Tuesday, November 8, 2022

ਪੰਜਾਬ ਨੇ ਫਿਰ ਮਾਣ ਨਾਲ ਕਿਹਾ ਹੈ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ !!

 


ਪੰਜਾਬ ਨੇ ਫਿਰ ਮਾਣ ਨਾਲ ਕਿਹਾ ਹੈ
ਸ਼ਹੀਦ ਭਗਤ ਸਿੰਘ ਜ਼ਿੰਦਾਬਾਦ !!

ਸ਼ਹੀਦ ਭਗਤ ਸਿੰਘ ਲੋਕਾਂ ਦੇ ਦਿਲਾਂ ’ਚ ਕਿਵੇਂ ਵਸਦਾ ਹੈ, ਇਹਦੀ ਗਵਾਹੀ ਅੱਜ ਪੰਜਾਬ ਅੰਦਰ ਥਾਂ ਥਾਂ ’ਤੇ ਮਨਾਏ ਗਏ ਉਸ ਦੇ ਜਨਮ ਦਿਹਾੜੇ ਦੇ ਸਮਾਗਮਾਂ ਨੇ ਦਿੱਤੀ ਹੈ। ਉਸ ਨੂੰ ਅੱਤਵਾਦੀ ਜਾਂ ਹਿੰਦੂ ਰਾਸ਼ਟਰਵਾਦੀ ਕਹਿਣ ਦੇ ਕੂੜ ਪ੍ਰਚਾਰ ਦਾ ਜਵਾਬ ਲੋਕਾਂ ਨੇ ਅੱਜ ਲੱਖਾਂ ਦੀ ਤਦਾਦ ’ਚ ਇਕੱਠੇ ਹੋ ਕੇ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਹਿ ਕੇ ਦਿੱਤਾ ਹੈ। ਬਰਨਾਲੇ ’ਚ ਹੋਇਆ ਅੱਜ ਦਾ ਇਕੱਠ ਅਜਿਹਾ ਇਕੱਠ ਹੈ ਜਿਸਦਾ ਆਕਾਰ ਤੇ ਗਹਿਰਾਈ ਸ਼ਹੀਦ ਦੀ ਮਕਬੂਲੀਅਤ ਨੂੰ ਵਿਸ਼ੇਸ਼ ਕਰਕੇ ਦਰਸਾਉਂਦੀ ਹੈ। ਹਾਲਾਂਕਿ ਵੱਖ ਵੱਖ ਸੰਘਰਸ਼ ਰੁਝੇਵਿਆਂ ਦੌਰਾਨ ਬਰਨਾਲਾ ਕਾਨਫ਼ਰੰਸ ਲਈ ਕਿਸਾਨ ਜਥੇਬੰਦੀ ਵੱਲੋਂ ਵੱਡੀ ਜਨਤਕ ਮੁਹਿੰਮ ਹੱਥ ਨਹੀਂ ਲਈ ਜਾ ਸਕੀ ਸੀ, ਸਿਰਫ਼ ਸੁਨੇਹੇ ਹੀ ਪਹੁੰਚਾਏ ਜਾ ਸਕੇ ਸਨ, ਪਰ ਲੋਕਾਂ ਦੇ ਉਮੜੇ ਹੜ੍ਹ ਨੇ ਦਿਖਾਇਆ ਹੈ ਕਿ ਅਜਿਹੇ ਵੇਲੇ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਹਿਣਾ ਕਿਉਂ ਮਾਅ੍ਹਨੇ ਰੱਖਦਾ ਹੈ ਤੇ ਕਿਉਂ ਇਉਂ ਜ਼ਿੰਦਾਬਾਦ ਕਹਿਣਾ ਹਰ ਚੇਤਨ ਤੇ ਜਾਗਦੀ ਰੂਹ ਦੀ ਜ਼ਿੰੰਮੇਵਾਰੀ ਹੈ। ਇਸ ਨਿਭਾਈ ਗਈ ਜ਼ਿੰਮੇਵਾਰੀ ਨੇ ਸ਼ਹੀਦ ਦੇ ਵਾਰਸਾਂ ਦਰਮਿਆਨ ਤੇ ਉਸ ਦੇ ਦੁਸ਼ਮਣਾਂ ਦਰਮਿਆਨ ਲਕੀਰ ਦੀ ਹਕੀਕਤ ਨੂੰ ਹੋਰ ਗੂੜ੍ਹੀ ਕਰ ਦਿੱਤਾ ਹੈ। ਉਸ ਦੇ ਅਸਲੀ ਤੇ ਨਕਲੀ ਵਾਰਸਾਂ ਦੀ ਹਕੀਕਤ ’ਤੇ ਵੀ ਲਿਸ਼ਕੋਰ ਪਾਈ ਹੈ।

ਇਹ ਇਕੱਠ ਕਿਸੇ ਭਾਵੁਕ ਪ੍ਰਤੀਕਰਮ ਦਾ ਸਿੱਟਾ ਨਹੀਂ ਸੀ, ਇਹਦੇ ’ਚ ਭਗਤ ਸਿੰਘ ਹੋਣ ਦਾ ਜਸ਼ਨ ਮਨਾਉਣ ਦੀ ਡੂੰਘੀ ਭਾਵਨਾ ਸਮੋਈ ਹੋਈ ਸੀ। ਇਕੱਠ ਦੇ ਮੰਚ ਤੋਂ ਹੋਈਆਂ ਤਕਰੀਰਾਂ ਸ਼ਹੀਦ ਭਗਤ ਸਿੰਘ ਦੀ ਸਖਸ਼ੀਅਤ ਤੇ ਵਿਚਾਰਾਂ ਦੇ ਮੁਲਾਂਕਣ ਤੋਂ ਲੈ ਕੇ ਉਨ੍ਹਾਂ ਦੀ ਅਜੋਕੀ ਪ੍ਰਸੰਗਿਕਤਾ ਤੱਕ ਦੀ ਚਰਚਾ ਕਰ ਰਹੀਆਂ ਸਨ। ਪੰਜਾਬ ਦੀ ਗੱਦੀ ’ਤੇ ਕਾਬਜ਼ ਹੋਏ ਨਵੇਂ ਹਾਕਮਾਂ ਵੱਲੋਂ ਇਨਕਲਾਬ ਦੇ ਨਾਅਰੇ ਦੇ ਅਰਥਾਂ ਦੇ ਕੀਤੇ ਜਾ ਰਹੇ ਅਨਰਥਾਂ ਨੂੰ ਸੰਬੋਧਿਤ ਹੋ ਰਹੀਆਂ ਸਨ। ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਅਸਲ ਅਰਥ ਉਘਾੜ ਰਹੀਆਂ ਸਨ।

ਸੰਘਰਸ਼ਾਂ ਦੀ ਪਟੜੀ ’ਤੇ ਅੱਗੇ ਵਧ ਰਹੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਹਾਕਮ ਜਮਾਤੀ ਸਿਆਸਤਦਾਨਾਂ ਦੇ ਸੌੜੇ ਤੇ ਫ਼ਿਰਕੂ ਮਨਸੂਬਿਆਂ ਤੋਂ ਸੁਚੇਤ ਰਹਿਣ ਦਾ ਹੋਕਾ ਦੇ ਰਹੀਆਂ ਸਨ। ਸਮਾਜ ਦੇ ਵੱਖ ਵੱਖ ਮਿਹਨਤਕਸ਼ ਤਬਕਿਆਂ ਦੀਆਂ ਸੰਘਰਸ਼ੀ ਟੁਕੜੀਆਂ ਦੇ ਆਗੂਆਂ ਨੂੰ ਕਿਸਾਨ ਮੰਚ ਤੋਂ ਸੰਬੋਧਨ ਹੋਣ ਦਾ ਦਿੱਤਾ ਗਿਆ ਮੌਕਾ, ਕਿਸਾਨ ਜਥੇਬੰਦੀ ਦੇ ਸਿਰਫ਼ ਆਪਣੇ ਤਬਕੇ ਤੋਂ ਅੱਗੇ ਵਡੇਰੇ ਸਮਾਜੀ ਸਰੋਕਾਰਾਂ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਸੀ। ਵੱਖ ਵੱਖ ਮਿਹਨਤਕਸ਼ ਲੋਕਾਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਹਵਾਲੇ ਨਾਲ ਉਭਾਰਿਆ ਗਿਆ ਸਾਂਝੇ ਲੋਕ ਸੰਘਰਸ਼ਾਂ ਦਾ ਸਾਮਰਾਜ ਵਿਰੋਧੀ ਮੁਹਾਣ ਬਣਾਉਣ ਦਾ ਸੁਨੇਹਾ ਇਸ ਇਕੱਠ ਦੀ ਸਾਂਝੀ ਧੁਨੀ ਹੋ ਕੇ ਗੂੰਜ ਰਿਹਾ ਸੀ।

ਲੋਕਾਂ ਦੇ ਉਮੜੇ ਹੋਏ ਇਸ ਸੈਲਾਬ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਲਈ ਇਹ ਭਾਵਨਾ ਤੇ ਪਿਆਰ ਪੰਜਾਬ ਦੇ ਲੋਕਾਂ ਦੀਆਂ ਮਾਣ ਮੱਤੀਆਂ ਸੰਗਰਾਮੀ ਰਵਾਇਤਾਂ ਦਾ ਸਰਮਾਇਆ ਵੀ ਹੈ। ਇਹ ਲੋਕਾਂ ਦੀ ਇਨਕਲਾਬੀ ਲਹਿਰ ਦੀ ਦਹਾਕਿਆਂ ਦੀ ਕਮਾਈ ਵੀ ਹੈ ਤੇ ਇਸ ਕਮਾਈ ਦੇ ਹੁੰਦਿਆਂ ਮਨ ਚਾਹੇ ਮੁੱਦੇ ਖੜ੍ਹੇ ਕਰਨ ਰਾਹੀਂ ਪੰਜਾਬ ਦੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਠਿੱਬੀ ਲਾ ਦੇਣੀ ਏਨੀ ਸੌਖੀ ਨਹੀਂ ਹੈ। ਐਸ.ਵਾਈ.ਐਲ. ਨਹਿਰ ਦੇ ਪ੍ਰਸੰਗ ਵਿੱਚ ਦਰਿਆਈ ਪਾਣੀਆਂ ਦੀ ਵੰਡ ਦੇ ਰੌਲੇ ਬਾਰੇ ਮੰਚ ਤੋਂ ਪੇਸ਼ ਕੀਤਾ ਗਿਆ ਮਤਾ ਪੰਜਾਬ ਦੀ ਕਿਸਾਨੀ ਦੀ ਵਿਕਸਿਤ ਹੋ ਰਹੀ ਸੋਝੀ ਦਾ ਸੂਚਕ ਵੀ ਸੀ, ਜਿਹੜਾ ਹਰਿਆਣੇ ਦੀ ਕਿਸਾਨੀ ਨਾਲ ਏਕਤਾ ਦੇ ਸਰੋਕਾਰਾਂ ਨੂੰ ਸਾਹਮਣੇ ਰੱਖਦਿਆਂ ਪਾਣੀਆਂ ਦੇ ਮਸਲੇ ਦੀ ਵਿਗਿਆਨਕ ਪਹੁੰਚ ਨਾਲ ਨਿਪਟਾਰੇ ਦੀ ਮੰਗ ਕਰਦਾ ਸੀ ਤੇ ਇਸ ਹੱਲ ਲਈ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਪਾਸੇ ਰੱਖਦਿਆਂ ਤੇ ਲੋਕਾਂ ਦੀ ਹਕੀਕੀ ਸ਼ਮੂਲੀਅਤ ਕਰਵਾਉਣ ਦੀ ਮੰਗ ਕਰਦਾ ਸੀ।

ਸ਼ਾਲਾ ! ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਦੀ ਅੱਜ ਵਾਲੀ ਗੂੰਜ ਆਉਣ ਵਾਲੇ ਸਮੇਂ ’ਚ ਹੋਰ ਉੱਚੀ ਹੋਵੇ ਤੇ ਸੰਗਰਾਮੀ ਲੋਕ ਕਾਫਲਿਆਂ ਦੇ ਅਗਲੇ ਮਾਣ ਮੱਤੇ ਸਫਰ ਦੀ ਧੁਨ ਹੋ ਕੇ ਗੂੰਜ ਉੱਠੇ।    (28 ਸਤੰਬਰ, 22)

(ਸੰਪਾਦਕ ਦੀ ਫੇਸਬੁਕ ਪੋਸਟ)  

 ਪਾਬੰਦੀਆਂ ਨੂੰ ਭੰਨਕੇ  ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰ  ਜਥੇਬੰਦੀਆਂ ਨੇ ਲਾਇਆ ਤਿੰਨ ਰੋਜ਼ਾ ਮੋਰਚਾ 

ਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਖੇਤ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ’ਤੇ ਅਧਾਰਿਤ ਜਥੇਬੰਦ ਕੀਤੇ ਗਏ “ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਪੰਜਾਬ’’ ਵੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਤੇ ਅਹਿਮ ਮੰਗਾਂ ਨੂੰ ਲੈ ਕੇ ਪਿਛਲੇ ਕੁੱਝ ਮਹੀਨਿਆਂ ਤੋਂ ਲਾਮਬੰਦੀ ਤੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਇਸ ਸਾਂਝੇ ਸੰਘਰਸ਼ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ’ਤੇ ਵੀ ਮਜ਼ਦੂਰ ਮੰਗਾਂ ਨੂੰ ਲੈ ਕੇ ਮੁਹਿੰਮਾਂ ਜਥੇਬੰਦ ਕੀਤੀਆਂ ਗਈਆਂ ਹਨ। ਸਾਡੇ ਸਮਾਜ ਦੇ ਸਭ ਤੋਂ ਵੱਧ ਦਬਾਏ ਅਤੇ ਕਿਸਾਨ ਲਹਿਰ ਦੀ  ਜੁਝਾਰੂ ਟੁਕੜੀ ਬਣਦੇ ਇਸ ਹਿੱਸੇ ਦੀ ਘੋਲਾਂ ’ਚ ਲਗਾਤਾਰ ਹਰਕਤਸ਼ੀਲਤਾ ਸਲਾਹੁਣਯੋਗ ਕਦਮ ਹੈ। 

 ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਮੋਰਚੇ ਵੱਲੋਂ ਪਹਿਲਾਂ 8 ਅਗਸਤ ਨੂੰ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ ਦੇ ਕੇ ਪੰਜਾਬ ਸਰਕਾਰ ਤੱਕ ਆਪਣਾ ਮੰਗ ਪੱਤਰ ਭੇਜਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਮਜ਼ਦੂਰ ਮਸਲਿਆਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕਰਨ ਦੀ ਹਾਲਤ ਵਿੱਚ 12 ਸਤੰਬਰ ਤੋਂ 14 ਸਤੰਬਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਤਿੰਨ ਰੋਜ਼ਾ  ਮੋਰਚਾ ਲਾਇਆ ਜਾਵੇਗਾ। ਪਰ ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਥਾਂ ਮਜ਼ਦੂਰ ਜਥੇਬੰਦੀਆਂ ਵੱਲੋਂ 12 ਤੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਲਾਏ ਜਾਣ ਵਾਲੇ ਇਸ ਤਿੰਨ ਰੋਜ਼ਾ ਮੋਰਚੇ ੳੱੁਪਰ ਪਾਬੰਦੀ ਮੜ੍ਹਕੇ ਮਜ਼ਦੂਰ ਆਗੂਆਂ ਨੂੰ ਧਮਕੀ ਭਰੇ ਨੋਟਿਸ ਵੀ ਭੇਜੇ ਗਏ। ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੀ ਵਾਰਸ ਦੱਸਣ ਅਤੇ ਪਹਿਲੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਵੱਖਰਾ ਰਾਜ ਪ੍ਰਬੰਧ ਦੇਣ ਦੇ ਫੋਕੇ ਹੋਕਰਿਆਂ ਨਾਲ ਸੱਤਾ ’ਚ ਆਈ ਆਪ ਸਰਕਾਰ ਦੇ ਇਸ ਧੱਕੜ ਤੇ ਜਾਬਰ ਫੁਰਮਾਨ ਨੇ ਮਜ਼ਦੂਰ ਵਰਗ ਵਿੱਚ ਹੋਰ ਵੀ ਰੋਹ ਭਰ ਦਿੱਤਾ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਭ ਸਰਕਾਰੀ ਰੋਕਾਂ ਭੰਨਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਮੋਰਚਾ ਲਾਉਣ ਰਾਹੀਂ ਆਪਣਾ ਜਮਹੂਰੀ ਹੱਕ ਪੁਗਾਉਣ ਦਾ ਗਰਜਵਾਂ ਐਲਾਨ ਕਰ ਦਿੱਤਾ ਗਿਆ। ਆਪ ਸਰਕਾਰ ਦੇ ਇਸ ਕਦਮ ਦੀ ਸਭਨਾਂ ਪਾਸਿਆਂ ਤੋਂ ਥੂ-ਥੂ ਹੋਣ ਲੱਗ ਪਈ। ਆਖਰ 12 ਸਤੰਬਰ ਨੂੰ ਮਜ਼ਦੂਰਾਂ ਦੇ ਜੁਝਾਰੂ ਰੌਂਅ ਤੇ ਵੱਡੀ ਲਾਮਬੰਦੀ ਦੇ ਜ਼ੋਰ ਜ਼ਿਲ੍ਹਾ ਪ੍ਰਸਾਸ਼ਨ ਸੰਗਰੂਰ ਵੱਲੋਂ ਲਾਈਆਂ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਸੜਕ ਜਾਮ ਕਰਕੇ ਮੋਰਚਾ ਸ਼ੁਰੂ ਕਰ ਦਿੱਤਾ। ਭਾਵੇਂ ਹਕੂਮਤੀ ਪਾਬੰਦੀਆਂ ਕਾਰਨ ਪੰਡਾਲ ਤੇ ਸਟੇਜ ਲਾਉਣ ਵਰਗੇ ਕੰਮਾਂ ’ਚ ਵੱਡਾ ਵਿਘਨ ਪੈਣ ਦੀ ਸੰਭਾਵਨਾ ਸੀ ਪਰ ਜੋਸ਼ ਅਤੇ ਰੋਹ ਨਾਲ ਭਰੇ ਮਜ਼ਦੂਰਾਂ ਵੱਲੋਂ ਕੁੱਝ ਮਿੰਟਾਂ ਵਿੱਚ ਹੀ ਟੈਂਟ ਸਟੇਜ ਲਾਉਣ ਤੇ ਸਪੀਕਰ ਚਲਾਉਣ ਵਰਗੇ ਅਨੇਕਾਂ ਕੰਮ ਨੇਪਰੇ ਚਾੜ੍ਹ ਦਿੱਤੇ ਗਏ ਜਿਹਨਾਂ ਨੂੰ ਪੂਰਾ ਕਰਨ ਲਈ ਪਹਿਲਾਂ ਦੋ ਦਿਨ ਰੱਖੇ ਗਏ ਸਨ। ਦੇਰ ਰਾਤ ਤੱਕ ਮਜ਼ਦੂਰ ਆਗੂਆਂ ਦੇ ਭਾਸ਼ਣਾਂ ਤੋਂ ਇਲਾਵਾ ਨਾਹਰੇ ਤੇ ਇਨਕਲਾਬੀ ਗੀਤ  ਗੂੰਜਦੇ ਰਹੇ। ਆਪ ਸਰਕਾਰ ਦੇ ਦਾਅਵਿਆਂ ਤੇ ਹਕੀਕਤਾਂ ਵਿਚਲੇ ਪਾੜਿਆਂ ਦੀ ਮਜ਼ਦੂਰ ਮੰਗਾਂ ਦੇ ਹਵਾਲੇ ਨਾਲ ਪਾਜ ਉਘੜਾਈ ਹੁੰਦੀ ਰਹੀ।

     ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਿਹੜੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਡੀ.ਸੀ. ਦਫਤਰਾਂ ਅੱਗੇ ਇੱਕ ਰੋਜ਼ਾ ਧਰਨੇ ਦਿੱਤੇ ਗਏ ਅਤੇ ਪਿਛੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਮੋਰਚਾ ਲਾਇਆ ਗਿਆ ਉਹਨਾਂ ’ਚ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ, ਮਜ਼ਦੂਰਾਂ ਦੇ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ’ਤੇ ਦੇਣ, ਇਹਨਾਂ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਰੱਦ ਕਰਨ, ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ, ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕਰਨ ਅਤੇ ਅੱਗੇ ਵਾਸਤੇ ਬਿਨਾਂ ਵਿਆਜ ਸਰਕਾਰੀ ਤੇ ਸਹਿਕਾਰੀ ਬੈਂਕਾਂ ਰਾਹੀਂ ਕਰਜ਼ਾ ਦੇਣ, ਗੁਲਾਬੀ ਸੁੰਡੀ ਕਾਰਨ ਖ਼ਰਾਬ ਨਰਮੇ ਤੋਂ ਇਲਾਵਾ ਕੁਦਰਤੀ ਆਫ਼ਤਾਂ ਨਾਲ ਨੁਕਸਾਨੀਆਂ ਫ਼ਸਲਾਂ ਤੇ ਨੁਕਸਾਨੇ ਘਰਾਂ ਦਾ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਬੇਘਰੇ ਤੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ ਅਤੇ ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਕਾਨਾਂ ਦੇ ਮਾਲਕੀ ਹੱਕ ਦੇਣ, ਸਿੱਖਿਆ ਤੇ ਸਿਹਤ ਸਹੂਲਤਾਂ ਯਕੀਨੀ ਬਣਾਉਣ, ਬੁਢਾਪਾ, ਵਿਧਵਾ ਤੇ ਅਪੰਗ ਆਦਿ ਪੈਨਸ਼ਨਾਂ ਦੀ ਰਕਮ ਪੰਜ ਹਜ਼ਾਰ ਰੁਪਏ ਮਹੀਨਾ ਕਰਨ ਅਤੇ ਬੁਢਾਪਾ ਪੈਨਸ਼ਨ ਲਈ ਉਮਰ ਦੀ ਹੱਦ ਘਟਾਉਣ, ਦਲਿਤਾਂ ’ਤੇ ਜ਼ਬਰ ਬੰਦ ਕਰਨ ਅਤੇ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ’ਤੇ ਦਰਜ ਕੇਸ ਵਾਪਿਸ ਲੈਣ ਆਦਿ ਪ੍ਰਮੁੱਖ ਹਨ । ਇਹਨਾਂ ਵਿੱਚੋਂ ਕਈ ਮੰਗਾਂ ਮੌਜੂਦਾ ਤੇ ਪੁਰਾਣੀ ਸਰਕਾਰ ਵੱਲੋਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਹਨ ਜਿਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਵੱਲੋਂ ਘੇਸਲ ਵੱਟੀ ਹੋਈ ਹੈ। 

   ਮੋਰਚੇ ਦੇ ਦੂਜੇ ਦਿਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਦਾਬ ਵਧਾਉਂਦਿਆਂ ਕਲੋਨੀ ਦੇ ਅੰਦਰ ਦਾਖਲ ਹੋ ਕੇ ਮੁੱਖ ਮੰਤਰੀ ਦੀ ਕੋਠੀ ਦੇ ਮੁੱਖ ਦੁਆਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ । ਇਸ ਐਲਾਨ ਨੂੰ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਵੱਲੋਂ ਪੂਰੇ ਜੋਸ਼ ਨਾਲ ਪ੍ਰਵਾਨ ਕੀਤਾ ਗਿਆ। ਇਹ ਐਲਾਨ ਹੁੰਦਿਆਂ ਹੀ ਸਿਵਲ ਤੇ ਪੁਲਿਸ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਅਤੇ ਮਜ਼ਦੂਰ ਆਗੂਆਂ ਨਾਲ ਗੱਲਬਾਤ ਦਾ ਅਮਲ ਸੁਰੂ ਕਰ ਦਿੱਤਾ ਗਿਆ। ਕਈ ਗੇੜ ਦੀ ਗੱਲਬਾਤ ਤੋਂ ਬਾਅਦ ਆਖਰ( ਮੁੱਖ ਮੰਤਰੀ ਦੇ ਵਿਦੇਸ਼ ਗਏ ਹੋਣ ਕਾਰਨ ) ਅਗਲੇ ਦਿਨ ਹੀ ਸਵੇਰੇ 10 ਵਜੇ ਖਜਾਨਾ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਤਹਿ ਹੋ ਗਈ। ਮਜ਼ਦੂਰ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਖਜਾਨਾ ਮੰਤਰੀ ਨਾਲ ਹੋਣ ਵਾਲੀ ਮੀਟਿੰਗ ’ਚ ਕੋਈ ਤਸੱਲੀਬਖਸ਼ ਉੱਤਰ ਨਾ ਮਿਲਿਆ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਨਾ ਕੀਤੀ ਗਈ ਤਾਂ ਮੋਰਚੇ ’ਚ ਡਟੇ ਹੋਏ ਮਜ਼ਦੂਰ ਮਰਦ ਔਰਤਾਂ ਵੱਲੋਂ ਸਖਤ ਐਕਸ਼ਨ ਕੀਤਾ ਜਾਵੇਗਾ। ਇਸ ਐਕਸ਼ਨ ਦੀ ਸਫਲਤਾ ਲਈ ਪੂਰਾ ਤਾਣ ਜੁਟਾ ਕੇ ਮਜ਼ਦੂਰ ਮਰਦ ਔਰਤਾਂ ਨੂੰ ਮੋਰਚੇ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। 

