Tuesday, July 8, 2014

Surkh Rekha May-Aug, 2014

Surkh Rekha May-Aug, 2014

ਸੰਪਾਦਕੀ ਟਿੱਪਣੀਆਂ

ਹਾਕਮ ਜਮਾਤਾਂ ਦੀ ਸਿਆਸੀ ਮਸ਼ਕ
ਪਾਰਲੀਮਾਨੀ ਚੋਣਾਂ ਅਤੇ ਮੋਦੀ ਸਰਕਾਰ
ਟਾਈਟਲ ਪੇਜ  'ਤੇ ਅਸੀਂ ਇੱਕ ਕਾਰਟੂਨ ਛਾਪਿਆ ਹੈ। ਇਹ ਕਾਰਟੂਨ ਮੋਦੀ ਸਰਕਾਰ ਦੇ ਸੱਭ ਤੋਂ ਉੱਘੜਵੇਂ ਲੱਛਣਾਂ ਨੂੰ ਦਰਸਾਉਂਦਾ ਹੈ। ਭਾਵੇਂ ਕਿ ਇਸ ਵਿਧਾ ਦੀਆਂ ਆਪਣੀਆਂ ਸੀਮਤਾਈਆਂ ਹਨ। ਹੈਟ ਅਮਰੀਕਨ ਸਾਮਰਾਜ (ਅੰਕਲ ਸੈਮ) ਦਾ ਚਿੰਨ੍ਹ ਹੈ। ਅਮਰੀਕਣ ਸਾਮਰਾਜ, ਪੱਛਮੀ ਅਤੇ ਜਪਾਨੀ ਸਾਮਰਾਜੀ ਧੜੇ ਦਾ ਸਰਦਾਰ ਹੈ। ਇਸ ਧੜੇ ਦੇ ਦਲਾਲ-ਸਰਮਾਏਦਾਰ ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਦੇ ਮੋਢੀ ਹਨ। ਇਹ ਹੈਟ ਮੋਦੀ ਸਰਕਾਰ ਨੇ ਪਹਿਲੀ ਵਾਰ ਨਹੀਂ ਪਹਿਨਿਆ ਜਾਂ ਇਸ ਹੈਟ ਨੇ ਪਹਿਲੀ ਵਾਰ ਸਾਡੇ ਦੇਸ਼ ਦੀ ਸਰਕਾਰ ਦਾ ਸਿਰ ਨਹੀਂ ਢਕਿਆ। ਇਹ ਹੈਟ ਮਨਮੋਹਨ ਸਰਕਾਰ ਦੇ ਸਿਰ 'ਤੇ ਵੀ ਓਨਾ ਹੀ ਫਿੱਟ ਸੀ, ਜਿੰਨਾ ਉਸ ਤੋਂ ਪਹਿਲੀ ਵਾਜਪਾਈ ਸਰਕਾਰ ਦੇ ਸਿਰ 'ਤੇ। ਪਰ ਸਾਨੂੰ ਰੂਸੀ ਰਿੱਛ  ਨੂੰ ਨਹੀਂ ਭੁਲਣਾ ਚਾਹੀਦਾ ਅਤੇ ਮੋਦੀ ਸਰਕਾਰ ਦੀ ਔਕਾਤ ਨਹੀਂ ਹੈ ਕਿ ਇਹ ਇਸਨੂੰ ਨਜ਼ਰਅੰਦਾਜ਼ ਕਰ ਦੇਵੇ। 'ਇੱਕ ਧੁਰੇ' ਸੰਸਾਰ ਦਾ ਸਮਾਂ ਲੱਦ ਚੁੱਕਾ ਹੈ। ਸਿਰ ਸੁੱਟੀਂ ਬੈਠਾ ਰੂਸੀ ਸਾਮਰਾਜੀ ਰਿੱਛ, ਅਮਰੀਕਨ ਸਾਮਰਾਜੀ ਸ਼ੇਰ ਨੂੰ ਅੱਖਾਂ ਵਿਖਾਉਣ ਲੱਗ ਚੁੱਕਿਆ ਹੈ। ਇਹ ਦੋ ਕੁ ਪਰਚਾਂਟੇ ਵੀ ਠੋਕ ਚੁੱਕਿਆ ਹੈ। ਸਾਮਰਾਜੀ ਭੇੜ ਦਾ ਪਰਛਾਵਾਂ ਭਾਰਤੀ ਦਲਾਲ ਸਰਮਾਏਦਾਰ ਜਮਾਤਾਂ 'ਤੇ ਰਹਿਣਾ ਹੀ ਹੈ। ਭਾਰਤੀ ਹਾਕਮਾਂ ਵਿੱਚ ਰੂਸੀ ਸਾਮਰਾਜੀਆਂ ਦੇ ਦਲਾਲ ਵੀ ਸ਼ੁਮਾਰ ਹਨ। 
ਮੋਦੀ ਸਰਕਾਰ ਦੇ ਮੱਥੇ 'ਤੇ ਟਿੱਕਾ ਹੈ, ਗਲ਼ ਵਿੱਚ ਭਗਵਾਂ ਪਟਕਾ ਹੈ ਅਤੇ ਹੱਥ ਵਿੱਚ ਤ੍ਰਿਸ਼ੂਲ ਹੈ। ਇਹ ਪਿਛਾਖੜੀ ਤੇ ਫਿਰਕਾਪ੍ਰਸਤ ਵਿਚਾਰਧਾਰਕ-ਸਭਿਆਚਾਰਕ ਥੜ੍ਹੇ 'ਸੰਘ ਪਰਿਵਾਰ' ਦੇ 'ਹਿੰਦੂ ਰਾਸ਼ਟਰਵਾਦ' ਦੀ ਨਿਸ਼ਾਨੀ ਹੈ। ਹਿੰਦੂ ਫਿਰਕਾਪ੍ਰਸਤੀ ਦੀ ਵਰਤੋਂ ਕਾਂਗਰਸ ਵੀ ਕਰਦੀ ਰਹੀ ਹੈ, ਪਰ ਮੋਦੀ ਲਾਣਾ (ਸੰਘ ਪਰਿਵਾਰ) ਕਿਤੇ ਵੱਧ ਨਿਸ਼ੰਗ ਤੇ ਹਮਲਾਵਰ ਰੁਖ ਰੱਖਦਾ ਹੈ। ਇਹ ਦਿਲਚਸਪ ਅਤੇ ਬੁਰਾ ਨਜ਼ਾਰਾ ਸਾਨੂੰ ਛੇਤੀ ਹੀ ਵੇਖਣ ਨੂੰ ਮਿਲੇਗਾ ਕਿ ਮੋਦੀ ਸਰਕਾਰ ਪੱਛਮੀ ਅਤੇ ਸੰਘ ਪਰਿਵਾਰ ਦੀ ਵਿਚਾਰਧਾਰਾ ਅਤੇ ਸਭਿਆਚਾਰ ਦਾ ਮੇਲ ਕਰਕੇ ਕਿਵੇਂ ਚੱਲਦੀ ਹੈ। ਪਰ ਸਾਮਰਾਜੀਆਂ ਦਾ ਕੋਈ 'ਦੀਨ-ਈਮਾਨ' ਨਹੀਂ ਅਤੇ ਨਾ ਹੀ ਸਾਡੇ ਦੇਸ਼ ਦੇ ਦਲਾਲ ਸਰਮਾਏਦਾਰਾਂ ਅਤੇ ਜਾਗੀਰੂ ਚੌਧਰੀਆਂ ਦਾ। ਇਹਨਾਂ ਦੀਆਂ ਗੋਗੜਾਂ ਸਭ ਕਚਰਾ ਹਜ਼ਮ ਕਰ ਜਾਂਦੀਆਂ ਹਨ। 
---------
ਪਾਰਲੀਮਾਨੀ ਚੋਣਾਂ  ਹੋ ਚੁੱਕੀਆਂ ਹਨ। ਇੱਕ ਨਵੀਂ ਸਰਕਾਰ- ਮੋਦੀ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ। ਇਸਨੇ 'ਗੁਲ ਖਿਲਾਉਣੇ' ਅਜੇ ਸ਼ੁਰੂ ਹੀ ਕੀਤੇ ਹਨ। ਪਰ ਨਵੀਂ ਸਰਕਾਰ ਦਾ ਕਨਾਤਰਾ ਸਪੱਸ਼ਟ ਹੈ। ਪ੍ਰਧਾਨ ਮੰਤਰੀ ਦਾ ''ਸਖਤ ਫੈਸਲਿਆਂ'' ਬਾਰੇ ਬਿਆਨ, ਨਵੀਂ ਸਰਕਾਰ ਦੇ ਮੁਢਲੇ ਕਦਮ, ਬਹੁਤ ਤਿੱਖੀਆਂ ਜਮਾਤੀ ਵਿਰੋਧਤਾਈਆਂ, ਹਾਕਮ ਜਮਾਤੀ ਸੰਕਟ ਅਤੇ ਲੋਕਾਂ 'ਤੇ ਇਸ ਸੰਕਟ ਦਾ ਭਾਰ ਹੋਰ ਤੇਜੀ ਨਾਲ ਲੱਦਣ ਦੀ ਹਾਕਮ ਜਮਾਤੀ ਧੁੱਸ ਬਹੁਤ ਤੇਜੀ ਨਾਲ 'ਗੁਲ ਖਿਲਾਏਗੀ' ਅਤੇ ਛੇਤੀ ਤੋਂ ਪਹਿਲਾਂ ਨਵੀਂ ਸਰਕਾਰ ਦਾ ਲੁਟੇਰਾ ਅਤੇ ਜਾਬਰ ਚੇਹਰਾ ਉਹਨਾਂ ਲੋਕਾਂ ਸਾਹਮਣੇ ਵੀ ਨੰਗਾ ਹੋ ਜਾਵੇਗਾ, ਜਿਹਨਾਂ ਨੂੰ ਅਖੌਤੀ ਵਿਕਾਸ ਦੇ ਸ਼ੋਰ-ਗੁਲ ਤੋਂ ਕੁੱਝ ਭਰਮ ਹੋਇਆ ਹੋਵੇਗਾ। 
ਨਵੀਂ ਸਰਕਾਰ ਨੇ ਦਿਨਾਂ ਵਿੱਚ ਹੀ ਜੋ ਕਦਮ ਚੁੱਕੇ ਹਨ, ਉਹਨਾਂ ਵਿੱਚ: ਪ੍ਰਧਾਨ ਮੰਤਰੀ ਦਫਤਰ ਵੱਲੋਂ ਧਾਰਾ 370 ਖਾਰਜ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ। ਕਬਾਇਲੀ ਲੋਕਾਂ 'ਤੇ ਦਮਨ ਤੇਜ ਕਰਨ ਲਈ ਹੋਰ 12 ਬਟਾਲੀਅਨਾਂ (ਕੇਂਦਰੀ ਬਲ) ਅਤੇ ਦੋ ਜਹਾਜ਼ ਫੌਰੀ ਭੇਜਣ ਦਾ ਐਲਾਨ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਿੰਦੀ ਭਾਸ਼ਾ ਨੂੰ ਫੈਲਾਉਣ ਲਈ ਕਦਮਾਂ ਤੋਂ ਬਿਨਾ ਆਰਥਿਕ ਖੇਤਰ ਵਿੱਚ ਡੀਜ਼ਲ ਦੀ ਕੀਮਤ ਹਰ ਮਹੀਨੇ ਵਧਾਉਣਾ ਜਾਰੀ ਰੱਖਣ ਦਾ ਫੈਸਲਾ। ਡੀਜ਼ਲ ਸਬੰਧੀ ਫੈਸਲੇ ਦੀ ਤਰਜ਼ 'ਤੇ ਸਬਸਿਡੀਆਂ ਖਤਮ ਕਰਨ ਦੇ ਮਕਸਦ ਲਈ ਗੈਸ ਅਤੇ ਮਿੱਟੀ ਦੇ ਤੇਲ ਦੀ ਹਰ ਮਹੀਨੇ 5 ਰੁਪਏ ਅਤੇ 50 ਪੈਸੇ ਲੀਟਰ ਕੀਮਤ ਵਧਾਉਣ ਦਾ ਫੈਸਲਾ। ਰੇਲ ਭਾੜੇ ਵਿੱਚ 14.2% ਵਾਧੇ ਅਤੇ ਰੇਲ ਮਾਲ ਭਾੜੇ ਵਿੱਚ 6% ਵਾਧੇ ਦਾ ਫੈਸਲਾ ਸ਼ਾਮਲ ਹੈ।
ਇਹ ਸ਼ੁਰੂਆਤ ਹੈ। ਛੇਤੀ ਹੀ (ਮੱਧ ਜੁਲਾਈ ਤੱਕ) ਰੇਲ ਬਜਟ ਤੇ ਆਮ ਬਜਟ ਪਾਸ ਕੀਤੇ ਜਾਣੇ ਹਨ। ਜ਼ੋਰ ਸ਼ੋਰ ਨਾਲ ਤਜਵੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਡੇ ਸਰਮਾਏਦਾਰਾਂ ਨੂੰ ਗੱਫੇ ਅਤੇ ਲੋਕਾਂ ਦਾ ਕਚੂੰਬਰ ਕੱਢਣ ਵਾਲੇ ਫੈਸਲੇ ਲਏ ਜਾਣੇ ਹਨ।  (26-6-2014)

ਸੰਪਾਦਕੀ ਟਿੱਪਣੀਆਂ

ਪਾਰਲੀਮਾਨੀ ਚੋਣਾਂ ਹਾਕਮ ਜਮਾਤਾਂ ਦੀ ਇੱਕ ਵੱਡੀ ਸਿਆਸੀ ਮਸ਼ਕ ਹੋ ਨਿੱਬੜੀਆਂ। ਇਹ ਜੋਕ-ਸਿਆਸਤ ਦੀ ਖੇਡ ਸੀ ਨਾ ਕਿ ਲੋਕ-ਸਿਆਸਤ ਦੀ। ਇਸ 'ਦੰਗਲ' ਵਿਚ ਮੁਕਾਬਲਾ ਲੋਕ-ਸਿਆਸਤ ਅਤੇ ਜੋਕ ਸਿਆਸਤ ਵਿਚਕਾਰ ਨਹੀਂ ਸੀ। 'ਚੋਣ' ਅਸਲ ਅਰਥਾਂ ਵਿਚ ਜੋਕ ਸਿਆਸਤ ਦੀ ਵਲਗਣ ਵਿਚ ਰਹਿੰਦਿਆਂ ਜੋਕ ਸਿਆਸਤ ਦੇ ਖਿਡਾਰੀਆਂ ਵਿਚੋਂ ਕਿਸੇ ਇਕ ਧਿਰ ਦੀ ਕਰਨੀ ਸੀ। ਇੱਥੇ ਚਿੱਤ ਵੀ ਲੁਟੇਰੀਆਂ ਹਾਕਮ ਜਮਾਤਾਂ ਦੀ ਸੀ ਅਤੇ ਪਟ ਵੀ। ਲੋਕਾਂ ਸਾਹਮਣੇ ਚੁਣਨ ਜਾਂ ਰੱਦ ਕਰਨ ਲਈ ਲੁਟੇਰਾ ਅਤੇ ਜਾਬਰ ਆਰਥਕ ਸਮਾਜਾਂ ਨਿਜ਼ਾਮ ਅਤੇ ਇਸਦੀ ਰਖਵਾਲੀ ਰਾਜ ਸੱਤਾ ਨਹੀਂ ਸੀ। ਇਸ ਨਿਜ਼ਾਮ ਅਤੇ ਇਸਦੀ ਰਾਜਸੱਤਾ ਨੂੰ ਕਾਇਮ ਰੱਖਦਿਆਂ ਇਸਦੇ ਮੁਖੌਟੇ ਨੂੰ ਚੁਣਨ ਦਾ ਸਵਾਲ ਸੀ। ਇਹ ਮੁਖੌਟਾ ਇਸ ਨਿਜ਼ਾਮ ਦੀ ਰਾਜ-ਸੱਤਾ ਦਾ ਅੰਗ ਤਾਂ ਬਣਿਆ ਹੋਇਆ ਹੀ ਹੈ ਪਰ ਇਹ ਇਸਦਾ ਲਾਜ਼ਮੀ ਅਤੇ ਫੈਸਲਾਕੁੰਨ ਅੰਗ ਨਹੀਂ। ਚਾਹੇ ਅਖੌਤੀ ਜਮਹੂਰੀਅਤ ਦਾ ਮੁਖੌਟਾ ਹਾਕਮ ਜਮਾਤਾਂ ਲਈ ਲਾਹੇਵੰਦਾ ਹੈ। ਰਾਜ ਸੱਤਾ ਲੋੜ ਪੈਣ ਤੇ ਇਸ ਮੁਖੌਟੇ ਨੂੰ ਲਾਹ ਕੇ ਸੁੱਟ ਵੀ ਸਕਦੀ ਹੈ। ਅਸਲ ਰਾਜ-ਸੱਤਾ ਕਾਨੂੰਨ, ਕਚਹਿਰੀਆਂ, ਜੇਲ੍ਹਾਂ, ਸਿਵਿਲ ਅਫਸਰਸ਼ਾਹੀ, ਪੁਲਸ ਅਤੇ ਫੌਜ ਹੈ। ਇਹ ਪੱਕੀ ਸਰਕਾਰ ਹੈ, ਰਾਜ ਸੱਤਾ ਹੈ। ਇਸਦੀ ਚੋਣ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਇਸ ਵਾਰ ਇਹ ਚੋਣ ਦਾ ਮੁੱਦਾ ਸੀ। ਇਹ ਬਸ, ਤਾਕਤ ਦੇ ਜ਼ੋਰ ਆਪ ਦੇ ਪੈਰ ਜਮਾਈ ਬੈਠੀ ਹੈ।
