇ ਦੇਖ ਅੰਦਰ ਮੇਰਾ ਬੱਚਾ ਕਿੰਨਾ ਬੇਆਰਾਮ ਹੈ ਏਸ ਵਕਤ। ਮੇਰੇ ਕੋਲੇ ਵਾਤਾਵਰਣ ਤੇ ਜ਼ਮੀਨ ਉੱਪਰ ਬੰਬਾਰੀ ਨਾਲ ਪਏ ਮਾੜੇ ਪ੍ਰਭਾਵਾਂ ਦੀਆਂ ਤਸਵੀਰਾਂ ਤੇ ਵੀਡੀਓ ਹਨ। ਤੁਸੀਂ ਸਿਰਫ਼ ਲੋਕਾਂ ਨੂੰ ਨਹੀਂ ਮਾਰ ਰਹੇ ਸਗੋਂ ਵਾਤਾਵਰਣ ਵੀ ਤਬਾਹ ਕਰ ਰਹੇ ਹੋ। ਇਸ ਲਈ ਇਹ ਪੂਰੇ ਦੇਸ਼ ਦੇ ਲਈ ਬਹੁਤ ਜ਼ਰੂਰੀ ਮਸਲਾ ਹੈ ਨਾ ਕਿ ਸਿਰਫ਼ ਸਾਡੇ ਲਈ। 

..................................................

ਜਿਸ ਦਿਨ ਰਾਜ ਨੇ ਪੈਸਾ ਦੇਣਾ ਬੰਦ ਕਰ ਦਿੱਤਾ ਉਸੇ ਦਿਨ ਆਦਿਵਾਸੀਆਂ ਦੇ ਖਿਲਾਫ਼ ਅੱਤਿਆਚਾਰ ਬੰਦ ਹੋ ਜਾਵੇਗਾ। ਤੁਸੀਂ ਯਕੀਨ ਨਹੀਂ ਕਰੋਗੇ ਐਥੇ ਲੋਕ ਮਰੇ ਹੋਏ ਪਏ ਹਨ ; ਆਇਤੁ 4 ਲੱਖ ਦੇ ਇਨਾਮ ਨਾਲ, ਹਿਡਮਾਂ 3 ਲੱਖ ਤੇ ਜੋਗਾ 2 ਲੱਖ ਦੇ ਇਨਾਮ ਨਾਲ; ਉਹਨਾਂ ਨੂੰ ਮਾਰਨ ਤੋਂ ਬਾਅਦ ਅਰਧ ਸੈਨਿਕ ਬਲ ਨੱਚ ਰਹੇ ਨੇ- ਉਹ ਡੀਜੇ ਤੇ ਸਪੀਕਰ ਲੈ ਆਉਂਦੇ ਨੇ ਤੇ ਜਸ਼ਨ ਮਨਾਉਂਦੇ ਨੇ। ਕਿਉ? ਸਿਰਫ਼ ਪੈਸੇ ਕਰਕੇ!

ਇਹ ਤਾਂ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਹੈ। ਫ਼ੌਜ ਜ਼ਮੀਨ ਦੀ ਰੱਖਿਅਕ ਹੈ, ਇਹ ਆਮ ਸਾਂਝੀ ਧਾਰਨਾ ਹੈ, ਭਾਰਤ ਵਿੱਚ ਪ੍ਰਚਲਿਤ ਹੈ। ਪਰ ਇਸ ਮਸਲੇ ਵਿੱਚ ਤਾਂ ਫ਼ੌਜ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਮਾਰ ਰਹੀ ਹੈ ਤੇ ਉਸਦਾ ਜਸ਼ਨ ਵੀ ਮਨਾ  ਰਹੀ ਹੈ, ਪਰ ਇਹ ਖਬਰ ਬਸਤਰ ਤੋਂ ਬਾਹਰ ਦੇ ਲੋਕਾਂ ਤੱਕ ਨਹੀਂ ਪਹੁੰਚ ਰਹੀ ਹੈ। ਔਰਤਾਂ ਤੇ ਬੱਚਿਆਂ ਉੱਪਰ ਵੀ ਜ਼ੁਲਮ ਕੀਤਾ ਜਾ ਰਿਹਾ ਹੈ? ਹੈ ਨਾ ? 

ਬੱਚਿਆਂ ਨੂੰ ਵੀ ਗੋਲੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇੰਦਰਾਵਤੀ ਨਦੀ ਵਿੱਚ 4 ਬੱਚਿਆਂ ਦੇ ਗੋਲੀ ਵਜੀ ਸੀ। ਸਾਡੇ ਕੋਲ ਇਸਦੇ ਕਾਗਜ਼ਾਤ ਤੇ ਸਬੂਤ ਹਨ। ਇੱਕ ਅਜੇ ਦੁੱਧ ਪੀਂਦਾ 1 ਸਾਲ ਤੋਂ ਵੀ ਛੋਟਾ ਬੱਚਾ ਸੀ, ਜਦੋਂ ਪੈਰਾਮਿਲਟਰੀ ਫੋਰਸ ਪਿੰਡ ਪਹੁੰਚੀ ਤੇ ਬੱਚੇ ਦਾ ਬਾਪ ਉਸ ਨੂੰ ਲੈ ਕੇ ਜੰਗਲ ਵੱਲ ਭੱਜ ਗਿਆ। ਉਸਨੂੰ ਲੱਗਿਆ ਕੇ ਜੇ ਬੱਚਾ ਰੋ ਪਿਆ ਤਾਂ ਉਹ ਫੜਿਆ ਜਾਵੇਗਾ। ਉਹ ਬੱਚੇ ਦੇ ਨਾਲ ਹੀ ਲੁਕ ਗਿਆ। ਉਹਨਾਂ ਨੇ ਉਸ ਨੂੰ ਲੱਭ ਲਿਆ ਤੇ ਮਾਰ ਦਿੱਤਾ। ਉਹ ਬੱਚੇ ਨੂੰ ਹੋਰ ਪਿੰਡ ਲੈ ਗਏ ਤੇ ਉੱਥੋਂ ਦੇ ਲੋਕਾਂ ਨੂੰ ਬੱਚਾ ਫੜ ਦਿੱਤਾ। ਮੈਨੂੰ ਉੱਥੋਂ ਫ਼ੋਨ ਆਇਆ ਕੇ ਇੱਕ ਛੋਟਾ ਬੱਚਾ ਆਪਣੀ ਮਾਂ ਦੀ ਤਲਾਸ਼ ਵਿੱਚ ਰੋ ਰਿਹਾ ਹੈ, ਦੁੱਧ ਦੀ ਭੁੱਖ ਨਾਲ ਤੜਫ ਰਿਹਾ ਹੈ।  

ਜਦੋਂ ਅਸੀਂ ਪੈਰਾ ਮਿਲਟਰੀ ਆਪਰੇਸ਼ਨਸ ਵਿੱਚ ਜਖਮੀ ਹੋਏ ਬੱਚਿਆਂ ਨੂੰ ਮਿਲਦੇ ਹਾਂ ਤਾਂ ਬਹੁਤੀ ਵਾਰ ਉਹਨਾਂ ਦੇ ਜ਼ਖਮਾਂ ਵਿੱਚ ਕੀੜੇ ਪਏ ਹੁੰਦੇ ਹਨ। ਜਦੋਂ ਪੈਰਾ ਮਿਲਟਰੀ ਮੁਕਾਬਲੇ ਬਣਾਉਂਦੀ ਹੈ ਤਾਂ ਉਹ ਮਿਰਤਕ ਸਰੀਰ ਨੂੰ ਕੈਂਪਾਂ ਵਿੱਚ ਲੈਕੇ ਆਉਂਦੇ ਨੇ ਤਾਂ ਕਿ ਉਹ ਇਨਾਮ ਦੇ ਪੈਸੇ ਲੈ ਸਕਣ। ਪਰ ਜੇ ਕਿਤੇ ਗੋਲੀ ਕਿਸੇ ਬੱਚੇ ਨੂੰ ਲੱਗ ਜਾਵੇ ਤਾਂ ਉਹ ਮਿਰਤਕ ਸਰੀਰ ਨੂੰ ਕੈਂਪ 'ਚ ਨਹੀਂ ਲੈਕੇ ਆਉਂਦੇ ਕਿਉਕਿ ਉਹਨਾਂ ਦੇ ਸਿਰ 'ਤੇ ਕੋਈ ਇਨਾਮ ਨਹੀਂ ਹੁੰਦਾ। ਜਦੋਂ ਕਦੇ ਗਲਤੀ ਨਾਲ ਗੋਲੀ ਕਿਸੇ ਔਰਤ, ਬੱਚੇ ਜਾਂ ਬਜ਼ੁਰਗ ਨੂੰ ਲੱਗਦੀ ਹੈ ਤਾਂ ਕੋਈ ਜਾਂਚ ਪੜਤਾਲ ਕਿਉਂ ਨਹੀਂ ਹੁੰਦੀ। 

