Wednesday, March 9, 2016

4. (d) ਫਾਸ਼ੀ ਕਾਰਵਾਈਆਂ ਦਾ ਸੰਸਾਰ ਭਰ ਚ ਵਿਰੋਧ

ਹਿੰਦੂਵਾਦੀ ਫਾਸ਼ੀ ਕਾਰਵਾਈਆਂ ਦਾ ਸੰਸਾਰ ਭਰ ’ਚ ਜ਼ੋਰਦਾਰ ਵਿਰੋਧ

(ਭਾਜਪਾ ਅਤੇ ਸੰਘ ਪਰਿਵਾਰ ਦੀ ਕੇਂਦਰੀ ਹਕੂਮਤ ਵੱਲੋਂ ਕੌਮੀ ਸ਼ਾਵਨਵਾਦੀ ਜਨੂੰਨ ਦੇ ਪਸਾਰੇ ਤੇ ਹਿੰਦੂਵਾਦੀ ਫਾਸ਼ੀ ਕਾਰਵਾਈਆਂ ਦਾ ਸੰਸਾਰ ਦੇ ਅਕਾਦਮਿਕ ਹਿੱਸਿਆਂ, ਜਮਹੂਰੀ ਪਲੇਟਫਾਰਮਾਂ ਤੇ ਬੁੱਧੀਜੀਵੀਆਂ ਨੇ ਵੀ ਗੰਭੀਰ ਨੋਟਿਸ ਲਿਆ ਹੈ ਅਤੇ ਅਜਿਹੇ ਯਤਨਾਂ ਦੀ ਵਿਆਪਕ ਨਿੰਦਾ ਹੋਈ ਹੈ। ਅਸੀਂ ਅਜਿਹੇ ਬਿਆਨਾਂ ਦੇ ਕੁਝ ਮਹੱਤਵਪੂਰਨ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। - ਸੰਪਾਦਕ)

------------

‘‘... ਇਹ ਗ੍ਰਿਫਤਾਰੀ ਮੌਜੂਦਾ ਸਰਕਾਰ ਦੀ ਬਹੁਤ ਜ਼ਿਆਦਾ ਤਾਨਾਸ਼ਾਹੀ ਖਸਲਤ ਦੀ ਇੱਕ ਹੋਰ ਗਵਾਹੀ ਹੈ; ਇਹ ਇਸ ਗੱਲ ਦੀ ਇੱਕ ਹੋਰ ਗਵਾਹੀ ਹੈ ਕਿ ਇਹ ਸਰਕਾਰ ਕਿਸੇ ਵੀ ਵਖਰੇਵੇਂ ਪ੍ਰਤੀ ਅਸਹਿਣਸ਼ੀਲ ਹੈ, ਭਾਰਤ ਦੀ ਸਹਿਣਸ਼ੀਲ ਅਤੇ ਵਿਚਾਰਾਂ ਦੀ ਵੰਨ-ਸੁਵੰਨਤਾ ਵੰਨੀ ਲੰਮੇ ਅਰਸੇ ਤੋਂ ਚੱਲੀ ਆ ਰਹੀ ਪ੍ਰਤੀਬੱਧਤਾ ਨੂੰ ਪਾਸੇ ਸੁੱਟ ਰਹੀ ਹੈ ਅਤੇ ਬਸਤੀਵਾਦੀ ਵੇਲੇ ਦੇ ਅਧਿਕਾਰ ਸਮਿਆਂ ਨੂੰ, ਅਤੇ ਸੰਖੇਪ ਵਿੱਚ ਅੱਧ 1970 ਵਿਆਂ ਵਿੱਚ ਲੱਗੀ ਐਮਰਜੈਂਸੀ ਨੂੰ ਦੁਹਰਾ ਰਹੀ ਹੈ।
... ਅਸੀਂ ਹੇਠਾਂ ਦਸਤਖਤ ਕਰਨ ਵਾਲੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ, ਯੂਨੀਵਰਸਿਟੀ ਵਿੱਚ ਵਾਪਰੀਆਂ ਘਟਨਾਵਾਂ ਦੇ ਟਾਕਰੇ ਦੀਆਂ ਕੋਸ਼ਿਸ਼ਾਂ ਨਾਲ ਤਹਿਦਿਲੋਂ ਇੱਕਮੁਠਤਾ ਦਾ ਸਟੈਂਡ ਲੈਂਦੇ ਹਾਂ। ... ਅਸੀਂ ਨਾ ਸਿਰਫ਼ ਮੌਜੂਦਾ ਸਰਕਾਰ ਵੱਲੋਂ ਭਾਰਤ ਵਿੱਚ ਪੈਦਾ ਕੀਤੇ ਤਾਨਾਸ਼ਾਹੀ ਖ਼ਤਰੇ ਦੇ ਸਭਿਆਚਾਰ ਦੀ ਨਿਖੇਧੀ ਕਰਦੇ ਹਾਂ ਸਗੋਂ ਉਹਨਾਂ ਸਾਰਿਆਂ ਉੱਤੇ, ਜਿਹੜੇ ਭਾਰਤ ਦੇ ਅਤੇ ਭਾਰਤੀ ਯੂਨੀਵਰਸਿਟੀਆਂ ਦੇ ਭਵਿੱਖ ਬਾਰੇ ਤਹਿਦਿਲੋਂ ਸਰੋਕਾਰ ਰੱਖਦੇ ਹਨ ਇਸ ਗੱਲ ਲਈ ਜ਼ੋਰ ਪਾਉਂਦੇ ਹਾਂ ਕਿ ਉਹ ਇਸਦੇ ਖਿਲਾਫ਼ ਵਿਸ਼ਾਲ ਲਾਮਬੰਦੀ ਰਾਹੀਂ ਰੋਸ ਜ਼ਾਹਰ ਕਰਨ। ...’’
ਇਸ ਬਿਆਨ ’ਤੇ ਉੱਘੇ ਅਮਰੀਕੀ ਚਿੰਤਕ ਨਾਓਮ ਚੌਮਸਕੀ ਸਮੇਤ 63 ਵਿਦਵਾਨਾਂ ਦੇ ਦਸਤਖਤ ਹਨ ਜਿਨ੍ਹਾਂ ਵਿੱਚ ਇੱਕ ਨੋਬਲ ਇਨਾਮ ਜੇਤੂ, ਤੁਰਕੀ ਦਾ ਔਰਹਨ ਪਾਮਿਕ ਵੀ ਸ਼ਾਮਲ ਹੈ। ਇਹ ਵਿਦਵਾਨ 13 ਦੇਸ਼ਾਂ ਦੀਆਂ ਉੱਘੀਆਂ ਵਿੱਦਿਅਕ ਅਤੇ ਖੋਜ ਸੰਸਥਾਵਾਂ ਨਾਲ ਸਬੰਧਤ ਹਨ।

------------


‘‘ਅਸੀਂ ਭਾਜਪਾ ਸਰਕਾਰ ਦੇ ਹੁਕਮਾਂ ਤੇ ਜੇ. ਐਨ. ਯੂ. ਕੈਂਪਸ ’ਚ ਕੀਤੀ ਗਈ ਪੁਲਸ ਕਾਰਵਾਈ ਅਤੇ ਜੇ. ਐਨ. ਯੂ. ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਗੈਰ-ਕਾਨੂੰਨੀ ਹਿਰਾਸਤ ਦੀ ਨਿਖੇਧੀ ਕਰਦੇ ਹਾਂ। ਜਿਸ ਢੰਗ ਨਾਲ ਸਿਆਸੀ ਅਸਹਿਮਤੀ ਦੀ ਸੰਘੀ ਘੁੱਟੀ ਜਾ ਰਹੀ ਹੈ ਅਤੇ ਅਕੈਡਮਿਕ ਅਦਾਰਿਆਂ ਦੀ ਕਿਲ੍ਹੇ ਬੰਦੀ ਕੀਤੀ ਜਾ ਰਹੀ ਹੈ, ਅਸੀਂ ਉਸਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ। ਅਸੀਂ ਇਸ ਪੁਲਸ ਕਾਰਵਾਈ ਦੇ ਸਿੱਟੇ ਵਜੋਂ ਖੱਬੇ-ਪੱਖੀ ਵਿਦਿਆਰਥੀਆਂ ਅਤੇ ਵਿਦਿਆਰਥੀ ਗਰੁੱਪਾਂ ਦੇ ਵਿਆਪਕ ਪੈਮਾਨੇ ’ਤੇ ਕੀਤੇ ਜਾ ਰਹੇ ਸ਼ਿਕਾਰ-ਪਿੱਛੇ ਦੀ ਵੀ ਨਿਖੇਧੀ ਕਰਦੇ ਹਾਂ। ਇਹ ਕਾਰਵਾਈਆਂ ਜਾਤਪ੍ਰਸਤ, ਬ੍ਰਾਹਮਣਵਾਦੀ, ਇੱਕ ਰੰਗੀ ਤੇ ਪੁਰਸ਼-ਪ੍ਰਧਾਨ ਸੰਸਾਰ ਦ੍ਰਿਸ਼ਟੀਕੋਣ ਦੀ ਵਕਾਲਤ ਕਰਨ ਵਾਲੇ ਘੋਰ ਸ਼ਾਵਨਵਾਦੀ ਸਭਿਆਚਾਰਕ ਕੌਮਵਾਦ ਦੀ ਦੇਣ ਹਨ।’’
ਔਕਸਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨੌਮਿਕਸ ਦੇ 360 ਤੋਂ ਵੱਧ ਵਿਦਵਾਨਾਂ ਅਤੇ ਵਿੱਦਿਅਕ ਮਾਹਰਾਂ ਵੱਲੋਂ ਜਾਰੀ ‘‘ਜੇ. ਐਨ. ਯੂ. ਦਾ ਸਾਥ ਦਿਓ’’ ਨਾਂ ਦੀ ਚਿੱਠੀ ’ਚੋਂ

