Tuesday, July 8, 2014

ਸੰਪਾਦਕੀ ਟਿੱਪਣੀਆਂ

ਪੰਜਾਬ ਅੰਦਰ ਚੋਣ ਮੁਹਿੰਮ ਦੌਰਾਨ ਬੀ. ਜੇ. ਪੀ, ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਚੋਣ ਖੇਡ ਦੀਆਂ ਮੁੱਖ ਖਿਡਾਰੀ ਸਨ। ਇਸ ਤੋਂ ਇਲਾਵਾ ਅਨੇਕਾਂ ਪਾਰਟੀਆਂ/ਜੱਥੇਬੰਦੀਆਂ ਨੇ ਇਹਨਾਂ ਚੋਣਾਂ ਵਿੱਚ ਸ਼ਾਮਲ ਹੁੰਦਿਆਂ ਜਾਂ ਇਹਨਾਂ ਚੋਣਾਂ ਤੋਂ ਲਾਭੇ ਰਹਿੰਦਿਆਂ/ਬਾਈਕਾਟ ਕਰਦਿਆਂ ਸਿਆਸੀ ਮੁਹਿੰਮਾਂ ਚਲਾਈਆਂ।
ਪੰਜਾਬ ਅੰਦਰ ਸਰਗਰਮ ਕਮਿਉਨਿਸਟ ਇਨਕਲਾਬੀ ਜੱਥੇਬੰਦੀਆਂ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਹਿੱਸਾ ਨਹੀਂ ਲਿਆ ਸਾਡੀ ਜਾਣਕਾਰੀ ਅਨੁਸਾਰ ਤਿੰਨ ਹਨ। ਇਕ, ਕਮਿਉਨਿਸਟ ਲੀਗ ਆਫ ਇੰਡੀਆ, ਦੂਜੀ ਸੀ.ਪੀ.ਆਈ. (ਮਾਓਵਾਦੀ) ਦੀ ਪੰਜਾਬ ਇਕਾਈ ਅਤੇ ਤੀਜੀ ਕਮਿਉਨਿਸਟ ਪਾਰਟੀ ਮੁੜ ਜੱਥੇਬੰਦੀ ਕੇਂਦਰ, ਭਾਰਤ (ਮਾ: ਲੈ:) ਦੀ ਪੰਜਾਬ ਇਕਾਈ। ਪਹਿਲੀਆਂ ਦੋਵਾਂ ਦੀਆਂ ਚੋਣਾਂ ਸਮੇਂ ਦੀਆਂ ਲਿਖਤਾਂ ਬਾਰੇ ਸਾਨੂੰ ਜਾਣਕਾਰੀ ਹਾਸਲ ਨਹੀਂ। ਕ: ਪਾ: ਮੁੜ-ਜੱਥੇਬੰਦੀ ਕੇਂਦਰ (ਮਾ:ਲੈ:) ਦੀ ਪੰਜਾਬ ਇਕਾਈ ਦੇ ਪੈਂਫਲਟ ਦਾ ਸੰਖੇਪ ਰੂਪ ਅਸੀਂ ਪਰਚੇ ਵਿਚ ਛਾਪ ਦਿੱਤਾ ਹੈ। ਇਸ ਜੱਥੇਬੰਂਦੀ ਦੀ ਚੋਣ ਨਤੀਜਿਆਂ ਤੋਂ ਬਾਅਦ ਦੀ ਇਕ ਲਿਖਤ ਵੀ ਛਾਪੀ ਗਈ ਹੈ। ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਬਣਦਾ ਹੈ ਕਿ ਸੀ.ਪੀ.ਆਈ. (ਮਾਓਵਾਦੀ) ਦੇ ਅਖਬਾਰਾਂ ਵਿਚ ਛਪੇ ਬਿਆਨਾਂ ਅਨੁਸਾਰ ਉਨ੍ਹਾਂ ਪਾਰਲੀਮਾਨੀ ਚੋਣਾਂ ਦੇ ਬਾਈਕਾਟ ਦਾ ਸੱਦਾ ਸੀ।