ਇਨ੍ਹਾਂ ਚੋਣਾਂ ਵਿਚ ਮੁੱਖ ਖਿਡਾਰੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ., ਬੇ.ਜੀ.ਪੀ. ਦੀ ਅਗਵਾਈ ਵਾਲੀ ਐਨ.ਡੀ.ਏ. ਅਤੇ ਅਣਜੰਮਿਆ 'ਖੱਬਾ ਤੇ ਜਮਹੂਰੀ' ਫਰੰਟ ਸੀ। ਸੀ ਪੀ ਆਈ (ਐਮ), ਸਮਾਜਵਾਦੀ ਪਾਰਟੀ, ਨਿਤੀਸ਼ ਦਾ ਜਨਤਾ ਦਲ (ਯੂ), ਬੀਜੂ ਜਨਤਾ ਦਲ, ਮਮਤਾ ਬੈਨਰਜੀ ਦੀ ਤ੍ਰਨਾਮੂਲ ਕਾਂਗਰਸ, ਮਾਯਾਵਤੀ ਦੀ ਬੀ.ਐਸ.ਪੀ. ਅਤੇ ਜੈ ਲਲਿਤਾ ਦੀ ਅੰਨਾ ਡੀ.ਐਮ.ਕੇ.ਆਦਿ ਆਦਿ। ਇਹ ਸਭ ਲੁਟੇਰੇ ਆਰਥਕ ਸਮਾਜੀ ਨਿਜ਼ਾਮ ਅਤੇ ਰਾਜਸੱਤਾ ਦੇ ਕੱਟੜ ਅਤੇ ਪਰਖੇ ਹੋਏ ਮੁਦੱਈ ਹਨ। ਇੱਥੋਂ ਤੱਕ ਕਿ ਨਵੀਂ ਬਣੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀ ਨਿਜ਼ਾਮ ਬਦਲਣ ਦਾ ਬੁਨਿਆਦੀ ਮੁੱਦਾ ਨਹੀਂ ਉਠਾਇਆ। ਇਨ੍ਹਾਂ ਚੋਣਾਂ ਵਿਚ ਇਨ੍ਹਾਂ ਵਲੋਂ ਸਾਮਰਾਜ ਦੀ ਅਧੀਨਗੀ ਵਾਲੀ, ਕਮਜ਼ੋਰ ਗੁਆਂਢੀਆਂ ਤੇ ਦਬਦਬਾ ਪਾ ਕੇ ਇਲਾਕਾਈ ਵਡ-ਤਾਕਤੀ ਅਤੇ ਕੌਮੀ ਸ਼ਾਵਨਵਾਦ ਭੜਕਾਉਣ ਵਾਲੀ ਵਿਦੇਸ਼ ਨੀਤੀ ਤੇ ਕਿੰਤੂ ਨਹੀਂ ਉਠਾਇਆ ਗਿਆ। ਨਾ ਹੀ ਕਿਸਾਨੀ ਨੂੰ ਕੰਗਾਲ ਕਰਨ ਲਈ, ਮਜਦੂਰ ਜਮਾਤ ਦੀ ਅੰਨੀ ਲੁੱਟ ਕਰਨ ਵਾਲੀ, ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ ਵਾਲੀ, ਕਬਾਇਲੀ ਲੋਕਾਂ ਨੂੰ ਉਜਾੜ ਕੇ ਕੁਦਰਤੀ ਸਾਧਨਾਂ ਤੇ ਕਬਜ਼ਾ ਕਰਨ ਵਾਲੀ ਅਤੇ ਦੇਸ਼ ਅੰਦਰਲੀਆਂ ਕੌਮੀਅਤਾਂ ਨੂੰ ਦਬਾਉਣ ਵਾਲੀ ਨਵਬਸਤੀਵਾਦੀ ਲੁੱਟ ਦੀ ਹਨੇਰੀ ਚਲਾਉਣ ਵਾਲੀ ਅਤੇ ਲੋਕਾਂ ਦੀਆਂ ਜ਼ਮੀਨ ਜਾਇਦਾਦਾਂ 'ਤੇ ਸੂਦਖੋਰ ਜਗੀਰੂ ਧਨਾਢਾਂ ਦਾ ਕਬਜ਼ਾ ਕਰਵਾਉਣ ਵਾਲੀ ਦੇਸੀ-ਵਿਦੇਸ਼ੀ ਧਨਾਢਾਂ/ਕਾਰਪੋਰੇਟਾਂ ਪੱਖੀ ਨਵ-ਉਦਾਰਵਾਦੀ ਨੀਤੀ ਤੇ ਕਿੰਤੂ ਕੀਤਾ ਗਿਆ। ਸਗੋਂ ਮੁੱਖ ਖਿਡਾਰੀਆਂ ਦਾ ਮੁੱਦਾ ਮਨਮੋਹਨ ਸਿੰਘ ਸਰਕਾਰ ਦੀਆਂ ਨੀਤੀਆਂ ਬਦਲਣ ਦਾ ਨਹੀਂ ਸਗੋਂ ਇਨ੍ਹਾਂ ਨੂੰ ਜੋਰ ਸ਼ੋਰ ਨਾਲ ਲਾਗੂ ਕਰਨ ਦਾ ਸੀ। ਲੋਕਾਂ ਦੇ ਬੁਨਿਆਦੀ ਅਤੇ ਮੁੱਖ ਮੁੱਦੇ ਗਾਇਬ ਸਨ।
ਸੋ, ਪਾਰਲੀਮਾਨੀ ਚੋਣਾਂ ਦੀ ਇਸ ਮਸ਼ਕ ਦੌਰਾਨ ਲੁਟੇਰਾ ਅਤੇ ਜਾਬਰ ਆਰਥਕ-ਸਮਾਜਕ ਨਿਜ਼ਾਮ ਅਤੇ ਇਸਦਾ ਆਪਾਸ਼ਾਹ ਰਾਜ-ਭਾਗ (ਰਾਜ-ਸੱਤਾ) ਚੁਣਨ ਜਾਂ ਰੱਦ ਕਰਨ ਦਾ ਮੁੱਦਾ ਨਹੀਂ ਸੀ। ਸਗੋਂ, ਇਸ ਸਭ ਕਾਸੇ ਨੂੰ ਕਾਇਮ ਰੱਖਦਿਆਂ, ਰਾਜ-ਭਾਗ ਦੀ ਅਸਰਕਾਰੀ ਵਧਾਉਣ ਦੀ ਮਕਸਦ ਪੂਰਤੀ ਲਈ 'ਮੁਖੌਟਾ' ਬਦਲੀ (ਕੇਂਦਰੀ ਵਜਾਰਤ ਬਦਲੀ) ਦਾ ਸੁਆਲ ਸੀ। ਇਹ ਮਕਸਦ ਹਾਕਮ ਜਮਾਤਾਂ ਨੇ ਮੋਦੀ ਵਜਾਰਤ ਬਣਾ ਕੇ ਹੱਲ ਕੀਤਾ ਹੈ।
ਮੋਦੀ ਸਰਕਾਰ ਬਣਾ ਕੇ ਹਾਕਮ ਜਮਾਤਾਂ ਨੇ ਆਪਦੀ ਇਕ ਸਿਆਸੀ ਮੁਸ਼ਕਲ ਦਾ ਹੱਲ ਕੀਤਾ ਹੈ। ਉਨ੍ਹਾਂ ਨੇ ਪਾਰਲੀਮੈਂਟ ਵਿਚ ਬਹੁਗਿਣਤੀ ਦੀ ਸਰਕਾਰ ਬਣਾ ਲਈ ਹੈ। ਪਿਛਲੇ 25 ਸਾਲਾਂ ਤੋਂ ਭਾਰਤੀ ਹਾਕਮਾਂ ਨੂੰ ਅਜਿਹੀ ਬਹੁਗਿਣਤੀ ਸਰਕਾਰ ਵੀ ਨਸੀਬ ਨਹੀਂ ਹੋਈ ਸੀ। ਘੱਪਲਿਆਂ ਕਰਕੇ ਬੱਦੂ ਹੋ ਚੁੱਕੀ ਅਤੇ ਕਮਜ਼ੋਰ ਪੈ ਚੁੱਕੀ ਮਨਮੋਹਨ ਸਿੰਘ ਸਰਕਾਰ ਨੂੰ ਸਟੇਜ ਤੋਂ ਲਾਂਭੇ ਕਰ ਦਿੱਤਾ ਹੈ। ਅਤੇ ਇਸਦੀ ਥਾਂ ਉਨ੍ਹਾਂ ਨੇ ਹਾਕਮ ਜਮਾਤਾਂ ਦੇ ਵੱਡੇ ਹਿੱਸੇ ਵਲੋਂ ਥਾਪੜੇ ਵਾਲੀ, ਅਖੌਤੀ ਵਿਕਾਸ ਅਤੇ 'ਹਿੰਦੂ ਰਾਸ਼ਟਰਵਾਦ' ਦੇ ਨਾਂ ਹੇਠ ਦਰਮਿਆਨੀਆਂ ਜਮਾਤਾਂ ਦੇ ਇਕ ਹਿੱਸੇ ਨੂੰ ਇਕ ਵਾਰ ਭਰਮਾ ਕੇ ਹੋਂਦ ਵਿਚ ਆਈ ਇਕ ''ਮਜ਼ਬੂਤ'', ''ਧੜੱਲੇਦਾਰ' ਅਤੇ ਹਮਲਾਵਰ ਸਰਕਾਰ ਪੇਸ਼ ਕੀਤੀ ਹੈ।
ਇਸ 'ਪ੍ਰਾਪਤੀ' ਨੂੰ ਕਾਰਪੋਰੇਟ ਮੀਡੀਆ, ਮੋਦੀ ਸਰਕਾਰ ਅਤੇ ਇਸਦੇ ਧੂ-ਧੂ ਇਉਂ ਪੇਸ਼ ਕਰ ਰਹੇ ਹਨ ਜਿਵੇਂ ਹਾਕਮ ਜਮਾਤਾਂ ਨੇ ਆਪਣਾ ਸਿਆਸੀ ਸੰਕਟ ਹੱਲ ਕਰ ਲਿਆ ਹੋਵੇ। ਅਤੇ ਹੁਣ ਭਾਰਤੀ ਹਾਕਮ 'ਸੁਖ ਆਸਣ' ਦੀ ਸਥਿਤੀ ਵਿਚ ਆ ਗਏ ਹੋਣ। ਪਰ, ਅਸਲੀਅਤ ਕੋਹਾਂ ਦੂਰ ਹੈ। ਹਾਕਮ ਪੂਰੀ ਤਰ੍ਹਾਂ ਸੰਕਟ ਵਿਚ ਘਿਰੇ ਹੋਏ ਹਨ। 'ਸੁਖ ਆਸਣ' ਤਾਂ ਕੀ ਹਾਕਮ ਜਮਾਤਾਂ ਬਰੂਦ ਦੇ ਪਹਾੜ ਤੇ ਬੈਠੀਆਂ ਹਨ ਅਤੇ ਇਸ ਪਹਾੜ ਅੰਦਰ ਅੱਗ ਦੇ ਚੰਗਿਆੜੇ ਹਨ।
ਕਰੋੜਾਂ-ਕਰੋੜ ਮਜਦੂਰ, ਕਿਸਾਨ, ਕਬਾਇਲੀ ਇਲਾਕਿਆਂ ਦੇ ਲੋਕ, ਉੱਤਰ ਪੂਰਬ ਭਾਰਤ ਅਤੇ ਕਸ਼ਮੀਰ ਦੀਆਂ ਦਬਾਈਆਂ ਕੌਮੀਅਤਾਂ ਦੇ ਲੋਕ, ਬੇਰੁਜ਼ਗਾਰ ਅਤੇ ਫੌਜਾਂ ਹਾਕਮ ਜਮਾਤਾਂ ਦੀ ਨਿੱਤ ਵੱਧ ਰਹੀ ਲੁੱਟ ਅਤੇ ਜਬਰ ਦੇ ਨਪੀੜੇ ਹੋਏ ਹਨ। ਹਾਕਮਾਂ ਨੇ ਇਨ੍ਹਾਂ ਨੂੰ ਭੁਖਮਰੀ, ਕੰਗਾਲੀ, ਜਹਾਲਤ ਅਤੇ ਅਣਮਨੁੱਖੀ ਹਾਲਤ ਵਿਚ ਧੱਕਿਆ ਹੋਇਆ ਹੈ। ਆਪਣੀ ਲੁੱਟ ਅਤੇ ਜਬਰ ਦੇ ਕੋਹਾੜੇ ਨੂੰ ਤੇਜੀ ਨਾਲ ਵਾਹ ਰਹੇ ਹਾਕਮ ਇਨ੍ਹਾਂ ਲੋਕਾਂ ਨਾਲ ਨਿੱਤ ਦੁਸ਼ਮਣੀ ਵਧਾ ਰਹੇ ਹਨ। ਲੋਕਾਂ ਨਾਲ ਹਾਕਮਾਂ ਦੀ ਇਹ ਦੁਸ਼ਮਣੀ ਹੀ ਬਰੂਦ ਦਾ ਪਹਾੜ ਹੈ। ਇਸ ਤੋਂ ਇਲਾਵਾ ਹਾਕਮ ਦਰਮਿਆਨੀਆਂ ਜਮਾਤਾਂ ਨੂੰ ਖੁਸ਼ ਰੱਖਣ ਦੀ ਹਾਲਤ ਵਿਚ ਨਹੀਂ। ਨਿੱਕ ਬੁਰਜੁਆ ਜਮਾਤਾਂ ਦਾ ਤਾਂ ਉਹ ਘਾਣ ਹੀ ਕਰੀ ਜਾ ਰਹੇ ਹਨ। ਸੰਕਟ ਅਤੇ ਆਪਸੀ ਵਿਰੋਧਾਂ ਵਿਚ ਘਿਰੇ ਸਾਮਰਾਜੀਆਂ ਦੇ ਪੈਰ ਨਹੀਂ ਲੱਗ ਰਹੇ। ਇਨ੍ਹਾਂ ਦੇ ਦਲਾਲ ਭਾਰਤੀ ਹਾਕਮ ਥਾਂ-ਥਾਂ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਆਪਸੀ ਵਿਰੋਧਾਂ ਵਿਚ ਗ੍ਰਸੇ ਹੋਏ ਹਨ ਅਤੇ ਇਨ੍ਹਾਂ ਦਾ ਰਾਜ-ਤਖਤ ਡੋਲ ਰਿਹਾ ਹੈ। ਅਜਿਹੀ ਹਾਲਤ ਵਿਚ ਹਾਕਮ ਆਪਣੇ ਪ੍ਰਮੁਖ ਹਥਿਆਰ ਜਬਰ ਤੇ ਟੇਕ ਵਧਾਉਂਦੇ ਜਾ ਰਹੇ ਹਨ ਅਤੇ ਮੋੜਵੇਂ ਰੂਪ ਵਿਚ ਇਹ ਬਰੂਦ ਦਾ ਪਹਾੜ ਅੱਗ ਉਗਲਦਾ ਜਾ ਰਿਹਾ ਹੈ।
ਹਾਕਮਾਂ ਦੀ ਲੋਕਾਂ ਨਾਲ ਦੁਸ਼ਮਣੀ ਅਤੇ ਅੰਦਰਲਾ ਵਿਰੋਧ ਇਨ੍ਹਾਂ ਦੇ ਸਿਆਸੀ ਸੰਕਟ ਦਾ ਮੂਲ ਹੈ। ਇਸ ਸੰਕਟ ਤੋਂ ਇਨ੍ਹਾਂ ਦਾ ਛੁਟਕਾਰਾ ਸੰਭਵ ਨਹੀਂ ਅਤੇ ਇਹ ਇਕ ਜਾਂ ਦੂਜੀ ਸ਼ਕਲ ਵਿਚ ਪ੍ਰਗਟ ਹੁੰਦੇ ਰਹਿਣਾ ਹੈ।
ਮੋਦੀ ਸਰਕਾਰ ਵਜੋਂ ਜਿਹੜੀ ਇਹ 'ਬਹੁਗਿਣਤੀ' ਸਰਕਾਰ ਬਣੀ ਹੈ ਇਹ ਇਨ੍ਹਾਂ ਦੇ ਅਖੌਤੀ ਪਾਰਲੀਮਾਨੀ ਜਮਹੂਰੀਅਤ ਦੇ ਦਾਅਵਿਆਂ ਤੇ ਵੀ ਪੂਰੀ ਨਹੀਂ ਉਤਰਦੀ। ਇਹ ਸਰਕਾਰ ਕੁੱਲ ਭੁਗਤੀਆਂ ਵੋਟਾਂ ਵਿਚੋਂ ਇਕ ਤਿਹਾਈ ਵੋਟਾਂ ਤੋਂ ਵੀ ਘੱਟ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੋ ਤਿਹਾਈ ਤੋਂ ਵੱਧ ਵੋਟਾਂ ਇਸਦੀਆਂ ਵਿਰੋਧੀ ਪਾਰਟੀਆਂ ਨੂੰ ਭੁਗਤੀਆਂ ਹਨ। ਜੇ ਕੁਲ ਵੋਟਾਂ 'ਚੋਂ ਦੇਖੀਏ ਤਾਂ ਇਸ ਸਰਕਾਰ ਨੂੰ ਇਕ ਚੌਥਾਈ ਤੋਂ ਕਿਤੇ ਘੱਟ ਵੋਟਰਾਂ ਦੀ ਹਮਾਇਤ ਹੀ ਹੈ। ਅਤੇ ਇਹ ਸਭ ਹਾਕਮ ਜਮਾਤਾਂ ਦੇ ਵੱਡੇ ਹਿੱਸੇ ਦੀ ਹਮੈਤ, ਅਰਬਾਂ-ਖਰਬਾਂ ਰੁਪਏ ਖਰਚ ਕੇ, ਕਾਰਪੋਰੇਟ ਮੀਡੀਆ ਦੀ ਧੜਲੇਦਾਰ ਹਮਾਇਤ, ਹਿੰਦੁਤਵਵਾਦੀ, ਫਿਰਕੂ ਪੱਤਾ ਖੇਡ ਕੇ, 'ਵਿਕਾਸ' ਬਾਰੇ ਗੁਮਰਾਹਕੁੰਨ ਅਤੇ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਹੈ। ਇਨ੍ਹਾਂ ਦੀ ਕਾਮਯਾਬੀ ਘੱਟ ਗਿਣਤੀ ਵੋਟਾਂ ਦੇ ਸਿਰ ਤੇ ਬਹੁਗਿਣਤੀ ਸੀਟਾਂ ਹਾਸਲ ਕਰਨ ਵਿਚ ਹੈ। ਇਹ ਗੱਲ ਲੋਕਾਂ ਵਿਚ 'ਮੋਦੀ ਵੇਵ (ਹਵਾ)' ਦੀ ਫੂਕ ਕੱਢਦੀ ਹੈ। ਸੋ, ਇਹ ਸਰਕਾਰ ਅਖੌਤੀ ਪਾਰਲੀਮਾਨੀ ਜਮਹੂਰੀਅਤ ਦੀ ਜਿੱਤ ਨੂੰ ਪੇਸ਼ ਨਹੀਂ ਕਰਦੀ ਜਿਵੇਂ ਕਿ ਹਾਕਮ ਦਾਅਵਾ ਕਰਦੇ ਹਨ। ਸਿਆਸੀ ਸੰਕਟ ਦਾ ਭੂਤ ਹਾਕਮਾਂ ਦੇ ਸਿਰ ਮੰਡਲਾਉਂਦਾ ਰਹੇਗਾ ਅਤੇ ਇਸਦੀ ਸਥਿਰਤਾ ਲੰਗੜੀ ਰਹੇਗੀ।
