ਭਗਤ ਸਿੰਘ ਦਾ ਵਿਚਾਰਧਾਰਕ ਵਿਕਾਸਕੁੱਝ ਪੱਖਾਂ ਦੀ ਚਰਚਾ
ਸ਼ਹਾਦਤ ਤੋਂ ਪਹਿਲਾਂ ਆਪਣੇ ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ਇੱਕ ਸ਼ਾਨਦਾਰ ਅਤੇ ਪ੍ਰਤਿਭਾਵਾਨ ਕਮਿਊੁਨਿਸਟ ਸ਼ਖਸ਼ੀਅਤ ’ਚ ਢਲ ਚੁੱਕਿਆ ਸੀ। ਡੂੰਘੇ ਅਧਿਐਨ ਸਦਕਾ ਉਸ ਦੀ ਅਸਧਾਰਨ ਰਫ਼ਤਾਰ ਵਿਚਾਰਧਾਰਕ ਤਰੱਕੀ ਨੇ ਉਸ ਨੂੰ ਮੁਲਕ ਦੀ ਕਮਿਊਨਿਸਟ ਲਹਿਰ ਦੇ ਆਗੂਆਂ ਦੀ ਕਤਾਰ ’ਚ ਲਿਆ ਖੜ੍ਹਾਇਆ ਸੀ। ਜੇਲ੍ਹ ਅੰਦਰ ਉਸ ਨੇ ਆਪਣੇ ਮੋਢਿਆਂ ’ਤੇ ਕਮਿਊਨਿਸਟ ਪਾਰਟੀ ਜਥੇਬੰਦ ਕਰਨ ਅਤੇ ਇਨਕਲਾਬੀ ਲਹਿਰ ਨੂੰ ਕਮਿਊਨਿਸਟ ਉਦੇਸ਼ਾਂ ਅਤੇ ਤੌਰ ਤਰੀਕਿਆਂ ਅਨੁਸਾਰ ਪ੍ਰਭਾਵਤ ਕਰਨ ਦੀ ਜੁੰਮੇਵਾਰੀ ਓਟੀ ਹੋਈ ਸੀ। ਜੀਵਨ ਦੇ ਆਖਰੀ ਦੌਰ ’ਚ, ਸ਼ਹਾਦਤ ਤੋਂ ਐਨ ਪਹਿਲਾਂ ਉਸ ਵੱਲੋਂ ਜੇਲ੍ਹ ਵਿਚੋਂ ਜਾਰੀ ਕੀਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ।
ਉਝ ਦਸੰਬਰ 1925 ’ਚ ਹੀ ਭਾਰਤ ਅੰਦਰ ਕਮਿਊਨਿਸਟ ਪਾਰਟੀ ਦਾ ਗਠਨ ਹੋ ਗਿਆ ਸੀ। (ਜਦੋਂ ਅਜੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ ਕਮਿਊਨਿਸਟ ਨਹੀਂ ਸਨ ਬਣੇ) ਆਪਣੇ ਬਚਪਨ ਦੇ ਇਸ ਮੁੱਢਲੇ ਦੌਰ ’ਚ ਕਮਿਊਨਿਸਟ ਪਾਰਟੀ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਸਨ। ਇਸ ਨੇ ਮਜ਼ਦੂਰ ਜਮਾਤ ਦੀ ਲਹਿਰ ਨੂੰ ਲਾਲ ਰੰਗਤ ਦੇਣ ਦਾ ਅਹਿਮ ਰੋਲ ਅਦਾ ਕੀਤਾ ਸੀ। ਵੱਖ ਵੱਖ ਸੂਬਿਆਂ ’ਚ ਕਿਰਤੀ ਕਿਸਾਨ ਪਾਰਟੀ ਦੇ ਖੁੱਲ੍ਹੇ ਪਲੇਟਫਾਰਮਾਂ ਰਾਹੀਂ ਲੋਕਾਂ ਨਾਲ ਤੰਦਾਂ ਬਣਾਉਣ ਅਤੇ ਸਾਮਰਾਜ ਵਿਰੋਧੀ ਕੌਮੀ ਲਹਿਰ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਪਰ ਪ੍ਰੋਲੇਤਾਰੀ ਦੀ ਅਗਵਾਈ ਦੇ ਅਸਰਦਾਰ ਅਤੇ ਪ੍ਰਭਾਵਸ਼ਾਲੀ ਮੁਲਕ-ਪੱਧਰੇ ਗੁਪਤ ਕੇਂਦਰ ਵਜੋਂ ਕਮਿਊਨਿਸਟ ਪਾਰਟੀ ਨੂੰ ਲੋੜੀਂਦੀ ਹੱਦ ਤੱਕ ਜਥੇਬੰਦ ਕਰਨ, ਉਸਾਰਨ ਅਤੇ ਉਭਾਰਨ ਦਾ ਕਾਰਜ ਬੁਰੀ ਤਰ੍ਹਾਂ ਪਛੜ ਗਿਆ ਸੀ। ਹੋਰਨਾਂ ਕਾਰਨਾਂ ਤੋਂ ਇਲਾਵਾ ਗਰੁੱਪ-ਤੰਗਨਜ਼ਰੀ ਦੀ ਮੱਧਵਰਗੀ ਪ੍ਰਵਿਰਤੀ ਨੇ ਇਸ ਗੱਲ ਵਿਚ ਅਹਿਮ ਰੋਲ ਅਦਾ ਕੀਤਾ ਸੀ। ਇਸ ਗੱਲ ਤੋਂ ਇਲਾਵਾ ਕਾਫੀ ਤਾਣ ਕਿਰਤੀ ਕਿਸਾਨ ਪਾਰਟੀ ਦੇ ਪਲੇਟਫਾਰਮ ਅਤੇ ਹੋਰ ਸਾਮਿਆਂ ਰਾਹੀਂ ਕਾਂਗਰਸ ਦੇ ‘‘ਖੱਬੇ ਧੜੇ’’ ਵਜੋਂ ਸਥਾਪਤ ਹੋਣ ਦੇ ਯਤਨਾਂ ਵਿਚ ਹੀ ਖਪਦਾ ਰਿਹਾ ਸੀ। ਮਗਰੋਂ ਕਮਿਊਨਿਸਟ ਕੌਮਾਂਤਰੀ, ਚੀਨੀ ਕਮਿਊਨਿਸਟ ਪਾਰਟੀ ਅਤੇ ਕੁੱਝ ਹੋਰ ਕਮਿਊਨਿਸਟ ਪਾਰਟੀਆਂ ਵੱਲੋਂ ਪਾਰਟੀ ਦੀ ਨਿੱਖੜਵੀਂ ਅਤੇ ਆਜ਼ਾਦ ਹਸਤੀ ਸਥਪਤ ਕਰਨ ਦੇ ਵਿਸ਼ੇਸ਼ ਮਹੱਤਵ ਵੱਲ ਧਿਆਨ ਦੁਆਇਆ ਗਿਆ ਸੀ। (ਸੋਮਾ-ਪਾਰਟੀ ਇਤਿਹਾਸ ਬਾਰੇ ਸਿੱਖਿਆ ਸੇਧਾਂ ਲਈ ਜਾਰੀ ਕੀਤਾ ਸੀ.ਪੀ.ਆਈ. ਦਾ ਕਿਤਾਬਚਾ) ਸ਼ਹੀਦ ਭਗਤ ਸਿੰਘ ਦੇ ਕਮਿਊਨਿਸਟ ਵਿਚਾਰਧਾਰਾ ਦੇ ਕਲਾਵੇ ਵਿਚ ਆ ਜਾਣ ਦੇ ਬਾਵਜੂਦ ਜਥੇਬੰਦਕ ਤੌਰ ’ਤੇ ਭਾਰਤੀ ਕਮਿਊਨਸਟ ਪਾਰਟੀ ਦੇ ਕਲਾਵੇ ਵਿਚ ਨਾ ਆ ਸਕਣ ਦਾ ਹੋਰਨਾਂ ਕਾਰਨਾਂ ਤੋਂ ਇਲਵਾ ਸ਼ਾਇਦ ਇਹ ਵੀ ਇੱਕ ਅਹਿਮ ਕਾਰਨ ਸੀ। ਪਰ ਮੁਲਕ ਅੰਦਰਲੀਆਂ ਸਮੂਹ ਕਮਿਊਨਿਸਟ ਸ਼ਕਤੀਆਂ ਦੀ ਜਥੇਬੰਦਕ ਏਕਤਾ ਦੇ ਇਸ ਮਸਲੇ ਨੂੰ ਲਾਂਭੇ ਛਡਦਿਆਂ ਇਹ ਪਰਤੱਖ ਹੈ ਕਿ ਆਪਣੇ ਜੀਵਨ ਦੇ ਅੰਤਿਮ ਦੌਰ ’ਚ ਸ਼ਹੀਦ ਭਗਤ ਸਿੰਘ ਆਪਣੇ ਤੌਰ ’ਤੇ ਇੱਕ ਕਮਿਊਨਿਸਟ ਆਗੂ ਵਜੋਂ ਮਹੱਤਵਪੂਰਨ ਘਾਲਣਾ ਵਿਚ ਜੁਟਿਆ ਹੋਇਆ ਸੀ।
ਭਗਤ ਸਿੰਘ ਦੇ ਕਮਿਊਨਿਸਟ ਆਦਰਸ਼ਾਂ ਦੇ ਮੱਧਵਰਗੀ ਕੌਮਪ੍ਰਸਤ ਪੈਰੋਕਾਰ ਤੋਂ ਪੋ੍ਰਲੇਤਾਰੀ ਸੂਝ ਦੇ ਰੰਗ ’ਚ ਰੰਗੀ ਕਮਿਊਨਿਸਟ ਸ਼ਖਸ਼ੀਅਤ ’ਚ ਵਟ ਜਾਣ ਦੀ ਨਿਖੇੜਵੀਂ ਨਿਸ਼ਾਨਦੇਹੀ ਕਰਦਾ ਸਭ ਤੋਂ ਅਹਿਮ ਪੱਖ ਸ਼ਹੀਦ ਭਗਤ ਸਿੰਘ ਵੱਲੋਂ ਇਨਕਲਾਬੀ ਦਹਿਸ਼ਤਗਰਦੀ ਨੂੰ ਅਲਵਿਦਾ ਕਹਿਣਾ ਸੀ। ਸ਼ਹੀਦ ਭਗਤ ਸਿੰਘ ਦੀ ਸੋਚਣੀ ਦੇ ਅਜਿਹਾ ਸਫਰ ਤਹਿ ਕਰਨ ਲਈ ਕੁੱਝ ਜ਼ਰੂਰੀ ਸ਼ਰਤਾਂ ਲੋੜੀਂਦੀਆਂ ਸਨ। ਉਸ ਦੀ ਇਨਕਲਾਬੀ ਸਖਸ਼ੀਅਤ ਦਾ ਵਿਕਾਸ ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਨਾਲ ਸਬੰਧਤ ਸਾਹਿਤ ਦਾ ਡੂੰਘਾ ਅਧਿਐਨ ਕਰਦਿਆਂ, ਇਸ ਨੂੰ ਗ੍ਰਹਿਣ ਕਰਦਿਆਂ ਹੋਇਆ ਸੀ। ਜਦੋਂ ਉਹ ਅਜੇ ਅਸਲ ਅਰਥਾਂ ਵਿਚ ਕਮਿਊਨਿਸਟ ਨਹੀਂ ਸੀ ਬਣਿਆ, ਉਦੋਂ ਵੀ ਉਸ ਦੇ ਵਿਚਾਰ ਸਿਧਾਂਤਕ ਨੀਹਾਂ ’ਤੇ ਟਿਕੇ ਹੋਏ ਸਨ। ਉਸ ਨੇ ਅਰਜਕਤਾਵਾਦੀ ਲਹਿਰਾਂ ਦੇ ਵਿਚਾਰਵਾਨਾਂ ਅਤੇ ਸਿਧਾਂਤਕ ਵਿਆਖਿਆਕਾਰਾਂ ਦੀਆਂ ਲਿਖਤਾਂ ਦਾ ਪ੍ਰਭਾਵ ਗ੍ਰਹਿਣ ਕੀਤਾ ਸੀ। ਸਿੱਟੇ ਵਜੋਂ ਉਸ ਦੇ ਇਸ ਵਿਸ਼ਵਾਸ਼ ਨੂੰ ਬਲ ਮਿਲਿਆ ਸੀ ਕਿ ਜਦੋਂ ਹਾਲਤਾਂ ਇਨਕਲਾਬੀ ਤਬਦੀਲੀ ਮੰਗ ਰਹੀਆਂ ਹੰੁਦੀਆਂ ਹਨ ਤਾਂ ਇਨਕਲਾਬੀ ਦਹਿਸ਼ਤਗਰਦ ਜੁਝਾਰ ਕਾਰਵਾਈਆਂ ਤਰਥੱਲ-ਛੇੜੂ ਰੋਲ ਅਦਾ ਕਰਦੀਆਂ ਹਨ ਅਤੇ ਜਨਤਾ ਦੀ ਇਨਕਲਾਬੀ ਸ਼ਕਤੀ ਨੂੰ ਉਭਾਰ ਕੇ ਹਰਕਤ ਵਿਚ ਲੈ ਆਉਦੀਆਂ ਹਨ।
ਮੁਲਕ ਅੰਦਰ ਲੋੜੀਂਦੀ ਕੱਦਾਵਰ ਕਮਿਊਨਿਸਟ ਪਾਰਟੀ ਦੀ ਗੈਰਹਾਜ਼ਰੀ ’ਚ ਸ਼ਹੀਦ ਭਗਤ ਸਿੰਘ ਦਾ ਅਗਲੇਰਾ ਵਿਕਾਸ ਕੁੱਝ ਅਹਿਮ ਲੋੜਾਂ ਦੇ ਪੂਰੇ ਜਾਣ ’ਤੇ ਨਿਰਭਰ ਕਰਦਾ ਸੀ। ਇੱਕ ਅਹਿਮ ਸਾਧਨ, ਕਮਿਊਨਿਸਟ ਕੌਮਾਂਤਰੀ ਨਾਲ ਸੰਪਰਕ, ਉਸ ਨੂੰ ਹਾਸਲ ਨਹੀਂ ਸੀ। (ਜਦੋਂ ਭਗਤ ਸਿੰਘ ਜੇਲ੍ਹ ਵਿਚ ਸੀ ਤਾਂ ਹਿੰਦੂਸਤਾਨ ਰਿਪਬਲਿਕਨ ਸੋਸ਼ਲਿਸਟ ਆਰਮੀ ਨੇ ਆਪਣੇ ਅਹਿਮ ਆਗੂਆਂ ਨੂੰ ਸੋਵੀਅਤ ਯੂਨੀਅਨ ਭੇਜਣ ਦੀ ਵਿਉਤ ਬਣਾਈ ਸੀ ਜਿਹੜੀ ਸਿਰੇ ਨਹੀਂ ਸੀ ਚੜ੍ਹ ਸਕੀ) ਦੂਜਾ ਸਾਧਨ ਬੁਨਿਆਦੀ ਜਮਾਤਾਂ, ਯਾਨੀ ਮਜ਼ਦੂਰਾਂ ਕਿਸਾਨਾਂ ਦੀ ਇਨਕਲਾਬੀ ਜਮਾਤੀ ਲਹਿਰ ਉਸਾਰੀ ਦਾ ਹਾਂ-ਪੱਖੀ ਅਮਲ ਬਣਦਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਨੂੰ ਇਸ ਅਭਿਆਸ ਵਿਚੋਂ ਗੁਜ਼ਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ। ਤੀਜਾ ਸਾਧਨ ਮੁਲਕ ਅੰਦਰਲੇ ਕਮਿਊਨਿਸਟ ਆਗੂਆਂ ਨਾਲ ਰਾਬਤੇ ਅਤੇ ਸਿਧਾਂਤਕ ਵਿਚਾਰ ਵਟਾਂਦਰੇ ਦਾ ਅਮਲ ਬਣਦਾ ਸੀ। ਪੰਜਾਬ ਅੰਦਰਲੇ ਕਿਰਤੀ ਕਿਸਾਨ ਪਾਰਟੀ ਦੇ ਆਗੂਆਂ ਨਾਲ ਰਾਬਤੇ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਇਹ ਮੌਕਾ ਹਾਸਲ ਤਾਂ ਹੋਇਆ ਸੀ, ਪਰ ਸੀਮਤਾਈ ਇਹ ਸੀ ਕਿ ਭਗਤ ਸਿੰਘ ਨੂੰ ਕਾਇਲ ਕਰਨ ਲਈ ਉੱਚ ਪੱਧਰੀ ਮਾਰਕਸਵਾਦੀ ਸਿਧਾਂਤਕ ਵਿਆਖਿਆ ਦੀ ਲੋੜ ਸੀ। ਆਪਣੇ ਹੋਰਨਾਂ ਗੁਣਾਂ ਦੇ ਬਾਵਜੂਦ ਪੰਜਾਬ ਦੀ ਕਿਰਤੀ ਕਿਸਾਨ ਪਾਰਟੀ ਦੇ ਆਗੂ ਇਹ ਜ਼ਰੂਰਤ ਪੂਰੀ ਕਰਨ ਲਈ ਉਦੋਂ ਲੋੜੀਂਦੀ ਹੱਦ ਤੱਕ ਸਮਰੱਥਾਵਾਨ ਨਹੀਂ ਸਨ। ਸ਼੍ਰੀ ਸੋਹਣ ਸਿੰਘ ਜੋਸ਼ ਨੇ ਇਸ ਗੱਲ ਦਾ ਇਕਬਾਲ ਕੀਤਾ ਹੈ ਕਿ ਇਨਕਲਾਬੀ ਦਹਿਸ਼ਤਗਰਦੀ ਦਾ ਖੰਡਨ ਕਰਨ ਦੇ ਬਾਵਜੂਦ ਉਹ ਅਜਿਹੀ ਹਾਲਤ ਵਿਚ ਨਹੀਂ ਸਨ ਕਿ ਸ਼ਕਤੀਸ਼ਾਲੀ ਸਿਧਾਂਤਕ ਬੁਨਿਆਦਾਂ ਨੂੰ ਆਧਾਰ ਬਣਾ ਕੇ ਉਹ ਮਾਰਕਸਵਾਦ ਨਾਲੋਂ ਇਸ ਦੇ ਵਖਰੇਵੇਂ ਦੀ ਲੋੜੀਂਦੀ ਵਿਆਖਿਆ ਕਰ ਸਕਦੇ। (ਸੋਮਾ-ਸੋਹਣ ਸਿੰਘ ਜੋਸ਼ ਦੀ ਲਿਖਤ, ਸ਼ਹੀਦ ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ)
ਇਹਨਾਂ ਸਥਿਤੀਆਂ ’ਚ ਸ਼ਹੀਦ ਭਗਤ ਸਿੰਘ ਦਾ ਸਿਧਾਂਤਕ ਵਿਕਾਸ ਮਾਰਕਸਵਾਦੀ ਸਹਿਤ ਨਾਲ ਡੂੰਘੇ ਸਿੱਧੇ ਵਾਹ, ਇਸਦੇ ਡੂੰਘੇ ਅਧਿਐਨ ਅਤੇ ਆਪਣੇ ਬਲਬੂਤੇ ਇਸ ਨੂੰ ਗ੍ਰਹਿਣ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦਾ ਸੀ। ਜੇਲ੍ਹ ਜੀਵਨ ਦੌਰਾਨ ਅਧਿਐਨ ਦਾ ਮੌਕਾ ਮਿਲਣ ਨਾਲ ਇਸ ਲੋੜ ਦੇ ਕਾਫੀ ਹੱਦ ਤੱਕ ਪੂਰੇ ਜਾਣ ਸਦਕਾ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਕਤੀਸ਼ਾਲੀ ਗ੍ਰਹਿਣ ਸਮਰੱਥਾ ਸਦਕਾ ਉਸ ਦੇ ਵਿਚਾਰਧਾਰਕ ਵਿਕਾਸ ਨੇ ਸਿਫਤੀ ਛੜੱਪਾ ਮਾਰਿਆ। ਇਸ ਛੜੱਪੇ ’ਚ ਇੱਕ ਹੋਰ ਅਹਿਮ ਪੱਖ ਨੇ ਵੀ ਸਹਾਈ ਰੋਲ ਅਦਾ ਕੀਤਾ। ਭਾਵੇਂ ਰਲੇ-ਮਿਲੇ ਕਾਰਨਾਂ ਕਰਕੇ ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਮਜ਼ਦੂਰਾਂ-ਕਿਸਾਨਾਂ ਦੀ ਜਮਾਤੀ ਲਹਿਰ ਉਸਾਰਨ ਦੇ ਲੋੜੀਂਦੇ ਹਾਂ-ਪੱਖੀ ਤਜਰਬੇ ’ਚੋਂ ਨਹੀਂ ਸੀ ਲੰਘ ਸਕੀ, ਪਰ ਇਸ ਦੇ ਤਜਰਬੇ ਦੇ ਕੁੱਝ ਨਾਂਹ-ਪੱਖੀ ਅਨੁਭਵ ਡੂੰਘੀ ਸੋਚ ਵਿਚਾਰ ਅਤੇ ਇਸ ਨੂੰ ਡੂੰਘੇ ਅਧਿਐਨ ਨਾਲ ਜੋੜ ਕੇ ਸਹੀ ਨਤੀਜੇ ਕੱਢਣ ਖਾਤਰ ਅਰਥ ਭਰਪੂਰ ਸਮੱਗਰੀ ਬਣ ਗਏ ਸਨ।
ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਵਿਕਾਸ ਦੀ ਰਫ਼ਤਾਰ ਹੈਰਾਨਕੁੰਨ ਪ੍ਰਭਾਵ ਪਾਉਦੀ ਹੈ। ਆਪਣੀ ਇਨਕਲਾਬੀ ਸਰਗਰਮੀ ਦੇ ਪਹਿਲੇ ਦੌਰ ’ਚ ਸ਼ਹੀਦ ਭਗਤ ਸਿੰਘ ਅਰਾਜਕਤਾਵਾਦੀ ਆਗੂ ਪੀਟਰ ਕਰੋਪਟਕਿਨ ਦਾ ਇਹ ਹਵਾਲਾ ਦਿਆ ਕਰਦੇ ਸਨ:
‘‘ਇਕੱਲੀ ਕਾਰਵਾਈ ਹੀ ਕੁੱਝ ਦਿਨਾਂ ’ਚ ਹਜ਼ਾਰਾਂ ਪੈਂਫਲਿਟਾਂ ਨਾਲੋਂ ਵਧੇਰੇ ਪ੍ਰਚਾਰ ਕਰ ਦਿੰਦੀ ਹੈ। ਸਰਕਾਰ ਆਪਣੀ ਰੱਖਿਆ ਕਰਦੀ ਹੈ, ਗੁੱਸੇ ਦੀ ਤਰਸਯੋਗ ਹਾਲਤ ’ਚ ਭਬਕਦੀ ਹੈ, ਪਰ ਇਉ ਕਰਕੇ ਇਹ ਇੱਕ ਜਾਂ ਬਹੁਤੇ ਵਿਅਕਤੀਆਂ ਵੱਲੋਂ ਅਜਿਹੀਆਂ ਹੋਰ ਕਾਰਵਾਈਆਂ ਦਾ ਸੱਦਾ ਦੇ ਬਹਿੰਦੀ ਅਤੇ ਬਾਗੀਆਂ ਨੂੰ ਹੀਰੋਇਜ਼ਮ ਦੇ ਰਾਹ ਤੋਰਦੀ ਹੈ। ਇੱਕ ਕਾਰਵਾਈ ਦੂਜੀ ਕਾਰਵਾਈ ਨੂੰ ਜਨਮ ਦਿੰਦੀ ਹੈ, ਵਿਰੋਧੀ ਬਾਗਾਵਤ ਦੀਆਂ ਕਤਾਰਾਂ ਵਿਚ ਆ ਜਾਂਦੇ ਹਨ। ਸਰਕਾਰ ਧੜਿਆਂ ਵਿਚ ਵੰਡੀ ਜਾਂਦੀ ਹੈ। ਆਪਸੀ ਵੈਰ-ਭਾਵ ਵਿਰੋਧਾਂ ਨੂੰ ਤਿੱਖੇ ਕਰ ਦਿੰਦਾ ਹੈ। ਰਿਆਇਤਾਂ ਬਹੁਤ ਲੇਟ ਆਉਦੀਆਂ ਹਨ ਅਤੇ ਇਨਕਲਾਬ ਫੁੱਟ ਪੈਂਦਾ ਹੈ। .. ..ਧਨ, ਜਥੇਬੰਦੀ ਅਤੇ ਸਾਹਿਤ ਦੀ ਹੋਰ ਜ਼ਰੂਰਤ ਨਹੀਂ। ਇਕ ਮਨੁੱਖ ਹੀ ਹੱਥ ਵਿਚ ਮਸ਼ਾਲ ਅਤੇ ਡਾਇਨਾਮਾਈਟ ਫੜ ਕੇ ਸੰਸਾਰ ਨੂੰ ਨਿਰਦੇਸ਼ ਦੇ ਸਕਦਾ ਹੈ।’’
ਪਰ ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ‘‘ਦਹਿਸ਼ਤਗਰਦੀ’’ ਬਾਰੇ ਹੇਠ ਲਿਖੀ ਡੂੰਘੀ ਟਿੱਪਣੀ ਕਰਦਾ ਹੈ।
‘‘ਬੰਬ ਦਾ ਮਾਰਗ 1905 ਤੋਂ ਚੱਲਿਆ ਆ ਰਿਹਾ ਹੈ ਅਤੇ ਇਹ ਇਨਕਲਾਬੀ ਭਾਰਤ ਉੱਤੇ ਇੱਕ ਦਰਦਨਾਕ ਟਿੱਪਣੀ ਹੈ।.. ..ਦਹਿਸ਼ਤਗਰਦੀ ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿਚ ਗਹਿਰੇ ਨਾ ਜਾ ਸਕਣ ਬਾਰੇ ਇਕ ਪਛਤਾਵਾ ਹੈ। ਇਸ ਤਰ੍ਹਾਂ ਇਹ ਸਾਡੀ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ।.. .. ਹਰ ਦੇਸ਼ ਵਿਚ ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ। ਫਰਾਂਸ, ਰੂਸ, ਜਰਮਨ, ਬਾਲਕਿਨ ਦੇਸ਼ਾਂ, ਸਪੇਨ ਅਤੇ ਹਰ ਥਾਂ ਇਹੀ ਕਹਾਣੀ ਹੈ। ਹਾਰ ਦਾ ਬੀਜ ਇਸ ਦੇ ਅੰਦਰ ਹੀ ੳੱੁਗਿਆ ਹੋਇਆ ਹੈ। ’’
‘‘ਪਛਤਾਵੇ’’ ਬਾਰੇ ਸ਼ਹੀਦ ਭਗਤ ਸਿੰਘ ਦੀ ਟਿੱਪਣੀ ਇਨਕਲਾਬੀ ਦਹਿਸ਼ਤਗਰਦੀ ਸਬੰਧੀ ਲੈਨਿਨ ਦੀਆਂ ਟਿੱਪਣੀਆਂ ਨਾਲ ਮਿਲਦੀ-ਜੁਲਦੀ ਹੈ। ਪਰ ਸ਼ਹੀਦ ਭਗਤ ਸਿੰਘ ਹੋਰ ਵੀ ਅੱਗੇ ਜਾਂਦਾ ਹੈ। ਉਹ ਇਹ ਅਹਿਮ ਗੱਲ ਕਹਿੰਦਾ ਹੈ ਕਿ ਅਮਲੀ ਨਤੀਜਿਆਂ ਪੱਖੋਂ ਇਨਕਲਾਬੀ ਲਹਿਰ ੳੱੁਪਰ ਦਹਿਸ਼ਤਗਰਦੀ ਅਤੇ ਗਾਂਧੀਵਾਦ ਦਾ ਅਸਰ ਆਪਣੇ ਤੱਤ ਪੱਖੋਂ ਇੱਕੋ ਜਿਹਾ ਹੈ। ਇਨਕਲਾਬੀ ਦਹਿਸ਼ਤਗਰਦੀ ਦੀਆਂ ਸੀਮਤਾਈਆਂ ਦੀ ਚਰਚਾ ਕਰਦਿਆਂ ਉਹ ਕਹਿੰਦਾ ਹੈ ਕਿ ਇਨਕਲਾਬੀ ਦਹਿਸ਼ਤਗਰਦੀ ਜੇ ਪੂਰੇ ਜੋਰ ਨਾਲ ਉਹ ਕੁੱਝ ਵੀ ਕਰ ਵਿਖਾਵੇ ‘‘ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਵਾਪਰਿਆ ਤਾਂ ਵੀ ਆਤੰਕਵਾਦ ਵੱਧ ਤੋਂ ਵੱਧ ਸਾਮਰਾਜੀ ਤਾਕਤ ਨੂੰ ਸੁਲਾਹ ਵਾਸਤੇ ਮਜ਼ਬੂਰ ਕਰ ਸਕਦਾ ਹੈ। ਅਜਿਹੀਆਂ ਸੁਲਾਹ-ਸਫਾਈਆਂ ਸਾਡੇ ਉਦੇਸ਼, ਪੂਰਨ ਆਜ਼ਾਦੀ ਤੋਂ ਹਮੇਸ਼ਾ ਕਿਤੇ ਉਰੇ ਰਹਿਣਗੀਆਂ। ਇਸ ਤਰ੍ਹਾਂ ਆਤੰਕਵਾਦ ਇੱਕ ਸਮਝੌਤਾ ਅਤੇ ਸੁਧਾਰਾਂ ਦੀ ਇੱਕ ਕਿਸ਼ਤ ਨਿਚੋੜ ਕੇ ਕੱਢ ਸਕਦਾ ਹੈ ਅਤੇ ਇਹੀ ਪ੍ਰਾਪਤੀ ਕਰਨ ਲਈ ਗਾਂਧੀਵਾਦ ਜੋਰ ਲਾ ਰਿਹਾ ਹੈ।
ਆਇਰਲੈਂਡ ਦੇ ਤਜਰਬੇ ਨੂੰ ਆਧਾਰ ਬਣਾਉਦਿਆਂ ਸ਼ਹੀਦ ਭਗਤ ਸਿੰਘ ਇਨਕਲਾਬੀ ਦਹਿਸ਼ਤਗਰਦੀ ਨੂੰ ‘‘ਇਨਕਲਾਬੀ ਸਮਾਜਕ ਆਧਾਰ ਤੋਂ ਖਾਲੀ ਕੌਮਵਾਦੀ ਆਦਰਸ਼ਵਾਦ’’ ਕਹਿੰਦਾ ਹੈ, ਜਿਹੜਾ ‘‘ਸਾਰੇ ਹਾਲਾਤ ਸਾਜ਼ਗਾਰ ਹੋਣ ਦੇ ਬਾਵਜੂਦ ਵੀ ਸਾਮਰਾਜਵਾਦ ਨਾਲ ਸਮਝੌਤੇ ਦੀ ਬਿਰਤੀ ਵਿਚ ਗਵਾਚ ਸਕਦਾ ਹੈ’’ ਅਤੇ ਇਨਕਲਾਬੀ ਯਰਕਾਊਵਾਦੀਆਂ ਨੂੰ ਸਵਾਲ ਕਰਦਾ ਹੈ ‘‘ਕੀ ਭਾਰਤ ਨੂੰ ਅਜੇ ਵੀ ਆਇਰਲੈਂਡ ਦੀ ਨਕਲ ਕਰਨੀ ਚਾਹੀਦੀ ਹੈ, ਚਾਹੇ ਉਹ ਕੀਤੀ ਵੀ ਜਾ ਸਕਦੀ ਹੋਵੇ ਤਾਂ ਵੀ?’’ ਉਸ ਦਾ ਕੁੱਲ ਮਿਲਵਾਂ ਨਤੀਜਾ ਇਹ ਹੈ ਕਿ ‘‘ਆਤੰਕਵਾਦ ਦੇ ਸ਼ੈਤਾਨ ਨੂੰ ਕੋਈ ਦਾਦ ਦੇਣ ਦੀ ਲੋੜ ਨਹੀਂ ਹੈ।’’