------------


‘‘ਸੰਖੇਪ ’ਚ, ਇਹ ਅਜਿਹੀਆਂ ਦੋ ਧਿਰਾਂ ਵਿਚਕਾਰ ਸੰਘਰਸ਼ ਹੈ, ਜਿਨ੍ਹਾਂ ’ਚੋਂ ਇੱਕ ਜਮਹੂਰੀ, ਬਹੁਭਾਂਤੀ, ਸਭ ਨੂੰ ਸ਼ਾਮਲ ਕਰਨ ਵਾਲੀ ਜਾਂ ਘੱਟੋ ਘੱਟ ਮੁੱਢਲੀ ਜਿਹੀ ਬਰਾਬਰਤਾ ਵਾਲੀ ਭਾਰਤੀ ਕੌਮ ਦੀ ਹਾਮੀ ਹੈ; ਅਤੇ ਦੂਜੀ ਉਹ ਧਿਰ ਹੈ ਜਿਸ ਲਈ ਕੌਮਪ੍ਰਸਤੀ ਅਜਿਹਾ ਮਾਰੂ ਵਿਸ਼ ਘੋਲ ਹੈ ਜਿਸ ਵਿੱਚ ਹਮਲਾਵਰ ਧਾਰਮਕ ਧੌਂਸਬਾਜ਼ੀ ਅਤੇ ਓਨਾ ਹੀ ਵਹਿਸ਼ੀ ਬੇਲਗਾਮ ਪੂਜੀਵਾਦੀ ਵਿਕਾਸ ਰਲਿਆ ਹੋਇਆ ਹੈ। ਅਜਿਹੀ ਕੌਮਪ੍ਰਸਤੀ ਜਿਸਨੂੰ ਨਾ ਲੋਥਾਂ ਦੀ ਗਿਣਤੀ ਨਾਲ ਤੇ ਨਾ ਹੀ ਵਧਦੀ ਗੈਰ-ਬਰਾਬਰਤਾ ਨਾਲ ਕੋਈ ਫ਼ਰਕ ਪੈਂਦਾ ਹੈ।
ਇੰਝ ਲੱਗਦਾ ਹੈ ਕਿ ਭਾਰਤ ਨੂੰ ਮੁੱਖ ਤੌਰ ’ਤੇ ਹਿੰਦੂ ਮੁਲਕ ਵਜੋਂ ਮੰਨ ਕੇ ਚੱਲਣ ਵਾਲਿਆਂ ਲਈ, ਜਿਨ੍ਹਾਂ ਵਿੱਚ ਮੋਦੀ ਸਰਕਾਰ ਦੇ ਕਈ ਵਿਅਕਤੀ ਸ਼ਾਮਲ ਹਨ, ‘‘ਕੌਮ ਧ੍ਰੋਹੀਆਂ’’ ਦੀ ਲਿਸਟ ’ਚ ... ਮੁਸਲਮਾਨ, ਦਲਿਤ, ਇਸਾਈ, ਖੱਬੇ ਪੱਖੀ ਅਤੇ ਉਦਾਰਵਾਦੀ ਕਾਰਕੁੰਨਾਂ ਤੋਂ ਲੈ ਕੇ ਹਰ ਉਹ ਵਿਅਕਤੀ ਸ਼ਾਮਲ ਹੈ ਜੋ ਕਸ਼ਮੀਰ ’ਚ ਭਾਰਤੀ ਰਾਜ ਦੀਆਂ ਕਾਰਵਾਈਆਂ ’ਤੇ ਸਵਾਲ ਉਠਾਉਂਦਾ ਹੈ ਜਾਂ ਧਾਰਮਕ ਅਸਹਿਣਸ਼ੀਲਤਾਂ ਦੇ ਗਲ਼ਤ ਹੋਣ ਗੱਲ ਕਰਦਾ ਹੈ।’’
ਇੰਗਲੈਂਡ ਦੇ ਪ੍ਰਸਿੱਧ ਅਖਬਾਰ ‘‘ਦ ਗਾਰਡੀਅਨ’’ ’ਚ ਛਪੇ ਕੈਂਬਰਿਜ ਯੂਨੀਵਰਸਿਟੀ ਦੇ ਪ੍ਰਿਅਮਵਾਦਾ ਗੋਪਾਲ ਦੇ ਲੇਖ ’ਚੋਂ

------------


‘‘ਅਸੀਂ ਜੇ. ਐਨ. ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਦੇ ਹੌਂਸਲੇ ਦਾ ਸਮਰਥਨ ਕਰਦੇ ਹਾਂ ਜਿਹੜੇ ਗੰਭੀਰ ਸਮਾਜਕ ਸਰੋਕਾਰਾਂ - ਜਿਵੇਂ ਗੈਰ-ਬਰਾਬਰੀ, ਜਬਰ ਅਤੇ ਹਾਸ਼ੀਆਗ੍ਰਸਤ ਕਰਨ ਦੇ ਮੁੱਦੇ - ਨੂੰ ਸੰਬੋਧਤ ਹੋਏ ਹਨ। ਅਸੀਂ ਕਸ਼ਮੀਰ ਅੰਦਰ ਦਹਾਕਿਆਂ ਦੇ ਫੌਜੀ ਕਬਜ਼ੇ ਹੇਠ ਹੋਈਆਂ ਜ਼ਿਆਦਤੀਆਂ ਨੂੰ ਸੰਬੋਧਤ ਹੋਣ ਦੇ ਯਤਨਾਂ ਦੇ ਨਾਲ ਖੜ੍ਹੇ ਹਾਂ। ਜੇ. ਐਨ. ਯੂ. ਦੇ ਵਿਦਿਆਰਥੀ ਆਗੂਆਂ ਨੇ ਅਫ਼ਜ਼ਲ ਗੁਰੂ ਦੀ ਗੁਪਤ ਫਾਂਸੀ, ਬਿਨਾਂ ਢੁੱਕਵੇਂ ਅਮਲ ਦੇ ਚੱਲੇ ਉਸਦੇ ਕੇਸ ਦੇ ਮਾਮਲੇ ਬਾਰੇ ਅਤੇ ਅਫ਼ਜ਼ਲ ਗੁਰੂ ਦੇ ਕਤਲ ਬਾਰੇ, ਜਿਸਦੀ ਹਿਊਮਨ ਰਾਈਟਸ ਵਾਚ ਅਤੇ ਐਮਨਸਟੀ ਇੰਟਰਨੈਸ਼ਨਲ ਨੇ ਵੀ ਨਿੰਦਾ ਕੀਤੀ ਸੀ, ਗੱਲ ਕਰਕੇ ਹੌਂਸਲਾ ਵਿਖਾਇਆ ਹੈ।’’
ਯੂਨੀਵਰਸਿਟੀ ਆਫ਼ ਬੈਰੂਤ, ਲਿਬਨਾਨ ਦੇ 134 ਅਧਿਆਪਕਾਂ, ਵਿਦਿਆਰਥੀਆਂ, ਸਟਾਫ਼ ਅਤੇ ਹੋਰ ਸਬੰਧਤ ਮੈਂਬਰ

------------


‘‘... ਅਸੀਂ ਭਾਰਤ ਅੰਦਰ ਜੇ. ਐਨ. ਯੂ. ਦੇ ਵਿਦਿਆਰਥੀਆਂ ਖਿਲਾਫ਼ ਕੀਤੀ ਗੈਰ ਸੰਵਿਧਾਨਕ, ਗੈਰ-ਜਮਹੂਰੀ ਅਤੇ ਬੇਤੁਕੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਨ। ...
ਮੌਜੂਦਾ ਭਾਰਤੀ ਸਰਕਾਰ ਕੌਮਪ੍ਰਸਤੀ ਦਾ ਅਜਿਹਾ ਕਿੰਤੂ ਰਹਿਤ ਸੰਵਾਦ ਸਿਰਜਣ ਦਾ ਅਜੰਡਾ ਲੈ ਕੇ ਚੱਲ ਰਹੀ ਹੈ ਜੋ ਉੱਚ ਜਾਤੀ, ਹਿੰਦੂ, ਮਰਦ ਪ੍ਰਧਾਨ ਸੰਸਾਰ ਦ੍ਰਿਸ਼ਟੀਕੋਣ ਦੀ ਸੇਵਾ ਕਰਦਾ ਹੈ, ਇਹ ਵਿਸ਼ੇਸ਼ ਤੌਰ ’ਤੇ ਫਿਕਰ ਕਰਨ ਵਾਲੀ ਗੱਲ ਹੈ। ਘੱਟ ਗਿਣਤੀ ਵਿਚਾਰਾਂ ਅਤੇ ਵਿਰੋਧ ਦੀਆਂ ਆਵਾਜ਼ਾਂ ਨੂੰ ਗੁੱਠੇ ਲਾਉਣ ਅਤੇ ਦਬਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਉਮਰ ਖਾਲਿਦ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਸੋਚੇ ਸਮਝੇ ਕਦਮਾਂ ਤਹਿਤ ‘‘ਦੇਸ਼ ਧ੍ਰੋਹੀ ਮੁਲਸਮ ਅੱਤਵਾਦੀ’’ ਗਰਦਾਨ ਕੇ ਹਮਲੇ ਹੇਠ ਲਿਆਂਦਾ ਗਿਆ ਹੈ, ਇਹ ਭਾਰਤੀ ਰਾਜ ਵੱਲੋਂ ਨਕਲੀ ਦੁਸ਼ਮਣ ਖੜ੍ਹੇ ਕਰਨ ਤੇ ਇਨ੍ਹਾਂ ਵਿਰੁੱਧ ਲੜਾਈ ਲੜਨ ਦੇ ਅਜੰਡੇ ਦਾ ਅੰਗ ਹੈ।’’
ਕੌਰਨਲ ਯਨੀਵਰਸਿਟੀ, ਨਿਊਯਾਰਕ (ਅਮਰੀਕਾ) ਦੇ
140 ਸਟਾਫ਼ ਮੈਂਬਰਾਂ, ਸਾਬਕਾ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ ਅਤੇ ਸਾਂਝੀ ਵਿਦਿਆਰਥੀ ਜਥੇਬੰਦੀ ਵੱਲੋਂ ਜਾਰੀ ਚਿੱਠੀ

------------


‘‘ਸੰਕਟ ਦੀ ਮੌਜੂਦਾ ਘੜੀ ’ਚ, ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਵਿਚਾਰਾਂ ਦੀ ਆਜ਼ਾਦੀ ਨੂੰ ਸਾਲਮ ਰੱਖੇ ਕਿਉਂਕਿ ਇਹ ਉੱਚ ਸਿੱਖਿਆ ਦੀ ਕਿਸੇ ਵੀ ਕੌਮੀ ਸੰਸਥਾ ਲਈ ਜ਼ਰੂਰੀ ਹੈ ਅਤੇ ਮੰਗ ਕਰਦੇ ਹਾਂ ਕਿ ਉਹ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਅਤੇ ਕਾਰਵਿਹਾਰ ਦੀ ਲਗਾਤਾਰਤਾ ਬਣਾ ਕੇ ਰੱਖਣ ਲਈ ਯਤਨ ਜੁਟਾਵੇ।’’
ਜਾਪਾਨ ਦੀਆਂ ਵੱਖ ਵੱਖ ਸਿੱਖਿਆ, ਖੋਜ ਅਤੇ ਅਧਿਆਪਨ ਸੰਸਥਾਵਾਂ ਦੇ 18 ਮੈਂਬਰਾਂ ਵੱਲੋਂ ਜਾਰੀ ਚਿੱਠੀ ’ਚੋਂ

