Friday, May 30, 2025

ਅਮਰੀਕਾ ਅੰਦਰ ਟਰੰਪ - ਮਸਕ ਜੋੜੀ ਖਿਲਾਫ਼ ਲੋਕ ਰੋਹ ਦੇ ਝਲਕਾਰੇ


 ਅਮਰੀਕਾ ਅੰਦਰ ਟਰੰਪ - ਮਸਕ ਜੋੜੀ ਖਿਲਾਫ਼ ਲੋਕ ਰੋਹ ਦੇ ਝਲਕਾਰੇ

ਬੀਤੇ 5 ਅਪ੍ਰੈਲ ਨੂੰ ਸੰਸਾਰ ਸਾਮਰਾਜ ਦੇ ਗੜ੍ਹ ਅਮਰੀਕਾ ਅੰਦਰ ਲੱਖਾਂ ਲੋਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਸਦੇ ਕਾਰਪੋਰੇਟ ਸੰਗੀ ਐਲਨ ਮਸਕ ਖਿਲਾਫ਼ ਸੜਕਾਂ 'ਤੇ ਉੱਤਰੇ। ਅਮਰੀਕਾ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਕਿਸੇ ਵਿਅਕਤੀ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਏਨੇ ਘੱਟ ਸਮੇਂ ਅੰਦਰ ਉਸਨੂੰ ਏਨੇ ਵੱਡੇ ਪੱਧਰ 'ਤੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ। ਅਸਲ ਵਿੱਚ ਇਹ ਪ੍ਰਦਰਸ਼ਨ ਸਾਮਰਾਜੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆ ਦੇ ਨੰਗੇ ਚਿੱਟੇ ਚਾਕਰ  ਤੇ ਮੂੰਹਫੱਟ ਬੁਲਾਰਾ ਬਣਕੇ ਉੱਭਰਨ ਲਈ ਡੋਨਾਲਡ ਟਰੰਪ ਵਲੋਂ ਪਿਛਲੇ ਸਮੇਂ 'ਚ ਚੁੱਕੇ ਗਏ ਲੋਕ ਵਿਰੋਧੀ ਕੁਕਰਮਾਂ ਨੂੰ ਮਿਹਨਤਕਸ਼ ਜਨਤਾ ਦਾ ਜਵਾਬ ਹਨ। ਅਮਰੀਕਾ ਅੰਦਰ ਇਹ ਪ੍ਰਦਰਸ਼ਨ ਲਗਭਗ 150 ਤੋਂ ਉਪਰ ਸੰਗਠਨਾਂ ਤੇ ਜਥੇਬੰਦੀਆਂ ਦੇ ਸਾਂਝੇ ਪਲੇਟਫਾਰਮ ਦੇ ਸੱਦੇ 'ਤੇ ਜਥੇਬੰਦ ਕੀਤੇ ਗਏ ਤੇ ਇਹਨਾਂ ਦਾ ਘੇਰਾ ਅਮਰੀਕਾ ਤੱਕ ਸੀਮਤ ਨਾ ਹੋਕੇ ਹੋਰਨਾਂ ਯੂਰਪੀ ਮੁਲਕਾਂ ਤੱਕ ਵੀ ਫੈਲ ਗਿਆ। ਲੰਡਨ ਤੇ ਫਰਾਂਸ ਅੰਦਰ ਟਰੰਪ ਵਿਰੋਧੀ ਪ੍ਰਦਰਸ਼ਨ ਇਸਦੀ ਖਾਸ ਉਦਾਹਰਨ ਬਣੇ ਹਨ। 

ਰਿਪੋਰਟਾਂ ਮੁਤਾਬਕ ਇੱਕਲੇ ਅਮਰੀਕਾ ਅੰਦਰ 50 ਸੂਬਿਆਂ ਅੰਦਰ ਲਗਭਗ 1400 ਜਨਤਕ ਥਾਂਵਾਂ 'ਤੇ ਸੈਕੜਿਆਂ ਤੋਂ ਲੈਕੇ ਹਜ਼ਾਰਾਂ ਲੋਕਾਂ ਵੱਲੋਂ ਇਹਨਾਂ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਗਈ। ਇਹਨਾਂ ਪ੍ਰਦਰਸ਼ਨਾਂ 'ਚ ਸ਼ਾਮਿਲ ਹੋਣ ਲਈ ਇੰਟਰਨੈਟ ਉਪਰ ਜਾਰੀ ਕੀਤੀ ਗਈ ਅਪੀਲ ਉੱਪਰ ਹੀ ਲਗਭਗ ਛੇ ਲੱਖ ਲੋਕਾਂ ਨੇ ਹਸਤਾਖਰ ਕੀਤੇ। ਇਹਨਾਂ ਪ੍ਰਦਰਸ਼ਨਾਂ 'ਚ ਸ਼ਾਮਿਲ ਹੋਣ ਲਈ ਸੈਂਕੜੇ ਲੋਕ ਬਹੁਤ ਦੂਰ ਦੁਰਾਡੀਆਂ ਥਾਂਵਾਂ ਤੋਂ ਸਫ਼ਰ ਕਰਕੇ ਪ੍ਰਦਰਸ਼ਨ ਵਾਲੀਆਂ ਥਾਂਵਾਂ 'ਤੇ ਪਹੁੰਚੇ। 

