ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ’ਤੇ ਪਾਸ ਮਤੇ
1. ਐੱਸ. ਵਾਈ. ਐਲ. ਨਹਿਰ ਦੇ ਮੁੱਦੇ ਨੂੰ ਮੁੜ ਉਭਾਰ ਕੇ ਮੋਦੀ ਸਰਕਾਰ ਵੱਲੋਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਏਕੇ ਵਿੱਚ ਪਾਟਕ ਪਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਦੋਹਾਂ ਸੂਬਿਆਂ ਦੇ ਮੌਕਾਪ੍ਰਸਤ ਵੋਟ ਸਿਆਸਤਦਾਨ ਆਪਣੀਆਂ ਸੌੜੀਆਂ ਵੋਟ ਗਿਣਤੀਆਂ ਲਈ ਹੋਰ ਹਵਾ ਦੇ ਰਹੇ ਹਨ। ਇਹ ਮੁੱਦਾ ਦੋਹਾਂ ਪਾਸਿਆਂ ਦੇ ਸਿਆਸਤਦਾਨਾਂ ਲਈ ਵੋਟਾਂ ਬਟੋਰਨ ਅਤੇ ਲੋਕਾਂ ’ਚ ਪਾਟਕ ਪਾਉਣ ਦਾ ਸਾਧਨ ਬਣਦਾ ਆ ਰਿਹਾ ਹੈ ਤੇ ਇਨ੍ਹਾਂ ਵਿੱਚੋਂ ਕਿਸੇ ਲਈ ਵੀ ਇਸ ਦੇ ਜਮਹੂਰੀ ਢੰਗ ਨਾਲ ਵਾਜਬ ਨਿਪਟਾਰੇ ਦਾ ਹਿਤ ਨਹੀਂ ਹੈ।
ਪੰਜਾਬ ਤੇ ਹਰਿਆਣੇ ’ਚ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਦੋਹਾਂ ਸੂਬਿਆਂ ਦੇ ਲੋਕਾਂ ਦਾ ਆਪਸੀ ਮਸਲਾ ਹੈ ਤੇ ਇਹ ਭਰਾਤਰੀ ਸਦਭਾਵਨਾ ਨਾਲ ਹੱਲ ਹੋਣਾ ਚਾਹੀਦਾ ਹੈ। ਪੰਜਾਬ ਦੇ ਪਾਣੀ ਦੇ ਸਮੁੱਚੇ ਸੰਕਟ ਨੂੰ ਸਿਰਫ ਹਰਿਆਣੇ ਨਾਲ ਦਰਿਆਈ ਪਾਣੀਆਂ ਦੀ ਵੰਡ ’ਤੇ ਕੇਂਦਿ੍ਰਤ ਕਰਨਾ ਅਸਲ ਵਿੱਚ ਲੋਕ ਦੁਸ਼ਮਣ ਮਨਸੂਬਿਆਂ ਦਾ ਹਿੱਤ ਹੋ ਸਕਦਾ ਹੈ। ਜਦੋਂ ਕਿ ਪਾਣੀ ਦਾ ਇਹ ਸੰਕਟ ਮੁੱਖ ਤੌਰ ’ਤੇ ਸਾਮਰਾਜੀ ਲੋੜਾਂ ਤੇ ਲੁੱਟ ਵਾਲੇ ਖੇਤੀ ਮਾਡਲ ਦਾ ਸਿੱਟਾ ਹੈ ਅਤੇ ਇਸ ਦਾ ਹੱਲ ਵੀ ਸੂਬੇ ਦੀਆਂ ਲੋੜਾਂ ਤੇ ਵਾਤਾਵਰਨ ਅਨੁਸਾਰ ਖੇਤੀ ਫਸਲਾਂ ਉਗਾਉਣ ਨਾਲ ਹੀ ਹੋਣਾ ਹੈ।
ਅੱਜ ਦਾ ਇਕੱਠ ਮੰਗ ਕਰਦਾ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਦਾ ਨਿਪਟਾਰਾ ਆਪਸੀ ਸਦਭਾਵਨਾ ਵਾਲੀ ਪਹੁੰਚ ਨਾਲ ਕੀਤਾ ਜਾਵੇ। ਵੋਟ ਗਿਣਤੀਆਂ ਨੂੰ ਪਾਸੇ ਰੱਖ ਕੇ ਮਸਲੇ ਦਾ ਹੱਲ ਸੰਸਾਰ ਪੱਧਰ ’ਤੇ ਪ੍ਰਵਾਨਿਤ ਰਿਪੇਰੀਅਨ ਤੇ ਬੇਸਿਨ ਦੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਕੀਤਾ ਜਾਵੇ। ਨਿਰਪੱਖ ਪਾਣੀ ਮਾਹਰਾਂ ਦੇ ਸੁਝਾਵਾਂ ’ਤੇ ਟੇਕ ਰੱਖੀ ਜਾਵੇ। ਇਹਨਾਂ ਮਾਹਰਾਂ ਦੇ ਵਿਗਿਆਨਕ ਸੁਝਾਵਾਂ ਨੂੰ ਆਧਾਰ ਬਣਾ ਕੇ ਹਰਿਆਣੇ ਤੇ ਰਾਜਸਥਾਨ ਦੀ ਰਿਪੇਰੀਅਨ ਹੈਸੀਅਤ ਦਾ ਨਿਪਟਾਰਾ ਕੀਤਾ ਜਾਵੇ ਅਤੇ ਉਦੋਂ ਤੱਕ ਦੋਨਾਂ ਰਾਜਾਂ ਵਿੱਚ ਪਾਣੀ ਦੀ ਚੱਲੀ ਆ ਰਹੀ ਵਰਤੋਂ ਕਾਇਮ ਰੱਖੀ ਜਾਵੇ ਤੇ ਐੱਸ. ਵਾਈ. ਐਲ. ਨਹਿਰ ਬਣਾਉਣ ਦਾ ਕੰਮ ਨਾ ਕੀਤਾ ਜਾਵੇ। ਨਿਪਟਾਰੇ ਦੇ ਇਸ ਅਮਲ ਵਿੱਚ ਦੋਹਾਂ ਸੂਬਿਆਂ ਦੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ। ਪੰਜਾਬ ਅੰਦਰੋਂ ਵਿਅਰਥ ਰੁੜ੍ਹੇ ਜਾਂਦੇ ਮੀਂਹ ਦੇ ਪਾਣੀ ਅਤੇ ਦਰਿਆਈ ਪਾਣੀ ਦੀ ਸੰਭਾਲ ਦੇ ਪੁਖਤਾ ਇੰਤਜ਼ਾਮ ਕਰਨ ਤੇ ਸਿੰਜਾਈ ਦੇ ਪ੍ਰੋਜੈਕਟਾਂ ਲਈ ਲੋੜੀਂਦੇ ਬਜਟ ਜੁਟਾਏ ਜਾਣ।
ਅੱਜ ਦਾ ਇਕੱਠ ਸਮੁੱਚੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਵੋਟ ਸਿਆਸਤਦਾਨਾਂ ਦੀਆਂ ਪਾਟਕ-ਪਾਊ ਚਾਲਾਂ ਨੂੰ ਰੱਦ ਕਰਕੇ ਆਪਸੀ ਏਕਾ ਕਾਇਮ ਰੱਖਣ, ਇਸ ਨੂੰ ਹੋਰ ਮਜ਼ਬੂਤ ਕਰਨ ਤੇ ਮੋਦੀ ਸਰਕਾਰ ਦੇ ਕਾਰਪੋਰੇਟੀ ਹੱਲੇ ਖਿਲਾਫ ਸਾਂਝੇ ਸੰਘਰਸ਼ ਨੂੰ ਹੋਰ ਅੱਗੇ ਵਧਾਉਣ।
2. ਪੰਜਾਬ ਅੰਦਰ ਵੱਖ ਵੱਖ ਫਿਰਕੂ ਸ਼ਕਤੀਆਂ ਤੇ ਵੋਟ ਸਿਆਸਤਦਾਨਾਂ ਵੱਲੋਂ ਆਪਣੇ ਸਿਆਸੀ ਤੇ ਫ਼ਿਰਕੂ ਮਨਸੂਬਿਆਂ ਲਈ ਤਰ੍ਹਾਂ-ਤਰ੍ਹਾਂ ਦੇ ਬਿਖੇੜੇ ਖੜ੍ਹੇ ਕਰ ਕੇ ਲੋਕਾਂ ਦੀ ਏਕਤਾ ‘ਚ ਪਾਟਕ ਪਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਹਕੂਮਤਾਂ ਦੇ ਸਾਮਰਾਜੀ ਹੱਲੇ ਖਿਲਾਫ ਮੁਲਕ ਭਰ ਵਿੱਚ ਮੋਹਰੀ ਹੋ ਕੇ ਜੂਝ ਰਹੇ ਪੰਜਾਬੀ ਲੋਕਾਂ ਦੀ ਆਪਸੀ ਏਕਤਾ ਤੇ ਸੰਘਰਸ਼ ਦੀ ਭਾਵਨਾ ਇਨ੍ਹਾਂ ਲੋਕ ਦੁਸ਼ਮਣ ਤਾਕਤਾਂ ਦੇ ਅੱਖਾਂ ਵਿੱਚ ਰੋੜ ਵਾਂਗ ਰੜਕ ਰਹੀ ਹੈ। ਇਨ੍ਹਾਂ ਖੜ੍ਹੇ ਕੀਤੇ ਜਾ ਰਹੇ ਬਿਖੇੜਿਆਂ ਦਾ ਚੰਦਰਾ ਮਕਸਦ ਇਸ ਲੋਕ-ਏਕਤਾ ਨੂੰ ਪਾੜ ਕੇ ਲੋਕਾਂ ਦੇ ਸੰਘਰਸ਼ਾਂ ਨੂੰ ਕਮਜੋਰ ਕਰਨਾ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਹੈ।