------------


‘‘ਅਸੀਂ ਜੇ. ਐਨ. ਯੂ. ਅਧਿਆਪਕ ਐਸੋਸਿਏਸ਼ਨ ਅਤੇ ਜਮਹੂਰੀ ਅਮਲ ਰਾਹੀਂ ਚੁਣੀ ਗਈ ਜੇ. ਐਨ. ਯੂ. ਵਿਦਿਆਰਥੀ ਯੂਨੀਅਨ ਦਾ ਪੂਰਾ ਸਮਰਥਨ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਕੌਮ, ਰਾਜ ਅਤੇ ਸਮੇਂ ਦੀ ਸਰਕਾਰ ਵੱਖੋ ਵੱਖਰੀਆਂ ਚੀਜ਼ਾਂ ਹਨ, ਅਤੇ ਅਸੀਂ ਮਤ ਪ੍ਰਗਟ ਕਰਨ ਦੇ ਤੁਹਾਡੇ ਸੰਵਿਧਾਨਕ ਅਧਿਕਾਰ ਦੀ ਪੂਰੀ ਹਮਾਇਤ ਕਰਦੇ ਹਾਂ, ਚਾਹੇ ਉਹ ਮਤ ਕਿੰਨਾ ਵੀ ਵੱਖਰਾ ਜਾਂ ਉਲਟ ਕਿਉਂ ਨਾ ਹੋਵੇ। ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਵਿੱਚ ਕਿਸੇ ਵੀ ਵਿਸ਼ੇਸ਼ ਹਕੂਮਤੀ ਵਿਚਾਰਧਾਰ, ਪਾਰਟੀ ਜਾਂ ਰਾਜ ਮਸ਼ੀਨਰੀ ਦੇ ਗੈਰ-ਕਾਨੂੰਨੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦਾ। ...
ਅਸੀਂ ਤੁਹਾਡੇ ਨਾਲ ਹਾਂ ਜਿਨ੍ਹਾਂ ਲਈ ਯੂਨੀਵਰਸਿਟੀ ਵਿਚਾਰਾਂ ਦਾ ਇੱਕ ਅਜਿਹਾ ਅਖਾੜਾ ਹੈ ਜਿਥੇ ਹਰ ਵਿਚਾਰ ਅਤੇ ਮਤ ਨੂੰ ਹਰ ਨਵੇਂ ਢੰਗ ਤਰੀਕੇ ਨਾਲ ਤੇ ਜੋਸ਼ ਨਾਲ ਰਿੜਕਿਆ, ਫਰੋਲਿਆ ਤੇ ਪੜਚੋਲਵੇਂ ਢੰਗ ਨਾਲ ਮੁੜ-ਕਿਆਸਿਆ ਜਾਂਦਾ ਹੈ, ਇੰਝ ਹੋਣ ਨਾਲ ਹੀ ਜਾਗਰੂਕ ਨਾਗਰਿਕਾਂ ਦੀ ਉਸਾਰੀ ਹੁੰਦੀ ਹੈ। ਲਾਜ਼ਮੀ ਹੀ ਅਜਿਹਾ ਬਿਨਾਂ ਕਿਸੇ ਡਰ, ਜਾਂ ਸਜ਼ਾ ਦੇ ਭੈਅ ਜਾਂ ਦੇਸ਼ ਧਰੋਹ ਦੇ ਦੋਸ਼ਾਂ ਦੇ ਹੋਣਾ ਚਾਹੀਦਾ ਹੈ ।’’

ਕੁੱਲ ਭਾਰਤ ਅਤੇ ਹੋਰਨਾਂ ਥਾਵਾਂ ਦੇ 131

ਇਮਾਰਤਸਾਜ਼ਾਂ ਵੱਲੋਂ ਜਾਰੀ ਹਮਾਇਤੀ ਪੱਤਰ

5) ਹੈਦਰਾਬਾਦ ਯੂਨੀਵਰਸਿਟੀ ਘਟਨਾਵਾਂ:

ਕੌਮੀ ਤੇ ਜਾਤਪਾਤੀ ਦਾਬੇ-ਵਿਤਕਰੇ ’ਚੋਂ ਜਨਮੇ

ਰੋਹ ਦਾ ਸੰਗਮ ਤੇ ਅੰਗੜਾਈ ਲੈਂਦੀ ਚੇਤਨਾ

- ਜਸਜੀਤ

ਪਿਛਲੀ ਜਨਵਰੀ (2016) ਵਿੱਚ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਦਾ ਇੱਕ ਦਲਿਤ ਵਿਦਿਆਰਥੀ, ਰੋਹਿਤ ਵੇਮੁਲਾ ਖੁਦਕਕਸ਼ੀ ਕਰਨ ਲਈ ਮਜਬੂਰ ਹੋ ਗਿਆ। ਉਹ ਇੱਕ ਬਹੁਤ ਸੰਵੇਦਨਸ਼ੀਲ ਅਤੇ ਚੇਤੰਨ ਸਮਾਜਕ ਸਰਗਰਮੀਆ ਸੀ। ਇਸਤੋਂ ਇਲਾਵਾ ਰੋਹਿਤ ਇੱਕ ਜ਼ਹੀਨ ਬੁੱਧੀਜੀਵੀ ਅਤੇ ਹੋਣਹਾਰ ਵਿਗਿਆਨੀ ਸੀ। ਉਹ ਵਿਗਿਆਨਕ ਤਕਨੀਕ ਅਤੇ ਸਮਾਜਿਕ ਅਧਿਆਨ ਦੇ ਵਿਸ਼ੇ ਉੱਤੇ ਪੀ. ਐ¤ਚ. ਡੀ. ਕਰ ਰਿਹਾ ਸੀ। ਇੱਕ ਗਰੀਬ ਅਤੇ ਦਲਿਤ ਹੋਣ ਸਦਕਾ, ਧੱਕੇ-ਵਿਤਕਰੇ ਦੀਆਂ ਹਾਲਤਾਂ ਵਿੱਚ ਜੰਮੇ-ਪਲੇ ਰੋਹਿਤ ਦੀ ਰੂਹ ਪਹਿਲਾਂ ਹੀ ਬਿਹਬਲ ਸੀ। ਉੱਤੋਂ ਇਸ ਯੂਨੀਵਰਸਿਟੀ ਵਿੱਚ ਬੀ. ਜੇ. ਪੀ. ਅਤੇ ਆਰ. ਐਸ. ਐਸ. ਵਾਲਿਆਂ ਦੀਆਂ ਧੱਕੇ, ਵਿਤਕਰੇ ਅਤੇ ਜਲਾਲਤ ਦੀਆਂ ਕਾਰਵਾਈਆਂ ਦੇ ਧੱਫੇ ਨੇ ਉਸਦੇ ਸਬਰ ਦਾ ਬੰਨ੍ਹ ਤੋੜ ਦਿੱਤਾ। ਆਪਣੇ ਦਲਿਤ ਵਿਦਿਆਰਥੀ ਸਾਥੀਆਂ ਨੂੰ ਅਤੇ ਹੋਰਨਾਂ ਲੋਕ ਪੱਖੀ ਜਮਹੂਰੀ ਹਲਕਿਆਂ ਨੂੰ ਝੰਜੋੜਾ ਦਿੰਦਿਆਂ ਉਹ ਇਸ ਜਹਾਨੋਂ ਤੁਰ ਗਿਆ। ਇਸ ਘਟਨਾ ਨਾਲ ਝੰਜੋੜੇ ਬੀ. ਜੇ. ਪੀ. ਦੇ ਇੱਕ ਦਲਿਤ ਆਗੂ, ਇੱਕ ਸਾਬਕਾ ਕੇਂਦਰੀ ਵਜ਼ੀਰ ਅਤੇ ਬੀ. ਜੇ. ਪੀ. ਦੀ ਕੌਮੀ ਐਗਜੈਕਟਿਵ ਦੇ ਮੈਂਬਰ, ਸੰਜੇ ਪਾਸਵਾਨ ਨੇ ਆਪਣੇ ਟਵੀਟ ਉੱਤੇ ਲਿਖਿਆ: ‘‘ਰਾਜਸੀ ਤਾਕਤ ਦੀ ਖੇਡ ਖੇਡਣ ਵਾਲਿਆਂ ਨੂੰ ਰੋਹਿਤ ਵੇਮੁਲਾ ਕਾਂਡ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜਾਂ ਫੇਰ ਪ੍ਰਚੰਡ ਕਰੋਧ ਬਦਲੇ, ਬਗਾਵਤ ਅਤੇ ਜਵਾਬੀ ਕਾਰਵਾਈ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।’’