ਉਸ ਸਮੇਂ ਇਨਕਲਾਬੀ ਦਹਿਸ਼ਤਗਰਦੀ ਭਾਰਤੀ ਕਮਿਊਨਿਸਟ ਲਹਿਰ ਅੰਦਰਲਾ ਰੁਝਾਨ ਨਹੀਂ ਸੀ। ਇਸ ਦੀ ਨੁਮਾਇੰਦਗੀ ਆਮ ਕਰਕੇ ਮੱਧਵਰਗੀ ਕੌਮਪ੍ਰਸਤ ਹਿੱਸੇ ਕਰਦੇ ਸਨ। ਤਾਂ ਵੀ ਸ਼ਹੀਦ ਭਗਤ ਸਿੰਘ ਦੀ ਉਪਰੋਕਤ ਟਿੱਪਣੀ ਦੀ ਤੁਲਨਾ ਕਿਸੇ ਹੱਦ ਤੱਕ ਲੈਨਿਨ ਦੀਆਂ ਉਹਨਾਂ ਟਿੱਪਣੀਆਂ ਨਾਲ ਕੀਤੀ ਜਾ ਸਕਦੀ ਹੈ ਜੋ ਉਸ ਨੇ ਮਜ਼ਦੂਰ ਲਹਿਰ ਅੰਦਰਲੇ ਗਲਤ ਰੁਝਾਨਾਂ ਵਜੋਂ ਇੱਕ ਪਾਸੇ ਇਨਕਲਾਬੀ ਦਹਿਸ਼ਤਗਰਦੀ ਤੇ ਦੂਜੇ ਪਾਸੇ ਆਰਥਿਕਵਾਦ-ਸੁਧਾਰਵਾਦ ਦੇ ਸਾਵੇਂ ਤੱਤ ਬਾਰੇ ਕੀਤੀਆਂ ਹਨ।
ਇਨਕਲਾਬੀ ਹਾਲਤਾਂ ਸਿਰਜਣ ਅਤੇ ਇਨਕਲਾਬ ਛੇੜਨ ਵਿਚ ਇਨਕਲਾਬੀ ਦਹਿਸ਼ਤਗਰਦੀ ਦੇ ਰੋਲ ਬਾਰੇ ਸੁਪਨਈ ਧਾਰਨਾਵਾਂ ਨਾਲੋਂ ਡੂੰਘੇ ਨਿਖੇੜੇ ਦੀ ਇੱਕ ਹੋਰ ਝਲਕ ਵੀ ਸ਼ਹੀਦ ਭਗਤ ਸਿੰਘ ਵੱਲੋਂ ਜਾਰੀ ਕੀਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਵਿਚ ਮਿਲਦੀ ਹੈ। ਉਹ ਇਹ ਸਪਸ਼ਟ ਸੋਝੀ ਪ੍ਰਗਟ ਕਰਦਾ ਹੈ ਕਿ ਇਨਕਲਾਬ ਦੀ ਸਫਲਤਾ ਇਸ ਖਾਤਰ ਜ਼ਰੂਰੀ ਬਾਹਰਮੁਖੀ ਅਤੇ ਅੰਤਰਮੁਖੀ ਸ਼ਰਤਾਂ ਦੇ ਪੂਰੇ ਹੋਣ ’ਤੇ ਨਿਰਭਰ ਕਰਦੀ ਹੈ। ਉਹ ਅਕਤੂਬਰ ਇਨਕਲਾਬ ਦੀ ਸਫਲਤਾ ਲਈ ਲੈਨਿਨ ਵੱਲੋਂ ਬਿਆਨੀਆਂ ਤਿੰਨ ਜਰੂਰੀ ਸ਼ਰਤਾਂ ਦਾ ਜ਼ਿਕਰ ਕਰਦਾ ਹੈ। ਰਾਜਨੀਤਕ, ਆਰਥਿਕ ਹਾਲਤ, ਜਨਤਾ ਦੀ ਮਾਨਸਿਕ ਤਿਆਰੀ ਅਤੇ ਪਰਖ ਦੀਆਂ ਘੜੀਆਂ ’ਚ ਅਗਵਾਈ ਦੇਣ ਦੇ ਸਮਰੱਥ ਟਰੇਂਡ ਇਨਕਲਾਬੀ ਪਾਰਟੀ। ਉਹ ਦੂਜੀ ਅਤੇ ਤੀਜੀ ਸ਼ਰਤ ਪੂਰੀ ਕਰਨ ਲਈ ਹਰਕਤ ਵਿਚ ਆਉਣ ਨੂੰ ਇਨਕਲਾਬੀ ਕਾਰਕੁੰਨਾਂ ਦਾ ‘‘ਪਹਿਲਾ ਕੰਮ’’ ਬਿਆਨਦਾ ਹੈ ਅਤੇ ‘‘ਇਸ ਮੁੱਦੇ ਨੂੰ ਸਾਹਮਣੇ ਰੱਖ ਕੇ’’ ਇਨਕਲਾਬੀ ਅਮਲੀ ਸਰਗਰਮੀ ਦਾ ਪ੍ਰੋਗਰਾਮ ਬਣਾਉਣ ’ਤੇ ਜੋਰ ਦਿੰਦਾ ਹੈ। ‘‘ਜਨਤਾ ਨੂੰ ਜੁਝਾਰ ਕੰਮ ਲਈ ਤਿਆਰ ਕਰਨ ਅਤੇ ਲਾਮਬੰਦ ਕਰਨ ’’ ਉਹ ਕਾਰਕੁੰਨ ਦੀ ‘‘ਪਹਿਲੀ ਡਿਊਟੀ’’ ਕਹਿੰਦਾ ਹੈ।
ਮੁਲਕ ਅੰਦਰ ਇਨਕਲਾਬ ਲਈ ਜਮਾਤੀ-ਸਿਆਸੀ ਤਾਕਤਾਂ ਦੀ ਕਤਾਰਬੰਦੀ ਦੇ ਸੁਆਲ ’ਤੇ ਵੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸੋਚ ਮਹੱਤਵਪੂਰਨ ਡਿੰਘਾਂ ਭਰਦੀ ਨਜ਼ਰ ਆਉਦੀ ਹੈ। ਇਨਕਲਾਬ ਦੀ ਚਾਲਕ ਸ਼ਕਤੀ ਵਜੋਂ ਮਜ਼ਦੂਰਾਂ-ਕਿਸਾਨਾਂ ਦੇ ਰੋਲ ਸਬੰਧੀ ਸ਼ਹੀਦ ਭਗਤ ਸਿੰਘ ਦੇ ਮੱਤ ਦੀ ਚਰਚਾ ਹੁੰਦੀ ਰਹੀ ਹੈ। ਕਾਂਗਰਸ ਅਤੇ ‘‘ਭਾਰਤੀ ਪੂੰਜੀਵਾਦ’’ ਹੱਥੋਂ ‘‘ਵਿਸ਼ਵਾਸ਼ਘਾਤ’’ ਦੇ ਖਤਰੇ ਬਾਰੇ ਉਸ ਦੀਆਂ ਟਿੱਪਣੀਆਂ ਵੀ ਕਾਫੀ ਚਰਚਾ ਦਾ ਵਿਸ਼ਾ ਹਨ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਸਾਮਰਾਜੀ ਪੂੰਜੀ ਦੇ ਭਾਰਤੀ ਅਰਥਚਾਰੇ ਅੰਦਰ ਰੋਲ ਅਤੇ ਇਸ ਦੀਆਂ ਸਿਆਸੀ ਅਰਥ-ਸੰਭਾਵਨਾਵਾਂ ਦੇ ਨਿਰੀਖਣ ਵੱਲ ਆਹੁਲਦੀਆਂ ਦਿਖਾਈ ਦਿੰਦੀਆਂ ਹਨ। ਇਹਨਾਂ ਲਿਖਤਾਂ ’ਚ ਇਹ ਸਪਸ਼ਟ ਕਿਹਾ ਗਿਆ ਹੈ ਕਿ ਸਾਮਰਾਜੀ ਪੂੰਜੀ ਦੀ ਆਮਦ ਰਾਹੀਂ ਇਸ ਨਾਲ ਸਾਂਝੇ ਹਿੱਤਾਂ ਅਤੇ ਅਧੀਨਗੀ ਦੇ ਰਿਸ਼ਤੇ ਵਿਚ ਪਰੋਈ ਵੱਡੇ ਪੂੰਜੀਪਤੀਆਂ ਦੀ ਪਰਤ ਵਿਕਸਿਤ ਹੁੰਦੀ ਜਾ ਰਹੀ ਹੈ ਅਤੇ ਕੌਮੀ ਹਿੱਤਾਂ ’ਤੇ ਪਹਿਰਾ ਦੇਣ ਪੱਖੋਂ ਇਸ ਪਰਤ ਦੀ ‘‘ਗਿਰਾਵਟ’’ ਅਟੱਲ ਬਣਦੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਦੀ ਇਹ ਦਿਸ਼ਾ ਸਮੁੱਚੀ ਸਰਮਾਏਦਾਰੀ ਨਾਲ ਸਾਮਰਾਜ ਵਿਰੋਧੀ ਸਾਂਝੇ ਮੋਰਚੇ ਦੀ ਉਸ ਸੇਧ ਨਾਲ ਟਕਰਾਉਦੀ ਹੈ, ਜਿਸ ਨੇ ਮਗਰੋਂ ਜਾ ਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਆਗੂ ਰੋਲ ਦੀਆਂ ਸੀਮਤਾਈਆਂ ਨਿਸ਼ਚਿਤ ਕਰ ਦਿੱਤੀਆਂ ਸਨ। ਦਿਲਚਸਪ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਸਮੁੱਚੀ ਪੂੰਜੀਪਤੀ ਜਮਾਤ ਨੂੰ ਸਾਵੇਂ ਹਿੱਤਾਂ ਵਾਲੀ ਜਮਾਤ ਵਜੋਂ ਦੇਖਣ ਦੀ ਧਾਰਨਾ ਤੋਂ ਮੁਕਤ ਹੋਣ ਦੀ ਦਿਸ਼ਾ ’ਚ ਆਹੁਲਦੇ ਦਿਖਾਈ ਦਿੰਦੇ ਹਨ। ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਪੂੰਜੀ ਨਾਲ ਵਫਾਦਾਰੀ ਅਤੇ ਸਾਂਝ ਦੇ ਰਿਸ਼ਤੇ ’ਚ ਪਰੋਈ ਸਰਮਾਏਦਾਰੀ ਲਈ ਸ਼ਬਦ ‘‘ਵੱਡੇ ਸਰਮਾਏਦਾਰ’’ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਅਜਿਹੀਆਂ ਟਿੱਪਣੀਆਂ ਮੌਜੂਦ ਹਨ ਜੋ ਸਾਮਰਾਜੀ ਗਲਬੇ ਕਰਕੇ ਭਾਰਤ ਅੰਦਰ ਪੂੰਜੀਵਾਦ ਦੇ ਆਜ਼ਾਦ ਵਿਕਾਸ ਦਾ ਗਲਾ ਘੁੱਟੇ ਜਾਣ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਇਉ ਵਿਦੇਸ਼ੀ ਪੂੰਜੀ ਨਾਲ ਟਕਰਾਵੇਂ ਹਿੱਤਾਂ ਵਾਲੀ ਸਰਮਾਏਦਾਰੀ ਦੀ ਹੋਂਦ ਦਾ ਸੰਕੇਤ ਬਣਦੀਆਂ ਹਨ। ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਕੰਪਨੀ ਨਾਲ ਬਰਤਾਨਵੀ ਸਾਮਰਾਜੀਆਂ ਦੇ ਵਿਹਾਰ ਨੂੰ ਸਾਮਰਾਜੀ ਗਲਬੇ ਦੇ ਭਾਰਤੀ ਸਰਮਾਏ ਨਾਲ ਦੁਸ਼ਮਣਾਨਾ ਰਿਸ਼ਤੇ ਦੀ ਅਹਿਮ ਮਿਸਾਲ ਵਜੋਂ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਅੰਦਰ ਬਿਪਨ ਚੰਦਰ ਪਾਲ ਦੇ ਇੱਕ ਲੇਖ ’ਚੋਂ ਲੰਮਾਂ ਹਵਾਲਾ ਮੌਜੂਦ ਹੈ। ਇਸ ਲਿਖਤ ਅੰਦਰ ਭਾਰਤ ਅੰਦਰਲੇ ਉਨ੍ਹਾਂ ਪੂੰਜੀਪਤੀਆਂ ਦੇ ਸਰੋਕਾਰਾਂ ਅਤੇ ਇਛਾਵਾਂ ਨੂੰ ਮੁਖਾਤਬ ਹੋਇਆ ਗਿਆ ਹੈ ਜਿਹੜੇ ਭਾਰਤ ਅੰਦਰ ਵਿਦੇਸ਼ੀ ਪੂੰਜੀ ਦੀ ਆਮਦ ਨੂੰ ਆਪਣੇ ਹਿੱਤਾਂ ਨਾਲ ਟਕਰਾਅ ਵਿਚ ਦੇਖ ਰਹੇ ਸਨ। ਕਾਂਗਰਸ ਅੰਦਰਲੇ ਗਰਮ ਖਿਆਲੀ ਕਹੇ ਜਾਂਦੇ ਇਹਨਾਂ ਆਗੂਆਂ ਨੇ ਪੂੰਜੀਪਤੀ ਜਮਾਤ ਦੀ ਇਸ ਪਰਤ ਦੀ ਨੁਮਾਇੰਦਗੀ ਕਿਸ ਹੱਦ ਤੱਕ ਕੀਤੀ, ਕੀਤੀ ਵੀ ਜਾਂ ਕੀਤੀ ਹੀ ਨਹੀਂ, ਇਸ ਬਹਿਸ ਨੂੰ ਲਾਂਭੇ ਛਡਦਿਆਂ, ਇਹ ਨੋਟ ਕਰਨਯੋਗ ਹੈ ਕਿ ਇਹ ਲਿਖਤ ਸਵਰਾਜ ਦੇ ਅਰਥਾਂ ਦੀ ਵਿਆਖਿਆ ਕਰਦਿਆਂ, ਇਸ ਨੂੰ ਮੁਲਕ ਅੰਦਰ ਵਿਦੇਸ਼ੀ ਪੂੰਜੀ ਦੀ ਆਮਦ ਖਿਲਾਫ਼ ਸਖਤ ਰੋਕਾਂ ਦੇ ਅਧਿਕਾਰ ਨਾਲ ਜੋੜਦੀ ਹੈ, ‘‘ਅੰਗਰੇਜ਼ਾਂ ਨੂੰ ਮੁਲਕ ਵਿਚ ਨਹੀਂ ਵੜਨ ਦਿਆਂਗੇ’’ ਕਹਿਣ ਤੱਕ ਜਾਂਦੀ ਹੈ, ਰਾਜ ਪ੍ਰਬੰਧ ਅਤੇ ਇਸ ਦੀਆਂ ਨੀਤੀਆਂ ਦੇ ਜਿਉ ਦੀ ਤਿਉ ਰਹਿਣ ਦੀ ਹਾਲਤ ’ਚ ਨੌਕਰਸ਼ਾਹੀ ਅੰਦਰ ਭਾਰਤੀ ਨੁਮਾਇੰਦਿਆਂ ਦੀ ਥੋਕ ਭਰਤੀ ਨੂੰ ਵੀ ਫਜੂਲ ਕਰਾਰ ਦਿੰਦੀ ਹੈ ਅਤੇ ਇਹ ਦਾਅਵਾ ਕਰਦੀ ਹੈ ਕਿ ਗਲ-ਘੋਟੂ ਰੋਕਾਂ ਤੋਂ ਮੁਕਤ ਹੋ ਕੇ ਭਾਰਤੀ ਪੂੰਜੀਵਾਦ ਸੰਸਾਰ ਮੁਕਾਬਲੇ ’ਚ ਬਰਤਾਨਵੀ ਪੂੰਜੀਵਾਦ ਨੂੰ ਪਛਾੜ ਸਕਦਾ ਹੈ ਅਤੇ ਮੁਕਾਬਲੇ ਦੇ ‘‘ਭਾਰਤੀ ਸਾਮਰਾਜ’’ ਦੀ ਹੈਸੀਅਤ ਅਖ਼ਤਿਆਰ ਕਰਨ ਤੱਕ ਪਹੁੰਚ ਸਕਦਾ ਹੈ। ਸ਼ਹੀਦ ਭਗਤ ਸਿੰਘ ਵੱਲੋਂ ਗਹਿਰੀ ਦਿਲਚਸਪੀ ਨਾਲ ਨੋਟ ਕੀਤਾ ਇਹ ਹਵਾਲਾ ‘‘ਵੱਡੇ ਸਰਮਾਏਦਾਰਾਂ’’ ਬਾਰੇ ਉਸ ਦੀਆਂ ਟਿੱਪਣੀਆਂ ਨਾਲ ਜੁੜ ਕੇ ਸਾਮਰਾਜ ਨਾਲ ਆਰਥਿਕ ਹਿੱਤਾਂ ਦੇ ਬੁਨਿਆਦੀ ਰਿਸ਼ਤੇ ਦੇ ਆਧਾਰ ’ਤੇ ਭਾਰਤੀ ਪੂੰਜੀਵਾਦੀ ਜਮਾਤ ਅੰਦਰ ਵਖਰੇਵਾਂ ਕਰਨ ਦੀ ਪਹੁੰਚ ਦੇ ਬੀਜ ਸਾਹਮਣੇ ਲਿਆਉਦਾ ਹੈ।
ਸੂਝ ਅੰਦਰ ਉੱਘੜਿਆ ਇਹ ਵਖਰੇਵਾਂ ਹੀ ਸੀ ਜਿਹੜਾ ਚੀਨੀ ਇਨਕਲਾਬ ਦੇ ਤਜਰਬੇ ਰਾਹੀਂ ਮਾਓ ਵਿਚਾਰਧਾਰਾ ਅੰਦਰ ਦਲਾਲ ਸਰਮਾਏਦਾਰੀ ਅਤੇ ਕੌਮੀ ਸਰਮਾਏਦਾਰੀ ਦੇ ਟਕਰਾਵੇਂ ਜਮਾਤੀ ਲੱਛਣਾਂ ਦੀ ਨਿੱਤਰਵੀਂ ਨਿਸ਼ਾਨਦੇਹੀ ਵਿਚ ਪ੍ਰਗਟ ਹੋਇਆ ਅਤੇ ਦਲਾਲ ਸਰਮਾਏਦਾਰੀ ਨੂੰ ਨਿਸ਼ਾਨਾ ਬਣਾਉਦਿਆਂ ਕੌਮੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਦੀ ਸੇਧ ਦਾ ਆਧਾਰ ਬਣਿਆ। ਪੂੰਜੀਪਤੀ ਜਮਾਤ ਦੇ ‘‘ਖੱਬੇ’’ ਅਤੇ ‘‘ਸੱਜੇ’’ ਧੜਿਆਂ ’ਚ ਵਖਰੇਵਾਂ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿੱਪ ਵੀ ਕਰਦੀ ਰਹੀ ਹੈ। ਪਰ ਇਹ ਵਖਰੇਵਾਂ ਇਸ ਜਮਾਤ ਦੇ ਵੱਖ ਵੱਖ ਹਿੱਸਿਆਂ ਦੇ ਕਿਰਦਾਰ ਨਾਲੋਂ ਵੱਧ ਰੋਲ ਦੇ ਆਧਾਰ ’ਤੇ ਕੀਤਾ ਜਾਂਦਾ ਰਿਹਾ ਹੈ। ਵੱਡੀ ਸਰਮਾਏਦਾਰੀ ਸਮੇਤ ਸਮੁੱਚੀ ਸਰਮਾਏਦਾਰੀ ਦੇ ਹਿੱਤਾਂ ਨੂੰ ਵਿਦੇਸ਼ੀ ਸਾਮਰਾਜਵਾਦ ਨਾਲ ਟਕਰਾਅ ਵਿਚ ਦੇਖਿਆ ਜਾਂਦਾ ਰਿਹਾ ਹੈ। ਸੱਜਾ ਧੜਾ ਉਸ ਹਿੱਸੇ ਨੂੰ ਗਰਦਾਨਿਆ ਜਾਂਦਾ ਰਿਹਾ ਹੈ ਜਿਸ ਵੱਲੋਂ ਸਮੁੱਚੇ ‘‘ਭਾਰਤੀ ਪੂੰਜੀਵਾਦ’’ ਦੇ ਸਾਮਰਾਜਵਾਦ ਨਾਲ ਟਕਰਾਵੇਂ ਅਤੇ ਆਜ਼ਾਦ ਸਮਝੇ ਜਾਂਦੇ ਹਿੱਤਾਂ ਦੀ ਰਾਖੀ ਕਰਨ ਤੋਂ ਭੱਜ ਨਿਕਲਣ ਅਤੇ ਸਾਮਰਾਜ ਅੱਗੇ ਗੋਡੇ ਟੇਕ ਦੇਣ ਦੇ ਖਤਰੇ ਦੀ ਗੁੰਜਾਇਸ਼ ਮੰਨੀ ਜਾਂਦੀ ਰਹੀ ਹੈ। ਅਜਿਹੀ ਧਾਰਨਾ ਅਨੁਸਾਰ ਸਮੁੱਚੀ ਸਰਮਾਏਦਾਰੀ ਦੂਹਰੇ ਅਤੇ ਡਾਵਾਂਡੋਲ ਖਾਸੇ ਦੇ ਵਿਚ-ਵਿਚਾਲੇ ਵਾਲੀ ਜਮਾਤ ਬਣ ਜਾਂਦੀ ਹੈ ਅਤੇ ਇਸ ਦਾ ਕੋਈ ਵੀ ਹਿੱਸਾ ਪਿਛਾਂਹ-ਖਿੱਚੂ ਜਮਾਤ ਵਜੋਂ ਇਨਕਲਾਬ ਦੀ ਸੱਟ ਦਾ ਨਿਸ਼ਾਨਾ ਨਹੀਂ ਰਹਿੰਦਾ।