 14 ਅਕਤੂਬਰ ਨੂੰ  ਮਜ਼ਦੂਰ ਆਗੂਆਂ ਦੀ ਖਜਾਨਾ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ ਗਿਆ । ਮਨਰੇਗਾ ਦੇ ਖੜ੍ਹੇ ਬਕਾਏ ਦੀ ਸੂਚਨਾ ਤੁਰੰਤ ਮੰਗੀ ਗਈ ਅਤੇ ਕੁਝ ਦਿਨਾਂ ’ਚ ਹੀ ਇਹ ਬਕਾਏ ਕਲੀਅਰ ਕਰਨ ਦਾ ਯਕੀਨ ਦੁਆਇਆ ਗਿਆ ਅਤੇ ਆਪਣੇ ਨਾਲ ਸਬੰਧਤ ਮੰਗਾਂ ਦੇ ਸਾਰਥਿਕ ਹੱਲ ਲਈ ਸਬੰਧਤ ਅਧਿਕਾਰੀਆਂ ਸਮੇਤ ਮੁੜ 29 ਸਤੰਬਰ ਨੂੰ ਮੀਟਿੰਗ ਦੀ ਤਰੀਕ ਤਹਿ ਕੀਤੀ ਗਈ ਜਦੋਂ ਕਿ ਮੁੱਖ ਮੰਤਰੀ ਨਾਲ ਵੀ 3 ਅਕਤੂਬਰ ਦੀ ਮੀਟਿੰਗ ਤਹਿ ਕਰਵਾ ਦਿੱਤੀ ਗਈ । ਦੂਜੇ ਪਾਸੇ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਸੰਗਰੂਰ ਮੋਰਚੇ ’ਚ ਪੁੱਜੇ ਅਤੇ ਮੰਗਾਂ ਦੇ ਹੱਲ ਲਈ ਖਜਾਨਾ ਮੰਤਰੀ ਨਾਲ ਹਾਂ ਪੱਖੀ ਮਾਹੌਲ ’ਚ ਹੋਈ ਮੀਟਿੰਗ ਉਪਰੰਤ ਇਹ ਹਜ਼ਾਰਾਂ ਮਜ਼ਦੂਰਾਂ ਦਾ ਕਾਫਲਾ ਪੂਰੇ ਜਾਹੋ-ਜਲਾਲ ਨਾਲ ਇਸ ਤਿੰਨ ਰੋਜ਼ਾ ਮੋਰਚੇ ਤੋਂ ਆਪੋ ਆਪਣੇ ਖੇਤਰਾਂ ਨੂੰ ਪਰਤ ਗਿਆ।

ਮਜ਼ਦੂਰ ਜਥੇਬੰਦੀਆਂ ਦਾ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗਿਆ ਇਹ ਮੋਰਚਾ ਕਈ ਅਹਿਮ ਪੱਖਾਂ ਤੋਂ ਬੇਹੱਦ ਸਫਲ ਰਿਹਾ ਜਿਹਨਾਂ ’ਚੋਂ ਕੁੱਝ ਪੱਖਾਂ ਦੀ ਚਰਚਾ ਹੇਠ ਲਿਖੇ ਅਨੁਸਾਰ ਕੀਤੀ ਜਾ ਰਹੀ ਹੈ। ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਸੱਦੇ ਦਾ ਮਜ਼ਦੂਰਾਂ ਅੰਦਰ ਭਰਵਾਂ ਸਵਾਗਤ ਹੋਇਆ ਅਤੇ   ਵਿਸ਼ਾਲ ਗਿਣਤੀ ਮਜ਼ਦੂਰ ਮਰਦ ਔਰਤਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਹੁੰਗਾਰੇ ਦੀ ਝਲਕ ਸੰਗਰੂਰ ਮੋਰਚੇ ’ਚ ਹਜ਼ਾਰਾਂ ਮਜ਼ਦੂਰਾਂ ਦੀ ਸ਼ਮੂਲੀਅਤ ਤੋਂ ਇਲਾਵਾ ਪਹਿਲਾਂ ਪਿੰਡਾਂ ਅੰਦਰ ਚੱਲੀ ਤਿਆਰੀ ਮੁਹਿੰਮ ਦੌਰਾਨ ਜਥੇਬੰਦ ਕੀਤੀਆਂ ਮੀਟਿੰਗਾਂ ਰੈਲੀਆਂ ’ਚ ਵੱਡੀ ਗਿਣਤੀ ਮਜ਼ਦੂਰ ਮਰਦ ਔਰਤਾਂ ਦੀ ਸ਼ਮੂਲੀਅਤ ਰਾਹੀਂ ਵੀ ਉਜਾਗਰ ਹੁੰਦੀ ਰਹੀ । ਇਸ ਮੋਰਚੇ  ਦੇ ਪਹਿਲੇ ਦਿਨ ਜੇਕਰ ਮਜ਼ਦੂਰਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਸੀ ਤਾਂ ਦੂਸਰੇ ਤੇ ਤੀਸਰੇ ਦਿਨ ਇਹ ਗਿਣਤੀ 9 ਹਜ਼ਾਰ ਦੇ ਕਰੀਬ ਸੀ। ਇਸ ਮੋਰਚੇ ਦੀ ਵਿਲੱਖਣਤਾ ਇਹ ਵੀ ਰਹੀ ਕਿ ਇੱਥੇ ਦਿਨ ਸਮੇਂ ਤਾਂ ਭਾਰੀ ਗਿਣਤੀ ਜੁੱਟਦੀ ਹੀ ਰਹੀ ਸਗੋਂ ਰਾਤਾਂ ਨੂੰ ਵੀ ਵੱਡੀ ਗਿਣਤੀ ਔਰਤਾਂ ਸਮੇਤ ਤਿੰਨ ਹਜ਼ਾਰ ਤੋਂ ਵਧੇਰੇ ਗਿਣਤੀ ਮੋਰਚੇ ’ਚ ਡਟਦੀ ਰਹੀ ਹੈ।

   ਮਜ਼ਦੂਰ ਮੋਰਚੇ ਉਤੇ ਸਰਕਾਰ ਵੱਲੋਂ ਲਾਈ ਪਾਬੰਦੀ ਦੀ ਪ੍ਰਵਾਹ ਨਾ ਕਰਦਿਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਹਰ ਹਾਲਤ ਮੋਰਚਾ ਲਾਉਣ ਦੇ ਧੜੱਲੇਦਾਰ ਫੈਸਲੇ  ਦੀ ਵੀ ਵਿਸ਼ੇਸ਼ ਅਹਿਮੀਅਤ ਬਣਦੀ ਹੈ, ਜਿਸਦਾ ਜਿੱਥੇ ਮਜ਼ਦੂਰ ਵਰਗ ਵੱਲੋਂ ਭਰਵਾਂ ਹੁੰਗਾਰਾ ਭਰਿਆ ਗਿਆ ੳੱੁਥੇ ਹਕੂਮਤ ਨੂੰ ਇਸਦੀ ਵਾਹਵਾ ਸਿਆਸੀ ਕੀਮਤ ’ਤਾਰਨੀ ਪਈ ਅਤੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ। 

   ਇਸ ਮੋਰਚੇ ’ਚ ਖੇਤ ਮਜ਼ਦੂਰ ਔਰਤਾਂ  ਦੀ ਭਾਰੀ ਗਿਣਤੀ ’ਚ ਸ਼ਮੂਲੀਅਤ ਇਸ ਮੋਰਚੇ ਅਤੇ ਮਜ਼ਦੂਰ ਜਥੇਬੰਦੀਆਂ ਦੀ ਵਿਲੱਖਣ ਉਪਲੱਬਧੀ ਕਹੀ ਜਾ ਸਕਦੀ ਹੈ। ਮਜ਼ਦੂਰ ਔਰਤਾਂ ਦੀ ਸੰਘਰਸ਼ਾਂ ’ਚ ਸਮੂਲੀਅਤ ਇੱਕ ਸੁਤੇ-ਸਿਧ ਵਰਤਾਰਾ ਹੈ। ਇਹਨਾਂ ਪਰਿਵਾਰਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਹੀ ਅਜਿਹੀ ਹੈ ਜਿਥੇ ਮਜ਼ਦੂਰ ਔਰਤਾਂ, ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ’ਚ ਕੈਦ ਰੱਖਣ ਵਾਲੇ ਜਗੀਰੂ ਬੰਧਨਾਂ ਨੂੰ ਉਲੰਘ ਕੇ ਪਰਿਵਾਰ ਦੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਕੰਮਾਂ ’ਚ ਜੁਟਦੀਆਂ ਹਨ। ਉਹਨਾਂ ਨੂੰ ਖੇਤਾਂ ਬੰਨਿਆਂ ’ਤੇ ਦਿਹਾੜੀ -ਮਜ਼ਦੂਰੀ ਕਰਨ, ਕੱਖ -ਪੱਠਾ ਖੋਤਣ ਅਤੇ ਬੇਗਾਨੇ ਘਰਾਂ ’ਚ ਪਸ਼ੂਆਂ ਦੀ ਮੂਤਰਾਲ ਹੂੰਝਣ ਵਰਗੇ ਕਰਨੇ ਪੈਂਦੇ ਅਨੇਕਾਂ ਕੰਮਾਂ ਲਈ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿੱਕਲਣ ਦੀ ਮਜ਼ਬੂਰੀ ਸਦਕਾ   ਇੱਕ ਹੱਦ ਤੱਕ ਕਰੀਹ ਹੋਈਆਂ ਇਹ ਜਗੀਰੂ ਰਵਾਇਤਾਂ ਅਤੇ ਸਖਤ ਜਾਨ ਕੰਮ ਹਾਲਤਾਂ ਉਹਨਾਂ ਨੂੰ ਸੰਘਰਸ਼ਾਂ ਦੇ ਮੈਦਾਨ ’ਚ  ਮਰਦਾਂ ਦੇ ਬਰਾਬਰ ਪੁੱਗਣ  ਦਾ ਸੁਤੇ ਸਿਧ ਇਨਕਲਾਬੀ ਤੰਤ ਬਖਸ਼ਦੀਆਂ ਹਨ। ਮਜ਼ਦੂਰ ਜਥੇਬੰਦੀਆਂ ਲਈਆਂ ਇਸ ਤੰਤ ਨੂੰ ਚੇਤਨ ਤੌਰ ’ਤੇ ਹੋਰ ਅੱਗੇ ਵਧਾਉਣ ਲਈ ਔਰਤਾਂ ਨੂੰ ਲੀਡਰਸ਼ਿੱਪਾਂ ’ਚ ਮੂਹਰੇ ਲਿਆਉਣ ਲਈ ਤਾਣ ਜੁਟਾਈ ਕਰਨ ਦੀ ਲੋੜ ਹੈ।

  ਮਜ਼ਦੂਰ ਜਥੇਬੰਦੀਆਂ ਵੱਲੋਂ ਇਸ ਮੋਰਚੇ ਲਈ ਲੰਗਰ ਦੇ ਪ੍ਰਬੰਧਾਂ ਵਜੋਂ ਪਿੰਡਾਂ ’ਚੋਂ ਰਾਸ਼ਨ ਇਕੱਠਾ ਕੀਤਾ ਗਿਆ ਅਤੇ ਵੱਡੀ ਗਿਣਤੀ ਮਜ਼ਦੂਰ ਪਿੰਡਾਂ ’ਚੋਂ ਗਹਿਗੱਡਵਾਂ ਹੁੰਗਾਰਾ ਮਿਲਿਆ। ਇਸ ਮੋਰਚੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ ) ਵੱਲੋਂ ਵੱਡੇ ਪੈਮਾਨੇ ’ਤੇ ਤਿੰਨੇਂ ਦਿਨ ਲੰਗਰ ਲਾਉਣ ਦਾ ਕੀਤਾ ਗਿਆ ਉਪਰਾਲਾ ਵਿਸ਼ੇਸ਼ ਤੌਰ ’ਤੇ ਸੁਲਾਹੁਣਯੋਗ ਕਦਮ ਬਣਦਾ ਹੈ।  ਕਿਸਾਨ ਜਥੇਬੰਦੀ ਵੱਲੋਂ ਸਮੂਹ ਮਜ਼ਦੂਰਾਂ ਲਈ ਲਾਏ ਲੰਗਰ ’ਚ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੰਜਾਬ ਖੇਤ ਸਭਾ ਵੱਲੋਂ  ਪਿੰਡਾਂ ’ਚੋਂ ’ਕੱਠਾ ਕੀਤਾ ਰਾਸ਼ਨ ਇਸ ਲੰਗਰ ’ਚ ਪਾਇਆ ਗਿਆ। ਇਸ ਤੋਂ ਇਲਾਵਾ ਦੋ ਮਜ਼ਦੂਰ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ’ਤੇ ਵੀ ਲੰਗਰ ਚਲਾਏ ਗਏ। ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਜ਼ਦੂਰ ਮੋਰਚੇ ਲਈ ਲੰਗਰ ਲਾਉਣ ਤੋਂ ਇਲਾਵਾ ਆਪਣੇ ਪ੍ਰਭਾਵ ਹੇਠਲੇ ਖੇਤ ਮਜ਼ਦੂਰਾਂ ਨੂੰ ਇਸ ਮੋਰਚੇ ’ਚ ਲਾਮਬੰਦ ਕਰਕੇ ਸੈਂਕੜੇ ਮਜ਼ਦੂਰਾਂ ਦੀ ਸ਼ਮੂਲੀਅਤ ਕਰਾਉਣ ਦਾ ਚੁੱਕਿਆ ਗਿਆ ਕਦਮ  ਜਿੱਥੇ ਇਸ ਤਿੰਨ ਰੋਜ਼ਾ ਮੋਰਚੇ ਨੂੰ ਪਦਾਰਥਕ ਤੌਰ ,’ਤੇ ਤਕੜਾਈ ਦੇਣ ਦਾ ਸਾਧਨ ਹੋ ਨਿੱਬੜਿਆ ਉਥੇ ਇਹ ਲੰਮੇਂ ਦਾਅ ਤੋਂ ਮਜ਼ਦੂਰਾਂ ਕਿਸਾਨਾਂ ਦੀ ਜੋਟੀ ਨੂੰ ਹੋਰ ਮਜ਼ਬੂਤ ਕਰਨ ਪੱਖੋਂ ਹੋਰ ਵੀ ਵਧੇਰੇ ਅਹਿਮੀਅਤ ਰੱਖਦਾ ਹੈ। ਇਸ ਮੋਰਚੇ ’ਚ ਬੀ.ਕੇ.ਯੂ. ਏਕਤਾ ਉਗਰਾਹਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਸਭਾ ਤੋਂ ਇਲਾਵਾ ਕਈ ਮੁਲਾਜ਼ਮ ਅਤੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ, ਜਿਹਨਾਂ ਵਿੱਚੋਂ ਕੁੱਝ ਵੱਲੋਂ ਇਸ ਮੋਰਚੇ ਲਈ ਫੰਡਾਂ ਦਾ ਯੋਗਦਾਨ ਵੀ ਪਾਇਆ ਗਿਆ। ਜਦੋਂ ਕਿ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਦੇ ਵੱਲੋਂ ਮਜ਼ਦੂਰ ਮੋਰਚੇ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਸਾਂਝੇ ਮਜ਼ਦੂਰ ਮੋਰਚੇ ’ਚੋਂ ਬਾਹਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਭਰਾਤਰੀ ਸੰਦੇਸ਼ ਸਟੇਜ ਤੋਂ ਦਿੱਤੇ ਗਏ। ਕੁੱਲ ਮਿਲਾ ਕੇ ਇਸ ਮੋਰਚੇ ਦਾ ਮਜ਼ਦੂਰਾਂ ਉੱਤੇ ਉਤਸਾਹੀ ਅਸਰ ਦਿਖਾਈ ਦਿੱਤਾ ਉਨ੍ਹਾਂ ਦੇ ਇਸ ਉਤਸ਼ਾਹ ’ਚ ਸਰਕਾਰੀ ਪਾਬੰਦੀਆਂ ਨੂੰ ਭੰਨਕੇ ਆਪਣੀ ਜਥਬੰਦ ਤਾਕਤ ਦੇ ਜ਼ੋਰ ਆਪਣੀ ਪੁਗਾਉਣ ਅਤੇ ਵੱਡੇ ਇਕੱਠ ’ਚੋਂ ਤਾਕਤ ਮਹਿਸੂਸ ਕਰਨ ਦਾ ਅਹਿਮ ਰੋਲ ਹੈ। ਇਸ ਇਕੱਠ ਦੇ ਮਜ਼ਦੂਰਾਂ ਉੱਪਰ ਪਏ ਉਤਸ਼ਾਹੀ ਅਸਰ ਦੀ ਨੁਮਾਇੰਦਗੀ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਮਜ਼ਦੂਰ ਔਰਤਾਂ ਦੇ ਇਹਨਾਂ ਬੋਲਾਂ ’ਚੋਂ ਸਾਫ ਝਲਕਦੀ ਹੈ ਕਿ “ਬਾਈ ਹੁਣ ਤਾਂ ਆਪਣਾ ਕੱਠ ਵੀ ਉਗਰਾਹਾਂ ਜਿੰਨਾਂ ਹੋਣ ਲੱਗ ਪਿਆ।’’

    ਇਉਂ ਜਿੱਥੇ ਮਜ਼ਦੂਰਾਂ ਤੋਂ ਇਲਾਵਾ ਭਰਾਤਰੀ ਹਿੱਸਿਆਂ ਵੱਲੋਂ ਇਸ ਮੋਰਚੇ ਦੀ ਸਫਲਤਾ ਲਈ ਕੀਤੀ ਤਾਣ ਜੁਟਾਈ ਸੁਲੱਖਣਾ ਵਰਤਾਰਾ ਹੈ, ੳੱੁਥੇ ਆਪ ਸਰਕਾਰ ਵੱਲੋਂ ਪਹਿਲਾਂ ਮੋਰਚੇ ਨੂੰ ਫੇਲ੍ਹ ਕਰਨ ਲਈ ਪਾਬੰਦੀਆਂ ਲਾਉਣਾ, ਪਿੱਛੋਂ ਸੰਘਰਸ਼ ਦੇ ਦਬਾਅ ਹੇਠ ਮੁੱਖ ਮੰਤਰੀ ਵੱਲੋਂ ਮੀਟਿੰਗ ਤਹਿ ਕਰਕੇ ਵੀ ਇਸਨੂੰ ਰੱਦ ਕਰ ਦੇਣਾ ਅਤੇ ਖਜਾਨਾ ਮੰਤਰੀ ਵੱਲੋਂ ਕੀਤੇ ਵਾਅਦੇ ਮੁਤਾਬਕ ਮਜ਼ਦੂਰ ਜਥੇਬੰਦੀਆਂ ਨਾਲ ਕਈ ਘੰਟੇ ਲੰਮੀ ਮੀਟਿੰਗ  ਕਰਕੇ ਵੀ ਕੋਈ ਠੋਸ ਕਦਮ ਨਾ ਚੁੱਕਣਾ  ਅਤੇ ਮੋਰਚੇ ਤੋਂ ਵਾਪਸ ਪਰਤ ਰਹੇ ਜਲੰਧਰ ਜ਼ਿਲ੍ਹੇ ਦੇ ਦੋ ਮਜ਼ਦੂਰਾਂ ਦੀ ਫਿਲੌਰ ਵਿਖੇ ਰੇਲ ਹਾਦਸੇ ’ਚ ਹੋਈ ਮੌਤ ਦਾ ਮੁਆਵਜ਼ਾ ਵੀ ਕਰੀਬ ਇੱਕ ਹਫਤੇ ਦੇ ਲੰਮੇ ਤੇ ਸਿਰੜੀ ਸੰਘਰਸ਼ ਉਪਰੰਤ ਹੀ ਦੇਣ ਲਈ ਮਜ਼ਬੂਰ ਹੋਣਾ ਇਸ ਸਰਕਾਰ ਦੇ ਮਜ਼ਦੂਰ ਤੇ ਲੋਕ-ਵਿਰੋਧੀ ਜਮਾਤੀ ਕਿਰਦਾਰ ਦਾ ਉੱਘੜਵਾਂ ਸਬੂਤ ਹੋ ਨਿੱਬੜਿਆ। 

              ਮੀਟਿੰਗ ਰੱਦ ਕਰਨ ਖਿਲਾਫ 

              ਮਜ਼ਦੂਰਾਂ ਨੇ ਕੀਤੇ ਪ੍ਰਦਰਸ਼ਨ 

   ਮੁੱਖ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਉਪਰੰਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 10,11ਤੇ12 ਅਕਤੂਬਰ ਨੂੰ ਸੈਂਕੜੇ ਪਿੰਡਾਂ ’ਚ ਮੁੱਖ ਮੰਤਰੀ ਦੇ ਪੁਤਲੇ ਫੂਕਣ ਤੋਂ ਇਲਾਵਾ 18 ਅਕਤੂਬਰ ਨੂੰ ਸੰਗਰੂਰ ਦੇ ਪਿੰਡ ਕਾਲਵਣਜਾਰਾ ਵਿਖੇ ਮੁੱਖ ਮੰਤਰੀ ਇੱਕ ਉਦਘਾਟਨੀ ਸਮਾਰੋਹ ’ਚ ਸ਼ਿਰਕਤ ਸਮੇਂ ਵੀ ਸੈਂਕੜੇ ਮਜ਼ਦੂਰਾਂ ਵੱਲੋਂ ਕਾਲੇ ਝੰਡਿਆਂ ਨਾਲ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਹਾਸਲ ਜਾਣਕਾਰੀ  ਅਨੁਸਾਰ ਮਜ਼ਦੂਰ ਜਥੇਬੰਦੀਆਂ ਵੱਲੋਂ ਆਪ ਸਰਕਾਰ ਦੇ ਇਸ ਮਜ਼ਦੂਰ-ਵਿਰੋਧੀ ਰਵੱਈਏ ਤੇ ਨੀਤੀਆਂ ਵਿਰੁੱਧ ਅਗਲੀ ਰਣਨੀਤੀ ਘੜਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।    

                       ---੦---  

ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਮਜ਼ਦੂਰਾਂ ਕਿਸਾਨਾਂ ਦਾ ਮੁਕਤਸਰ ’ ਚ ਲਗਾਤਾਰ ਧਰਨਾ

 ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਮਜ਼ਦੂਰਾਂ ਕਿਸਾਨਾਂ ਦਾ ਮੁਕਤਸਰ ’ ਚ ਲਗਾਤਾਰ ਧਰਨਾ