ਉਹ ਬੱਚਿਆਂ ਨੂੰ ਮਰਨ ਲਈ ਛੱਡ ਦਿੰਦੇ ਹਨ ਤੇ ਇਹ ਸਾਰੀ ਖਬਰ ਦਬਾ ਦਿੱਤੀ ਜਾਂਦੀ ਹੈ। ਜਦੋਂ ਤੁਸੀਂ ਸਵਾਲ ਕਰਦੇ ਹੋ ਉਹਨਾਂ ਨੂੰ ਘੇਰਦੇ ਹੋ ਤਾਂ ਕਹਿ ਦਿੱਤਾ ਜਾਂਦਾ ਹੈ ਕੇ ਬੱਚੇ ਮੁਕਾਬਲੇ ਸਮੇਂ ਹੋਈ ਆਹਮੋ ਸਾਹਮਣੀ ਗੋਲੀਬਾਰੀ ਵਿੱਚ ਮਾਰੇ ਗਏ। ਤੁਹਾਡੇ ਬੱਚੇ ਹਨ; ਤੁਹਾਡੇ ਲਈ ਉਹਨਾਂ ਦੀਆਂ ਜ਼ਿੰਦਗੀਆਂ ਮਾਇਨੇ ਰੱਖਦੀਆਂ ਹਨ। ਪਰ ਫੇਰ ਇਹ ਤਾਂ ਆਦਿਵਾਸੀ ਬੱਚੇ ਹਨ ਇਹਨਾਂ ਦੀਆਂ ਮੌਤਾਂ ਨਾਲ ਕੋਈ ਫਰਕ ਨਹੀਂ ਪੈਂਦਾ। 

ਪੁਲਿਸ ਵੱਲੋਂ ਕਿਸੇ ਔਰਤ ਦੇ ਘਰ ਦਾਖ਼ਲ ਹੋਕੇ ਉਸ ਨੂੰ ਛੂਹਣ ਬਾਰੇ ਕੁਝ ਸਥਾਪਿਤ ਨਿਯਮ ਤੇ ਢੰਗ ਤਰੀਕੇ ਹਨ। ਪਰ ਇੱਥੇ ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਪੈਰਾ ਮਿਲਟਰੀ ਵਾਲੇ ਸਵੇਰੇ ਸਵੇਰੇ ਹੀ ਕਿਸੇ ਵੀ ਘਰੇ ਵੜ੍ਹ ਜਾਂਦੇ ਹਨ ਜਦੋਂ ਅਜੇ ਔਰਤਾਂ ਅਨਾਜ ਕੁੱਟਣ, ਕੱਪੜੇ ਧੌਣ ਜਾਂ ਘਰ ਦੇ ਹੋਰ ਕੰਮ ਕਰ ਰਹੀਆਂ ਹੁੰਦੀਆ ਹਨ। ਉਹ ਉਹਨਾਂ ਦੇ ਕੱਪੜੇ ਪਾੜ ਦਿੰਦੇ ਹਨ, ਉਹਨਾਂ ਦੀਆਂ ਸਾੜੀਆਂ ਉਤਾਰ ਦਿੰਦੇ ਹਨ, ਉਹਨਾਂ ਦੀ ਕੁੱਟਮਾਰ ਕਰਦੇ ਹਨ, ਉਹਨਾਂ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ- ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹਨ।

ਸੁਧਾ ਦੇ ਕੇਸ ਨੂੰ ਹੀ ਦੇਖੋ ; ਉਸਨੂੰ ਪੈਰਾ ਮਿਲਟਰੀ ਫੋਰਸ ਵਾਲੇ ਉਸਦੇ ਘਰੋਂ ਲੈ ਗਏ ਸਨ। ਪਿੰਡ ਦੀਆਂ ਹੋਰ ਔਰਤਾਂ ਨੇ ਉਹਨਾਂ ਦੀਆਂ ਮਿੰਨਤਾਂ ਕੀਤੀਆਂ ਕੇ ਸੁਧਾ ਨੂੰ ਨਾ ਲੈ ਕੇ ਜਾਣ, ਜੇਕਰ ਲੋੜ ਹੈ ਤਾਂ ਉਸ ਖਿਲਾਫ਼ ਕੇਸ ਦਰਜ ਕਰ ਲੈਣ ਪਰ ਉਸ ਨੂੰ ਪਿੰਡ ਵਿੱਚ ਹੀ ਛੱਡ ਜਾਣ। ਪਰ ਉਹ ਉਸ ਨੂੰ ਜਬਰਦਸਤੀ ਜੰਗਲ ਵਿੱਚ ਲੈ ਗਏ, ਉਸਦੇ ਘਰ ਦੇ ਨੇੜੇ ਹੀ ਤੇ ਜਦੋਂ ਤਕ ਉਹ ਮਰ ਨਹੀਂ ਗਈ ਉਸਦਾ ਬਾਰ ਬਾਰ ਬਲਾਤਕਾਰ ਕੀਤਾ। ਕੋਈ ਗੋਲੀਆਂ ਨਹੀਂ ਚੱਲੀਆਂ ਪਰ ਜਦੋਂ ਉਸ ਨੇ ਆਪਣਾ ਆਖਰੀ ਸਾਹ ਲਿਆ ਤਾਂ ਉਹਨਾਂ ਨੇ ਕਿਹਾ ਕੇ ਮੁਕਾਬਲੇ 'ਚ ਇੱਕ ਨਕਸਲੀ ਮਾਰੀ ਗਈ । 

