Friday, May 30, 2025

ਆਦਿਵਾਸੀ ਖੇਤਰਾਂ 'ਚ ਹਕੂਮਤੀ ਜਬਰ ਖ਼ਿਲਾਫ਼ ਸਰਗਰਮੀ ਦੇ ਪੈਂਤੜੇ ਬਾਰੇ

 ਆਦਿਵਾਸੀ ਖੇਤਰਾਂ 'ਚ ਹਕੂਮਤੀ ਜਬਰ ਖ਼ਿਲਾਫ਼ ਸਰਗਰਮੀ ਦੇ ਪੈਂਤੜੇ ਬਾਰੇ



ਆਦਿਵਾਸੀ ਖੇਤਰਾਂ 'ਚ ਜਾਬਰ ਹਕੂਮਤੀ ਹੱਲੇ ਦੇ ਖ਼ਿਲਾਫ਼ ਵਿਰੋਧ ਦੀਆਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਹਰਕਤਸ਼ੀਲ ਹਨ। ਕਾਫੀ ਵੱਡਾ ਹਿੱਸਾ ਅਜਿਹੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦਾ ਵੀ ਹੈ ਜਿਹੜਾ ਸੰਵਿਧਾਨਿਕ ਦਾਇਰੇ ਦੇ ਸੀਮਤ ਚੌਖਟੇ ਅੰਦਰ ਹੀ ਇਸ ਦਾ ਵਿਰੋਧ ਕਰਨ ਬਾਰੇ ਸੋਚਦੇ ਹਨ। ਆਪਣੇ ਆਪ ਵਿੱਚ ਇਹ ਹਾਲਤ ਦੀ ਮੰਗ ਨਾਲੋਂ ਬਹੁਤ ਊਣੀ ਨਿਬੜਦੀ ਸਰਗਰਮੀ ਹੈ। ਬੇਹੱਦ ਨਿਗੂਣੀਆਂ ਸੰਵਿਧਾਨਕ ਤੇ ਸ਼ਹਿਰੀ ਆਜ਼ਾਦੀਆਂ ਦੇ ਚੌਖਟੇ ਦੇ ਵਿੱਚ ਰਹਿੰਦਿਆਂ ਤਾਂ ਸਰਕਾਰ ਖਿਲਾਫ ਸਧਾਰਨ ਰੋਸ ਆਵਾਜ਼ ਉਠਾਉਣੀ ਹੀ ਮੁਸ਼ਕਲ ਹੈ। ਜਿੱਥੋਂ ਤੱਕ ਭਾਰਤੀ ਰਾਜ ਵੱਲੋਂ ਦਿੱਤੇ ਗਏ ਨਿਗੂਣੇ ਜਮਹੂਰੀ ਹੱਕਾਂ ਨੂੰ ਵੀ ਖ਼ੁਦ ਹੀ ਕੁਚਲਣ ਦਾ ਮਾਮਲਾ ਆਉਂਦਾ ਹੈ ਤਾਂ ਉਸਦਾ ਪਰਦਾਚਾਕ ਕਰਨ ਪੱਖੋਂ ਤਾਂ ਅਜਿਹੀਆਂ ਆਵਾਜ਼ਾਂ ਦਾ ਵੀ ਮਹੱਤਵ ਬਣ ਜਾਂਦਾ ਹੈ। ਮੌਜੂਦਾ ਸਮੇਂ ਜਦੋਂ ਕਮਿਊਨਿਸਟ ਇਨਕਲਾਬੀਆਂ ਖਿਲਾਫ ਝੂਠੇ ਪ੍ਰਚਾਰ ਹੱਲੇ ਦਾ ਝੱਖੜ ਝੁਲਾਇਆ ਹੋਇਆ ਹੈ ਤੇ ਉਨਾਂ ਨੂੰ ਖੂੰਖਾਰ ਹਿੰਸਕ ਗਰੋਹਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤਾਂ ਹਕੂਮਤੀ ਜਾਬਰ ਵਿਹਾਰ ਤੇ ਮਨਸ਼ਾ ਨਸ਼ਰ ਕਰਨ ਪੱਖੋਂ ਅਜਿਹੀਆਂ ਆਵਾਜ਼ਾਂ ਦਾ ਵੀ ਬਹੁਤ ਮਹੱਤਵ ਹੈ। ਅਜਿਹੇ ਸੀਮਤ ਦਾਇਰੇ ਵਿੱਚ ਵੀ ਜਾਬਰ ਹਕੂਮਤੀ ਹੱਲੇ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਨੂੰ ਉਤਸ਼ਾਹਤ ਕਰਨ ਤੇ ਉਗਾਸਾ ਦੇਣ ਦੀ ਲੋੜ ਹੈ। ਪਰ ਇਨਕਲਾਬੀ ਸੋਝੀ ਵਾਲੇ ਕਾਰਕੁੰਨਾਂ ਨੂੰ ਇਥੋਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਅਜਿਹੇ ਹਿੱਸਿਆਂ ਨੂੰ ਉਤਸ਼ਾਹਿਤ ਕਰਨ ਲਈ ਸੰਭਵ ਢੰਗਾਂ ਨਾਲ ਰਾਬਤਾ ਤਾਂ ਉਸਾਰਿਆ ਜਾਣਾ ਚਾਹੀਦਾ ਹੈ ਪਰ ਨਾਲ ਹੀ ਇਸ ਪੈਂਤੜੇ ਤੋਂ ਨਿਖੇੜਾ ਕਰਨ ਲਈ ਚੌਕਸ ਵੀ ਰਹਿਣਾ ਚਾਹੀਦਾ ਹੈ।