ਤਾਂ ਵੀ, ਇਹ ਚੋਣ ਮੁਹਿੰਮ ਅਤੇ ਮੋਦੀ ਸਰਕਾਰ ਦਾ ਬਣਨਾ ਹਾਕਮ ਜਮਾਤਾਂ ਦੀ ਇਕ ਵੱਡੀ ਸਿਆਸੀ ਮਸ਼ਕ ਹੈ। ਬੀਤੇ ਵਰ੍ਹਿਆਂ ਦੇ ਮੁਕਾਬਲੇ ਤੇ ਦੇਖਿਆਂ ਉਨ੍ਹਾਂ ਨੇ 'ਸਰਕਾਰ ਚਲਾਉਣ' (7overnence) ਸਬੰਧੀ ਅੜਿਕੇ ਦੂਰ ਕਰਕੇ ਕੇਂਦਰ ਸਰਕਾਰ ਵਿਚ ਫੈਸਲਿਆਂ ਦੀ ਬੇਯਕੀਨੀ ਅਤੇ ਝਿੱਝਕ ਦੀ ਹਾਲਤ ਨੂੰ ਸੁਧਾਰਿਆ ਹੈ। ਖਾਸ ਕਰਕੇ ਕੇਂਦਰ ਸਰਕਾਰ (ਮੋਦੀ ਵਜਾਤਰ) ਨੂੰ ਹਾਕਮ ਜਮਾਤੀ ਮਕਸਦਾਂ ਲਈ 'ਇਰਾਦੇ ਦੀ ਪੱਕੀ ਅਤੇ ਮਜ਼ਬੂਤ' ਸਰਕਾਰ ਦਾ ਮੁਖੌਟਾ ਦੇ ਕੇ ਹਾਕਮ ਜਮਾਤਾਂ ਦੇ ਹੌਸਲਿਆਂ ਨੂੰ ਹੁਲਾਰਾ ਦਿਤਾ ਹੈ। (ਚਾਹੇ ਇਸਦੀ ਤਾਕਤ ਪਿਛਾਖੜੀ ਸਿਵਿਲ ਅਤੇ ਫੌਜੀ-ਪੁਲਸੀ ਅਫਸਰਸ਼ਾਹੀ ਦੇ ਨਾਲ-ਨਾਲ ਹਿੰਦੂ ਬੁਨਿਆਦਪ੍ਰਸਤ ਅਤੇ ਫਿਰਕਾਪ੍ਰਸਤ ਲਾਮਬੰਦੀ ਹੀ ਹੈ ਅਤੇ ਇਸ ਤਾਕਤ ਦੀ ਬੇਦਰੇਗ ਵਰਤੋਂ ਨਾਲ ਇਸਨੇ ਛੇਤੀ ਹੀ ਇਕ ਧੱਕੜ ਅਤੇ ਜਾਲਮ ਹਕੂਮਤ ਵਜੋਂ ਨਿਖੜ ਜਾਣਾ ਹੈ।)
ਹਾਕਮਾਂ ਦੀ ਇਸ ਚੋਣ ਮੁਹਿੰਮ ਦੌਰਾਨ ਹਾਕਮ-ਜਮਾਤੀ ਤਾਕਤਾਂ ਵੱਡੀ ਪੱਧਰ ਤੇ ਹਰਕਤ ਵਿਚ ਆਈਆਂ ਹਨ। ਕਾਰਪੋਰੇਟ ਖੇਤਰ (ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ), ਜ਼ਮੀਨਾਂ-ਜਾਇਦਾਦਾਂ ਤੇ ਕਾਬਜ, ਧਨਾਢ, ਸਭੇ ਹਾਕਮ ਜਮਾਤੀ ਸਿਆਸੀ ਪਾਰਟੀਆਂ, ਹਰ ਤਰ੍ਹਾਂ ਦੇ ਫਿਰਕਾਪ੍ਰਸਤ, ਬੁਨਿਆਦ ਪ੍ਰਸਤ, ਅੰਨੇ ਕੌਮਪ੍ਰਸਤ, ਜਾਤ ਪ੍ਰਸਤ ਅਤੇ ਤੰਗ ਨਜ਼ਰ ਇਲਾਕਾ ਪ੍ਰਸਤ ਥੱੜੇ, ਰਾਜ-ਮਸ਼ੀਨਰੀ, ਅਨੇਕਾਂ ਕਿਸਮ ਦੇ ਪ੍ਰਾਈਵੇਟ ਧੌਂਸਬਾਜ ਅਤੇ ਲੱਠਮਾਰ ਟੋਲੇ ਅਤੇ ਹਾਕਮ ਜਮਾਤਾਂ ਦੇ ਪ੍ਰਚਾਰਕ ਉਨ੍ਹਾਂ ਦੇ ਧੂ-ਧੂ ਖਾਸ ਕਰਕੇ ਵੱਡੀਆਂ ਕੰਪਨੀਆਂ ਦੀ ਮਾਲਕੀ ਵਾਲੇ ਕਾਰਪੋਰੇਟ ਮੀਡੀਆ ਨੇ ਜ਼ੋਰ-ਸ਼ੋਰ ਨਾਲ ਵੱਡੀ ਮੁਹਿੰਮ ਵਿੱਢੀ ਹੈ।
ਹਾਕਮ ਜਮਾਤਾਂ ਦੀ ਇਸ ਚੋਣ ਮੁਹਿੰਮ ਸਮੇਂ ਮਜ਼ਦੂਰਾਂ, ਕਿਸਾਨਾਂ, ਮੇਹਨਤਕਸ਼ਾਂ ਜਮਹੂਰੀ ਤੇ ਦੇਸ਼ਪ੍ਰਸਤ ਲੋਕਾਂ ਨੇ ਆਪਣੀ ਚੇਤਨਾ, ਏਕਤਾ ਅਤੇ ਜੱਥੇਬੰਦੀ ਦੀ ਤਾਕਤ ਅਨੁਸਾਰ ਲੋਕ ਮੁੱਦੇ ਉਭਾਰੇ, ਹਾਕਮਾਂ ਨਾਲ ਆਢਾ ਲਿਆ, ਉਨ੍ਹਾਂ ਦਾ ਝੂਠ ਫਰੇਬ ਅਤੇ ਜ਼ਾਲਮ ਚੇਹਰਾ ਨੰਗਾ ਕੀਤਾ ਅਤੇ ਆਪਣਾ ਪੱਖ ਰੱਖਿਆ। ਲੋਕਾਂ ਨੇ ਆਪੋ ਆਪਣੀਆਂ ਸਿਆਸੀ ਪਾਰਟੀਆਂ, ਥੱੜੇਆਂ, ਜਨਤਕ ਜੱਥੇਬੰਦੀਆਂ, ਟਰੇਡ ਯੂਨੀਅਨਾਂ ਜਾਂ ਆਪਮੁਹਾਰੇ ਆਪਦਾ ਪੱਖ ਰੱਖਿਆ। ਕਮਿਉਨਿਸਟ ਇਨਕਲਾਬੀ ਲਹਿਰ ਨੇ ਆਪਣੀਆਂ ਪਾਰਟੀਆਂ/ਗਰੁਪਾਂ ਰਾਹੀਂ ਹਾਕਮ ਜਮਾਤੀ ਸਿਆਸਤ ਨੂੰ ਛੰਡਣ ਦੀ ਅਤੇ ਇਨਕਲਾਬ ਦੀ ਸਿਆਸਤ ਬੁਲੰਦ ਕੀਤੀ।
ਚਾਹੇ, ਇਹ ਚੋਣਾਂ ਹਾਕਮ ਜਮਾਤਾਂ ਖੇਡ ਹੀ ਸੀ ਅਤੇ ਲੋਕਾਂ ਲਈ ਖੱਟਣ ਕਮਾਉਣ ਲਈ ਕੁਝ ਨਹੀਂ ਸੀ ਤਾਂ ਵੀ, ਇਕ ਪਾਸੇ, ਹਾਕਮ-ਜਮਾਤਾਂ ਦੇ ਤਾਕਤ ਅਤੇ ਕਮਜੋਰੀ ਦੇ ਪੱਖ ਜਾਨਣ ਸਮਝਣ ਪੱਖੋਂ ਉਨ੍ਹਾਂ ਦੇ ਹਕੂਮਤ ਕਰਨ ਦੇ ਤਰੀਕਿਆਂ ਅਤੇ ਚਾਲਾਂ ਸਮਝਣ ਪੱਖੋਂ ਅਤੇ ਦੂਜੇ ਪਾਸੇ ਲੁਟੇਰੇ ਅਤੇ ਜਾਬਰ ਰਾਜ ਦੇ ਖਾਤਮੇ ਲਈ ਸੰਘਰਸ਼ਸ਼ੀਲ ਇਨਕਲਾਬੀ ਲਹਿਰ ਅਤੇ ਲੋਕਾਂ ਦੀ ਜਨਤਕ ਲਹਿਰ ਦੀ ਤਕੜਾਈ ਅਤੇ ਕਮਜੋਰੀ ਨੂੰ ਜਾਨਣ-ਸਮਝਣ ਪੱਖੋਂ ਇਹ ਚੋਣਾਂ ਚੋਖਾ ਮਸਾਲਾ ਮੁਹੱਈਆ ਕਰਦੀਆਂ ਹਨ। ਸਾਮਰਾਜੀ ਅਤੇ ਜਗੀਰੂ ਜਕੜ ਤੋਂ ਮੁਕਤ ਖਰਾ ਜਮਹੂਰੀ, ਅਜ਼ਾਦ ਅਤੇ ਖੁਸ਼ਹਾਲ ਭਾਰਤ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਦ ਨੂੰ ਅਤੇ ਦੁਸ਼ਮਣ ਨੂੰ ਜਾਨਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਚੋਣ ਮੁਹਿੰਮ ਦਾ ਵਿਸ਼ਲੇਸ਼ਣ ਕਾਫੀ ਲਾਹੇਵੰਦਾ ਹੋ ਸਕਦਾ ਹੈ।
ਇਸ ਅੰਕ ਵਿਚ ਅਸੀਂ ਚੋਣ ਮੁਹਿੰਮ ਬਾਰੇ ਅਤੇ ਨਵੀਂ ਮੋਦੀ ਸਰਕਾਰ ਬਾਰੇ ਆਪਣੇ ਵਿਚਾਰ ਅਤੇ ਨਿਰਖਾਂ ਸਬੰਧੀ ਕਈ ਲਿਖਤਾਂ ਤੋਂ ਇਲਾਵਾ ਇਸ ਬਾਰੇ ਜਾਣਕਾਰੀਆਂ ਅਤੇ ਰਿਪੋਰਟਾਂ ਵੀ ਛਾਪੀਆਂ ਹਨ। ਅਸੀਂ ਆਪਦੇ ਵਿਚਾਰਾਂ ਬਾਰੇ ਸਪਸ਼ਟ ਹਾਂ ਤਾਂ ਵੀ ਇੱਥੇ ਇਹ ਗੱਲ ਨੋਟ ਕਰਨੀ ਬਣਦੀ ਹੈ ਕਿ ਇਹ ਸਭ ਕੁਝ ਜ਼ਿਕਰ ਅਧੀਨ ਵਿਸ਼ੇ ਬਾਰੇ ਇਛੱਤ ਅਤੇ ਲੋੜੀਂਦਾ ਵਿਸ਼ਲੇਸ਼ਣ ਨਹੀਂ ਹੈ। ਅਜੇਹੇ ਵਿਸ਼ਲੇਸ਼ਣ ਦਾ ਸਾਡਾ ਕੋਈ ਦਾਅਵਾ ਨਹੀਂ ਹੈ ਅਤੇ ਨਾ ਹੀ ਅਸੀਂ ਏਡਾ ਵੱਡਾ ਟੀਚਾ ਰੱਖ ਕੇ ਯਤਨ ਕੀਤੇ ਹਨ। ਕਾਰਨ ਸਪਸ਼ਟ ਹੈ ਕਿ 'ਸੁਰਖ਼ ਰੇਖਾ' ਜਿਹੇ ਛੋਟੇ ਅਤੇ ਸੀਮਤ ਸੰਸਾਧਨਾਂ ਵਾਲੇ ਪਰਚੇ ਲਈ ਇਹ ਸੰਭਵ ਨਹੀਂ। ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਇਸ ਮੁਲਕ ਪੱਧਰੀ ਸਿਆਸੀ ਸਰਗਰਮੀ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਆਧਾਰ 'ਤੇ ਨਿਰਖਾਂ ਨੂੰ ਇਨਕਲਾਬੀ ਲਹਿਰ ਦੇ ਮਸਲੇ ਹੱਲ ਕਰਨ ਲਈ ਵਰਤੋਂ ਵਿਚ ਲਿਆਉਣਾ ਦਰਅਸਲ ਮੁਲਕ ਪੱਧਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੇ ਕਰਨ ਵਾਲਾ ਕੰਮ ਹੈ ਅਤੇ ਉਹ ਹੀ ਇਸਨੂ ਕਰ ਸਕਦੀ ਹੈ। ਮੁਲਕ ਪੱਧਰੀ  ਪਾਰਟੀ ਜੱਥੇਬੰਦ ਕਰਨਾ, ਜਿਸਦੀ ਅੱਜ ਮਜ਼ਦੂਰਾਂ ਨੂੰ ਅਤੇ ਲੋਕਾਂ ਨੂੰ ਸੱਭ ਤੋਂ ਤੱਦੀ ਵਾਲੀ ਲੋੜ ਹੈ, ਕਮਿਊਨਿਸਟ ਇਨਕਲਾਬੀ ਜੱਥੇਬੰਦੀਆਂ ਦਾ ਕਾਰਜ ਖੇਤਰ ਹੈ। 'ਸੁਰਖ਼ ਰੇਖਾ' ਇਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਇਹ ਇਕ ਇਨਕਲਾਬ ਪ੍ਰਸਤ ਪਰਚੇ ਵਜੋਂ ਸੀਮਤ ਯੋਗਦਾਨ ਹੀ ਪਾ ਸਕਦਾ ਹੈ ਅਤੇ ਆਪਦੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਯੋਗਦਾਨ ਪਾਉਂਦਾ ਰਹੇਗਾ।    —— 0 ——

ਸੰਪਾਦਕੀ ਟਿੱਪਣੀਆਂ

ਪੰਜਾਬ ਅੰਦਰ ਚੋਣ ਮੁਹਿੰਮ ਦੌਰਾਨ ਬੀ. ਜੇ. ਪੀ, ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਚੋਣ ਖੇਡ ਦੀਆਂ ਮੁੱਖ ਖਿਡਾਰੀ ਸਨ। ਇਸ ਤੋਂ ਇਲਾਵਾ ਅਨੇਕਾਂ ਪਾਰਟੀਆਂ/ਜੱਥੇਬੰਦੀਆਂ ਨੇ ਇਹਨਾਂ ਚੋਣਾਂ ਵਿੱਚ ਸ਼ਾਮਲ ਹੁੰਦਿਆਂ ਜਾਂ ਇਹਨਾਂ ਚੋਣਾਂ ਤੋਂ ਲਾਭੇ ਰਹਿੰਦਿਆਂ/ਬਾਈਕਾਟ ਕਰਦਿਆਂ ਸਿਆਸੀ ਮੁਹਿੰਮਾਂ ਚਲਾਈਆਂ।
ਪੰਜਾਬ ਅੰਦਰ ਸਰਗਰਮ ਕਮਿਉਨਿਸਟ ਇਨਕਲਾਬੀ ਜੱਥੇਬੰਦੀਆਂ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਹਿੱਸਾ ਨਹੀਂ ਲਿਆ ਸਾਡੀ ਜਾਣਕਾਰੀ ਅਨੁਸਾਰ ਤਿੰਨ ਹਨ। ਇਕ, ਕਮਿਉਨਿਸਟ ਲੀਗ ਆਫ ਇੰਡੀਆ, ਦੂਜੀ ਸੀ.ਪੀ.ਆਈ. (ਮਾਓਵਾਦੀ) ਦੀ ਪੰਜਾਬ ਇਕਾਈ ਅਤੇ ਤੀਜੀ ਕਮਿਉਨਿਸਟ ਪਾਰਟੀ ਮੁੜ ਜੱਥੇਬੰਦੀ ਕੇਂਦਰ, ਭਾਰਤ (ਮਾ: ਲੈ:) ਦੀ ਪੰਜਾਬ ਇਕਾਈ। ਪਹਿਲੀਆਂ ਦੋਵਾਂ ਦੀਆਂ ਚੋਣਾਂ ਸਮੇਂ ਦੀਆਂ ਲਿਖਤਾਂ ਬਾਰੇ ਸਾਨੂੰ ਜਾਣਕਾਰੀ ਹਾਸਲ ਨਹੀਂ। ਕ: ਪਾ: ਮੁੜ-ਜੱਥੇਬੰਦੀ ਕੇਂਦਰ (ਮਾ:ਲੈ:) ਦੀ ਪੰਜਾਬ ਇਕਾਈ ਦੇ ਪੈਂਫਲਟ ਦਾ ਸੰਖੇਪ ਰੂਪ ਅਸੀਂ ਪਰਚੇ ਵਿਚ ਛਾਪ ਦਿੱਤਾ ਹੈ। ਇਸ ਜੱਥੇਬੰਂਦੀ ਦੀ ਚੋਣ ਨਤੀਜਿਆਂ ਤੋਂ ਬਾਅਦ ਦੀ ਇਕ ਲਿਖਤ ਵੀ ਛਾਪੀ ਗਈ ਹੈ। ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਬਣਦਾ ਹੈ ਕਿ ਸੀ.ਪੀ.ਆਈ. (ਮਾਓਵਾਦੀ) ਦੇ ਅਖਬਾਰਾਂ ਵਿਚ ਛਪੇ ਬਿਆਨਾਂ ਅਨੁਸਾਰ ਉਨ੍ਹਾਂ ਪਾਰਲੀਮਾਨੀ ਚੋਣਾਂ ਦੇ ਬਾਈਕਾਟ ਦਾ ਸੱਦਾ ਸੀ।