ਜ਼ਿਲ੍ਹਾ ਮੁਕਤਸਰ ਦੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਿਰੜੀ ਸੰਘਰਸ਼ ਲੜਕੇ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦਾ ਮੁਆਵਜ਼ਾ 5 ਕਰੋੜ ਰੁਪਏ ਤੋਂ ਵਧਾ ਕੇ 55 ਕਰੋੜ ਕਰਨ, ਅੰਦੋਲਨਾਂ ਦੌਰਾਨ ਬਣੇ ਕੇਸ ਰੱਦ ਕਰਨ ਦੀ ਮੰਨਵਾਈ ਮੰਗ ਲਾਗੂ ਕਰਾਉਣ ਸਮੇਤ ਮੀਂਹਾਂ ਨਾਲ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਲੈਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀ.ਸੀ. ਦਫ਼ਤਰ ਮੁਕਤਸਰ ਅੱਗੇ 24 ਅਗਸਤ ਤੋਂ 7 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਨਾਲ ਪ੍ਰਸਾਸ਼ਨ ਦੇ ਬੇਰੁਖ਼ੀ ਵਾਲੇ ਰਵੱਈਏ ਖਿਲਾਫ਼ ਸੈਂਕੜੇ ਮਜ਼ਦੂਰਾਂ ਕਿਸਾਨ ਮਰਦ ਔਰਤਾਂ ਵੱਲੋਂ 26 ਤੇ 29 ਸਤੰਬਰ ਨੂੰ ਦੋ ਵਾਰ ਡੀ.ਸੀ. ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ। 29 ਸਤੰਬਰ ਦੇ ਘਿਰਾਓ ਸਮੇਂ ਸੰਕੇਤਕ ਹਮਾਇਤ ਵਜੋਂ ਬਠਿੰਡਾ ਤੇ ਫਰੀਦਕੋਟ ਮਜ਼ਦੂਰਾਂ ਕਿਸਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸੇ ਦਿਨ ਬਦਨਾਮ ਸਮਗਲਰ ਡੀ. ਐਸ. ਪੀ. ਜਗਦੀਸ਼ ਭੋਲਾ ਦੇ ਸੂਦਖੋਰ ਪਿਤਾ ਬਲਛਿੰਦਰ ਵੱਲੋਂ ਕਰਜ਼ੇ ਬਦਲੇ ਜ਼ਲੀਲ ਕੀਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਕਿਸਾਨ ਵੱਲੋਂ ਘਿਰਾਓ ਸਮੇਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਸਦਕਾ ਮਾਹੌਲ ਹੋਰ ਵੀ ਭਖ ਗਿਆ ਅਤੇ ਰੋਹ ਵਿੱਚ ਆਏ ਮਜ਼ਦੂਰਾਂ ਕਿਸਾਨਾਂ ਵੱਲੋਂ ਡੀ.ਸੀ. ਦਫ਼ਤਰ ਦੇ ਤਿੰਨੇ ਗੇਟਾਂ ਦਾ ਮੁਕੰਮਲ ਘਿਰਾਓ ਸ਼ੁਰੂ ਕਰ ਦਿੱਤਾ ਗਿਆ। 

 ਇਸ ਘਿਰਾਓ ਉਪਰੰਤ ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਦੋਹਾਂ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਦੇਣ, ਖੁਦਕੁਸ਼ੀ ਦੇ ਦੋਸ਼ੀ ਖਿਲਾਫ਼ ਕੇਸ ਦਰਜ ਕਰਨ, ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦਾ ਆਇਆ ਹੋਇਆ ਮੁਆਵਜ਼ਾ 5 ਸਤੰਬਰ ਤੱਕ ਮੁੱਖ ਤੌਰ ’ਤੇ ਵੰਡਣ , ਮੀਂਹਾਂ ਨਾਲ ਨੁਕਸਾਨੀਆਂ ਫਸਲਾਂ ਤੇ ਘਰਾਂ ਦੀ ਗਿਰਦਾਵਰੀ ਇੱਕ ਹਫਤੇ ’ਚ ਮੁਕੰਮਲ ਕਰਨ ਅਤੇ ਜ਼ਿਲ੍ਹੇ ਅੰਦਰ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ’ਤੇ ਬਣੇ ਕੇਸ ਵਾਪਿਸ ਲੈਣ ਆਦਿ ਮੰਨੀਆਂ ਗਈਆਂ। ਇਹਨਾਂ ਫੈਸਲਿਆਂ ਦਾ ਐਲਾਨ ਡੀ ਸੀ ਵੱਲੋਂ ਖੁਦ ਘਿਰਾਓ ’ਚ ਜੁੜੇ ਭਰਵੇਂ ਇਕੱਠ ’ਚ ਆ ਕੇ ਕੀਤਾ ਗਿਆ। ਦੋਹਾਂ ਜਥੇਬੰਦੀਆਂ ਵੱਲੋਂ ਘਿਰਾਓ ਸਮਾਪਤ ਕਰਕੇ ਮੰਗਾਂ ਨੂੰ ਲਾਗੂ ਕਰਵਾਉਣ ਖਾਸ ਕਰਕੇ ਨਰਮੇ ਦੀ ਮੁਆਵਜ਼ੇ ਦੀ ਵੰਡ ਅਮਲੀ ਰੂਪ ’ਚ ਕਰਾਉਣ ਅਤੇ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਤੋਂ ਬਾਅਦ ਲਗਾਤਾਰ ਚੱਲ ਰਹੇ ਧਰਨੇ ਸਦਕਾ ਭਾਵੇਂ ਨਰਮੇ ਦੇ ਮੁਆਵਜ਼ੇ ਦੀ ਵੰਡ ਖਾਸ ਕਰਕੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਤਾਂ ਕਰ ਦਿੱਤੀ ਅਤੇ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ , ਦੋਸ਼ੀ ਖਿਲਾਫ਼ ਕੇਸ ਦਰਜ਼ ਅਤੇ ਜ਼ਿਲ੍ਹੇ ’ਚ ਸੰਘਰਸ਼ਾਂ ਦੌਰਾਨ ਬਣੇ ਕੇਸਾਂ ’ਚੋਂ ਕਰੀਬ 13 ਕੇਸ ਤਾਂ ਵਾਪਿਸ ਲੈ ਲਏ ਗਏ ਪਰ ਅਦਾਲਤ ’ਚ ਚਲਦੇ ਇੱਕ ਅਹਿਮ ਕੇਸ ਨੂੰ ਵਾਪਸ ਲੈਣ ਅਤੇ ਨਰਮੇ ਦੇ ਮੁਆਵਜ਼ੇ ਦੀ ਮੁਕੰਮਲ ਵੰਡ ਨਾ ਕੀਤੀ ਗਈ ਜਿਸ ਕਰਕੇ 7 ਸਤੰਬਰ ਨੂੰ ਦੋਹਾਂ ਜਥੇਬੰਦੀਆਂ ਵੱਲੋਂ ਵਿਸ਼ਾਲ ਇਕੱਠ ਕਰਕੇ ਅਤੇ ਸੜਕ ਜਾਮ ਕਰਨ ਉਪਰੰਤ ਪੰਦਰਾਂ ਦਿਨਾਂ ਤੋਂ ਇਥੇ ਚੱਲ ਰਿਹਾ ਧਰਨਾ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਉਲੀਕੇ ਸੰਗਰੂਰ ਮੋਰਚੇ ਦੇ ਮੱਦੇਨਜਰ ਇੱਕ ਵਾਰ ਮੁਲਤਵੀ ਕਰ ਦਿੱਤਾ ਗਿਆ।

  ਇਸ ਧਰਨੇ ਦੌਰਾਨ ਨਾ ਸਿਰਫ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮੁੱਖ ਮੰਤਰੀ ਦੁਆਰਾ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਅਤੇ ਧਰਨਾਕਾਰੀਆਂ ਨੂੰ ਹੰਭਾਉਣ ਥਕਾਉਣ ਦੀ ਸਾਹਮਣੇ ਆਈ ਨੀਤੀ ਪੰਜਾਬ ਸਰਕਾਰ ਅਤੇ ਜ਼ਿਲ੍ਹੇ ’ਚ ਬੈਠੇ ਇਸਦੇ ਵਿਧਾਇਕਾਂ ਦੇ ਹੁਕਮਾਂ ਦਾ ਨਤੀਜਾ ਹੈ। ਹੋਰ ਤਾਂ ਹੋਰ ਅਪ੍ਰੈਲ ਮਹੀਨੇ ’ਚ ਮੁੱਖ ਮੰਤਰੀ ਨਾਲ ਜਥੇਬੰਦੀਆਂ ਦੀ ਮੀਟਿੰਗ ਕਰਵਾਉਣ ਅਤੇ ਤਹਿ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਖੁੱਡੀਆਂ ਵੱਲੋਂ ਚਲਦੇ ਧਰਨੇ ਦੌਰਾਨ ਵਾਰ ਵਾਰ ਸਮਝੌਤਾ ਲਾਗੂ ਕਰਵਾਉਣ ਦੇ ਫੋਕੇ ਭਰੋਸੇ ਦੇਣ ਦੇ ਬਾਵਜੂਦ ਇੱਕ ਦਿਨ ਵੀ ਧਰਨੇ ’ਤੇ ਬੈਠੇ ਮਜ਼ਦੂਰਾਂ ਕਿਸਾਨਾਂ ਦੀ ਬਾਤ ਨਹੀਂ ਪੁੱਛੀ ਗਈ ਜਦੋਂ ਕਿ ਉਹ ਪਖੰਡ ਇਹੀ ਕਰਦਾ ਰਿਹਾ ਕਿ ਉਹ ਸਮਾਂ ਕੱਢ ਕੇ ਖੁਦ ਧਰਨੇ ’ਚ ਪਹੁੰਚ ਕੇ ਮਸਲਾ ਹੱਲ ਕਰਨ ਜ਼ਿਲ੍ਹਾ ਪ੍ਰਸਾਸ਼ਨ ਉਤੇ ਦਬਾਅ ਬਣਾਏਗਾ। ਸੋ ਕੁੱਲ ਮਿਲਾ ਕੇ ਵੱਡੇ ਵੱਡੇ ਵਾਅਦਿਆਂ ਨਾਲ ਸੱਤਾ ’ਚ ਆਈ ਆਪ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਦੇ ਰਾਹ ਪੈ ਗਈ ਹੈ। ਇਸੇ ਕਰਕੇ ਇਹ ਛੇਤੀ ਹੀ ਕਿਰਤੀ ਲੋਕਾਂ ਦੇ ਰੋਹ ਦਾ ਨਿਸ਼ਾਨਾ ਬਣ ਗਈ ਹੈ।        ---੦--- 

28 ਸਤੰਬਰ:ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ਦਾ ਸੰਦੇਸ਼ ਸ਼ਹੀਦ ਭਗਤ ਸਿੰਘ ਦੇ ਵਿਚਾਰ ਹੀ ਲੋਕ ਕਲਿਆਣ ਦਾ ਸਹੀ ਰਾਹ

 28 ਸਤੰਬਰ:ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ਦਾ ਸੰਦੇਸ਼ 
ਸ਼ਹੀਦ ਭਗਤ ਸਿੰਘ ਦੇ ਵਿਚਾਰ ਹੀ ਲੋਕ ਕਲਿਆਣ ਦਾ ਸਹੀ ਰਾਹ

ਬਰਨਾਲਾ 28 ਸਤੰਬਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਸ਼ਹੀਦ  ਭਗਤ ਸਿੰਘ ਜ਼ਿੰਦਾਬਾਦ ਰੈਲੀ ਮੌਕੇ ਦਹਿ ਹਜ਼ਾਰਾਂ ਔਰਤਾਂ ਸਮੇਤ ਜਨ ਸੈਲਾਬ ਉਮੜ ਆਇਆ। ਬਸੰਤੀ ਚੁੰਨੀਆਂ ਤੇ ਬਸੰਤੀ ਪੱਗਾਂ  ਸਜਾਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਹੱਥਾਂ ’ਚ ਫੜਕੇ ਸਜਿਆ ਵਿਸ਼ਾਲ ਪੰਡਾਲ ਲੋਕ ਮਨਾਂ ’ਚ ਸ਼ਹੀਦ  ਭਗਤ ਸਿੰਘ ਦੇ ਉੱਕਰੇ ਹੋਏ ਬਿੰਬ ਨੂੰ ਪੇਸ਼ ਕਰ ਰਿਹਾ ਸੀ।

ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਰਾਹ ’ਤੇ ਚੱਲ ਕੇ ਹੀ ਮੌਜੂਦਾ ਸਮੇਂ ਗੰਭੀਰ ਸੰਕਟ ’ਚ ਫਸੇ ਖੇਤੀ ਖੇਤਰ ਅਤੇ ਸਮੁੱਚੇ ਅਰਥਚਾਰੇ ਨੂੰ ਸੰਕਟ ਚੋਂ ਕੱਢ ਕੇ ਤਰੱਕੀ ਦੇ ਰਾਹ ਤੋਰ ਜਾ ਸਕਦਾ ਹੈ । ਸ੍ਰੀ ਉਗਰਾਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਸਦੇ ਫਿਰਕਾਪ੍ਰਸਤ ਪੈਰੋਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਕੇ ਤੇ ਉਸਨੂੰ ਅੱਤਵਾਦੀ ਕਹਿਕੇ ਸਾਮਰਾਜਵਾਦ ਤੇ ਜਗੀਰਦਾਰੀ ਦੀ ਸੇਵਾ ਕਰਨ ਦਾ ਜੱਦੀ ਪੁਸ਼ਤੀ ਰੋਲ ਹੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਨਕਲੀ ਇਨਕਲਾਬੀ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਦਾ ਤੱਤ ਰੋਲਕੇ ਫੋਕੇ ਹੋਕਰਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ  ਭਗਤ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਇੱਕੋ ਇੱਕ ਰਾਹ ਹੈ। ਉਹਨਾਂ ਕਿਹਾ ਕਿ ਜਿੰਨਾਂ ਚਿਰ ਮੁਲਕ ’ਚੋਂ ਸਾਮਰਾਜੀ ਗਲਬਾ ਖਤਮ ਨਹੀਂ ਹੁੰਦਾ ਤੇ ਜਦੋਂ ਤੱਕ ਜਗੀਰਦਾਰੀ ਤੇ ਸੂਦਖੋਰੀ ਦੀ ਅੰਨੀਂ ਲੁੱਟ ਦਾ ਤੰਦੂਆ ਜਾਲ ਸਾਡੇ ਗਲੋਂ ਨਹੀਂ ਲਹਿੰਦਾ ਉਦੋਂ ਤੱਕ ਨਾ ਕਿਸਾਨ ਖੁਸਹਾਲ ਜੀਵਨ ਜਿਉਂ ਸਕਦਾ ਨਾ ਮੁਲਕ ਆਜ਼ਾਦ ਤੇ ਆਤਮ ਨਿਰਭਰ ਵਿਕਾਸ ਦੇ ਰਾਹ ਅੱਗੇ ਵਧ ਸਕਦਾ ਹੈ।

ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸ਼ਹੀਦਏਆਜ਼ਮ ਭਗਤ ਸਿੰਘ ਹੀ ਅਜਿਹਾ ਵਿਚਾਰਵਾਨ ਇਨਕਲਾਬੀ ਸੀ ਜਿਸਨੇ ਕੌਮ ਦੇ ਮੂਹਰੇ ਇਸਦੇ ਕਲਿਆਣ ਲਈ ਠੋਸ ਤੇ ਸਪਸ਼ਟ ਸੰਕਲਪ ਰੱਖਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਤੀਖਣ ਬੁੱਧੀ ਦੇ ਜੋਰ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ਾਂ ਦੀ ਆਮਦ ਬਾਰੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ। 

     ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਆਪ ਵਾਲੇ ਬਦਲਾਅ ਦੀ ਹਕੂਮਤ ਦੀ ਗੱਲ ਕਰਦੇ ਆ ਪਰ ਉਹਨਾਂ ਦੇ ਰਾਜ ਵਿੱਚ ਪੱਗ ਦੇ ਰੰਗ ਤੋਂ ਬਿਨਾਂ ਕੁੱਝ ਵੀ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਉਹ ਗੱਲ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੀ ਕਰਦੇ ਆ ਪਰ ਮੁਲਕ ਦੇ ਵਿਕਾਸ ਲਈ ਲਾਗੂ ਓਹੀ ਕਾਰਪੋਰੇਟ ਮਾਡਲ ਕਰਦੇ ਹਨ ਜਿਸਨੂੰ ਹੁਣ ਤੱਕ ਕਾਂਗਰਸ , ਅਕਾਲੀ, ਭਾਜਪਾਈ ਤੇ ਹੋਰ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਹ ਭਗਤ ਸਿੰਘ ਦੇ ਆਦਰਸ਼ਾਂ ਤੇ ਵਿਚਾਰਾਂ ਦਾ ਤੱਤ ਰੋਲਕੇ ਨਾ ਸਿਰਫ ਲੋਕਾਂ ਨਾਲ ਸਗੋਂ ਭਗਤ ਸਿੰਘ ਨਾਲ ਵੀ ਧ੍ਰੋਹ ਕਮਾ ਰਹੇ ਹਨ। ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਕਿਸਾਨੀ ਤੇ ਕੌਮ ਦੇ ਕਲਿਆਣ ਲਈ ਚੱਲ ਰਹੇ ਸੰਘਰਸ਼ਾਂ ’ਚ ਔਰਤ ਵਰਗ ਦੇ ਯੋਗਦਾਨ ਤੇ ਮਹੱਤਵ ਨੂੰ ਉਭਾਰਿਆ। ਉਨ੍ਹਾਂ ਔਰਤਾਂ ਨੂੰ ਸੰਘਰਸ਼ਾਂ ਨਾਲ ਹੱਕ ਹਾਸਲ ਕਰਨ ਤੇ ਵੱਡੀਆਂ ਜਿੱਤਾਂ ਹਾਸਲ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਤ ਸਿੰਘ ਦੇ ਰਾਹ ਚੱਲ ਕੇ ਹੀ ਜਾਤਾਂ, ਧਰਮਾਂ, ਨਸਲਾਂ ਤੇ ਲਿੰਗ ਵਿਤਕਰਿਆਂ ਤੋਂ ਮੁਕਤ ਬਰਾਬਰੀ ਤੇ ਭਾਈਚਾਰੇ ’ਤੇ ਅਧਾਰਿਤ ਸੱਚਾ ਲੋਕਾਸ਼ਾਹੀ ਰਾਜ ਸਥਾਪਤ ਹੋ ਸਕਦਾ ਹੈ।

ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਆਉਣ ਵਾਲੇ ਲੋਕ ਸੰਘਰਸ਼ਾਂ ’ਚ ਨਾਂ ਸਿਰਫ ਨੌਜਵਾਨਾਂ ਦੀ ਸ਼ਮੂਲੀਅਤ ਦੇ ਮਹੱਤਵ ’ਤੇ ਜੋਰ ਦਿੱਤਾ, ਸਗੋਂ ਆਉਣ ਵਾਲੇ ਜਾਨ ਹੂਲਵੇਂ ਸੰਘਰਸ਼ਾਂ ਖਾਤਰ ਲੋੜੀਂਦੀ ਮਾਨਸਿਕ ਤਿਆਰੀ ਦਾ ਮਹੱਤਵ ਵੀ ਉਭਾਰਿਆ। ਉਹਨਾਂ ਨੇ ਨੌਜਵਾਨਾਂ ਲਈ ਸ਼ਹੀਦ ਭਗਤ ਸਿੰਘ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਆਪਣੀਆਂ ਜ਼ਿੰਦਗੀਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਲੇਖੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਠੇਕਾ ਮੁਲਾਜ਼ਮ ਮੋਰਚਾ ਦੇ ਆਗੂ ਜਗਰੂਪ ਸਿੰਘ ਲਹਿਰਾ ਨੇ ਵੀ ਸੰਬੋਧਨ ਕੀਤਾ।

ਰੈਲੀ ਦੇ ਅੰਤ ’ਤੇ (ਪਲਸ ਮੰਚ) ਵੱਲੋਂ ਅਮੋਲਕ ਸਿੰਘ ਦੇ ਲਿਖੇ ‘ਤੂੰ ਕਲਮਕਾਰ ਹੈਂ ਲੋਕਾਂ ਦਾ, ਤੂੰ ਹੈਂ ਅਮਰ ਕਦੇ ਨਹੀਂ ਮਰ ਸਕਦਾ’ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਕੋਰਿਓਗ੍ਰਾਫੀ ਨੇ ਇਸ ਸਮਾਗਮ ਦੇ ਇਨਕਲਾਬੀ ਰੰਗ ਨੂੰ ਹੋਰ ਵੀ ਗਾੜਾ ਕਰ ਦਿੱਤਾ। 

ਜਾਰੀ ਕਰਤਾ:ਸੁਖਦੇਵ ਸਿੰਘ ਕੋਕਰੀ ਕਲਾਂ

ਸੂਬਾ ਜਨਰਲ ਸਕੱਤਰ     ( ਪ੍ਰੈਸ ਬਿਆਨ ’ਚੋਂ ਸੰਖੇਪ)  

ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ’ਤੇ ਪਾਸ ਮਤੇ


 ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ’ਤੇ ਪਾਸ ਮਤੇ

1. ਐੱਸ. ਵਾਈ. ਐਲ. ਨਹਿਰ ਦੇ ਮੁੱਦੇ ਨੂੰ ਮੁੜ ਉਭਾਰ ਕੇ ਮੋਦੀ ਸਰਕਾਰ ਵੱਲੋਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਏਕੇ ਵਿੱਚ ਪਾਟਕ ਪਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਦੋਹਾਂ ਸੂਬਿਆਂ ਦੇ ਮੌਕਾਪ੍ਰਸਤ ਵੋਟ ਸਿਆਸਤਦਾਨ ਆਪਣੀਆਂ ਸੌੜੀਆਂ ਵੋਟ ਗਿਣਤੀਆਂ ਲਈ ਹੋਰ ਹਵਾ ਦੇ ਰਹੇ ਹਨ। ਇਹ ਮੁੱਦਾ ਦੋਹਾਂ ਪਾਸਿਆਂ ਦੇ ਸਿਆਸਤਦਾਨਾਂ ਲਈ ਵੋਟਾਂ ਬਟੋਰਨ ਅਤੇ ਲੋਕਾਂ ’ਚ ਪਾਟਕ ਪਾਉਣ ਦਾ ਸਾਧਨ ਬਣਦਾ ਆ ਰਿਹਾ ਹੈ ਤੇ ਇਨ੍ਹਾਂ ਵਿੱਚੋਂ ਕਿਸੇ ਲਈ ਵੀ ਇਸ ਦੇ ਜਮਹੂਰੀ ਢੰਗ ਨਾਲ ਵਾਜਬ ਨਿਪਟਾਰੇ ਦਾ ਹਿਤ ਨਹੀਂ ਹੈ।

      ਪੰਜਾਬ ਤੇ ਹਰਿਆਣੇ ’ਚ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਦੋਹਾਂ ਸੂਬਿਆਂ ਦੇ ਲੋਕਾਂ ਦਾ ਆਪਸੀ ਮਸਲਾ ਹੈ ਤੇ ਇਹ ਭਰਾਤਰੀ ਸਦਭਾਵਨਾ ਨਾਲ ਹੱਲ ਹੋਣਾ ਚਾਹੀਦਾ ਹੈ। ਪੰਜਾਬ ਦੇ ਪਾਣੀ ਦੇ ਸਮੁੱਚੇ ਸੰਕਟ ਨੂੰ ਸਿਰਫ ਹਰਿਆਣੇ ਨਾਲ ਦਰਿਆਈ ਪਾਣੀਆਂ ਦੀ ਵੰਡ ’ਤੇ ਕੇਂਦਿ੍ਰਤ ਕਰਨਾ ਅਸਲ ਵਿੱਚ ਲੋਕ ਦੁਸ਼ਮਣ ਮਨਸੂਬਿਆਂ ਦਾ ਹਿੱਤ ਹੋ ਸਕਦਾ ਹੈ। ਜਦੋਂ ਕਿ ਪਾਣੀ ਦਾ ਇਹ ਸੰਕਟ ਮੁੱਖ ਤੌਰ ’ਤੇ ਸਾਮਰਾਜੀ ਲੋੜਾਂ ਤੇ ਲੁੱਟ ਵਾਲੇ ਖੇਤੀ ਮਾਡਲ ਦਾ ਸਿੱਟਾ ਹੈ ਅਤੇ ਇਸ ਦਾ ਹੱਲ ਵੀ ਸੂਬੇ ਦੀਆਂ ਲੋੜਾਂ ਤੇ ਵਾਤਾਵਰਨ ਅਨੁਸਾਰ ਖੇਤੀ ਫਸਲਾਂ ਉਗਾਉਣ ਨਾਲ ਹੀ ਹੋਣਾ ਹੈ।