ਇਹਨਾਂ ਪ੍ਰਦਰਸ਼ਨਾਂ ਦਾ ਸੱਦਾ ਦੇਣ ਵਾਲੀਆਂ 150 ਦੇ ਕਰੀਬ ਜੱਥੇਬੰਦੀਆਂ ਵਿੱਚ ਸ਼ਹਿਰੀ ਹੱਕਾਂ ਦੀਆਂ ਜੱਥੇਬੰਦੀਆਂ, ਸਾਬਕਾ ਫੌਜੀਆਂ ਦੀਆਂ ਯੂਨੀਅਨਾਂ, ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ, ਲੇਬਰ ਯੂਨੀਅਨਾਂ, ਪ੍ਰਵਾਸੀ ਭਾਈਚਾਰੇ ਦੀਆਂ ਜੱਥੇਬੰਦੀਆਂ ਤੇ LGBTQ ਭਾਈਚਾਰੇ ਨਾਲ ਸਬੰਧਿਤ ਜੱਥੇਬੰਦੀਆਂ ਸ਼ਾਮਿਲ ਸਨ। ਇਹਨਾਂ ਜਥੇਬੰਦੀਆਂ ਵੱਲੋਂ ਇਸ ਐਕਸ਼ਨ ਨੂੰ "ਹੱਥ ਪਰ੍ਹਾਂ ਰੱਖੋ" ( Hands Off) ਦਾ ਨਾਮ ਦਿੱਤਾ ਗਿਆ । ਅਮਰੀਕਾ ਦੀਆਂ ਦੋ ਵੱਡੀਆਂ ਮਜ਼ਦੂਰ ਜੱਥੇਬੰਦੀਆਂ ਸੰਘੀ ਕਰਮਚਾਰੀਆਂ ਦੀ ਕੌਮੀ ਸਭਾ ਅਤੇ ਸਰਕਾਰੀ ਕਰਮਚਾਰੀਆਂ ਦੀ ਅਮਰੀਕਨ ਸਭਾ ਨੇ ਵੀ ਇਹਨਾਂ ਪ੍ਰਦਰਸ਼ਨਾਂ 'ਚ ਵਿਆਪਕ ਸ਼ਮੂਲੀਅਤ ਕੀਤੀ। 

ਇਹਨਾਂ ਪ੍ਰਦਰਸ਼ਨਾਂ ਦਾ ਸੱਦਾ ਦੇਣ ਵਾਲੀਆਂ ਜੱਥੇਬੰਦੀਆਂ ਦੇ ਸਾਂਝੇ ਪਲੇਟਫਾਰਮ ਨੇ ਆਪਣੇ ਸੱਦੇ 'ਚ ਲਿਖਿਆ ਕਿ , " ਚਾਹੇ ਤੁਸੀਂ ਤੁਹਾਡੀ ਜਮਹੂਰੀਅਤ 'ਤੇ ਹਮਲੇ ਕਾਰਨ, ਤੁਹਾਡੀਆਂ ਨੌਕਰੀਆਂ ਖੁੱਸਣ ਕਾਰਨ, ਤੁਹਾਡੀ ਨਿੱਜਤਾ 'ਚ ਦਖਲਅੰਦਾਜ਼ੀ ਕਾਰਨ ਜਾਂ ਤੁਹਾਨੂੰ ਮਿਲਦੀਆਂ ਸੇਵਾਵਾਂ 'ਤੇ ਹਮਲੇ ਕਾਰਨ, ਕਿਸੇ ਵੀ ਕਾਰਨ ਕਰਕੇ ਜੱਥੇਬੰਦ ਹੋਏ ਹੋ, ਇਹ ਤੁਹਾਡਾ ਸਮਾਂ ਹੈ। ਅਸੀਂ ਇਸ ਦਿਸ ਰਹੇ ਖਤਰੇ ਖਿਲਾਫ਼ ਇੱਕ ਦਿਸਣ ਯੋਗ ਕੌਮੀ ਇਨਕਾਰ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹਾਂ ।

ਇਹ ਪ੍ਰਦਰਸ਼ਨ ਮੁੱਖ ਤੌਰ 'ਤੇ ਤਿੰਨ ਮੰਗਾਂ 'ਤੇ ਕੇਂਦ੍ਰਿਤ ਸਨ, 1. ਟਰੰਪ ਸਰਕਾਰ ਅੰਦਰ ਵਿਆਪਕ ਭ੍ਰਿਸ਼ਟਾਚਾਰ ਦਾ ਖਾਤਮਾ ਤੇ ਇਸ ਉੱਪਰ ਅਰਬਪਤੀ ਕਾਰਪੋਰੇਟ ਕਾਰੋਬਾਰੀਆਂ ਦੇ ਕਬਜ਼ੇ ਨੂੰ ਖਤਮ ਕਰਨਾ। 2. ਸਮਾਜਿਕ ਸੁਰੱਖਿਆ ਤੇ ਸਿਹਤ ਸੁਰੱਖਿਆ ਲਈ ਸਰਕਾਰੀ ਫੰਡਾਂ 'ਚ ਕਟੌਤੀ ਨੂੰ ਬੰਦ ਕਰਨਾ 3. ਪ੍ਰਵਾਸੀ ਭਾਈਚਾਰੇ, ਵੱਖਰੀ ਲਿੰਗਕ ਪਛਾਣ ਵਾਲੇ ਭਾਈਚਾਰੇ ਤੇ ਹੋਰਨਾਂ ਭਾਈਚਾਰਿਆਂ ਉਪਰ ਹਮਲਿਆਂ ਨੂੰ ਬੰਦ ਕਰਨਾ। ਇਸ ਤਰ੍ਹਾਂ ਨਾਲ ਇਹ ਰੋਸ ਪ੍ਰਦਰਸ਼ਨ ਉਹਨਾਂ ਸਭਨਾਂ ਲੋਕਾਂ ਦੀ ਸਾਂਝ ਤੇ ਮਸਲਿਆਂ ਦਾ ਸਾਂਝਾ ਰੋਸ ਪ੍ਰਗਟਾਵਾ ਸਨ ਜਿਹਨਾਂ ਨੂੰ ਟਰੰਪ ਨੇ ਆਪਣੇ ਰਾਸ਼ਟਰਪਤੀ ਬਣਨ ਤੋਂ ਮਗਰੋਂ ਹਮਲੇ ਦਾ ਨਿਸ਼ਾਨਾ ਬਣਾਇਆ ਹੈ। ਅਮਰੀਕਾ ਤੋਂ ਬਾਹਰਲੇ ਮੁਲਕਾਂ ਅੰਦਰਲੇ ਪ੍ਰਦਰਸ਼ਨ ਟਰੰਪ ਵਲੋਂ ਅਖਤਿਆਰ ਕੀਤੀ ਹਮਲਾਵਰ ਵਿਦੇਸ਼ ਨੀਤੀ ਖਿਲਾਫ਼ ਉਹਨਾਂ ਮੁਲਕਾਂ ਦੇ ਲੋਕਾਂ ਦੇ ਰੋਹ ਦਾ ਇਜ਼ਹਾਰ ਬਣੇ ਹਨ। 