ਇਕ ਹੋਰ ਜੱਥੇਬੰਦੀ ਸੀ.ਪੀ.ਆਈ. (ਮਾ:ਲੈ:) ਨਿਊ ਡੈਮੋਕਰੇਸੀ) ਨੇ ਇਕੱਲੇ ਤੌਰ ਤੇ ਚੋਣਾਂ ਵਿਚ ਭਾਗ ਲਿਆ ਹੈ ਪਰ ਉਸਦਾ ਕਹਿਣਾ ਹੈ ਕਿ ਉਹ ਦਾਅਪੇਚ ਵਜੋਂ ਚੋਣਾਂ ਵਿਚ ਹਿੱਸਾ ਲੈ ਰਹੀ ਹੈ ਅਤੇ ਪਾਰਲੀਮਾਨੀ ਰਸਤੇ ਤੇ ਚੱਲਕੇ ਇਨਕਲਾਬੀ ਤਬਦੀਲੀ ਹੋਣ ਦੇ ਵਿਚਾਰ ਵਿਚ ਉਸਦਾ ਵਿਸ਼ਵਾਸ ਨਹੀਂ। ਇਸਤੋਂ ਇਲਾਵਾ ਪਾਰਲੀਮਾਨੀ ਸਿਆਸਤ ਵਿਚ ਲਗਾਤਾਰ ਹਿੱਸਾ ਲੈਣ ਵਾਲੀਆਂ ਜੱਥੇਬੰਦੀਆਂ ਜਿਹੜੀਆਂ ਕਮਿਉਨਿਸਟ ਸ਼ਬਦ ਆਪਣੇ ਨਾਲ ਜੋੜਦੀਆਂ ਹਨ ਉਹ ਹਨ : ਸੀ.ਪੀ.ਆਈ. (ਐਮ), ਸੀ.ਪੀ.ਆਈ., ਸੀ.ਪੀ.ਐਮ.(ਪਾਸਲਾ), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਲਾਇਲਪੁਰੀ)। ਇਨ੍ਹਾਂ ਵਿਚੋਂ ਪਹਿਲੀਆਂ ਦੋ ਪਰਖੀਆਂ-ਪਰਤਿਆਈਆਂ ਹਾਕਮ ਜਮਾਤੀ ਪਾਰਟੀਆਂ (ਸਮਾਜੀ-ਜਮਹੂਰੀ ਪਾਰਟੀਆਂ) ਸਾਬਤ ਹੋ ਚੁਕੀਆਂ ਹਨ। ਪਰ ਬਾਕੀਆਂ ਦਾ ਅਜੇ ਤੱਕ ਸਿੱਧਾ ਹਾਕਮ ਜਮਾਤੀ ਪਾਰਟੀਆਂ ਨਾਲ ਗੱਠਜੋੜ ਨਹੀਂ ਬਣਿਆ। ਪਰ ਇਹ ਵੀ ਅਖੌਤੀ 'ਖੱਬੇ ਮੋਰਚੇ' ਦੀਆਂ ਮੁਦੱਈ ਹਨ ਅਤੇ ਪਾਸਲਾ ਧਿਰ ਅਤੇ ਲਿਬਰੇਸ਼ਨ ਧਿਰ ਨੇ ਸੀ.ਪੀ.ਆਈ. ਅਤੇ ਸੀ.ਪੀ.ਆਈ.ਐਮ. ਨਾਲ ਗਠਜੋੜ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਿਸ ਵਿਚ ਉਹ ਇਕ ਹੱਦ ਤੱਕ ਕਾਮਯਾਬ ਵੀ ਹੋਏ। ਭਾਵੇਂ ਵੋਟਾਂ ਹਾਸਲ ਕਰਨ ਪੱਖੋਂ ਸਾਰੇ ਰੁਲ ਗਏ ਪਰ ਇਹ 'ਮੋਰਚਾ' ਇਕ ਦਿਲਚਸਪ ਮੌਕਾਪ੍ਰਸਤੀ ਦੀ ਤਸਵੀਰ ਪੇਸ਼ ਕਰਦਾ ਹੈ। ਇਕ ਪਾਸੇ (ਘੱਟੋ-ਘੱਟ) ਸੀ.ਪੀ.