ਵੋਟਾਂ ਬਾਰੇ ਇਨਕਲਾਬੀ ਪੈਂਤੜਾ
ਇੱਕ ਇਨਕਲਾਬੀ ਜਥੇਬੰਦੀ ਵੱਲੋਂ ਵੋਟਾਂ ਵੇਲੇ ਕੀ ਪੈਂਤੜਾ ਅਖਤਿਆਰ ਕਰਨਾ ਚਾਹੀਦਾ ਹੈ, ਇਸ ਸੁਆਲ ਬਾਰੇ ਸਾਡੇ ਦੇਸ਼ ਦੀ ਇਨਕਲਾਬੀ ਲਹਿਰ ਵਿੱਚ ਤਿੰਨ ਕਿਸਮ ਦੇ ਵਿਚਾਰ ਚੱਲ ਰਹੇ ਹਨ। ਠੀਕ ਇਨਕਲਾਬੀ ਰੁਝਾਨ ਨਾਲ ਸਬੰਧਤ ਜਥੇਬੰਦੀਆਂ ਦਾ ਵਿਚਾਰ ਹੈ ਕਿ ਨਾ ਤਾਂ ਵੋਟਾਂ ਵਿੱਚ ਹਿੱਸਾ ਲੈਣਾ ਠੀਕ ਹੈ। ਨਾ ਹੀ ਵੋਟਾਂ ਦੇ ਬਾਈਕਾਟ ਦਾ ਨਾਅਰਾ ਦੇਣਾ ਠੀਕ ਹੈ। ਇਸ ਦੀ ਬਜਾਏ ਵੋਟਾਂ ਦੌਰਾਨ ਸਰਗਰਮ ਸਿਆਸੀ ਮੁਹਿੰਮ ਚਲਾਉਣੀ ਚਾਹੀਦੀ ਹੈ। ''ਖੱਬੇ'' ਭਟਕਾਊ ਰੁਝਾਨ ਨਾਲ ਜੁੜੀਆਂ ਇਨਕਲਾਬੀ ਜਥੇਬੰਦੀਆਂ ਦਾ ਵਿਚਾਰ ਹੈ ਕਿ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਦਾ ਨਾਅਰਾ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਸੱਜੇ ਭਟਕਾਊ ਰੁਝਾਨ ਨਾਲ ਸਬੰਧਤ ਇਨਕਲਾਬੀ ਜਥੇਬੰਦੀਆਂ ਦਾ ਵਿਚਾਰ ਹੈ ਕਿ ਵੋਟਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਹਨਾਂ ਵਿੱਚੋਂ ਕਿਹੜਾ ਪੈਂਤੜਾ ਠੀਕ ਹੈ ਅਤੇ ਕਿਹੜਾ ਗਲਤ ਹੈ, ਇਸ ਗੱਲ ਦਾ ਨਿਰਣਾ ਕਰਨ ਤੋਂ ਪਹਿਲਾਂ ਇਹ ਗੱਲ ਨਿਤਾਰਨੀ ਜ਼ਰੂਰੀ ਹੈ ਕਿ ਇੱਕ ਜਾਂ ਦੂਜੀ ਕਿਸਮ ਦਾ ਪੈਂਤੜਾ ਅਖਤਿਆਰ ਕਰਕੇ ਅਸੀਂ ਟੀਚਾ ਕੀ ਹਾਸਲ ਕਰਨਾ ਚਾਹੁੰਦੇ ਹਾਂ। ਠੀਕ ਟੀਚਾ ਇਹ ਬਣਦਾ ਹੈ ਕਿ ਲੋਕਾਂ ਨੂੰ ਹੁਣ ਵਾਲੀ ਨਕਲੀ ਜਮਹੂਰੀਅਤ ਦੇ ਭਰਮ ਵਿੱਚੋਂ ਅਤੇ ਇਸਦੇ ਮੱਕੜਜਾਲ ਵਿੱਚੋਂ ਮੁਕਤ ਹੋਣ ਵਿੱਚ ਸਹਾਇਤਾ ਕਰਨੀ। ਇਸ ਵਿੱਚੋਂ ਮੁਕਤ ਹੁੰਦੇ ਜਾਣ ਦੇ ਨਾਲੋ ਨਾਲ ਅਸਲੀ ਜਮਹੂਰੀਅਤ ਯਾਨੀ ਲੋਕ ਜਮਹੂਰੀਅਤ ਦੀ ਸਿਰਜਣਾ ਕਰਦੇ ਜਾਣ ਦੇ ਰਾਹ ਪੈਣਾ।
