Tuesday, November 8, 2022

ਪੰਜਾਬ ਨੇ ਫਿਰ ਮਾਣ ਨਾਲ ਕਿਹਾ ਹੈ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ !!

 


ਪੰਜਾਬ ਨੇ ਫਿਰ ਮਾਣ ਨਾਲ ਕਿਹਾ ਹੈ
ਸ਼ਹੀਦ ਭਗਤ ਸਿੰਘ ਜ਼ਿੰਦਾਬਾਦ !!

ਸ਼ਹੀਦ ਭਗਤ ਸਿੰਘ ਲੋਕਾਂ ਦੇ ਦਿਲਾਂ ’ਚ ਕਿਵੇਂ ਵਸਦਾ ਹੈ, ਇਹਦੀ ਗਵਾਹੀ ਅੱਜ ਪੰਜਾਬ ਅੰਦਰ ਥਾਂ ਥਾਂ ’ਤੇ ਮਨਾਏ ਗਏ ਉਸ ਦੇ ਜਨਮ ਦਿਹਾੜੇ ਦੇ ਸਮਾਗਮਾਂ ਨੇ ਦਿੱਤੀ ਹੈ। ਉਸ ਨੂੰ ਅੱਤਵਾਦੀ ਜਾਂ ਹਿੰਦੂ ਰਾਸ਼ਟਰਵਾਦੀ ਕਹਿਣ ਦੇ ਕੂੜ ਪ੍ਰਚਾਰ ਦਾ ਜਵਾਬ ਲੋਕਾਂ ਨੇ ਅੱਜ ਲੱਖਾਂ ਦੀ ਤਦਾਦ ’ਚ ਇਕੱਠੇ ਹੋ ਕੇ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਹਿ ਕੇ ਦਿੱਤਾ ਹੈ। ਬਰਨਾਲੇ ’ਚ ਹੋਇਆ ਅੱਜ ਦਾ ਇਕੱਠ ਅਜਿਹਾ ਇਕੱਠ ਹੈ ਜਿਸਦਾ ਆਕਾਰ ਤੇ ਗਹਿਰਾਈ ਸ਼ਹੀਦ ਦੀ ਮਕਬੂਲੀਅਤ ਨੂੰ ਵਿਸ਼ੇਸ਼ ਕਰਕੇ ਦਰਸਾਉਂਦੀ ਹੈ। ਹਾਲਾਂਕਿ ਵੱਖ ਵੱਖ ਸੰਘਰਸ਼ ਰੁਝੇਵਿਆਂ ਦੌਰਾਨ ਬਰਨਾਲਾ ਕਾਨਫ਼ਰੰਸ ਲਈ ਕਿਸਾਨ ਜਥੇਬੰਦੀ ਵੱਲੋਂ ਵੱਡੀ ਜਨਤਕ ਮੁਹਿੰਮ ਹੱਥ ਨਹੀਂ ਲਈ ਜਾ ਸਕੀ ਸੀ, ਸਿਰਫ਼ ਸੁਨੇਹੇ ਹੀ ਪਹੁੰਚਾਏ ਜਾ ਸਕੇ ਸਨ, ਪਰ ਲੋਕਾਂ ਦੇ ਉਮੜੇ ਹੜ੍ਹ ਨੇ ਦਿਖਾਇਆ ਹੈ ਕਿ ਅਜਿਹੇ ਵੇਲੇ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਹਿਣਾ ਕਿਉਂ ਮਾਅ੍ਹਨੇ ਰੱਖਦਾ ਹੈ ਤੇ ਕਿਉਂ ਇਉਂ ਜ਼ਿੰਦਾਬਾਦ ਕਹਿਣਾ ਹਰ ਚੇਤਨ ਤੇ ਜਾਗਦੀ ਰੂਹ ਦੀ ਜ਼ਿੰੰਮੇਵਾਰੀ ਹੈ। ਇਸ ਨਿਭਾਈ ਗਈ ਜ਼ਿੰਮੇਵਾਰੀ ਨੇ ਸ਼ਹੀਦ ਦੇ ਵਾਰਸਾਂ ਦਰਮਿਆਨ ਤੇ ਉਸ ਦੇ ਦੁਸ਼ਮਣਾਂ ਦਰਮਿਆਨ ਲਕੀਰ ਦੀ ਹਕੀਕਤ ਨੂੰ ਹੋਰ ਗੂੜ੍ਹੀ ਕਰ ਦਿੱਤਾ ਹੈ। ਉਸ ਦੇ ਅਸਲੀ ਤੇ ਨਕਲੀ ਵਾਰਸਾਂ ਦੀ ਹਕੀਕਤ ’ਤੇ ਵੀ ਲਿਸ਼ਕੋਰ ਪਾਈ ਹੈ।