      ਅੱਜ ਦਾ ਇਕੱਠ ਮੰਗ ਕਰਦਾ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਦਾ ਨਿਪਟਾਰਾ ਆਪਸੀ ਸਦਭਾਵਨਾ ਵਾਲੀ ਪਹੁੰਚ ਨਾਲ ਕੀਤਾ ਜਾਵੇ। ਵੋਟ ਗਿਣਤੀਆਂ ਨੂੰ ਪਾਸੇ ਰੱਖ ਕੇ ਮਸਲੇ ਦਾ ਹੱਲ ਸੰਸਾਰ ਪੱਧਰ ’ਤੇ ਪ੍ਰਵਾਨਿਤ ਰਿਪੇਰੀਅਨ ਤੇ ਬੇਸਿਨ ਦੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਕੀਤਾ ਜਾਵੇ। ਨਿਰਪੱਖ ਪਾਣੀ ਮਾਹਰਾਂ ਦੇ ਸੁਝਾਵਾਂ ’ਤੇ ਟੇਕ ਰੱਖੀ ਜਾਵੇ। ਇਹਨਾਂ ਮਾਹਰਾਂ ਦੇ ਵਿਗਿਆਨਕ ਸੁਝਾਵਾਂ ਨੂੰ ਆਧਾਰ ਬਣਾ ਕੇ ਹਰਿਆਣੇ ਤੇ ਰਾਜਸਥਾਨ ਦੀ ਰਿਪੇਰੀਅਨ ਹੈਸੀਅਤ ਦਾ ਨਿਪਟਾਰਾ ਕੀਤਾ ਜਾਵੇ ਅਤੇ ਉਦੋਂ ਤੱਕ ਦੋਨਾਂ ਰਾਜਾਂ ਵਿੱਚ ਪਾਣੀ ਦੀ ਚੱਲੀ ਆ ਰਹੀ ਵਰਤੋਂ ਕਾਇਮ ਰੱਖੀ ਜਾਵੇ ਤੇ ਐੱਸ. ਵਾਈ. ਐਲ. ਨਹਿਰ ਬਣਾਉਣ ਦਾ ਕੰਮ ਨਾ ਕੀਤਾ ਜਾਵੇ। ਨਿਪਟਾਰੇ ਦੇ ਇਸ ਅਮਲ ਵਿੱਚ ਦੋਹਾਂ ਸੂਬਿਆਂ ਦੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ। ਪੰਜਾਬ ਅੰਦਰੋਂ ਵਿਅਰਥ ਰੁੜ੍ਹੇ ਜਾਂਦੇ ਮੀਂਹ ਦੇ ਪਾਣੀ ਅਤੇ ਦਰਿਆਈ ਪਾਣੀ ਦੀ ਸੰਭਾਲ ਦੇ ਪੁਖਤਾ ਇੰਤਜ਼ਾਮ ਕਰਨ ਤੇ ਸਿੰਜਾਈ ਦੇ ਪ੍ਰੋਜੈਕਟਾਂ ਲਈ ਲੋੜੀਂਦੇ ਬਜਟ ਜੁਟਾਏ ਜਾਣ।

      ਅੱਜ ਦਾ ਇਕੱਠ ਸਮੁੱਚੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਵੋਟ ਸਿਆਸਤਦਾਨਾਂ ਦੀਆਂ ਪਾਟਕ-ਪਾਊ ਚਾਲਾਂ ਨੂੰ ਰੱਦ ਕਰਕੇ ਆਪਸੀ ਏਕਾ ਕਾਇਮ ਰੱਖਣ, ਇਸ ਨੂੰ ਹੋਰ ਮਜ਼ਬੂਤ ਕਰਨ ਤੇ ਮੋਦੀ ਸਰਕਾਰ ਦੇ ਕਾਰਪੋਰੇਟੀ ਹੱਲੇ ਖਿਲਾਫ ਸਾਂਝੇ ਸੰਘਰਸ਼ ਨੂੰ ਹੋਰ ਅੱਗੇ ਵਧਾਉਣ।

      2.   ਪੰਜਾਬ ਅੰਦਰ ਵੱਖ ਵੱਖ ਫਿਰਕੂ ਸ਼ਕਤੀਆਂ ਤੇ ਵੋਟ ਸਿਆਸਤਦਾਨਾਂ ਵੱਲੋਂ ਆਪਣੇ ਸਿਆਸੀ ਤੇ ਫ਼ਿਰਕੂ ਮਨਸੂਬਿਆਂ ਲਈ ਤਰ੍ਹਾਂ-ਤਰ੍ਹਾਂ ਦੇ ਬਿਖੇੜੇ ਖੜ੍ਹੇ ਕਰ ਕੇ ਲੋਕਾਂ ਦੀ ਏਕਤਾ ‘ਚ ਪਾਟਕ ਪਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਹਕੂਮਤਾਂ ਦੇ ਸਾਮਰਾਜੀ ਹੱਲੇ ਖਿਲਾਫ ਮੁਲਕ ਭਰ ਵਿੱਚ ਮੋਹਰੀ ਹੋ ਕੇ ਜੂਝ ਰਹੇ ਪੰਜਾਬੀ ਲੋਕਾਂ ਦੀ ਆਪਸੀ ਏਕਤਾ ਤੇ ਸੰਘਰਸ਼ ਦੀ ਭਾਵਨਾ ਇਨ੍ਹਾਂ ਲੋਕ ਦੁਸ਼ਮਣ ਤਾਕਤਾਂ ਦੇ ਅੱਖਾਂ ਵਿੱਚ ਰੋੜ ਵਾਂਗ ਰੜਕ ਰਹੀ ਹੈ। ਇਨ੍ਹਾਂ ਖੜ੍ਹੇ ਕੀਤੇ ਜਾ ਰਹੇ ਬਿਖੇੜਿਆਂ ਦਾ ਚੰਦਰਾ ਮਕਸਦ ਇਸ ਲੋਕ-ਏਕਤਾ ਨੂੰ ਪਾੜ ਕੇ ਲੋਕਾਂ ਦੇ ਸੰਘਰਸ਼ਾਂ ਨੂੰ ਕਮਜੋਰ ਕਰਨਾ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਹੈ।

         ਅੱਜ ਦਾ ਇਕੱਠ ਸਮੂਹ ਪੰਜਾਬੀ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਇਨ੍ਹਾਂ ਫਿਰਕੂ ਚਾਲਾਂ ਨੂੰ ਪਛਾਣ ਕੇ ਆਪਸੀ ਏਕਾ ਤੇ ਭਾਈਚਾਰਕ ਮਹੌਲ ਬਣਾ ਕੇ ਰੱਖੋ ਅਤੇ ਹੱਕੀ  ਸੰਘਰਸ਼ਾਂ ’ਤੇ ਧਿਆਨ ਕੇਂਦਰਿਤ ਰੱਖੋ। ਸਾਰੇ ਕਿਰਤੀ ਲੋਕ ਧਰਮਾਂ, ਜਾਤਾਂ, ਗੋਤਾਂ ਅਤੇ ਇਲਾਕਿਆਂ ਤੋਂ ਉੱਪਰ ਉੱਠ ਕੇ ਨਵੀਆਂ ਆਰਥਿਕ ਨੀਤੀਆਂ ਖਿਲਾਫ ਸਾਂਝੇ ਸੰਘਰਸ਼ਾਂ ਦਾ ਝੰਡਾ ਬੁਲੰਦ ਕਰੋ।

  3.  ਅੱਜ ਦਾ ਇਕੱਠ ਮੋਦੀ ਸਰਕਾਰ ਦੇ ਫ਼ਿਰਕੂ-ਫਾਸ਼ੀ ਤੇ ਕਾਰਪੋਰੇਟ ਧਾਵੇ ਖ਼ਿਲਾਫ ਡਟ ਕੇ ਖੜ੍ਹੇ ਦੇਸ ਭਰ ਦੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਤੇ ਬੁੱਧੀਜੀਵੀਆਂ ਦੀ ਆਵਾਜ਼ ਨਾਲ ਇੱਕਜੁੱਟਤਾ ਜਾਹਰ ਕਰਦਾ ਹੈ ਤੇ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੀਆਂ ਨਿਹੱਕੀਆਂ ਗਿ੍ਰਫਤਾਰੀਆਂ ਦੀ ਨਿੰਦਾ ਕਰਦਾ ਹੈ। ਇਕੱਠ ਮੰਗ ਕਰਦਾ ਹੈ ਕਿ ਦੇਸ ਭਰ ਵਿੱਚ ਲੋਕਾਂ ਦੀ ਹੱਕੀ ਆਵਾਜ਼ ਦਬਾਉਣ ਦੇ ਜਾਬਰ ਕਦਮ ਫੌਰੀ ਰੋਕੇ ਜਾਣ। ਗਿ੍ਰਫਤਾਰ ਕੀਤੇ ਬੁੱਧੀਜੀਵੀ ਤੇ ਜਮਹੂਰੀ ਹੱਕਾਂ ਦੇ ਕਾਰਕੁਨ ਫੌਰੀ ਰਿਹਾਅ ਕੀਤੇ ਜਾਣ। ਸਿਆਸੀ ਕੈਦੀਆਂ ਅਤੇ ਹਰ ਧਰਮ, ਜਾਤ ਤੇ ਕਿੱਤੇ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ।

4. ਅੱਜ ਦਾ ਇਕੱਠ ਮਰਹੂਮ ਪੰਜਾਬੀ ਨਾਟਕਕਾਰ ਗੁਰਸਰਨ ਸਿੰਘ ਦੇ ਅੰਮਿ੍ਰਤਸਰ ਸਥਿਤ ਜੱਦੀ ਘਰ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦੇਣ ਦੀ ਲੋਕਾਂ ਦੀ ਮੰਗ ਦਾ ਪੁਰਜੋਰ ਸਮਰਥਨ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਲੋਕ-ਪੱਖੀ ਕਲਾਕਾਰਾਂ ਦੇ ਮੋਢੀ ਨਾਟਕਕਾਰ ਦੀ ਇਸ ਵਿਰਾਸਤ ਦੀ ਸੰਭਾਲ ਲੋਕਾਂ ਲਈ ਪ੍ਰੇਰਨਾਦਾਇਕ ਸਥਾਨ ਵਜੋਂ ਆਪਣੇ ਸਰਕਾਰੀ ਸੋਮਿਆਂ ਰਾਹੀਂ ਕੀਤੀ ਜਾਵੇ।    

---0---   

 ਸੱਜੀ ਪਿਛਾਖੜੀ ਸਾਮਰਾਜੀ ਸਰਮਾਏਦਾਰੀ ਦੇ ਨਵੇਂ ਮੋਹਰੇ

ਬਿ੍ਰਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਅਸਲੀਅਤ ਨੂੰ ਪਹਿਚਾਣੋ!


ਰਿਸ਼ੀ ਸੂਨਕ ਨਸਲਵਾਦ ਅਤੇ ਗਰੀਬੀ ਨੂੰ ਤੇਜ ਕਰੇਗਾ, ਅਤੇ ਯੂਕੇ ਅਤੇ ਵਿਸ਼ਵ ਪੱਧਰ ’ਤੇ ਹਿੰਦੂਤਵੀ ਫਾਸ਼ੀਵਾਦ  ਨੂੰ ਮਜ਼ਬੂਤ ਕਰੇਗਾ।’’

ਰਿਸ਼ੀ ਸੂਨਕ ਨੂੰ ਬਿ੍ਰਟਿਸ਼ ਦੇ ਪਹਿਲੇ ਏਸ਼ੀਆਈ ਪ੍ਰਧਾਨ ਮੰਤਰੀ ਵਜੋਂ ਮਨਾਇਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਦੀ ਪਛਾਣ ਕੀ ਹੈ ਅਤੇ ਇਹ ਉਨ੍ਹਾਂ ਦੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਨੂੰ ਕਿਵੇਂ ਪ੍ਰਭਾਵਤ ਕਰੇਗੀ? ਪਾਰਲੀਮੈਂਟ ਵਿੱਚ ਸਭ ਤੋਂ ਅਮੀਰ ਵਿਅਕਤੀ ਹੋਣ ਦੇ ਨਾਤੇ, ਕਿੰਗ ਚਾਰਲਸ ਨਾਲੋਂ ਦੁੱਗਣੇ ਅਮੀਰ, ਆਕਸਫੋਰਡ ਅਤੇ ਗੋਲਡਮੈਨ ਸਾਕਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਵਿੱਚ ਅੱਖਾਂ ਚੁੰਧਿਆ ਦੇਣ ਵਾਲੀ ਮਹਿੰਗੀ ਸਿੱਖਿਆ ਪ੍ਰਾਪਤ ਕੀਤੀ ਹੈ । ਸੂਨਕ ਬਿ੍ਰਟਿਸ਼ ਸਮਾਜ ਦੇ ਉੱਚ ਵਰਗਾਂ ਦੀ ਉੱਤਮਤਾ , ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾ ਹਮਦਰਦੀ ਰੱਖਦਾ ਹੋਇਆ ਬਚਨਬੱਧ ਹੈ। ਉਨ੍ਹਾਂ ਮੁਤਾਬਕ ਆਪਣੇ ਆਪ ਨੂੰ ਢਾਲਿਆ ਹੈ। ਦੌਲਤ ਅਤੇ ਵਿਸੇਸ ਅਧਿਕਾਰਾਂ ਦੀ ਰਾਖੀ ਕਰਨ ਦੇ ਨਾਲ ਆਮ ਲੋਕ ਹਿੱਤਾਂ ਦਾ ਵਿਰੋਧੀ ਹੈ । ਉਸ ਨੇ ਵਿੱਤ ਮੰਤਰੀ ਹੋਣ ਦੌਰਾਨ ਆਪਣੀ ਭਾਰੀ ਨਿੱਜੀ ਦੌਲਤ ਇਕੱਠੀ ਕੀਤੀ ਹੈ । ਜਦੋਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਨਤੀਜੇ ਵਜੋਂ ਯੂਕੇ ਵਿੱਚ 300,000 ਲੋਕਾਂ ਦੀ ਮੌਤ ਹੋ ਗਈ ਸੀ। ਫੇਰ ਚਾਂਸਲਰ ਹੋਣ ਦੇ ਨਾਤੇ, ਸੂਨਕ ਨੇ ਯੂਨੀਵਰਸਲ ਕ੍ਰੈਡਿਟ ਲਈ 20- ਪਾਊਂਡ ਪ੍ਰਤੀ-ਹਫ਼ਤੇ ਦੇ ਵਾਧੇ ਨੂੰ ਰੋਕ ਦਿੱਤਾ ਸੀ । ਜਿਸ ਨੇ ਕੋਵਿਡ ਮਹਾਂਮਾਰੀ ਦੇ ਦੌਰਾਨ ਕੁੱਝ ਗਰੀਬ ਪਰਿਵਾਰਾਂ ਦੀ ਮੱਦਦ ਕੀਤੀ ਸੀ। ਜੁਲਾਈ ਵਿੱਚ ਕਟੌਤੀ ਦੀ ਪੁਸ਼ਟੀ ਹੋਣ ਤੋਂ ਕੁਝ ਹਫ਼ਤੇ  ਪਹਿਲਾਂ, ਉਹ ਗ੍ਰੇਡ ਦੋ-ਸੂਚੀਬੱਧ ਯੌਰਕਸਾਇਰ ਮੈਨੋਰ ਵਿੱਚ ਇੱਕ ਪ੍ਰਾਈਵੇਟ ਸਵਿਮਿੰਗ ਪੂਲ, ਜਿੰਮ ਅਤੇ ਟੈਨਿਸ ਕੋਰਟ ਦੀ ਯੋਜਨਾ ਬਣਾਉਣ ਵਿੱਚ ਰੁੱਝਿਆ ਹੋਇਆ ਸੀ, ਜਿਸਨੂੰ ਉਸਨੇ ਅਤੇ ਉਸਦੀ ਪਤਨੀ, ਅਕਸਾਂਤਾ ਮੂਰਥੀ ਨੇ 2015 ਵਿੱਚ 1.5 ਮਿਲੀਅਨ ਪਾਂਊਂਡ ਵਿੱਚ ਖਰੀਦਿਆ ਸੀ। ਅਕਸਾਂਤਾ ਮੂਰਥੀ ਇਨਫੋਸਿਸ ਦੇ ਅਰਬਪਤੀ ਸਹਿ-ਸੰਸਥਾਪਕ ਨਰਾਇਣ ਮੂਰਥੀ ਦੀ ਧੀ ਹੈ ਅਤੇ  ਨਾਰਾਇਣ ਮੂਰਥੀ ਵੀ ਉਨ੍ਹਾਂ ਦੇ ਕਾਰੋਬਾਰ ਵਿੱਚ ਕਾਫੀ ਹਿੱਸੇਦਾਰ ਹਨ। ਜਿਵੇਂ ਕਿ ਐਡਮ ਬਾਈਚਾਵਸਕੀ ਓਪਨ ਡੈਮੋਕਰੇਸੀ ਵਿੱਚ ਲਿਖਦੀ ਹੈ, ‘ਸੁਨਾਕਸ’ ਜਾਰਜੀਅਨ ਮਹਿਲ’ ਜਿੱਥੇ ਸਥਾਨਕ ਲੋਕਾਂ ਨੇ ਮੈਗਨਮਜ ਸ਼ਰਾਬ ਤੇ ਸੈਂਪੇਨ ਦਾ ਦੌਰ ਚਲਾਉਣ ਵਾਲੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਵਰਣਨ ਕੀਤਾ ਹੈ, ਉਹ ਸਿਰਫ ਉਨ੍ਹਾਂ ਦੀ ਮਾਲਕੀ ਨਹੀਂ ਹੈ, ਉਸ ਦੇ ਨਾਲ ਉਨ੍ਹਾਂ ਕੇਨਸਿੰਗਟਨ, ਪੱਛਮੀ ਲੰਡਨ ਵਿੱਚ 7 ਮਿਲੀਅਨ ਪਾਊਂਡ ਵਾਲਾ ਪੰਜ ਬੈੱਡਰੂਮ ਵਾਲਾ ਘਰ ਵੀ ਹੈ। ਇੱਕ ਫਲੈਟ, ਕੇਨਸਿੰਗਟਨ ਵਿੱਚ ਵੀ, ਜੋ ਕਿ ਰਿਸ਼ੀ ਜੋੜਾ ਕਥਿਤ ਤੌਰ ’ਤੇ    ‘ਸਿਰਫ਼ ਰਿਸ਼ਤੇਦਾਰਾਂ ਨੂੰ ਮਿਲਣ ਲਈ’ ਰੱਖਦਾ ਹੈ। ਉਨ੍ਹਾਂ ਕੋਲ ਸੈਂਟਾ ਮੋਨਿਕਾ, ਕੈਲੀਫੋਰਨੀਆ ਵਿੱਚ ਇੱਕ ਅਪਾਰਟਮੈਂਟ ਹੈ। ਇਸ ਦੌਰਾਨ ਜੋੜੇ ਦੀ ਦੌਲਤ ਕੇਮੈਨ ਆਈਲੈਂਡਜ ’ਚ ਛੁਪਾ ਦਿੱਤੀ ਗਈ ਸੀ।

ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸਨੇ ਟਨਬਿ੍ਰਜ ਵੇਲਜ ਵਿੱਚ ਆਪਣੇ ਕੁਦਰਤੀ ਸਹਿਯੋਗੀਆਂ ’ਤੇ ਸ਼ੇਖੀ ਮਾਰੀ ਸੀ ਕਿ ਉਹ ਪਹਿਲਾਂ ਹੀ ਉਨ੍ਹਾਂ ਸਰੋਤਾਂ ਨੂੰ ਖੋਹਣ ਦੀ ਪ੍ਰਕਿਰਿਆ ਵਿੱਚ ਸੀ ਜੋ ਲੇਬਰ ਪਾਰਟੀ ਨੇ ਵਾਂਝੇ ਸ਼ਹਿਰੀ ਖੇਤਰਾਂ (ਜਿਨ੍ਹਾਂ ਦੇ ਵਸਨੀਕਾਂ ਦਾ ਇੱਕ ਵੱਡਾ ਹਿੱਸਾ ਏਸ਼ੀਅਨ ਹਨ) ਨੂੰ ਅਲਾਟ ਕੀਤਾ ਸੀ। ਪੱਤੇਦਾਰ ਹੋਮ ਕਾਉਂਟੀਜ ਦੇ ਚੰਗੀ ਅੱਡੀ ਵਾਲੇ ਨਿਵਾਸੀ ਹਨ।

ਜਦੋਂ ਕਿ ਟੋਰੀਜ ‘ਵਿਭਿੰਨਤਾ’ ਪ੍ਰਤੀ ਆਪਣੀ ਪਾਰਟੀ ਦੀ ਪਹੁੰਚ ਬਾਰੇ ਸ਼ੇਖੀ ਮਾਰਦੇ ਹਨ, ਰਿਸ਼ੀ ਸੂਨਕ ਗੈਰ ਗੋਰੇ ਰੰਗ ਦੇ ਲੋਕਾਂ ਦਾ ਕੋਈ ਦੋਸਤ ਨਹੀਂ ਹੈ। ਉਸ ਨੇ ਨਸਲਵਾਦੀ ਅਤੇ ਹਿੰਸਕ ਸਟਾਪ ਐਂਡ ਸਰਚ ਨੀਤੀਆਂ ਨੂੰ ਵਧਾਉਣ ਦਾ ਵਾਅਦਾ ਕੀਤਾ ਹੈ । ਜੋ ਕਾਲੇ ਲੋਕਾਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਆਵਦੇ ਬੱਚਿਆਂ ਨੂੰ ਪਾਲਣ ਵਾਲੇ ਮੁਸਲਮਾਨਾਂ ਵਿਰੁੱਧ ਨਸਲਵਾਦੀ ਬਿਆਨਬਾਜ਼ੀ ਵਾਰ ਵਾਰ ਦੁਹਰਾਉਣ ਵਿੱਚ ਖੁਸ਼ ਹੈ।  ‘ਰਾਜਨੀਤਿਕ ਸ਼ੁੱਧਤਾ ਨੂੰ ਰਾਹ ਵਿੱਚ ਨਾ ਆਉਣ ਦੇਣ’ ਦੀ ਸਹੁੰ ਖਾਧੀ। ਉਸਨੇ ‘ਇਸਲਾਮਿਕ’ ਤੇ ਰੋਕਥਾਮ ਪ੍ਰੋਗਰਾਮ (ਇਸ ਦੇ ਇਸਲਾਮ ਫੋਬੀਆ ਲਈ ਬਦਨਾਮ) ਨੂੰ ‘ਦੁਬਾਰਾ ਫੋਕਸ’ ਕਰਨ ਦਾ ਵਾਅਦਾ ਵੀ ਕੀਤਾ ਹੈ। ‘ਕੱਟੜਪੰਥ’ ਅਤੇ ‘ਯੂਨਾਈਟਿਡ ਕਿੰਗਡਮ ਦੀ ਬਦਨਾਮੀ’ ਨੂੰ ਕੱਟੜਪੰਥ ਦੀ ਅਧਿਕਾਰਤ ਪਰਿਭਾਸ਼ਾ ਬਣਾਉਂਦੇ ਹੋਏ, ਸੱਜੇ-ਪੱਖੀ ਕੱਟੜਪੰਥ ਤੋਂ ਦੂਰ, ਜੋ ਕਿ ਬਿ੍ਰਟੇਨ ਵਿੱਚ ਇੱਕ ਵੱਡਾ ਖਤਰਾ ਹੈ। ਸ਼ਰਨਾਰਥੀਆਂ ਦੇ ਸਵਾਲ ’ਤੇ, ਉਹ ਰਵਾਂਡਾ ਵਿਚ ਸ਼ਰਨਾਰਥੀਆਂ ਨੂੰ ਜਾਨਲੇਵਾ ਹੋਂਦ ਵਿਚ ਭੇਜਣ ਫਾਸ਼ੀਵਾਦ ੀ ਨੀਤੀ ਨੂੰ ਅਪਣਾਉਣ ਲਈ ਉਤਸੁਕ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੇ ਮਾਤਾ-ਪਿਤਾ ਸ਼ਰਨਾਰਥੀਆਂ ਵਜੋਂ ਯੂ.ਕੇ. ਆਏ ਸਨ ਜਦੋਂ ਕਿ ਰਿਸ਼ੀ ਸੂਨਕ ਦੀ ਮੋਦੀ ਸਰਕਾਰ ਨਾਲ ਨੇੜਤਾ ਸਪੱਸਟ ਹੈ, ਹੋਰ ਚੀਜਾਂ ਦੇ ਨਾਲ, ਉਸ ਦੇ ਸਹੁਰੇ ਦੀ ਨਰਿੰਦਰ ਮੋਦੀ ਨਾਲ ਹਾਲ ਹੀ ਵਿੱਚ ਕੀਤੀ ਜਾਣ-ਪਛਾਣ ਅਤੇ ਇਜ਼ਰਾਈਲ ਨਾਲ ਉਸ ਦੀ ਨੇੜਤਾ ਜੋ ਕਿ ਵਿਸ਼ਵ ਭਰ ਵਿੱਚ ਹਿੰਦੂਤਵੀ ਸ਼ਕਤੀਆਂ ਦੀ ਨਿਰੰਤਰ ਸਹਿਯੋਗੀ ਹੈ ਖੁਲ੍ਹੇ ਰੂਪ ਵਿਚ ਸਪੱਸ਼ਟ ਹੈ। 