ਇਕ ਹੋਰ ਜੱਥੇਬੰਦੀ ਸੀ.ਪੀ.ਆਈ. (ਮਾ:ਲੈ:) ਨਿਊ ਡੈਮੋਕਰੇਸੀ) ਨੇ ਇਕੱਲੇ ਤੌਰ ਤੇ ਚੋਣਾਂ ਵਿਚ ਭਾਗ ਲਿਆ ਹੈ ਪਰ ਉਸਦਾ ਕਹਿਣਾ ਹੈ ਕਿ ਉਹ ਦਾਅਪੇਚ ਵਜੋਂ ਚੋਣਾਂ ਵਿਚ ਹਿੱਸਾ ਲੈ ਰਹੀ ਹੈ ਅਤੇ ਪਾਰਲੀਮਾਨੀ ਰਸਤੇ ਤੇ ਚੱਲਕੇ ਇਨਕਲਾਬੀ ਤਬਦੀਲੀ ਹੋਣ ਦੇ ਵਿਚਾਰ ਵਿਚ ਉਸਦਾ ਵਿਸ਼ਵਾਸ ਨਹੀਂ। ਇਸਤੋਂ ਇਲਾਵਾ ਪਾਰਲੀਮਾਨੀ ਸਿਆਸਤ ਵਿਚ ਲਗਾਤਾਰ ਹਿੱਸਾ ਲੈਣ ਵਾਲੀਆਂ ਜੱਥੇਬੰਦੀਆਂ ਜਿਹੜੀਆਂ ਕਮਿਉਨਿਸਟ ਸ਼ਬਦ ਆਪਣੇ ਨਾਲ ਜੋੜਦੀਆਂ ਹਨ ਉਹ ਹਨ : ਸੀ.ਪੀ.ਆਈ. (ਐਮ), ਸੀ.ਪੀ.ਆਈ., ਸੀ.ਪੀ.ਐਮ.(ਪਾਸਲਾ), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਲਾਇਲਪੁਰੀ)। ਇਨ੍ਹਾਂ ਵਿਚੋਂ ਪਹਿਲੀਆਂ ਦੋ ਪਰਖੀਆਂ-ਪਰਤਿਆਈਆਂ ਹਾਕਮ ਜਮਾਤੀ ਪਾਰਟੀਆਂ (ਸਮਾਜੀ-ਜਮਹੂਰੀ ਪਾਰਟੀਆਂ) ਸਾਬਤ ਹੋ ਚੁਕੀਆਂ ਹਨ। ਪਰ ਬਾਕੀਆਂ ਦਾ ਅਜੇ ਤੱਕ ਸਿੱਧਾ ਹਾਕਮ ਜਮਾਤੀ ਪਾਰਟੀਆਂ ਨਾਲ ਗੱਠਜੋੜ ਨਹੀਂ ਬਣਿਆ। ਪਰ ਇਹ ਵੀ ਅਖੌਤੀ 'ਖੱਬੇ ਮੋਰਚੇ' ਦੀਆਂ ਮੁਦੱਈ ਹਨ ਅਤੇ ਪਾਸਲਾ ਧਿਰ ਅਤੇ ਲਿਬਰੇਸ਼ਨ ਧਿਰ ਨੇ ਸੀ.ਪੀ.ਆਈ. ਅਤੇ ਸੀ.ਪੀ.ਆਈ.ਐਮ. ਨਾਲ ਗਠਜੋੜ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਿਸ ਵਿਚ ਉਹ ਇਕ ਹੱਦ ਤੱਕ ਕਾਮਯਾਬ ਵੀ ਹੋਏ। ਭਾਵੇਂ ਵੋਟਾਂ ਹਾਸਲ ਕਰਨ ਪੱਖੋਂ ਸਾਰੇ ਰੁਲ ਗਏ ਪਰ ਇਹ 'ਮੋਰਚਾ' ਇਕ ਦਿਲਚਸਪ ਮੌਕਾਪ੍ਰਸਤੀ ਦੀ ਤਸਵੀਰ ਪੇਸ਼ ਕਰਦਾ ਹੈ। ਇਕ ਪਾਸੇ (ਘੱਟੋ-ਘੱਟ) ਸੀ.ਪੀ.ਆਈ. ਦੇ ਇਕ ਧੜੇ ਨੇ ਕਾਂਗਰਸ ਦੀ ਹਮਾਇਤ ਕੀਤੀ। ਦੂਜੇ ਪਾਸੇ ਲਿਬਰੇਸ਼ਨ ਗਰੁੱਪ ਨੇ ਇਕ ਸੀਟ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਪਾਸਲਾ ਧਿਰ ਨੇ ਕਿਹਾ ਕਿ ਜਿੱਥੇ ਸਾਡੇ ਕੈਂਡੀਡੇਟ ਨਹੀਂ ਅਸੀਂ ਆਮ ਆਦਮੀ ਪਾਰਟੀ ਜਾਂ 'ਖੱਬੇ' ਮੋਰਚੇ ਦੇ ਦੂਜੇ ਕੈਂਡੀਡੇਟਾਂ ਦੀ ਮਦਦ ਕਰਾਂਗੇ। (ਜਿੱਥੇ ਆਮ ਆਦਮੀ ਪਾਰਟੀ ਅਤੇ 'ਖੱਬੇ ਮੋਰਚੇ' ਦੋਵਾਂ ਦੇ ਕੈਂਡੀਡੇਟ ਸਨ ਉੱਥੇ ਇਨ੍ਹਾਂ ਨੇ ਕੀ ਕੀਤਾ ਹੋਵੇਗਾ?) ਇਕ ਦੂਜੇ ਨੂੰ ਮੇਹਣੇ ਮਾਰਦੀਆਂ ਇਹ ਧਿਰਾਂ ਅਣਗੌਲੀ ਮੌਕਾਪ੍ਰਸਤੀ ਦਾ ਨਮੂਨਾ ਹੀ ਪੇਸ਼ ਕਰਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬ  ਅੰਦਰ ਅਨੇਕਾਂ ਪਲੇਟਫਾਰਮ, ਪਰਚੇ ਅਤੇ ਜਨਤਕ ਜੱਥੇਬੰਦੀਆਂ ਹਨ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਕਿਸੇ ਧਿਰ ਦੀ ਹਮਾਇਤ ਨਹੀਂ ਕੀਤੀ, ਨਾ ਹੀ ਖੁਦ ਚੋਣਾਂ ਵਿਚ ਹਿੱਸਾ ਲਿਆ ਹੈ। ਉਨ੍ਹਾਂ ਨੇ ਆਪੋ ਆਪਣੀ ਸਮਝ ਅਨੁਸਾਰ ਚੋਣਾਂ ਦੀ  ਭਟਕਾਊ ਸਿਆਸਤ ਤੋਂ ਬਚਣ ਦਾ ਲੋਕਾਂ ਨੂੰ ਸੱਦਾ ਦਿੱਤਾ  ਹੈ,  ਲੋਕ ਮੁੱਦੇ ਉਭਾਰੇ ਹਨ। ਕੁਲ ਮਿਲਾ ਕੇ ਇਨ੍ਹਾਂ ਜੱਥੇਬੰਦੀਆਂ ਦਾ ਪ੍ਰਭਾਵ ਲੱਖਾਂ ਲੋਕਾਂ ਤੱਕ ਹੈ। ਇਨ੍ਹਾਂ ਵਿਚ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੋਰਚਾ ਅਤੇ ਇਨਕਲਾਬੀ ਕੇਂਦਰ ਹਨ। ਪਰਚਿਆਂ ਵਿਚ ਲਾਲ ਤਾਰਾ, ਲਾਲ ਪਰਚਮ, ਸੁਲਗਦੇ ਪਿੰਡ, ਬਿਗਲ, ਸੁਰਖ਼ ਰੇਖਾ ਆਦਿ ਹਨ। ਇਨ੍ਹਾਂ ਤੋਂ ਇਲਾਵਾ ਦਰਜਨਾਂ ਹੀ ਜਨਤਕ ਜੱਥੇਬੰਦੀਆਂ/ਟਰੇਡ ਯੂਨੀਅਨਾਂ ਜਾਂ ਹੋਰ ਪਲੇਟਫਾਰਮ ਹਨ ਜਿਨ੍ਹਾਂ ਨੇ ਚੋਣਾਂ ਦੇ ਇਸ ਰਾਮ ਰੌਲੇ ਵਿਚ  ਲੋਕ  ਮੁੱਦਿਆਂ ਨੂੰ ਉਭਾਰਿਆ ਹੈ।
——— 0 ———

ਵੋਟਾਂ ਬਾਰੇ ਇਨਕਲਾਬੀ ਪੈਂਤੜਾ


ਵੋਟਾਂ ਬਾਰੇ ਇਨਕਲਾਬੀ ਪੈਂਤੜਾ
ਇੱਕ ਇਨਕਲਾਬੀ ਜਥੇਬੰਦੀ ਵੱਲੋਂ ਵੋਟਾਂ ਵੇਲੇ ਕੀ ਪੈਂਤੜਾ ਅਖਤਿਆਰ ਕਰਨਾ ਚਾਹੀਦਾ ਹੈ, ਇਸ ਸੁਆਲ ਬਾਰੇ ਸਾਡੇ ਦੇਸ਼ ਦੀ ਇਨਕਲਾਬੀ ਲਹਿਰ ਵਿੱਚ ਤਿੰਨ ਕਿਸਮ ਦੇ ਵਿਚਾਰ ਚੱਲ ਰਹੇ ਹਨ। ਠੀਕ ਇਨਕਲਾਬੀ ਰੁਝਾਨ ਨਾਲ ਸਬੰਧਤ ਜਥੇਬੰਦੀਆਂ ਦਾ ਵਿਚਾਰ ਹੈ ਕਿ ਨਾ ਤਾਂ ਵੋਟਾਂ ਵਿੱਚ ਹਿੱਸਾ ਲੈਣਾ ਠੀਕ ਹੈ। ਨਾ ਹੀ ਵੋਟਾਂ ਦੇ ਬਾਈਕਾਟ ਦਾ ਨਾਅਰਾ ਦੇਣਾ ਠੀਕ ਹੈ। ਇਸ ਦੀ ਬਜਾਏ ਵੋਟਾਂ ਦੌਰਾਨ ਸਰਗਰਮ ਸਿਆਸੀ ਮੁਹਿੰਮ ਚਲਾਉਣੀ ਚਾਹੀਦੀ ਹੈ। ''ਖੱਬੇ'' ਭਟਕਾਊ ਰੁਝਾਨ ਨਾਲ ਜੁੜੀਆਂ ਇਨਕਲਾਬੀ ਜਥੇਬੰਦੀਆਂ ਦਾ ਵਿਚਾਰ ਹੈ ਕਿ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਦਾ ਨਾਅਰਾ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਸੱਜੇ ਭਟਕਾਊ ਰੁਝਾਨ ਨਾਲ ਸਬੰਧਤ ਇਨਕਲਾਬੀ ਜਥੇਬੰਦੀਆਂ ਦਾ ਵਿਚਾਰ ਹੈ ਕਿ ਵੋਟਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। 
ਇਹਨਾਂ ਵਿੱਚੋਂ ਕਿਹੜਾ ਪੈਂਤੜਾ ਠੀਕ ਹੈ ਅਤੇ ਕਿਹੜਾ ਗਲਤ ਹੈ, ਇਸ ਗੱਲ ਦਾ ਨਿਰਣਾ ਕਰਨ ਤੋਂ ਪਹਿਲਾਂ ਇਹ ਗੱਲ ਨਿਤਾਰਨੀ ਜ਼ਰੂਰੀ ਹੈ ਕਿ ਇੱਕ ਜਾਂ ਦੂਜੀ ਕਿਸਮ ਦਾ ਪੈਂਤੜਾ ਅਖਤਿਆਰ ਕਰਕੇ ਅਸੀਂ ਟੀਚਾ ਕੀ ਹਾਸਲ ਕਰਨਾ ਚਾਹੁੰਦੇ ਹਾਂ। ਠੀਕ ਟੀਚਾ ਇਹ ਬਣਦਾ ਹੈ ਕਿ ਲੋਕਾਂ ਨੂੰ ਹੁਣ ਵਾਲੀ ਨਕਲੀ ਜਮਹੂਰੀਅਤ ਦੇ ਭਰਮ ਵਿੱਚੋਂ ਅਤੇ ਇਸਦੇ ਮੱਕੜਜਾਲ ਵਿੱਚੋਂ ਮੁਕਤ ਹੋਣ ਵਿੱਚ ਸਹਾਇਤਾ ਕਰਨੀ। ਇਸ ਵਿੱਚੋਂ ਮੁਕਤ ਹੁੰਦੇ ਜਾਣ ਦੇ ਨਾਲੋ ਨਾਲ ਅਸਲੀ ਜਮਹੂਰੀਅਤ ਯਾਨੀ ਲੋਕ ਜਮਹੂਰੀਅਤ ਦੀ ਸਿਰਜਣਾ ਕਰਦੇ ਜਾਣ ਦੇ ਰਾਹ ਪੈਣਾ।
ਇਹ ਟੀਚਾ ਹਾਸਲ ਕਰਨ ਵਾਸਤੇ, ਵੋਟਾਂ ਵਿੱਚ ਹਿੱਸਾ ਲੈਣ ਦਾ ਪੈਂਤੜਾ ਗਲਤ ਹੈ। ਗਲਤ ਏਸ ਕਰਕੇ ਹੈ ਕਿ ਜਿਹੜੇ ਸਾਥੀ ਵੋਟਾਂ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਅਪੀਲ ਕਰਦੇ ਹਨ  ਕਿ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ/ਅਸੈਂਬਲੀ ਵਿੱਚ ਭੇਜੋ। ਉੱਥੇ ਜਾ ਕੇ ਅਸੀਂ ਤੁਹਾਡੇ ਹਿੱਤਾਂ ਦੀ ਰਾਖੀ ਕਰਾਂਗੇ। ਉਹ ਅਸਲ ਵਿੱਚ ਲੋਕਾਂ ਨੂੰ ਇਸ ਪਾਰਲੀਮੈਂਟਰੀ ਸਿਸਟਮ ਦੇ ਭਰਮ ਵਿੱਚੋਂ ਮੁਕਤ ਹੋਣ ਵਿੱਚ ਸਹਾਇਤਾ ਕਰਨ ਦੀ ਥਾਂ ਇਸ ਭਰਮ ਨੂੰ ਪੱਕਾ ਕਰਦੇ ਹਨ। ਉਹ ਲੋਕਾਂ ਦੇ ਇਸ ਭਰਮ ਨੂੰ ਪੱਕਾ ਕਰਦੇ ਹਨ ਕਿ ਸਾਡੇ ਦੇਸ਼ ਦਾ ਪਾਰਲੀਮੈਂਟਰੀ ਸਿਸਟਮ, ਕਿਸੇ ਨਾ ਕਿਸੇ ਹੱਦ ਤੱਕ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਾਧਨ ਬਣਦਾ ਹੈ। ਜਿਹੜੇ ਸਾਥੀ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੰਦੇ ਹਨ, ਉਹ ਇਹ ਚਾਹੁੰਦੇ ਹਨ ਕਿ ਲੋਕ ਹੁਣੇ ਵੋਟਾਂ ਦਾ ਰਾਹ ਛੱਡ ਕੇ ਹਥਿਆਰਬੰਦ ਘੋਲ ਦੇ ਰਾਹ ਪੈ ਜਾਣ। ਜਦੋਂ ਕਿ ਲੋਕਾਂ ਦੇ ਵਿਸ਼ਾਲ ਸਮੂਹਾਂ ਦੀ ਚੇਤਨਾ ਅਤੇ ਜਥੇਬੰਦੀ ਦਾ ਪੱਧਰ ਹਥਿਆਰਬੰਦ ਘੋਲ ਲਈ ਲੋੜੀਂਦੇ ਪੱਧਰ ਨਾਲੋਂ ਕਿਤੇ ਨੀਵਾਂ ਹੁੰਦਾ ਹੈ। ਇਸ ਕਰਕੇ ਬਾਈਕਾਟ ਦਾ ਨਾਅਰਾ ਇੱਕ ਨਾ-ਅਮਲਯੋਗ ਕਾਰਵਾਈ ਬਣ ਕੇ ਰਹਿ ਜਾਂਦਾ ਹੈ। ਇਹੋ ਕਾਰਨ ਹੈ ਅਜਿਹੀਆਂ ਇਨਕਲਾਬੀ ਜਥੇਬੰਦੀਆਂ ਵੱਲੋਂ ਬਾਈਕਾਟ ਦੇ ਨਾਅਰੇ ਨੂੰ ਸਫਲ ਕਰਨ ਵਾਸਤੇ ਆਪਣੀ ਹਥਿਆਰਬੰਦ ਤਾਕਤ ਦੀ ਦਹਿਸ਼ਤ ਉੱਤੇ ਨਿਰਭਰ ਰਹਿਣਾ ਪੈ ਰਿਹਾ ਹੈ। ਜਦੋਂ ਕਿ ਟੀਚਾ ਇਹ ਹੈ ਕਿ ਲੋਕਾਂ ਦੀ ਚੇਤਨਾ ਵਿੱਚ ਵਧਾਰਾ ਕਰਕੇ, ਇਸ ਲੋਕ-ਚੇਤਨਾ ਉੱਤੇ ਟੇਕ ਰੱਖ ਕੇ  ਜੋਕ ਜਮਹੂਰੀਅਤ ਦੇ ਰਾਹ ਤੋਂ ਹਟ ਕੇ, ਲੋਕ ਜਮਹੂਰੀਅਤ ਦੇ ਰਾਹ ਪੈਣ ਵਿੱਚ ਲੋਕਾਂ ਦੀ ਸਹਾਇਤਾ ਕਰਨੀ। 
