Tuesday, November 8, 2022

 ਪਾਬੰਦੀਆਂ ਨੂੰ ਭੰਨਕੇ  ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰ  ਜਥੇਬੰਦੀਆਂ ਨੇ ਲਾਇਆ ਤਿੰਨ ਰੋਜ਼ਾ ਮੋਰਚਾ 

ਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਖੇਤ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ’ਤੇ ਅਧਾਰਿਤ ਜਥੇਬੰਦ ਕੀਤੇ ਗਏ “ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਪੰਜਾਬ’’ ਵੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਤੇ ਅਹਿਮ ਮੰਗਾਂ ਨੂੰ ਲੈ ਕੇ ਪਿਛਲੇ ਕੁੱਝ ਮਹੀਨਿਆਂ ਤੋਂ ਲਾਮਬੰਦੀ ਤੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਇਸ ਸਾਂਝੇ ਸੰਘਰਸ਼ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ’ਤੇ ਵੀ ਮਜ਼ਦੂਰ ਮੰਗਾਂ ਨੂੰ ਲੈ ਕੇ ਮੁਹਿੰਮਾਂ ਜਥੇਬੰਦ ਕੀਤੀਆਂ ਗਈਆਂ ਹਨ। ਸਾਡੇ ਸਮਾਜ ਦੇ ਸਭ ਤੋਂ ਵੱਧ ਦਬਾਏ ਅਤੇ ਕਿਸਾਨ ਲਹਿਰ ਦੀ  ਜੁਝਾਰੂ ਟੁਕੜੀ ਬਣਦੇ ਇਸ ਹਿੱਸੇ ਦੀ ਘੋਲਾਂ ’ਚ ਲਗਾਤਾਰ ਹਰਕਤਸ਼ੀਲਤਾ ਸਲਾਹੁਣਯੋਗ ਕਦਮ ਹੈ। 

 ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਮੋਰਚੇ ਵੱਲੋਂ ਪਹਿਲਾਂ 8 ਅਗਸਤ ਨੂੰ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ ਦੇ ਕੇ ਪੰਜਾਬ ਸਰਕਾਰ ਤੱਕ ਆਪਣਾ ਮੰਗ ਪੱਤਰ ਭੇਜਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਮਜ਼ਦੂਰ ਮਸਲਿਆਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕਰਨ ਦੀ ਹਾਲਤ ਵਿੱਚ 12 ਸਤੰਬਰ ਤੋਂ 14 ਸਤੰਬਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਤਿੰਨ ਰੋਜ਼ਾ  ਮੋਰਚਾ ਲਾਇਆ ਜਾਵੇਗਾ। ਪਰ ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਥਾਂ ਮਜ਼ਦੂਰ ਜਥੇਬੰਦੀਆਂ ਵੱਲੋਂ 12 ਤੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਲਾਏ ਜਾਣ ਵਾਲੇ ਇਸ ਤਿੰਨ ਰੋਜ਼ਾ ਮੋਰਚੇ ੳੱੁਪਰ ਪਾਬੰਦੀ ਮੜ੍ਹਕੇ ਮਜ਼ਦੂਰ ਆਗੂਆਂ ਨੂੰ ਧਮਕੀ ਭਰੇ ਨੋਟਿਸ ਵੀ ਭੇਜੇ ਗਏ। ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੀ ਵਾਰਸ ਦੱਸਣ ਅਤੇ ਪਹਿਲੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਵੱਖਰਾ ਰਾਜ ਪ੍ਰਬੰਧ ਦੇਣ ਦੇ ਫੋਕੇ ਹੋਕਰਿਆਂ ਨਾਲ ਸੱਤਾ ’ਚ ਆਈ ਆਪ ਸਰਕਾਰ ਦੇ ਇਸ ਧੱਕੜ ਤੇ ਜਾਬਰ ਫੁਰਮਾਨ ਨੇ ਮਜ਼ਦੂਰ ਵਰਗ ਵਿੱਚ ਹੋਰ ਵੀ ਰੋਹ ਭਰ ਦਿੱਤਾ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਭ ਸਰਕਾਰੀ ਰੋਕਾਂ ਭੰਨਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਮੋਰਚਾ ਲਾਉਣ ਰਾਹੀਂ ਆਪਣਾ ਜਮਹੂਰੀ ਹੱਕ ਪੁਗਾਉਣ ਦਾ ਗਰਜਵਾਂ ਐਲਾਨ ਕਰ ਦਿੱਤਾ ਗਿਆ। ਆਪ ਸਰਕਾਰ ਦੇ ਇਸ ਕਦਮ ਦੀ ਸਭਨਾਂ ਪਾਸਿਆਂ ਤੋਂ ਥੂ-ਥੂ ਹੋਣ ਲੱਗ ਪਈ। ਆਖਰ 12 ਸਤੰਬਰ ਨੂੰ ਮਜ਼ਦੂਰਾਂ ਦੇ ਜੁਝਾਰੂ ਰੌਂਅ ਤੇ ਵੱਡੀ ਲਾਮਬੰਦੀ ਦੇ ਜ਼ੋਰ ਜ਼ਿਲ੍ਹਾ ਪ੍ਰਸਾਸ਼ਨ ਸੰਗਰੂਰ ਵੱਲੋਂ ਲਾਈਆਂ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਸੜਕ ਜਾਮ ਕਰਕੇ ਮੋਰਚਾ ਸ਼ੁਰੂ ਕਰ ਦਿੱਤਾ। ਭਾਵੇਂ ਹਕੂਮਤੀ ਪਾਬੰਦੀਆਂ ਕਾਰਨ ਪੰਡਾਲ ਤੇ ਸਟੇਜ ਲਾਉਣ ਵਰਗੇ ਕੰਮਾਂ ’ਚ ਵੱਡਾ ਵਿਘਨ ਪੈਣ ਦੀ ਸੰਭਾਵਨਾ ਸੀ ਪਰ ਜੋਸ਼ ਅਤੇ ਰੋਹ ਨਾਲ ਭਰੇ ਮਜ਼ਦੂਰਾਂ ਵੱਲੋਂ ਕੁੱਝ ਮਿੰਟਾਂ ਵਿੱਚ ਹੀ ਟੈਂਟ ਸਟੇਜ ਲਾਉਣ ਤੇ ਸਪੀਕਰ ਚਲਾਉਣ ਵਰਗੇ ਅਨੇਕਾਂ ਕੰਮ ਨੇਪਰੇ ਚਾੜ੍ਹ ਦਿੱਤੇ ਗਏ ਜਿਹਨਾਂ ਨੂੰ ਪੂਰਾ ਕਰਨ ਲਈ ਪਹਿਲਾਂ ਦੋ ਦਿਨ ਰੱਖੇ ਗਏ ਸਨ। ਦੇਰ ਰਾਤ ਤੱਕ ਮਜ਼ਦੂਰ ਆਗੂਆਂ ਦੇ ਭਾਸ਼ਣਾਂ ਤੋਂ ਇਲਾਵਾ ਨਾਹਰੇ ਤੇ ਇਨਕਲਾਬੀ ਗੀਤ  ਗੂੰਜਦੇ ਰਹੇ। ਆਪ ਸਰਕਾਰ ਦੇ ਦਾਅਵਿਆਂ ਤੇ ਹਕੀਕਤਾਂ ਵਿਚਲੇ ਪਾੜਿਆਂ ਦੀ ਮਜ਼ਦੂਰ ਮੰਗਾਂ ਦੇ ਹਵਾਲੇ ਨਾਲ ਪਾਜ ਉਘੜਾਈ ਹੁੰਦੀ ਰਹੀ।

     ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਿਹੜੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਡੀ.ਸੀ. ਦਫਤਰਾਂ ਅੱਗੇ ਇੱਕ ਰੋਜ਼ਾ ਧਰਨੇ ਦਿੱਤੇ ਗਏ ਅਤੇ ਪਿਛੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਮੋਰਚਾ ਲਾਇਆ ਗਿਆ ਉਹਨਾਂ ’ਚ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ, ਮਜ਼ਦੂਰਾਂ ਦੇ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ’ਤੇ ਦੇਣ, ਇਹਨਾਂ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਰੱਦ ਕਰਨ, ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ, ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕਰਨ ਅਤੇ ਅੱਗੇ ਵਾਸਤੇ ਬਿਨਾਂ ਵਿਆਜ ਸਰਕਾਰੀ ਤੇ ਸਹਿਕਾਰੀ ਬੈਂਕਾਂ ਰਾਹੀਂ ਕਰਜ਼ਾ ਦੇਣ, ਗੁਲਾਬੀ ਸੁੰਡੀ ਕਾਰਨ ਖ਼ਰਾਬ ਨਰਮੇ ਤੋਂ ਇਲਾਵਾ ਕੁਦਰਤੀ ਆਫ਼ਤਾਂ ਨਾਲ ਨੁਕਸਾਨੀਆਂ ਫ਼ਸਲਾਂ ਤੇ ਨੁਕਸਾਨੇ ਘਰਾਂ ਦਾ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਬੇਘਰੇ ਤੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ ਅਤੇ ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਕਾਨਾਂ ਦੇ ਮਾਲਕੀ ਹੱਕ ਦੇਣ, ਸਿੱਖਿਆ ਤੇ ਸਿਹਤ ਸਹੂਲਤਾਂ ਯਕੀਨੀ ਬਣਾਉਣ, ਬੁਢਾਪਾ, ਵਿਧਵਾ ਤੇ ਅਪੰਗ ਆਦਿ ਪੈਨਸ਼ਨਾਂ ਦੀ ਰਕਮ ਪੰਜ ਹਜ਼ਾਰ ਰੁਪਏ ਮਹੀਨਾ ਕਰਨ ਅਤੇ ਬੁਢਾਪਾ ਪੈਨਸ਼ਨ ਲਈ ਉਮਰ ਦੀ ਹੱਦ ਘਟਾਉਣ, ਦਲਿਤਾਂ ’ਤੇ ਜ਼ਬਰ ਬੰਦ ਕਰਨ ਅਤੇ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ’ਤੇ ਦਰਜ ਕੇਸ ਵਾਪਿਸ ਲੈਣ ਆਦਿ ਪ੍ਰਮੁੱਖ ਹਨ । ਇਹਨਾਂ ਵਿੱਚੋਂ ਕਈ ਮੰਗਾਂ ਮੌਜੂਦਾ ਤੇ ਪੁਰਾਣੀ ਸਰਕਾਰ ਵੱਲੋਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਹਨ ਜਿਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਵੱਲੋਂ ਘੇਸਲ ਵੱਟੀ ਹੋਈ ਹੈ। 

   ਮੋਰਚੇ ਦੇ ਦੂਜੇ ਦਿਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਦਾਬ ਵਧਾਉਂਦਿਆਂ ਕਲੋਨੀ ਦੇ ਅੰਦਰ ਦਾਖਲ ਹੋ ਕੇ ਮੁੱਖ ਮੰਤਰੀ ਦੀ ਕੋਠੀ ਦੇ ਮੁੱਖ ਦੁਆਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ । ਇਸ ਐਲਾਨ ਨੂੰ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਵੱਲੋਂ ਪੂਰੇ ਜੋਸ਼ ਨਾਲ ਪ੍ਰਵਾਨ ਕੀਤਾ ਗਿਆ। ਇਹ ਐਲਾਨ ਹੁੰਦਿਆਂ ਹੀ ਸਿਵਲ ਤੇ ਪੁਲਿਸ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਅਤੇ ਮਜ਼ਦੂਰ ਆਗੂਆਂ ਨਾਲ ਗੱਲਬਾਤ ਦਾ ਅਮਲ ਸੁਰੂ ਕਰ ਦਿੱਤਾ ਗਿਆ। ਕਈ ਗੇੜ ਦੀ ਗੱਲਬਾਤ ਤੋਂ ਬਾਅਦ ਆਖਰ( ਮੁੱਖ ਮੰਤਰੀ ਦੇ ਵਿਦੇਸ਼ ਗਏ ਹੋਣ ਕਾਰਨ ) ਅਗਲੇ ਦਿਨ ਹੀ ਸਵੇਰੇ 10 ਵਜੇ ਖਜਾਨਾ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਤਹਿ ਹੋ ਗਈ। ਮਜ਼ਦੂਰ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਖਜਾਨਾ ਮੰਤਰੀ ਨਾਲ ਹੋਣ ਵਾਲੀ ਮੀਟਿੰਗ ’ਚ ਕੋਈ ਤਸੱਲੀਬਖਸ਼ ਉੱਤਰ ਨਾ ਮਿਲਿਆ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਨਾ ਕੀਤੀ ਗਈ ਤਾਂ ਮੋਰਚੇ ’ਚ ਡਟੇ ਹੋਏ ਮਜ਼ਦੂਰ ਮਰਦ ਔਰਤਾਂ ਵੱਲੋਂ ਸਖਤ ਐਕਸ਼ਨ ਕੀਤਾ ਜਾਵੇਗਾ। ਇਸ ਐਕਸ਼ਨ ਦੀ ਸਫਲਤਾ ਲਈ ਪੂਰਾ ਤਾਣ ਜੁਟਾ ਕੇ ਮਜ਼ਦੂਰ ਮਰਦ ਔਰਤਾਂ ਨੂੰ ਮੋਰਚੇ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। 