ਕਰਦਾ ਹੈ । ਉਸ ਨੇ ਬਾਈਕਾਟ, ਡਿਵੈਸਟਮੈਂਟ ਅਤੇ ਪਾਬੰਦੀਆਂ ਲਾਉਣ ਤੇ (ਬੀਡੀਐਸ) ਅੰਦੋਲਨ ਦੇ ਵਿਰੁੱਧ ਕਾਨੂੰਨ ਬਣਾਉਣ ਦੀ ਸਹੁੰ ਖਾਧੀ ਹੈ; ਉਸਦੇ ਸਹੁਰੇ ਦੀ ਕਾਰਪੋਰੇਟ ਇਨਫੋਸਿਸ ਦਾ ਇਜ਼ਰਾਈਲ ਵਿੱਚ ਕਾਫੀ ਨਿਵੇਸ਼ ਹੈ । ਜੋ ਕਿ ਇਜ਼ਰਾਈਲੀ ਮਿਲਟਰੀ ਇੰਟੈਲੀਜੈਂਸ ਯੂਨਿਟ 8200 ਦੇ ਪਹਿਲਾਂ, ਉਰੀ ਲੇਵਿਨ ਦੁਆਰਾ ਸਹਿ-ਨਿਰਦੇਸ਼ਿਤ ਕੀਤਾ ਗਿਆ ਹੈ। ਰਿਸ਼ੀ ਸੂਨਕ ਹਿੰਦੂ ਫਾਸ਼ੀਵਾਦ ੀਆਂ ਦੁਆਰਾ ਮੋਦੀ ਸਾਸਨ ਜਾਂ ਇਸ ਦੀਆਂ ਬਿ੍ਰਟਿਸ਼ ਸਾਖਾਵਾਂ ਦੀ

ਅਲੋਚਨਾ ਨੂੰ ‘ਹਿੰਦੂ ਫੋਬੀਆ’ ਵਜੋਂ ਲੇਬਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਹੁਲਾਰਾ ਦੇਣ ਦੀ ਸੰਭਾਵਨਾ ਹੈ। ਪਿਛਲੇ 15 ਸਾਲਾਂ ਤੋਂ ਭਾਰਤ ਸਰਕਾਰ ਦੀਆਂ ਨੀਤੀਆਂ ਲਈ ਇੱਕ ਰੁਝਾਨ ਇਹ ਰਿਹਾ ਹੈ । ਮੋਦੀ ਸਰਕਾਰ ਦੀਆਂ ਹਿੰਦੂਤਵੀ ਨੀਤੀਆਂ ਨੂੰ ‘ਸਪੱਸ਼ਟ’ ਕਰਨ ਦੀ ਸਖਤ ਕੋਸ਼ਿਸ਼ ਕੀਤੀ ਜਾ ਰਹੀ ਹੈ; ‘ਖਾਸ ਤੌਰ ’ਤੇ ਜਦੋਂ ਵਧੇਰੇ ਪੱਛਮੀ ਟਿੱਪਣੀਕਾਰ ਅਤੇ ਸਿਆਸਤਦਾਨ ਨੋਟਿਸ ਲੈਣਾ ਸੁਰੂ ਕਰਦੇ ਹਨ’। ਹਿੰਦੂ ਫੋਬੀਆ, ਜਿਵੇਂ ਕਿ ਅਸੀਂ ਨੋਟ ਕੀਤਾ ਹੈ (ਵੇਖੋ : ://./---------/ )  ਦੀ ਤੁਲਨਾ  ‘ਵਾਈਟ ਲਾਈਵਜ ਮੈਟਰ’ ਨਾਲ ਕੀਤੀ ਗਈ ਹੈ, ਜੋ ਕਿ ਇੱਕ ਗੋਰਾ ਸਰਵਉੱਚਤਾਵਾਦੀ ਹੈ।  ਬਲੈਕ ਲਾਈਵਜ ਮੈਟਰ ਅੰਦੋਲਨ ਵਿਰੁੱਧ ਨਸਲਵਾਦੀ ਪ੍ਰਤੀਕਿਰਿਆ ਹੈ, ਜੋ ਕਿ ਇੱਕ ਨਵ-ਨਾਜ਼ੀ ਲਹਿਰ ਵਿੱਚ ਵਾਧਾ ਹੋਇਆ ਹੈ। ’ਹਿੰਦੂ ਫੋਬੀਆ’ ਦੇ ਪਿੱਛੇ ਮੁੱਖ ਵਿਚਾਰ ਭਾਰਤ ਵਿੱਚ ਹਿੰਦੂ ਬਹੁਗਿਣਤੀ ਘੱਟ ਗਿਣਤੀਆਂ ਉਪਰ ਲਗਾਤਾਰ ਹਮਲੇ ਦੇ ਅਧੀਨ ਹੈ । ਜੋ ਕਿ ਪੱਛਮੀ ਸੰਦਰਭ ਵਿੱਚ ਨਸਲਵਾਦੀ ਗੋਰੇ ਲੋਕਾਂ ਦੀ ਇਸ ਜਾਤਪ੍ਰਸਤੀ ਦੇ ਬਰਾਬਰ ਹੈ। ਦੋਵਾਂ ਨਸਲਵਾਦੀ ਅਤੇ ਫਾਸ਼ੀਵਾਦੀ ਹਮਲਿਆਂ ਨੂੰ ਵਿਰੋਧ ਦੇ ਜਵਾਬ ਵਜੋਂ  ਵਰਤਿਆ ਜਾਂਦਾ ਹੈ। ਅਦਿੱਤਿਆ ਅਈਅਰ ਨੇ ਟਵੀਟ ਕੀਤਾ, ‘ਹਿੰਦੂ ਫੋਬੀਆ’ ਗੈਰ-ਭਾਰਤੀ ਭਾਈਚਾਰਿਆਂ ਦੀ ਖਾਸ ਤੌਰ ’ਤੇ, ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਨਿਸ਼ਾਨਾ ਬਣਾਉਂਦਾ ਹੈ। ਗੋਰੇ ਉਦਾਰਵਾਦੀ ਲੋਕਾਂ ਦੇ ਚੇਤੰਨ ਇਕਜੁੱਟਤਾ ਦੇ ਯਤਨਾਂ ਨੂੰ ਤਬਾਹ ਕਰਦਾ ਹੈ। ਪਿਛਲੇ ਮਹੀਨੇ ਨਕਾਬਪੋਸ਼ ਅਤੇ ਹਥਿਆਰਬੰਦ ਹਿੰਦੂਤਵੀ ਤਾਕਤਾਂ ਦੁਆਰਾ ਲੈਸਟਰ ਦੇ ਏਸ਼ੀਆਈ ਭਾਈਚਾਰਿਆਂ ਦੁਆਰਾ ਕੀਤੇ ਗਏ ਮਾਰਚ ਦਾ ਉਦੇਸ਼ ਹਿੰਦੂ ਫੋਬੀਆ ਦੇ ਇਸ ਬਿਰਤਾਂਤ ਨੂੰ ਮਜ਼ਬੂਤ ਕਰਨ ਲਈ ਮੁਸਲਮਾਨਾਂ ਨੂੰ ਭੜਕਾਉਣਾ ਸੀ। ਸੂਨਕ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਇਹਨਾਂ ਤਾਕਤਾਂ ਨੂੰ ਬਿ੍ਰਟਿਸ਼ ਦੇ ਹੋਰ ਹਿੱਸਿਆਂ ਵਿੱਚ ਫ਼ਿਰਕੂ ਹਿੰਸਾ ਨੂੰ ਸ਼ਿਸ਼ਕਰਨ ਨੂੰ ਰੋਕਣ ਦੇ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।   

(ਸਾਊਥ ਏਸ਼ੀਆ ਸੌਲੀਡੈਰਿਟੀ ਗਰੁੱਪ ਦੁਆਰਾ ਇੱਕ ਬਿਆਨ)

---0---   

Friday, September 30, 2022

ਭਗਤ ਸਿੰਘ ਦਾ ਵਿਚਾਰਧਾਰਕ ਵਿਕਾਸ ਕੁੱਝ ਪੱਖਾਂ ਦੀ ਚਰਚਾ

 ਭਗਤ ਸਿੰਘ ਦਾ ਵਿਚਾਰਧਾਰਕ ਵਿਕਾਸ
ਕੁੱਝ ਪੱਖਾਂ ਦੀ ਚਰਚਾ

ਸ਼ਹਾਦਤ ਤੋਂ ਪਹਿਲਾਂ ਆਪਣੇ ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ਇੱਕ ਸ਼ਾਨਦਾਰ ਅਤੇ ਪ੍ਰਤਿਭਾਵਾਨ ਕਮਿਊੁਨਿਸਟ ਸ਼ਖਸ਼ੀਅਤ ’ਚ ਢਲ ਚੁੱਕਿਆ ਸੀ। ਡੂੰਘੇ ਅਧਿਐਨ ਸਦਕਾ ਉਸ ਦੀ ਅਸਧਾਰਨ ਰਫ਼ਤਾਰ ਵਿਚਾਰਧਾਰਕ ਤਰੱਕੀ ਨੇ ਉਸ ਨੂੰ ਮੁਲਕ ਦੀ ਕਮਿਊਨਿਸਟ ਲਹਿਰ ਦੇ ਆਗੂਆਂ ਦੀ ਕਤਾਰ ’ਚ ਲਿਆ ਖੜ੍ਹਾਇਆ ਸੀ। ਜੇਲ੍ਹ ਅੰਦਰ ਉਸ ਨੇ ਆਪਣੇ ਮੋਢਿਆਂ ’ਤੇ ਕਮਿਊਨਿਸਟ ਪਾਰਟੀ ਜਥੇਬੰਦ ਕਰਨ ਅਤੇ ਇਨਕਲਾਬੀ ਲਹਿਰ ਨੂੰ ਕਮਿਊਨਿਸਟ ਉਦੇਸ਼ਾਂ ਅਤੇ ਤੌਰ ਤਰੀਕਿਆਂ ਅਨੁਸਾਰ ਪ੍ਰਭਾਵਤ ਕਰਨ ਦੀ ਜੁੰਮੇਵਾਰੀ ਓਟੀ ਹੋਈ ਸੀ। ਜੀਵਨ ਦੇ ਆਖਰੀ ਦੌਰ ’ਚ, ਸ਼ਹਾਦਤ ਤੋਂ ਐਨ ਪਹਿਲਾਂ ਉਸ ਵੱਲੋਂ ਜੇਲ੍ਹ ਵਿਚੋਂ ਜਾਰੀ ਕੀਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ।  

ਉਝ ਦਸੰਬਰ 1925 ’ਚ ਹੀ ਭਾਰਤ ਅੰਦਰ ਕਮਿਊਨਿਸਟ ਪਾਰਟੀ ਦਾ ਗਠਨ ਹੋ ਗਿਆ ਸੀ। (ਜਦੋਂ ਅਜੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ ਕਮਿਊਨਿਸਟ ਨਹੀਂ ਸਨ ਬਣੇ) ਆਪਣੇ  ਬਚਪਨ ਦੇ ਇਸ ਮੁੱਢਲੇ ਦੌਰ ’ਚ ਕਮਿਊਨਿਸਟ ਪਾਰਟੀ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਸਨ। ਇਸ ਨੇ ਮਜ਼ਦੂਰ ਜਮਾਤ ਦੀ ਲਹਿਰ ਨੂੰ ਲਾਲ ਰੰਗਤ ਦੇਣ ਦਾ ਅਹਿਮ ਰੋਲ ਅਦਾ ਕੀਤਾ ਸੀ। ਵੱਖ ਵੱਖ ਸੂਬਿਆਂ ’ਚ ਕਿਰਤੀ ਕਿਸਾਨ ਪਾਰਟੀ ਦੇ ਖੁੱਲ੍ਹੇ ਪਲੇਟਫਾਰਮਾਂ ਰਾਹੀਂ ਲੋਕਾਂ ਨਾਲ ਤੰਦਾਂ ਬਣਾਉਣ ਅਤੇ ਸਾਮਰਾਜ ਵਿਰੋਧੀ ਕੌਮੀ ਲਹਿਰ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਪਰ ਪ੍ਰੋਲੇਤਾਰੀ ਦੀ ਅਗਵਾਈ ਦੇ ਅਸਰਦਾਰ ਅਤੇ  ਪ੍ਰਭਾਵਸ਼ਾਲੀ ਮੁਲਕ-ਪੱਧਰੇ ਗੁਪਤ ਕੇਂਦਰ ਵਜੋਂ ਕਮਿਊਨਿਸਟ ਪਾਰਟੀ ਨੂੰ ਲੋੜੀਂਦੀ ਹੱਦ ਤੱਕ ਜਥੇਬੰਦ ਕਰਨ, ਉਸਾਰਨ ਅਤੇ ਉਭਾਰਨ ਦਾ ਕਾਰਜ ਬੁਰੀ ਤਰ੍ਹਾਂ ਪਛੜ ਗਿਆ ਸੀ। ਹੋਰਨਾਂ  ਕਾਰਨਾਂ ਤੋਂ ਇਲਾਵਾ ਗਰੁੱਪ-ਤੰਗਨਜ਼ਰੀ ਦੀ ਮੱਧਵਰਗੀ ਪ੍ਰਵਿਰਤੀ ਨੇ ਇਸ ਗੱਲ ਵਿਚ ਅਹਿਮ ਰੋਲ ਅਦਾ ਕੀਤਾ ਸੀ। ਇਸ ਗੱਲ ਤੋਂ ਇਲਾਵਾ ਕਾਫੀ ਤਾਣ ਕਿਰਤੀ ਕਿਸਾਨ ਪਾਰਟੀ ਦੇ ਪਲੇਟਫਾਰਮ ਅਤੇ ਹੋਰ ਸਾਮਿਆਂ ਰਾਹੀਂ ਕਾਂਗਰਸ ਦੇ  ‘‘ਖੱਬੇ ਧੜੇ’’ ਵਜੋਂ ਸਥਾਪਤ ਹੋਣ ਦੇ ਯਤਨਾਂ ਵਿਚ ਹੀ ਖਪਦਾ ਰਿਹਾ ਸੀ। ਮਗਰੋਂ ਕਮਿਊਨਿਸਟ ਕੌਮਾਂਤਰੀ, ਚੀਨੀ ਕਮਿਊਨਿਸਟ ਪਾਰਟੀ ਅਤੇ ਕੁੱਝ ਹੋਰ ਕਮਿਊਨਿਸਟ ਪਾਰਟੀਆਂ ਵੱਲੋਂ ਪਾਰਟੀ ਦੀ ਨਿੱਖੜਵੀਂ ਅਤੇ ਆਜ਼ਾਦ ਹਸਤੀ ਸਥਪਤ ਕਰਨ ਦੇ ਵਿਸ਼ੇਸ਼ ਮਹੱਤਵ ਵੱਲ ਧਿਆਨ ਦੁਆਇਆ ਗਿਆ ਸੀ। (ਸੋਮਾ-ਪਾਰਟੀ ਇਤਿਹਾਸ ਬਾਰੇ ਸਿੱਖਿਆ ਸੇਧਾਂ ਲਈ ਜਾਰੀ ਕੀਤਾ ਸੀ.ਪੀ.ਆਈ. ਦਾ ਕਿਤਾਬਚਾ) ਸ਼ਹੀਦ ਭਗਤ ਸਿੰਘ ਦੇ ਕਮਿਊਨਿਸਟ ਵਿਚਾਰਧਾਰਾ ਦੇ ਕਲਾਵੇ ਵਿਚ ਆ ਜਾਣ ਦੇ ਬਾਵਜੂਦ ਜਥੇਬੰਦਕ ਤੌਰ ’ਤੇ ਭਾਰਤੀ ਕਮਿਊਨਸਟ ਪਾਰਟੀ ਦੇ ਕਲਾਵੇ ਵਿਚ ਨਾ ਆ ਸਕਣ ਦਾ ਹੋਰਨਾਂ ਕਾਰਨਾਂ ਤੋਂ ਇਲਵਾ ਸ਼ਾਇਦ ਇਹ ਵੀ ਇੱਕ ਅਹਿਮ ਕਾਰਨ ਸੀ। ਪਰ ਮੁਲਕ ਅੰਦਰਲੀਆਂ ਸਮੂਹ ਕਮਿਊਨਿਸਟ ਸ਼ਕਤੀਆਂ ਦੀ ਜਥੇਬੰਦਕ  ਏਕਤਾ ਦੇ ਇਸ ਮਸਲੇ ਨੂੰ ਲਾਂਭੇ ਛਡਦਿਆਂ ਇਹ ਪਰਤੱਖ ਹੈ ਕਿ ਆਪਣੇ ਜੀਵਨ ਦੇ ਅੰਤਿਮ ਦੌਰ ’ਚ ਸ਼ਹੀਦ ਭਗਤ ਸਿੰਘ ਆਪਣੇ ਤੌਰ ’ਤੇ ਇੱਕ ਕਮਿਊਨਿਸਟ ਆਗੂ ਵਜੋਂ ਮਹੱਤਵਪੂਰਨ ਘਾਲਣਾ ਵਿਚ ਜੁਟਿਆ ਹੋਇਆ ਸੀ। 

ਭਗਤ  ਸਿੰਘ ਦੇ ਕਮਿਊਨਿਸਟ ਆਦਰਸ਼ਾਂ ਦੇ ਮੱਧਵਰਗੀ ਕੌਮਪ੍ਰਸਤ ਪੈਰੋਕਾਰ ਤੋਂ ਪੋ੍ਰਲੇਤਾਰੀ ਸੂਝ ਦੇ ਰੰਗ ’ਚ ਰੰਗੀ ਕਮਿਊਨਿਸਟ ਸ਼ਖਸ਼ੀਅਤ ’ਚ ਵਟ ਜਾਣ ਦੀ ਨਿਖੇੜਵੀਂ ਨਿਸ਼ਾਨਦੇਹੀ ਕਰਦਾ ਸਭ ਤੋਂ ਅਹਿਮ ਪੱਖ ਸ਼ਹੀਦ ਭਗਤ ਸਿੰਘ ਵੱਲੋਂ ਇਨਕਲਾਬੀ ਦਹਿਸ਼ਤਗਰਦੀ ਨੂੰ ਅਲਵਿਦਾ ਕਹਿਣਾ ਸੀ। ਸ਼ਹੀਦ ਭਗਤ ਸਿੰਘ ਦੀ ਸੋਚਣੀ ਦੇ ਅਜਿਹਾ ਸਫਰ ਤਹਿ ਕਰਨ ਲਈ ਕੁੱਝ ਜ਼ਰੂਰੀ ਸ਼ਰਤਾਂ ਲੋੜੀਂਦੀਆਂ ਸਨ। ਉਸ ਦੀ ਇਨਕਲਾਬੀ ਸਖਸ਼ੀਅਤ ਦਾ ਵਿਕਾਸ ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਨਾਲ ਸਬੰਧਤ ਸਾਹਿਤ ਦਾ ਡੂੰਘਾ ਅਧਿਐਨ ਕਰਦਿਆਂ, ਇਸ ਨੂੰ ਗ੍ਰਹਿਣ ਕਰਦਿਆਂ ਹੋਇਆ ਸੀ। ਜਦੋਂ ਉਹ ਅਜੇ ਅਸਲ ਅਰਥਾਂ ਵਿਚ ਕਮਿਊਨਿਸਟ ਨਹੀਂ ਸੀ  ਬਣਿਆ, ਉਦੋਂ ਵੀ ਉਸ ਦੇ ਵਿਚਾਰ ਸਿਧਾਂਤਕ ਨੀਹਾਂ ’ਤੇ ਟਿਕੇ ਹੋਏ ਸਨ। ਉਸ ਨੇ ਅਰਜਕਤਾਵਾਦੀ ਲਹਿਰਾਂ ਦੇ ਵਿਚਾਰਵਾਨਾਂ ਅਤੇ ਸਿਧਾਂਤਕ ਵਿਆਖਿਆਕਾਰਾਂ ਦੀਆਂ ਲਿਖਤਾਂ ਦਾ ਪ੍ਰਭਾਵ ਗ੍ਰਹਿਣ ਕੀਤਾ ਸੀ। ਸਿੱਟੇ ਵਜੋਂ ਉਸ ਦੇ ਇਸ ਵਿਸ਼ਵਾਸ਼ ਨੂੰ ਬਲ ਮਿਲਿਆ ਸੀ ਕਿ ਜਦੋਂ ਹਾਲਤਾਂ ਇਨਕਲਾਬੀ ਤਬਦੀਲੀ ਮੰਗ ਰਹੀਆਂ ਹੰੁਦੀਆਂ ਹਨ ਤਾਂ ਇਨਕਲਾਬੀ ਦਹਿਸ਼ਤਗਰਦ ਜੁਝਾਰ ਕਾਰਵਾਈਆਂ ਤਰਥੱਲ-ਛੇੜੂ ਰੋਲ ਅਦਾ ਕਰਦੀਆਂ ਹਨ ਅਤੇ ਜਨਤਾ ਦੀ ਇਨਕਲਾਬੀ ਸ਼ਕਤੀ ਨੂੰ ਉਭਾਰ ਕੇ ਹਰਕਤ ਵਿਚ ਲੈ ਆਉਦੀਆਂ ਹਨ। 