ਪਰ ਇਹਨਾਂ ਪ੍ਰਦਰਸ਼ਨਾਂ ਦਾ ਨਿਸ਼ਾਨਾ ਕੇਵਲ ਡੋਨਾਲਡ ਟਰੰਪ ਹੀ ਨਹੀਂ ਸਗੋਂ ਉਸਦਾ ਕਾਰਪੋਰੇਟ ਸੰਗੀ ਤੇ ਦੁਨੀਆ ਦਾ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਵੀ ਬਣਿਆ ਜਿਸਨੂੰ ਟਰੰਪ ਨੇ ਹੁਣੇ ਹੀ ਇੱਕ ਨਵੇਂ ਬਣਾਏ ਮੰਤਰਾਲੇ ਦਾ ਮੁਖੀ ਲਗਾਇਆ ਹੈ ਜਿਸਨੂੰ ਸਰਕਾਰੀ ਅਸਰਕਾਰੀ ਵਧਾਊ ਮੰਤਰਾਲੇ ( Department of Government Efficiency, DOGE) ਦਾ ਨਾਮ ਦਿੱਤਾ ਗਿਆ ਹੈ।  ਟਰੰਪ ਵਿਰੋਧੀ ਪ੍ਰਦਰਸ਼ਨਾਂ ਦੇ ਨਾਲ ਹੀ ਅਮਰੀਕਾ ਅੰਦਰ ਐਲਨ ਮਸਕ ਦੀ ਕਾਰ ਨਿਰਮਾਤਾ ਕੰਪਨੀ ਟੈਸਲਾ ਦੀਆਂ ਫੈਕਟਰੀਆਂ ਜਾਂ ਸ਼ੋਅ ਰੂਮਾਂ ਦੇ ਬਾਹਰ ਵੀ ਲੱਗਭਗ 200 ਥਾਂਵਾਂ ਉਪਰ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ। ਇਹਨਾਂ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੇ ਟੈਸਲਾ ਕੰਪਨੀ ਨੂੰ ਹੇਠਾਂ ਲਾਹੋ ਦਾ ਨਾਅਰਾ ਬੁਲੰਦ ਕੀਤਾ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕੰਪਨੀ ਦੀਆਂ ਕਾਰਾਂ ਅਤੇ ਇਸਦੇ ਸ਼ੇਅਰ ਖਰੀਦਣਾ ਬੰਦ ਕਰ ਦੇਣ। ਇਸ ਤਰ੍ਹਾਂ ਨਾਲ ਇਹ ਪ੍ਰਦਰਸ਼ਨ ਬਹੁਕੌਮੀ ਸੰਸਾਰ ਪੂੰਜੀਵਾਦ ਦੇ ਆਰਥਿਕ ਸਰਗਨੇ ਅਤੇ ਸੰਸਾਰ ਸਾਮਰਾਜ ਦੇ ਸਿਆਸੀ ਸਰਗਨੇ ਖਿਲਾਫ਼ ਲੋਕ ਅਵਾਜ਼ ਬਣੇ ਹਨ।

 ਪ੍ਰਦਰਸ਼ਨਾਂ ਦੌਰਾਨ ਬਹੁਤ ਸਾਰੇ ਚਿੰਤਕਾਂ, ਲੀਡਰਾਂ ਤੇ ਕਾਰਕੁਨਾਂ ਨੇ ਟਰੰਪ ਅਤੇ ਮਸਕ ਦੀ ਆਲੋਚਨਾ ਕਰਦਿਆਂ ਬਿਆਨ ਜਾਰੀ ਕੀਤੇ। ਡੈਮੋਕ੍ਰੇਟਿਕ ਪਾਰਟੀ ਦੇ ਨੁਮਾਇੰਦੇ ਨੇ ਕਿਹਾ ਕਿ ਉਸ ਵਿਅਕਤੀ ਦੇ ਰਾਸ਼ਟਰਪਤੀ ਹੁੰਦਿਆਂ ਦੇਸ਼ ਦਾ ਕੋਈ ਭਵਿੱਖ ਨਹੀਂ ਹੈ ਜਿਸਦੀ " ਸਿਆਸਤ ਮੁਸੋਲਿਨੀ ਵਰਗੀ ਹੈ ਤੇ ਆਰਥਿਕ ਨੀਤੀ ਹਰਬਰਟ ਹੂਬਰ ਵਰਗੀ" ਹੈ। 

ਇਸੇ ਤਰਾਂ 66 ਸਾਲਾ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ " ਮੈਂ ਲੰਮੇ ਸਮੇਂ ਤੋਂ ਰਿਪਬਲਿਕਨ ਪਾਰਟੀ ਦਾ ਹਿਮਾਇਤੀ ਰਿਹਾ ਹਾਂ, ਪਰ ਟਰੰਪ ਨੇ ਹੁਣ ਮੈਨੂੰ ਬਦਲ ਦਿੱਤਾ ਹੈ। ਉਹ ਸਾਡੇ ਦੇਸ਼ ਦੇ ਟੁਕੜੇ ਕਰ ਰਿਹਾ ਹੈ। ਇਹ ਸਿਰਫ਼ ਬਿਪਤਾਵਾਂ ਦੀ ਹਕੂਮਤ ਹੈ।"