ਇਸ ਪ੍ਰਸੰਗ ’ਚ ਸ਼ਹੀਦ ਭਗਤ ਸਿੰਘ ਵੱਲੋਂ ਵੱਡੀ ਸਰਮਾਏਦਾਰੀ ਦੇ ਸਾਮਰਾਜੀ ਹਿੱਤਾਂ ਨਾਲ ਬੱਝੀ ਹੋਣ ਦੀ ਨਿਸ਼ਾਨਦੇਹੀ ਦਾ ਕਾਫੀ ਮਹੱਤਵ ਬਣ ਜਾਂਦਾ ਹੈ। ਇਸ ਨਿਸ਼ਾਨਦੇਹੀ ’ਚ ਭਾਰਤੀ ਕਮਿਊਨਿਸਟ ਪਾਰਟੀ ਦੇ ਉਸ ਮਾਰਗ ਨਾਲੋਂ ਵਖਰੇਵੇਂ ਦੇ ਬੀਜ ਸਮੋਏ ਹੋਏ ਹਨ ਜਿਸ ’ਤੇ ਚਲਦਿਆਂ ਇਹ ਝੋਲੀ ਦੇ ਲਗਭਗ ਸਾਰੇ ਦਾਣੇ ਕਾਂਗਰਸ ਦੇ ਪਲੇਟਫਾਰਮ ਨੂੰ ਮਜ਼ਬੂਤ ਕਰਨ ਲਈ ਅਰਪਣ ਕਰਦੀ ਰਹੀ, ਜਿਸ ਨੂੰ ਇਹ ਸਾਮਰਾਜ-ਵਿਰੋਧੀ ਕੌਮੀ ਸਾਂਝੇ ਮੋਰਚੇ ਦਾ ਪਲੇਟਫਾਰਮ ਕਹਿੰਦੀ ਸੀ।
ਸ਼ਹੀਦ ਭਗਤ ਸਿੰਘ ਵੱਲੋਂ ਭਾਰਤੀ ਇਨਕਲਾਬ ਦਾ ਮਾਰਗ ਉਲੀਕਣ ਦੇ ਯਤਨਾਂ ’ਚ ਵੱਡੀ ਸਰਮਾਏਦਾਰੀ ਅਤੇ ਇਸ ਦੇ ਕਾਂਗਰਸੀ ਨੁਮਾਇੰਦਿਆਂ ਵੱਲੋਂ ਸਾਮਰਾਜ-ਵਿਰੋਧੀ ਇਨਕਲਾਬੀ ਲਹਿਰ ਨੂੰ ਠਿੱਬੀ ਲਾ ਜਾਣ ਦੇ ਖਤਰੇ ਤੋਂ ਪੇਸ਼ਬੰਦੀਆਂ ਨੂੰ ਜ਼ੋਰਦਾਰ ਮਹੱਤਵ ਹਾਸਲ ਸੀ। ਅਜਿਹੇ ਖਤਰੇ ਦੇ ਟਾਕਰੇ ਲਈ ਵੀ ਸ਼ਹੀਦ ਭਗਤ ਸਿੰਘ ਨੂੰ ਲੋਕਾਂ ਦੀ ਆਪਣੀ ਪਾਰਟੀ ਯਾਨੀ ਕਮਿਊਨਿਸਟ ਪਾਰਟੀ ਦੀ ਸਿਰਜਣਾ ਦੀ ਵਿਸ਼ੇਸ਼ ਤੱਦੀ ਸੀ। ਕਾਂਗਰਸ ਅਤੇ ਵੱਡੇ ਸਰਮਾਏਦਾਰਾਂ ਦੇ ਰੋਲ ਬਾਰੇ ਭੁਲੇਖਿਆਂ ਤੋਂ ਮੁਕਤ ਪਾਰਟੀ ਜਿਹੜੀ ਇਨਕਲਾਬੀ ਹਾਲਤ ਵਿਚ ਸਮੇਂ ਸਿਰ ਢੁੱਕਵੀਂ ਦਖ਼ਲਅੰਦਾਜ਼ੀ ਕਰ ਸਕੇ ਅਤੇ ਇਨਕਲਾਬ ਦੀ ਵਾਗਡੋਰ ਆਪਣੇ ਹੱਥ ਲੈ ਕੇ ਇਸ ਨੂੰ ਜਿੱਤ ਤੱਕ ਪਹੁੰਚਾ ਸਕੇ।
ਪਰ ਕੁੱਝ ਵਿਚਾਰਧਾਰਕ ਸੀਮਤਾਈਆਂ ਸਰ ਹੋਣੀਆਂ ਅਜੇ ਬਾਕੀ ਸਨ। ਪੂੰਜੀਪਤੀ ਜਮਾਤ ਅਤੇ ਕਾਂਗਰਸ ਹੱਥੋਂ ‘‘ਧੋਖੇ’’ ਬਾਰੇ ਸ਼ਹੀਦ ਭਗਤ ਸਿੰਘ ਦੀਆਂ ਚਿਤਾਵਨੀਆਂ ’ਚ ਇਸ ਗੱਲ ਦਾ ਵੀ ਦਖ਼ਲ ਸੀ ਕਿ ਉਹ ਇਨਕਲਾਬ ਰਾਹੀਂ ਰਾਜਸੱਤਾ ਹੱਥ ਲੈ ਕੇ ਇਸ ਨੂੰ ਤੁਰੰਤ ਸਮਾਜਵਾਦ ਦੀ ਸਥਾਪਨਾ ਲਈ ਜੁਟਾਉਣ ਦਾ ਟੀਚਾ ਰੱਖਦਾ ਸੀ। ਯੂਰਪੀਅਨ ਮੁਲਕਾਂ ਅਤੇ ਅਮਰੀਕੀ ਤਰਜ਼ ਦੇ ਪੂੰਜੀਵਾਦੀ ਰਾਜ ਦੀ ਸਥਾਪਨਾ ਦਾ ਟੀਚਾ ਉਸ ਨੇ ਆਪਣੀ ਮਾਰਕਸਵਾਦੀ ਸੂਝ ਦੇ ਆਧਾਰ ’ਤੇ ਰੱਦ ਕੀਤਾ ਹੋਇਆ ਸੀ। ਸਾਮਰਾਜੀ ਗਲਬੇ ਹੇਠਲੇ ਮੁਲਕਾਂ ’ਚ ਮਜ਼ਦੂਰ ਜਮਾਤ ਦੀ ਅਗਵਾਈ ’ਚ ਸਾਮਰਾਜ ਵਿਰੋਧੀ ਜਾਗੀਰਦਾਰ-ਵਿਰੋਧੀ ਇਨਕਲਾਬ, ਪਰੋਲੇਤਾਰੀ ਡਿਕਟੇਟਰਸ਼ਿੱਪ ਜਾਂ ਨਿਰੋਲ ਮਜ਼ਦੂਰ-ਕਿਸਾਨ ਰਾਜ ਦੀ ਥਾਂ ਸਭਨਾਂ ਇਨਕਲਾਬੀ ਜਮਾਤਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਅਤੇ ਅਜਿਹੇ ਇਨਕਲਾਬ ਲਈ ਕੌਮੀ ਸਰਮਾਏਦਾਰੀ ਸਮੇਤ ਸਭਨਾਂ ਇਨਕਲਾਬੀ ਜਮਾਤਾਂ ਦੇ ਸਾਂਝੇ ਮੋਰਚੇ ਸਬੰਧੀ ਸੰਕਲਪ ਚੀਨੀ ਇਨਕਲਾਬ ਦੇ ਤਜਰਬੇ ਰਾਹੀਂ ਮਗਰੋਂ ਨਿੱਖਰ ਕੇ ਸਥਾਪਤ ਹੋਏ ਸਨ। ਸਾਮਰਾਜੀ ਗਲਬੇ ਹੇਠਲੇ ਮੁਲਕਾਂ ’ਚ ਇਨਕਲਾਬ ਦੇ ਸਵਾਲ ਸਬੰਧੀ ਕਮਿਊਨਿਸਟ ਕੌਮਾਂਤਰੀ ਦੀਆਂ ਅਹਿਮ ਲਿਖਤਾਂ ਵੀ ਉਦੋਂ ਸ਼ਹੀਦ ਭਗਤ ਸਿੰਘ ਦੀ ਪਹੁੰਚ ਵਿਚ ਨਹੀਂ ਸਨ। ਲੈਨਿਨ, ਸਾਮਰਾਜੀ ਗਲਬੇ ਹੇਠਲੇ ਪਛੜੇ ਮੁਲਕਾਂ ਬਾਰੇ ਜੋਰ ਨਾਲ ਇਹ ਕਹਿੰਦਾ ਰਿਹਾ ਸੀ ਕਿ ਸਮਾਜਵਾਦ ਇਨ੍ਹਾਂ ਮੁਲਕਾਂ ’ਚ ਫੌਰੀ ਤੌਰ ’ਤੇ ‘‘ਮੜ੍ਹਿਆ’’ ਨਹੀਂ ਜਾ ਸਕਦਾ। ਉਸ ਨੇ ਇੱਕ ਹੋਰ ਅਹਿਮ ਗੱਲ ਇਹ ਕਹੀ ਸੀ ਕਿ ਇਹਨਾਂ ਮੁਲਕਾਂ ਦੇ ਕਮਿਊਨਿਸਟਾਂ ਨੂੰ ਮਾਰਕਸਵਾਦ ਦੀਆਂ ਬਣੀਆਂ ਤਣੀਆਂ ਪੁਸਤਕਾਂ ਨੇ ਕੰਮ ਨਹੀਂ ਦੇਣਾ। ਆਪਣੇ ਇਨਕਲਾਬਾਂ ਦੀ ਠੋਸ ਮਾਰਗ ਸੇਧ ਉਨ੍ਹਾਂ ਨੂੰ ਖੁਦ ਹਾਲਤਾਂ ਨਾਲ ਖੌਝਲ ਕੇ ਉਲੀਕਣੀ ਪੈਣੀ ਹੈ। ਕਮਿਊਨਿਜ਼ਮ ‘‘ਮੜ੍ਹਨ’’ ਖਿਲਾਫ਼ ਲੈਨਿਨ ਦੀਆਂ ਇਹਨਾਂ ਚਿਤਾਵਨੀਆਂ ਨੂੰ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿੱਪ ਨੇ ਵਜ਼ਨ ਦਿੱਤਾ, ਪਰ ਉਹ ਖੁਦ ਮੱਥਾਪੱਚੀ ਕਰਕੇ ਭਾਰਤੀ ਇਨਕਲਾਬ ਦੀ ਦਰੁਸਤ ਮਾਰਗ ਸੇਧ ਉਲੀਕਣ ’ਚ ਨਾਕਾਮ ਰਹੀ। ਸਗੋਂ ਲੈਨਿਨ ਦੀਆਂ ਚਿਤਾਵਨੀਆਂ ਉਸ ਖਾਤਰ ਸਾਮਰਾਜ-ਵਿਰੋਧੀ ਸਾਂਝੇ ਮੋਰਚੇ ਦੇ ਨਾਂ ਹੇਠ ਸਾਮਰਾਜ ਦੀ ਵਫਾਦਾਰ ਵੱਡੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਅਤੇ ਇੱਥੋਂ ਤੱਕ ਕਿ ਇਸ ਦੀ ਆਗੂ ਭੂਮਿਕਾ ਸਵੀਕਾਰ ਕਰਨ ਦੀ ਵਾਜਬੀਅਤ ਬਣ ਗਈਆਂ। .