               ਇਸ ਹਕੂਮਤੀ ਹੱਲੇ ਦੇ ਵਿਰੋਧ ਦਾ ਪੂਰਾ ਤੇ ਲੋੜੀਂਦਾ ਚੌਖਟਾ ਮੌਜੂਦਾ ਸੰਵਿਧਾਨਕ ਦਾਇਰੇ ਤੋਂ ਕਿਤੇ ਪਾਰ ਦਾ ਹੈ ਅਤੇ ਇਹ ਪੈਂਤੜਾ ਮਨੁੱਖ ਦੇ ਆਪਣੀ ਜ਼ਿੰਦਗੀ ਦੀ ਬੇਹਤਰੀ ਲਈ ਸੰਗਰਾਮ ਕਰਨ ਦੇ ਬੁਨਿਆਦੀ ਜਮਹੂਰੀ ਹੱਕ ਨੂੰ ਬੁਲੰਦ ਕਰਨ ਦਾ ਹੈ। ਮਨੁੱਖਾ ਜ਼ਿੰਦਗੀ ਦੀ ਖੁਸ਼ਹਾਲੀ ਲਈ ਲੋੜੀਂਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਪ੍ਰਬੰਧ ਦੀ ਉਸਾਰੀ ਕਰਨ ਦਾ ਹੈ। ਅਜਿਹੇ ਰਾਜ ਪ੍ਰਬੰਧ ਦੀ ਉਸਾਰੀ ਲਈ ਜੂਝਣ ਦਾ ਹੈ। ਇਸ ਲਈ ਠੀਕ ਜਾਪਦੀ ਵਿਚਾਰਧਾਰਾ ਤੇ ਸਿਆਸਤ ਨਾਲ ਜੁੜਨ ਤੇ ਉਸਨੂੰ ਲਾਗੂ ਕਰਨ ਦੇ ਅਮਲ 'ਚ ਪੈਣ ਦੇ ਬੁਨਿਆਦੀ ਹੱਕ ਦਾ ਹੈ। ਇਸ ਪੈਂਤੜੇ ਤੋਂ ਖੜ੍ਹ ਕੇ ਹੀ ਕਮਿਊਨਿਸਟ ਇਨਕਲਾਬੀਆਂ ਦੀ ਵਿਚਾਰਧਾਰਾ ਤੇ ਸਿਆਸਤ ਨੂੰ ਲੋਕਾਂ ਤੱਕ ਲੈ ਕੇ ਜਾਣ ਦੇ ਬੁਨਿਆਦੀ ਜਮਹੂਰੀ ਹੱਕ ਲਈ ਡਟਣ ਦਾ ਹੈ। ਕਿਸੇ ਦੀ ਇਸ ਵਿਚਾਰਧਾਰਾ ਨਾਲ ਸਹਿਮਤੀ ਅਸਹਿਮਤੀ ਹੋ ਕੇ ਵੀ ਇਸ ਹੱਕ ਨੂੰ ਬੁਲੰਦ ਕਰਨ ਦਾ ਹੈ।