ਦਰੁਸਤ ਰੁਝਾਨ ਨਾਲ ਸਬੰਧਤ ਇਨਕਲਾਬੀ ਜਥੇਬੰਦੀਆਂ ਵੋਟਾਂ ਦੇ ਸਮੇਂ ਤੋਂ ਪਹਿਲਾਂ ਅਤੇ ਮਗਰੋਂ ਦੇ ਅਰਸੇ ਵਿੱਚ ਸਿਆਸੀ ਮੁਹਿੰਮ ਚਲਾਉਂਦੀਆਂ ਹੀ ਰਹਿੰਦੀਆਂ ਹਨ। ਪਰ ਵੋਟਾਂ ਦਾ ਸਮਾਂ ਅਜਿਹਾ ਹੁੰਦਾ ਹੈ ਜਦੋਂ ਵੋਟਾਂ ਵਿੱਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਦੇ ਵੋਟ-ਭੇੜ ਸਦਕਾ ਇੱਕ ਵਿਸ਼ੇਸ਼ ਸਿਆਸੀ ਮਾਹੌਲ ਪੈਦਾ ਹੁੰਦਾ ਹੈ। ਜਾਣੇ ਜਾਂ ਅਣਜਾਣੇ ਆਮ ਲੋਕ ਇਸ ਮਾਹੌਲ ਦੀ ਲਪੇਟ ਵਿੱਚ ਆਉਂਦੇ ਹਨ। ਉਹ ਸਭ ਤਰ੍ਹਾਂ ਦੇ ਸਿਆਸੀ ਪ੍ਰਚਾਰ ਨੂੰ ਸੁਣਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ, ਸੋਚਦੇ ਹਨ। ਇਸ ਕਰਕੇ ਇਨਕਲਾਬੀ ਜਥੇਬੰਦੀਆਂ, ਇਸ ਮਾਹੌਲ ਦਾ ਫਾਇਦਾ ਉਠਾਉਣ ਵਾਸਤੇ ਆਮ ਸਮਿਆਂ ਦੇ ਮੁਕਾਬਲੇ ਵੱਧ ਸਰਗਰਮ ਸਿਆਸੀ ਮੁਹਿੰਮ ਚਲਾਉਂਦੀਆਂ ਹਨ। 
ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ, ਸਰਗਰਮ ਸਿਆਸੀ ਮੁਹਿੰਮ ਦੀ ਸ਼ਿਸ਼ਤ, ਲੋਕਾਂ ਨੂੰ ਅਸਲੀ ਜਮਹੂਰੀਅਤ ਨੂੰ ਸਿਰਜਣ ਦੇ ਰਾਹ ਪੈਣ ਵਾਸਤੇ ਇਸ ਜੋਕ ਜਮਹੂਰੀਅਤ ਤੋਂ ਮੁਕਤ ਹੋਣ ਲਈ ਪ੍ਰੇਰਨਾ ਅਤੇ ਸਹਾਇਤਾ ਕਰਨ ਉੱਤੇ ਲੱਗੀ ਹੁੰਦੀ ਹੈ। ਜਦੋਂ ਕੋਈ ਲੀਡਰਸ਼ਿੱਪ ਲੋਕਾਂ ਨੂੰ ਦਰਿਆ ਪਾਰ ਕਰਨ ਦਾ ਸੱਦਾ ਦਿੰਦੀ ਹੈ ਤਾਂ ਦਰਿਆ ਪਾਰ ਕਰਨ ਵਾਸਤੇ ਲਾਜ਼ਮੀ ਲੋੜੀਂਦਾ ਪੁਲ ਬਣਾਉਣ ਵਾਸਤੇ ਲੋਕਾਂ ਦੀ ਅਗਵਾਈ ਅਤੇ ਸਹਾਇਤਾ ਕਰਨੀ ਲੀਡਰਸ਼ਿੱਪ ਦੀ ਲਾਜ਼ਮੀ ਜੁੰਮੇਵਾਰੀ ਬਣਦੀ ਹੈ। ਅਜਿਹਾ ਪੁਲ ਬਣਾਏ ਬਿਨਾ ਦਰਿਆ ਪਾਰ ਕਰਨ ਦਾ ਸੱਦਾ ਇੱਕ ਬੇਅਸਰ ਸੱਦਾ ਬਣ ਕੇ ਰਹਿ ਜਾਵੇਗਾ। ਜੋਕ ਜਮਹੂਰੀਅਤ ਦੇ ਦਰਿਆ ਨੂੰ ਪਾਰ ਕਰਨ ਵਾਸਤੇ ਲੋੜੀਂਦਾ ਪੁਲ ਬਣਾਉਣ ਦਾ ਕੀ ਅਰਥ ਹੈ? 
ਪਹਿਲ-ਪ੍ਰਿਥਮੇ, ਇਸ ਦਾ ਅਰਥ ਹੈ ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਸਾਰੀਆਂ ਅਧੀਨ ਜਮਾਤਾਂ ਤੇ ਤਬਕਿਆਂ ਦੇ ਹਿੱਤਾਂ ਦੀ ਰਾਖੀ ਤੇ ਵਧਾਰਾ ਕਰਨ ਵਾਲੀ ਮਜ਼ਦੂਰ ਜਮਾਤ ਦੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਪਸਾਰਾ ਅਤੇ ਮਜਬੂਤੀ ਕਰਨੀ।  ਇਸ ਨੂੰ ਲੋਕਾਂ ਵਿੱਚ ਉਭਾਰਨਾ, ਇਸਦੇ ਲੜ ਲੱਗਣ ਲਈ ਪ੍ਰੇਰਨਾ। ਇਹ ਟੀਚਾ ਹਾਸਲ ਕਰਨ ਲਈ, ਜੋਕ ਜਮਹੂਰੀਅਤ ਦਾ ਵਿਸਥਾਰੀ ਪਰਦਾਚਾਕ ਕਰਨਾ ਅਤੇ ਲੋਕ ਜਮਹੂਰੀਅਤ ਦਾ ਵਿਸਥਾਰੀ ਅਤੇ ਠੋਸ ਨਕਸ਼ਾ ਲੋਕਾਂ ਦੇ ਦਿਲਾਂ-ਦਿਮਾਗਾਂ ਉੱਤੇ ਉੱਕਰਨਾ। 
ਦੂਜੇ ਨੰਬਰ ਉੱਤੇ ਅਜਿਹਾ ਪੁਲ ਬਣਾਉਣ ਦਾ ਅਰਥ ਹੈ, ਲੋਕਾਂ ਦੇ ਵੱਖ ਵੱਖ ਤਬਕਿਆਂ/ਜਮਾਤਾਂ ਦੀਆਂ ਸਿਆਸੀ ਜਨਤਕ ਜਥੇਬੰਦੀਆਂ ਬਣਾਉਣੀਆਂ। ਇਹਨਾਂ ਦਾ ਪਸਾਰਾ ਤੇ ਮਜਬੂਤੀ ਕਰਦੇ ਜਾਣਾ। ਇਸ ਮਜਬੂਤੀ ਦਾ ਅਰਥ ਹੈ, ਇਹਨਾਂ ਦੇ ਆਗੂਆਂ ਤੇ ਕਰਿੰਦਿਆਂ ਦੇ ਗੁਣ ਤੇ ਗਿਣਤੀ ਪੱਖੋਂ ਪਸਾਰਾ ਤੇ ਮਜਬੂਤੀ ਕਰਦੇ ਜਾਣਾ। ਗੁਣ ਪੱਖੋਂ ਮਜਬੂਤੀ ਕਰਨ ਦਾ ਅਰਥ ਹੈ, ਸਬੰਧਤ ਜਨਤਕ ਜਥੇਬੰਦੀ ਦੀ ਸਿਆਸਤ ਉੱਤੇ ਇਹਨਾਂ ਦੀ ਪਕੜ ਬਣਾਉਣੀ। ਇਹਨਾਂ ਨੂੰ ਜਥੇਬੰਦਕ ਨਿਯਮਾਂ, ਤੌਰ-ਤਰੀਕਿਆਂ ਅਤੇ ਕੰਮ-ਢੰਗ ਦੀ ਸਿਖਲਾਈ ਦੇਣੀ। ਇਸ ਤੋਂ ਅੱਗੇ ਇਹਨਾਂ ਦੀ ਸਿੱਕੇਬੰਦ ਮਜਬੂਤੀ ਲਈ ਇਹਨਾਂ ਨੂੰ ਕਮਿਊਨਿਸਟ ਇਨਕਲਾਬੀ ਜਥੇਬੰਦੀ ਵਿੱਚ ਭਰਤੀ ਕਰਨਾ। 
ਕਿਸੇ ਜਨਤਕ ਜਥੇਬੰਦੀ ਦੇ ਆਗੂਆਂ ਤੇ ਕਰਿੰਦਿਆਂ ਦੀ ਅਜਿਹੀ ਮਜਬੂਤੀ ਤੇ ਪਸਾਰਾ ਕੀਤੇ ਬਿਨਾ ਜਨਤਕ ਜਥੇਬੰਦੀ ਦੀਆਂ ਘੋਲ ਸਰਗਰਮੀਆਂ ਦਾ ਹੀ ਪਸਾਰਾ ਕਰਦੇ ਜਾਣਾ, ਕੱਚੀਆਂ ਨੀਂਹਾਂ ਉੱਤੇ ਗਾਰੇ ਦੀ ਚਿਣਾਈ ਵਾਲੀਆਂ ਕੰਧਾਂ ਦੇ ਸਹਾਰੇ ਉੱਤੇ ਮਹਿਲ ਉਸਾਰਨ ਵਰਗੀ ਗੱਲ ਹੈ। ਅਜਿਹੇ ਕੱਚ-ਪੈਰੇ ਡਾਵਾਂਡੋਲ ਮਹਿਲ, ਸਮੇਂ ਦੀ ਮਾਰ ਨਾਲ ਹੌਲੀ ਹੌਲੀ ਜਾਂ ਕਿਸੇ ਝੱਖੜ-ਝੋਲੇ ਨਾਲ ਇੱਕਦਮ ਡਿਗਣੇ ਹੀ ਡਿਗਣੇ ਹੁੰਦੇ ਹਨ। 
ਇਸ ਤੋਂ ਅੱਗੇ, ਅਜਿਹਾ ਪੁਲ ਬਣਾਉਣ ਦਾ ਅਰਥ ਹੈ, ਸਿਆਸੀ ਜਨਤਕ ਜਥੇਬੰਦੀਆਂ ਵੱਲੋਂ, ਲੋਕਾਂ ਦੇ ਭਖਵੇਂ (ਪਹਿਲਾਂ ਅੰਸ਼ਿਕ ਤੇ ਫੇਰ ਬੁਨਿਆਦੀ) ਮਸਲਿਆਂ ਉੱਤੇ ਜਨਤਕ ਖਾੜਕੂ ਘੋਲ ਲਹਿਰਾਂ ਦੀ ਉਸਾਰੀ ਕਰਨੀ। ਹਾਕਮ ਜਮਾਤਾਂ ਅਤੇ ਉਹਨਾਂ ਦੀ ਹਕੂਮਤ ਦੇ ਦਾਬੇ, ਧੌਂਸ ਤੇ ਅੜੀ ਨੂੰ ਭੰਨ ਕੇ ਲੋਕਾਂ ਵੱਲੋਂ ਕਿਸੇ ਇੱਕ ਜਾਂ ਦੂਜੇ ਮਸਲੇ ਉੱਤੇ ਆਪਣੀ ਮਰਜੀ ਪੁਗਾ ਕੇ ਆਪਣੀ ਮੰਗ ਪੂਰੀ ਕਰਵਾਉਣੀ। ਇਸ ਢੰਗ ਨਾਲ ਮੰਨਵਾਈ ਮੰਗ ਦੀ ਇਹ ਵੱਡੀ ਸਿਆਸੀ ਮਹੱਤਤਾ ਲੋਕਾਂ ਨੂੰ ਸਮਝਾਉਣੀ ਕਿ ਅਜਿਹੀਆਂ ਘੋਲ ਕਾਰਵਾਈਆਂ ਨਾਲ ਨਾ ਸਿਰਫ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਹੁੰਦੀ ਹੈ ਸਗੋਂ ਇਸ ਤੋਂ ਕਿਤੇ ਵੱਧ ਮਹੱਤਵਪੂਰਨ ਪ੍ਰਾਪਤੀ— ਲੋਕ-ਜਮਹੂਰੀਅਤ ਦੇ ਅੰਸ਼ ਪੈਦਾ ਹੁੰਦੇ ਜਾਂਦੇ ਹਨ। ਇਹ ਯਕੀਨੀ ਬਣਾਉਣਾ ਕਿ ਲੋਕਾਂ ਨੂੰ ਅਜਿਹੀਆਂ ਪ੍ਰਾਪਤੀਆਂ ਦਾ ਸੁਆਦ ਪੈਂਦਾ ਜਾਵੇ। ਅਜਿਹੀਆਂ ਜਨਤਕ ਇਨਕਲਾਬੀ ਕਾਰਵਾਈਆਂ ਅਤੇ ਪ੍ਰਾਪਤੀਆਂ ਠੀਕ ਰੁਝਾਨ ਅਤੇ ਗਲਤ ਰੁਝਾਨਾਂ ਵਿਚਕਾਰ ਨਿਖੇੜੇ ਦਾ ਇੱਕ ਬਹੁਤ ਮਹੱਤਵਪੂਰਨ ਨੁਕਤਾ ਵੀ ਹੈ। 
ਪੁਲ ਬਣਾਉਣ ਨਾਲ ਸਬੰਧਤ ਉੱਪਰ ਜ਼ਿਕਰ-ਅਧੀਨ ਆਈਆਂ ਕਾਰਵਾਈਆਂ ਨੂੰ ਸੰਖੇਪ ਰੂਪ ਵਿੱਚ ਇਉਂ ਵੀ ਬਿਆਨ ਕੀਤਾ ਜਾ ਸਕਦਾ ਹੈ: ਮੌਜੂਦਾ ਜੋਕ ਜਮਹੂਰੀਅਤ ਦੇ ਮੁਕਾਬਲੇ ਲੋਕ ਜਮਹੂਰੀਅਤ ਦਾ ਬਦਲ ਉਭਾਰਨਾ; ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਕਮਿਊਨਿਸਟ ਇਨਕਲਾਬੀ ਪਾਰਟੀ ਦਾ ਬਦਲ ਉਭਾਰਨਾ; ਹਾਕਮ ਜਮਾਤਾਂ ਦੀਆਂ ਜੇਬੀ ਜਨਤਕ ਜਥੇਬੰਦੀਆਂ ਅਤੇ ਲੀਡਰਾਂ ਦੇ ਮੁਕਾਬਲੇ ਇਨਕਲਾਬੀ ਲੀਡਰਾਂ ਦਾ ਬਦਲ ਉਭਾਰਨਾ; ਵੋਟ-ਰਸਤੇ ਰਾਹੀਂ ਆਪਣੀਆਂ ਮੰਗਾਂ ਦੀ ਭਰਮ-ਝਾਕ ਦੇ ਮੁਕਾਬਲੇ ਇਨਕਲਾਬੀ ਘੋਲਾਂ ਰਾਹੀਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਬਦਲ ਉਭਾਰਨਾ। ਇਹ ਸਾਰੇ ਬਦਲ ਨਾ ਸਿਰਫ ਵਿਚਾਰਕ ਪੱਧਰ ਉੱਤੇ ਉਭਾਰਨੇ ਸਗੋਂ ਅਮਲੀ ਪੱਧਰ ਉੱਤੇ ਮੌਜੂਦ ਅਤੇ ਉਸਾਰੀ ਅਧੀਨ ਬਦਲਾਂ ਨੂੰ ਉਭਾਰਨਾ। ੦-੦

ਅਸਲੀ ਜਮਹੂਰੀਅਤ ਦੀ ਸਿਰਜਣਾ ਬਾਰੇ


ਅਸਲੀ ਜਮਹੂਰੀਅਤ ਦੀ ਸਿਰਜਣਾ ਬਾਰੇ