ਘਟਨਾ ਦਾ ਪਿਛੋਕੜ

ਪਿਛਲੀ ਅਗਸਤ (2015) ਵਿੱਚ ਅੰਬੇਦਕਰ ਵਿਦਿਆਰਥੀ ਐਸੋਸੀਏਸ਼ਨ (ਏ. ਐਸ. ਏ.) ਤੋਂ ਇਲਾਵਾ ਦਿੱਲੀ ਯੂਨੀਵਰਸਿਟੀ, ਆਈ. ਆਈ. ਟੀ. ਮਦਰਾਸ, ਟੀ. ਆਈ. ਐਸ. ਐਸ. ਬੰਬਈ ਅਤੇ ਆਈ. ਆਈ. ਟੀ. ਬੰਬਈ ਦੇ ਦਲਿਤ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ, ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ. ਬੀ. ਵੀ. ਪੀ.) ਵੱਲੋਂ ‘‘ਮੁਜੱਫਰਨਗਰ ਬਾਕੀ ਹੈ’’ ਨਾਉਂ ਦੀ ਇੱਕ ਫਿਲਮ ਨੂੰ ਦਿਖਾਉਣ ਉੱਤੇ ਕੀਤੇ ਜਾ ਰਹੇ ਹਮਲੇ ਦੀ ਨਿਖੇਧੀ ਕੀਤੀ ਸੀ। ਇਹ ਫਿਲਮ ਹਿੰਦੂਵਾਦੀ ਤਾਕਤਾਂ ਵੱਲੋਂ ਮਜ਼ੱਫਰਨਗਰ ਵਿੱਚ ਭੜਕਾਏ ਮੁਸਲਿਮ ਵਿਰੋਧੀ ਦੰਗਿਆਂ ਦੀ ਹਕੀਕਤ ਨੂੰ ਨੰਗਾ ਕਰਦੀ ਹੈ। ਇਸ ਲਈ ਇਹਨਾਂ ਤਾਕਤਾਂ ਵੱਲੋਂ ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿੱਦਿਅਕ ਸੰਸਥਾਵਾਂ ਵਿੱਚ, ਜਿੱਥੇ ਸੰਭਵ ਹੋ ਸਕੇ ਇਸ ਫਿਲਮ ਨੂੰ ਦਿਖਾਉਣ ਉੱਤੇ ਅਣਐਲਾਨੀ ਤੇ ਗੈਰ-ਕਾਨੂੰਨੀ ਪਾਬੰਦੀ ਲਾਈ ਹੋਈ ਹੈ।
ਮਗਰੋਂ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿੱਚ ਏ. ਐਸ. ਏ. ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਇਸ ਮਸਲੇ ਉੱਤੇ ਰੋਸ ਮੁਜ਼ਾਹਰਾ ਕੀਤਾ ਗਿਆ। ਏ. ਬੀ. ਵੀ. ਪੀ. ਵਾਲਿਆਂ ਨੇ ਨਾ ਸਿਰਫ਼ ਯੂਨੀਵਰਸਿਟੀ ਵਿੱਚ ਇਹ ਫਿਲਮ ਦਿਖਾਉਣ ਨਹੀਂ ਦਿੱਤੀ ਸਗੋਂ ਏ. ਬੀ. ਵੀ. ਪੀ. ਦੇ ਆਗੂ ਸੁਸ਼ੀਲ ਕੁਮਾਰ ਵੱਲੋਂ ਫੇਸਬੁੱਕ ਉੱਤੇ ਏ. ਐਸ. ਏ. ਨਾਲ ਸਬੰਧਤ ਵਿਦਿਆਰਥੀਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਦਰਜ ਕਰ ਦਿੱਤੀਆਂ। ਇਨ੍ਹਾਂ ਵਿਦਿਆਰਥੀਆਂ ਨੇ ਸੁਸ਼ੀਨ ਕੁਮਾਰ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਅੰਤ ਨੂੰ ਵਿਦਿਆਰਥੀਆਂ ਦੇ ਜਨਤਕ ਰੋਹ ਨੂੰ ਦੇਖਦਿਆਂ ਉਸਨੂੰ ਲਿਖਤੀ ਤੌਰ ’ਤੇ ਮੁਆਫ਼ੀ ਮੰਗਣੀ ਪਈ।
ਪਰ ਨਾਲ ਦੀ ਨਾਲ, ਸਥਾਨਕ ਬੀ. ਜੇ. ਪੀ. ਅਤੇ ਆਰ. ਐਸ. ਐਸ. ਦੇ ਆਗੂਆਂ ਦੀ ਹਮਾਇਤ ਅਤੇ ਸ਼ਹਿ ਨਾਲ ਸੁਸ਼ੀਨ ਕੁਮਾਰ ਨੇ ਇੱਕ ਪੁਲਸ ਕੇਸ ਦਰਜ ਕਰਵਾ ਦਿੱਤਾ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਕਿ ਏ. ਐਸ. ਏ. ਨਾਲ ਸਬੰਧਤ 30 ਵਿਦਿਆਰਥੀਆਂ ਦੀ ‘‘ਭੀੜ’’ ਨੇ ਉਸਨੂੰ (3 ਅਗਸਤ ਨੂੰ) ਉਸਦੇ ਕਮਰੇ ਵਿੱਚ ਆ ਕੇ ਕੁੱਟਿਆ। 4 ਅਗਸਤ ਨੂੰ ਸੁਸ਼ੀਨ ਹਸਪਤਾਲ ਵਿੱਚ ਦਾਖ਼ਲ ਹੋ ਗਿਆ। ਸੁਸ਼ੀਲ ਕੁਮਾਰ ਨੇ ਰੋਹਿਤ ਅਤੇ ਉਸਦੇ ਸਾਥੀਆਂ ਉੱਤੇ ਇਹ ਵੀ ਦੋਸ਼ ਲਾਇਆ ਕਿ ਰੋਹਿਤ ਅਤੇ ਉਸਦੇ ਸਾਥੀ ਯੂਨੀਵਰਸਿਟੀ ਵਿੱਚ ਦੇਸ਼-ਧਰੋਹੀ ਸਰਗਰਮੀਆਂ ਕਰ ਰਹੇ ਹਨ ਜਿਹਨਾਂ ਵਿੱਚ ਯਾਕੂਬ ਮੈਮਨ ਦੀ ਫਾਂਸੀ ਦਾ ਵਿਰੋਧ ਕਰਨ ਦੀ ਸਰਗਰਮੀ ਵੀ ਸ਼ਾਮਲ ਹੈ। ਯਾਕੂਬ ਅਬਦਲ ਮੈਮਨ ਬੰਬਈ ਦਾ ਇੱਕ ਚਾਰਟਰਡ ਅਕਾਊਂਟੈਂਟ ਸੀ ਜਿਸਨੂੰ 1993 ਦੇ ਬੰਬਈ ਬੰਬ ਧਮਾਕਿਆਂ ਦੇ ਦੋਸ਼ ਵਿੱਚ 30 ਜੁਲਾਈ 2015 ਨੂੰ ਫਾਂਸੀ ਦੇ ਦਿੱਤੀ ਗਈ ਸੀ। ਸੁਸ਼ੀਲ ਵੱਲੋਂ ਇੱਕ ਪਾਸੇ ਪੁਲਸ ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਤੇ ਦੂਜੇ ਪਾਸੇ ਯੂਨੀਵਰਸਿਟੀ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਸੋ ਕੁੱਲ ਮਿਲਾਕੇ ਉਹਨਾਂ ਦੇ ਖਿਲਾਫ਼ ਤਿੰਨ ਜਾਂਚ ਪੜਤਾਲਾਂ ਸ਼ੁਰੂ ਹੋ ਗਈਆਂ।

ਦੋਸ਼ ਝੂਠੇ ਸਾਬਤ ਹੋਏ

ਦਾ ਹਿੰਦੂ ਅਖਬਾਰ ਵੱਲੋਂ ਕੀਤੀ ਪੜਤਾਲ ਅਨੁਸਾਰ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਦਿੱਤੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਸੁਸ਼ੀਲ ਕੁਮਾਰ ਅਤੇ ਏ. ਐਸ. ਏ. ਦੇ ਵਿਦਿਆਰਥੀਆਂ ਵਿਚਕਾਰ ਹੋਈ ‘‘ਹੱਥੋਪਾਈ’’ ਦੌਰਾਨ ਕਿਸੇ ਦੇ ਕੋਈ ਵੱਡੀ ਸੱਟ ਨਹੀਂ ਵੱਜੀ। ਸੁਸ਼ੀਲ ਕੁਮਾਰ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਵੇਲੇ ਡਾਕਟਰਾਂ ਨੇ ਆਪਣੇ ਦਸਤਖ਼ਤਾਂ ਹੇਠ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਸੁਸ਼ੀਲ ਦੀ ਹਾਲਤ ਠੀਕ-ਠਾਕ ਹੈ, ਕਿ ਉਸਦੇ ਮੋਢੇ ਉੱਤੇ ਵੱਜੀ ਇੱਕ ਝਰੀਟ ਤੋਂ ਬਿਨਾਂ ਉਸ ਉੱਤੇ ਹੋਏ ਹਮਲੇ ਦੀ ਕੋਈ ਗਵਾਹੀ ਨਹੀਂ ਮਿਲੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਰੋਹਿਤ ਅਤੇ ਉਸਦੇ 4 ਹੋਰ ਸਾਥੀਆਂ ਵਿਰੁੱਧ ਕਾਨੂੰਨ ਦੀਆਂ 4 ਗੰਭੀਰ ਧਾਰਾਵਾਂ ਲਾਈਆਂ ਗਈਆਂ।
ਯੂਨੀਵਰਸਿਟੀ ਦੇ ਪਰੋਕਟੋਰੀਅਲ ਬੋਰਡ ਨੂੰ ਸੁਸ਼ੀਲ ਕੁਮਾਰ ਉੱਤੇ ਕੀਤੇ ਹਮਲੇ ਜਾਂ ਹੋਏ ਨੁਕਸਾਨ ਦਾ ਕੋਈ ਸਬੂਤ ਨਹੀਂ ਮਿਲਿਆ ਫਿਰ ਵੀ ਪਰੋਕਟੋਰੀਅਲ ਬੋਰਡ ਵੱਲੋਂ 31 ਅਗਸਤ ਨੂੰ ਦਿੱਤੀ ਆਪਣੀ ਰਿਪੋਰਟ ਵਿੱਚ ਰੋਹਿਤ ਅਤੇ ਉਸਦੇ 4 ਹੋਰ ਸਾਥੀਆਂ ਨੂੰ ਇੱਕ ਸਮੈਸਟਰ (6 ਮਹੀਨਿਆਂ ਦਾ ਪੜ੍ਹਾਈ ਅਰਸਾ) ਵਾਸਤੇ ਮੁਅੱਤਲ ਕਰਨ ਦੀ ਸਜ਼ਾ ਦੀ ਸਿਫਾਰਸ਼ ਕਰ ਦਿੱਤੀ।

