Saturday, October 7, 2017

15 ਅਗਸਤ ਵੇਲੇ ਮੁਲਕ ਵੰਡ ਦੀ ਸਿਆਸਤ ਇਕ ਆਜ਼ਾਦੀ ਘੁਲਾਟੀਏ ਦੀਆਂ ਨਜ਼ਰਾਂ 'ਚ

1945 ਦੇ ਅੰਤਮ ਹਿੱਸੇ ਵਿੱਚ ਸਾਰਾ ਦੇਸ਼ ਇਕ ਤਪਦੀ ਹੋਈ ਕੜਾਹੀ ਬਣਿਆ ਹੋਇਆ ਸੀ। ਅੰਗਰੇਜ਼ਾਂ ਨਾਲ ਗੱਲਬਾਤ ਕਰਨਾ ਦੇਸ਼ ਦੀ ਜਨਤਾ ਨੂੰ ਬਿਲਕੁਲ ਪਸੰਦ ਨਹੀਂ ਸੀ। ਪਰ ਗਾਂਧੀ ਜੀ ਗੱਲਬਾਤ ਵਿੱਚ ਮਸ਼ਗੂਲ ਸਨ ਅਤੇ ਗੱਲਬਾਤ ਦਾ ਮੁੱਦਾ ਵੀ ਇਹ ਨਹੀਂ ਸੀ ਕਿ ਅੰਗਰੇਜ਼ ਭਾਰਤ ਕਦੋਂ ਛੱਡਣਗੇ? ਕਪਟੀ ਸਾਮਰਾਜੀਆਂ ਨੇ ਬੜੀ ਚਾਲਾਕੀ ਨਾਲ ਭਾਰਤ ਦੀ ਆਜ਼ਾਦੀ ਦੇ ਸਵਾਲ ਨੂੰ ਹਿੰਦੂ-ਮੁਸਲਮਾਨ ਏਕਤਾ ਦੀ ਲੁਕਣਮੀਟੀ ਵਿੱਚ ਭਟਕਾ ਦਿੱਤਾ ਸੀ।
ਗਾਂਧੀ ਜੀ ਦੀ ਅਗਵਾਈ ਵਿੱਚ ਕਾਂਗਰਸ, ਨਾ ਤਾਂ ਜਿਨਾਹ ਨੂੰ ਸਿੱਧਾ ਕਰ ਸਕੀ ਤੇ ਨਾ ਹੀ ਸਾਮਰਾਜੀਆਂ ਦੇ ਖਿਲਾਫ਼ ਭਾਰਤ ਛੱਡੋ ਅੰਦੋਲਨ ਸ਼ੁਰੂ ਕਰ ਸਕੀ। ਨਹਿਰੂ ਅਤੇ ਪਟੇਲ ਰਹਿ ਰਹਿ ਕੇ ਆਪਣੇ ਮਨ ਦਾ ਉਬਾਲ ਕੱਢਦੇ ਰਹੇ।
'ਭਾਰਤ ਤੋਂ ਜਾਓ। ਅਸੀਂ ਆਪਣੇ ਮਸਲੇ ਆਪ ਸੁਲਝਾ ਲਵਾਂਗੇ।' ਇਹ ਨੇਤਾ ਬੁੱਕਦੇ ਰਹੇ ਪਰ ਸਾਮਰਾਜੀਆਂ ਦੇ ਖਿਲਾਫ਼ ਇਸ ਤਰ੍ਹਾਂ ਦਾ ਵਿਆਪਕ ਤੇ ਜੁਝਾਰ ਅੰਦੋਲਨ ਛੇੜਨ ਦੀ ਦਿਸ਼ਾ ਵਿੱਚ ਕੋਈ ਵੀ ਠੋਸ ਕਦਮ ਨਹੀਂ ਸਨ ਉਠਾਉਂਦੇ। ਜਿਸ ਦਾ ਪੂਰੇ ਦੇਸ਼ ਦੀ ਜਨਤਾ ਤੇ ਭਾਰਤੀ ਫੌਜ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਸੀ।
ਕੀ ਇਹ ਇੱਕ ਗਲਤੀ ਸੀ? ਕੀ ਇਸ ਨੂੰ ਕਾਂਗਰਸ ਪਾਰਟੀ ਵਲੋਂ ਪਹਿਕਦਮੀ ਦੀ ਘਾਟ ਦਾ ਨਾਂ ਦਿੱਤਾ ਜਾ ਸਕਦਾ? ਕੁਝ ਨਾ ਸਮਝ ਸਕਣ ਤੋਂ ਅਸਮਰੱਥ ਤੇ ਹੈਰਾਨ ਲੋਕਾਂ ਨੇ ਇਹ ਸਵਾਲ ਅਕਸਰ ਪੁੱਛਿਆ ਹੈ ਅਤੇ ਦੁਨੀਆਂਦਾਰਾਂ ਨੇ ਝੱਟ ਮੰਨ ਲਿਆ ਹੈ ਕਿ ਬੇਸ਼ੱਕ ਇਹ ਇੱਕ ਗਲਤੀ ਸੀ।
ਪਰ ਇਹ ਗਲਤੀ ਨਹੀਂ ਸੀ। ਉਸ ਵੇਲੇ ਭਾਰਤੀ ਰਾਜਨੀਤੀ ਵਿੱਚ ਤਿੰਨ ਵੱਡੀਆਂ ਤਾਕਤਾਂ- ਸਾਮਰਾਜ, ਕਾਂਗਰਸ ਅਤੇ ਮੁਸਲਿਮ ਲੀਗ ਦੀ ਇਹ ਚਾਲਾਕੀ ਭਰੀ ਸਾਜਿਸ਼ ਸੀ। ਇਹ ਤਿੰਨੇ ਤਾਕਤਾਂ ਭਾਰਤ ਦੀ ਜਨਤਾ ਦੇ ਖਿਲਾਫ਼ ਇੱਕਜੁੱਟ ਹੋ ਗਈਆਂ ਸਨ। ਸਾਡੀ ਜਨਤਾ ਦੀ ਇਨਕਲਾਬੀ ਤਿਊੜੀ ਵੇਖ ਕੇ ਇਹ ਤਿੰਨੇ ਕੰਬ ਉੱਠੀਆਂ ਸਨ। ਇਹ ਇੱਕ ਇਸ ਤਰ੍ਹਾਂ ਦਾ ਸਮਝੌਤਾ ਕਰਨ 'ਤੇ ਤੁਲੀਆਂ ਪਈਆਂ ਸਨ ਜਿਹੜਾ ਇੱਕ ਹੀ ਸ਼ਰਤ 'ਤੇ ਸੰਭਵ ਸੀ ਕਿ ਜਨਤਾ ਦੀ ਇਨਕਲਾਬੀ ਸ਼ਕਤੀ ਫਿਰਕੂ ਪਾਗਲਪਣ ਦੇ ਰੂਪ ਵਿੱਚ ਬਦਲ ਜਾਵੇ। ਤਿੰਨ ਮਹਾਂਸ਼ਕਤੀਆਂ ਦੀ ਉਸ ਵੇਲੇ ਇਹ ਮਿਲੀਜੁਲੀ ਸਮਝ ਸੀ ..........
ਮੈਨੂੰ ਯਕੀਨ ਹੈ ਕਿ 1945 ਦੇ ਅਖੀਰਲੇ ਮਹੀਨਿਆਂ 'ਚ ਕਾਂਗਰਸੀ ਰਹਿਨੁਮਾ ਇਸ ਗੱਲ 'ਤੇ ਸਹਿਮਤ ਹੋ ਚੁੱਕੇ ਸਨ ਕਿ ਹੁਣ ਪਾਕਿਸਤਾਨ ਨੂੰ ਬਣਨ ਤੋਂ ਰੋਕਿਆ ਨਹੀਂ ਜਾ ਸਕਦਾ। ਕਾਂਗਰਸ ਪਾਰਟੀ ਵਿੱਚ ਇਸ ਤਰ੍ਹਾਂ ਦਾ ਬਾਕਾਇਦਾ ਰੁਝਾਨ ਸੀ। ਜਿਹੜਾ ਰਾਜਗੋਪਾਲ ਅਚਾਰੀਆ ਦੇ ਮੂੰਹ ਤੋਂ ਇਸ ਦਾ ਐਲਾਨ ਪਹਿਲਾਂ ਹੀ ਕਰਵਾ ਚੁੱਕਿਆ ਸੀ। ਪਟੇਲ ਅਤੇ ਨਹਿਰੂ ਵੀ ਇਸ ਰਾਇ ਨਾਲ ਸਹਿਮਤ ਸਨ ਪਰ ਉਹ ਖੁੱਲ੍ਹੇ ਤੌਰ 'ਤੇ ਇਹ ਗੱਲ ਨਹੀਂ ਕਹਿ ਸਕਦੇ ਸਨ ਕਿਉਂਕਿ ਉਹ ਭਾਰਤੀ ਜਨਤਾ ਵਿੱਚ ਲੰਬੇ ਅਰਸੇ ਤੱਕ, ਇਸ ਦੇ ਖਿਲਾਫ਼ ਸ਼ੇਰ ਵਾਂਗ ਗਰਜਦੇ ਰਹੇ ਸਨ।
ਇਸ ਤਰ੍ਹਾਂ ਇਸ ਪ੍ਰਸਥਿਤੀ ਨੂੰ, ਜਿਹੜੀ ਬੇਹੱਦ ਵਿਸਫੋਟਕ ਸੀ, ਅਨਿਸ਼ਚਿਤ ਅਤੇ ਫਿਰਕੂ ਜ਼ਹਿਰ 'ਚ ਡੁੱਬਣ ਦਿੱਤਾ ਗਿਆ। ਇਸ ਤੋਂ ਕਿਸੇ ਨੂੰ ਜ਼ਰਾ ਵੀ ਸ਼ੰਕਾ ਨਹੀਂ ਹੋ ਸਕਦਾ ਕਿ ਇਨ੍ਹਾਂ ਤਿੰਨਾਂ ਹੀ ਮਹਾਂਸ਼ਕਤੀਆਂ ਦੇ ਇਰਾਦੇ ਜਨ-ਵਿਰੋਧੀ ਸਨ।
ਕਿਉਂਕਿ ਉਸ ਵੇਲੇ ਇਹ ਤਿੰਨੇ ਹੀ 'ਭਾਰਤ ਭਾਗ ਵਿਧਾਤਾ' ਸਨ। ਇਸ ਲਈ ਇਨ੍ਹਾਂ ਨੇ ਮਿਲਕੇ ਇਹ ਸਾਜਿਸ਼ ਰਚੀ ਕਿ ਘਟਨਾ ਚੱਕਰ ਨੂੰ ਇਸ ਤਰ੍ਹਾਂ ਵਿਕਸਤ ਹੋਣ ਦਿੱਤਾ ਜਾਵੇ ਜਿਸ ਵਿੱਚ ਅਗਵਾਈ ਹੀਣ ਜਨਤਾ ਇਨਕਲਾਬੀ ਉਨਮਾਦ ਨਾਲ ਭਰ ਉੱਠੇ ਅਤੇ ਫਿਰ ਜਦੋਂ ਉਸਨੂੰ ਖੁਦ ਆਪਣੇ ਘਰ ਅਤੇ ਪਰਿਵਾਰ ਫਿਰਕਾਪ੍ਰਸਤੀ ਦੇ ਸਰਵ-ਵਿਆਪੀ ਸੰਕਟ ਦੀ ਭੇਂਟ ਚੜ੍ਹਦੇ ਨਜ਼ਰ ਆਉਣ ਤਾਂ ਉਹ ਸਾਡੀ ਖੁਸ਼ਾਮਦ ਕਰੇ ਅਤੇ ਚੀਕ-ਚੀਕ ਕੇ ਕਹੇ ਕਿ ''ਦੇ ਦਿਓ ਜਿਨਾਹ ਨੂੰ ਉਸ ਦਾ ਪਾਕਿਸਤਾਨ''।
ਪਰ ਜਨਤਾ ਦੇ ਸਾਹਮਣੇ ਇਹ ਸ਼ੇਰ ਆਖਰੀ ਲਮਹੇ ਤੱਕ ਗਰਜਦੇ ਰਹੇ। ਪਾਕਿਸਤਾਨ ਦੇ ਜਨਮ ਤੋਂ ਚੰਦ ਹੀ ਦਿਨ ਪਹਿਲਾਂ, ਜਦੋਂ ਪਰਦੇ ਪਿੱਛੇ ਮਹਾਂਸ਼ਕਤੀਆਂ ਦੇ ਵਿਚਕਾਰ ਬਾਂਦਰ ਵੰਡ ਹੋ ਚੁੱਕੀ ਸੀ, ਮਸੂਰੀ ਦੀਆਂ ਠੰਡੀਆਂ ਬੁਲੰਦੀਆਂ ਉੱਤੋਂ ਪਟੇਲ ਦੀ ਗਰਜ ਸੁਣਾਈ ਦਿੱਤੀ, ''ਪਾਕਿਸਤਾਨ ਨੂੰ ਸਾਡੀਆਂ ਲਾਸ਼ਾਂ ਉੱਪਰੋਂ ਤੁਰ ਕੇ ਆਉਣਾ ਪਏਗਾ।'' ਸੱਚੀਂ ਹੀ ਪਾਕਿਸਤਾਨ ''ਸਾਡੀਆਂ ਲਾਸ਼ਾਂ'' ਉੱਪਰੋਂ ਤੁਰ ਕੇ ਆਇਆ, ਪਰ ਪਟੇਲ ਦੀ ਲਾਸ਼ ਉਹਨਾਂ ਵਿੱਚ ਸ਼ਾਮਿਲ ਨਹੀਂ ਸੀ।.....
(ਬਰਤਾਨਵੀ ਫੌਜ ਦੇ ਬਾਗੀ
ਮੇਜਰ ਜੈਪਾਲ ਸਿੰਘ ਦੀ ਸਵੈਜੀਵਨੀ 'ਚੋਂ)

No comments:

Post a Comment