ਇਸੇ ਤਰ੍ਹਾਂ ਆਰਚਰ ਮੋਰਾਨ ਨਾਮ ਦੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, " ਉਹ ਸਾਡੀ ਸਮਾਜਿਕ ਸੁਰੱਖਿਆ ਤੋਂ ਹੱਥ ਪਰ੍ਹਾਂ ਰੱਖਣ। ਉਂਜ ਤਾਂ ਉਹਨਾਂ ਚੀਜ਼ਾਂ ਦੀ ਲਿਸਟ ਬਹੁਤ ਲੰਮੀ ਹੈ ਜਿਹਨਾਂ ਤੋਂ ਉਹਨਾਂ ਨੂੰ ਹੱਥ ਪਰ੍ਹਾਂ ਰੱਖਣ ਦੀ ਲੋੜ ਹੈ।" ਉਸਨੇ ਅੱਗੇ ਕਿਹਾ " ਇਹ ਦੇਖਣਾ ਅਦਭੁੱਤ ਹੈ ਕਿ ਉਸਦੇ ਰਾਸ਼ਟਰਪਤੀ ਬਣਨ ਤੋਂ ਮਗਰੋਂ ਕਿੰਨੀ ਛੇਤੀ ਇਹ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। "

 ਇਸੇ ਤਰ੍ਹਾਂ ਬੋਸਟਨ ਵਿਖੇ ਹੋਏ ਪ੍ਰਦਰਸ਼ਨ 'ਚ ਇਹ ਨਾਅਰੇ ਜ਼ੋਰ ਨਾਲ ਗੂੰਜੇ ਕਿ ਸਾਡੀ ਜਮਹੂਰੀਅਤ ਤੋਂ ਹੱਥ ਪਰ੍ਹਾਂ ਰੱਖੋ ! ਅਨੇਕਤਾ, ਬਰਾਬਰੀ ਤੇ ਮੇਲ ਮਿਲਾਪ ਅਮਰੀਕਾ ਨੂੰ ਤਾਕਤਵਰ ਬਣਾਉਂਦਾ ਹੈ, ਇਸਤੋਂ ਹੱਥ ਪਰ੍ਹਾਂ ਰੱਖੋ।

ਕੁੱਲ ਮਿਲਾਕੇ ਸੰਸਾਰ ਸਾਮਰਾਜ ਦੇ ਸਿਆਸੀ ਮੁਖੀ ਤੇ ਇਸਦੇ ਆਰਥਿਕ ਨੁਮਾਇੰਦੇ ਖਿਲਾਫ਼ ਹੋਏ ਇਹ ਵਿਸ਼ਾਲ ਜਨਤਕ ਐਕਸ਼ਨ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਜਿੱਥੇ ਇੱਕ ਪਾਸੇ ਸਾਮਰਾਜੀ ਪ੍ਰਬੰਧ ਦਾ ਵਧ ਰਿਹਾ ਸੰਕਟ ਉਸਨੂੰ ਲੋਕਾਂ ਦੇ ਹੱਕਾਂ, ਸੇਵਾਵਾਂ 'ਤੇ ਬੇਥਾਹ ਹਮਲਾ ਕਰਨ ਲਈ ਧੱਕ ਰਿਹਾ ਹੈ ਜਿਸ ਕਰਕੇ ਸਾਮਰਾਜ ਦੇ ਨੁਮਾਇੰਦਿਆਂ ਵੱਲੋਂ ਲੋਕਾਂ ਖਿਲਾਫ਼ ਵੱਡਾ ਆਰਥਿਕ ਧਾਵਾ ਬੋਲਿਆ ਗਿਆ ਹੈ ਉਥੇ ਦੂਜੇ ਪਾਸੇ ਮਜ਼ਦੂਰ ਤੇ ਮਿਹਨਤਕਸ਼ ਲੋਕਾਂ ਵਾਸਤੇ ਆਪਣੇ ਹੱਕਾਂ ਤੇ ਸੇਵਾਵਾਂ ਲਈ ਸਰਕਾਰੀ ਫੰਡਾਂ ਨੂੰ ਬਚਾਉਣਾ ਜਿਉਣ ਮਰਨ ਦਾ ਸਵਾਲ ਬਣਿਆ ਹੋਇਆ ਹੈ ਤੇ ਉਹ ਆਪਣੇ ਭਵਿੱਖ ਨੂੰ ਬਚਾਉਣ ਲਈ ਸੜਕਾਂ 'ਤੇ ਉੱਤਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਸਾਮਰਾਜੀ ਪ੍ਰਬੰਧ ਦੇ ਗੜ੍ਹਾਂ ਅੰਦਰ ਵੀ ਇਹ ਲੋਕ ਅਵਾਜ਼ ਉੱਚੀ ਹੋਣ ਲੱਗੀ ਹੈ।

    --

No comments:

Post a Comment