ਅਸਲੀ ਜਮਹੂਰੀਅਤ ਦੀ ਸਿਰਜਣਾ ਬਾਰੇ
ਜਮਹੂਰੀਅਤ ਦਾ ਅਰਥ ਹੈ ਜਮਹੂਰ ਦੀ ਯਾਨੀ ਲੋਕਾਂ ਦੀ ਮਰਜੀ ਪੁੱਗਣੀ। ਜਿੰਦਗੀ ਦੇ ਹਰ ਖੇਤਰ (ਸਿਆਸੀ, ਆਰਥਕ ਅਤੇ ਸਭਿਆਚਾਰਕ) ਨੂੰ, ਲੋਕਾਂ ਦੇ ਹਿਤਾਂ ਦੀ ਰਾਖੀ ਅਤੇ ਵਧਾਰੇ ਨੂੰ ਮੁੱਖ ਰੱਖ ਕੇ ਵਿਉਂਤਣਾ, ਚਲਾਉਣਾ ਅਤੇ ਸਥਾਪਤ ਕਰਨਾ। ਜਮਹੂਰੀਅਤ ਆਪਣੇ ਆਪ 'ਚ ਕੋਈ ਮੰਜ਼ਿਲ ਨਹੀਂ, ਸਗੋਂ ਕਿਸੇ ਮੰਜ਼ਿਲ ਉਤੇ ਪਹੁੰਚਣ ਦਾ ਸਾਧਨ ਹੁੰਦਾ ਹੈ। ਹੁਣ ਮੰਜ਼ਿਲ ਹੈ ਮਜਦੂਰਾਂ, ਕਿਸਾਨਾਂ ਅਤੇ ਹੋਰਨਾਂ ਅਧੀਨ ਜਮਾਤਾਂ ਦੇ ਲੋਕਾਂ ਦੀ ਰਾਖੀ ਅਤੇ ਵਧਾਰਾ ਕਰਨਾ। ਇਸ ਮੰੰਜਲ ਉਤੇ ਪਹੁੰਚਣ ਵਾਸਤੇ, ਇੱਕ ਅਜਿਹਾ ਰਾਜ ਪ੍ਰਬੰਧ ਯਾਨੀ ਕਿ ਲੋਕ-ਜਮਹੂਰੀਅਤ ਕਾਇਮ ਕਰਨ ਦੀ ਲੋੜ ਹੈ ਜੋ ਇਸ ਮੰਜਿਲ ਤੇ ਪਹੁੰਚਣ ਦਾ ਸਾਧਨ ਬਣ ਸਕੇ। ਕਿਸੇ ਦੇਸ਼ ਵਿਚ ਜਮਹੂਰੀਅਤ ਅਸਲੀ ਹੈ ਕਿ ਨਕਲੀ, ਇਸ ਦੀ ਪਰਖ ਵੀ ਇਹੋ ਹੈ ਕਿ ਜਿਸ ਰਾਜ ਵਿਚ ਲੋਕਾਂ ਦੇ ਹਿਤਾਂ ਦੀ ਰਾਖੀ ਤੇ ਵਧਾਰਾ ਹੋ ਰਿਹਾ ਹੋਵੇ ਉਹ ਅਸਲੀ ਜਮਹੂਰੀਅਤ ਹੈ। ਜਿੱਥੇ ਇਸ ਤੋਂ ਉਲਟ ਲੋਕਾਂ ਦੇ ਹਿਤਾਂ ਉੱਤੇ ਧਾੜੇ ਵੱਜ ਰਹੇ ਹੋਣ ਅਤੇ ਵੱਡੇ ਸਰਮਾਏਦਾਰ, ਜਾਗੀਰਦਾਰ, ਵਧ ਫੁੱਲ ਰਹੇ ਹੋਣ ਉਹ ਨਕਲੀ ਜਮਹੂਰੀਅਤ ਹੈ। ਕੋਈ ਇੱਕ ਜਣਾ ਕਹਿ ਰਿਹਾ ਸੀ ਕਿ ਸਾਡੇ ਦੇਸ਼ ਵਿਚ ਜਮਹੂਰੀਅਤ ਹੈ, ਯਾਨੀ ਲੋਕਾਂ ਦਾ ਰਾਜ ਹੈ। ਕਿਸੇ ਦੂਜੇ ਨੇ ਪੁੱਛਿਆ ਕਿ ਰਾਜੇ ਤਾਂ ਕਦੀ ਵੀ ਭੁੱਖੇ ਨਹੀਂ ਮਰਦੇ, ਪਰ ਸਾਡੇ ਦੇਸ਼ ਦੇ ਲੋਕ ਤਾਂ ਭੁੱਖੇ ਮਰ ਰਹੇ ਹਨ। ਫੇਰ ਉਹ ਰਾਜੇ ਕਿਵੇਂ ਹੋਏ?