ਜੇਲ੍ਹ ਜੀਵਨ ਦਾ ਦੌਰ ਵਿਚਾਰਧਾਰਕ ਵਿਕਾਸ ਦਾ ਅਜਿਹਾ ਪੜਾਅ ਸੀ ਜਦੋਂ ਸ਼ਹੀਦ ਭਗਤ ਸਿੰਘ ਲੋਕਾਂ ਦੀ ਸਮਾਜਕ ਮੁਕਤੀ ਦੇ ਠੋਸ ਇਨਕਲਾਬੀ ਪ੍ਰੋਗਰਾਮ ਦੇ ਸਵਾਲ ਨੂੰ ਸੰਬੋਧਤ ਹੋ ਰਿਹਾ ਸੀ। ਅਜਿਹੇ ਠੋਸ ਪ੍ਰੋਗਰਾਮ ਬਗੈਰ ਉਸ ਨੂੰ ‘‘ਕੌਮੀ ਜਜ਼ਬਾਤਾਂ ਨੂੰ ਅਪੀਲ ਫਜ਼ੂਲ ਗੱਲ’’ ਜਾਪਦੀ ਸੀ। ਉਸ ਦਾ ਵਿਚਾਰ ਸੀ ਕਿ ਮੁਲਕ ਵਿਚ ‘‘ਕੌਮੀ ਇਨਕਲਾਬ’’ ਰਾਹੀਂ ‘‘ਅਮਰੀਕਾ ਵਰਗੇ ਭਾਰਤੀ ਗਣਤੰਤਰ’’ ਦੀ ਕੋਸ਼ਿਸ਼ ਗੈਰ-ਹਕੀਕੀ ਹੈ। ਉਸ ਦਾ ਵਿਚਾਰ ਸੀ ਕਿ ਸਰਮਾਏਦਾਰੀ ਮਜ਼ਦੂਰਾਂ ਕਿਸਾਨਾਂ ਤੋਂ ਡਰਦੀ ਹੈ, ‘‘ਜਿਹਨਾਂ ’ਤੇ ਕੌਮੀ ਇਨਕਲਾਬ ਨਿਰਭਰ ਕਰਦਾ ਹੈ’’। ਇਸ ਕਰਕੇ ‘‘ਸਾਮਰਾਜਵਾਦ’’ ਨੂੰ ‘‘ਕੌਮੀ ਇਨਕਲਾਬ’’ ਰਾਹੀਂ ਨਹੀਂ ਸਗੋਂ ‘‘ਕਿਰਤੀ ਇਨਕਲਾਬ’’ ਰਾਹੀਂ ਹੀ ਗੱਦੀਉ ਲਾਹਿਆ ਜਾ ਸਕਦਾ ਹੈ। ‘‘ਕੋਈ ਹੋਰ ਚੀਜ਼ ਇਸ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦੀ।’’ ‘‘ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕਿਰਤੀ ਇਨਕਲਾਬ ਦੇ ਸਿਵਾਏ ਨਾ ਕਿਸੇ ਹੋਰ ਇਨਕਲਾਬ ਦੀ ਇੱਛਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਾਮਯਾਬ ਹੋ ਸਕਦਾ ਹੈ।’’ ਜਨਤਾ ਨੂੰ ‘‘ਸਮਝਾਉਣਾ ਪਵੇਗਾ ਕਿ ਇਨਕਲਾਬ ਉਹਦੇ ਹਿੱਤ ਲਈ ਹੈ ਅਤੇ ਉਸ ਦਾ ਹੈ। ਮਜ਼ਦੂਰ ਪ੍ਰੋਲੇਤਾਰੀ ਦਾ ਇਨਕਲਾਬ ਪ੍ਰੋਲੇਤਾਰੀ ਲਈ ਹੈ’’। ਇਸ ਰੌਸ਼ਨੀ ਵਿਚ ਸ਼ਹੀਦ ਭਗਤ ਸਿੰਘ ਸਾਮਰਾਜਵਾਦ ਅਤੇ ਜਾਗੀਰਦਾਰੀ ਦੇ ਖਾਤਮੇ ਲਈ ਸਮਾਜਵਾਦੀ ਆਰਥਿਕ ਕਦਮਾਂ ਨੂੰ ਆਪਣੇ ਪ੍ਰੋਗਰਾਮ ਦਾ ਆਧਾਰ ਬਣਾਉਂਦਾ ਹੈ। ਪਰ ਅਜਿਹੇ ਪ੍ਰੋਗਰਾਮ ਦੇ ਪ੍ਰਸੰਗ ਵਿਚ ਮੁਲਕ ਵਿਚ ਸਾਮਰਾਜ-ਵਿਰੋਧੀ ਸਰਮਾਏਦਾਰੀ ਦੀ ਹੋਂਦ ਨੂੰ ਨੋਟ ਕਰਨ ਦਾ ਮਹੱਤਵ ਮੱਧਮ ਪੈ ਜਾਂਦਾ ਹੈ।
ਉਪਰੋਕਤ ਚਰਚਾ ਅਤੇ ਮਾਰਕਸਵਾਦੀ ਸਮੱਗਰੀ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਦੀ ਸ਼ਹੀਦ ਭਗਤ ਸਿੰਘ ਦੀ ਸਮਰੱਥਾ ਦੇ ਪ੍ਰਸੰਗ ’ਚ ਪਛੜੇ ਮੁਲਕਾਂ ਦੇ ਇਨਕਲਾਬਾਂ ਸਬੰਧੀ ਲੈਨਿਨ ਅਤੇ ਕਮਿਊਨਿਸਟ ਕੌਮਾਂਤਰੀ ਦੀ ਸਿਧਾਂਤਕ ਸਮੱਗਰੀ ਸ਼ਹੀਦ ਭਗਤ ਸਿੰਘ ਤੱਕ ਨਾ ਪਹੁੰਚ ਸਕਣਾ ਇੱਕ ਬਹੁਤ ਹੀ ਮਹੱਤਵਪੂਰਨ ਘਾਟੇਵੰਦਾ ‘‘ਸਵੱਬ’’ ਹੋ ਨਿੱਬੜਦਾ ਹੈ। ਅਜਿਹਾ ਹੋ ਜਾਣ ਦੀ ਹਾਲਤ ’ਚ ਸ਼ਹੀਦ ਭਗਤ ਸਿੰਘ ਦਾ ਮੱਥਾ ਅਜਿਹੇ ਇਨਕਲਾਬ ਦੇ ਨਕਸ਼ ਤਲਾਸ਼ਣ ਅਤੇ ਤਰਾਸ਼ਣ ਦੀ ਸਮੱਸਿਆ ਨਾਲ ਲੱਗਣਾ ਸੀ ਜਿਹੜਾ ਸਮਾਜਵਾਦ ਦੀ ਫੌਰੀ ਸਥਾਪਨਾ ਦਾ ਸਾਧਨ ਨਾ ਹੋਣ ਦੇ ਬਾਵਜੂਦ ਵੀ ਪੂੰਜੀਵਾਦ ਦੀ ਸਥਾਪਨਾ ਦਾ ਸਾਧਨ ਨਾ ਬਣੇ, ਸਗੋਂ ਅਗਲੇ ਪੜਾਅ ’ਤੇ ਹੋਣ ਵਾਲੇ ਸਮਾਜਵਾਦੀ ਇਨਕਲਾਬ ਦਾ ਅੰਗ ਬਣ ਸਕੇ। ਇਸ ਨੁਕਤੇ ਨਾਲ ਦੋ ਚਾਰ ਹੋਣ ਅਤੇ ਇਸ ਨੂੰ ਗ੍ਰਹਿਣ ਕਰ ਲੈਣ ਦੀ ਹਾਲਤ ’ਚ ਇਨਕਲਾਬ ਲਈ ਜਮਾਤੀ ਕਤਾਰਬੰਦੀ ਦੇ ਸਵਾਲ ਨੂੰ ਸੰਬੋਧਤ ਹੋਣ ਖਾਤਰ ਪਹਿਲਾਂ ਜ਼ਿਕਰ ਅਧੀਨ ਆਏ ਕੁੱਝ ਪੱਖਾਂ ਤੋਂ ਸ਼ਹੀਦ ਭਗਤ ਸਿੰਘ ਕਾਫੀ ਬਿਹਤਰ ਹਾਲਤ ’ਚ ਦਿਖਾਈ ਦਿੰਦਾ ਹੈ। ਪੂੰਜੀਵਾਦੀ ਇਨਕਲਾਬ ਦੇ ਬਦਲ ਵਜੋਂ ਪਰ ਸਮਾਜਵਾਦ ਤੋਂ ਪਹਿਲਾਂ ਕੀਤੇ ਜਾਣ ਵਾਲੇ ਇਨਕਲਾਬ ਦੇ ਸੰਕਲਪ ਨਾਲ ਜੁੜ ਕੇ ਸਰਮਾਏਦਾਰੀ ਦੇ ਵੱਖ ਵੱਖ ਹਿੱਸਿਆਂ ’ਚ ਵਖਰੇਵੇਂ ਵੱਲ ਆਹੁਲਦੀ ਉਸ ਦੀ ਪਹੁੰਚ ਨਿਵੇਕਲਾ ਮਹੱਤਵ ਹਾਸਲ ਕਰਨ ਦੀ ਸੰਭਾਵਨਾ ਰੱਖਦੀ ਸੀ। ‘‘ਲੋਕਾਂ ਵੱਲੋਂ ਲੋਕਾਂ ਲਈ ਰਾਜਸੀ ਤਾਕਤ ’ਤੇ ਕਬਜਾ’’ -ਇਨਕਲਾਬ ਦਾ ਇਹ ਸੰਕਲਪ ਪੇਸ਼ ਕਰਦਿਆਂ ਭਗਤ ਸਿੰਘ ਵੱਲੋਂ ਦਿੱਤੀ ਸ਼ਬਦ ‘‘ਲੋਕ’’ ਅਤੇ ‘‘ਕੌਮ’’ ਦੀ ਪ੍ਰੀਭਾਸ਼ਾ ਮਹੱਤਵਪੂਰਨ ਹੈ। ਉਸ ਖਾਤਰ ‘‘ਲੋਕ’’ ਅਤੇ ‘‘ਕੌਮ’’ ਦੇ ਅਰਥ ਨਿਰੋਲ ਮਜ਼ਦੂਰ ਜਮਾਤ ਤੱਕ ਸੀਮਤ ਨਹੀਂ ਹਨ। ਦੂਜੇ ਪਾਸੇ ਉਹ ਤਾੜਨਾ ਕਰਦਾ ਹੈ ਕਿ ‘‘ਕੌਮ ਕਾਂਗਰਸ ਦੇ ਲਾਉੂਡ ਸਪੀਕਰ ਨਹੀਂ ਹਨ।’’ ਉਹ ‘‘ਲੋਕਾਂ’’ ’ਚ 95 ਫੀਸਦੀ ਜਨਤਾ ਨੂੰ ਸ਼ੁਮਾਰ ਕਰਦਾ ਹੈ। ਸ਼ਹੀਦ ਭਗਤ ਸਿੰਘ ਸਾਹਮਣੇ ਬੁਰਜੂਆ ਕੌਮੀ ਇਨਕਲਾਬ ਦੇ ਬਦਲ ਵਜੋਂ ਰੂਸ ਦੇ ਅਕਤੂਬਰ ਇਨਕਲਾਬ ਦਾ ਮਾਡਲ ਸੀ। ਪਛੜੇ ਮੁਲਕਾਂ ਦੇ ਇਨਕਲਾਬਾਂ ਦੀ ਵਿਸ਼ੇਸ਼ਤਾ ਬਾਰੇ ਲੈਨਿਨਵਾਦੀ ਸਿਧਾਂਤਕ ਸਮੱਗਰੀ ਹਾਸਲ ਹੋਣ ਦੀ ਹਾਲਤ ਵਿਚ ਲੋਕਾਂ ਵੱਲੋਂ ਰਾਜਸੀ ਤਾਕਤ ’ਤੇ ਕਬਜੇ ਦਾ ਉਸ ਦਾ ਸੰਕਲਪ ਭਾਰਤ ਦੀਆਂ ਠੋਸ ਹਾਲਤਾਂ ਅਨੁਸਾਰ ਨਿੱਤਰ ਕੇ ਅਤੇ ਨਿੱਖਰ ਕੇ ਪ੍ਰਗਟ ਹੋਣ ਦੀ ਸੰਭਾਵਨਾ ਰੱਖਦਾ ਸੀ। ਮਜ਼ਦੂਰ ਜਮਾਤ ਦੀ ਅਗਵਾਈ ’ਚ ਸਭਨਾਂ ਇਨਕਲਾਬੀ ਜਮਾਤਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਦੇ ਸੰਕਲਪ ਵਜੋਂ ਪੇਸ਼ ਹੋਣ ਦੀ ਸੰਭਾਵਨਾ ਰੱਖਦਾ ਸੀ। ਅਜਿਹਾ ਸੰਕਲਪ ਜਮਹੂਰੀ ਇਨਕਲਾਬ ਦੀਆਂ ਫੌਰੀ ਲੋੜਾਂ ਦੇ ਆਧਾਰ ’ਤੇ ਸਮੁੱਚੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਦੀ ਸੀ.ਪੀ.ਆਈ. ਦੀ ਮਾਰਗ ਸੇਧ ਦਾ ਹਾਂ-ਪੱਖੀ ਬਦਲ ਬਣ ਸਕਦਾ ਸੀ। ਪਰ ਇਤਿਹਾਸ ਨੂੰ ਸ਼ਹੀਦ ਭਗਤ ਸਿੰਘ ਦੀ ਉੱਭਰਦੀ ਕਮਿਊਨਿਸਟ ਇਨਕਲਾਬੀ ਪ੍ਰਤਿਭਾ ਦੇ ਅਜਿਹੇ ਸੰਭਾਵਤ ਜਲਵੇ ਦੇਖਣ, ਅੰਗਣ ਤੇ ਪਰਖਣ ਦਾ ਮੌਕਾ ਨਹੀਂ ਮਿਲ ਸਕਿਆ। .