ਕੇਂਦਰੀ ਮੰਤਰੀ ਦਾ ਫ਼ਤਵਾ

ਕਿਉਂਕਿ ਇਹ ਸਾਰਾ ਕੁਝ ਸਥਾਨਕ ਬੀ. ਜੇ. ਪੀ. ਅਤੇ ਆਰ. ਐਸ. ਐਸ ਦੇ ਲੀਡਰਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਸੀ ਸੋ ਉਹਨਾਂ ਨੇ ਏ. ਬੀ. ਵੀ. ਪੀ. ਦੇ ਵਿਦਿਆਰਥੀਆਂ ਵੱਲੋਂ ਕੇਂਦਰੀ ਰਾਜ ਮੰਤਰੀ (ਲੇਬਰ ਅਤੇ ਰੁਜ਼ਗਾਰ) ਬੰਦਾਰੂ ਦੱਤਾਤਰੇਆ ਨੂੰ ਸ਼ਿਕਾਇਤ ਭਿਜਵਾ ਦਿੱਤੀ। ਬੰਦਾਰੂ ਸਕੰਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਹੈ ਅਤੇ ਹੈਦਰਾਬਾਦ ਸ਼ਹਿਰ ਦਾ ਵੱਡਾ ਹਿੱਸਾ ਇਸ ਪਾਰਲੀਮੈਂਟਰੀ ਹਲਕੇ ਵਿੱਚ ਆਉਂਦਾ ਹੈ। ਦੱਤਾਤਰੇਅ ਨੇ, ਮਨੁੱਖੀ ਵਸੀਲਿਆਂ ਦੇ ਵਿਕਾਸ ਨਾਲ ਸਬੰਧਤ ਕੇਂਦਰੀ ਵਜ਼ੀਰ ਸਮਰਿਤੀ ਇਰਾਨੀ ਨੂੰ ਇੱਕ ਜਹਿਰੀਲੀ ਚਿੱਠੀ ਲਿਖੀ ਜਿਸ ਵਿੱਚ ਸੁਸ਼ੀਲ ਕੁਮਾਰ ਉੱਤੇ ਹਮਲੇ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਹੈਦਰਾਬਾਦ ਯੂਨੀਵਰਸਿਟੀ ਵਿੱਚ ਹੋ ਰਹੀਆਂ ‘‘ਦੇਸ਼ ਧਰੋਹੀ, ਜਾਤੀਵਾਦੀ ਅਤੇ ਅਤਿਵਾਦੀ’’ ਸਰਗਰਮੀਆਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਸਮਰਿਤੀ ਈਰਾਨੀ ਦੇ ਦਫ਼ਤਰ ਵੱਲੋਂ ਢਾਈ ਮਹੀਨਿਆਂ ਦੇ ਅਰਸੇ (3 ਸਤੰਬਰ ਤੋਂ 19 ਨਵੰਬਰ) ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇੱਕ ਈ. ਮੇਲ. ਅਤੇ ਚਾਰ ਚਿੱਠੀਆਂ ਲਿਖੀਆਂ ਗਈਆਂ ਜਿਹਨਾਂ ਵਿੱਚ ਦੱਤਾਤਰੇਆ ਵੱਲੋਂ ਕੀਤੇ ਇਹਨਾਂ ਦਾਅਵਿਆਂ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ ਕਿ ਯੂਨੀਵਰਸਿਟੀ ‘‘ਜਾਤੀਵਾਦੀ, ਅਤਿਵਾਦੀ ਅਤੇ ਦੇਸ਼-ਧਰੋਹੀ ਸਿਆਸਤ ਦਾ ਅੱਡਾ’’ ਬਣ ਗਈ ਹੈ।
ਯੂਨੀਵਰਸਿਟੀ ਦੇ ਪਹਿਲੇ ਵੀ. ਸੀ. ਦੇ ਸੇਵਮੁਕਤ ਹੋਣ ਮਗਰੋਂ ਨਵੇਂ ਵੀ. ਸੀ. ਅੱਪਾਰਾਓ ਨੇ ਮਨੁੱਖੀ ਵਸੀਲਿਆਂ ਦੇ ਵਿਕਾਸ ਦੇ ਮੰਤਰੀ ਦੇ ਦਫ਼ਤਰ ਵੱਲੋਂ ਚਿੱਠੀਆਂ ਮਿਲਣ ਮਗਰੋਂ ਰੋਹਿਤ ਅਤੇ ਉਸਦੇ 4 ਹੋਰ ਸਾਥੀਆਂ ਨੂੰ ਤੁਰੰਤ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ। ਉਹਨਾਂ ਤੋਂ ਹੋਸਟਲ ਦੇ ਕਮਰੇ ਖਾਲੀ ਕਰਵਾ ਲਏ ਗਏ।
ਆਪਣੇ ਨਾਲ ਹੋਏ ਇਸ ਧੱਕੇ ਅਤੇ ਬੇਇਨਸਾਫੀ ਵਿਰੁੱਧ ਘੋਲ ਦੀ ਇੱਕ ਸ਼ਕਲ ਵਜੋਂ ਰੋਹਿਤ ਅਤੇ ਉਸਦੇ 4 ਸਾਥੀਆਂ ਨੇ, ਹੋਸਟਲ ਵਿੱਚੋਂ ਕੱਢੇ ਜਾਣ ਤੋਂ ਮਗਰੋਂ ਯੂਨੀਵਰਸਿਟੀ ਵਿੱਚ ਖੁੱਲ੍ਹੇ ਅਸਮਾਨ ਹੇਠ ਤੇ ਫਰਸ਼ ਉੱਤੇ ਹੀ ਡੇਰਾ ਲਾ ਲਿਆ। ਉਸਦੇ ਇੱਕ ਸਾਥੀ ਨੇ ਕਿਹਾ, ‘‘ਰੋਹਿਤ ਨੇ ਸਾਡੇ ਸਾਰਿਆਂ ਵਾਸਤੇ ਇੱਕ ਵੱਡੀ ਲੜਾਈ ਲੜੀ ਪ੍ਰੰਤੂ ਇਹ ਇੱਕ ਅਮੁੱਕ ਲੜਾਈ ਬਣਨੀ ਸ਼ੁਰੂ ਹੋ ਗਈ ਸੀ। ਜਦੋਂ 5 ਦਲਿਤ ਖੋਜੀ ਵਿਦਵਾਨ ਸ਼ਾਪਿੰਗ ਕੰਪਲੈਕਸ ਵਿੱਚ ਖੁੱਲ੍ਹੇ ਅਸਮਾਨ ਵਿੱਚ ਸੌਂ ਰਹੇ ਸਨ, ਵੀ. ਸੀ. ਨੇ ਕੋਲ ਆਉਣ ਦੀ ਵੀ ਲੋੜ ਨਹੀਂ ਸਮਝੀ। ਵੀ. ਸੀ. ਨਾਲ ਗੱਲ ਕਰਨ ਵਾਸਤੇ, ਸਾਨੂੰ 3 ਜਨਵਰੀ ਨੂੰ ਯੂਨੀਵਰਸਿਟੀ ਦੀ ਪ੍ਰਬੰਧਕ ਇਮਾਰਤ ਦਾ ਘਿਰਾਓ ਕਰਨਾ ਪਿਆ। ਅੰਤ ਨੂੰ 17 ਜਨਵਰੀ ਨੂੰ ਉਸਨੇ ਆਪਣੇ ਇੱਕ ਸਾਥੀ ਦੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ।’’
ਜਿਵੇਂ ਪਹਿਲਾਂ ਜ਼ਿਕਰ ਆਇਆ ਹੈ ਜੂਨ 2015 ਵਿੱਚ ਉਸਦੀ ਪੀ. ਐਚ. ਡੀ. ਦਾ ਪਹਿਲਾ ਸਾਲ ਖ਼ਤਮ ਹੋਇਆ ਹੀ ਸੀ ਕਿ ਉਸਦੇ ਖਿਲਾਫ਼ ਸ਼ੁਰੂ ਹੋਈਆਂ ਤਿੰਨ ਜਾਂਚ-ਪੜਤਾਲਾਂ ਨੇ ਉਸਨੂੰ ਉਲਝਾ ਲਿਆ। ਨਾ ਹੀ ਉਹ ਆਪਣੇ ਖੋਜ ਦੇ ਕੰਮ ਵਿੱਚ ਖੁੱਭ ਸਕਿਆ ਅਤੇ ਨਾ ਹੀ ਸਿਆਸੀ ਸਰਗਰਮੀ ਵਿੱਚ। ਇਹ ਹਾਲਤ ਉਦੋਂ ਸੀ ਜਦੋਂ ਉਹ (ਉਸਦੀ ਖੁਦਕੁਸ਼ੀ ਨੋਟ ਅਨੁਸਾਰ) ਉਸ ਧੱਕੇ-ਵਿਤਕਰੇ ਤੇ ਜਾਬਰ ਸਮਾਜ ਸਦਕਾ ‘‘ਆਪਣੀ ਆਤਮਾ ਅਤੇ ਦੇਹ ਵਿਚਲੀ ਖਾਈ ਨੂੰ ਵਧਦਾ ਹੋਇਆ ਮਹਿਸੂਸ ਕਰ ਰਿਹਾ’’ ਸੀ। ਅਜਿਹੇ ਸਮਾਜ ਵਿੱਚ ਉਸਦਾ ਦਮ ਘੁੱਟ ਰਿਹਾ ਸੀ ਜਿਸ ਵਿੱਚ ‘‘ਇੱਕ ਆਦਮੀ ਦੀ ਕੀਮਤ ਉਸ ਦੀ ਮੌਕੇ ਦੀ ਪਛਾਣ ਅਤੇ ਨਜ਼ਦੀਕੀ ਸੰਭਾਵਨਾ ਤੱਕ ਸੀਮਤ ਕਰ ਦਿੱਤੀ ਗਈ ਹੈ, ਇੱਕ ਵੋਟ ਤੱਕ। ਆਦਮੀ ਇੱਕ ਅੰਕੜਾ ਬਣ ਕੇ ਰਹਿ ਗਿਆ ਹੈ। ਇੱਕ ਵਸਤੂ ਮਾਤਰ। ਕਦੇ ਵੀ ਇੱਕ ਆਦਮੀ ਨੂੰ ਉਸਦੇ ਦਿਮਾਗ ਅਨੁਸਾਰ ਨਹੀਂ ਅੰਗਿਆ ਗਿਆ।’’ ਉਸਨੂੰ ਲੱਗਦਾ ਸੀ ਕਿ ‘‘ਮੇਰੇ ਵਰਗੇ ਲੋਕਾਂ ਵਾਸਤੇ ਜੀਵਨ ਇੱਕ ਸਰਾਪ ਹੀ ਰਿਹਾ। ਮੇਰਾ ਜਨਮ ਇੱਕ ਦੁਰਘਟਨਾ ਸੀ’’ ਅਜਿਹੀ ਹਾਲਤ ਵਿੱਚ ਉਸਨੂੰ ਮਹਿਸੂਸ ਹੁੰਦਾ ਸੀ ਕਿ ‘‘ਮੈਂ ਬੱਸ ਖਾਲੀ ਹਾਂ’’।
ਇੱਕ ਜ਼ਹੀਨ ਅਤੇ ਬੁੱਧੀਮਾਨ ਦਲਿਤ ਨੌਜਵਾਨ ਵਾਸਤੇ ਦਮ-ਘੋਟੂ ਹਾਲਤਾਂ ਸਦਕਾ ਅਤੇ ਆਪਣੀ ਅਤਿ-ਸੰਵੇਦਨਸ਼ੀਲਤਾ ਸਦਕਾ ਭਾਵੇਂ ਰੋਹਿਤ ਇਸ ਧੱਕੇ, ਦਾਬੇ ਤੇ ਵਿਤਕਰੇ ਭਰੇ ਸਮਾਜ ਵਿਰੁੱਧ ਆਪਣੇ ਘੋਲ ਨੂੰ ਵਿੱਚੇ ਛੱਡ ਕੇ ਤੁਰ ਗਿਆ ਪਰ ਉਹ ਮਰ ਕੇ ਵੀ ਹਿੰਦੂਵਾਦੀ ਫਾਸ਼ੀ ਤਾਕਤਾਂ ਨੂੰ ਇੱਕ ਤਕੜਾ ਝਟਕਾ ਦੇ ਕੇ ਗਿਆ ਹੈ। ਉਸਦੀ ਖੁਦਕੁਸ਼ੀ ਨੇ ਇਹਨਾਂ ਤਾਕਤਾਂ ਦੇ ਦਲਿਤ-ਵਿਰੋਧੀ ਚਿਹਰੇ ਨੂੰ ਇੱਕ ਵਾਰੀ ਫੇਰ  ਨੰਗਾ ਕੀਤਾ ਹੈ।
ਬੀ. ਜੇ. ਪੀ. ਨੇ ਪਿਛਲੇ ਕੁਝ ਸਾਲਾਂ ਦੌਰਾਨ ਆਪਣੇ ਸਮਾਜਕ ਆਧਾਰ ਨੂੰ ਚੌੜੇਰਾ ਕਰਨ ਲਈ ਇਸ ਵਿੱਚ ਦਲਿਤਾਂ ਅਤੇ ਦੂਜੀਆਂ ਪਛੜੀਆਂ ਸ਼੍ਰੇਣੀਆਂ ਨੂੰ ਜਜ਼ਬ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ। ਉਹਨਾਂ ਕੋਸ਼ਿਸ਼ਾਂ ਨੂੰ ਇੱਕ ਹੱਦ ਤੱਕ ਖਾਰਜ ਕਰਨ ਵਾਲੀ ਰੋਹਿਤ ਦੀ ਖੁਦਕੁਸ਼ੀ ਦੀ ਘਟਨਾ ਬੀ. ਜੇ. ਪੀ. ਵਾਸਤੇ ਇੱਕ ਮੁਸ਼ਕਲ ਸਿਆਸੀ ਸਮੱਸਿਆ ਬਣ ਗਈ ਹੈ। ਇਸ ਨੂੰ ਡਰ ਹੈ ਕਿ ਪੰਜਾਬ ਅਤੇ ਯੂ. ਪੀ. ਵਿੱਚ ਆ ਰਹੀਆਂ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀ ਜਿੱਤ ਦੀ ਸੰਭਾਵਨਾ ਉੱਤੇ ਰੋਹਿਤ ਦੀ ਖੁਦਕੁਸ਼ੀ ਦਾ ਨਾਂਹ-ਪੱਖੀ ਅਸਰ ਪੈ ਸਕਦਾ ਹੈ।
ਪਾਰਟੀ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ‘‘ਇਹਨਾਂ ਦੋਹੇਂ ਸੂਬਿਆਂ ਵਿੱਚ ਦਲਿਤ ਵੋਟ ਨਿਰਣਾਇਕ ਹੈ। ਪਿਛਲੀਆਂ ਆਮ ਚੋਣਾਂ ਵਿੱਚ ਯੂ. ਪੀ. ਵਿੱਚ ਦਲਿਤਾਂ ਨੇ ਬੀ. ਜੇ. ਪੀ. ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਸਨ। ਸਾਨੂੰ ਡਰ ਹੈ ਕਿ ਖੁਦਕੁਸ਼ੀ ਦੀ ਇਹ ਘਟਨਾ ਇਸ ਸਭ ਕਾਸੇ ਦਾ ਖਾਤਮਾ ਕਰ ਦੇਵੇਗੀ।’’
ਬੀ. ਜੇ. ਪੀ. ਦੀਆਂ ਇਹਨਾਂ ਵੋਟ ਗਿਣਤੀਆਂ-ਮਿਣਤੀਆਂ ਤੋਂ ਕਿਤੇ ਵੱਧ ਮਹੱਤਵਪੂਰਨ ਸੁਆਲ ਤਾਂ ਇਹ ਹੈ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਚੇਤੰਨ ਅਤੇ ਸਮਾਜਕ ਸਰਗਰਮੀਏ ਵਿਦਿਆਰਥੀ ਹਿੰਦੂਵਾਦੀ ਤਾਕਤਾਂ ਦੀ ਅੱਖ ਦਾ ਰੋੜ ਕਿਉਂ ਬਣੇ? ਇਹਨਾਂ ਵਿਦਿਆਰਥੀਆਂ ਦੀਆਂ ਸਰਗਰਮੀਆਂ ਸਦਕਾ ਉਹਨਾਂ ਨੂੰ ਯੂਨੀਵਰਸਿਟੀ ਕਿਉਂ ‘‘ਜਾਤੀਵਾਦੀ, ਅਤਿਵਾਦੀ ਅਤੇ ਕੌਮ-ਵਿਰੋਧੀ ਸਿਆਸਤ ਦਾ ਅੱਡਾ’’ ਨਜ਼ਰ ਆਉਣ ਲੱਗੀ?