ਇਹ ਇਕੱਠ ਕਿਸੇ ਭਾਵੁਕ ਪ੍ਰਤੀਕਰਮ ਦਾ ਸਿੱਟਾ ਨਹੀਂ ਸੀ, ਇਹਦੇ ’ਚ ਭਗਤ ਸਿੰਘ ਹੋਣ ਦਾ ਜਸ਼ਨ ਮਨਾਉਣ ਦੀ ਡੂੰਘੀ ਭਾਵਨਾ ਸਮੋਈ ਹੋਈ ਸੀ। ਇਕੱਠ ਦੇ ਮੰਚ ਤੋਂ ਹੋਈਆਂ ਤਕਰੀਰਾਂ ਸ਼ਹੀਦ ਭਗਤ ਸਿੰਘ ਦੀ ਸਖਸ਼ੀਅਤ ਤੇ ਵਿਚਾਰਾਂ ਦੇ ਮੁਲਾਂਕਣ ਤੋਂ ਲੈ ਕੇ ਉਨ੍ਹਾਂ ਦੀ ਅਜੋਕੀ ਪ੍ਰਸੰਗਿਕਤਾ ਤੱਕ ਦੀ ਚਰਚਾ ਕਰ ਰਹੀਆਂ ਸਨ। ਪੰਜਾਬ ਦੀ ਗੱਦੀ ’ਤੇ ਕਾਬਜ਼ ਹੋਏ ਨਵੇਂ ਹਾਕਮਾਂ ਵੱਲੋਂ ਇਨਕਲਾਬ ਦੇ ਨਾਅਰੇ ਦੇ ਅਰਥਾਂ ਦੇ ਕੀਤੇ ਜਾ ਰਹੇ ਅਨਰਥਾਂ ਨੂੰ ਸੰਬੋਧਿਤ ਹੋ ਰਹੀਆਂ ਸਨ। ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਅਸਲ ਅਰਥ ਉਘਾੜ ਰਹੀਆਂ ਸਨ।

ਸੰਘਰਸ਼ਾਂ ਦੀ ਪਟੜੀ ’ਤੇ ਅੱਗੇ ਵਧ ਰਹੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਹਾਕਮ ਜਮਾਤੀ ਸਿਆਸਤਦਾਨਾਂ ਦੇ ਸੌੜੇ ਤੇ ਫ਼ਿਰਕੂ ਮਨਸੂਬਿਆਂ ਤੋਂ ਸੁਚੇਤ ਰਹਿਣ ਦਾ ਹੋਕਾ ਦੇ ਰਹੀਆਂ ਸਨ। ਸਮਾਜ ਦੇ ਵੱਖ ਵੱਖ ਮਿਹਨਤਕਸ਼ ਤਬਕਿਆਂ ਦੀਆਂ ਸੰਘਰਸ਼ੀ ਟੁਕੜੀਆਂ ਦੇ ਆਗੂਆਂ ਨੂੰ ਕਿਸਾਨ ਮੰਚ ਤੋਂ ਸੰਬੋਧਨ ਹੋਣ ਦਾ ਦਿੱਤਾ ਗਿਆ ਮੌਕਾ, ਕਿਸਾਨ ਜਥੇਬੰਦੀ ਦੇ ਸਿਰਫ਼ ਆਪਣੇ ਤਬਕੇ ਤੋਂ ਅੱਗੇ ਵਡੇਰੇ ਸਮਾਜੀ ਸਰੋਕਾਰਾਂ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਸੀ। ਵੱਖ ਵੱਖ ਮਿਹਨਤਕਸ਼ ਲੋਕਾਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਹਵਾਲੇ ਨਾਲ ਉਭਾਰਿਆ ਗਿਆ ਸਾਂਝੇ ਲੋਕ ਸੰਘਰਸ਼ਾਂ ਦਾ ਸਾਮਰਾਜ ਵਿਰੋਧੀ ਮੁਹਾਣ ਬਣਾਉਣ ਦਾ ਸੁਨੇਹਾ ਇਸ ਇਕੱਠ ਦੀ ਸਾਂਝੀ ਧੁਨੀ ਹੋ ਕੇ ਗੂੰਜ ਰਿਹਾ ਸੀ।