ਉਸਦੇ ਮਿਰਤਕ ਸਰੀਰ ਨੂੰ ਦੰਤੇਵਾੜਾ ਹਸਪਤਾਲ ਲਿਆਂਦਾ ਗਿਆ। ਮੈਨੂੰ ਦੱਸਿਆ ਗਿਆ ਕਿ ਉਸ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ ਤਾਂ ਮੈਂ ਡਿਊਟੀ ਤੇ ਮੌਜੂਦ ਡਾਕਟਰ ਨੂੰ ਉਸਦੀ ਮਿਰਤਕ ਦੇਹ ਦਿਖਾਉਣ ਲਈ ਕਿਹਾ। ਉਸਦੇ ਸਰੀਰ ਉੱਪਰ ਗੋਲੀ ਦਾ ਇੱਕ ਵੀ ਨਿਸ਼ਾਨ ਨਹੀਂ ਸੀ। ਮੈਂ ਸਵਾਲ ਖੜ੍ਹਾ ਕੀਤਾ,  “ਜੇਕਰ ਤੁਸੀਂ ਦਾਆਵਾ ਕਰਦੇ ਹੋ ਕਿ ਇਹ ਮੁਕਾਬਲੇ ਚ ਮਾਰੀ ਗਈ ਹੈ ਤਾਂ ਸਰੀਰ ਤੇ ਗੋਲੀ ਦਾ ਇੱਕ ਵੀ ਨਿਸ਼ਾਨ ਕਿਉ ਨਹੀਂ ਹੈ?”

ਬਸਤਰ ਦੀਆਂ ਔਰਤਾਂ ਮੈਨੂ ਦੱਸਦੀਆਂ ਹਨ; ਸੋਨੀ ਦੀਦੀ ਸਾਨੂੰ ਮਰਨ ਤੋਂ ਡਰ ਨਹੀਂ ਲੱਗਦਾ। ਸਾਡੇ 'ਤੇ ਗੋਲੀਂ ਚਲਾਓ। ਪਰ ਸਾਡਾ ਬਲਾਤਕਾਰ ਨਾ ਕਰੋ। ਅਸੀਂ ਮਰਨ ਲਈ ਤਿਆਰ ਹਾਂ, ਪਰ ਬਲਾਤਕਾਰ ਸਹਿਣ ਲਈ ਨਹੀਂ। ਕਿਉਂਕਿ ਇੱਥੇ ਬਲਾਤਕਾਰ ਸਭ ਤੋਂ ਮਾੜੀ ਤੇ ਖਤਰਨਾਕ ਚੀਜ਼ ਹੈ। 

ਜਿਉਂਦੀਆ ਔਰਤਾਂ 'ਤੇ ਅੱਤਿਆਚਾਰ, ਜਬਰ, ਕੁੱਟਮਾਰ ਤੇ ਬਲਾਤਕਾਰ ਕੀਤਾ ਜਾਂਦਾ ਹੈ, ਫੇਰ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਮੈਂ ਪਤਾ ਨਹੀਂ ਕਿੰਨੀਆਂ ਹੀ ਔਰਤਾਂ ਦੇ ਸੁੱਜੇ ਹੋਏ ਜਣਨ ਅੰਗ ਦੇਖੇ ਹਨ, ਕਿੰਨੀਆਂ ਦੇ ਪੱਟਾਂ ਤੇ ਹੋਈ ਸੋਜ ਤੇ ਪਈਆਂ ਲਾਸ਼ਾਂ ਦੇਖੀਆਂ ਨੇ। 

ਬਸਤਰ ਵਿੱਚ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਹਨ। ਪਰ ਜੇਕਰ ਤੁਸੀਂ ਇਹਨਾਂ ਬਾਰੇ ਗੱਲ ਕਰੋਗੇ ਤਾਂ ਤੁਹਾਨੂੰ ਮਾਓਵਾਦੀ ਐਲਾਨ ਦਿੱਤਾ ਜਾਵੇਗਾ। ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ, ਉਹਨਾਂ ਦੇ ਅੰਗ ਕੱਟ ਦਿੱਤੇ ਜਾਂਦੇ ਹਨ। ਇੱਕ ਔਰਤ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਉਸ ਦੇ ਪਤੀ,ਭਰਾ ਤੇ ਪੁੱਤਰ ਦੇ ਜਿਉਂਦਿਆਂ ਦੇ ਹੀ ਜਣਨ ਅੰਗ ਕੱਟ ਦਿੱਤੇ। ਇੱਥੇ ਔਰਤਾਂ, ਬੱਚੇ, ਭਰਾ, ਪਿਤਾ, ਜੰਗਲ, ਪਸ਼ੂ, ਪੰਛੀ ਕੁੱਝ ਵੀ ਸੁਰੱਖਿਅਤ ਨਹੀਂ ਹੈ। 

ਉਹ ਲੋਕਾਂ ਤੇ ਗੋਲੀਆਂ ਚਲਾਉਂਦੇ ਹਨ, ਔਰਤਾਂ ਦਾ ਬਲਾਤਕਾਰ ਕਰਦੇ ਹਨ ਤਾਂ ਜੋ ਲੋਕ ਇਸ ਜਗ੍ਹਾ ਨੂੰ ਛੱਡ ਜਾਣ। ਸਲਵਾ ਜੂਡਮ ਦੇ ਸਮੇਂ ਵੀ ਲੱਖਾਂ ਹੀ ਲੋਕ ਵਾਰੰਗਲ ਵੱਲ ਚਲੇ ਗਏ ਸਨ। ਇਹ ਸਾਰਾ ਕੁਝ ਲੋਕਾਂ ਤੋਂ ਜ਼ਮੀਨ ਖਾਲੀ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਜ਼ਮੀਨ ਖਾਲੀ ਕਰਵਾਉਣ ਤੋਂ ਬਾਅਦ ਉਹਨਾਂ ਦੀ ਮਨਸ਼ਾ ਇਹ ਜ਼ਮੀਨ ਆਪਣੇ ਪਸੰਦੀਦਾ ਵੱਡੇ ਪੂੰਜੀਪਤੀਆਂ ਨੂੰ ਦੇਣ ਦੀ ਹੈ।         

ਜਦੋਂ ਮੈਂ 2 ਸਾਲ ਪਹਿਲਾਂ ਬਸਤਰ ਆਈ ਸੀ। ਮੈਂ ਦੇਖਿਆ ਲੋਕਾਂ ਕੋਲੇ ਪੀਣ ਦਾ ਪਾਣੀ ਨਹੀਂ ਹੈ, ਨਾ ਬਿਜਲੀ ਹੈ। ਸਕੂਲ ਤੇ ਹਸਪਤਾਲ ਬਹੁਤ ਦੂਰ ਦੂਰ ਹਨ। ਪਰ ਸੜਕਾਂ ਇਸ ਤਰ੍ਹਾਂ ਲੱਗਦੀਆਂ ਸਨ ਜਿਵੇਂ ਉਹ ਕਿਸੇ ਬਹੁ-ਮਾਰਗੀ ਹਾਈਵੇ  ਦਾ ਹਿੱਸਾ ਹੋਣ। ਪੈਰਾ ਮਿਲਟਰੀ ਫੋਰਸ ਆਨਲਾਇਨ ਇਹ ਪ੍ਰਚਾਰ ਕਰ ਰਹੀਆਂ ਸਨ ਕਿ ਉਹ ਵਿਕਾਸ ਕੇਂਦਰ ਤੇ ਏਕੀਕ੍ਰਿਤ ਬੈਂਕ, ਰਾਸ਼ਨ ਦੀ ਦੁਕਾਨ, ਆਂਗਨਵਾੜੀ, ਸਕੂਲ ਤੇ ਹਸਪਤਾਲ ਵਰਗੀਆਂ ਸਹੂਲਤਾਂ ਕੈਂਪ ਅੰਦਰ ਦੇ ਰਹੇ ਹਨ। ਇਹ ਲੋਕ ਭਲਾਈ ਦੀਆਂ ਸੇਵਾਵਾਂ ਦੇਣਾ ਸਰਕਾਰ ਦਾ ਕੰਮ ਹੈ, ਪੈਰਾ ਮਿਲਟਰੀ ਫੋਰਸ ਇਹ ਕੰਮ ਕਿਉ ਕਰ ਰਹੀ ਹੈ ? ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ? ਇਹਨਾਂ ਕੈਂਪਾਂ ਨੂੰ ਉਸਾਰਨ ਦਾ ਉਦੇਸ਼ ਕੀ ਹੈ ? 

 ਜਦੋਂ ਸਾਡੇ ਕੋਲੇ ਪਿੰਡ ਪੱਧਰ ਤੇ ਗ੍ਰਾਮ ਸਭਾ ਹੈ, ਸਰਪੰਚ ਹੈ, ਸਕੱਤਰ ਹੈ, ਤੇ ਕਾਨੂੰਨ ਮੁਤਾਬਿਕ ਉਹ ਸਭ ਤੋਂ ਉੱਪਰ ਹਨ ਤਾਂ ਪੈਰਾ ਮਿਲਟਰੀ ਫੋਰਸ ਸੜਕਾਂ ਕਿਉ ਬਣਾ ਰਹੀ ਹੈ ? ਸਾਨੂੰ ਸੜਕਾਂ ਦਿਓ ਜੋ ਸਾਡੇ ਬੱਚਿਆਂ ਨੂੰ ਸਕੂਲ਼ ਤਕ ਲੈ ਕੇ ਜਾਣ, ਸੜਕਾਂ ਜੋ ਸਾਨੂੰ ਬਾਜ਼ਾਰ ਤੱਕ ਤੇ ਉੱਥੋਂ ਵਾਪਿਸ ਘਰ ਤਕ ਲੈ ਜਾਣ। ਪਰ ਅਸਲ ਵਿੱਚ ਇਹ ਵੱਡੀਆਂ ਸੜਕਾਂ ਜੰਗਲ ਵਿੱਚ ਰਹਿ ਰਹੇ ਆਦਿਵਾਸੀ ਲੋਕਾਂ ਵਾਸਤੇ ਨਹੀਂ ਬਣਾਈਆਂ ਜਾ ਰਹੀਆਂ। ਇਹ ਸੜਕਾਂ ਖਣਿਜ ਭਰਪੂਰ ਪਹਾੜੀਆਂ ਤੱਕ ਪਹੁੰਚ ਕਰਨ ਲਈ ਬਣ ਰਹੀਆਂ ਹਨ। 

ਪਹਾੜੀਆਂ ਨੂੰ ਲੁੱਟ ਲੈਣ ਤੋਂ ਬਾਅਦ, ਖਣਿਜਾਂ ਦੀ ਖੁਦਾਈ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਸੜਕਾਂ ਰਾਹੀਂ ਹੀ ਉਹਨਾਂ ਦੀ ਢੋਆ-ਢੁਆਈ ਹੁੰਦੀ ਹੈ। ਕੀ ਕੇਂਦਰੀ ਸਰਕਾਰ ਜਾਂ ਅਮਿਤ ਸ਼ਾਹ ਇਹ ਲਿਖਤੀ ਰੂਪ ਵਿੱਚ ਦੇ ਸਕਦੇ ਹਨ ਕਿ ਆਦਿਵਾਸੀਆਂ ਤੋਂ ਜ਼ਮੀਨ ਜਾਂ ਖਣਿਜ ਸੋਮੇ ਨਹੀਂ ਖੋਹੇ ਜਾਣਗੇ, ਕਿ ਕੋਈ ਖੁਦਾਈ ਨਹੀਂ ਹੋਵੇਗੀ, ਜ਼ਮੀਨ ਨੂੰ ਨਹੀਂ ਲੁੱਟਿਆ ਜਾਵੇਗਾ, ਕਿ ਵਾਤਾਵਰਨ ਖਰਾਬ ਨਹੀਂ ਕੀਤਾ ਜਾਵੇਗਾ ? ਤਾਂ ਮੈਂ ਬਸਤਰ ਦੇ ਸਾਰੇ ਆਦਿਵਾਸੀਆਂ ਨੂੰ ਇਕੱਠੇ ਕਰਨ ਤੇ ਇੱਥੋਂ ਤਕ ਕੇ ਮਾਓਵਾਦੀਆਂ ਨਾਲ ਗੱਲ ਕਰਨ ਦੀ ਚੁਣੌਤੀ ਸਵੀਕਾਰ ਕਰਨ ਲਈ ਤਿਆਰ ਹਾਂ।  ਪਰ ਪਹਿਲਾਂ ਸਰਕਾਰ ਸਾਡੇ ਨਾਲ ਗੱਲ ਕਰੇ, ਸਾਨੂੰ ਇਸ ਗੱਲ ਦਾ ਭਰੋਸਾ ਦੇਵੇ ਕੇ ਆਦਿਵਾਸੀਆਂ ਦੀ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਖੋਹਿਆ ਜਾਵੇਗਾ। 

ਸਾਰੇ ਤਰ੍ਹਾਂ ਦਾ ਜਬਰ ਵਿਕਾਸ ਦੇ ਨਾਮ ਹੇਠ ਹੀ ਕੀਤਾ ਜਾਂਦਾ ਹੈ। ਤੁਸੀਂ ਇਸ 'ਵਿਕਾਸ ਦੀ ਕਹਾਣੀ' ਨੂੰ ਕਿਵੇ ਦੇਖਦੇ ਹੋ ?