ਮੁਲਕ ਅੰਦਰ ਲੋੜੀਂਦੀ ਕੱਦਾਵਰ ਕਮਿਊਨਿਸਟ ਪਾਰਟੀ ਦੀ ਗੈਰਹਾਜ਼ਰੀ ’ਚ ਸ਼ਹੀਦ ਭਗਤ ਸਿੰਘ ਦਾ ਅਗਲੇਰਾ ਵਿਕਾਸ ਕੁੱਝ ਅਹਿਮ ਲੋੜਾਂ ਦੇ ਪੂਰੇ ਜਾਣ ’ਤੇ ਨਿਰਭਰ ਕਰਦਾ ਸੀ। ਇੱਕ ਅਹਿਮ ਸਾਧਨ, ਕਮਿਊਨਿਸਟ ਕੌਮਾਂਤਰੀ ਨਾਲ ਸੰਪਰਕ, ਉਸ ਨੂੰ ਹਾਸਲ ਨਹੀਂ ਸੀ। (ਜਦੋਂ ਭਗਤ ਸਿੰਘ ਜੇਲ੍ਹ ਵਿਚ ਸੀ ਤਾਂ ਹਿੰਦੂਸਤਾਨ  ਰਿਪਬਲਿਕਨ ਸੋਸ਼ਲਿਸਟ ਆਰਮੀ ਨੇ ਆਪਣੇ ਅਹਿਮ ਆਗੂਆਂ ਨੂੰ ਸੋਵੀਅਤ ਯੂਨੀਅਨ ਭੇਜਣ ਦੀ ਵਿਉਤ ਬਣਾਈ ਸੀ ਜਿਹੜੀ ਸਿਰੇ ਨਹੀਂ ਸੀ ਚੜ੍ਹ ਸਕੀ) ਦੂਜਾ ਸਾਧਨ ਬੁਨਿਆਦੀ ਜਮਾਤਾਂ, ਯਾਨੀ ਮਜ਼ਦੂਰਾਂ ਕਿਸਾਨਾਂ ਦੀ ਇਨਕਲਾਬੀ ਜਮਾਤੀ ਲਹਿਰ ਉਸਾਰੀ ਦਾ ਹਾਂ-ਪੱਖੀ ਅਮਲ ਬਣਦਾ ਸੀ। ਹਿੰਦੁਸਤਾਨ  ਸੋਸ਼ਲਿਸਟ ਰਿਪਬਲਿਕਨ ਆਰਮੀ ਨੂੰ ਇਸ ਅਭਿਆਸ ਵਿਚੋਂ ਗੁਜ਼ਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ। ਤੀਜਾ ਸਾਧਨ ਮੁਲਕ ਅੰਦਰਲੇ ਕਮਿਊਨਿਸਟ ਆਗੂਆਂ ਨਾਲ ਰਾਬਤੇ ਅਤੇ ਸਿਧਾਂਤਕ ਵਿਚਾਰ ਵਟਾਂਦਰੇ ਦਾ ਅਮਲ ਬਣਦਾ ਸੀ। ਪੰਜਾਬ ਅੰਦਰਲੇ ਕਿਰਤੀ ਕਿਸਾਨ ਪਾਰਟੀ ਦੇ ਆਗੂਆਂ ਨਾਲ ਰਾਬਤੇ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਇਹ ਮੌਕਾ ਹਾਸਲ ਤਾਂ ਹੋਇਆ ਸੀ, ਪਰ ਸੀਮਤਾਈ ਇਹ ਸੀ ਕਿ ਭਗਤ ਸਿੰਘ ਨੂੰ ਕਾਇਲ ਕਰਨ ਲਈ ਉੱਚ ਪੱਧਰੀ ਮਾਰਕਸਵਾਦੀ ਸਿਧਾਂਤਕ ਵਿਆਖਿਆ ਦੀ ਲੋੜ ਸੀ। ਆਪਣੇ ਹੋਰਨਾਂ  ਗੁਣਾਂ ਦੇ ਬਾਵਜੂਦ ਪੰਜਾਬ ਦੀ ਕਿਰਤੀ ਕਿਸਾਨ ਪਾਰਟੀ ਦੇ ਆਗੂ ਇਹ ਜ਼ਰੂਰਤ ਪੂਰੀ ਕਰਨ ਲਈ ਉਦੋਂ  ਲੋੜੀਂਦੀ ਹੱਦ ਤੱਕ ਸਮਰੱਥਾਵਾਨ ਨਹੀਂ ਸਨ। ਸ਼੍ਰੀ ਸੋਹਣ ਸਿੰਘ ਜੋਸ਼ ਨੇ ਇਸ ਗੱਲ ਦਾ ਇਕਬਾਲ ਕੀਤਾ ਹੈ ਕਿ ਇਨਕਲਾਬੀ ਦਹਿਸ਼ਤਗਰਦੀ ਦਾ ਖੰਡਨ ਕਰਨ ਦੇ ਬਾਵਜੂਦ ਉਹ ਅਜਿਹੀ ਹਾਲਤ ਵਿਚ ਨਹੀਂ ਸਨ ਕਿ ਸ਼ਕਤੀਸ਼ਾਲੀ ਸਿਧਾਂਤਕ ਬੁਨਿਆਦਾਂ ਨੂੰ ਆਧਾਰ ਬਣਾ ਕੇ ਉਹ ਮਾਰਕਸਵਾਦ ਨਾਲੋਂ ਇਸ ਦੇ ਵਖਰੇਵੇਂ ਦੀ ਲੋੜੀਂਦੀ ਵਿਆਖਿਆ ਕਰ ਸਕਦੇ। (ਸੋਮਾ-ਸੋਹਣ ਸਿੰਘ ਜੋਸ਼ ਦੀ ਲਿਖਤ, ਸ਼ਹੀਦ ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ) 

ਇਹਨਾਂ ਸਥਿਤੀਆਂ ’ਚ ਸ਼ਹੀਦ ਭਗਤ ਸਿੰਘ ਦਾ ਸਿਧਾਂਤਕ ਵਿਕਾਸ ਮਾਰਕਸਵਾਦੀ ਸਹਿਤ ਨਾਲ ਡੂੰਘੇ ਸਿੱਧੇ ਵਾਹ, ਇਸਦੇ ਡੂੰਘੇ ਅਧਿਐਨ ਅਤੇ ਆਪਣੇ ਬਲਬੂਤੇ ਇਸ ਨੂੰ ਗ੍ਰਹਿਣ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦਾ ਸੀ। ਜੇਲ੍ਹ ਜੀਵਨ ਦੌਰਾਨ ਅਧਿਐਨ ਦਾ ਮੌਕਾ ਮਿਲਣ ਨਾਲ ਇਸ ਲੋੜ ਦੇ ਕਾਫੀ ਹੱਦ ਤੱਕ ਪੂਰੇ ਜਾਣ ਸਦਕਾ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਕਤੀਸ਼ਾਲੀ ਗ੍ਰਹਿਣ ਸਮਰੱਥਾ ਸਦਕਾ ਉਸ ਦੇ ਵਿਚਾਰਧਾਰਕ ਵਿਕਾਸ ਨੇ ਸਿਫਤੀ ਛੜੱਪਾ ਮਾਰਿਆ। ਇਸ ਛੜੱਪੇ ’ਚ ਇੱਕ ਹੋਰ ਅਹਿਮ ਪੱਖ ਨੇ ਵੀ ਸਹਾਈ ਰੋਲ ਅਦਾ ਕੀਤਾ। ਭਾਵੇਂ ਰਲੇ-ਮਿਲੇ ਕਾਰਨਾਂ ਕਰਕੇ ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਮਜ਼ਦੂਰਾਂ-ਕਿਸਾਨਾਂ ਦੀ ਜਮਾਤੀ ਲਹਿਰ ਉਸਾਰਨ ਦੇ ਲੋੜੀਂਦੇ  ਹਾਂ-ਪੱਖੀ ਤਜਰਬੇ ’ਚੋਂ ਨਹੀਂ ਸੀ ਲੰਘ ਸਕੀ, ਪਰ ਇਸ ਦੇ ਤਜਰਬੇ ਦੇ ਕੁੱਝ ਨਾਂਹ-ਪੱਖੀ ਅਨੁਭਵ ਡੂੰਘੀ ਸੋਚ ਵਿਚਾਰ ਅਤੇ ਇਸ ਨੂੰ ਡੂੰਘੇ ਅਧਿਐਨ ਨਾਲ ਜੋੜ ਕੇ ਸਹੀ ਨਤੀਜੇ ਕੱਢਣ ਖਾਤਰ ਅਰਥ ਭਰਪੂਰ ਸਮੱਗਰੀ ਬਣ ਗਏ ਸਨ। 

ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਵਿਕਾਸ ਦੀ ਰਫ਼ਤਾਰ ਹੈਰਾਨਕੁੰਨ ਪ੍ਰਭਾਵ ਪਾਉਦੀ ਹੈ। ਆਪਣੀ ਇਨਕਲਾਬੀ ਸਰਗਰਮੀ ਦੇ ਪਹਿਲੇ ਦੌਰ ’ਚ ਸ਼ਹੀਦ ਭਗਤ ਸਿੰਘ ਅਰਾਜਕਤਾਵਾਦੀ ਆਗੂ ਪੀਟਰ ਕਰੋਪਟਕਿਨ ਦਾ ਇਹ ਹਵਾਲਾ ਦਿਆ ਕਰਦੇ ਸਨ:

‘‘ਇਕੱਲੀ ਕਾਰਵਾਈ ਹੀ ਕੁੱਝ ਦਿਨਾਂ ’ਚ ਹਜ਼ਾਰਾਂ ਪੈਂਫਲਿਟਾਂ ਨਾਲੋਂ ਵਧੇਰੇ ਪ੍ਰਚਾਰ ਕਰ ਦਿੰਦੀ ਹੈ। ਸਰਕਾਰ ਆਪਣੀ ਰੱਖਿਆ ਕਰਦੀ ਹੈ, ਗੁੱਸੇ ਦੀ ਤਰਸਯੋਗ ਹਾਲਤ ’ਚ ਭਬਕਦੀ ਹੈ, ਪਰ ਇਉ ਕਰਕੇ ਇਹ ਇੱਕ ਜਾਂ ਬਹੁਤੇ  ਵਿਅਕਤੀਆਂ ਵੱਲੋਂ ਅਜਿਹੀਆਂ ਹੋਰ ਕਾਰਵਾਈਆਂ ਦਾ ਸੱਦਾ ਦੇ ਬਹਿੰਦੀ ਅਤੇ ਬਾਗੀਆਂ ਨੂੰ ਹੀਰੋਇਜ਼ਮ ਦੇ ਰਾਹ ਤੋਰਦੀ ਹੈ। ਇੱਕ ਕਾਰਵਾਈ ਦੂਜੀ ਕਾਰਵਾਈ ਨੂੰ ਜਨਮ ਦਿੰਦੀ ਹੈ, ਵਿਰੋਧੀ ਬਾਗਾਵਤ ਦੀਆਂ ਕਤਾਰਾਂ ਵਿਚ ਆ ਜਾਂਦੇ ਹਨ। ਸਰਕਾਰ ਧੜਿਆਂ ਵਿਚ ਵੰਡੀ ਜਾਂਦੀ ਹੈ। ਆਪਸੀ ਵੈਰ-ਭਾਵ ਵਿਰੋਧਾਂ ਨੂੰ ਤਿੱਖੇ ਕਰ ਦਿੰਦਾ ਹੈ। ਰਿਆਇਤਾਂ ਬਹੁਤ ਲੇਟ ਆਉਦੀਆਂ ਹਨ ਅਤੇ ਇਨਕਲਾਬ ਫੁੱਟ ਪੈਂਦਾ ਹੈ। .. ..ਧਨ, ਜਥੇਬੰਦੀ ਅਤੇ ਸਾਹਿਤ ਦੀ ਹੋਰ ਜ਼ਰੂਰਤ ਨਹੀਂ। ਇਕ ਮਨੁੱਖ ਹੀ ਹੱਥ ਵਿਚ ਮਸ਼ਾਲ ਅਤੇ ਡਾਇਨਾਮਾਈਟ ਫੜ ਕੇ ਸੰਸਾਰ ਨੂੰ ਨਿਰਦੇਸ਼ ਦੇ ਸਕਦਾ ਹੈ।’’ 

ਪਰ ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ‘‘ਦਹਿਸ਼ਤਗਰਦੀ’’ ਬਾਰੇ ਹੇਠ ਲਿਖੀ ਡੂੰਘੀ ਟਿੱਪਣੀ  ਕਰਦਾ ਹੈ।

‘‘ਬੰਬ ਦਾ ਮਾਰਗ 1905 ਤੋਂ ਚੱਲਿਆ ਆ ਰਿਹਾ ਹੈ ਅਤੇ ਇਹ ਇਨਕਲਾਬੀ ਭਾਰਤ ਉੱਤੇ ਇੱਕ ਦਰਦਨਾਕ ਟਿੱਪਣੀ ਹੈ।.. ..ਦਹਿਸ਼ਤਗਰਦੀ ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿਚ ਗਹਿਰੇ  ਨਾ ਜਾ ਸਕਣ ਬਾਰੇ ਇਕ ਪਛਤਾਵਾ ਹੈ। ਇਸ ਤਰ੍ਹਾਂ ਇਹ ਸਾਡੀ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ।.. .. ਹਰ ਦੇਸ਼ ਵਿਚ ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ।  ਫਰਾਂਸ, ਰੂਸ, ਜਰਮਨ, ਬਾਲਕਿਨ ਦੇਸ਼ਾਂ, ਸਪੇਨ ਅਤੇ ਹਰ ਥਾਂ ਇਹੀ ਕਹਾਣੀ ਹੈ। ਹਾਰ ਦਾ ਬੀਜ ਇਸ ਦੇ ਅੰਦਰ ਹੀ ੳੱੁਗਿਆ ਹੋਇਆ ਹੈ। ’’

‘‘ਪਛਤਾਵੇ’’ ਬਾਰੇ ਸ਼ਹੀਦ ਭਗਤ ਸਿੰਘ ਦੀ ਟਿੱਪਣੀ ਇਨਕਲਾਬੀ ਦਹਿਸ਼ਤਗਰਦੀ ਸਬੰਧੀ ਲੈਨਿਨ ਦੀਆਂ ਟਿੱਪਣੀਆਂ ਨਾਲ ਮਿਲਦੀ-ਜੁਲਦੀ ਹੈ। ਪਰ ਸ਼ਹੀਦ ਭਗਤ ਸਿੰਘ ਹੋਰ ਵੀ ਅੱਗੇ ਜਾਂਦਾ ਹੈ। ਉਹ ਇਹ ਅਹਿਮ ਗੱਲ ਕਹਿੰਦਾ ਹੈ ਕਿ ਅਮਲੀ ਨਤੀਜਿਆਂ ਪੱਖੋਂ ਇਨਕਲਾਬੀ ਲਹਿਰ ੳੱੁਪਰ ਦਹਿਸ਼ਤਗਰਦੀ ਅਤੇ ਗਾਂਧੀਵਾਦ ਦਾ ਅਸਰ ਆਪਣੇ ਤੱਤ  ਪੱਖੋਂ ਇੱਕੋ ਜਿਹਾ ਹੈ। ਇਨਕਲਾਬੀ ਦਹਿਸ਼ਤਗਰਦੀ ਦੀਆਂ ਸੀਮਤਾਈਆਂ ਦੀ ਚਰਚਾ ਕਰਦਿਆਂ ਉਹ ਕਹਿੰਦਾ ਹੈ ਕਿ ਇਨਕਲਾਬੀ ਦਹਿਸ਼ਤਗਰਦੀ ਜੇ ਪੂਰੇ ਜੋਰ ਨਾਲ ਉਹ ਕੁੱਝ ਵੀ ਕਰ ਵਿਖਾਵੇ ‘‘ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਵਾਪਰਿਆ ਤਾਂ ਵੀ ਆਤੰਕਵਾਦ ਵੱਧ ਤੋਂ ਵੱਧ ਸਾਮਰਾਜੀ ਤਾਕਤ ਨੂੰ ਸੁਲਾਹ ਵਾਸਤੇ ਮਜ਼ਬੂਰ ਕਰ ਸਕਦਾ ਹੈ। ਅਜਿਹੀਆਂ ਸੁਲਾਹ-ਸਫਾਈਆਂ ਸਾਡੇ ਉਦੇਸ਼, ਪੂਰਨ ਆਜ਼ਾਦੀ ਤੋਂ ਹਮੇਸ਼ਾ ਕਿਤੇ ਉਰੇ ਰਹਿਣਗੀਆਂ। ਇਸ ਤਰ੍ਹਾਂ ਆਤੰਕਵਾਦ ਇੱਕ ਸਮਝੌਤਾ ਅਤੇ ਸੁਧਾਰਾਂ ਦੀ ਇੱਕ ਕਿਸ਼ਤ ਨਿਚੋੜ ਕੇ ਕੱਢ ਸਕਦਾ ਹੈ ਅਤੇ ਇਹੀ ਪ੍ਰਾਪਤੀ ਕਰਨ ਲਈ ਗਾਂਧੀਵਾਦ ਜੋਰ ਲਾ ਰਿਹਾ ਹੈ। 

ਆਇਰਲੈਂਡ ਦੇ ਤਜਰਬੇ ਨੂੰ ਆਧਾਰ ਬਣਾਉਦਿਆਂ ਸ਼ਹੀਦ ਭਗਤ ਸਿੰਘ ਇਨਕਲਾਬੀ ਦਹਿਸ਼ਤਗਰਦੀ ਨੂੰ ‘‘ਇਨਕਲਾਬੀ ਸਮਾਜਕ ਆਧਾਰ ਤੋਂ ਖਾਲੀ ਕੌਮਵਾਦੀ ਆਦਰਸ਼ਵਾਦ’’ ਕਹਿੰਦਾ ਹੈ, ਜਿਹੜਾ ‘‘ਸਾਰੇ ਹਾਲਾਤ ਸਾਜ਼ਗਾਰ ਹੋਣ ਦੇ ਬਾਵਜੂਦ ਵੀ ਸਾਮਰਾਜਵਾਦ ਨਾਲ ਸਮਝੌਤੇ ਦੀ ਬਿਰਤੀ ਵਿਚ ਗਵਾਚ ਸਕਦਾ ਹੈ’’ ਅਤੇ ਇਨਕਲਾਬੀ ਯਰਕਾਊਵਾਦੀਆਂ ਨੂੰ ਸਵਾਲ ਕਰਦਾ ਹੈ ‘‘ਕੀ ਭਾਰਤ ਨੂੰ ਅਜੇ ਵੀ ਆਇਰਲੈਂਡ ਦੀ ਨਕਲ ਕਰਨੀ ਚਾਹੀਦੀ ਹੈ, ਚਾਹੇ ਉਹ ਕੀਤੀ ਵੀ ਜਾ ਸਕਦੀ ਹੋਵੇ ਤਾਂ ਵੀ?’’ ਉਸ ਦਾ ਕੁੱਲ ਮਿਲਵਾਂ ਨਤੀਜਾ ਇਹ ਹੈ ਕਿ ‘‘ਆਤੰਕਵਾਦ ਦੇ ਸ਼ੈਤਾਨ ਨੂੰ ਕੋਈ ਦਾਦ ਦੇਣ ਦੀ ਲੋੜ ਨਹੀਂ ਹੈ।’’

ਉਸ ਸਮੇਂ ਇਨਕਲਾਬੀ ਦਹਿਸ਼ਤਗਰਦੀ ਭਾਰਤੀ ਕਮਿਊਨਿਸਟ ਲਹਿਰ ਅੰਦਰਲਾ ਰੁਝਾਨ ਨਹੀਂ ਸੀ। ਇਸ ਦੀ ਨੁਮਾਇੰਦਗੀ ਆਮ ਕਰਕੇ ਮੱਧਵਰਗੀ  ਕੌਮਪ੍ਰਸਤ ਹਿੱਸੇ ਕਰਦੇ ਸਨ। ਤਾਂ ਵੀ ਸ਼ਹੀਦ ਭਗਤ ਸਿੰਘ ਦੀ ਉਪਰੋਕਤ ਟਿੱਪਣੀ ਦੀ ਤੁਲਨਾ ਕਿਸੇ ਹੱਦ ਤੱਕ ਲੈਨਿਨ ਦੀਆਂ ਉਹਨਾਂ ਟਿੱਪਣੀਆਂ ਨਾਲ ਕੀਤੀ ਜਾ ਸਕਦੀ ਹੈ ਜੋ ਉਸ ਨੇ ਮਜ਼ਦੂਰ ਲਹਿਰ ਅੰਦਰਲੇ ਗਲਤ ਰੁਝਾਨਾਂ ਵਜੋਂ ਇੱਕ ਪਾਸੇ ਇਨਕਲਾਬੀ ਦਹਿਸ਼ਤਗਰਦੀ ਤੇ ਦੂਜੇ ਪਾਸੇ ਆਰਥਿਕਵਾਦ-ਸੁਧਾਰਵਾਦ ਦੇ ਸਾਵੇਂ ਤੱਤ ਬਾਰੇ ਕੀਤੀਆਂ ਹਨ। 

ਇਨਕਲਾਬੀ ਹਾਲਤਾਂ ਸਿਰਜਣ ਅਤੇ ਇਨਕਲਾਬ ਛੇੜਨ ਵਿਚ ਇਨਕਲਾਬੀ ਦਹਿਸ਼ਤਗਰਦੀ ਦੇ ਰੋਲ ਬਾਰੇ ਸੁਪਨਈ ਧਾਰਨਾਵਾਂ ਨਾਲੋਂ ਡੂੰਘੇ ਨਿਖੇੜੇ ਦੀ ਇੱਕ ਹੋਰ ਝਲਕ ਵੀ ਸ਼ਹੀਦ ਭਗਤ ਸਿੰਘ ਵੱਲੋਂ ਜਾਰੀ ਕੀਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਵਿਚ ਮਿਲਦੀ ਹੈ। ਉਹ ਇਹ ਸਪਸ਼ਟ ਸੋਝੀ ਪ੍ਰਗਟ ਕਰਦਾ ਹੈ ਕਿ ਇਨਕਲਾਬ ਦੀ ਸਫਲਤਾ ਇਸ ਖਾਤਰ ਜ਼ਰੂਰੀ ਬਾਹਰਮੁਖੀ ਅਤੇ ਅੰਤਰਮੁਖੀ ਸ਼ਰਤਾਂ ਦੇ ਪੂਰੇ ਹੋਣ ’ਤੇ ਨਿਰਭਰ ਕਰਦੀ ਹੈ। ਉਹ ਅਕਤੂਬਰ ਇਨਕਲਾਬ ਦੀ ਸਫਲਤਾ ਲਈ ਲੈਨਿਨ ਵੱਲੋਂ ਬਿਆਨੀਆਂ ਤਿੰਨ ਜਰੂਰੀ ਸ਼ਰਤਾਂ ਦਾ ਜ਼ਿਕਰ ਕਰਦਾ ਹੈ। ਰਾਜਨੀਤਕ, ਆਰਥਿਕ ਹਾਲਤ, ਜਨਤਾ ਦੀ ਮਾਨਸਿਕ ਤਿਆਰੀ ਅਤੇ ਪਰਖ ਦੀਆਂ ਘੜੀਆਂ ’ਚ ਅਗਵਾਈ  ਦੇਣ ਦੇ ਸਮਰੱਥ ਟਰੇਂਡ ਇਨਕਲਾਬੀ ਪਾਰਟੀ। ਉਹ ਦੂਜੀ ਅਤੇ ਤੀਜੀ ਸ਼ਰਤ ਪੂਰੀ ਕਰਨ ਲਈ ਹਰਕਤ ਵਿਚ ਆਉਣ ਨੂੰ ਇਨਕਲਾਬੀ ਕਾਰਕੁੰਨਾਂ ਦਾ ‘‘ਪਹਿਲਾ ਕੰਮ’’ ਬਿਆਨਦਾ ਹੈ ਅਤੇ ‘‘ਇਸ ਮੁੱਦੇ ਨੂੰ ਸਾਹਮਣੇ ਰੱਖ ਕੇ’’ ਇਨਕਲਾਬੀ ਅਮਲੀ ਸਰਗਰਮੀ ਦਾ ਪ੍ਰੋਗਰਾਮ ਬਣਾਉਣ ’ਤੇ ਜੋਰ ਦਿੰਦਾ ਹੈ। ‘‘ਜਨਤਾ ਨੂੰ ਜੁਝਾਰ ਕੰਮ ਲਈ ਤਿਆਰ ਕਰਨ ਅਤੇ ਲਾਮਬੰਦ ਕਰਨ ’’ ਉਹ ਕਾਰਕੁੰਨ ਦੀ ‘‘ਪਹਿਲੀ ਡਿਊਟੀ’’ ਕਹਿੰਦਾ ਹੈ। 