ਅੱਜ ਦਾ ਇਕੱਠ ਸਮੂਹ ਪੰਜਾਬੀ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਇਨ੍ਹਾਂ ਫਿਰਕੂ ਚਾਲਾਂ ਨੂੰ ਪਛਾਣ ਕੇ ਆਪਸੀ ਏਕਾ ਤੇ ਭਾਈਚਾਰਕ ਮਹੌਲ ਬਣਾ ਕੇ ਰੱਖੋ ਅਤੇ ਹੱਕੀ ਸੰਘਰਸ਼ਾਂ ’ਤੇ ਧਿਆਨ ਕੇਂਦਰਿਤ ਰੱਖੋ। ਸਾਰੇ ਕਿਰਤੀ ਲੋਕ ਧਰਮਾਂ, ਜਾਤਾਂ, ਗੋਤਾਂ ਅਤੇ ਇਲਾਕਿਆਂ ਤੋਂ ਉੱਪਰ ਉੱਠ ਕੇ ਨਵੀਆਂ ਆਰਥਿਕ ਨੀਤੀਆਂ ਖਿਲਾਫ ਸਾਂਝੇ ਸੰਘਰਸ਼ਾਂ ਦਾ ਝੰਡਾ ਬੁਲੰਦ ਕਰੋ।
3. ਅੱਜ ਦਾ ਇਕੱਠ ਮੋਦੀ ਸਰਕਾਰ ਦੇ ਫ਼ਿਰਕੂ-ਫਾਸ਼ੀ ਤੇ ਕਾਰਪੋਰੇਟ ਧਾਵੇ ਖ਼ਿਲਾਫ ਡਟ ਕੇ ਖੜ੍ਹੇ ਦੇਸ ਭਰ ਦੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਤੇ ਬੁੱਧੀਜੀਵੀਆਂ ਦੀ ਆਵਾਜ਼ ਨਾਲ ਇੱਕਜੁੱਟਤਾ ਜਾਹਰ ਕਰਦਾ ਹੈ ਤੇ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੀਆਂ ਨਿਹੱਕੀਆਂ ਗਿ੍ਰਫਤਾਰੀਆਂ ਦੀ ਨਿੰਦਾ ਕਰਦਾ ਹੈ। ਇਕੱਠ ਮੰਗ ਕਰਦਾ ਹੈ ਕਿ ਦੇਸ ਭਰ ਵਿੱਚ ਲੋਕਾਂ ਦੀ ਹੱਕੀ ਆਵਾਜ਼ ਦਬਾਉਣ ਦੇ ਜਾਬਰ ਕਦਮ ਫੌਰੀ ਰੋਕੇ ਜਾਣ। ਗਿ੍ਰਫਤਾਰ ਕੀਤੇ ਬੁੱਧੀਜੀਵੀ ਤੇ ਜਮਹੂਰੀ ਹੱਕਾਂ ਦੇ ਕਾਰਕੁਨ ਫੌਰੀ ਰਿਹਾਅ ਕੀਤੇ ਜਾਣ। ਸਿਆਸੀ ਕੈਦੀਆਂ ਅਤੇ ਹਰ ਧਰਮ, ਜਾਤ ਤੇ ਕਿੱਤੇ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ।
4. ਅੱਜ ਦਾ ਇਕੱਠ ਮਰਹੂਮ ਪੰਜਾਬੀ ਨਾਟਕਕਾਰ ਗੁਰਸਰਨ ਸਿੰਘ ਦੇ ਅੰਮਿ੍ਰਤਸਰ ਸਥਿਤ ਜੱਦੀ ਘਰ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦੇਣ ਦੀ ਲੋਕਾਂ ਦੀ ਮੰਗ ਦਾ ਪੁਰਜੋਰ ਸਮਰਥਨ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਲੋਕ-ਪੱਖੀ ਕਲਾਕਾਰਾਂ ਦੇ ਮੋਢੀ ਨਾਟਕਕਾਰ ਦੀ ਇਸ ਵਿਰਾਸਤ ਦੀ ਸੰਭਾਲ ਲੋਕਾਂ ਲਈ ਪ੍ਰੇਰਨਾਦਾਇਕ ਸਥਾਨ ਵਜੋਂ ਆਪਣੇ ਸਰਕਾਰੀ ਸੋਮਿਆਂ ਰਾਹੀਂ ਕੀਤੀ ਜਾਵੇ।
---0---
No comments:
Post a Comment