‘ਦਲਿਤ ਚੇਤਨਾ’ ਹਿੰਦੂਵਾਦੀਆਂ ਦੀ ਅੱਖ ਦਾ ਰੋੜ

ਦਲਿਤ ਭਾਈਚਾਰੇ ਨੂੰ ਉਹਨਾਂ ਦੀ ਨੀਵੀਂ ਸਮਝੀ ਜਾਂਦੀ ਸਮਾਜਕ ਹੈਸੀਅਤ ਅਤੇ ਇਸ ਸਦਕਾ ਹੋ ਰਹੇ ਧੱਕੇ-ਵਿਤਕਰੇ ਦਾ ਅਹਿਸਾਸ ਕਰਵਾਉਣ ਦਾ ਕੰਮ ਖੁਦ ਹਾਕਮ ਜਮਾਤੀ ਪਾਰਟੀਆਂ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ। ਇਹ ਇਸ ਕਰਕੇ ਨਹੀਂ ਸੀ ਕਿ ਇਹ ਪਾਰਟੀਆਂ ਮਨੋਂ ਇਸ ਭਾਈਚਾਰੇ ਦੀਆਂ ਹਮਾਇਤੀ ਹਨ ਅਤੇ ਇਸ ਦੇ ਹਿਤਾਂ ਦੀ ਰਾਖੀ ਤੇ ਵਧਾਰਾ  ਕਰਨਾ ਚਾਹੁੰਦੀਆਂ ਹਨ। ਸਗੋਂ ਇਸ ਤੋਂ ਐਨ ਉਲਟ ਇਹ ਆਪਣੇ ਵੋਟ ਹਥਕੰਡਿਆਂ ਦੀ ਸਿਆਸਤ ਸਦਕਾ ਇਸ ਭਾਈਚਾਰੇ ਦੇ ਇਸ ਅਹਿਸਾਸ ਨੂੰ ਵਰਤਣਾ ਤੇ ਵਧਾਉਣਾ ਚਾਹੁੰਦੀਆਂ ਸਨ। ਪਰ ਪਿਛਲੇ ਇੱਕ ਅਰਸੇ ਦੌਰਾਨ ‘‘ਦਲਿਤ ਚੇਤਨਾ’’ ਦਾ ਇਹ ਵਰਤਾਰਾ ਆਪਣੀ ਇੱਕ ਆਜ਼ਾਦ ਹੈਸੀਅਤ ਅਖ਼ਤਿਆਰ ਕਰ ਗਿਆ ਹੈ। ਇਹਨਾਂ ਸਿਆਸੀ ਪਾਰਟੀਆਂ ਦੀ ਇੱਛਾ ਤੋਂ ਆਜ਼ਾਦ, ਦਲਿਤ ਸਿਆਸੀ ਆਗੂਆਂ ਨੇ ਆਪਣੀ ਪੁੱਗਤ ਬਣਾਉਣੀ ਅਤੇ ਵਧਾਉਣੀ ਸ਼ੁਰੂ ਕਰ  ਦਿੱਤੀ।
ਇਸ ਘਟਨਾ ਵਿਕਾਸ ਨਾਲ ਕਮਿਊਨਿਸਟ ਇਨਕਲਾਬੀ ਅਤੇ ਹੋਰਨਾਂ ਲੋਕ-ਪੱਖੀ ਸ਼ਕਤੀਆਂ ਸਾਹਮਣੇ ਇੱਕ ਮਹੱਤਵਪੂਰਨ ਲੋੜ ਉੱਭਰਦੀ ਹੈ ਕਿ ਤੰਗ ਜਾਤੀਵਾਦੀ ਚੇਤਨਾ (ਦਲਿਤ ਚੇਤਨਾ) ਅਤੇ ਸਿਆਸਤ ਤੋਂ ਉੱਤੇ ਉੱਠਕੇ ਜਮਹੂਰੀ ਇਨਕਲਾਬੀ ਚੇਤਨਾ ਅਤੇ ਸਿਆਸਤ ਦੇ ਲੜ ਲੱਗਣ ਵਿੱਚ ਦਲਿਤ ਭਾਈਚਾਰੇ ਦੇ ਆਗੂਆਂ ਦੀ ਸਹਾਇਤਾ ਕੀਤੀ ਜਾਵੇ।
ਹੁਣ ਹੈਦਰਾਬਾਦ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਉੱਘੀਆਂ ਉੱਚ-ਵਿੱਦਿਅਕ ਸੰਸਥਾਵਾਂ ਵਿੱਚ ਦਲਿਤ ਵਿਦਿਆਰਥੀਆਂ ਵੱਲੋਂ ‘‘ਮੁਜ਼ੱਫਰਨਗਰ ਬਾਕੀ ਹੈ’’ ਵਰਗੀ ਫ਼ਿਲਮ ਦਿਖਾਉਣ ਦੀਆਂ ਕੋਸ਼ਿਸ਼ਾਂ ਅਤੇ ਅਫ਼ਜ਼ਲ ਗੁਰੂ ਅਤੇ ਯਾਕੂਬ ਮੈਮਨ ਦੀ ਫਾਂਸੀ ਦਾ ਸ਼ਰ੍ਹੇਆਮ ਵਿਰੋਧ ਪ੍ਰਗਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਸ਼ਿਸ਼ਾਂ ਤੱਤ ਰੂਪ ਵਿੱਚ ਤੰਗ ਜਾਤੀਵਾਦੀ ਸਿਆਸਤ ਤੋਂ ਉੱਤੇ ਉੱਠਕੇ, ਦਲਿਤ ਭਾਈਚਾਰੇ, ਮੁਸਲਿਮ ਧਾਰਮਕ ਘੱਟ ਗਿਣਤੀ ਅਤੇ ਸਵੈ-ਨਿਰਨੇ ਦੇ ਹੱਕ ਖਾਤਰ ਲੜ ਰਹੇ ਕਸ਼ਮੀਰੀ ਲੋਕਾਂ, ਵਿਚਕਾਰ ਸਾਂਝਾ ਮੋਰਚਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਵਧਾਰਾ ਹੈ। ਇਹ ਕੋਸ਼ਿਸ਼ਾਂ, ਤੱਤ ਰੂਪ ਵਿੱਚ, ਤੰਗ ਜਾਤੀਵਾਦੀ ਚੇਤਨਾ ਅਤੇ ਸਿਆਸਤ ਤੋਂ ਉੱਤੇ ਉੱਠਕੇ, ਲੋਕ-ਜਮਹੂਰੀ ਚੇਤਨਾ ਅਤੇ ਲੋਕ-ਪੱਖੀ ਸਿਆਸਤ ਦੀ ਦਿਸ਼ਾ ਵਿੱਚ ਇੱਕ ਕਦਮ ਵਧਾਰਾ ਹੈ। ਇਸ ਤਰ੍ਹਾਂ ਦਲਿਤ ਭਾਈਚਾਰੇ ਦੀ ਕਰੀਮ, ਚੋਟੀ ਦੇ ਨੌਜਵਾਨ ਬੱਧੀਮਾਨਾਂ ਵੱਲੋਂ ਕੀਤਾ ਜਾ ਰਿਹਾ ਇਹ ਕਦਮ ਵਧਾਰਾ ਇਨਕਲਾਬੀ ਜਮਹੂਰੀ ਤਾਕਤਾਂ ਵਾਸਤੇ ਇੱਕ ਉਤਸ਼ਾਹਜਨਕ ਅਤੇ ਸੁਲੱਖਣਾ ਘਟਨਾ ਵਿਕਾਸ ਹੈ।
ਐਨ ਏਸੇ ਗੱਲ ਕਰਕੇ ਇਹ ਘਟਨਾ ਵਿਕਾਸ ਹਿੰਦੂਵਾਦੀ ਤਾਕਤਾਂ ਲਈ ਇੱਕ ਵੱਡੀ ਚਿੰਤਾ ਦਾ ਮਾਮਲਾ ਹੈ। ਇਹ ਤਾਕਤਾਂ ਦਲਿਤ ਭਾਈਚਾਰੇ ਨੂੰ ਆਪਣੀ ਹਿੰਦੂਵਾਦੀ ਸਮਾਜਕ ਧਾਰਾ ਵਿੱਚ ਜਜ਼ਬ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ। ‘ਦਲਿਤ ਚੇਤਨਾ’ ਅਤੇ ਜਾਤੀਵਾਦੀ ਸਿਆਸਤ ਨੂੰ ਹਿੰਦੂਵਾਦੀ ਵਿਚਾਰਧਾਰਾ ਅਤੇ ਸਿਆਸਤ ਵਿੱਚ ਜਜ਼ਬ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ। ਦੂਜੇ ਪਾਸੇ ਮੁਸਲਿਮ ਧਾਰਮਕ ਘੱਟ ਗਿਣਤੀ ਨੂੰ ਅਤੇ ਸਵੈ-ਨਿਰਣੇ ਦਾ ਹੱਕ ਮੰਗਦੇ ਕਸ਼ਮੀਰੀ ਲੋਕਾਂ ਨੂੰ ਭਾਰਤ ਦੀ ਸਮੁੱਚੀ ਜਨਤਾ ਵਿੱਚੋਂ ਨਿਖੇੜ ਕੇ ਦਬਾਉਣ ਤੇ ਕੁਚਲਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ। ਦਲਿਤ ਵਿਦਿਆਰਥੀਆਂ ਵੱਲੋਂ, ਦਲਿਤ ਭਾਈਚਾਰੇ, ਮੁਸਲਿਮ ਧਾਰਮਕ ਘੱਟ-ਗਿਣਤੀ ਅਤੇ ਸਵੈ-ਨਿਰਨੇ ਦਾ ਹੱਕ ਮੰਗਦੇ ਕਸ਼ਮੀਰੀ ਲੋਕਾਂ ਦਾ ਗੱਠਜੋੜ ਕਰਨ ਦਾ ਰੁਝਾਨ ਹਿੰਦੂਵਾਦੀ ਤਾਕਤਾਂ ਦੀ ਵਿਚਾਰਧਾਰਕ-ਸਿਆਸੀ ਸਕੀਮ ਲਈ ਇੱਕ ਵੱਡੇ ਖਤਰੇ ਦਾ ਸੰਕੇਤ ਹੈ।