ਅਸੀਂ ਕੰਪਨੀਆਂ ਦਾ ਵਿਰੋਧ ਕਰਦੇ ਹਾਂ। ਉਦਾਹਰਨ ਦੇ ਲਈ NMDC (ਰਾਸ਼ਟਰੀ ਖਣਿਜ ਵਿਕਾਸ ਨਿਗਮ, ਇੱਕ ਸਰਕਾਰੀ ਕੰਪਨੀ)  ਇਸ ਖੇਤਰ ਵਿੱਚ ਪਿਛਲੇ 75 ਸਾਲਾਂ ਤੋਂ ਖਣਿਜ ਪਦਾਰਥਾਂ ਦੀ ਖੁਦਾਈ ਕਰ ਰਹੀ ਹੈ। ਅਸੀਂ ਸੋਚਿਆ ਸੀ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਵਧੀਆ ਹੋਵੇਗਾ, ਸਾਡੇ ਲੋਕਾਂ ਨੂੰ ਨੌਕਰੀ ਮਿਲੇਗੀ, ਹਸਪਤਾਲ, ਸਕੂਲ ਖੁੱਲ੍ਹਣਗੇ, ਸਭ ਦਾ ਭਵਿੱਖ ਸੁਰੱਖਿਅਤ ਹੋਵੇਗਾ। ਪਰ ਅੱਜ ਪਹਾੜੀਆਂ ਅੰਦਰੋਂ ਖੋਖਲੀਆਂ ਹੋ ਚੁੱਕੀਆਂ ਹਨ, ਪਹਾੜੀਆਂ ਦੇ ਪੈਰਾਂ 'ਚ ਰਹਿੰਦੇ ਲੋਕਾਂ ਨੂੰ ਮਜ਼ਬੂਰਨ ਲੋਹੇ ਦੀਆਂ ਖਦਾਨਾਂ ਤੋਂ ਆਉਂਦਾ ਲਾਲ ਜ਼ਹਿਰੀਲਾ ਪਾਣੀ ਪੀਣਾ ਪੈ ਰਿਹਾ ਹੈ। ਬੱਚੇ ਬਚਦੇ ਨਹੀਂ, ਖੇਤੀਯੋਗ ਜ਼ਮੀਨ ਤਬਾਹ ਹੋ ਗਈ ਹੈ। ਲੋਕ ਜੰਗਲ ਤੋਂ ਪੈਦਾ ਹੁੰਦੀਆ ਥੋੜ੍ਹੀਆਂ ਬਹੁਤ ਚੀਜ਼ਾਂ ਵੇਚ ਕੇ ਗੁਜ਼ਾਰਾ ਕਰ ਰਹੇ ਹਨ। ਇਹ ਕੀਤਾ ਹੈ ਖਣਿਜਾਂ ਦੀ ਖੁਦਾਈ ਨੇ ਸਾਡੇ ਨਾਲ। ਲੋਕ ਇਸਦਾ ਵਿਰੋਧ ਕਿਉ ਨਹੀਂ ਕਰਨਗੇ ? ਤੁਸੀਂ ਹੀ ਦੱਸੋ ?