ਸਾਡੇ ਦੇਸ਼ ਵਿਚ ਜਮਹੂਰੀਅਤ ਦੇ ਨਾਓਂ ਹੇਠ ਜੋਕ- ਜਮਹੂਰੀਅਤ ਹੈ। ਜੋਕਾਂ ਵਾਸਤੇ ਜਮਹੂਰੀਅਤ ਪਰ ਲੋਕਾਂ ਵਾਸਤੇ ਡਿਕਟੇਟਰਸ਼ਿੱਪ ਉਤੇ ਜਮਹੂਰੀਅਤ ਦਾ ਪਾਇਆ ਪਤਲਾ ਜਾਲੀਦਾਰ ਪਰਦਾ। ਮੂੰਹ ਵਿਚ ਰਾਮ-ਰਾਮ ਬਗਲ ਵਿਚ ਛੁਰੀ। ਇਹ ਹਾਕਮ ਜਮਾਤਾਂ ਆਵਦੀ ਲੋੜ ਅਨੁਸਾਰ ਕਦੇ ਵੀ ਇਸ ਪਰਦੇ ਨੂੰ ਵੀ ਪਰ੍ਹੇ ਸਿੱਟ ਸਕਦੀਆਂ ਹਨ। ਰਾਮ-ਰਾਮ ਦੀ ਥਾਂ ਮੂੰਹ ਵਿਚੋਂ ਅੱਗ ਵਰ੍ਹਾ ਸਕਦੀਆਂ ਹਨ। ਬਗਲ ਵਿਚੋਂ ਛੁਰੀ ਕੱਢ ਕੇ ਐਲਾਨੀਆ ਲਹਿਰਾ ਸਕਦੀਆਂ ਹਨ।
ਅਸਲੀ ਜਮਹੂਰੀਅਤ, ਯਾਨੀ ਕਿ ਲੋਕ-ਜਮਹੂਰੀਅਤ ਕਾਇਮ ਕਰਨ ਵਾਸਤੇ ਇਸ ਜੋਕ ਜਮਹੂਰੀਅਤ ਦਾ ਇਸ ਲੋਕ ਦੁਸ਼ਮਣ ਰਾਜ ਦਾ ਮੁੱਢੋਂ-ਸੁੱਢੋਂ ਖਾਤਮਾ ਕਰਨਾ ਪੈਣਾ ਹੈ। ਇਸਦੇ ਵਾਸਤੇ ਦਹਾਕਿਆਂ ਲੰਮਾ ਜਾਨ ਹੂਲਵਾਂ ਘੋਲ ਲੜਨਾ ਪੈਣਾ ਹੈ। ਅਜਿਹਾ ਘੋਲ ਲੋਕਾਂ ਦੀ ਚੇਤੰਨ ਇਨਕਲਾਬੀ ਅਤੇ ਜਥੇਬੰਦਕ ਤਾਕਤ ਦੇ ਜੋਰ ਨਾਲ ਹੀ ਲੜਿਆ ਜਾ ਸਕਦਾ ਹੈ। ਇੱਕ ਚੀਨੀ ਕਹਾਵਤ ਹੈ ''ਦਸ ਹਜਾਰ ਮੀਲਾਂ ਦਾ ਲੰਮਾ ਸਫਰ ਇੱਕ ਕਦਮ ਨਾਲ ਸ਼ੁਰੂ ਹੁੰਦਾ ਹੈ। Àੂਂ ਜੇ ਦੇਖਿਆ ਜਾਵੇ ਦਸ ਹਜਾਰ ਮੀਲਾਂ ਲੰਮੇ ਸਫਰ ਸਾਹਮਣੇ ਨਿਗੂਣੇ ਆਕਾਰ ਵਾਲੇ ਇੱਕ ਕਦਮ ਦੀ ਕੋਈ ਗਿਨਣਯੋਗ ਮਹੱਤਤਾ ਨਹੀ ਲਗਦੀ। ਪਰ ਇਸ ਇੱਕ ਕਦਮ ਦੀ ਮਹੱਤਤਾ ਇਸ ਦੇ ਆਕਾਰ ਨੂੰ ਦੇਖ ਕੇ ਨਹੀਂ ਅੰਗੀ ਜਾਣੀ ਚਾਹੀਦੀ। ਸਗੋਂ ਇਸ ਪੱਖੋਂ ਦੇਖੀ ਜਾਣੀ ਚਾਹੀਦੀ ਹੈ ਕਿ ਇਹ ਇੱਕ ਕਦਮ ਦਸ ਹਜਾਰ ਮੀਲ ਦੇ ਲੰਮੇ ਸਫਰ ਦਾ 'ਕੱਲੇ 'ਕੱਲੇ ਕਦਮਾਂ ਦੇ ਇੱਕ ਅਟੁੱਟ ਅਤੇ ਲੰਮੇ ਸਿਲਸਿਲੇ ਦਾ ਸਭ ਤੇਂ ਮਹੱਤਵਪੂਰਨ ਅੰਗ ਹੈ। ਇਸ ਮੁੱਢਲੇ ਕਦਮ ਬਿਨਾ ਦਸ ਹਜਾਰ ਮੀਲ ਦੇ ਸਫਰ ਦਾ ਇਰਾਦਾ ਇੱਕ ਸੁਪਨਾ ਬਣ ਕੇ ਰਹਿ ਸਕਦਾ ਹੈ। ਇਹ ਕਹਾਵਤ ਲੋਕ ਜਮਹੂਰੀਅਤ ਕਾਇਮ ਕਰਨ ਦੀ ਦਹਾਕਿਆਂ ਲੰਮੀ ਲੜਾਈ ਦੇ ਸਫਰ ਉਤੇ ਵੀ ਢੁੱਕਦੀ ਹੈ। ਇਹ ਲੜਾਈ ਵੀ ਲੋਕਾਂ ਵੱਲੋਂ , ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨ ਅਤੇ ਇਸ ਦਾ ਸੁਆਦ ਮਾਨਣ ਦੇ ਸ਼ੁਰੂ ਵਾਲੇ ਮੁੱਢਲੇ ਕਦਮਾਂ ਨਾਲ ਸ਼ੁਰੂ ਹੁੰਦੀ ਹੈ। ਇਹ ਕਦਮ ਹਨ, ਕਿਸੇ ਮਸਲੇ ਉਤੇ ਕਿਸੇ ਥਾਂ, ਆਪਣੀ ਇਨਕਲਾਬੀ ਜਥੇਬੰਦ ਤਾਕਤ ਦੇ ਜੋਰ ਉਤੇ ਹਾਕਮਾਂ ਨਾਲ ਭਿੜ ਕੇ ਲੋਕਾਂ ਵੱਲੋ ਆਪਣੀ ਮਰਜੀ ਪੁਗਾ ਲੈਣੀ, ਆਵਦੀ ਮੰਗ ਪੂਰੀ ਕਰਵਾ ਲੈਣੀ। ਅਜਿਹੀਆਂ ਕਾਰਵਾਈਆਂ ਦਾ ਅਰਥ ਹੈ ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨਾ। ਅਜਿਹੇ ਅੰਸ਼ਾਂ ਦਾ ਜੜੁੱਤ ਤੇ ਲਗਾਤਾਰ ਵਧਦਾ ਸਿਲਸਿਲਾ ਹੀ ਉਹ ਰਸਤਾ ਬਣਦਾ ਹੈ ਜਿਸ ਉਤੇ ਚੱਲ ਕੇ ਮੁਲਕ ਪੱਧਰ ਉਤੇ ਲੋਕ ਜਮਹੂਰੀਅਤ ਕਾਇਮ ਕੀਤੀ ਜਾ ਸਕਦੀ ਹੈ।
Ñਲੋਕ ਜਮਹੂਰੀਅਤ ਦੇ ਬੀਅ ਬੀਜਣ ਵਾਸਤੇ, ਪਨੀਰੀ ਲਾਉਣ ਵਾਸਤੇ ਜਨਤਕ ਇਨਕਲਾਬੀ ਸਰਗਰਮੀ ਦੀਆਂ ਅਮਲੀ ਖਾੜਕੂ ਕਾਰਵਾਈਆਂ ਦੀ ਲੋੜ ਹੈ। ਇਹ ਕਾਰਵਾਈਆਂ ਹੀ ਲੋਕਾਂ ਨੂੰ ਆਪਣੀਆਂ ਸਿਆਸੀ ਜਨਤਕ ਜਥੇਬੰਦੀਆਂ ਰਾਹੀਂ ਕਦਮ ਕਦਮ ਅੱਗੇ ਵਧਾ ਕੇ ਲੋਕ ਜਮਹੂਰੀਅਤ ਨੂੰ ਲਾਗੂ ਕਰਨ ਤੱਕ ਲੈ ਕੇ ਜਾਂਦੀਆਂ ਹਨ। ਸਿਆਸੀ ਜਨਤਕ ਜਥੇਬੰਦੀਆਂ ਹਾਕਮ ਜਮਾਤੀ ਤਾਕਤ ਦੀਆਂ ਠੋਸ ਧੱਕੜ ਕਾਰਵਾਈਆਂ ਦਾ ਟਾਕਰਾ ਕਰਨ ਵਾਲੀ ਲੋਕ ਤਾਕਤ ਦਾ ਕੇਂਦਰ ਬਿੰਦੂ (ਨਾਭੀ) ਹੁੰਦੀਆਂ ਹਨ। ਆਵਦੀਆਂ ਲੜਾਕੂ ਜਥੇਬੰਦੀਆਂ ਰਾਹੀਂ ਕਿਸੇ ਨਾ ਕਿਸੇ ਮਸਲੇ ਉਤੇ ਆਵਦੀ ਪੁਗਾਉਣ ਅਤੇ ਹਾਕਮਾਂ ਦੀ ਅੜੀ ਭੰਨਣ ਦੇ ਰੁਝਾਨ ਦਾ ਤਾਕਤਵਰ ਹੋਣਾ ਜਰੂਰੀ ਹੈ। ਉਨ੍ਹਾਂ ਨੂੰ ਨਿੱਤ ਦਿਹਾੜੀ ਦੇ ਜੀਵਨ ਵਿੱਚ ਲੋਕ ਜਮਹੂਰੀਅਤ ਦੀਆਂ ਮੁੱਢਲੀਆਂ ਪ੍ਰਾਪਤੀਆਂ ਦੀ ਮਹੱਤਤਾ ਦਾ ਪਤਾ ਹੋਣਾ ਜਰੂਰੀ ਹੈ। ਇਹ ਐਨਾ ਜਰੂਰੀ ਹੈ ਕਿ ਇਸ ਤੋਂ ਬਿਨਾ ਉਨ੍ਹਾਂ ਦਾ ਰੁਖ ਪਾਰਲੀਮੈਂਟਰੀ ਜਮਹੂਰੀਅਤ ਵੱਲੋਂ ਮੋੜ ਕੇ ਖਰੀ ਜਮੂਰੀਅਤ ਵੰਨੀ, ਯਾਨੀ ਲੋਕ ਜਮਹੂਰੀਅਤ ਵੰਨੀ ਕੀਤਾ ਹੀ ਨਹੀਂ ਜਾ ਸਕਦਾ।
ਲੋਕਾਂ ਨੂੰ ਆਵਦੀ ਜਥੇਬੰਦ ਤਾਕਤ ਦਾ ਗਿਆਨ ਅਤੇ ਅਹਿਸਾਸ ਹੋਣਾ ਚਾਹੀਦਾ ਹੈ। ਉਹਨਾਂ ਦਾ ਇਸ ਗੱਲ ਵਿੱਚ ਭਰੋਸਾ ਬੱਝਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਸਿਆਸੀ-ਜਨਤਕ ਜਥੇਦੀਆਂ ਦਾ ਕਾਰਵਿਹਾਰ ਤੇ ਕਿਸਮ ਜਮਹੂਰੀ ਹੈ। ਯਾਨੀ ਇਹਨਾਂ ਦੇ ਸਾਰੇ ਫੈਸਲੇ ਕਰਨ ਵੇਲੇ ਲੋਕਾਂ ਦੀ ਰਜ਼ਾ ਪੁੱਗਦੀ ਹੈ। ਇਹਨਾਂ ਜਥੇਬੰਦੀਆਂ ਦੇ ਵਸੀਲਿਆਂ, ਅਸਰ-ਰਸੂਖ ਨੂੰ ਜਥੇਬੰਦੀ ਦਾ ਕੋਈ ਲੀਡਰ ਆਵਦੀ ਮਰਜੀ ਮੁਤਾਬਕ ਜਾਂ ਆਵਦੇ ਨਿੱਜੀ ਹਿਤਾਂ ਖਾਤਰ ਨਹੀਂ ਵਰਤ ਸਕਦਾ। ਇਹ ਸਿਰਫ ਅਤੇ ਸਿਰਫ ਲੋਕਾਂ ਦੇ ਹਿਤਾਂ ਖਾਤਰ ਹੀ ਵਰਤੇ ਜਾ ਸਕਦੇ ਹਨ।
ਲੋਕ ਜਮਹੂਰੀਅਤ ਦੀ ਸਿਰਜਣਾ ਦੇ ਰਸਤੇ ਉਤੇ ਅੱਗੇ ਵਧਣ ਲਈ ਲੋਕਾਂ ਨੂੰ ਦੋ ਕਿਸਮ ਦੇ ਗਿਆਨ ਦੀ ਲੋੜ ਹੈ। ਇੱਕ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਉਹ ਅੱਡ-ਅੱਡ ਮਸਲਿਆਂ ਉਤੇ ਆਪਣੀ ਮਰਜੀ ਪੁਗਾਉਣ ਰਾਹੀਂ ਉਹਨਾਂ ਦੀ ਸੇਵਾ ਵਿਚ ਭੁਗਤ ਰਹੇ ਅਸਲੀ ਜਮਹੁਰੀਅਤ ਦੇ ਮੁਢਲੇ ਅੰਸ਼ਾਂ ਨੂੰ ਅਮਲੀ ਪੱਧਰ 'ਤੇ ਪੈਦਾ ਕਰ ਰਹੇ ਹਨ। ਜਦੋਂ ਵੀ ਲੋਕ ਕੋਈ ਅਮਲੀ ਕਾਰਵਾਈ ਕਰਦੇ ਹਨ ਤਾਂ ਉਹ ਕਿਸੇ ਨਾ ਕਿਸੇ ਨੀਤੀ ਨੂੰ ਲਾਗੂ ਕਰ ਰਹੇ ਹੁੰਦੇ ਹਨ। ਜਦੋਂ ਉਹਨਾਂ ਨੂੰ ਉਸ ਨੀਤੀ ਬਾਰੇ ਗਿਆਨ ਨਹੀਂ ਹੁੰਦਾ ਜਿਸ ਨੂੰ ਉਹ ਲਾਗੂ ਕਰ ਰਹੇ ਹੁੰਦੇ ਹਨ ਤਾਂ ਉਹ ਅਣਭੋਲ ਰੂਪ 'ਚ ਹੀ ਉਸ ਨੀਤੀ ਨੂੰ ਲਾਗੂ ਕਰ ਰਹੇ ਹੁੰਦੇ ਹਨ। ਲੋਕ ਆਪਣੀਆਂ ਇਨਕਲਾਬੀ ਜਨਤਕ ਖਾੜਕੂ ਕਾਰਵਾਈਆਂ ਰਾਹੀਂ ਅਣਭੋਲ ਰੂਪ 'ਚ ਯਾਨੀ, ਬਾਹਰਮੁਖੀ ਤੌਰ ਤੇ ਲੋਕ ਜਮਹਰੀਅਤ ਦੇ ਕਿੰਨੇ ਵੀ ਅੰਸ਼ ਪੈਦਾ ਕਰੀ ਜਾਣ, ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਣੀਆਂ ਇਹਨਾਂ ਕਾਰਵਾਈਆਂ ਰਾਹੀਂ ਲੋਕ ਜਮਰੂਹੀਅਤ ਸਿਰਜਣਾ ਦੀ ਇਨਕਲਾਬੀ ਨੀਤੀ ਲਾਗੂ ਕਰ ਰਹੇ ਹਨ ਤਾਂ ਉਹ ਲੋਕ ਜਮਹੂਰੀਅਤ ਦੀ ਸਿਰਜਣਾ ਦੇ ਰਾਹ ਉਤੇ ਅੱਗੇ ਵਧ ਹੀ ਨਹੀਂ ਸਕਦੇ। ਬਾਹਰਮੁਖੀ ਤੌਰ 'ਤੇ ਲੋਕ ਜਮਹੂਰੀਅਤ ਦੀ ਸਿਰਜਣਾ ਦੇ ਨਾਲ ਨਾਲ ਇਸ ਦੇ ਸਿਰਜਣਹਾਰਾਂ ਦੀ ਚੇਤਨਾ ਵਿਚ ਵੀ ਲੋਕ ਜਮਹੂਰੀਅਤ ਦੇ ਅੰਸ਼ਾਂ ਦੀ ਮਹੱਤਤਾ ਦੀ ਉਸਾਰੀ ਹੁੰਦੀ ਜਾਣੀ ਚਾਹੀਦੀ ਹੈ।
ਮਿਸਾਲ ਵਜੋਂ ਕਿਸੇ ਥਾਂ ਖੇਤ ਮਜਦੂਰ ਆਪਣੀ ਜਥੇਬੰਦੀ ਦੀ ਅਗਵਾਈ ਹੇਠ ਰਿਹਾਇਸ਼ੀ ਪਲਾਟਾਂ ਨੂੰ ਹਾਸਲ ਕਰਨ ਵਾਸਤੇ ਹਾਕਮਾਂ ਦੀ ਅੜੀ ਭੰਨ ਕੇ ਆਵਦੀ ਮਰਜੀ ਪੁਗਾਉਣ ਵਿਚ ਸਫਲ ਹੋ ਜਾਂਦੇ ਹਨ। ਜੇ ਉਹਨਾਂ ਦਾ ਗਿਆਨ ਸਿਰਫ ਇਥੋਂ ਤੱਕ ਸੀਮਤ ਰਹਿੰਦਾ ਹੈ ਕਿ ਆਵਦੀ ਜਥੇਬੰਦ ਤਾਕਤ ਦੇ ਜੋਰ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਆਰਥਕ ਮੰਗ ਪੂਰੀ ਕਰਵਾਈ ਹੈ ਤਾਂ ਲੋਕ-ਜਮਹੂਰੀਅਤ ਦੀ ਸਿਰਜਣਾ ਦੇ ਰਸਤੇ ਉਹ ਅੱਗੇ ਨਹੀਂ ਵਧ ਸਕਦੇ । ਇਸ ਰਸਤੇ ਉਤੇ ਅੱਗੇ ਵਧਣ ਲਈ ਇਹ ਜਰੂਰੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਚਾਨਣ ਹੋਵੇ ਕਿ ਉਹਨਾਂ ਦੀ ਇਸ ਪ੍ਰਾਪਤੀ ਦੀ ਮਹੱਤਤਾ ਸਿਰਫ ਇੱਕ ਪਲਾਟ ਹਾਸਲ ਕਰਨ ਤੱਕ ਸੀਮਤ ਨਹੀਂ ਹੈ, ਕਿ ਇਸ ਪ੍ਰਾਪਤੀ ਦੀ ਸਿਆਸੀ ਮਹੱਤਤਾ ਬਹੁਤ ਵੱਡੀ ਹੈ, ਕਿ ਇਸ ਕਾਰਵਾਈ ਰਾਹੀਂ ਉਹਨਾਂ ਨੇ ਖਰੀ ਜਮਹੂਰੀਅਤ ਦੇ ਉਸਾਰੇ ਜਾ ਰਹੇ ਮਹਿਲ ਦੀ ਨੀਂਹ ਵਿੱਚ ਇੱਕ ਇੱਟ ਜੜੀ ਹੈ। ਇਉਂ ਜਮੀਨੀ ਪੱਧਰ ਉਤੇ ਅਮਲੀ ਰੂਪ ਵਿੱਚ ਪੈਦਾ ਕੀਤੇ ਜਾ ਰਹੇ ਲੋਕ-ਜਮਹੂਰੀਅਤ ਦੇ ਅੰਸ਼ਾਂ ਦੇ ਨਾਲੋ ਨਾਲ ਇਹਨਾਂ ਦੀ ਮੋਹਰਛਾਪ ਲੋਕਾਂ ਦੀ ਚੇਤਨਾ ਉੱਤੇ ਲਗਦੀ ਰਹਿਣੀ ਜਰੂਰੀ ਹੈ।
ਇਸ ਦੇ ਨਾਲ ਨਾਲ ਲੋਕਾਂ ਨੂੰ ਇੱਕ ਹੋਰ ਕਿਸਮ ਦੇ ਗਿਆਨ ਦੀ ਵੀ ਲੋੜ ਹੈ। ਪਹਿਲੀ ਕਿਸਮ ਦਾ ਗਿਆਨ, ਯਾਨੀ ਇਹ ਨੀਂਹ ਵਿੱਚ ਲੱਗੀ ਇੱਟ ਦੀ ਸਿਆਸੀ ਮਹੱਤਤਾ ਦਾ ਗਿਆਨ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਦੇ ਦਿਮਾਗ ਵਿਚ ਇਸ ਉੱਸਰ ਰਹੇ ਮਹਿਲ ਦਾ ਪੂਰਾ ਨਕਸ਼ਾ ਹੋਵੇ, ਜੇ ਉਹਨਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਵੇ ਕਿ ਲੋਕ-ਜਮਹੂਰੀਅਤ ਵਿਚ ਅਸਲੀ ਲੋਕ ਰਾਜ ਵਿਚ ਉਹਨਾਂ ਦੀ ਜਿੰਦਗੀ ਦੇ ਅੱਡ-ਅੱਡ ਪੱਖਾਂ ਵਿਚ ਕਿੱਡੀਆਂ ਵੱਡੀਆਂ ਤੇ ਕਿੰਨੀਆਂ ਸ਼ਾਨਦਾਰ ਤਬਦੀਲੀਆਂ ਹੋਣਗੀਆਂ। ਯਾਨੀ ਲੋਕ-ਜਮਹੂਰੀਅਤ ਦੀ ਸਿਰਜਣਾ ਦੇ ਰਾਹ ਉਤੇ ਅੱਗੇ ਵਧਣ ਲਈ ਲੋਕਾਂ ਦਾ ਸਿਆਸੀ ਤੌਰ 'ਤੇ ਚੇਤੰਨ ਹੋਣਾ ਜਰੂਰੀ ਹੈ। ਸਿਆਸੀ ਚੇਤਨਾ ਜਮਾਤੀ ਚੇਤਨਾ ਦੀ ਸਿਖਰ ਅਵਸਥਾ ਹੈ। ਲੋਕਾਂ ਦੇ ਸਿਆਸੀ ਤੌਰ 'ਤੇ ਚੇਤਨ ਹੋਣ ਦਾ ਅਰਥ ਹੈ ਉਹਨਾਂ ਨੂੰ ਇਹ ਗਿਆਨ ਹੋਣਾ ਕਿ ਹਰ ਰਾਜ ਦਾ ਜਮਾਤੀ ਖਾਸਾ ਹੁੰਦਾ ਹੈ, ਕਿ ਸਾਡੇ ਭਾਰਤ ਰਾਜ ਦਾ ਖਾਸਾ ਕੀ ਹੈ? ਕਿ ਇਸ ਵਿਚ ਅੱਡ-ਅੱਡ ਜਮਾਤਾਂ ਦਾ ਕੀ ਸਥਾਨ ਹੈ ਅਤੇ ਕੀ ਰੋਲ ਹੈ, ਕਿ ਇਸ ਰਾਜ ਨੂੰ ਬਦਲਣ ਦਾ ਰਸਤਾ ਕੀ ਹੈ, ਅਸਲੀ ਲੋਕ-ਰਾਜ ਕਿਹੋ ਜਿਹਾ ਹੈ ਆਦਿਕ ਆਦਿਕ। ਇਹ ਸਿਆਸੀ ਚੇਤਨਾ ਲੋਕ ਖੁਦ ਆਵਦੇ ਤਜਰਬੇ ਰਾਹੀਂ ਹਾਸਲ ਨਹੀਂ ਕਰ ਸਕਦੇ। ਇਹ ਚੇਤਨਾ ਹਾਸਲ ਕਰਨ ਵਿੱਚ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦੇ ਕਮਿਉਨਿਸਟ ਲੀਡਰਾਂ ਦੀ ਇੱਕ ਨਿਹਾਇਤ ਜਰੂਰੀ ਜੁੰਮੇਵਾਰੀ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਦਾ ਮੂਲ ਤੱਤ ਲੋਕਾਂ ਦੀ ਇਨਕਲਾਬੀ-ਸਿਆਸੀ ਚੇਤਨਾ ਦੀ ਉਸਾਰੀ ਹੈ।
ਅਮਲੀ ਪੱਧਰ ਉਤੇ ਅਸਲੀ ਜਮਹੂਰੀਅਤ ਦੇ ਪੈਦਾ ਕੀਤੇ ਜਾ ਰਹੇ ਅੰਸ਼ਾਂ ਦੇ ਗਿਆਨ ਸਦਕਾ ਹੀ ਲੋਕਾਂ ਵਿਚ ਇਨਕਲਾਬ ਦੀ ਲੋੜ ਦਾ ਅਹਿਸਾਸ ਪੈਦਾ ਹੋਵੇਗਾ। ਇਹ ਜਾਨਣ ਲਈ ਤਲਬ ਪੈਦਾ ਹੋਵਗੀ ਕਿ ਇਨਕਲਾਬ ਵਾਸਤੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਹ ਗਿਆਨ ਹੀ ਉਹਨਾਂ ਨੂੰ ਇਸ ਸਚਾਈ ਨੂੰ ਸਮਝਣ ਵਿਚ ਸਹਾਇਤਾ ਕਰੂਗਾ ਕਿ ਜਿਹੜੀਆਂ ਵੋਟ ਪਰਚੀਆਂ ਹੁਣ ਹਾਕਮਾਂ ਨੇ ਉਹਨਾਂ ਦੇ ਹੱਥਾਂ ਵਿਚ ਫੜਾਈਆਂ ਹੋਈਆਂ ਹਨ, ਇਹ ਤਾਂ ਗਿੱਦੜ-ਪਰਚੀਆਂ ਹਨ, ਖਿਡਾਉਣਾ ਵੋਟਾਂ ਹਨ। ਇਹਨਾਂ ਵਿਚੋਂ ਲੋਕਾਂ ਦੇ ਹੱਥ ਕੋਈ ਤਾਕਤ ਨਹੀਂ ਆਉਦੀ। ਲੋਕਾਂ ਵੱਲੋਂ ਪਹਿਲਾਂ ਤਾਕਤ ਜਿੱਤ ਕੇ, ਉਸ ਵਿਚੋਂ ਅਸਲੀ ਵੋਟਾਂ ਨਿੱਕਲਣਗੀਆਂ। ਅਜਿਹੀਆਂ ਅਸਲੀ ਵੋਟਾਂ ਪਾਉਣ ਦਾ ਅਰਥ ਹੋਵੇਗਾ ਸਮਾਜ ਅਤੇ ਸਰਕਾਰ ਦੇ ਸਾਰੇ ਮਾਮਲਿਆਂ ਵਿਚ ਉਹਨਾਂ ਦੀ ਸੱਦ-ਪੁੱਛ ਹੋਣੀ। ਰਾਜ-ਭਾਗ ਵਿਚ ਉਹਨਾਂ ਦੀ ਹਿੱਸੇਦਾਰੀ ਹੋਣੀ। ਅਮਲੀ ਪੱਧਰ ਉਤੇ ਪੈਦਾ ਹੋ ਰਹੇ ਅਸਲੀ ਜਮਹੂਰੀਅਤ ਦੇ ਅੰਸ਼ਾਂ ਦੇ ਗਿਆਨ ਸਦਕਾ ਹੀ ਲੋਕ ਹੁਣ ਵਾਲੀ ਨਕਲੀ ਵੋਟ ਨੂੰ, ਇਸ ਗਿੱਦੜ-ਪਰਚੀ ਨੂੰ ਵਗਾਹ ਕੇ ਪਰ੍ਹੇ ਮਾਰਨ ਵਾਸਤੇ ਤਹੂ ਹੋਣਗੇ। ਅਸਲੀ ਵੋਟ ਹਾਸਲ ਕਰਨ ਲਈ ਲੋੜੀਂਦੀ ਤਾਕਤ ਹਾਸਲ ਕਰਨ ਵਾਸਤੇ ਤਹੂ ਹੋਣਗੇ।