ਮੁਲਕ ਅੰਦਰ ਇਨਕਲਾਬ ਲਈ ਜਮਾਤੀ-ਸਿਆਸੀ ਤਾਕਤਾਂ ਦੀ ਕਤਾਰਬੰਦੀ ਦੇ ਸੁਆਲ ’ਤੇ ਵੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸੋਚ ਮਹੱਤਵਪੂਰਨ ਡਿੰਘਾਂ ਭਰਦੀ ਨਜ਼ਰ ਆਉਦੀ ਹੈ। ਇਨਕਲਾਬ ਦੀ ਚਾਲਕ ਸ਼ਕਤੀ ਵਜੋਂ ਮਜ਼ਦੂਰਾਂ-ਕਿਸਾਨਾਂ ਦੇ ਰੋਲ ਸਬੰਧੀ ਸ਼ਹੀਦ ਭਗਤ ਸਿੰਘ ਦੇ ਮੱਤ ਦੀ ਚਰਚਾ ਹੁੰਦੀ ਰਹੀ ਹੈ। ਕਾਂਗਰਸ ਅਤੇ ‘‘ਭਾਰਤੀ ਪੂੰਜੀਵਾਦ’’ ਹੱਥੋਂ ‘‘ਵਿਸ਼ਵਾਸ਼ਘਾਤ’’ ਦੇ ਖਤਰੇ ਬਾਰੇ ਉਸ ਦੀਆਂ ਟਿੱਪਣੀਆਂ ਵੀ ਕਾਫੀ ਚਰਚਾ ਦਾ ਵਿਸ਼ਾ ਹਨ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਸਾਮਰਾਜੀ ਪੂੰਜੀ ਦੇ ਭਾਰਤੀ ਅਰਥਚਾਰੇ ਅੰਦਰ ਰੋਲ ਅਤੇ ਇਸ ਦੀਆਂ ਸਿਆਸੀ ਅਰਥ-ਸੰਭਾਵਨਾਵਾਂ ਦੇ ਨਿਰੀਖਣ ਵੱਲ ਆਹੁਲਦੀਆਂ ਦਿਖਾਈ ਦਿੰਦੀਆਂ ਹਨ। ਇਹਨਾਂ ਲਿਖਤਾਂ ’ਚ ਇਹ ਸਪਸ਼ਟ ਕਿਹਾ ਗਿਆ ਹੈ ਕਿ ਸਾਮਰਾਜੀ ਪੂੰਜੀ ਦੀ ਆਮਦ ਰਾਹੀਂ ਇਸ ਨਾਲ ਸਾਂਝੇ ਹਿੱਤਾਂ ਅਤੇ ਅਧੀਨਗੀ ਦੇ ਰਿਸ਼ਤੇ ਵਿਚ ਪਰੋਈ ਵੱਡੇ ਪੂੰਜੀਪਤੀਆਂ ਦੀ ਪਰਤ ਵਿਕਸਿਤ ਹੁੰਦੀ ਜਾ ਰਹੀ ਹੈ ਅਤੇ ਕੌਮੀ ਹਿੱਤਾਂ ’ਤੇ ਪਹਿਰਾ ਦੇਣ ਪੱਖੋਂ ਇਸ ਪਰਤ ਦੀ ‘‘ਗਿਰਾਵਟ’’ ਅਟੱਲ ਬਣਦੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਦੀ ਇਹ ਦਿਸ਼ਾ ਸਮੁੱਚੀ ਸਰਮਾਏਦਾਰੀ ਨਾਲ ਸਾਮਰਾਜ ਵਿਰੋਧੀ ਸਾਂਝੇ ਮੋਰਚੇ ਦੀ ਉਸ ਸੇਧ ਨਾਲ ਟਕਰਾਉਦੀ ਹੈ, ਜਿਸ ਨੇ ਮਗਰੋਂ ਜਾ ਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਆਗੂ ਰੋਲ ਦੀਆਂ ਸੀਮਤਾਈਆਂ ਨਿਸ਼ਚਿਤ ਕਰ ਦਿੱਤੀਆਂ ਸਨ। ਦਿਲਚਸਪ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਸਮੁੱਚੀ ਪੂੰਜੀਪਤੀ ਜਮਾਤ ਨੂੰ ਸਾਵੇਂ ਹਿੱਤਾਂ ਵਾਲੀ ਜਮਾਤ ਵਜੋਂ ਦੇਖਣ ਦੀ ਧਾਰਨਾ ਤੋਂ ਮੁਕਤ ਹੋਣ ਦੀ ਦਿਸ਼ਾ ’ਚ ਆਹੁਲਦੇ ਦਿਖਾਈ ਦਿੰਦੇ ਹਨ। ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਪੂੰਜੀ ਨਾਲ ਵਫਾਦਾਰੀ ਅਤੇ ਸਾਂਝ ਦੇ ਰਿਸ਼ਤੇ ’ਚ ਪਰੋਈ ਸਰਮਾਏਦਾਰੀ ਲਈ ਸ਼ਬਦ ‘‘ਵੱਡੇ ਸਰਮਾਏਦਾਰ’’ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਅਜਿਹੀਆਂ ਟਿੱਪਣੀਆਂ ਮੌਜੂਦ ਹਨ ਜੋ ਸਾਮਰਾਜੀ ਗਲਬੇ ਕਰਕੇ ਭਾਰਤ ਅੰਦਰ ਪੂੰਜੀਵਾਦ ਦੇ ਆਜ਼ਾਦ ਵਿਕਾਸ ਦਾ ਗਲਾ ਘੁੱਟੇ ਜਾਣ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਇਉ ਵਿਦੇਸ਼ੀ ਪੂੰਜੀ ਨਾਲ ਟਕਰਾਵੇਂ ਹਿੱਤਾਂ ਵਾਲੀ ਸਰਮਾਏਦਾਰੀ ਦੀ ਹੋਂਦ ਦਾ ਸੰਕੇਤ ਬਣਦੀਆਂ ਹਨ। ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਕੰਪਨੀ ਨਾਲ ਬਰਤਾਨਵੀ ਸਾਮਰਾਜੀਆਂ ਦੇ ਵਿਹਾਰ ਨੂੰ ਸਾਮਰਾਜੀ ਗਲਬੇ ਦੇ ਭਾਰਤੀ ਸਰਮਾਏ ਨਾਲ ਦੁਸ਼ਮਣਾਨਾ ਰਿਸ਼ਤੇ ਦੀ ਅਹਿਮ ਮਿਸਾਲ ਵਜੋਂ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਅੰਦਰ ਬਿਪਨ ਚੰਦਰ ਪਾਲ ਦੇ ਇੱਕ ਲੇਖ ’ਚੋਂ ਲੰਮਾਂ ਹਵਾਲਾ  ਮੌਜੂਦ ਹੈ। ਇਸ ਲਿਖਤ ਅੰਦਰ ਭਾਰਤ ਅੰਦਰਲੇ ਉਨ੍ਹਾਂ ਪੂੰਜੀਪਤੀਆਂ ਦੇ ਸਰੋਕਾਰਾਂ ਅਤੇ ਇਛਾਵਾਂ ਨੂੰ ਮੁਖਾਤਬ ਹੋਇਆ ਗਿਆ ਹੈ ਜਿਹੜੇ ਭਾਰਤ ਅੰਦਰ ਵਿਦੇਸ਼ੀ ਪੂੰਜੀ ਦੀ ਆਮਦ ਨੂੰ ਆਪਣੇ ਹਿੱਤਾਂ ਨਾਲ ਟਕਰਾਅ ਵਿਚ ਦੇਖ ਰਹੇ ਸਨ। ਕਾਂਗਰਸ ਅੰਦਰਲੇ ਗਰਮ ਖਿਆਲੀ ਕਹੇ ਜਾਂਦੇ ਇਹਨਾਂ ਆਗੂਆਂ ਨੇ ਪੂੰਜੀਪਤੀ ਜਮਾਤ ਦੀ ਇਸ ਪਰਤ ਦੀ ਨੁਮਾਇੰਦਗੀ ਕਿਸ ਹੱਦ ਤੱਕ ਕੀਤੀ, ਕੀਤੀ ਵੀ ਜਾਂ ਕੀਤੀ ਹੀ ਨਹੀਂ, ਇਸ ਬਹਿਸ ਨੂੰ ਲਾਂਭੇ ਛਡਦਿਆਂ, ਇਹ ਨੋਟ ਕਰਨਯੋਗ ਹੈ ਕਿ ਇਹ ਲਿਖਤ ਸਵਰਾਜ ਦੇ ਅਰਥਾਂ ਦੀ ਵਿਆਖਿਆ ਕਰਦਿਆਂ, ਇਸ ਨੂੰ ਮੁਲਕ ਅੰਦਰ ਵਿਦੇਸ਼ੀ ਪੂੰਜੀ ਦੀ ਆਮਦ ਖਿਲਾਫ਼ ਸਖਤ ਰੋਕਾਂ ਦੇ ਅਧਿਕਾਰ ਨਾਲ ਜੋੜਦੀ ਹੈ, ‘‘ਅੰਗਰੇਜ਼ਾਂ ਨੂੰ ਮੁਲਕ ਵਿਚ ਨਹੀਂ ਵੜਨ ਦਿਆਂਗੇ’’ ਕਹਿਣ ਤੱਕ ਜਾਂਦੀ ਹੈ, ਰਾਜ ਪ੍ਰਬੰਧ ਅਤੇ ਇਸ ਦੀਆਂ ਨੀਤੀਆਂ  ਦੇ ਜਿਉ ਦੀ ਤਿਉ ਰਹਿਣ ਦੀ ਹਾਲਤ ’ਚ ਨੌਕਰਸ਼ਾਹੀ ਅੰਦਰ ਭਾਰਤੀ ਨੁਮਾਇੰਦਿਆਂ ਦੀ ਥੋਕ ਭਰਤੀ ਨੂੰ ਵੀ ਫਜੂਲ ਕਰਾਰ ਦਿੰਦੀ ਹੈ ਅਤੇ ਇਹ ਦਾਅਵਾ ਕਰਦੀ ਹੈ ਕਿ ਗਲ-ਘੋਟੂ ਰੋਕਾਂ ਤੋਂ ਮੁਕਤ ਹੋ ਕੇ ਭਾਰਤੀ ਪੂੰਜੀਵਾਦ ਸੰਸਾਰ ਮੁਕਾਬਲੇ ’ਚ ਬਰਤਾਨਵੀ ਪੂੰਜੀਵਾਦ ਨੂੰ ਪਛਾੜ ਸਕਦਾ ਹੈ ਅਤੇ ਮੁਕਾਬਲੇ ਦੇ ‘‘ਭਾਰਤੀ ਸਾਮਰਾਜ’’ ਦੀ ਹੈਸੀਅਤ ਅਖ਼ਤਿਆਰ ਕਰਨ ਤੱਕ ਪਹੁੰਚ ਸਕਦਾ ਹੈ। ਸ਼ਹੀਦ ਭਗਤ ਸਿੰਘ ਵੱਲੋਂ ਗਹਿਰੀ ਦਿਲਚਸਪੀ ਨਾਲ ਨੋਟ ਕੀਤਾ ਇਹ ਹਵਾਲਾ ‘‘ਵੱਡੇ ਸਰਮਾਏਦਾਰਾਂ’’ ਬਾਰੇ ਉਸ ਦੀਆਂ ਟਿੱਪਣੀਆਂ ਨਾਲ ਜੁੜ ਕੇ ਸਾਮਰਾਜ ਨਾਲ ਆਰਥਿਕ ਹਿੱਤਾਂ ਦੇ ਬੁਨਿਆਦੀ ਰਿਸ਼ਤੇ ਦੇ ਆਧਾਰ ’ਤੇ ਭਾਰਤੀ ਪੂੰਜੀਵਾਦੀ ਜਮਾਤ ਅੰਦਰ ਵਖਰੇਵਾਂ ਕਰਨ ਦੀ ਪਹੁੰਚ ਦੇ ਬੀਜ ਸਾਹਮਣੇ ਲਿਆਉਦਾ ਹੈ। 

ਸੂਝ ਅੰਦਰ ਉੱਘੜਿਆ ਇਹ ਵਖਰੇਵਾਂ ਹੀ ਸੀ ਜਿਹੜਾ ਚੀਨੀ ਇਨਕਲਾਬ ਦੇ ਤਜਰਬੇ ਰਾਹੀਂ ਮਾਓ ਵਿਚਾਰਧਾਰਾ ਅੰਦਰ ਦਲਾਲ ਸਰਮਾਏਦਾਰੀ ਅਤੇ ਕੌਮੀ ਸਰਮਾਏਦਾਰੀ ਦੇ ਟਕਰਾਵੇਂ ਜਮਾਤੀ ਲੱਛਣਾਂ ਦੀ ਨਿੱਤਰਵੀਂ ਨਿਸ਼ਾਨਦੇਹੀ ਵਿਚ ਪ੍ਰਗਟ ਹੋਇਆ ਅਤੇ ਦਲਾਲ ਸਰਮਾਏਦਾਰੀ ਨੂੰ ਨਿਸ਼ਾਨਾ  ਬਣਾਉਦਿਆਂ ਕੌਮੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਦੀ ਸੇਧ ਦਾ ਆਧਾਰ ਬਣਿਆ। ਪੂੰਜੀਪਤੀ ਜਮਾਤ ਦੇ ‘‘ਖੱਬੇ’’ ਅਤੇ ‘‘ਸੱਜੇ’’ ਧੜਿਆਂ ’ਚ ਵਖਰੇਵਾਂ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿੱਪ ਵੀ ਕਰਦੀ ਰਹੀ ਹੈ। ਪਰ ਇਹ ਵਖਰੇਵਾਂ ਇਸ ਜਮਾਤ ਦੇ ਵੱਖ ਵੱਖ ਹਿੱਸਿਆਂ ਦੇ ਕਿਰਦਾਰ ਨਾਲੋਂ ਵੱਧ ਰੋਲ ਦੇ ਆਧਾਰ ’ਤੇ ਕੀਤਾ ਜਾਂਦਾ ਰਿਹਾ ਹੈ। ਵੱਡੀ ਸਰਮਾਏਦਾਰੀ ਸਮੇਤ ਸਮੁੱਚੀ ਸਰਮਾਏਦਾਰੀ ਦੇ ਹਿੱਤਾਂ ਨੂੰ ਵਿਦੇਸ਼ੀ ਸਾਮਰਾਜਵਾਦ ਨਾਲ ਟਕਰਾਅ ਵਿਚ ਦੇਖਿਆ ਜਾਂਦਾ ਰਿਹਾ ਹੈ। ਸੱਜਾ ਧੜਾ ਉਸ ਹਿੱਸੇ ਨੂੰ ਗਰਦਾਨਿਆ ਜਾਂਦਾ ਰਿਹਾ ਹੈ ਜਿਸ ਵੱਲੋਂ  ਸਮੁੱਚੇ ‘‘ਭਾਰਤੀ ਪੂੰਜੀਵਾਦ’’ ਦੇ ਸਾਮਰਾਜਵਾਦ ਨਾਲ ਟਕਰਾਵੇਂ ਅਤੇ ਆਜ਼ਾਦ ਸਮਝੇ ਜਾਂਦੇ ਹਿੱਤਾਂ ਦੀ ਰਾਖੀ ਕਰਨ ਤੋਂ ਭੱਜ ਨਿਕਲਣ ਅਤੇ ਸਾਮਰਾਜ ਅੱਗੇ ਗੋਡੇ ਟੇਕ ਦੇਣ ਦੇ ਖਤਰੇ ਦੀ ਗੁੰਜਾਇਸ਼ ਮੰਨੀ ਜਾਂਦੀ ਰਹੀ ਹੈ। ਅਜਿਹੀ ਧਾਰਨਾ ਅਨੁਸਾਰ ਸਮੁੱਚੀ ਸਰਮਾਏਦਾਰੀ ਦੂਹਰੇ ਅਤੇ ਡਾਵਾਂਡੋਲ ਖਾਸੇ ਦੇ ਵਿਚ-ਵਿਚਾਲੇ ਵਾਲੀ ਜਮਾਤ ਬਣ ਜਾਂਦੀ ਹੈ ਅਤੇ ਇਸ ਦਾ ਕੋਈ ਵੀ ਹਿੱਸਾ ਪਿਛਾਂਹ-ਖਿੱਚੂ ਜਮਾਤ ਵਜੋਂ ਇਨਕਲਾਬ ਦੀ ਸੱਟ ਦਾ ਨਿਸ਼ਾਨਾ ਨਹੀਂ ਰਹਿੰਦਾ। 

ਇਸ ਪ੍ਰਸੰਗ ’ਚ ਸ਼ਹੀਦ ਭਗਤ ਸਿੰਘ ਵੱਲੋਂ ਵੱਡੀ ਸਰਮਾਏਦਾਰੀ ਦੇ ਸਾਮਰਾਜੀ ਹਿੱਤਾਂ ਨਾਲ ਬੱਝੀ ਹੋਣ ਦੀ ਨਿਸ਼ਾਨਦੇਹੀ ਦਾ ਕਾਫੀ ਮਹੱਤਵ ਬਣ ਜਾਂਦਾ ਹੈ। ਇਸ ਨਿਸ਼ਾਨਦੇਹੀ ’ਚ ਭਾਰਤੀ ਕਮਿਊਨਿਸਟ ਪਾਰਟੀ ਦੇ ਉਸ ਮਾਰਗ ਨਾਲੋਂ ਵਖਰੇਵੇਂ ਦੇ ਬੀਜ ਸਮੋਏ ਹੋਏ ਹਨ ਜਿਸ ’ਤੇ ਚਲਦਿਆਂ ਇਹ ਝੋਲੀ ਦੇ ਲਗਭਗ ਸਾਰੇ ਦਾਣੇ ਕਾਂਗਰਸ ਦੇ ਪਲੇਟਫਾਰਮ ਨੂੰ ਮਜ਼ਬੂਤ ਕਰਨ ਲਈ ਅਰਪਣ ਕਰਦੀ ਰਹੀ, ਜਿਸ ਨੂੰ ਇਹ ਸਾਮਰਾਜ-ਵਿਰੋਧੀ ਕੌਮੀ ਸਾਂਝੇ ਮੋਰਚੇ ਦਾ ਪਲੇਟਫਾਰਮ ਕਹਿੰਦੀ ਸੀ। 

ਸ਼ਹੀਦ ਭਗਤ ਸਿੰਘ ਵੱਲੋਂ ਭਾਰਤੀ ਇਨਕਲਾਬ ਦਾ ਮਾਰਗ ਉਲੀਕਣ ਦੇ ਯਤਨਾਂ ’ਚ ਵੱਡੀ ਸਰਮਾਏਦਾਰੀ ਅਤੇ ਇਸ ਦੇ ਕਾਂਗਰਸੀ ਨੁਮਾਇੰਦਿਆਂ ਵੱਲੋਂ ਸਾਮਰਾਜ-ਵਿਰੋਧੀ ਇਨਕਲਾਬੀ ਲਹਿਰ ਨੂੰ ਠਿੱਬੀ ਲਾ ਜਾਣ ਦੇ ਖਤਰੇ ਤੋਂ ਪੇਸ਼ਬੰਦੀਆਂ ਨੂੰ ਜ਼ੋਰਦਾਰ ਮਹੱਤਵ ਹਾਸਲ ਸੀ। ਅਜਿਹੇ ਖਤਰੇ ਦੇ ਟਾਕਰੇ ਲਈ ਵੀ ਸ਼ਹੀਦ ਭਗਤ ਸਿੰਘ ਨੂੰ ਲੋਕਾਂ ਦੀ ਆਪਣੀ ਪਾਰਟੀ ਯਾਨੀ ਕਮਿਊਨਿਸਟ ਪਾਰਟੀ ਦੀ ਸਿਰਜਣਾ ਦੀ ਵਿਸ਼ੇਸ਼ ਤੱਦੀ ਸੀ। ਕਾਂਗਰਸ ਅਤੇ ਵੱਡੇ ਸਰਮਾਏਦਾਰਾਂ ਦੇ ਰੋਲ ਬਾਰੇ ਭੁਲੇਖਿਆਂ ਤੋਂ ਮੁਕਤ ਪਾਰਟੀ ਜਿਹੜੀ ਇਨਕਲਾਬੀ ਹਾਲਤ ਵਿਚ ਸਮੇਂ ਸਿਰ ਢੁੱਕਵੀਂ ਦਖ਼ਲਅੰਦਾਜ਼ੀ ਕਰ ਸਕੇ ਅਤੇ ਇਨਕਲਾਬ ਦੀ ਵਾਗਡੋਰ ਆਪਣੇ ਹੱਥ ਲੈ ਕੇ ਇਸ ਨੂੰ ਜਿੱਤ ਤੱਕ ਪਹੁੰਚਾ ਸਕੇ। 

ਪਰ ਕੁੱਝ ਵਿਚਾਰਧਾਰਕ ਸੀਮਤਾਈਆਂ ਸਰ ਹੋਣੀਆਂ ਅਜੇ ਬਾਕੀ ਸਨ। ਪੂੰਜੀਪਤੀ ਜਮਾਤ ਅਤੇ ਕਾਂਗਰਸ ਹੱਥੋਂ ‘‘ਧੋਖੇ’’ ਬਾਰੇ ਸ਼ਹੀਦ ਭਗਤ ਸਿੰਘ ਦੀਆਂ ਚਿਤਾਵਨੀਆਂ ’ਚ ਇਸ ਗੱਲ ਦਾ ਵੀ ਦਖ਼ਲ ਸੀ ਕਿ ਉਹ ਇਨਕਲਾਬ ਰਾਹੀਂ ਰਾਜਸੱਤਾ ਹੱਥ ਲੈ ਕੇ ਇਸ ਨੂੰ ਤੁਰੰਤ ਸਮਾਜਵਾਦ ਦੀ ਸਥਾਪਨਾ ਲਈ ਜੁਟਾਉਣ ਦਾ ਟੀਚਾ ਰੱਖਦਾ ਸੀ। ਯੂਰਪੀਅਨ ਮੁਲਕਾਂ ਅਤੇ ਅਮਰੀਕੀ ਤਰਜ਼ ਦੇ ਪੂੰਜੀਵਾਦੀ ਰਾਜ ਦੀ ਸਥਾਪਨਾ ਦਾ ਟੀਚਾ ਉਸ ਨੇ ਆਪਣੀ ਮਾਰਕਸਵਾਦੀ ਸੂਝ ਦੇ ਆਧਾਰ ’ਤੇ ਰੱਦ ਕੀਤਾ ਹੋਇਆ ਸੀ। ਸਾਮਰਾਜੀ ਗਲਬੇ ਹੇਠਲੇ ਮੁਲਕਾਂ ’ਚ ਮਜ਼ਦੂਰ ਜਮਾਤ ਦੀ ਅਗਵਾਈ ’ਚ ਸਾਮਰਾਜ ਵਿਰੋਧੀ ਜਾਗੀਰਦਾਰ-ਵਿਰੋਧੀ ਇਨਕਲਾਬ, ਪਰੋਲੇਤਾਰੀ ਡਿਕਟੇਟਰਸ਼ਿੱਪ ਜਾਂ ਨਿਰੋਲ ਮਜ਼ਦੂਰ-ਕਿਸਾਨ ਰਾਜ ਦੀ ਥਾਂ ਸਭਨਾਂ ਇਨਕਲਾਬੀ ਜਮਾਤਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਅਤੇ ਅਜਿਹੇ ਇਨਕਲਾਬ ਲਈ ਕੌਮੀ ਸਰਮਾਏਦਾਰੀ ਸਮੇਤ ਸਭਨਾਂ ਇਨਕਲਾਬੀ ਜਮਾਤਾਂ ਦੇ ਸਾਂਝੇ ਮੋਰਚੇ ਸਬੰਧੀ ਸੰਕਲਪ ਚੀਨੀ ਇਨਕਲਾਬ ਦੇ ਤਜਰਬੇ ਰਾਹੀਂ ਮਗਰੋਂ ਨਿੱਖਰ ਕੇ ਸਥਾਪਤ ਹੋਏ ਸਨ। ਸਾਮਰਾਜੀ ਗਲਬੇ ਹੇਠਲੇ ਮੁਲਕਾਂ ’ਚ ਇਨਕਲਾਬ ਦੇ ਸਵਾਲ ਸਬੰਧੀ ਕਮਿਊਨਿਸਟ ਕੌਮਾਂਤਰੀ ਦੀਆਂ ਅਹਿਮ ਲਿਖਤਾਂ ਵੀ ਉਦੋਂ ਸ਼ਹੀਦ ਭਗਤ ਸਿੰਘ ਦੀ ਪਹੁੰਚ ਵਿਚ ਨਹੀਂ ਸਨ। ਲੈਨਿਨ, ਸਾਮਰਾਜੀ ਗਲਬੇ ਹੇਠਲੇ ਪਛੜੇ ਮੁਲਕਾਂ ਬਾਰੇ ਜੋਰ ਨਾਲ ਇਹ ਕਹਿੰਦਾ ਰਿਹਾ ਸੀ ਕਿ ਸਮਾਜਵਾਦ ਇਨ੍ਹਾਂ ਮੁਲਕਾਂ ’ਚ ਫੌਰੀ ਤੌਰ ’ਤੇ ‘‘ਮੜ੍ਹਿਆ’’ ਨਹੀਂ ਜਾ ਸਕਦਾ। ਉਸ ਨੇ ਇੱਕ ਹੋਰ ਅਹਿਮ ਗੱਲ ਇਹ ਕਹੀ ਸੀ ਕਿ ਇਹਨਾਂ ਮੁਲਕਾਂ ਦੇ ਕਮਿਊਨਿਸਟਾਂ ਨੂੰ ਮਾਰਕਸਵਾਦ ਦੀਆਂ ਬਣੀਆਂ ਤਣੀਆਂ ਪੁਸਤਕਾਂ ਨੇ ਕੰਮ ਨਹੀਂ ਦੇਣਾ। ਆਪਣੇ ਇਨਕਲਾਬਾਂ ਦੀ ਠੋਸ ਮਾਰਗ ਸੇਧ ਉਨ੍ਹਾਂ ਨੂੰ ਖੁਦ ਹਾਲਤਾਂ ਨਾਲ ਖੌਝਲ ਕੇ ਉਲੀਕਣੀ ਪੈਣੀ ਹੈ। ਕਮਿਊਨਿਜ਼ਮ ‘‘ਮੜ੍ਹਨ’’ ਖਿਲਾਫ਼  ਲੈਨਿਨ ਦੀਆਂ ਇਹਨਾਂ ਚਿਤਾਵਨੀਆਂ ਨੂੰ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿੱਪ ਨੇ ਵਜ਼ਨ ਦਿੱਤਾ, ਪਰ ਉਹ ਖੁਦ ਮੱਥਾਪੱਚੀ ਕਰਕੇ ਭਾਰਤੀ ਇਨਕਲਾਬ ਦੀ ਦਰੁਸਤ ਮਾਰਗ ਸੇਧ ਉਲੀਕਣ ’ਚ ਨਾਕਾਮ ਰਹੀ। ਸਗੋਂ ਲੈਨਿਨ ਦੀਆਂ ਚਿਤਾਵਨੀਆਂ ਉਸ ਖਾਤਰ ਸਾਮਰਾਜ-ਵਿਰੋਧੀ ਸਾਂਝੇ ਮੋਰਚੇ ਦੇ ਨਾਂ ਹੇਠ ਸਾਮਰਾਜ ਦੀ ਵਫਾਦਾਰ ਵੱਡੀ  ਸਰਮਾਏਦਾਰੀ ਨਾਲ ਸਾਂਝੇ ਮੋਰਚੇ ਅਤੇ ਇੱਥੋਂ ਤੱਕ ਕਿ ਇਸ ਦੀ ਆਗੂ ਭੂਮਿਕਾ ਸਵੀਕਾਰ ਕਰਨ ਦੀ ਵਾਜਬੀਅਤ ਬਣ ਗਈਆਂ।        . 