6) ਫਾਸ਼ੀਵਾਦ ਤੇ ਭਾਜਪਾ ਲਈ ਅੜਿੱਕੇ

ਹਿੰਦੂ ਫਾਸ਼ੀਵਾਦੀ ਹੱਲੇ ਦਾ ਮੌਜੂਦਾ ਵਰਤਾਰਾ ਤੇ ਭਾਜਪਾ ਲਈ ਅੜਿੱਕੇ

- ਜਸਜੀਤ

ਕੀ ਹਿੰਦੂ-ਵਾਦੀ ਫਾਸ਼ੀ ਕਾਰਵਾਈਆਂ ਦਾ ਮੌਜੂਦਾ ਵਰਤਾਰਾ ਲਗਾਤਾਰ ਵਧਣ-ਫੁੱਲਣ ਵਾਲਾ ਹੈ? ਇਸ ਸਵਾਲ ਦਾ ਜਵਾਬ ਲੱਭਣ ਲਈ ਇਹ ਨਿਰਣਾ ਕਰਨਾ ਜਰੂਰੀ ਹੈ ਕਿ ਉਹ ਕਿਹੜੀਆਂ ਸ਼ਰਤਾਂ/ਹਾਲਤਾਂ ਹਨ ਜਿਹੜੀਆਂ ਇਸ ਵਰਤਾਰੇ ਲਈ ਸਾਜਗਾਰ ਬਣਦੀਆਂ ਹਨ ਅਤੇ ਕਿਹੜੀਆਂ ਇਸ ਦੇ ਉਲਟ ਭੁਗਤਦੀਆਂ ਹਨ।
 
ਇਸ ਵਰਤਾਰੇ ਲਈ ਸਾਜਗਾਰ ਹੋਣ ਵਾਲੀ ਪਹਿਲੀ ਸ਼ਰਤ ਭਾਜਪਾ ਪਾਰਟੀ ਅੰਦਰ ਅਤੇ ਭਾਜਪਾ ਸਰਕਾਰ ਅੰਦਰ ਇੱਕ (ਜਾਂ ਮੁੱਠੀ ਭਰ) ਵਿਅਕਤੀਆਂ ਦੇ ਹੱਥਾਂ ਵਿਚ ਤਾਕਤ ਦਾ ਕੇਂਦਰਤ ਹੋਣਾ ਹੈ। ਇਹ ਸ਼ਰਤ ਇੱਕ ਵਾਰ ਤਾਂ ਪੂਰੀ ਹੋਈ ਹੈ। ਮੋਦੀ, ਭਾਜਪਾ ਵਿਚ ਅਤੇ ਮੋਦੀ ਸਰਕਾਰ ਵਿਚ ਸਰਬਸ਼ਕਤੀਮਾਨ ਦੀ ਹੈਸੀਅਤ ਹਾਸਲ ਕਰਨ ਵਿਚ ਸਫਲ ਹੋਇਆ ਹੈ। ਉਸ ਦੀ ਇਹ ਸਫਲਤਾ ਉਸ ਦੇ ਨਾਉਂ ਉੱਤੇ ਭਾਜਪਾ ਵੱਲੋਂ ਲੜੀਆਂ ਪਾਰਲੀਮਾਨੀ ਚੋਣਾਂ ਵਿਚ ਵੱਡਾ ਬਹੁ-ਮੱਤ ਹਾਸਲ ਕਰਨ ਸਦਕਾ ਹੋਈ ਹੈ। ਦੇਸ਼ ਭਰ ਵਿਚ ਸਭ ਤੋਂ ਵੱਡੇ ਵੋਟ ਵਟੋਰੂ ਵਜੋਂ ਉਸ ਦੇ ਨਾਉਂ ਦਾ ਸਿਤਾਰਾ ਬੁਲੰਦ ਹੋਇਆ ਹੈ। ਪਰ ਮੋਦੀ ਦੀ ਸਰਬ-ਸ਼ਕਤੀਮਾਨ ਵਾਲੀ ਇਹ ਹਾਲਤ ਚਿਰ-ਸਥਾਈ ਨਹੀਂ ਹੈ। ਪਾਰਲੀਮੈਂਟ ਦੀਆਂ ਚੋਣਾਂ ਵੇਲੇ ਮੋਦੀ ਵੱਲੋਂ ਵਿਖਾਏ ਸਬਜਬਾਗਾਂ ਦੀ ਫੂਕ ਨਿਕਲਣੀ ਸ਼ੁਰੂ ਹੋ ਗਈ ਹੈ। ਦਿੱਲੀ ਅਤੇ ਬਿਹਾਰ ਦੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਹੋਈ ਭਾਰੀ ਹਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੋਦੀ-ਮਾਰਕਾ ਸਿੱਕੇ ਦੀ ਚਮਕ ਮੱਧਮ ਪਈ ਹੈ। ਨਤੀਜੇ ਵਜੋਂ ਭਾਜਪਾ ਅੰਦਰ ਮੋਦੀ-ਅਮਿਤ ਸ਼ਾਹ ਜੁੰਡਲੀ ਦੇ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋਈਆਂ ਹਨ। ਪਿਛਲੇ ਅਰਸੇ ’ਚ ਅਡਵਾਨੀ ਵੱਲੋਂ ਦਿੱਤੇ ਇਕ ਬਿਆਨ ਵਿਚ ਐਮਰਜੈਂਸੀ ਵਰਗੀਆਂ ਹਾਲਤਾਂ ਵੱਲ ਇਸ਼ਾਰਾ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਅੰਦਰ ਸਭ ਠੀਕ ਨਹੀਂ ਹੈ। ਸੂਬਾ ਅਸੰਬਲੀਆਂ ਦੀਆਂ ਅੱਗੇ ਆ ਰਹੀਆਂ ਚੋਣਾਂ ਵਿਚ ਭਾਜਪਾ ਨੂੰ ਹੋਣ ਵਾਲੀਆਂ ਸੰਭਵ ਹਾਰਾਂ ਨਾਲ ਮੋਦੀ ਦੇ ਨਾਉਂ ਦੇ ਬੁਲੰਦ ਸਿਤਾਰੇ ਦਾ ਹੋਰ ਤੋਂ ਹੋਰ ਹੇਠਾਂ ਖਿਸਕਣਾ ਤਹਿ ਹੈ।
 