ਇਹ ਟੀਚਾ ਹਾਸਲ ਕਰਨ ਵਾਸਤੇ, ਵੋਟਾਂ ਵਿੱਚ ਹਿੱਸਾ ਲੈਣ ਦਾ ਪੈਂਤੜਾ ਗਲਤ ਹੈ। ਗਲਤ ਏਸ ਕਰਕੇ ਹੈ ਕਿ ਜਿਹੜੇ ਸਾਥੀ ਵੋਟਾਂ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ/ਅਸੈਂਬਲੀ ਵਿੱਚ ਭੇਜੋ। ਉੱਥੇ ਜਾ ਕੇ ਅਸੀਂ ਤੁਹਾਡੇ ਹਿੱਤਾਂ ਦੀ ਰਾਖੀ ਕਰਾਂਗੇ। ਉਹ ਅਸਲ ਵਿੱਚ ਲੋਕਾਂ ਨੂੰ ਇਸ ਪਾਰਲੀਮੈਂਟਰੀ ਸਿਸਟਮ ਦੇ ਭਰਮ ਵਿੱਚੋਂ ਮੁਕਤ ਹੋਣ ਵਿੱਚ ਸਹਾਇਤਾ ਕਰਨ ਦੀ ਥਾਂ ਇਸ ਭਰਮ ਨੂੰ ਪੱਕਾ ਕਰਦੇ ਹਨ। ਉਹ ਲੋਕਾਂ ਦੇ ਇਸ ਭਰਮ ਨੂੰ ਪੱਕਾ ਕਰਦੇ ਹਨ ਕਿ ਸਾਡੇ ਦੇਸ਼ ਦਾ ਪਾਰਲੀਮੈਂਟਰੀ ਸਿਸਟਮ, ਕਿਸੇ ਨਾ ਕਿਸੇ ਹੱਦ ਤੱਕ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਾਧਨ ਬਣਦਾ ਹੈ। ਜਿਹੜੇ ਸਾਥੀ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੰਦੇ ਹਨ, ਉਹ ਇਹ ਚਾਹੁੰਦੇ ਹਨ ਕਿ ਲੋਕ ਹੁਣੇ ਵੋਟਾਂ ਦਾ ਰਾਹ ਛੱਡ ਕੇ ਹਥਿਆਰਬੰਦ ਘੋਲ ਦੇ ਰਾਹ ਪੈ ਜਾਣ। ਜਦੋਂ ਕਿ ਲੋਕਾਂ ਦੇ ਵਿਸ਼ਾਲ ਸਮੂਹਾਂ ਦੀ ਚੇਤਨਾ ਅਤੇ ਜਥੇਬੰਦੀ ਦਾ ਪੱਧਰ ਹਥਿਆਰਬੰਦ ਘੋਲ ਲਈ ਲੋੜੀਂਦੇ ਪੱਧਰ ਨਾਲੋਂ ਕਿਤੇ ਨੀਵਾਂ ਹੁੰਦਾ ਹੈ। ਇਸ ਕਰਕੇ ਬਾਈਕਾਟ ਦਾ ਨਾਅਰਾ ਇੱਕ ਨਾ-ਅਮਲਯੋਗ ਕਾਰਵਾਈ ਬਣ ਕੇ ਰਹਿ ਜਾਂਦਾ ਹੈ। ਇਹੋ ਕਾਰਨ ਹੈ ਅਜਿਹੀਆਂ ਇਨਕਲਾਬੀ ਜਥੇਬੰਦੀਆਂ ਵੱਲੋਂ ਬਾਈਕਾਟ ਦੇ ਨਾਅਰੇ ਨੂੰ ਸਫਲ ਕਰਨ ਵਾਸਤੇ ਆਪਣੀ ਹਥਿਆਰਬੰਦ ਤਾਕਤ ਦੀ ਦਹਿਸ਼ਤ ਉੱਤੇ ਨਿਰਭਰ ਰਹਿਣਾ ਪੈ ਰਿਹਾ ਹੈ। ਜਦੋਂ ਕਿ ਟੀਚਾ ਇਹ ਹੈ ਕਿ ਲੋਕਾਂ ਦੀ ਚੇਤਨਾ ਵਿੱਚ ਵਧਾਰਾ ਕਰਕੇ, ਇਸ ਲੋਕ-ਚੇਤਨਾ ਉੱਤੇ ਟੇਕ ਰੱਖ ਕੇ ਜੋਕ ਜਮਹੂਰੀਅਤ ਦੇ ਰਾਹ ਤੋਂ ਹਟ ਕੇ, ਲੋਕ ਜਮਹੂਰੀਅਤ ਦੇ ਰਾਹ ਪੈਣ ਵਿੱਚ ਲੋਕਾਂ ਦੀ ਸਹਾਇਤਾ ਕਰਨੀ।
ਦਰੁਸਤ ਰੁਝਾਨ ਨਾਲ ਸਬੰਧਤ ਇਨਕਲਾਬੀ ਜਥੇਬੰਦੀਆਂ ਵੋਟਾਂ ਦੇ ਸਮੇਂ ਤੋਂ ਪਹਿਲਾਂ ਅਤੇ ਮਗਰੋਂ ਦੇ ਅਰਸੇ ਵਿੱਚ ਸਿਆਸੀ ਮੁਹਿੰਮ ਚਲਾਉਂਦੀਆਂ ਹੀ ਰਹਿੰਦੀਆਂ ਹਨ। ਪਰ ਵੋਟਾਂ ਦਾ ਸਮਾਂ ਅਜਿਹਾ ਹੁੰਦਾ ਹੈ ਜਦੋਂ ਵੋਟਾਂ ਵਿੱਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਦੇ ਵੋਟ-ਭੇੜ ਸਦਕਾ ਇੱਕ ਵਿਸ਼ੇਸ਼ ਸਿਆਸੀ ਮਾਹੌਲ ਪੈਦਾ ਹੁੰਦਾ ਹੈ। ਜਾਣੇ ਜਾਂ ਅਣਜਾਣੇ ਆਮ ਲੋਕ ਇਸ ਮਾਹੌਲ ਦੀ ਲਪੇਟ ਵਿੱਚ ਆਉਂਦੇ ਹਨ। ਉਹ ਸਭ ਤਰ੍ਹਾਂ ਦੇ ਸਿਆਸੀ ਪ੍ਰਚਾਰ ਨੂੰ ਸੁਣਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ, ਸੋਚਦੇ ਹਨ। ਇਸ ਕਰਕੇ ਇਨਕਲਾਬੀ ਜਥੇਬੰਦੀਆਂ, ਇਸ ਮਾਹੌਲ ਦਾ ਫਾਇਦਾ ਉਠਾਉਣ ਵਾਸਤੇ ਆਮ ਸਮਿਆਂ ਦੇ ਮੁਕਾਬਲੇ ਵੱਧ ਸਰਗਰਮ ਸਿਆਸੀ ਮੁਹਿੰਮ ਚਲਾਉਂਦੀਆਂ ਹਨ।
ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ, ਸਰਗਰਮ ਸਿਆਸੀ ਮੁਹਿੰਮ ਦੀ ਸ਼ਿਸ਼ਤ, ਲੋਕਾਂ ਨੂੰ ਅਸਲੀ ਜਮਹੂਰੀਅਤ ਨੂੰ ਸਿਰਜਣ ਦੇ ਰਾਹ ਪੈਣ ਵਾਸਤੇ ਇਸ ਜੋਕ ਜਮਹੂਰੀਅਤ ਤੋਂ ਮੁਕਤ ਹੋਣ ਲਈ ਪ੍ਰੇਰਨਾ ਅਤੇ ਸਹਾਇਤਾ ਕਰਨ ਉੱਤੇ ਲੱਗੀ ਹੁੰਦੀ ਹੈ। ਜਦੋਂ ਕੋਈ ਲੀਡਰਸ਼ਿੱਪ ਲੋਕਾਂ ਨੂੰ ਦਰਿਆ ਪਾਰ ਕਰਨ ਦਾ ਸੱਦਾ ਦਿੰਦੀ ਹੈ ਤਾਂ ਦਰਿਆ ਪਾਰ ਕਰਨ ਵਾਸਤੇ ਲਾਜ਼ਮੀ ਲੋੜੀਂਦਾ ਪੁਲ ਬਣਾਉਣ ਵਾਸਤੇ ਲੋਕਾਂ ਦੀ ਅਗਵਾਈ ਅਤੇ ਸਹਾਇਤਾ ਕਰਨੀ ਲੀਡਰਸ਼ਿੱਪ ਦੀ ਲਾਜ਼ਮੀ ਜੁੰਮੇਵਾਰੀ ਬਣਦੀ ਹੈ। ਅਜਿਹਾ ਪੁਲ ਬਣਾਏ ਬਿਨਾ ਦਰਿਆ ਪਾਰ ਕਰਨ ਦਾ ਸੱਦਾ ਇੱਕ ਬੇਅਸਰ ਸੱਦਾ ਬਣ ਕੇ ਰਹਿ ਜਾਵੇਗਾ। ਜੋਕ ਜਮਹੂਰੀਅਤ ਦੇ ਦਰਿਆ ਨੂੰ ਪਾਰ ਕਰਨ ਵਾਸਤੇ ਲੋੜੀਂਦਾ ਪੁਲ ਬਣਾਉਣ ਦਾ ਕੀ ਅਰਥ ਹੈ?
ਪਹਿਲ-ਪ੍ਰਿਥਮੇ, ਇਸ ਦਾ ਅਰਥ ਹੈ ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਸਾਰੀਆਂ ਅਧੀਨ ਜਮਾਤਾਂ ਤੇ ਤਬਕਿਆਂ ਦੇ ਹਿੱਤਾਂ ਦੀ ਰਾਖੀ ਤੇ ਵਧਾਰਾ ਕਰਨ ਵਾਲੀ ਮਜ਼ਦੂਰ ਜਮਾਤ ਦੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਪਸਾਰਾ ਅਤੇ ਮਜਬੂਤੀ ਕਰਨੀ। ਇਸ ਨੂੰ ਲੋਕਾਂ ਵਿੱਚ ਉਭਾਰਨਾ, ਇਸਦੇ ਲੜ ਲੱਗਣ ਲਈ ਪ੍ਰੇਰਨਾ। ਇਹ ਟੀਚਾ ਹਾਸਲ ਕਰਨ ਲਈ, ਜੋਕ ਜਮਹੂਰੀਅਤ ਦਾ ਵਿਸਥਾਰੀ ਪਰਦਾਚਾਕ ਕਰਨਾ ਅਤੇ ਲੋਕ ਜਮਹੂਰੀਅਤ ਦਾ ਵਿਸਥਾਰੀ ਅਤੇ ਠੋਸ ਨਕਸ਼ਾ ਲੋਕਾਂ ਦੇ ਦਿਲਾਂ-ਦਿਮਾਗਾਂ ਉੱਤੇ ਉੱਕਰਨਾ।
ਦੂਜੇ ਨੰਬਰ ਉੱਤੇ ਅਜਿਹਾ ਪੁਲ ਬਣਾਉਣ ਦਾ ਅਰਥ ਹੈ, ਲੋਕਾਂ ਦੇ ਵੱਖ ਵੱਖ ਤਬਕਿਆਂ/ਜਮਾਤਾਂ ਦੀਆਂ ਸਿਆਸੀ ਜਨਤਕ ਜਥੇਬੰਦੀਆਂ ਬਣਾਉਣੀਆਂ। ਇਹਨਾਂ ਦਾ ਪਸਾਰਾ ਤੇ ਮਜਬੂਤੀ ਕਰਦੇ ਜਾਣਾ। ਇਸ ਮਜਬੂਤੀ ਦਾ ਅਰਥ ਹੈ, ਇਹਨਾਂ ਦੇ ਆਗੂਆਂ ਤੇ ਕਰਿੰਦਿਆਂ ਦੇ ਗੁਣ ਤੇ ਗਿਣਤੀ ਪੱਖੋਂ ਪਸਾਰਾ ਤੇ ਮਜਬੂਤੀ ਕਰਦੇ ਜਾਣਾ। ਗੁਣ ਪੱਖੋਂ ਮਜਬੂਤੀ ਕਰਨ ਦਾ ਅਰਥ ਹੈ, ਸਬੰਧਤ ਜਨਤਕ ਜਥੇਬੰਦੀ ਦੀ ਸਿਆਸਤ ਉੱਤੇ ਇਹਨਾਂ ਦੀ ਪਕੜ ਬਣਾਉਣੀ। ਇਹਨਾਂ ਨੂੰ ਜਥੇਬੰਦਕ ਨਿਯਮਾਂ, ਤੌਰ-ਤਰੀਕਿਆਂ ਅਤੇ ਕੰਮ-ਢੰਗ ਦੀ ਸਿਖਲਾਈ ਦੇਣੀ। ਇਸ ਤੋਂ ਅੱਗੇ ਇਹਨਾਂ ਦੀ ਸਿੱਕੇਬੰਦ ਮਜਬੂਤੀ ਲਈ ਇਹਨਾਂ ਨੂੰ ਕਮਿਊਨਿਸਟ ਇਨਕਲਾਬੀ ਜਥੇਬੰਦੀ ਵਿੱਚ ਭਰਤੀ ਕਰਨਾ।
ਕਿਸੇ ਜਨਤਕ ਜਥੇਬੰਦੀ ਦੇ ਆਗੂਆਂ ਤੇ ਕਰਿੰਦਿਆਂ ਦੀ ਅਜਿਹੀ ਮਜਬੂਤੀ ਤੇ ਪਸਾਰਾ ਕੀਤੇ ਬਿਨਾ ਜਨਤਕ ਜਥੇਬੰਦੀ ਦੀਆਂ ਘੋਲ ਸਰਗਰਮੀਆਂ ਦਾ ਹੀ ਪਸਾਰਾ ਕਰਦੇ ਜਾਣਾ, ਕੱਚੀਆਂ ਨੀਂਹਾਂ ਉੱਤੇ ਗਾਰੇ ਦੀ ਚਿਣਾਈ ਵਾਲੀਆਂ ਕੰਧਾਂ ਦੇ ਸਹਾਰੇ ਉੱਤੇ ਮਹਿਲ ਉਸਾਰਨ ਵਰਗੀ ਗੱਲ ਹੈ। ਅਜਿਹੇ ਕੱਚ-ਪੈਰੇ ਡਾਵਾਂਡੋਲ ਮਹਿਲ, ਸਮੇਂ ਦੀ ਮਾਰ ਨਾਲ ਹੌਲੀ ਹੌਲੀ ਜਾਂ ਕਿਸੇ ਝੱਖੜ-ਝੋਲੇ ਨਾਲ ਇੱਕਦਮ ਡਿਗਣੇ ਹੀ ਡਿਗਣੇ ਹੁੰਦੇ ਹਨ।
ਇਸ ਤੋਂ ਅੱਗੇ, ਅਜਿਹਾ ਪੁਲ ਬਣਾਉਣ ਦਾ ਅਰਥ ਹੈ, ਸਿਆਸੀ ਜਨਤਕ ਜਥੇਬੰਦੀਆਂ ਵੱਲੋਂ, ਲੋਕਾਂ ਦੇ ਭਖਵੇਂ (ਪਹਿਲਾਂ ਅੰਸ਼ਿਕ ਤੇ ਫੇਰ ਬੁਨਿਆਦੀ) ਮਸਲਿਆਂ ਉੱਤੇ ਜਨਤਕ ਖਾੜਕੂ ਘੋਲ ਲਹਿਰਾਂ ਦੀ ਉਸਾਰੀ ਕਰਨੀ। ਹਾਕਮ ਜਮਾਤਾਂ ਅਤੇ ਉਹਨਾਂ ਦੀ ਹਕੂਮਤ ਦੇ ਦਾਬੇ, ਧੌਂਸ ਤੇ ਅੜੀ ਨੂੰ ਭੰਨ ਕੇ ਲੋਕਾਂ ਵੱਲੋਂ ਕਿਸੇ ਇੱਕ ਜਾਂ ਦੂਜੇ ਮਸਲੇ ਉੱਤੇ ਆਪਣੀ ਮਰਜੀ ਪੁਗਾ ਕੇ ਆਪਣੀ ਮੰਗ ਪੂਰੀ ਕਰਵਾਉਣੀ। ਇਸ ਢੰਗ ਨਾਲ ਮੰਨਵਾਈ ਮੰਗ ਦੀ ਇਹ ਵੱਡੀ ਸਿਆਸੀ ਮਹੱਤਤਾ ਲੋਕਾਂ ਨੂੰ ਸਮਝਾਉਣੀ ਕਿ ਅਜਿਹੀਆਂ ਘੋਲ ਕਾਰਵਾਈਆਂ ਨਾਲ ਨਾ ਸਿਰਫ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਹੁੰਦੀ ਹੈ ਸਗੋਂ ਇਸ ਤੋਂ ਕਿਤੇ ਵੱਧ ਮਹੱਤਵਪੂਰਨ ਪ੍ਰਾਪਤੀ— ਲੋਕ-ਜਮਹੂਰੀਅਤ ਦੇ ਅੰਸ਼ ਪੈਦਾ ਹੁੰਦੇ ਜਾਂਦੇ ਹਨ। ਇਹ ਯਕੀਨੀ ਬਣਾਉਣਾ ਕਿ ਲੋਕਾਂ ਨੂੰ ਅਜਿਹੀਆਂ ਪ੍ਰਾਪਤੀਆਂ ਦਾ ਸੁਆਦ ਪੈਂਦਾ ਜਾਵੇ। ਅਜਿਹੀਆਂ ਜਨਤਕ ਇਨਕਲਾਬੀ ਕਾਰਵਾਈਆਂ ਅਤੇ ਪ੍ਰਾਪਤੀਆਂ ਠੀਕ ਰੁਝਾਨ ਅਤੇ ਗਲਤ ਰੁਝਾਨਾਂ ਵਿਚਕਾਰ ਨਿਖੇੜੇ ਦਾ ਇੱਕ ਬਹੁਤ ਮਹੱਤਵਪੂਰਨ ਨੁਕਤਾ ਵੀ ਹੈ।
ਪੁਲ ਬਣਾਉਣ ਨਾਲ ਸਬੰਧਤ ਉੱਪਰ ਜ਼ਿਕਰ-ਅਧੀਨ ਆਈਆਂ ਕਾਰਵਾਈਆਂ ਨੂੰ ਸੰਖੇਪ ਰੂਪ ਵਿੱਚ ਇਉਂ ਵੀ ਬਿਆਨ ਕੀਤਾ ਜਾ ਸਕਦਾ ਹੈ: ਮੌਜੂਦਾ ਜੋਕ ਜਮਹੂਰੀਅਤ ਦੇ ਮੁਕਾਬਲੇ ਲੋਕ ਜਮਹੂਰੀਅਤ ਦਾ ਬਦਲ ਉਭਾਰਨਾ; ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਕਮਿਊਨਿਸਟ ਇਨਕਲਾਬੀ ਪਾਰਟੀ ਦਾ ਬਦਲ ਉਭਾਰਨਾ; ਹਾਕਮ ਜਮਾਤਾਂ ਦੀਆਂ ਜੇਬੀ ਜਨਤਕ ਜਥੇਬੰਦੀਆਂ ਅਤੇ ਲੀਡਰਾਂ ਦੇ ਮੁਕਾਬਲੇ ਇਨਕਲਾਬੀ ਲੀਡਰਾਂ ਦਾ ਬਦਲ ਉਭਾਰਨਾ; ਵੋਟ-ਰਸਤੇ ਰਾਹੀਂ ਆਪਣੀਆਂ ਮੰਗਾਂ ਦੀ ਭਰਮ-ਝਾਕ ਦੇ ਮੁਕਾਬਲੇ ਇਨਕਲਾਬੀ ਘੋਲਾਂ ਰਾਹੀਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਬਦਲ ਉਭਾਰਨਾ। ਇਹ ਸਾਰੇ ਬਦਲ ਨਾ ਸਿਰਫ ਵਿਚਾਰਕ ਪੱਧਰ ਉੱਤੇ ਉਭਾਰਨੇ ਸਗੋਂ ਅਮਲੀ ਪੱਧਰ ਉੱਤੇ ਮੌਜੂਦ ਅਤੇ ਉਸਾਰੀ ਅਧੀਨ ਬਦਲਾਂ ਨੂੰ ਉਭਾਰਨਾ। ੦-੦
No comments:
Post a Comment