ਇਹ ਗੱਲ ਵੀ ਦਿਲਚਸਪ ਹੈ ਕਿ ਕਮਿਊਨਿਸਟ ਬਣ ਰਹੇ ਪਛੜੇ ਮੁਲਕਾਂ ਦੇ ਮੱਧਵਰਗੀ ਕੌਮਪ੍ਰਸਤਾਂ ਨੂੰ, ਜਿਹੜੇ ਸੋਵੀਅਤ ਯੂਨੀਅਨ ਵਿਚ ਮਾਰਕਸਵਾਦ ਦੀ ਸਿੱਖਿਆ ਹਾਸਲ ਕਰ ਰਹੇ ਸਨ, ਦੋ ਨੁਕਤਿਆਂ ਬਾਰੇ ਕਾਇਲ ਕਰਨ ’ਤੇ ਲੈਨਿਨ ਦਾ ਵਿਸ਼ੇਸ਼ ਜੋਰ ਲਗਦਾ ਰਿਹਾ ਸੀ। ਇੱਕ ਨੁਕਤਾ ਇਨਕਲਾਬੀ ਦਹਿਸ਼ਤਗਰਦੀ ਦੀ ਨਿਰਾਰਥਕਤਾ ਬਾਰੇ ਸੀ ਤੇ ਦੂਜਾ ਨੁਕਤਾ ਪਛੜੇ ਮੁਲਕਾਂ ਦੀ ਜਨਤਾ ਫੌਰੀ ਤੌਰ ’ਤੇ ‘‘ਕਮਿਊਨਿਜ਼ਮ ਠੋਸਣ’’ ਦੀਆਂ ਕੋਸ਼ਿਸ਼ਾਂ ਦੀ ਨਿਰਾਰਥਕਤਾ ਬਾਰੇ ਸੀ। (ਸੋਮਾ ‘‘ਸੋਵੀਅਤ ਯੂਨੀਅਨ ’ਚ ਭਾਰਤੀ ਇਨਕਲਾਬੀ’’) ਆਪਣੀ ਬੌਧਿਕ ਸਮਰੱਥਾ ਦੇ ਜੋਰ ਸ਼ਹੀਦ ਭਗਤ ਸਿੰਘ ਨੇ ਹਾਸਲ ਮਾਰਕਸਵਾਦੀ ਸਾਹਿਤ ਨੂੰ ਆਧਾਰ ਬਣਾ ਕੇ ਪਹਿਲੇ ਨੁਕਤੇ ਬਾਰੇ ਸਪਸ਼ਟਤਾ ਹਾਸਲ ਕੀਤੀ। ਦੂਜੇ ਅਹਿਮ ਨੁਕਤੇ ਬਾਰੇ ਲੋੜੀਂਦੀ ਅਧਿਐਨ ਸਮੱਗਰੀ ਸ਼ਹੀਦ ਭਗਤ ਸਿੰਘ ਨੂੰ ਹਾਸਲ ਨਾ ਹੋਈ। ‘‘95 ਫੀਸਦੀ’’ ਲੋਕਾਂ ਦੇ ਰਾਜ ਦਾ ਉਸ ਦਾ ਤਸੱਵਰ , ਸਾਮਰਾਜਵਾਦ ਤੋਂ ਮੁਕਤੀ ਨੂੰ ਸਮਾਜਕ ਮੁਕਤੀ ਦੇ ਪ੍ਰੋਗਰਾਮ ’ਤੇ ਆਧਾਰਤ ਕਰਨ ਦੀ ਉਸ ਦੀ ਪਹੁੰਚ, ਸਰਮਾਏਦਾਰੀ ਦੇ ਇੱਕ ਹਿੱਸੇ ਦੀ ਸਾਮਰਾਜਵਾਦ ਨਾਲ ਵਫਾਦਾਰੀ ਬਾਰੇ ਉਸ ਦੀ ਸਪੱਸ਼ਟਤਾ, ਇਸ ਨਾਲ ਟਕਰਾਵੇਂ ਹਿੱਤਾਂ ਵਾਲੀ ਸਰਮਾਏਦਾਰੀ ਦੀ ਹੋਂਦ ਵੱਲ ਉਸ ਦਾ ਧਿਆਨ, ਇਨਕਲਾਬ ਦੀ ਆਜ਼ਾਦ ਆਗੂ ਸ਼ਕਤੀ ਵਜੋਂ ਕਮਿਊਨਿਸਟ ਪਾਰਟੀ ਦੀ ਉਸਾਰੀ ਦਾ ਉਸ ਦਾ ਸੰਕਲਪ-ਉਸ ਦੀ ਵਿਚਾਰਧਾਰਕ ਸੂਝ ਦੇ ਇਹ ਅਹਿਮ ਅੰਸ਼ ਬੱਸ ਇੱਕੋ ਅਗਲਾ ਵਿਚਾਰਧਾਰਕ ਸੰਕੇਤ ਮੰਗਦੇ ਜਾਪਦੇ ਹਨ। ਲੈਨਿਨ ਦਾ ਇਹ ਸੁਝਾਊ ਸੰਕੇਤ ਕਿ ਪਛੜੇ ਮੁਲਕਾਂ ਦਾ ਸਮਾਜਵਾਦ ਵੱਲ ਕੂਚ, ਇਹਨਾਂ ਮੁਲਕਾਂ ਦੇ ਜਮਹੂਰੀ ਇਨਕਲਾਬਾਂ ਦੇ ਵਿਸ਼ੇਸ਼ ਨਕਸ਼ਾਂ ਨੂੰ ਬੁੱਝਣ ਅਤੇ ਤਰਾਸ਼ਣ ’ਤੇ ਨਿਰਭਰ ਕਰਦਾ ਹੈ। ਹਾਸਲ ਹੋਇਆ ਇਹ ਸੰਕੇਤ ਸ਼ਹੀਦ ਭਗਤ ਸਿੰਘ ਨੂੰ ‘‘ਕੁੱਝ ਹੋਰ’’ ਬਣਾ ਦੇਣ ਦੀ ਸੰਭਾਵਨਾ ਰੱਖਦਾ ਸੀ, ਉਹਨਾਂ ਸਮਿਆਂ ਵਿਚ ਜਦੋਂ ਸ਼ਹੀਦ ਭਗਤ ਸਿੰਘ ਅਜੇ 23 ਸਾਲਾਂ ਦਾ ਗੱਭਰੂ ਸੀ ਅਤੇ ਭਾਰਤ ਆਪਣਾ ‘‘ਮਾਓ-ਜ਼ੇ-ਤੁੰਗ’’ ਤਲਾਸ਼ ਰਿਹਾ ਸੀ। ਸ਼ਹਾਦਤ ਤੋਂ ਐਨ ਪਹਿਲਾਂ ਸ਼ਹੀਦ ਭਗਤ ਸਿੰਘ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਲੈਨਿਨ ਨਾਲ ‘‘ਮੁਲਾਕਾਤ’’ ਕਰ ਰਿਹਾ ਸੀ। ਕਾਸ਼ ਇਹ ‘‘ਮੁਲਾਕਾਤ’’ ਹੋਰ ਲੰਮੀ ਹੋ ਸਕਦੀ! ਤੇ ਜੇ ਇਹ ਸੱਚਮੁੱਚ ਹੋ ਜਾਂਦੀ.. ..ਇਹ ਖਿਆਲ ਸ਼ਹੀਦ ਭਗਤ ਸਿੰਘ ਨੂੰ ਨਿਰਖ ਨਾਲ ਪੜ੍ਹਨ ਵਾਲਿਆਂ ਦੇ ਮਨਾਂ ’ਚ ਹਮੇਸ਼ਾਂ ਦਿਲ ਦੀ ਧੜਕਣ ਤੇਜ਼ ਕਰਨ ਵਾਲੀ ਉਤਸੁਕਤਾ ਜਗਾਉਦਾ ਰਹੇਗਾ।
ਪਰ ਅੱਜ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਲਈ ਵਧੇਰੇ ਮਹੱਤਵਪੂਰਨ ਪਾਸ਼ ਦੀ ਇਹ ਟਿੱਪਣੀ ਹੈ ਕਿ ਉਨ੍ਹਾਂ ਨੇ ਮਾਰਕਸਵਾਦ-ਲੈਨਿਨਵਾਦ ਨੂੰ ਉਸ ਤੋਂ ਅੱਗੇ ਪੜ੍ਹਨਾ ਹੈ, ਜਿੱਥੇ ਫਾਂਸੀ ਦੇ ਤਖਤੇ ਵੱਲ ਜਾਂਦਾ ਭਗਤ ਸਿੰਘ ਲੈਨਿਨ ਦੀ ਕਿਤਾਬ ਦਾ ਵਰਕਾ ਮੋੜ ਕੇ ਛੱਡ ਗਿਆ ਸੀ। .
(ਸਤੰਬਰ, 2007)
No comments:
Post a Comment