ਗੱਲ ਇਹ ਵੀ ਨਹੀਂ ਕਿ ਪੂਰੀ ਦੀ ਪੂਰੀ ਭਾਜਪਾ ਹਿੰਦੂਵਾਦੀ ਫਾਸ਼ੀ ਗਰੋਹਾਂ ਦੀਆਂ ਧੱਕੜਸ਼ਾਹੀ ਕਰਤੂਤਾਂ ਨਾਲ ਸਹਿਮਤ ਹੈ। ਇਹਨਾਂ ਕਰਤੂਤਾਂ ਦੇ ਸਖਤ ਵਿਰੋਧ ਦੀਆਂ ਸੁਰਾਂ ਭਾਜਪਾ ਦੇ ਅੰਦਰੋਂ ਉਠਣੀਆਂ ਸ਼ੁਰੂ ਵੀ ਹੋ ਗਈਆਂ ਹਨ। ਜਿਉਂ ਜਿਉਂ ਆਮ ਜਨਤਾ ਵਿਚ ਇਹਨਾਂ ਕਰਤੂਤਾਂ ਦੀ ਵਿਰੋਧਤਾ ਵਧਦੀ ਜਾਣੀ ਹੈ, ਭਾਜਪਾ ਦੇ ਅੰਦਰ ਵੀ ਇਹਨਾਂ ਫਾਸ਼ੀ ਤੌਰ-ਤਰੀਕਿਆਂ ਦਾ ਵਿਰੋਧ ਵਧਣਾ ਲਾਜਮੀ ਹੈ।
 
ਇੱਕ ਦੂਜੀ ਗੱਲ ਅਜਿਹੀ ਹੈ ਜਿਹੜੀ ਹਿੰਦੂਵਾਦੀ ਫਾਸ਼ੀ ਵਰਤਾਰੇ ਦੇ ਵਧਣ-ਫੁੱਲਣ ਵਿਚ ਇੱਕ ਵੱਡਾ ਅੜਿੱਕਾ ਬਣਨ ਵਾਲੀ ਹੈ । ਉਹ ਹੈ ਸਾਡੇ ਸਮਾਜ ਦੀ ਬਣਤਰ । ਸਾਡਾ ਸਮਾਜ ਅਨੇਕਾਂ ਧਰਮਾਂ, ਜਾਤਾਂ, ਅਤੇ ਕਬੀਲਿਆਂ ਵਿਚ ਵੰਡਿਆ ਹੋਇਆ ਹੈ। ਇੱਥੇ ਉਹਨਾਂ ਲੋਕਾਂ ਦੀ ਗਿਣਤੀ ਦੇਸ਼ ਦੀ ਕੁਲ ਵਸੋਂ ਦਾ ਇੱਕ ਬਹੁਤ ਵੱਡਾ ਹਿੱਸਾ ਬਣਦੀ ਹੈ ਜਿਹੜੇ ਲੋਕ ਸਾਧਾਰਨ ਘੱਟ ਗਿਣਤੀਆਂ (ਮੁਸਲਮਾਨ, ਇਸਾਈ, ਜੈਨੀ, ਬੋਧੀ, ਪਾਰਸੀ, ਸਿੱਖ) ਨਾਲ ਸਬੰਧਤ ਹਨ ਅਤੇ ਦਲਿਤ ਜਾਤਾਂ ਅਤੇ ਆਦਿਵਾਸੀਆਂ ਨਾਲ ਸਬੰਧਤ ਹਨ। ਦੇਸ਼ ਦੀ ਵਸੋਂ ਦੇ ਇਹ ਸਾਰੇ ਹਿੱਸੇ ਅਜਿਹੇ ਹਨ ਜਿਹੜੇ ਹਿੰਦੂਵਾਦੀ ਫਾਸ਼ੀ ਗਰੋਹਾਂ ਦੀ ਭਰਤੀ ਦਾ ਸਰੋਤ ਨਹੀਂ ਬਣ ਸਕਦੇ।
ਹਿੰਦੂਵਾਦੀ ਫਾਸ਼ੀ ਤਾਕਤਾਂ ਦੇ ਵਧਣ-ਫੁੱਲਣ ਦੇ ਮਾਮਲੇ ’ਚ ਨਾ-ਸਾਜਗਾਰ ਇਕ ਹੋਰ ਗੱਲ ਇਹ ਹੈ ਕਿ ਭਾਰਤ ਇੱਕ ਆਜਾਦ ਦੇਸ਼ ਨਹੀਂ ਹੈ। ਇਸ ਕਰਕੇ ਭਾਰਤੀ ਹਾਕਮ ਜਮਾਤਾਂ ਦੇ ਕਿਸੇ ਹਿੱਸੇ ਦੀ ਇਹ ਆਵਦੀ ਮਨਮਰਜੀ ਨਹੀਂ ਹੈ ਕਿ ਉਹ ਆਪਣੇ ਤੰਗ ਸੁਆਰਥੀ ਹਿੱਤਾਂ ਦੀ ਪੂਰਤੀ ਲਈ ਰਾਜ ਅਤੇ ਸਮਾਜ ਵਿਚ ਕੋਈ ਵੱਡੀ ਉੱਥਲ-ਪੁਥਲ ਮਚਾਉਣ ਦਾ ਰਸਤਾ ਅਖਤਿਆਰ ਕਰ ਲਵੇ। ਅਜਿਹੇ ਵੱਡੇ ਫੈਸਲੇ ਲੈਣ ਪੱਖੋਂ ਉਹਨਾਂ ਉਤੇ ਸਾਮਰਾਜੀ ਕੁੰਡਾ ਹੈ। ਸਾਮਰਾਜੀ ਕੰਪਨੀਆਂ ਆਪਣੀ ਪੂੰਜੀ ਨੂੰ, ਖਾਸ ਕਰਕੇ ਲੰਮੇ ਦਾਅ ਦੇ ਪ੍ਰੋਜੈਕਟਾਂ ਵਿਚ ਲਾਉਣ ਦੇ ਮਾਮਲੇ ਵਿਚ ਉਹਨਾਂ ਮੁਲਕਾਂ ਨੂੰ ਤਰਜੀਹ ਦਿੰਦੀਆਂ ਹਨ ਜਿੱਥੇ ਹੋਰਨਾਂ ਗੱਲਾਂ ਤੋ ਇਲਾਵਾ, ਮੁਕਾਬਲਤਨ ਟਿਕ-ਟਿਕਾਅ ਰਹਿਣ ਦੀਆਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ। ਏਸੇ ਕਰਕੇ ਅਮਰੀਕਨ ਰਾਸ਼ਟਰਪਤੀ ਓਬਾਮਾ ਨੇ ਮੋਦੀ ਸਰਕਾਰ ਨੂੰ ਫਿਰਕੂ ਪਾਟਕ ਪਾਉਣ ਦੇ ਖਿਲਾਫ ਇੱਕ ਤੋਂ ਵੱਧ ਵਾਰ ਵਰਜਿਆ ਹੈ।
 
ਇਸ ਲਈ ਜਿਹੜੇ ਥਾਵਾਂ ਉਥੇ ਹਿੰਦੂਵਾਦੀ ਫਾਸ਼ੀ ਤਾਕਤਾਂ ਲਈ ਸਿਆਸੀ ਤੇ ਸਮਾਜਕ ਹਾਲਤਾਂ ਸਾਜਗਰ ਹਨ, ਉਥੇ ਲੋਕ-ਪੱਖੀ ਸ਼ਕਤੀਆਂ ਲਈ, ਤੁਰਤ ਪੈਰੇ ਕਾਰਜ ਪੱਖੋਂ ਇਹਨਾਂ ਦੇ ਟਾਕਰੇ ਦਾ ਇਕ ਗੰਭੀਰ ਕਾਰਜ ਨਿੱਕਲਦਾ ਹੈ। ਭਾਵੇਂ ਨੇੜ ਭਵਿੱਖ ਵਿਚ ਹਿੰਦੂਵਾਦੀ ਫਾਸ਼ੀਵਾਦ ਦੇ ਇਕ ਮੁਲਕ-ਪੱਧਰਾ ਵਰਤਾਰਾ ਬਣ ਜਾਣ ਦੀਆਂ ਘੱਟ ਸੰਭਾਵਨਾਵਾਂ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਤਾਕਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਜਾਂ ਰਾਜ ਤੇ ਸਮਾਜ ਦੇ ਭਗਵੇਂ ਕਰਨ ਦੇ ਆਪਣੇ ਯੁੱਧਨੀਤਕ ਏਜੰਡੇ ਨੂੰ ਤਿਆਗ ਦੇਣਗੀਆਂ। ਸਮੇਂ ਤੇ ਸਥਾਨ ਦੀਆਂ ਹਾਲਤਾਂ ਅਨੁਸਾਰ ਕਦੇ ਇੱਕ ਕਦਮ ਅੱਗੇ ਤੇ ਕਦੇ ਦੋ ਕਦਮ ਪਿੱਛੇ ਅਤੇ ਦੋ ਕਦਮ ਅੱਗੇ, ਇੱਕ ਕਦਮ ਪਿੱਛੇ ਦੇ ਦਾਅਪੇਚਾਂ ਰਾਹੀਂ ਆਪਣੇ ਯੁੱਧਨੀਤਕ ਨਿਸ਼ਾਨੇ ਵੱਲ ਵਧਣ ਦੇ ਯਤਨ ਕਰਦੀਆਂ ਰਹਿਣਗੀਆਂ।

7) ਫਾਸ਼ੀ ਕਾਰਵਾਈਆਂ ਨਾਲ ਨਜਿੱਠਣ ਦੀ ਪਹੁੰਚ

ਹਿੰਦੂਤਵੀ ਤਾਕਤਾਂ ਦੀਆਂ ਫਾਸ਼ੀ ਕਾਰਵਾਈਆਂ ਨਾਲ ਨਜਿੱਠਣ ਦੀ ਪਹੁੰਚ ਬਾਰੇ

- ਸਿਆਸੀ ਟਿੱਪਣੀਕਾਰ

ਪਿਛਲੇ ਕੁੱਝ ਅਰਸੇ ਤੋਂ ