28 ਸਤੰਬਰ:ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ਦਾ ਸੰਦੇਸ਼ ਸ਼ਹੀਦ ਭਗਤ ਸਿੰਘ ਦੇ ਵਿਚਾਰ ਹੀ ਲੋਕ ਕਲਿਆਣ ਦਾ ਸਹੀ ਰਾਹ
ਬਰਨਾਲਾ 28 ਸਤੰਬਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਰੈਲੀ ਮੌਕੇ ਦਹਿ ਹਜ਼ਾਰਾਂ ਔਰਤਾਂ ਸਮੇਤ ਜਨ ਸੈਲਾਬ ਉਮੜ ਆਇਆ। ਬਸੰਤੀ ਚੁੰਨੀਆਂ ਤੇ ਬਸੰਤੀ ਪੱਗਾਂ ਸਜਾਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਹੱਥਾਂ ’ਚ ਫੜਕੇ ਸਜਿਆ ਵਿਸ਼ਾਲ ਪੰਡਾਲ ਲੋਕ ਮਨਾਂ ’ਚ ਸ਼ਹੀਦ ਭਗਤ ਸਿੰਘ ਦੇ ਉੱਕਰੇ ਹੋਏ ਬਿੰਬ ਨੂੰ ਪੇਸ਼ ਕਰ ਰਿਹਾ ਸੀ।
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਰਾਹ ’ਤੇ ਚੱਲ ਕੇ ਹੀ ਮੌਜੂਦਾ ਸਮੇਂ ਗੰਭੀਰ ਸੰਕਟ ’ਚ ਫਸੇ ਖੇਤੀ ਖੇਤਰ ਅਤੇ ਸਮੁੱਚੇ ਅਰਥਚਾਰੇ ਨੂੰ ਸੰਕਟ ਚੋਂ ਕੱਢ ਕੇ ਤਰੱਕੀ ਦੇ ਰਾਹ ਤੋਰ ਜਾ ਸਕਦਾ ਹੈ । ਸ੍ਰੀ ਉਗਰਾਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਸਦੇ ਫਿਰਕਾਪ੍ਰਸਤ ਪੈਰੋਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਕੇ ਤੇ ਉਸਨੂੰ ਅੱਤਵਾਦੀ ਕਹਿਕੇ ਸਾਮਰਾਜਵਾਦ ਤੇ ਜਗੀਰਦਾਰੀ ਦੀ ਸੇਵਾ ਕਰਨ ਦਾ ਜੱਦੀ ਪੁਸ਼ਤੀ ਰੋਲ ਹੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਨਕਲੀ ਇਨਕਲਾਬੀ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਦਾ ਤੱਤ ਰੋਲਕੇ ਫੋਕੇ ਹੋਕਰਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ ਭਗਤ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਇੱਕੋ ਇੱਕ ਰਾਹ ਹੈ। ਉਹਨਾਂ ਕਿਹਾ ਕਿ ਜਿੰਨਾਂ ਚਿਰ ਮੁਲਕ ’ਚੋਂ ਸਾਮਰਾਜੀ ਗਲਬਾ ਖਤਮ ਨਹੀਂ ਹੁੰਦਾ ਤੇ ਜਦੋਂ ਤੱਕ ਜਗੀਰਦਾਰੀ ਤੇ ਸੂਦਖੋਰੀ ਦੀ ਅੰਨੀਂ ਲੁੱਟ ਦਾ ਤੰਦੂਆ ਜਾਲ ਸਾਡੇ ਗਲੋਂ ਨਹੀਂ ਲਹਿੰਦਾ ਉਦੋਂ ਤੱਕ ਨਾ ਕਿਸਾਨ ਖੁਸਹਾਲ ਜੀਵਨ ਜਿਉਂ ਸਕਦਾ ਨਾ ਮੁਲਕ ਆਜ਼ਾਦ ਤੇ ਆਤਮ ਨਿਰਭਰ ਵਿਕਾਸ ਦੇ ਰਾਹ ਅੱਗੇ ਵਧ ਸਕਦਾ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸ਼ਹੀਦਏਆਜ਼ਮ ਭਗਤ ਸਿੰਘ ਹੀ ਅਜਿਹਾ ਵਿਚਾਰਵਾਨ ਇਨਕਲਾਬੀ ਸੀ ਜਿਸਨੇ ਕੌਮ ਦੇ ਮੂਹਰੇ ਇਸਦੇ ਕਲਿਆਣ ਲਈ ਠੋਸ ਤੇ ਸਪਸ਼ਟ ਸੰਕਲਪ ਰੱਖਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਤੀਖਣ ਬੁੱਧੀ ਦੇ ਜੋਰ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ਾਂ ਦੀ ਆਮਦ ਬਾਰੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ।
ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਆਪ ਵਾਲੇ ਬਦਲਾਅ ਦੀ ਹਕੂਮਤ ਦੀ ਗੱਲ ਕਰਦੇ ਆ ਪਰ ਉਹਨਾਂ ਦੇ ਰਾਜ ਵਿੱਚ ਪੱਗ ਦੇ ਰੰਗ ਤੋਂ ਬਿਨਾਂ ਕੁੱਝ ਵੀ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਉਹ ਗੱਲ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੀ ਕਰਦੇ ਆ ਪਰ ਮੁਲਕ ਦੇ ਵਿਕਾਸ ਲਈ ਲਾਗੂ ਓਹੀ ਕਾਰਪੋਰੇਟ ਮਾਡਲ ਕਰਦੇ ਹਨ ਜਿਸਨੂੰ ਹੁਣ ਤੱਕ ਕਾਂਗਰਸ , ਅਕਾਲੀ, ਭਾਜਪਾਈ ਤੇ ਹੋਰ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਹ ਭਗਤ ਸਿੰਘ ਦੇ ਆਦਰਸ਼ਾਂ ਤੇ ਵਿਚਾਰਾਂ ਦਾ ਤੱਤ ਰੋਲਕੇ ਨਾ ਸਿਰਫ ਲੋਕਾਂ ਨਾਲ ਸਗੋਂ ਭਗਤ ਸਿੰਘ ਨਾਲ ਵੀ ਧ੍ਰੋਹ ਕਮਾ ਰਹੇ ਹਨ। ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਕਿਸਾਨੀ ਤੇ ਕੌਮ ਦੇ ਕਲਿਆਣ ਲਈ ਚੱਲ ਰਹੇ ਸੰਘਰਸ਼ਾਂ ’ਚ ਔਰਤ ਵਰਗ ਦੇ ਯੋਗਦਾਨ ਤੇ ਮਹੱਤਵ ਨੂੰ ਉਭਾਰਿਆ। ਉਨ੍ਹਾਂ ਔਰਤਾਂ ਨੂੰ ਸੰਘਰਸ਼ਾਂ ਨਾਲ ਹੱਕ ਹਾਸਲ ਕਰਨ ਤੇ ਵੱਡੀਆਂ ਜਿੱਤਾਂ ਹਾਸਲ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਤ ਸਿੰਘ ਦੇ ਰਾਹ ਚੱਲ ਕੇ ਹੀ ਜਾਤਾਂ, ਧਰਮਾਂ, ਨਸਲਾਂ ਤੇ ਲਿੰਗ ਵਿਤਕਰਿਆਂ ਤੋਂ ਮੁਕਤ ਬਰਾਬਰੀ ਤੇ ਭਾਈਚਾਰੇ ’ਤੇ ਅਧਾਰਿਤ ਸੱਚਾ ਲੋਕਾਸ਼ਾਹੀ ਰਾਜ ਸਥਾਪਤ ਹੋ ਸਕਦਾ ਹੈ।
ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਆਉਣ ਵਾਲੇ ਲੋਕ ਸੰਘਰਸ਼ਾਂ ’ਚ ਨਾਂ ਸਿਰਫ ਨੌਜਵਾਨਾਂ ਦੀ ਸ਼ਮੂਲੀਅਤ ਦੇ ਮਹੱਤਵ ’ਤੇ ਜੋਰ ਦਿੱਤਾ, ਸਗੋਂ ਆਉਣ ਵਾਲੇ ਜਾਨ ਹੂਲਵੇਂ ਸੰਘਰਸ਼ਾਂ ਖਾਤਰ ਲੋੜੀਂਦੀ ਮਾਨਸਿਕ ਤਿਆਰੀ ਦਾ ਮਹੱਤਵ ਵੀ ਉਭਾਰਿਆ। ਉਹਨਾਂ ਨੇ ਨੌਜਵਾਨਾਂ ਲਈ ਸ਼ਹੀਦ ਭਗਤ ਸਿੰਘ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਆਪਣੀਆਂ ਜ਼ਿੰਦਗੀਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਲੇਖੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਠੇਕਾ ਮੁਲਾਜ਼ਮ ਮੋਰਚਾ ਦੇ ਆਗੂ ਜਗਰੂਪ ਸਿੰਘ ਲਹਿਰਾ ਨੇ ਵੀ ਸੰਬੋਧਨ ਕੀਤਾ।
ਰੈਲੀ ਦੇ ਅੰਤ ’ਤੇ (ਪਲਸ ਮੰਚ) ਵੱਲੋਂ ਅਮੋਲਕ ਸਿੰਘ ਦੇ ਲਿਖੇ ‘ਤੂੰ ਕਲਮਕਾਰ ਹੈਂ ਲੋਕਾਂ ਦਾ, ਤੂੰ ਹੈਂ ਅਮਰ ਕਦੇ ਨਹੀਂ ਮਰ ਸਕਦਾ’ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਕੋਰਿਓਗ੍ਰਾਫੀ ਨੇ ਇਸ ਸਮਾਗਮ ਦੇ ਇਨਕਲਾਬੀ ਰੰਗ ਨੂੰ ਹੋਰ ਵੀ ਗਾੜਾ ਕਰ ਦਿੱਤਾ।
ਜਾਰੀ ਕਰਤਾ:ਸੁਖਦੇਵ ਸਿੰਘ ਕੋਕਰੀ ਕਲਾਂ
ਸੂਬਾ ਜਨਰਲ ਸਕੱਤਰ ( ਪ੍ਰੈਸ ਬਿਆਨ ’ਚੋਂ ਸੰਖੇਪ)
No comments:
Post a Comment