ਇੱਕ ਹਾਂ-ਪੱਖੀ ਬਦਲ ਲੋਕਾਂ ਦੀ ਨਿਰਨਾਇਕ ਸਿਆਸੀ ਲੋੜ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਤਹਿ ਦਿਲੋਂ ਇਸ ਲੋੜ ਦਾ ਹੁੰਗਾਰਾ ਭਰਨ, ਮੁਕਾਬਲੇ ਦੀ ਇਨਕਲਾਬੀ ਜਮਹੂਰੀ ਲਹਿਰ , ਲੀਡਰਸ਼ਿਪ ਅਤੇ ਤਾਕਤ ਦੀ ਉਸਾਰੀ ਉÎਤੇ ਤਾਣ ਕੇਂਦਰਤ ਕਰਨ ਅਤੇ ਲੋਕ ਜਮਹੂਰੀਅਤ ਦੇ ਬਦਲ ਨੂੰ ਉਭਾਰਨ। ਉਹਨਾਂ ਨੂੰ ਲਗਾਤਾਰ ਹਾਕਮ ਜਮਾਤਾਂ ਦੀ ਗੈਰ-ਜਮਹੂਰੀ ਸਿਆਸੀ ਤਾਕਤ, ਵੋਟ ਸਿਸਟਮ, ਪਾਰਟੀਆਂ ਅਤੇ ਸਿਆਸਤ ਦਾ ਪਰਦਾਚਾਕ ਕਰਦੇ ਰਹਿਣਾ ਚਾਹੀਦਾ ਹੈ।
ਇਹ ਪਰਦਾਚਾਕ ਇੱਕ ਪਾਸੇ ਲੋਕਾਂ ਵੱਲੋਂ ਭਰੂਣ ਰੂਪ 'ਚ ਸਿਰਜੀ ਜਾ ਰਹੀ ਅਸਲੀ ਜਮਹੂਰੀਅਤ ਦੇ ਹਾਂ-ਪੱਖੀ ਤਜਰਬੇ ਦੇ ਹਵਾਲੇ ਨਾਲ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਹੁਣ ਵਾਲੀ ਅਖੌਤੀ ਜਮਹੂਰੀਅਤ ਦੇ ਨਾਂਹ-ਪੱਖੀ ਤਜਰਬੇ ਦੇ ਹਵਾਲੇ ਨਾਲ ਕੀਤਾ ਜਾਣਾ ਚਾਹੀਦਾ ਹੈ।
ਅਸਲੀ ਜਮਹੂਰੀਅਤ ਦੇ ਅੰਸ਼ਾਂ ਦੀ ਸਿਰਜਣਾ ਬਾਰੇ ਲੋਕਾਂ ਦੀ ਜਾਗ੍ਰਿਤੀ ਦੀ, ਉਹਨਾਂ ਵੱਲੋਂ ਇਸ ਦੀ ਸਿਰਜਣਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜੋ ਗੁਣਾਤਮਕ (ਸਿਫਤੀ) ਕਿਸਮ ਹੈ ਉਸ ਸਦਕਾ ਹੀ ਇਸ ਦੀ ਬੜੀ ਵੱਡੀ ਮਹੱਤਤਾ ਹੈ, ਚਾਹੇ ਇਹ ਪ੍ਰਕਿਰਿਆ ਕਿਸੇ ਵੱਡੀ ਪੱਧਰ ਉਤੇ ਨਾ ਵੀ ਚੱਲ ਰਹੀ ਹੋਵੇ। ਕਿਉਂਕਿ ਅਜਿਹੀ ਜਾਗ੍ਰਿਤੀ ਅਤੇ ਕੋਸ਼ਿਸ਼ਾਂ ਦਾ ਨੁਕਤਾ ਦਰੁਸਤ ਰੁਝਾਨ ਦੇ , ਸੱਜੇ ਅਤੇ ''ਖੱਬੇ'' ਰੁਝਾਨਾਂ ਨਾਲੋਂ ਨਿਖੇੜੇ ਦਾ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ। -੦-
No comments:
Post a Comment