 14 ਅਕਤੂਬਰ ਨੂੰ  ਮਜ਼ਦੂਰ ਆਗੂਆਂ ਦੀ ਖਜਾਨਾ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ ਗਿਆ । ਮਨਰੇਗਾ ਦੇ ਖੜ੍ਹੇ ਬਕਾਏ ਦੀ ਸੂਚਨਾ ਤੁਰੰਤ ਮੰਗੀ ਗਈ ਅਤੇ ਕੁਝ ਦਿਨਾਂ ’ਚ ਹੀ ਇਹ ਬਕਾਏ ਕਲੀਅਰ ਕਰਨ ਦਾ ਯਕੀਨ ਦੁਆਇਆ ਗਿਆ ਅਤੇ ਆਪਣੇ ਨਾਲ ਸਬੰਧਤ ਮੰਗਾਂ ਦੇ ਸਾਰਥਿਕ ਹੱਲ ਲਈ ਸਬੰਧਤ ਅਧਿਕਾਰੀਆਂ ਸਮੇਤ ਮੁੜ 29 ਸਤੰਬਰ ਨੂੰ ਮੀਟਿੰਗ ਦੀ ਤਰੀਕ ਤਹਿ ਕੀਤੀ ਗਈ ਜਦੋਂ ਕਿ ਮੁੱਖ ਮੰਤਰੀ ਨਾਲ ਵੀ 3 ਅਕਤੂਬਰ ਦੀ ਮੀਟਿੰਗ ਤਹਿ ਕਰਵਾ ਦਿੱਤੀ ਗਈ । ਦੂਜੇ ਪਾਸੇ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਸੰਗਰੂਰ ਮੋਰਚੇ ’ਚ ਪੁੱਜੇ ਅਤੇ ਮੰਗਾਂ ਦੇ ਹੱਲ ਲਈ ਖਜਾਨਾ ਮੰਤਰੀ ਨਾਲ ਹਾਂ ਪੱਖੀ ਮਾਹੌਲ ’ਚ ਹੋਈ ਮੀਟਿੰਗ ਉਪਰੰਤ ਇਹ ਹਜ਼ਾਰਾਂ ਮਜ਼ਦੂਰਾਂ ਦਾ ਕਾਫਲਾ ਪੂਰੇ ਜਾਹੋ-ਜਲਾਲ ਨਾਲ ਇਸ ਤਿੰਨ ਰੋਜ਼ਾ ਮੋਰਚੇ ਤੋਂ ਆਪੋ ਆਪਣੇ ਖੇਤਰਾਂ ਨੂੰ ਪਰਤ ਗਿਆ।

ਮਜ਼ਦੂਰ ਜਥੇਬੰਦੀਆਂ ਦਾ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗਿਆ ਇਹ ਮੋਰਚਾ ਕਈ ਅਹਿਮ ਪੱਖਾਂ ਤੋਂ ਬੇਹੱਦ ਸਫਲ ਰਿਹਾ ਜਿਹਨਾਂ ’ਚੋਂ ਕੁੱਝ ਪੱਖਾਂ ਦੀ ਚਰਚਾ ਹੇਠ ਲਿਖੇ ਅਨੁਸਾਰ ਕੀਤੀ ਜਾ ਰਹੀ ਹੈ। ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਸੱਦੇ ਦਾ ਮਜ਼ਦੂਰਾਂ ਅੰਦਰ ਭਰਵਾਂ ਸਵਾਗਤ ਹੋਇਆ ਅਤੇ   ਵਿਸ਼ਾਲ ਗਿਣਤੀ ਮਜ਼ਦੂਰ ਮਰਦ ਔਰਤਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਹੁੰਗਾਰੇ ਦੀ ਝਲਕ ਸੰਗਰੂਰ ਮੋਰਚੇ ’ਚ ਹਜ਼ਾਰਾਂ ਮਜ਼ਦੂਰਾਂ ਦੀ ਸ਼ਮੂਲੀਅਤ ਤੋਂ ਇਲਾਵਾ ਪਹਿਲਾਂ ਪਿੰਡਾਂ ਅੰਦਰ ਚੱਲੀ ਤਿਆਰੀ ਮੁਹਿੰਮ ਦੌਰਾਨ ਜਥੇਬੰਦ ਕੀਤੀਆਂ ਮੀਟਿੰਗਾਂ ਰੈਲੀਆਂ ’ਚ ਵੱਡੀ ਗਿਣਤੀ ਮਜ਼ਦੂਰ ਮਰਦ ਔਰਤਾਂ ਦੀ ਸ਼ਮੂਲੀਅਤ ਰਾਹੀਂ ਵੀ ਉਜਾਗਰ ਹੁੰਦੀ ਰਹੀ । ਇਸ ਮੋਰਚੇ  ਦੇ ਪਹਿਲੇ ਦਿਨ ਜੇਕਰ ਮਜ਼ਦੂਰਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਸੀ ਤਾਂ ਦੂਸਰੇ ਤੇ ਤੀਸਰੇ ਦਿਨ ਇਹ ਗਿਣਤੀ 9 ਹਜ਼ਾਰ ਦੇ ਕਰੀਬ ਸੀ। ਇਸ ਮੋਰਚੇ ਦੀ ਵਿਲੱਖਣਤਾ ਇਹ ਵੀ ਰਹੀ ਕਿ ਇੱਥੇ ਦਿਨ ਸਮੇਂ ਤਾਂ ਭਾਰੀ ਗਿਣਤੀ ਜੁੱਟਦੀ ਹੀ ਰਹੀ ਸਗੋਂ ਰਾਤਾਂ ਨੂੰ ਵੀ ਵੱਡੀ ਗਿਣਤੀ ਔਰਤਾਂ ਸਮੇਤ ਤਿੰਨ ਹਜ਼ਾਰ ਤੋਂ ਵਧੇਰੇ ਗਿਣਤੀ ਮੋਰਚੇ ’ਚ ਡਟਦੀ ਰਹੀ ਹੈ।