ਜੇਲ੍ਹ ਜੀਵਨ ਦਾ ਦੌਰ ਵਿਚਾਰਧਾਰਕ ਵਿਕਾਸ ਦਾ ਅਜਿਹਾ ਪੜਾਅ ਸੀ ਜਦੋਂ ਸ਼ਹੀਦ ਭਗਤ ਸਿੰਘ ਲੋਕਾਂ ਦੀ ਸਮਾਜਕ ਮੁਕਤੀ ਦੇ ਠੋਸ ਇਨਕਲਾਬੀ  ਪ੍ਰੋਗਰਾਮ ਦੇ ਸਵਾਲ ਨੂੰ  ਸੰਬੋਧਤ ਹੋ ਰਿਹਾ ਸੀ। ਅਜਿਹੇ ਠੋਸ ਪ੍ਰੋਗਰਾਮ ਬਗੈਰ ਉਸ ਨੂੰ ‘‘ਕੌਮੀ ਜਜ਼ਬਾਤਾਂ ਨੂੰ ਅਪੀਲ ਫਜ਼ੂਲ ਗੱਲ’’ ਜਾਪਦੀ ਸੀ। ਉਸ ਦਾ ਵਿਚਾਰ ਸੀ ਕਿ ਮੁਲਕ ਵਿਚ ‘‘ਕੌਮੀ ਇਨਕਲਾਬ’’ ਰਾਹੀਂ ‘‘ਅਮਰੀਕਾ ਵਰਗੇ ਭਾਰਤੀ ਗਣਤੰਤਰ’’ ਦੀ ਕੋਸ਼ਿਸ਼ ਗੈਰ-ਹਕੀਕੀ ਹੈ। ਉਸ ਦਾ ਵਿਚਾਰ ਸੀ ਕਿ ਸਰਮਾਏਦਾਰੀ  ਮਜ਼ਦੂਰਾਂ ਕਿਸਾਨਾਂ ਤੋਂ ਡਰਦੀ ਹੈ, ‘‘ਜਿਹਨਾਂ ’ਤੇ ਕੌਮੀ  ਇਨਕਲਾਬ  ਨਿਰਭਰ ਕਰਦਾ ਹੈ’’। ਇਸ ਕਰਕੇ ‘‘ਸਾਮਰਾਜਵਾਦ’’ ਨੂੰ ‘‘ਕੌਮੀ ਇਨਕਲਾਬ’’ ਰਾਹੀਂ ਨਹੀਂ ਸਗੋਂ ‘‘ਕਿਰਤੀ ਇਨਕਲਾਬ’’ ਰਾਹੀਂ ਹੀ ਗੱਦੀਉ ਲਾਹਿਆ ਜਾ ਸਕਦਾ ਹੈ। ‘‘ਕੋਈ ਹੋਰ ਚੀਜ਼ ਇਸ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦੀ।’’ ‘‘ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕਿਰਤੀ ਇਨਕਲਾਬ ਦੇ ਸਿਵਾਏ ਨਾ ਕਿਸੇ ਹੋਰ ਇਨਕਲਾਬ ਦੀ ਇੱਛਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਾਮਯਾਬ ਹੋ ਸਕਦਾ ਹੈ।’’ ਜਨਤਾ ਨੂੰ ‘‘ਸਮਝਾਉਣਾ ਪਵੇਗਾ ਕਿ ਇਨਕਲਾਬ ਉਹਦੇ ਹਿੱਤ ਲਈ ਹੈ ਅਤੇ ਉਸ ਦਾ ਹੈ। ਮਜ਼ਦੂਰ ਪ੍ਰੋਲੇਤਾਰੀ ਦਾ ਇਨਕਲਾਬ ਪ੍ਰੋਲੇਤਾਰੀ ਲਈ ਹੈ’’। ਇਸ ਰੌਸ਼ਨੀ ਵਿਚ ਸ਼ਹੀਦ ਭਗਤ ਸਿੰਘ ਸਾਮਰਾਜਵਾਦ ਅਤੇ ਜਾਗੀਰਦਾਰੀ ਦੇ ਖਾਤਮੇ ਲਈ ਸਮਾਜਵਾਦੀ ਆਰਥਿਕ ਕਦਮਾਂ  ਨੂੰ ਆਪਣੇ ਪ੍ਰੋਗਰਾਮ ਦਾ ਆਧਾਰ ਬਣਾਉਂਦਾ ਹੈ। ਪਰ ਅਜਿਹੇ ਪ੍ਰੋਗਰਾਮ ਦੇ ਪ੍ਰਸੰਗ ਵਿਚ ਮੁਲਕ ਵਿਚ ਸਾਮਰਾਜ-ਵਿਰੋਧੀ ਸਰਮਾਏਦਾਰੀ ਦੀ ਹੋਂਦ ਨੂੰ ਨੋਟ ਕਰਨ ਦਾ ਮਹੱਤਵ ਮੱਧਮ ਪੈ ਜਾਂਦਾ ਹੈ। 

ਉਪਰੋਕਤ ਚਰਚਾ ਅਤੇ ਮਾਰਕਸਵਾਦੀ ਸਮੱਗਰੀ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਦੀ ਸ਼ਹੀਦ ਭਗਤ ਸਿੰਘ ਦੀ ਸਮਰੱਥਾ ਦੇ ਪ੍ਰਸੰਗ ’ਚ ਪਛੜੇ ਮੁਲਕਾਂ ਦੇ ਇਨਕਲਾਬਾਂ ਸਬੰਧੀ ਲੈਨਿਨ ਅਤੇ ਕਮਿਊਨਿਸਟ ਕੌਮਾਂਤਰੀ ਦੀ ਸਿਧਾਂਤਕ ਸਮੱਗਰੀ ਸ਼ਹੀਦ ਭਗਤ ਸਿੰਘ ਤੱਕ ਨਾ ਪਹੁੰਚ ਸਕਣਾ ਇੱਕ ਬਹੁਤ ਹੀ ਮਹੱਤਵਪੂਰਨ ਘਾਟੇਵੰਦਾ ‘‘ਸਵੱਬ’’ ਹੋ ਨਿੱਬੜਦਾ ਹੈ। ਅਜਿਹਾ ਹੋ ਜਾਣ ਦੀ ਹਾਲਤ ’ਚ ਸ਼ਹੀਦ ਭਗਤ ਸਿੰਘ ਦਾ ਮੱਥਾ ਅਜਿਹੇ ਇਨਕਲਾਬ ਦੇ ਨਕਸ਼ ਤਲਾਸ਼ਣ ਅਤੇ ਤਰਾਸ਼ਣ ਦੀ ਸਮੱਸਿਆ ਨਾਲ ਲੱਗਣਾ ਸੀ ਜਿਹੜਾ ਸਮਾਜਵਾਦ ਦੀ ਫੌਰੀ ਸਥਾਪਨਾ ਦਾ ਸਾਧਨ ਨਾ ਹੋਣ ਦੇ ਬਾਵਜੂਦ ਵੀ ਪੂੰਜੀਵਾਦ ਦੀ ਸਥਾਪਨਾ ਦਾ ਸਾਧਨ ਨਾ ਬਣੇ, ਸਗੋਂ ਅਗਲੇ ਪੜਾਅ ’ਤੇ ਹੋਣ ਵਾਲੇ ਸਮਾਜਵਾਦੀ ਇਨਕਲਾਬ ਦਾ ਅੰਗ ਬਣ ਸਕੇ। ਇਸ ਨੁਕਤੇ ਨਾਲ ਦੋ ਚਾਰ ਹੋਣ ਅਤੇ ਇਸ ਨੂੰ ਗ੍ਰਹਿਣ ਕਰ ਲੈਣ ਦੀ ਹਾਲਤ ’ਚ ਇਨਕਲਾਬ ਲਈ ਜਮਾਤੀ ਕਤਾਰਬੰਦੀ ਦੇ ਸਵਾਲ ਨੂੰ ਸੰਬੋਧਤ ਹੋਣ ਖਾਤਰ ਪਹਿਲਾਂ ਜ਼ਿਕਰ ਅਧੀਨ ਆਏ ਕੁੱਝ ਪੱਖਾਂ ਤੋਂ ਸ਼ਹੀਦ ਭਗਤ ਸਿੰਘ ਕਾਫੀ ਬਿਹਤਰ ਹਾਲਤ ’ਚ ਦਿਖਾਈ ਦਿੰਦਾ ਹੈ। ਪੂੰਜੀਵਾਦੀ ਇਨਕਲਾਬ ਦੇ ਬਦਲ ਵਜੋਂ ਪਰ ਸਮਾਜਵਾਦ ਤੋਂ ਪਹਿਲਾਂ ਕੀਤੇ ਜਾਣ ਵਾਲੇ ਇਨਕਲਾਬ ਦੇ ਸੰਕਲਪ ਨਾਲ ਜੁੜ ਕੇ ਸਰਮਾਏਦਾਰੀ ਦੇ ਵੱਖ ਵੱਖ ਹਿੱਸਿਆਂ ’ਚ ਵਖਰੇਵੇਂ ਵੱਲ ਆਹੁਲਦੀ ਉਸ ਦੀ ਪਹੁੰਚ ਨਿਵੇਕਲਾ ਮਹੱਤਵ ਹਾਸਲ ਕਰਨ ਦੀ ਸੰਭਾਵਨਾ ਰੱਖਦੀ ਸੀ। ‘‘ਲੋਕਾਂ ਵੱਲੋਂ ਲੋਕਾਂ ਲਈ ਰਾਜਸੀ ਤਾਕਤ ’ਤੇ ਕਬਜਾ’’ -ਇਨਕਲਾਬ ਦਾ ਇਹ ਸੰਕਲਪ ਪੇਸ਼ ਕਰਦਿਆਂ ਭਗਤ ਸਿੰਘ ਵੱਲੋਂ ਦਿੱਤੀ ਸ਼ਬਦ ‘‘ਲੋਕ’’ ਅਤੇ ‘‘ਕੌਮ’’ ਦੀ ਪ੍ਰੀਭਾਸ਼ਾ ਮਹੱਤਵਪੂਰਨ ਹੈ। ਉਸ ਖਾਤਰ ‘‘ਲੋਕ’’ ਅਤੇ ‘‘ਕੌਮ’’ ਦੇ ਅਰਥ ਨਿਰੋਲ ਮਜ਼ਦੂਰ ਜਮਾਤ ਤੱਕ ਸੀਮਤ ਨਹੀਂ ਹਨ। ਦੂਜੇ ਪਾਸੇ ਉਹ ਤਾੜਨਾ ਕਰਦਾ ਹੈ ਕਿ ‘‘ਕੌਮ ਕਾਂਗਰਸ ਦੇ ਲਾਉੂਡ ਸਪੀਕਰ ਨਹੀਂ ਹਨ।’’ ਉਹ ‘‘ਲੋਕਾਂ’’ ’ਚ 95 ਫੀਸਦੀ ਜਨਤਾ ਨੂੰ  ਸ਼ੁਮਾਰ ਕਰਦਾ ਹੈ। ਸ਼ਹੀਦ ਭਗਤ ਸਿੰਘ ਸਾਹਮਣੇ ਬੁਰਜੂਆ ਕੌਮੀ ਇਨਕਲਾਬ ਦੇ ਬਦਲ ਵਜੋਂ ਰੂਸ ਦੇ ਅਕਤੂਬਰ ਇਨਕਲਾਬ ਦਾ ਮਾਡਲ ਸੀ। ਪਛੜੇ ਮੁਲਕਾਂ ਦੇ ਇਨਕਲਾਬਾਂ ਦੀ ਵਿਸ਼ੇਸ਼ਤਾ ਬਾਰੇ ਲੈਨਿਨਵਾਦੀ ਸਿਧਾਂਤਕ ਸਮੱਗਰੀ ਹਾਸਲ ਹੋਣ ਦੀ ਹਾਲਤ ਵਿਚ ਲੋਕਾਂ ਵੱਲੋਂ ਰਾਜਸੀ ਤਾਕਤ ’ਤੇ ਕਬਜੇ ਦਾ ਉਸ ਦਾ ਸੰਕਲਪ ਭਾਰਤ ਦੀਆਂ ਠੋਸ ਹਾਲਤਾਂ ਅਨੁਸਾਰ ਨਿੱਤਰ ਕੇ ਅਤੇ ਨਿੱਖਰ ਕੇ ਪ੍ਰਗਟ ਹੋਣ ਦੀ ਸੰਭਾਵਨਾ ਰੱਖਦਾ ਸੀ। ਮਜ਼ਦੂਰ ਜਮਾਤ ਦੀ ਅਗਵਾਈ ’ਚ ਸਭਨਾਂ ਇਨਕਲਾਬੀ ਜਮਾਤਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਦੇ ਸੰਕਲਪ ਵਜੋਂ ਪੇਸ਼ ਹੋਣ ਦੀ ਸੰਭਾਵਨਾ ਰੱਖਦਾ ਸੀ। ਅਜਿਹਾ ਸੰਕਲਪ ਜਮਹੂਰੀ ਇਨਕਲਾਬ ਦੀਆਂ ਫੌਰੀ ਲੋੜਾਂ ਦੇ ਆਧਾਰ ’ਤੇ ਸਮੁੱਚੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਦੀ ਸੀ.ਪੀ.ਆਈ. ਦੀ ਮਾਰਗ ਸੇਧ ਦਾ ਹਾਂ-ਪੱਖੀ ਬਦਲ ਬਣ ਸਕਦਾ ਸੀ। ਪਰ ਇਤਿਹਾਸ ਨੂੰ ਸ਼ਹੀਦ ਭਗਤ ਸਿੰਘ ਦੀ ਉੱਭਰਦੀ ਕਮਿਊਨਿਸਟ ਇਨਕਲਾਬੀ ਪ੍ਰਤਿਭਾ ਦੇ ਅਜਿਹੇ ਸੰਭਾਵਤ ਜਲਵੇ ਦੇਖਣ, ਅੰਗਣ ਤੇ ਪਰਖਣ ਦਾ ਮੌਕਾ ਨਹੀਂ  ਮਿਲ ਸਕਿਆ।     . 

ਇਹ ਗੱਲ ਵੀ ਦਿਲਚਸਪ ਹੈ ਕਿ ਕਮਿਊਨਿਸਟ ਬਣ ਰਹੇ ਪਛੜੇ ਮੁਲਕਾਂ ਦੇ ਮੱਧਵਰਗੀ ਕੌਮਪ੍ਰਸਤਾਂ ਨੂੰ, ਜਿਹੜੇ ਸੋਵੀਅਤ ਯੂਨੀਅਨ ਵਿਚ ਮਾਰਕਸਵਾਦ ਦੀ ਸਿੱਖਿਆ ਹਾਸਲ ਕਰ ਰਹੇ ਸਨ, ਦੋ ਨੁਕਤਿਆਂ ਬਾਰੇ ਕਾਇਲ ਕਰਨ ’ਤੇ ਲੈਨਿਨ ਦਾ ਵਿਸ਼ੇਸ਼ ਜੋਰ ਲਗਦਾ ਰਿਹਾ ਸੀ। ਇੱਕ ਨੁਕਤਾ ਇਨਕਲਾਬੀ ਦਹਿਸ਼ਤਗਰਦੀ ਦੀ ਨਿਰਾਰਥਕਤਾ ਬਾਰੇ ਸੀ ਤੇ ਦੂਜਾ ਨੁਕਤਾ ਪਛੜੇ ਮੁਲਕਾਂ ਦੀ ਜਨਤਾ ਫੌਰੀ ਤੌਰ ’ਤੇ ‘‘ਕਮਿਊਨਿਜ਼ਮ ਠੋਸਣ’’ ਦੀਆਂ ਕੋਸ਼ਿਸ਼ਾਂ ਦੀ ਨਿਰਾਰਥਕਤਾ ਬਾਰੇ ਸੀ। (ਸੋਮਾ ‘‘ਸੋਵੀਅਤ ਯੂਨੀਅਨ ’ਚ ਭਾਰਤੀ ਇਨਕਲਾਬੀ’’) ਆਪਣੀ ਬੌਧਿਕ ਸਮਰੱਥਾ ਦੇ ਜੋਰ ਸ਼ਹੀਦ ਭਗਤ ਸਿੰਘ ਨੇ ਹਾਸਲ ਮਾਰਕਸਵਾਦੀ ਸਾਹਿਤ ਨੂੰ ਆਧਾਰ ਬਣਾ ਕੇ ਪਹਿਲੇ ਨੁਕਤੇ ਬਾਰੇ ਸਪਸ਼ਟਤਾ ਹਾਸਲ ਕੀਤੀ। ਦੂਜੇ ਅਹਿਮ ਨੁਕਤੇ ਬਾਰੇ ਲੋੜੀਂਦੀ ਅਧਿਐਨ ਸਮੱਗਰੀ ਸ਼ਹੀਦ ਭਗਤ ਸਿੰਘ ਨੂੰ ਹਾਸਲ ਨਾ ਹੋਈ। ‘‘95 ਫੀਸਦੀ’’ ਲੋਕਾਂ ਦੇ ਰਾਜ ਦਾ ਉਸ ਦਾ ਤਸੱਵਰ , ਸਾਮਰਾਜਵਾਦ ਤੋਂ ਮੁਕਤੀ ਨੂੰ ਸਮਾਜਕ ਮੁਕਤੀ ਦੇ ਪ੍ਰੋਗਰਾਮ ’ਤੇ ਆਧਾਰਤ ਕਰਨ ਦੀ ਉਸ ਦੀ ਪਹੁੰਚ, ਸਰਮਾਏਦਾਰੀ ਦੇ ਇੱਕ ਹਿੱਸੇ ਦੀ ਸਾਮਰਾਜਵਾਦ ਨਾਲ ਵਫਾਦਾਰੀ ਬਾਰੇ ਉਸ ਦੀ ਸਪੱਸ਼ਟਤਾ, ਇਸ ਨਾਲ ਟਕਰਾਵੇਂ ਹਿੱਤਾਂ ਵਾਲੀ ਸਰਮਾਏਦਾਰੀ ਦੀ ਹੋਂਦ ਵੱਲ ਉਸ ਦਾ ਧਿਆਨ, ਇਨਕਲਾਬ ਦੀ ਆਜ਼ਾਦ ਆਗੂ ਸ਼ਕਤੀ ਵਜੋਂ ਕਮਿਊਨਿਸਟ ਪਾਰਟੀ ਦੀ ਉਸਾਰੀ ਦਾ ਉਸ ਦਾ ਸੰਕਲਪ-ਉਸ ਦੀ ਵਿਚਾਰਧਾਰਕ ਸੂਝ ਦੇ ਇਹ ਅਹਿਮ ਅੰਸ਼ ਬੱਸ ਇੱਕੋ ਅਗਲਾ ਵਿਚਾਰਧਾਰਕ ਸੰਕੇਤ ਮੰਗਦੇ ਜਾਪਦੇ ਹਨ। ਲੈਨਿਨ ਦਾ ਇਹ ਸੁਝਾਊ ਸੰਕੇਤ ਕਿ ਪਛੜੇ ਮੁਲਕਾਂ ਦਾ ਸਮਾਜਵਾਦ ਵੱਲ ਕੂਚ, ਇਹਨਾਂ ਮੁਲਕਾਂ ਦੇ ਜਮਹੂਰੀ ਇਨਕਲਾਬਾਂ ਦੇ ਵਿਸ਼ੇਸ਼ ਨਕਸ਼ਾਂ ਨੂੰ ਬੁੱਝਣ ਅਤੇ ਤਰਾਸ਼ਣ ’ਤੇ ਨਿਰਭਰ ਕਰਦਾ ਹੈ। ਹਾਸਲ ਹੋਇਆ ਇਹ ਸੰਕੇਤ ਸ਼ਹੀਦ ਭਗਤ ਸਿੰਘ ਨੂੰ ‘‘ਕੁੱਝ ਹੋਰ’’ ਬਣਾ  ਦੇਣ ਦੀ ਸੰਭਾਵਨਾ ਰੱਖਦਾ ਸੀ, ਉਹਨਾਂ ਸਮਿਆਂ ਵਿਚ ਜਦੋਂ ਸ਼ਹੀਦ ਭਗਤ ਸਿੰਘ ਅਜੇ 23 ਸਾਲਾਂ ਦਾ ਗੱਭਰੂ ਸੀ ਅਤੇ ਭਾਰਤ ਆਪਣਾ ‘‘ਮਾਓ-ਜ਼ੇ-ਤੁੰਗ’’ ਤਲਾਸ਼ ਰਿਹਾ ਸੀ। ਸ਼ਹਾਦਤ ਤੋਂ ਐਨ ਪਹਿਲਾਂ ਸ਼ਹੀਦ ਭਗਤ ਸਿੰਘ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਲੈਨਿਨ ਨਾਲ ‘‘ਮੁਲਾਕਾਤ’’ ਕਰ ਰਿਹਾ ਸੀ। ਕਾਸ਼ ਇਹ ‘‘ਮੁਲਾਕਾਤ’’ ਹੋਰ ਲੰਮੀ ਹੋ ਸਕਦੀ! ਤੇ ਜੇ ਇਹ ਸੱਚਮੁੱਚ ਹੋ ਜਾਂਦੀ.. ..ਇਹ ਖਿਆਲ ਸ਼ਹੀਦ  ਭਗਤ ਸਿੰਘ ਨੂੰ ਨਿਰਖ ਨਾਲ ਪੜ੍ਹਨ ਵਾਲਿਆਂ ਦੇ ਮਨਾਂ ’ਚ ਹਮੇਸ਼ਾਂ ਦਿਲ ਦੀ ਧੜਕਣ ਤੇਜ਼ ਕਰਨ ਵਾਲੀ ਉਤਸੁਕਤਾ ਜਗਾਉਦਾ ਰਹੇਗਾ। 

ਪਰ ਅੱਜ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਲਈ ਵਧੇਰੇ ਮਹੱਤਵਪੂਰਨ ਪਾਸ਼ ਦੀ ਇਹ ਟਿੱਪਣੀ ਹੈ ਕਿ ਉਨ੍ਹਾਂ ਨੇ ਮਾਰਕਸਵਾਦ-ਲੈਨਿਨਵਾਦ ਨੂੰ ਉਸ ਤੋਂ ਅੱਗੇ ਪੜ੍ਹਨਾ ਹੈ, ਜਿੱਥੇ ਫਾਂਸੀ ਦੇ ਤਖਤੇ ਵੱਲ ਜਾਂਦਾ ਭਗਤ ਸਿੰਘ ਲੈਨਿਨ ਦੀ ਕਿਤਾਬ ਦਾ ਵਰਕਾ ਮੋੜ ਕੇ ਛੱਡ ਗਿਆ ਸੀ।           .                    

                                                                                            (ਸਤੰਬਰ, 2007)