ਆਈ. ਦੇ ਇਕ ਧੜੇ ਨੇ ਕਾਂਗਰਸ ਦੀ ਹਮਾਇਤ ਕੀਤੀ। ਦੂਜੇ ਪਾਸੇ ਲਿਬਰੇਸ਼ਨ ਗਰੁੱਪ ਨੇ ਇਕ ਸੀਟ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਪਾਸਲਾ ਧਿਰ ਨੇ ਕਿਹਾ ਕਿ ਜਿੱਥੇ ਸਾਡੇ ਕੈਂਡੀਡੇਟ ਨਹੀਂ ਅਸੀਂ ਆਮ ਆਦਮੀ ਪਾਰਟੀ ਜਾਂ 'ਖੱਬੇ' ਮੋਰਚੇ ਦੇ ਦੂਜੇ ਕੈਂਡੀਡੇਟਾਂ ਦੀ ਮਦਦ ਕਰਾਂਗੇ। (ਜਿੱਥੇ ਆਮ ਆਦਮੀ ਪਾਰਟੀ ਅਤੇ 'ਖੱਬੇ ਮੋਰਚੇ' ਦੋਵਾਂ ਦੇ ਕੈਂਡੀਡੇਟ ਸਨ ਉੱਥੇ ਇਨ੍ਹਾਂ ਨੇ ਕੀ ਕੀਤਾ ਹੋਵੇਗਾ?) ਇਕ ਦੂਜੇ ਨੂੰ ਮੇਹਣੇ ਮਾਰਦੀਆਂ ਇਹ ਧਿਰਾਂ ਅਣਗੌਲੀ ਮੌਕਾਪ੍ਰਸਤੀ ਦਾ ਨਮੂਨਾ ਹੀ ਪੇਸ਼ ਕਰਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬ  ਅੰਦਰ ਅਨੇਕਾਂ ਪਲੇਟਫਾਰਮ, ਪਰਚੇ ਅਤੇ ਜਨਤਕ ਜੱਥੇਬੰਦੀਆਂ ਹਨ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਕਿਸੇ ਧਿਰ ਦੀ ਹਮਾਇਤ ਨਹੀਂ ਕੀਤੀ, ਨਾ ਹੀ ਖੁਦ ਚੋਣਾਂ ਵਿਚ ਹਿੱਸਾ ਲਿਆ ਹੈ। ਉਨ੍ਹਾਂ ਨੇ ਆਪੋ ਆਪਣੀ ਸਮਝ ਅਨੁਸਾਰ ਚੋਣਾਂ ਦੀ  ਭਟਕਾਊ ਸਿਆਸਤ ਤੋਂ ਬਚਣ ਦਾ ਲੋਕਾਂ ਨੂੰ ਸੱਦਾ ਦਿੱਤਾ  ਹੈ,  ਲੋਕ ਮੁੱਦੇ ਉਭਾਰੇ ਹਨ। ਕੁਲ ਮਿਲਾ ਕੇ ਇਨ੍ਹਾਂ ਜੱਥੇਬੰਦੀਆਂ ਦਾ ਪ੍ਰਭਾਵ ਲੱਖਾਂ ਲੋਕਾਂ ਤੱਕ ਹੈ। ਇਨ੍ਹਾਂ ਵਿਚ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੋਰਚਾ ਅਤੇ ਇਨਕਲਾਬੀ ਕੇਂਦਰ ਹਨ। ਪਰਚਿਆਂ ਵਿਚ ਲਾਲ ਤਾਰਾ, ਲਾਲ ਪਰਚਮ, ਸੁਲਗਦੇ ਪਿੰਡ, ਬਿਗਲ, ਸੁਰਖ਼ ਰੇਖਾ ਆਦਿ ਹਨ। ਇਨ੍ਹਾਂ ਤੋਂ ਇਲਾਵਾ ਦਰਜਨਾਂ ਹੀ ਜਨਤਕ ਜੱਥੇਬੰਦੀਆਂ/ਟਰੇਡ ਯੂਨੀਅਨਾਂ ਜਾਂ ਹੋਰ ਪਲੇਟਫਾਰਮ ਹਨ ਜਿਨ੍ਹਾਂ ਨੇ ਚੋਣਾਂ ਦੇ ਇਸ ਰਾਮ ਰੌਲੇ ਵਿਚ  ਲੋਕ  ਮੁੱਦਿਆਂ ਨੂੰ ਉਭਾਰਿਆ ਹੈ।
——— 0 ———

No comments:

Post a Comment