   ਮਜ਼ਦੂਰ ਮੋਰਚੇ ਉਤੇ ਸਰਕਾਰ ਵੱਲੋਂ ਲਾਈ ਪਾਬੰਦੀ ਦੀ ਪ੍ਰਵਾਹ ਨਾ ਕਰਦਿਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਹਰ ਹਾਲਤ ਮੋਰਚਾ ਲਾਉਣ ਦੇ ਧੜੱਲੇਦਾਰ ਫੈਸਲੇ  ਦੀ ਵੀ ਵਿਸ਼ੇਸ਼ ਅਹਿਮੀਅਤ ਬਣਦੀ ਹੈ, ਜਿਸਦਾ ਜਿੱਥੇ ਮਜ਼ਦੂਰ ਵਰਗ ਵੱਲੋਂ ਭਰਵਾਂ ਹੁੰਗਾਰਾ ਭਰਿਆ ਗਿਆ ੳੱੁਥੇ ਹਕੂਮਤ ਨੂੰ ਇਸਦੀ ਵਾਹਵਾ ਸਿਆਸੀ ਕੀਮਤ ’ਤਾਰਨੀ ਪਈ ਅਤੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ। 

   ਇਸ ਮੋਰਚੇ ’ਚ ਖੇਤ ਮਜ਼ਦੂਰ ਔਰਤਾਂ  ਦੀ ਭਾਰੀ ਗਿਣਤੀ ’ਚ ਸ਼ਮੂਲੀਅਤ ਇਸ ਮੋਰਚੇ ਅਤੇ ਮਜ਼ਦੂਰ ਜਥੇਬੰਦੀਆਂ ਦੀ ਵਿਲੱਖਣ ਉਪਲੱਬਧੀ ਕਹੀ ਜਾ ਸਕਦੀ ਹੈ। ਮਜ਼ਦੂਰ ਔਰਤਾਂ ਦੀ ਸੰਘਰਸ਼ਾਂ ’ਚ ਸਮੂਲੀਅਤ ਇੱਕ ਸੁਤੇ-ਸਿਧ ਵਰਤਾਰਾ ਹੈ। ਇਹਨਾਂ ਪਰਿਵਾਰਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਹੀ ਅਜਿਹੀ ਹੈ ਜਿਥੇ ਮਜ਼ਦੂਰ ਔਰਤਾਂ, ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ’ਚ ਕੈਦ ਰੱਖਣ ਵਾਲੇ ਜਗੀਰੂ ਬੰਧਨਾਂ ਨੂੰ ਉਲੰਘ ਕੇ ਪਰਿਵਾਰ ਦੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਕੰਮਾਂ ’ਚ ਜੁਟਦੀਆਂ ਹਨ। ਉਹਨਾਂ ਨੂੰ ਖੇਤਾਂ ਬੰਨਿਆਂ ’ਤੇ ਦਿਹਾੜੀ -ਮਜ਼ਦੂਰੀ ਕਰਨ, ਕੱਖ -ਪੱਠਾ ਖੋਤਣ ਅਤੇ ਬੇਗਾਨੇ ਘਰਾਂ ’ਚ ਪਸ਼ੂਆਂ ਦੀ ਮੂਤਰਾਲ ਹੂੰਝਣ ਵਰਗੇ ਕਰਨੇ ਪੈਂਦੇ ਅਨੇਕਾਂ ਕੰਮਾਂ ਲਈ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿੱਕਲਣ ਦੀ ਮਜ਼ਬੂਰੀ ਸਦਕਾ   ਇੱਕ ਹੱਦ ਤੱਕ ਕਰੀਹ ਹੋਈਆਂ ਇਹ ਜਗੀਰੂ ਰਵਾਇਤਾਂ ਅਤੇ ਸਖਤ ਜਾਨ ਕੰਮ ਹਾਲਤਾਂ ਉਹਨਾਂ ਨੂੰ ਸੰਘਰਸ਼ਾਂ ਦੇ ਮੈਦਾਨ ’ਚ  ਮਰਦਾਂ ਦੇ ਬਰਾਬਰ ਪੁੱਗਣ  ਦਾ ਸੁਤੇ ਸਿਧ ਇਨਕਲਾਬੀ ਤੰਤ ਬਖਸ਼ਦੀਆਂ ਹਨ। ਮਜ਼ਦੂਰ ਜਥੇਬੰਦੀਆਂ ਲਈਆਂ ਇਸ ਤੰਤ ਨੂੰ ਚੇਤਨ ਤੌਰ ’ਤੇ ਹੋਰ ਅੱਗੇ ਵਧਾਉਣ ਲਈ ਔਰਤਾਂ ਨੂੰ ਲੀਡਰਸ਼ਿੱਪਾਂ ’ਚ ਮੂਹਰੇ ਲਿਆਉਣ ਲਈ ਤਾਣ ਜੁਟਾਈ ਕਰਨ ਦੀ ਲੋੜ ਹੈ।

  ਮਜ਼ਦੂਰ ਜਥੇਬੰਦੀਆਂ ਵੱਲੋਂ ਇਸ ਮੋਰਚੇ ਲਈ ਲੰਗਰ ਦੇ ਪ੍ਰਬੰਧਾਂ ਵਜੋਂ ਪਿੰਡਾਂ ’ਚੋਂ ਰਾਸ਼ਨ ਇਕੱਠਾ ਕੀਤਾ ਗਿਆ ਅਤੇ ਵੱਡੀ ਗਿਣਤੀ ਮਜ਼ਦੂਰ ਪਿੰਡਾਂ ’ਚੋਂ ਗਹਿਗੱਡਵਾਂ ਹੁੰਗਾਰਾ ਮਿਲਿਆ। ਇਸ ਮੋਰਚੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ ) ਵੱਲੋਂ ਵੱਡੇ ਪੈਮਾਨੇ ’ਤੇ ਤਿੰਨੇਂ ਦਿਨ ਲੰਗਰ ਲਾਉਣ ਦਾ ਕੀਤਾ ਗਿਆ ਉਪਰਾਲਾ ਵਿਸ਼ੇਸ਼ ਤੌਰ ’ਤੇ ਸੁਲਾਹੁਣਯੋਗ ਕਦਮ ਬਣਦਾ ਹੈ।  ਕਿਸਾਨ ਜਥੇਬੰਦੀ ਵੱਲੋਂ ਸਮੂਹ ਮਜ਼ਦੂਰਾਂ ਲਈ ਲਾਏ ਲੰਗਰ ’ਚ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੰਜਾਬ ਖੇਤ ਸਭਾ ਵੱਲੋਂ  ਪਿੰਡਾਂ ’ਚੋਂ ’ਕੱਠਾ ਕੀਤਾ ਰਾਸ਼ਨ ਇਸ ਲੰਗਰ ’ਚ ਪਾਇਆ ਗਿਆ। ਇਸ ਤੋਂ ਇਲਾਵਾ ਦੋ ਮਜ਼ਦੂਰ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ’ਤੇ ਵੀ ਲੰਗਰ ਚਲਾਏ ਗਏ। ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਜ਼ਦੂਰ ਮੋਰਚੇ ਲਈ ਲੰਗਰ ਲਾਉਣ ਤੋਂ ਇਲਾਵਾ ਆਪਣੇ ਪ੍ਰਭਾਵ ਹੇਠਲੇ ਖੇਤ ਮਜ਼ਦੂਰਾਂ ਨੂੰ ਇਸ ਮੋਰਚੇ ’ਚ ਲਾਮਬੰਦ ਕਰਕੇ ਸੈਂਕੜੇ ਮਜ਼ਦੂਰਾਂ ਦੀ ਸ਼ਮੂਲੀਅਤ ਕਰਾਉਣ ਦਾ ਚੁੱਕਿਆ ਗਿਆ ਕਦਮ  ਜਿੱਥੇ ਇਸ ਤਿੰਨ ਰੋਜ਼ਾ ਮੋਰਚੇ ਨੂੰ ਪਦਾਰਥਕ ਤੌਰ ,’ਤੇ ਤਕੜਾਈ ਦੇਣ ਦਾ ਸਾਧਨ ਹੋ ਨਿੱਬੜਿਆ ਉਥੇ ਇਹ ਲੰਮੇਂ ਦਾਅ ਤੋਂ ਮਜ਼ਦੂਰਾਂ ਕਿਸਾਨਾਂ ਦੀ ਜੋਟੀ ਨੂੰ ਹੋਰ ਮਜ਼ਬੂਤ ਕਰਨ ਪੱਖੋਂ ਹੋਰ ਵੀ ਵਧੇਰੇ ਅਹਿਮੀਅਤ ਰੱਖਦਾ ਹੈ। ਇਸ ਮੋਰਚੇ ’ਚ ਬੀ.ਕੇ.ਯੂ. ਏਕਤਾ ਉਗਰਾਹਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਸਭਾ ਤੋਂ ਇਲਾਵਾ ਕਈ ਮੁਲਾਜ਼ਮ ਅਤੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ, ਜਿਹਨਾਂ ਵਿੱਚੋਂ ਕੁੱਝ ਵੱਲੋਂ ਇਸ ਮੋਰਚੇ ਲਈ ਫੰਡਾਂ ਦਾ ਯੋਗਦਾਨ ਵੀ ਪਾਇਆ ਗਿਆ। ਜਦੋਂ ਕਿ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਦੇ ਵੱਲੋਂ ਮਜ਼ਦੂਰ ਮੋਰਚੇ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਸਾਂਝੇ ਮਜ਼ਦੂਰ ਮੋਰਚੇ ’ਚੋਂ ਬਾਹਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਭਰਾਤਰੀ ਸੰਦੇਸ਼ ਸਟੇਜ ਤੋਂ ਦਿੱਤੇ ਗਏ। ਕੁੱਲ ਮਿਲਾ ਕੇ ਇਸ ਮੋਰਚੇ ਦਾ ਮਜ਼ਦੂਰਾਂ ਉੱਤੇ ਉਤਸਾਹੀ ਅਸਰ ਦਿਖਾਈ ਦਿੱਤਾ ਉਨ੍ਹਾਂ ਦੇ ਇਸ ਉਤਸ਼ਾਹ ’ਚ ਸਰਕਾਰੀ ਪਾਬੰਦੀਆਂ ਨੂੰ ਭੰਨਕੇ ਆਪਣੀ ਜਥਬੰਦ ਤਾਕਤ ਦੇ ਜ਼ੋਰ ਆਪਣੀ ਪੁਗਾਉਣ ਅਤੇ ਵੱਡੇ ਇਕੱਠ ’ਚੋਂ ਤਾਕਤ ਮਹਿਸੂਸ ਕਰਨ ਦਾ ਅਹਿਮ ਰੋਲ ਹੈ। ਇਸ ਇਕੱਠ ਦੇ ਮਜ਼ਦੂਰਾਂ ਉੱਪਰ ਪਏ ਉਤਸ਼ਾਹੀ ਅਸਰ ਦੀ ਨੁਮਾਇੰਦਗੀ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਮਜ਼ਦੂਰ ਔਰਤਾਂ ਦੇ ਇਹਨਾਂ ਬੋਲਾਂ ’ਚੋਂ ਸਾਫ ਝਲਕਦੀ ਹੈ ਕਿ “ਬਾਈ ਹੁਣ ਤਾਂ ਆਪਣਾ ਕੱਠ ਵੀ ਉਗਰਾਹਾਂ ਜਿੰਨਾਂ ਹੋਣ ਲੱਗ ਪਿਆ।’’