ਜਮਹੂਰੀਅਤ ਦਾ ਅਰਥ ਹੈ ਜਮਹੂਰ ਦੀ ਯਾਨੀ ਲੋਕਾਂ ਦੀ ਮਰਜੀ ਪੁੱਗਣੀ। ਜਿੰਦਗੀ ਦੇ ਹਰ ਖੇਤਰ (ਸਿਆਸੀ, ਆਰਥਕ ਅਤੇ ਸਭਿਆਚਾਰਕ) ਨੂੰ, ਲੋਕਾਂ ਦੇ ਹਿਤਾਂ ਦੀ ਰਾਖੀ ਅਤੇ ਵਧਾਰੇ ਨੂੰ ਮੁੱਖ ਰੱਖ ਕੇ ਵਿਉਂਤਣਾ, ਚਲਾਉਣਾ ਅਤੇ ਸਥਾਪਤ ਕਰਨਾ। ਜਮਹੂਰੀਅਤ ਆਪਣੇ ਆਪ 'ਚ ਕੋਈ ਮੰਜ਼ਿਲ ਨਹੀਂ, ਸਗੋਂ ਕਿਸੇ ਮੰਜ਼ਿਲ ਉਤੇ ਪਹੁੰਚਣ ਦਾ ਸਾਧਨ ਹੁੰਦਾ ਹੈ। ਹੁਣ ਮੰਜ਼ਿਲ ਹੈ ਮਜਦੂਰਾਂ, ਕਿਸਾਨਾਂ ਅਤੇ ਹੋਰਨਾਂ ਅਧੀਨ ਜਮਾਤਾਂ ਦੇ ਲੋਕਾਂ ਦੀ ਰਾਖੀ ਅਤੇ ਵਧਾਰਾ ਕਰਨਾ। ਇਸ ਮੰੰਜਲ ਉਤੇ ਪਹੁੰਚਣ ਵਾਸਤੇ, ਇੱਕ ਅਜਿਹਾ ਰਾਜ ਪ੍ਰਬੰਧ ਯਾਨੀ ਕਿ ਲੋਕ-ਜਮਹੂਰੀਅਤ ਕਾਇਮ ਕਰਨ ਦੀ ਲੋੜ ਹੈ ਜੋ ਇਸ ਮੰਜਿਲ ਤੇ ਪਹੁੰਚਣ ਦਾ ਸਾਧਨ ਬਣ ਸਕੇ। ਕਿਸੇ ਦੇਸ਼ ਵਿਚ ਜਮਹੂਰੀਅਤ ਅਸਲੀ ਹੈ ਕਿ ਨਕਲੀ, ਇਸ ਦੀ ਪਰਖ ਵੀ ਇਹੋ ਹੈ ਕਿ ਜਿਸ ਰਾਜ ਵਿਚ ਲੋਕਾਂ ਦੇ ਹਿਤਾਂ ਦੀ ਰਾਖੀ ਤੇ ਵਧਾਰਾ ਹੋ ਰਿਹਾ ਹੋਵੇ ਉਹ ਅਸਲੀ ਜਮਹੂਰੀਅਤ ਹੈ। ਜਿੱਥੇ ਇਸ ਤੋਂ ਉਲਟ ਲੋਕਾਂ ਦੇ ਹਿਤਾਂ ਉੱਤੇ ਧਾੜੇ ਵੱਜ ਰਹੇ ਹੋਣ ਅਤੇ ਵੱਡੇ ਸਰਮਾਏਦਾਰ, ਜਾਗੀਰਦਾਰ, ਵਧ ਫੁੱਲ ਰਹੇ ਹੋਣ ਉਹ ਨਕਲੀ ਜਮਹੂਰੀਅਤ ਹੈ। ਕੋਈ ਇੱਕ ਜਣਾ ਕਹਿ ਰਿਹਾ ਸੀ ਕਿ ਸਾਡੇ ਦੇਸ਼ ਵਿਚ ਜਮਹੂਰੀਅਤ ਹੈ, ਯਾਨੀ ਲੋਕਾਂ ਦਾ ਰਾਜ ਹੈ। ਕਿਸੇ ਦੂਜੇ ਨੇ ਪੁੱਛਿਆ ਕਿ ਰਾਜੇ ਤਾਂ ਕਦੀ ਵੀ ਭੁੱਖੇ ਨਹੀਂ ਮਰਦੇ, ਪਰ ਸਾਡੇ ਦੇਸ਼ ਦੇ ਲੋਕ ਤਾਂ ਭੁੱਖੇ ਮਰ ਰਹੇ ਹਨ। ਫੇਰ ਉਹ ਰਾਜੇ ਕਿਵੇਂ ਹੋਏ?
ਸਾਡੇ ਦੇਸ਼ ਵਿਚ ਜਮਹੂਰੀਅਤ ਦੇ ਨਾਓਂ ਹੇਠ ਜੋਕ- ਜਮਹੂਰੀਅਤ ਹੈ। ਜੋਕਾਂ ਵਾਸਤੇ ਜਮਹੂਰੀਅਤ ਪਰ ਲੋਕਾਂ ਵਾਸਤੇ ਡਿਕਟੇਟਰਸ਼ਿੱਪ ਉਤੇ ਜਮਹੂਰੀਅਤ ਦਾ ਪਾਇਆ ਪਤਲਾ ਜਾਲੀਦਾਰ ਪਰਦਾ। ਮੂੰਹ ਵਿਚ ਰਾਮ-ਰਾਮ ਬਗਲ ਵਿਚ ਛੁਰੀ। ਇਹ ਹਾਕਮ ਜਮਾਤਾਂ ਆਵਦੀ ਲੋੜ ਅਨੁਸਾਰ ਕਦੇ ਵੀ ਇਸ ਪਰਦੇ ਨੂੰ ਵੀ ਪਰ੍ਹੇ ਸਿੱਟ ਸਕਦੀਆਂ ਹਨ। ਰਾਮ-ਰਾਮ ਦੀ ਥਾਂ ਮੂੰਹ ਵਿਚੋਂ ਅੱਗ ਵਰ੍ਹਾ ਸਕਦੀਆਂ ਹਨ। ਬਗਲ ਵਿਚੋਂ ਛੁਰੀ ਕੱਢ ਕੇ ਐਲਾਨੀਆ ਲਹਿਰਾ ਸਕਦੀਆਂ ਹਨ।
ਅਸਲੀ ਜਮਹੂਰੀਅਤ, ਯਾਨੀ ਕਿ ਲੋਕ-ਜਮਹੂਰੀਅਤ ਕਾਇਮ ਕਰਨ ਵਾਸਤੇ ਇਸ ਜੋਕ ਜਮਹੂਰੀਅਤ ਦਾ ਇਸ ਲੋਕ ਦੁਸ਼ਮਣ ਰਾਜ ਦਾ ਮੁੱਢੋਂ-ਸੁੱਢੋਂ ਖਾਤਮਾ ਕਰਨਾ ਪੈਣਾ ਹੈ। ਇਸਦੇ ਵਾਸਤੇ ਦਹਾਕਿਆਂ ਲੰਮਾ ਜਾਨ ਹੂਲਵਾਂ ਘੋਲ ਲੜਨਾ ਪੈਣਾ ਹੈ। ਅਜਿਹਾ ਘੋਲ ਲੋਕਾਂ ਦੀ ਚੇਤੰਨ ਇਨਕਲਾਬੀ ਅਤੇ ਜਥੇਬੰਦਕ ਤਾਕਤ ਦੇ ਜੋਰ ਨਾਲ ਹੀ ਲੜਿਆ ਜਾ ਸਕਦਾ ਹੈ। ਇੱਕ ਚੀਨੀ ਕਹਾਵਤ ਹੈ ''ਦਸ ਹਜਾਰ  ਮੀਲਾਂ ਦਾ ਲੰਮਾ ਸਫਰ ਇੱਕ ਕਦਮ ਨਾਲ ਸ਼ੁਰੂ ਹੁੰਦਾ ਹੈ। Àੂਂ ਜੇ ਦੇਖਿਆ ਜਾਵੇ ਦਸ ਹਜਾਰ ਮੀਲਾਂ ਲੰਮੇ ਸਫਰ ਸਾਹਮਣੇ ਨਿਗੂਣੇ ਆਕਾਰ ਵਾਲੇ ਇੱਕ ਕਦਮ ਦੀ ਕੋਈ ਗਿਨਣਯੋਗ ਮਹੱਤਤਾ ਨਹੀ ਲਗਦੀ। ਪਰ ਇਸ ਇੱਕ ਕਦਮ ਦੀ ਮਹੱਤਤਾ ਇਸ ਦੇ ਆਕਾਰ ਨੂੰ ਦੇਖ ਕੇ ਨਹੀਂ ਅੰਗੀ ਜਾਣੀ ਚਾਹੀਦੀ। ਸਗੋਂ ਇਸ ਪੱਖੋਂ ਦੇਖੀ ਜਾਣੀ ਚਾਹੀਦੀ ਹੈ ਕਿ ਇਹ ਇੱਕ ਕਦਮ ਦਸ ਹਜਾਰ ਮੀਲ ਦੇ ਲੰਮੇ ਸਫਰ ਦਾ 'ਕੱਲੇ 'ਕੱਲੇ ਕਦਮਾਂ ਦੇ ਇੱਕ ਅਟੁੱਟ ਅਤੇ ਲੰਮੇ ਸਿਲਸਿਲੇ ਦਾ ਸਭ ਤੇਂ ਮਹੱਤਵਪੂਰਨ ਅੰਗ ਹੈ। ਇਸ ਮੁੱਢਲੇ ਕਦਮ ਬਿਨਾ ਦਸ ਹਜਾਰ ਮੀਲ ਦੇ ਸਫਰ ਦਾ ਇਰਾਦਾ ਇੱਕ ਸੁਪਨਾ ਬਣ ਕੇ ਰਹਿ ਸਕਦਾ ਹੈ। ਇਹ ਕਹਾਵਤ ਲੋਕ ਜਮਹੂਰੀਅਤ ਕਾਇਮ ਕਰਨ ਦੀ ਦਹਾਕਿਆਂ ਲੰਮੀ ਲੜਾਈ ਦੇ ਸਫਰ ਉਤੇ ਵੀ ਢੁੱਕਦੀ ਹੈ। ਇਹ ਲੜਾਈ ਵੀ  ਲੋਕਾਂ ਵੱਲੋਂ , ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨ ਅਤੇ ਇਸ ਦਾ ਸੁਆਦ ਮਾਨਣ ਦੇ ਸ਼ੁਰੂ ਵਾਲੇ ਮੁੱਢਲੇ ਕਦਮਾਂ ਨਾਲ ਸ਼ੁਰੂ ਹੁੰਦੀ ਹੈ। ਇਹ ਕਦਮ ਹਨ, ਕਿਸੇ ਮਸਲੇ ਉਤੇ ਕਿਸੇ ਥਾਂ, ਆਪਣੀ ਇਨਕਲਾਬੀ ਜਥੇਬੰਦ ਤਾਕਤ ਦੇ ਜੋਰ ਉਤੇ ਹਾਕਮਾਂ ਨਾਲ ਭਿੜ ਕੇ ਲੋਕਾਂ ਵੱਲੋ ਆਪਣੀ ਮਰਜੀ ਪੁਗਾ ਲੈਣੀ, ਆਵਦੀ ਮੰਗ ਪੂਰੀ ਕਰਵਾ ਲੈਣੀ। ਅਜਿਹੀਆਂ ਕਾਰਵਾਈਆਂ ਦਾ ਅਰਥ ਹੈ ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨਾ। ਅਜਿਹੇ ਅੰਸ਼ਾਂ ਦਾ ਜੜੁੱਤ ਤੇ ਲਗਾਤਾਰ ਵਧਦਾ ਸਿਲਸਿਲਾ ਹੀ ਉਹ ਰਸਤਾ ਬਣਦਾ ਹੈ ਜਿਸ ਉਤੇ ਚੱਲ ਕੇ ਮੁਲਕ ਪੱਧਰ ਉਤੇ ਲੋਕ ਜਮਹੂਰੀਅਤ ਕਾਇਮ ਕੀਤੀ ਜਾ ਸਕਦੀ ਹੈ। 
Ñਲੋਕ ਜਮਹੂਰੀਅਤ ਦੇ ਬੀਅ ਬੀਜਣ ਵਾਸਤੇ, ਪਨੀਰੀ ਲਾਉਣ ਵਾਸਤੇ ਜਨਤਕ ਇਨਕਲਾਬੀ ਸਰਗਰਮੀ ਦੀਆਂ ਅਮਲੀ ਖਾੜਕੂ ਕਾਰਵਾਈਆਂ ਦੀ ਲੋੜ ਹੈ। ਇਹ ਕਾਰਵਾਈਆਂ ਹੀ ਲੋਕਾਂ ਨੂੰ ਆਪਣੀਆਂ ਸਿਆਸੀ ਜਨਤਕ ਜਥੇਬੰਦੀਆਂ ਰਾਹੀਂ ਕਦਮ ਕਦਮ ਅੱਗੇ ਵਧਾ ਕੇ ਲੋਕ ਜਮਹੂਰੀਅਤ ਨੂੰ ਲਾਗੂ ਕਰਨ ਤੱਕ ਲੈ ਕੇ ਜਾਂਦੀਆਂ ਹਨ। ਸਿਆਸੀ ਜਨਤਕ ਜਥੇਬੰਦੀਆਂ ਹਾਕਮ ਜਮਾਤੀ ਤਾਕਤ ਦੀਆਂ ਠੋਸ ਧੱਕੜ ਕਾਰਵਾਈਆਂ ਦਾ ਟਾਕਰਾ ਕਰਨ ਵਾਲੀ ਲੋਕ ਤਾਕਤ ਦਾ ਕੇਂਦਰ ਬਿੰਦੂ (ਨਾਭੀ) ਹੁੰਦੀਆਂ ਹਨ। ਆਵਦੀਆਂ ਲੜਾਕੂ ਜਥੇਬੰਦੀਆਂ ਰਾਹੀਂ ਕਿਸੇ ਨਾ ਕਿਸੇ ਮਸਲੇ ਉਤੇ ਆਵਦੀ ਪੁਗਾਉਣ ਅਤੇ ਹਾਕਮਾਂ ਦੀ ਅੜੀ ਭੰਨਣ ਦੇ ਰੁਝਾਨ ਦਾ ਤਾਕਤਵਰ ਹੋਣਾ ਜਰੂਰੀ ਹੈ। ਉਨ੍ਹਾਂ ਨੂੰ ਨਿੱਤ ਦਿਹਾੜੀ ਦੇ ਜੀਵਨ ਵਿੱਚ ਲੋਕ ਜਮਹੂਰੀਅਤ ਦੀਆਂ ਮੁੱਢਲੀਆਂ ਪ੍ਰਾਪਤੀਆਂ ਦੀ ਮਹੱਤਤਾ ਦਾ ਪਤਾ ਹੋਣਾ ਜਰੂਰੀ ਹੈ। ਇਹ ਐਨਾ ਜਰੂਰੀ ਹੈ ਕਿ ਇਸ ਤੋਂ ਬਿਨਾ ਉਨ੍ਹਾਂ ਦਾ ਰੁਖ ਪਾਰਲੀਮੈਂਟਰੀ ਜਮਹੂਰੀਅਤ ਵੱਲੋਂ ਮੋੜ ਕੇ ਖਰੀ ਜਮੂਰੀਅਤ ਵੰਨੀ, ਯਾਨੀ ਲੋਕ ਜਮਹੂਰੀਅਤ ਵੰਨੀ ਕੀਤਾ ਹੀ ਨਹੀਂ ਜਾ ਸਕਦਾ।
ਲੋਕਾਂ ਨੂੰ ਆਵਦੀ ਜਥੇਬੰਦ ਤਾਕਤ ਦਾ ਗਿਆਨ ਅਤੇ ਅਹਿਸਾਸ ਹੋਣਾ ਚਾਹੀਦਾ ਹੈ। ਉਹਨਾਂ ਦਾ ਇਸ ਗੱਲ ਵਿੱਚ ਭਰੋਸਾ ਬੱਝਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਸਿਆਸੀ-ਜਨਤਕ ਜਥੇਦੀਆਂ ਦਾ ਕਾਰਵਿਹਾਰ ਤੇ ਕਿਸਮ ਜਮਹੂਰੀ ਹੈ। ਯਾਨੀ ਇਹਨਾਂ ਦੇ ਸਾਰੇ ਫੈਸਲੇ ਕਰਨ ਵੇਲੇ ਲੋਕਾਂ ਦੀ ਰਜ਼ਾ ਪੁੱਗਦੀ ਹੈ। ਇਹਨਾਂ ਜਥੇਬੰਦੀਆਂ ਦੇ ਵਸੀਲਿਆਂ, ਅਸਰ-ਰਸੂਖ ਨੂੰ ਜਥੇਬੰਦੀ ਦਾ ਕੋਈ ਲੀਡਰ ਆਵਦੀ ਮਰਜੀ ਮੁਤਾਬਕ ਜਾਂ ਆਵਦੇ ਨਿੱਜੀ ਹਿਤਾਂ ਖਾਤਰ ਨਹੀਂ ਵਰਤ ਸਕਦਾ। ਇਹ ਸਿਰਫ ਅਤੇ ਸਿਰਫ ਲੋਕਾਂ ਦੇ ਹਿਤਾਂ ਖਾਤਰ ਹੀ ਵਰਤੇ ਜਾ ਸਕਦੇ ਹਨ। 
ਲੋਕ ਜਮਹੂਰੀਅਤ ਦੀ ਸਿਰਜਣਾ ਦੇ ਰਸਤੇ ਉਤੇ ਅੱਗੇ ਵਧਣ ਲਈ ਲੋਕਾਂ ਨੂੰ ਦੋ ਕਿਸਮ ਦੇ ਗਿਆਨ ਦੀ ਲੋੜ ਹੈ। ਇੱਕ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਉਹ ਅੱਡ-ਅੱਡ ਮਸਲਿਆਂ ਉਤੇ ਆਪਣੀ ਮਰਜੀ ਪੁਗਾਉਣ ਰਾਹੀਂ ਉਹਨਾਂ ਦੀ ਸੇਵਾ ਵਿਚ ਭੁਗਤ ਰਹੇ ਅਸਲੀ ਜਮਹੁਰੀਅਤ ਦੇ ਮੁਢਲੇ ਅੰਸ਼ਾਂ ਨੂੰ ਅਮਲੀ ਪੱਧਰ 'ਤੇ ਪੈਦਾ ਕਰ ਰਹੇ ਹਨ। ਜਦੋਂ ਵੀ ਲੋਕ ਕੋਈ ਅਮਲੀ ਕਾਰਵਾਈ ਕਰਦੇ ਹਨ ਤਾਂ ਉਹ ਕਿਸੇ ਨਾ ਕਿਸੇ ਨੀਤੀ ਨੂੰ ਲਾਗੂ ਕਰ ਰਹੇ ਹੁੰਦੇ ਹਨ। ਜਦੋਂ ਉਹਨਾਂ ਨੂੰ ਉਸ ਨੀਤੀ ਬਾਰੇ ਗਿਆਨ ਨਹੀਂ ਹੁੰਦਾ ਜਿਸ ਨੂੰ ਉਹ ਲਾਗੂ ਕਰ ਰਹੇ ਹੁੰਦੇ ਹਨ ਤਾਂ ਉਹ ਅਣਭੋਲ ਰੂਪ 'ਚ ਹੀ ਉਸ ਨੀਤੀ ਨੂੰ ਲਾਗੂ ਕਰ ਰਹੇ ਹੁੰਦੇ ਹਨ। ਲੋਕ ਆਪਣੀਆਂ ਇਨਕਲਾਬੀ ਜਨਤਕ ਖਾੜਕੂ ਕਾਰਵਾਈਆਂ ਰਾਹੀਂ ਅਣਭੋਲ ਰੂਪ 'ਚ ਯਾਨੀ, ਬਾਹਰਮੁਖੀ ਤੌਰ ਤੇ ਲੋਕ ਜਮਹਰੀਅਤ ਦੇ ਕਿੰਨੇ ਵੀ ਅੰਸ਼ ਪੈਦਾ ਕਰੀ ਜਾਣ, ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਣੀਆਂ ਇਹਨਾਂ ਕਾਰਵਾਈਆਂ ਰਾਹੀਂ ਲੋਕ ਜਮਰੂਹੀਅਤ ਸਿਰਜਣਾ ਦੀ ਇਨਕਲਾਬੀ ਨੀਤੀ ਲਾਗੂ ਕਰ ਰਹੇ ਹਨ ਤਾਂ ਉਹ ਲੋਕ ਜਮਹੂਰੀਅਤ ਦੀ ਸਿਰਜਣਾ ਦੇ ਰਾਹ ਉਤੇ ਅੱਗੇ ਵਧ ਹੀ ਨਹੀਂ ਸਕਦੇ। ਬਾਹਰਮੁਖੀ ਤੌਰ 'ਤੇ ਲੋਕ ਜਮਹੂਰੀਅਤ ਦੀ ਸਿਰਜਣਾ ਦੇ ਨਾਲ ਨਾਲ ਇਸ ਦੇ ਸਿਰਜਣਹਾਰਾਂ ਦੀ ਚੇਤਨਾ ਵਿਚ ਵੀ ਲੋਕ ਜਮਹੂਰੀਅਤ ਦੇ ਅੰਸ਼ਾਂ ਦੀ ਮਹੱਤਤਾ ਦੀ ਉਸਾਰੀ ਹੁੰਦੀ ਜਾਣੀ ਚਾਹੀਦੀ ਹੈ।