               ਆਦਿਵਾਸੀਆਂ ਨੂੰ ਮਾਓਵਾਦੀ ਕਹਿ ਕੇ ਕਤਲ ਕੀਤੇ ਜਾਣ ਦਾ ਵਿਰੋਧ ਕਰਨ ਵੇਲੇ ਅਜਿਹੀ ਪੇਸ਼ਕਾਰੀ ਤੋਂ ਵਖਰੇਵਾਂ ਕਰਨਾ ਚਾਹੀਦਾ ਹੈ ਜਿਹਦੇ ਵਿੱਚੋਂ ਸਿਰਫ ਆਦਵਾਸੀਆਂ ਦੇ ਹੀ ਝੂਠੇ ਮੁਕਾਬਲਿਆਂ ਦਾ ਵਿਰੋਧ ਪ੍ਰਗਟ ਹੁੰਦਾ ਹੋਵੇ। ਜਾਂ ਆਦਿਵਾਸੀਆਂ ਨੂੰ ਮਾਓਵਾਦੀ ਕਰਾਰ ਦੇ ਕੇ ਮਾਰਨਾ ਹੀ ਮੁੱਖ ਰੋਸ ਨੁਕਤੇ ਵਜੋਂ ਪੇਸ਼ ਹੁੰਦਾ ਹੋਵੇ। ਕਮਿਊਨਿਸਟ ਇਨਕਲਾਬੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ, ਗ੍ਰਿਫਤਾਰੀਆਂ ਤੇ ਕੇਸਾਂ ਦਾ ਵਿਰੋਧ ਵੀ ਓਨਾ ਹੀ ਲੋੜੀਂਦਾ ਹੈ। ਕਮਿਊਨਿਸਟ ਇਨਕਲਾਬੀਆਂ ਦੇ ਵੀ ਓਵੇਂ ਹੀ ਮਨੁੱਖੀ ਤੇ ਜਮਹੂਰੀ ਅਧਿਕਾਰ ਹਨ। ਆਪਣੀ ਸਿਆਸਤ ਤੇ ਵਿਚਾਰਧਾਰਾ ਲੋਕਾਂ 'ਚ ਪ੍ਰਚਾਰਨ ਤੇ ਲੋਕਾਂ ਨੂੰ ਜਥੇਬੰਦ ਕਰਨ ਦਾ ਕਮਿਊਨਿਸਟ ਇਨਕਲਾਬੀਆਂ ਦਾ ਵੀ ਓਨਾ ਹੀ ਅਧਿਕਾਰ ਹੈ। ਸਭਨਾਂ ਜਮਹੂਰੀ ਹਲਕਿਆਂ ਵੱਲੋਂ ਕਮਿ. ਇਨ. ਦਾ ਇਹ ਅਧਿਕਾਰ ਪੂਰੇ ਜ਼ੋਰ ਨਾਲ ਬੁਲੰਦ ਕੀਤਾ ਜਾਣਾ ਚਾਹੀਦਾ ਹੈ।

No comments:

Post a Comment