ਲੋਕਾਂ ਦੇ ਉਮੜੇ ਹੋਏ ਇਸ ਸੈਲਾਬ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਲਈ ਇਹ ਭਾਵਨਾ ਤੇ ਪਿਆਰ ਪੰਜਾਬ ਦੇ ਲੋਕਾਂ ਦੀਆਂ ਮਾਣ ਮੱਤੀਆਂ ਸੰਗਰਾਮੀ ਰਵਾਇਤਾਂ ਦਾ ਸਰਮਾਇਆ ਵੀ ਹੈ। ਇਹ ਲੋਕਾਂ ਦੀ ਇਨਕਲਾਬੀ ਲਹਿਰ ਦੀ ਦਹਾਕਿਆਂ ਦੀ ਕਮਾਈ ਵੀ ਹੈ ਤੇ ਇਸ ਕਮਾਈ ਦੇ ਹੁੰਦਿਆਂ ਮਨ ਚਾਹੇ ਮੁੱਦੇ ਖੜ੍ਹੇ ਕਰਨ ਰਾਹੀਂ ਪੰਜਾਬ ਦੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਠਿੱਬੀ ਲਾ ਦੇਣੀ ਏਨੀ ਸੌਖੀ ਨਹੀਂ ਹੈ। ਐਸ.ਵਾਈ.ਐਲ. ਨਹਿਰ ਦੇ ਪ੍ਰਸੰਗ ਵਿੱਚ ਦਰਿਆਈ ਪਾਣੀਆਂ ਦੀ ਵੰਡ ਦੇ ਰੌਲੇ ਬਾਰੇ ਮੰਚ ਤੋਂ ਪੇਸ਼ ਕੀਤਾ ਗਿਆ ਮਤਾ ਪੰਜਾਬ ਦੀ ਕਿਸਾਨੀ ਦੀ ਵਿਕਸਿਤ ਹੋ ਰਹੀ ਸੋਝੀ ਦਾ ਸੂਚਕ ਵੀ ਸੀ, ਜਿਹੜਾ ਹਰਿਆਣੇ ਦੀ ਕਿਸਾਨੀ ਨਾਲ ਏਕਤਾ ਦੇ ਸਰੋਕਾਰਾਂ ਨੂੰ ਸਾਹਮਣੇ ਰੱਖਦਿਆਂ ਪਾਣੀਆਂ ਦੇ ਮਸਲੇ ਦੀ ਵਿਗਿਆਨਕ ਪਹੁੰਚ ਨਾਲ ਨਿਪਟਾਰੇ ਦੀ ਮੰਗ ਕਰਦਾ ਸੀ ਤੇ ਇਸ ਹੱਲ ਲਈ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਪਾਸੇ ਰੱਖਦਿਆਂ ਤੇ ਲੋਕਾਂ ਦੀ ਹਕੀਕੀ ਸ਼ਮੂਲੀਅਤ ਕਰਵਾਉਣ ਦੀ ਮੰਗ ਕਰਦਾ ਸੀ।

ਸ਼ਾਲਾ ! ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਦੀ ਅੱਜ ਵਾਲੀ ਗੂੰਜ ਆਉਣ ਵਾਲੇ ਸਮੇਂ ’ਚ ਹੋਰ ਉੱਚੀ ਹੋਵੇ ਤੇ ਸੰਗਰਾਮੀ ਲੋਕ ਕਾਫਲਿਆਂ ਦੇ ਅਗਲੇ ਮਾਣ ਮੱਤੇ ਸਫਰ ਦੀ ਧੁਨ ਹੋ ਕੇ ਗੂੰਜ ਉੱਠੇ।    (28 ਸਤੰਬਰ, 22)

(ਸੰਪਾਦਕ ਦੀ ਫੇਸਬੁਕ ਪੋਸਟ)  

No comments:

Post a Comment