ਮਿਸਾਲ ਵਜੋਂ ਕਿਸੇ ਥਾਂ ਖੇਤ ਮਜਦੂਰ ਆਪਣੀ ਜਥੇਬੰਦੀ ਦੀ ਅਗਵਾਈ ਹੇਠ ਰਿਹਾਇਸ਼ੀ ਪਲਾਟਾਂ ਨੂੰ ਹਾਸਲ ਕਰਨ ਵਾਸਤੇ ਹਾਕਮਾਂ ਦੀ ਅੜੀ ਭੰਨ ਕੇ ਆਵਦੀ ਮਰਜੀ ਪੁਗਾਉਣ ਵਿਚ ਸਫਲ ਹੋ ਜਾਂਦੇ ਹਨ। ਜੇ ਉਹਨਾਂ ਦਾ ਗਿਆਨ ਸਿਰਫ ਇਥੋਂ ਤੱਕ ਸੀਮਤ ਰਹਿੰਦਾ ਹੈ ਕਿ ਆਵਦੀ ਜਥੇਬੰਦ ਤਾਕਤ ਦੇ ਜੋਰ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਆਰਥਕ ਮੰਗ ਪੂਰੀ ਕਰਵਾਈ ਹੈ ਤਾਂ ਲੋਕ-ਜਮਹੂਰੀਅਤ ਦੀ ਸਿਰਜਣਾ ਦੇ ਰਸਤੇ ਉਹ ਅੱਗੇ ਨਹੀਂ ਵਧ ਸਕਦੇ । ਇਸ ਰਸਤੇ ਉਤੇ ਅੱਗੇ ਵਧਣ ਲਈ ਇਹ ਜਰੂਰੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਚਾਨਣ ਹੋਵੇ ਕਿ ਉਹਨਾਂ ਦੀ ਇਸ ਪ੍ਰਾਪਤੀ ਦੀ ਮਹੱਤਤਾ ਸਿਰਫ ਇੱਕ ਪਲਾਟ ਹਾਸਲ ਕਰਨ ਤੱਕ ਸੀਮਤ ਨਹੀਂ ਹੈ, ਕਿ ਇਸ ਪ੍ਰਾਪਤੀ ਦੀ ਸਿਆਸੀ ਮਹੱਤਤਾ ਬਹੁਤ ਵੱਡੀ ਹੈ, ਕਿ ਇਸ ਕਾਰਵਾਈ ਰਾਹੀਂ ਉਹਨਾਂ ਨੇ ਖਰੀ ਜਮਹੂਰੀਅਤ ਦੇ ਉਸਾਰੇ ਜਾ ਰਹੇ ਮਹਿਲ ਦੀ ਨੀਂਹ ਵਿੱਚ ਇੱਕ ਇੱਟ ਜੜੀ ਹੈ। ਇਉਂ ਜਮੀਨੀ ਪੱਧਰ ਉਤੇ ਅਮਲੀ ਰੂਪ ਵਿੱਚ ਪੈਦਾ ਕੀਤੇ ਜਾ ਰਹੇ ਲੋਕ-ਜਮਹੂਰੀਅਤ ਦੇ ਅੰਸ਼ਾਂ ਦੇ ਨਾਲੋ ਨਾਲ ਇਹਨਾਂ ਦੀ ਮੋਹਰਛਾਪ ਲੋਕਾਂ ਦੀ ਚੇਤਨਾ ਉੱਤੇ ਲਗਦੀ ਰਹਿਣੀ ਜਰੂਰੀ ਹੈ।
ਇਸ ਦੇ ਨਾਲ ਨਾਲ ਲੋਕਾਂ ਨੂੰ ਇੱਕ ਹੋਰ ਕਿਸਮ ਦੇ ਗਿਆਨ ਦੀ ਵੀ ਲੋੜ ਹੈ। ਪਹਿਲੀ ਕਿਸਮ ਦਾ ਗਿਆਨ, ਯਾਨੀ ਇਹ ਨੀਂਹ ਵਿੱਚ ਲੱਗੀ ਇੱਟ ਦੀ ਸਿਆਸੀ ਮਹੱਤਤਾ ਦਾ ਗਿਆਨ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਦੇ ਦਿਮਾਗ ਵਿਚ ਇਸ ਉੱਸਰ ਰਹੇ ਮਹਿਲ ਦਾ ਪੂਰਾ ਨਕਸ਼ਾ ਹੋਵੇ, ਜੇ ਉਹਨਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਵੇ ਕਿ ਲੋਕ-ਜਮਹੂਰੀਅਤ ਵਿਚ ਅਸਲੀ ਲੋਕ ਰਾਜ ਵਿਚ ਉਹਨਾਂ ਦੀ ਜਿੰਦਗੀ ਦੇ ਅੱਡ-ਅੱਡ ਪੱਖਾਂ ਵਿਚ ਕਿੱਡੀਆਂ ਵੱਡੀਆਂ ਤੇ ਕਿੰਨੀਆਂ ਸ਼ਾਨਦਾਰ ਤਬਦੀਲੀਆਂ ਹੋਣਗੀਆਂ। ਯਾਨੀ ਲੋਕ-ਜਮਹੂਰੀਅਤ ਦੀ ਸਿਰਜਣਾ ਦੇ ਰਾਹ ਉਤੇ ਅੱਗੇ ਵਧਣ ਲਈ ਲੋਕਾਂ ਦਾ ਸਿਆਸੀ ਤੌਰ 'ਤੇ ਚੇਤੰਨ ਹੋਣਾ ਜਰੂਰੀ ਹੈ। ਸਿਆਸੀ ਚੇਤਨਾ ਜਮਾਤੀ ਚੇਤਨਾ ਦੀ ਸਿਖਰ ਅਵਸਥਾ ਹੈ। ਲੋਕਾਂ ਦੇ ਸਿਆਸੀ ਤੌਰ 'ਤੇ ਚੇਤਨ ਹੋਣ ਦਾ ਅਰਥ ਹੈ ਉਹਨਾਂ ਨੂੰ ਇਹ ਗਿਆਨ ਹੋਣਾ ਕਿ ਹਰ ਰਾਜ ਦਾ ਜਮਾਤੀ ਖਾਸਾ ਹੁੰਦਾ ਹੈ, ਕਿ ਸਾਡੇ ਭਾਰਤ ਰਾਜ ਦਾ ਖਾਸਾ ਕੀ ਹੈ? ਕਿ ਇਸ ਵਿਚ ਅੱਡ-ਅੱਡ ਜਮਾਤਾਂ ਦਾ ਕੀ ਸਥਾਨ ਹੈ ਅਤੇ ਕੀ ਰੋਲ ਹੈ, ਕਿ ਇਸ ਰਾਜ ਨੂੰ ਬਦਲਣ ਦਾ ਰਸਤਾ ਕੀ ਹੈ, ਅਸਲੀ ਲੋਕ-ਰਾਜ ਕਿਹੋ ਜਿਹਾ ਹੈ ਆਦਿਕ ਆਦਿਕ। ਇਹ ਸਿਆਸੀ ਚੇਤਨਾ ਲੋਕ ਖੁਦ ਆਵਦੇ ਤਜਰਬੇ ਰਾਹੀਂ ਹਾਸਲ ਨਹੀਂ ਕਰ ਸਕਦੇ। ਇਹ ਚੇਤਨਾ ਹਾਸਲ ਕਰਨ ਵਿੱਚ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦੇ ਕਮਿਉਨਿਸਟ ਲੀਡਰਾਂ ਦੀ ਇੱਕ ਨਿਹਾਇਤ ਜਰੂਰੀ ਜੁੰਮੇਵਾਰੀ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਦਾ ਮੂਲ ਤੱਤ ਲੋਕਾਂ ਦੀ ਇਨਕਲਾਬੀ-ਸਿਆਸੀ ਚੇਤਨਾ ਦੀ ਉਸਾਰੀ ਹੈ।
ਅਮਲੀ ਪੱਧਰ ਉਤੇ ਅਸਲੀ ਜਮਹੂਰੀਅਤ ਦੇ ਪੈਦਾ ਕੀਤੇ ਜਾ ਰਹੇ ਅੰਸ਼ਾਂ ਦੇ ਗਿਆਨ ਸਦਕਾ ਹੀ ਲੋਕਾਂ ਵਿਚ ਇਨਕਲਾਬ ਦੀ ਲੋੜ ਦਾ ਅਹਿਸਾਸ ਪੈਦਾ ਹੋਵੇਗਾ। ਇਹ ਜਾਨਣ ਲਈ ਤਲਬ ਪੈਦਾ ਹੋਵਗੀ ਕਿ ਇਨਕਲਾਬ ਵਾਸਤੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਹ ਗਿਆਨ ਹੀ ਉਹਨਾਂ ਨੂੰ ਇਸ ਸਚਾਈ ਨੂੰ ਸਮਝਣ ਵਿਚ ਸਹਾਇਤਾ ਕਰੂਗਾ ਕਿ ਜਿਹੜੀਆਂ ਵੋਟ ਪਰਚੀਆਂ ਹੁਣ ਹਾਕਮਾਂ ਨੇ ਉਹਨਾਂ ਦੇ ਹੱਥਾਂ ਵਿਚ ਫੜਾਈਆਂ ਹੋਈਆਂ ਹਨ, ਇਹ ਤਾਂ ਗਿੱਦੜ-ਪਰਚੀਆਂ ਹਨ, ਖਿਡਾਉਣਾ ਵੋਟਾਂ ਹਨ। ਇਹਨਾਂ ਵਿਚੋਂ ਲੋਕਾਂ ਦੇ ਹੱਥ ਕੋਈ ਤਾਕਤ ਨਹੀਂ ਆਉਦੀ। ਲੋਕਾਂ ਵੱਲੋਂ ਪਹਿਲਾਂ ਤਾਕਤ ਜਿੱਤ ਕੇ, ਉਸ ਵਿਚੋਂ ਅਸਲੀ ਵੋਟਾਂ ਨਿੱਕਲਣਗੀਆਂ। ਅਜਿਹੀਆਂ ਅਸਲੀ ਵੋਟਾਂ ਪਾਉਣ ਦਾ ਅਰਥ ਹੋਵੇਗਾ ਸਮਾਜ ਅਤੇ ਸਰਕਾਰ ਦੇ ਸਾਰੇ  ਮਾਮਲਿਆਂ ਵਿਚ ਉਹਨਾਂ ਦੀ ਸੱਦ-ਪੁੱਛ ਹੋਣੀ। ਰਾਜ-ਭਾਗ ਵਿਚ ਉਹਨਾਂ ਦੀ ਹਿੱਸੇਦਾਰੀ ਹੋਣੀ। ਅਮਲੀ ਪੱਧਰ ਉਤੇ ਪੈਦਾ ਹੋ ਰਹੇ ਅਸਲੀ ਜਮਹੂਰੀਅਤ ਦੇ ਅੰਸ਼ਾਂ ਦੇ ਗਿਆਨ ਸਦਕਾ ਹੀ ਲੋਕ ਹੁਣ ਵਾਲੀ ਨਕਲੀ ਵੋਟ ਨੂੰ, ਇਸ ਗਿੱਦੜ-ਪਰਚੀ ਨੂੰ ਵਗਾਹ ਕੇ ਪਰ੍ਹੇ ਮਾਰਨ ਵਾਸਤੇ ਤਹੂ ਹੋਣਗੇ। ਅਸਲੀ ਵੋਟ ਹਾਸਲ ਕਰਨ ਲਈ ਲੋੜੀਂਦੀ ਤਾਕਤ ਹਾਸਲ ਕਰਨ ਵਾਸਤੇ ਤਹੂ ਹੋਣਗੇ। 
ਇੱਕ ਹਾਂ-ਪੱਖੀ ਬਦਲ ਲੋਕਾਂ ਦੀ ਨਿਰਨਾਇਕ ਸਿਆਸੀ ਲੋੜ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਤਹਿ ਦਿਲੋਂ ਇਸ ਲੋੜ ਦਾ ਹੁੰਗਾਰਾ ਭਰਨ, ਮੁਕਾਬਲੇ ਦੀ ਇਨਕਲਾਬੀ ਜਮਹੂਰੀ ਲਹਿਰ , ਲੀਡਰਸ਼ਿਪ ਅਤੇ ਤਾਕਤ ਦੀ ਉਸਾਰੀ ਉÎਤੇ ਤਾਣ ਕੇਂਦਰਤ ਕਰਨ ਅਤੇ ਲੋਕ ਜਮਹੂਰੀਅਤ ਦੇ ਬਦਲ ਨੂੰ ਉਭਾਰਨ। ਉਹਨਾਂ ਨੂੰ ਲਗਾਤਾਰ ਹਾਕਮ ਜਮਾਤਾਂ ਦੀ ਗੈਰ-ਜਮਹੂਰੀ ਸਿਆਸੀ ਤਾਕਤ, ਵੋਟ ਸਿਸਟਮ, ਪਾਰਟੀਆਂ ਅਤੇ ਸਿਆਸਤ ਦਾ ਪਰਦਾਚਾਕ ਕਰਦੇ ਰਹਿਣਾ ਚਾਹੀਦਾ ਹੈ। 
ਇਹ ਪਰਦਾਚਾਕ ਇੱਕ ਪਾਸੇ ਲੋਕਾਂ ਵੱਲੋਂ ਭਰੂਣ ਰੂਪ 'ਚ ਸਿਰਜੀ ਜਾ ਰਹੀ ਅਸਲੀ ਜਮਹੂਰੀਅਤ ਦੇ ਹਾਂ-ਪੱਖੀ ਤਜਰਬੇ ਦੇ ਹਵਾਲੇ ਨਾਲ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਹੁਣ ਵਾਲੀ ਅਖੌਤੀ ਜਮਹੂਰੀਅਤ ਦੇ ਨਾਂਹ-ਪੱਖੀ ਤਜਰਬੇ ਦੇ ਹਵਾਲੇ ਨਾਲ ਕੀਤਾ ਜਾਣਾ ਚਾਹੀਦਾ ਹੈ। 
ਅਸਲੀ ਜਮਹੂਰੀਅਤ ਦੇ ਅੰਸ਼ਾਂ ਦੀ ਸਿਰਜਣਾ ਬਾਰੇ ਲੋਕਾਂ ਦੀ ਜਾਗ੍ਰਿਤੀ ਦੀ, ਉਹਨਾਂ ਵੱਲੋਂ ਇਸ ਦੀ ਸਿਰਜਣਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜੋ ਗੁਣਾਤਮਕ (ਸਿਫਤੀ) ਕਿਸਮ ਹੈ ਉਸ ਸਦਕਾ ਹੀ ਇਸ ਦੀ ਬੜੀ ਵੱਡੀ ਮਹੱਤਤਾ ਹੈ, ਚਾਹੇ ਇਹ ਪ੍ਰਕਿਰਿਆ ਕਿਸੇ ਵੱਡੀ ਪੱਧਰ ਉਤੇ ਨਾ ਵੀ ਚੱਲ ਰਹੀ ਹੋਵੇ। ਕਿਉਂਕਿ ਅਜਿਹੀ ਜਾਗ੍ਰਿਤੀ ਅਤੇ ਕੋਸ਼ਿਸ਼ਾਂ ਦਾ ਨੁਕਤਾ ਦਰੁਸਤ ਰੁਝਾਨ ਦੇ , ਸੱਜੇ ਅਤੇ ''ਖੱਬੇ'' ਰੁਝਾਨਾਂ ਨਾਲੋਂ ਨਿਖੇੜੇ ਦਾ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ। -੦-

ਅਸੀਂ ਵੋਟਾਂ ਨਹੀਂ ਮੰਗਦੇ- ਇਨਕਲਾਬ ਕਰਨ ਨੂੰ ਕਹਿੰਦੇ ਹਾਂ


ਅਸਲੀ ਲੋਕ ਰਾਜ ਜ਼ਿੰਦਾਬਾਦ! ਹਥਿਆਰਬੰਦ ਇਨਕਲਾਬ-ਜ਼ਿੰਦਾਬਾਦ!!