ਪਿਦਿਆ ਦੇ ਵਿੱਚ ਕੋਈ ਸਕੂਲ ਨਹੀਂ ਹੈ। ਉਹ ਇਹ ਦਾਆਵਾ ਕਰਦੇ ਨੇ ਕਿ ਮਾਓਵਾਦੀ ਸਕੂਲ ਬਣਾਉਣ ਨਹੀਂ ਦਿੰਦੇ। ਉੱਥੇ ਕੋਈ ਹਸਪਤਾਲ ਨਹੀਂ ਹੈ। ਉਹ ਐਲਾਨਣਗੇ ਕਿ ਮਾਓਵਾਦੀ ਉਹਨਾਂ ਨੂੰ ਹਸਪਤਾਲ ਨਹੀਂ ਬਣਾਉਣ ਦੇ ਰਹੇ। ਲੋਕਾਂ ਕੋਲੇ ਜ਼ਮੀਨ ਦੇ ਕਾਗਜਾਤ ਨਹੀਂ ਹਨ। ਉਹ ਕਹਿਣਗੇ ਮਾਓਵਾਦੀ ਉਹਨਾਂ ਨੂੰ ਜ਼ਮੀਨ ਦੇ ਕਾਗਜ਼ਾਤ ਨਹੀਂ ਬਣਾਉਣ ਦਿੰਦੇ। ਉੱਥੇ ਕੋਈ ਆਂਗਨਵਾੜੀ ਨਹੀਂ ਹੈ। ਉਹ ਦਾਆਵਾ ਕਰਨਗੇ ਕੇ ਮਾਓਵਾਦੀ ਉਹਨਾਂ ਨੂੰ ਆਂਗਨਵਾੜੀ ਨਹੀਂ ਬਣਾਉਣ ਦੇ ਰਹੇ। ਕਿਸੇ ਪਿੰਡ, ਗਲੀ, ਸੜਕ ਤੇ ਬਿਜਲੀ ਨਹੀਂ ਹੈ। ਉਹ ਕਹਿਣਗੇ ਕਿ ਮਾਓਵਾਦੀ ਉਹਨਾਂ ਨੂੰ ਇਹ ਨਹੀਂ ਕਰਨ ਦਿੰਦੇ। 

ਸਾਰੇ ਪਿੰਡਾਂ ਨੂੰ ਪੱਕੀ ਸੜਕ ਹੋਣੀ ਚਾਹੀਦੀ ਹੈ; ਬਿਜਲੀ ਹੋਣੀ ਚਾਹੀਦੀ ਹੈ, ਹਸਪਤਾਲ, ਪਾਣੀ ਦੀ ਸਪਲਾਈ, ਤੇ ਬੱਚਿਆਂ ਲਈ ਸਹੂਲਤਾਂ ਹੋਣ। ਇਹੀ ਵਿਕਾਸ ਦੀ ਅਸਲ ਸ਼ੁਰੂਆਤ ਹੈ। ਪਰ ਓਹ ਸਿਰਫ਼ ਵੱਡੀਆਂ ਸੜਕਾਂ ਦੀ ਗੱਲ ਕਰਦੇ ਹਨ। 

ਜਦੋਂ ਮੁਕੇਸ਼ ਚੰਦਰਕਰ ਵਰਗਾ ਕੋਈ ਪੱਤਰਕਾਰ ਸੜਕਾਂ ਦਾ ਮੁੱਦਾ ਉਠਾਉਂਦਾ ਹੈ ਤਾਂ ਉਸਨੂੰ ਮਾਰ ਦਿੱਤਾ ਜਾਂਦਾ ਹੈ। ਕੀ ਤੁਸੀਂ ਉਸ ਨੂੰ ਵੀ ਵਿਕਾਸ-ਵਿਰੋਧੀ ਕਹੋਗੇ? ਜਿਹੜੇ ਸੱਚ ਬੋਲਦੇ ਨੇ ਓਹ ਦਰੜ ਦਿੱਤੇ ਜਾਂਦੇ ਹਨ। ਉਸ ਨੇ ਸੱਚ ਸਾਹਮਣੇ ਲਿਆਂਦਾ ਸੀ। 

ਅਸੀਂ ਵੀ ਵਿਕਾਸ ਚਾਹੁੰਦੇ ਹਾਂ, ਪਰ ਉਸ ਤਰ੍ਹਾਂ ਦਾ ਵਿਕਾਸ ਨਹੀਂ ਜਿਸ ਦੀ ਉਹ ਗੱਲ ਕਰਦੇ ਹਨ। ਪਹਿਲਾਂ ਸਾਨੂੰ ਸਾਡੇ ਮੂਲ ਅਧਿਕਾਰ ਦਿਉ। ਉਸ ਤੋਂ ਬਾਅਦ ਕਰੋ ਤੁਸੀਂ  ਆਪਣਾ ਵਿਕਾਸ। ਪਰ ਇਸ ਦੀ ਬਜਾਇ ਉਹ ਸਿਰਫ਼ ਵੱਡੀਆਂ ਕੰਪਨੀਆਂ ਦੀ ਸੇਵਾ ਕਰਨੀ ਚਾਹੁੰਦੇ ਹਨ। 


(ਫਰੰਟ ਲਾਇਨ 'ਚ ਪ੍ਰਕਾਸ਼ਿਤ ਇੰਟਰਵਿਊ 'ਚੋਂ ਸੰਖੇਪ)

    (ਅੰਗਰੇਜ਼ੀ ਤੋਂ ਅਨੁਵਾਦ)

          --0--


No comments:

Post a Comment