    ਇਉਂ ਜਿੱਥੇ ਮਜ਼ਦੂਰਾਂ ਤੋਂ ਇਲਾਵਾ ਭਰਾਤਰੀ ਹਿੱਸਿਆਂ ਵੱਲੋਂ ਇਸ ਮੋਰਚੇ ਦੀ ਸਫਲਤਾ ਲਈ ਕੀਤੀ ਤਾਣ ਜੁਟਾਈ ਸੁਲੱਖਣਾ ਵਰਤਾਰਾ ਹੈ, ੳੱੁਥੇ ਆਪ ਸਰਕਾਰ ਵੱਲੋਂ ਪਹਿਲਾਂ ਮੋਰਚੇ ਨੂੰ ਫੇਲ੍ਹ ਕਰਨ ਲਈ ਪਾਬੰਦੀਆਂ ਲਾਉਣਾ, ਪਿੱਛੋਂ ਸੰਘਰਸ਼ ਦੇ ਦਬਾਅ ਹੇਠ ਮੁੱਖ ਮੰਤਰੀ ਵੱਲੋਂ ਮੀਟਿੰਗ ਤਹਿ ਕਰਕੇ ਵੀ ਇਸਨੂੰ ਰੱਦ ਕਰ ਦੇਣਾ ਅਤੇ ਖਜਾਨਾ ਮੰਤਰੀ ਵੱਲੋਂ ਕੀਤੇ ਵਾਅਦੇ ਮੁਤਾਬਕ ਮਜ਼ਦੂਰ ਜਥੇਬੰਦੀਆਂ ਨਾਲ ਕਈ ਘੰਟੇ ਲੰਮੀ ਮੀਟਿੰਗ  ਕਰਕੇ ਵੀ ਕੋਈ ਠੋਸ ਕਦਮ ਨਾ ਚੁੱਕਣਾ  ਅਤੇ ਮੋਰਚੇ ਤੋਂ ਵਾਪਸ ਪਰਤ ਰਹੇ ਜਲੰਧਰ ਜ਼ਿਲ੍ਹੇ ਦੇ ਦੋ ਮਜ਼ਦੂਰਾਂ ਦੀ ਫਿਲੌਰ ਵਿਖੇ ਰੇਲ ਹਾਦਸੇ ’ਚ ਹੋਈ ਮੌਤ ਦਾ ਮੁਆਵਜ਼ਾ ਵੀ ਕਰੀਬ ਇੱਕ ਹਫਤੇ ਦੇ ਲੰਮੇ ਤੇ ਸਿਰੜੀ ਸੰਘਰਸ਼ ਉਪਰੰਤ ਹੀ ਦੇਣ ਲਈ ਮਜ਼ਬੂਰ ਹੋਣਾ ਇਸ ਸਰਕਾਰ ਦੇ ਮਜ਼ਦੂਰ ਤੇ ਲੋਕ-ਵਿਰੋਧੀ ਜਮਾਤੀ ਕਿਰਦਾਰ ਦਾ ਉੱਘੜਵਾਂ ਸਬੂਤ ਹੋ ਨਿੱਬੜਿਆ। 