ਅਸੀਂ ਵੋਟਾਂ ਨਹੀਂ ਮੰਗਦੇ- ਇਨਕਲਾਬ ਕਰਨ ਨੂੰ ਕਹਿੰਦੇ ਹਾਂ
ਸੋਲਵੀਂ ਲੋਕ ਸਭਾ ਵਾਸਤੇ ਵੋਟਾਂ ਦਾ ਰਾਮ-ਰੌਲਾ ਸਿਖਰਾਂ 'ਤੇ ਹੈ। ਕਾਂਗਰਸ ਤੇ ਭਾਜਪਾ ਤੋਂ ਇਲਾਵਾ ਬਾਦਲ ਅਕਾਲੀ ਦਲ ਵਰਗੀਆਂ ਸੂਬਾ ਪੱਧਰੀਆਂ ਪਾਰਟੀਆਂ ਦੀ ਵੋਟ ਕੁੱਕੜ-ਖੋਹੀ ਸਿਖਰਾਂ ਉੱਤੇ ਹੈ। ਹਰ ਪਾਰਟੀ ਆਪਣੇ ਆਪ ਨੂੰ ਦੁੱਧ ਧੋਤੀ ਤੇ ਵਿਰੋਧੀਆਂ ਨੂੰ ਦਾਗੋ-ਦਾਗ ਸਾਬਤ ਕਰਨ ਲਈ ਪੂਰਾ ਟਿੱਲ ਲਾ ਰਹੀ ਹੈ।
ਅਸੀਂ ਵੋਟਾਂ ਨਹੀਂ ਮੰਗਦੇ। ਸਾਡੀ ਪਾਰਟੀ ਦਾ ਕੋਈ ਵੀ ਬੰਦਾ ਕਦੇ ਵੀ ਵੋਟਾਂ ਵਿੱਚ ਖੜ੍ਹਾ ਨਹੀਂ ਹੋਇਆ। ਅਸੀਂ ਤਾਂ ਥੋਨੂੰ ਇੱਕ ਬੇਨਤੀ ਕਰਨੀ ਹੈ ਕਿ ਵੋਟਾਂ ਦੇ ਇਸ ਮੌਕੇ 'ਤੇ ਥੋਨੂੰ ਵੀ ਜ਼ੋਰਦਾਰ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਕਿਰਸਾਨਾਂ, ਮਜ਼ਦੂਰਾਂ ਤੇ ਹੋਰਨਾਂ ਕਿਰਤੀਆਂ ਦੀਆਂ ਅਸਲ ਦੁੱਖ-ਤਕਲੀਫਾਂ ਕੀ ਹਨ? ਇਹਨਾਂ ਦਾ ਸਹੀ ਇਲਾਜ ਹੈ। ਹੁਣ ਵਾਲੇ ਲੋਕਾਂ ਦੇ ਦੁਸ਼ਮਣ, ਨਕਲੀ ਲੋਕ-ਰਾਜ ਦੀ ਥਾਂ ਅਸਲੀ ਲੋਕ-ਰਾਜ ਲਿਆਉਣ ਦਾ ਰਸਤਾ ਕੀ ਹੈ? ਕਿਹੜੀ ਪਾਰਟੀ ਐਹੋ ਜਿਹਾ ਰਾਜ ਲਿਆ ਸਕਦੀ ਹੈ?
ਸਾਰੀਆਂ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ (ਐਲਾਨਨਾਮੇ) ਵੰਡ ਰਹੀਆਂ ਹਨ। ਇਸ ਪਰਚੇ ਰਾਹੀਂ ਅਸੀਂ ਵੀ ਆਪਣਾ ਮੈਨੀਫੈਸਟੋ ਥੋਡੇ ਸਾਹਮਣੇ ਰੱਖ ਰਹੇ ਹਾਂ। ਪਰ ਇਹ ਚੋਣ-ਮੈਨੀਫੈਸਟੋ ਨਹੀਂ। ਇਹ ਰਾਜ-ਮੈਨੀਫੈਸਟੋ ਹੈ। ਯਾਨੀ ਅਸਲੀ ਲੋਕ-ਰਾਜ ਦਾ ਮੋਟਾ ਨਕਸ਼ਾ। ਮਜ਼ਦੂਰ ਜਮਾਤ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਕਿਰਸਾਨਾਂ ਦੇ ਗੱਠਜੋੜ ਦੇ ਆਧਾਰ ਉੱਤੇ, ਮਜ਼ਦੂਰਾਂ-ਕਿਰਸਾਨਾਂ, ਛੋਟੇ ਕਾਰਖਾਨੇਦਾਰਾਂ, ਹੋਰ ਛੋਟੇ ਛੋਟੇ ਕਾਰੋਬਾਰ ਕਰਨ ਵਾਲਿਆਂ ਦੇ ਸਾਂਝੇ ਮੋਰਚੇ ਦੇ ਰਾਜ ਨੂੰ ਅਸੀਂ ਅਸਲੀ ਲੋਕ ਰਾਜ ਕਹਿੰਦੇ ਹਾਂ।
—ਅਸਲੀ ਲੋਕ-ਰਾਜ ਵਿੱਚ ਕੀ ਹੋਵੇਗਾ?..........
—ਰਸਤਾ ਕੀ ਹੋਵੇਗਾ?..........
—ਲੋਕ-ਫੌਜ ਕਿਵੇਂ ਬਣੂੰ?..........
—ਕਮਿਊਨਿਸਟ ਇਨਕਲਾਬੀ ਪਾਰਟੀ ਦੀ ਲੋੜ ਹੈ।..........
—ਚੋਣ ਮੁੱਦਿਆਂ ਦਾ ਸੁਆਲ।..........
—ਭ੍ਰਿਸ਼ਟਾਚਾਰ ਦਾ ਮਸਲਾ।..........
—ਫਿਰਕਾਪ੍ਰਸਤੀ ਦਾ ਮਸਲਾ।..........
—ਵਿਕਾਸ ਦਾ ਮਸਲਾ।..........
—ਹਾਕਮ-ਜਮਾਤੀ ਪਾਰਟੀਆਂ ਦਾ ਸੰਕਟ।..........
—ਵੋਟਾਂ ਰਾਹੀਂ ਕਲਿਆਣ ਦੀ ਝਾਕ ਛੱਡੋ, ਲੋਕ-ਟਾਕਰੇ ਨੂੰ ਬੁਲੰਦ ਕਰੋ।..........
ਇਸ ਹਾਲਤ ਅੰਦਰ ਜਿਹੜੀ ਵੀ ਸਰਕਾਰ ਆਵੇ, ਉਸਦੀ ਹਕੂਮਤੀ ਡੰਡੇ 'ਤੇ ਟੇਕ ਵਧਣੀ ਹੈ। ਪਿਛਾਖੜੀ ਹਾਕਮ ਜਮਾਤਾਂ ਇਸ ਮਕਸਦ ਲਈ ਪਿਛਲੇ ਵਰ੍ਹਿਆਂ ਤੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕਰ ਰਹੀਆਂ ਹਨ। ਨਾ ਸਿਰਫ ਤਰ੍ਹਾਂ ਤਰ੍ਹਾਂ ਦੇ ਫੌਜੀ ਅਤੇ ਸੁਰੱਖਿਆ ਬਲਾਂ ਦੀ ਭਰਤੀ ਵਧਾਈ ਜਾ ਰਹੀ ਹੈ, ਨਾ ਸਿਰਫ ਉਹਨਾਂ ਨੂੰ ਵੱਧ ਤੋਂ ਵੱਧ ਅਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਸਗੋਂ ਕਾਨੂੰਨੀ ਅਤੇ ਸੰਵਿਧਾਨਕ ਸੋਧਾਂ ਕਰਕੇ ਲੋਕ ਲਹਿਰਾਂ ਨੂੰ ਕੁਚਲਣ ਲਈ ਇਹਨਾਂ 'ਤੇ ਹਕੂਮਤੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਪੱਖੋਂ ਦਬਾਊ ਯਤਨ ਹੋਰ ਤੇਜ਼ ਹੋਣੇ ਹਨ।
ਪਰ ਲੋਕਾਂ ਦੇ ਪੱਖ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਪਿਛਾਖੜੀ ਹਾਕਮ ਜਮਾਤਾਂ ਦੇ ਡੰਡੇ ਦਾ ਇਹ ਮੰਤਰ ਵੀ ਬਹੁਤਾ ਕਾਰਗਾਰ ਸਾਬਤ ਨਹੀਂ ਹੋ ਰਿਹਾ। ਅੰਨ੍ਹੇ ਜਾਬਰ ਕਦਮਾਂ ਅਤੇ ਫੌਜੀ ਤਾਕਤਾਂ ਦੀ ਬੇਦਰੇਗ ਵਰਤੋਂ ਦੇ ਬਾਵਜੂਦ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਅੰਦਰ ਕੌਮੀ ਲਹਿਰਾਂ ਦੇ ਜਨਤਕ ਰੋਹ-ਫੁਟਾਰੇ ਰੋਕੇ ਨਹੀਂ ਜਾ ਸਕੇ। ਮੱਧ-ਭਾਰਤ ਅੰਦਰ ਜਲ, ਜੰਗਲ ਅਤੇ ਜ਼ਮੀਨ ਲਈ ਆਦਿਵਾਸੀ ਕਬੀਲਿਆਂ ਦੇ ਵਿਸ਼ਾਲ ਉਭਾਰ ਰੋਕਿਆਂ ਨਹੀਂ ਰੁਕ ਰਹੇ। ਸਮੁੱਚੇ ਦੇਸ਼ ਅੰਦਰ ਪਿਛਾਖੜੀ ਹਕੂਮਤੀ ਨੀਤੀਆਂ ਵਿਰੁੱਧ ਲੋਕ-ਰੋਹ ਉਬਾਲੇ ਮਾਰ ਰਿਹਾ ਹੈ। ਕਦੇ ਇਹ ਤਾਮਿਲਨਾਡੂ, ਮਹਾਰਾਸ਼ਟਰ ਤੇ ਹਰਿਆਣੇ ਅੰਦਰ ਪ੍ਰਮਾਣੂੰ ਪਲਾਂਟਾਂ ਵਿਰੁੱਧ ਜੁਝਾਰ ਜਨਤਕ ਸੰਘਰਸ਼ਾਂ ਦੇ ਰੂਪ ਵਿੱਚ ਫੁੱਟ ਉੱਠਦਾ ਹੈ। ਤੇ ਕਦੇ ਇਹ ਪੱਛਮੀ ਬੰਗਾਲ ਵਿੱਚ ਸਿੰਗੂਰ, ਨੰਦੀਗਰਾਮ ਅਤੇ ਪੰਜਾਬ ਅੰਦਰ ਟਰਾਈਡੈਂਟ ਅਤੇ ਗੋਬਿੰਦਪੁਰਾ ਵਰਗੇ ਕਿਸਾਨ ਘੋਲਾਂ ਦੇ ਰੂਪ ਵਿੱਚ ਜੇਤੂ ਛਾਪ ਛੱਡ ਜਾਂਦਾ ਹੈ। 
ਸਾਥੀਓ,
ਲੋਕਾਂ ਦੇ ਕਲਿਆਣ ਅਤੇ ਲੋਕ-ਹਿੱਤਾਂ ਦੇ ਪੱਖ ਤੋਂ ਇਹੀ ਰਾਹ ਸਵੱਲੜਾ ਹੈ। ਲੋਕਾਂ ਦੀਆਂ ਦੁਸ਼ਮਣ ਪਿਛਾਖੜੀ ਹਾਕਮ ਜਮਾਤਾਂ ਦੀਆਂ ਭ੍ਰਿਸ਼ਟ ਅਤੇ ਬੱਦੂ ਹੋਈਆਂ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡੋ। ਆਪੋ ਆਪਣੇ ਤਬਕੇ ਦੀਆਂ ਵਿਸ਼ਾਲ ਜਨਤਕ ਜਥੇਬੰਦੀਆਂ ਦੀ ਉਸਾਰੀ ਕਰੋ। ਉਹਨਾਂ ਨੂੰ ਮਜਬੂਤ ਕਰੋ ਤੇ ਲੋਕ ਟਾਕਰੇ ਦੇ ਰਾਹ ਅੱਗੇ ਵਧਣ ਲਈ ਸਿਰਾਂ 'ਤੇ ਖੱਫਣ ਬੰਨ੍ਹ ਕੇ ਲੜਨ ਲਈ ਮਾਨਸਿਕ ਅਤੇ ਜਥੇਬੰਦਕ ਤੌਰ 'ਤੇ ਤਿਆਰ ਹੋਵੋ। ਆਪਣੇ ਕਸ਼ਟਾਂ ਅਤੇ ਇਸ ਦੁਰ-ਰਾਜ ਤੋਂ ਮੁਕਤੀ ਦੇ ਸੁਖਾਲੇ ਰਾਹ ਤਲਾਸ਼ਣ ਦਾ ਭਰਮ ਤਿਆਗੋ। ਤੁਹਾਨੂੰ ਪੇਸ਼ ਸਾਰੀਆਂ ਦੁਸ਼ਵਾਰੀਆਂ ਦੇ ਅੰਤਿਮ ਨਿਪਟਾਰੇ ਤੇ ਮੁਕਤੀ ਦਾ ਇੱਕੋ ਇੱਕ ਰਾਹ ਹਥਿਆਰਬੰਦ ਇਨਕਲਾਬ ਦਾ ਰਾਹ ਹੈ। ਦ੍ਰਿੜ ਨਿਸ਼ਚੇ ਹੋ ਕੇ, ਇਸ ਰਾਹ ਅੱਗੇ ਵਧਣ ਲਈ ਤਿਆਰੀਆਂ ਵਿੱਚ ਤੇਜ਼ੀ ਲਿਆਓ।
ਸੂਬਾ ਕਮੇਟੀ,
ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ, ਭਾਰਤ (ਮ.ਲ.)
11 ਅਪ੍ਰੈਲ, 2014