              ਮੀਟਿੰਗ ਰੱਦ ਕਰਨ ਖਿਲਾਫ 

              ਮਜ਼ਦੂਰਾਂ ਨੇ ਕੀਤੇ ਪ੍ਰਦਰਸ਼ਨ 

   ਮੁੱਖ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਉਪਰੰਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 10,11ਤੇ12 ਅਕਤੂਬਰ ਨੂੰ ਸੈਂਕੜੇ ਪਿੰਡਾਂ ’ਚ ਮੁੱਖ ਮੰਤਰੀ ਦੇ ਪੁਤਲੇ ਫੂਕਣ ਤੋਂ ਇਲਾਵਾ 18 ਅਕਤੂਬਰ ਨੂੰ ਸੰਗਰੂਰ ਦੇ ਪਿੰਡ ਕਾਲਵਣਜਾਰਾ ਵਿਖੇ ਮੁੱਖ ਮੰਤਰੀ ਇੱਕ ਉਦਘਾਟਨੀ ਸਮਾਰੋਹ ’ਚ ਸ਼ਿਰਕਤ ਸਮੇਂ ਵੀ ਸੈਂਕੜੇ ਮਜ਼ਦੂਰਾਂ ਵੱਲੋਂ ਕਾਲੇ ਝੰਡਿਆਂ ਨਾਲ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਹਾਸਲ ਜਾਣਕਾਰੀ  ਅਨੁਸਾਰ ਮਜ਼ਦੂਰ ਜਥੇਬੰਦੀਆਂ ਵੱਲੋਂ ਆਪ ਸਰਕਾਰ ਦੇ ਇਸ ਮਜ਼ਦੂਰ-ਵਿਰੋਧੀ ਰਵੱਈਏ ਤੇ ਨੀਤੀਆਂ ਵਿਰੁੱਧ ਅਗਲੀ ਰਣਨੀਤੀ ਘੜਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।    

                       ---੦---  

No comments:

Post a Comment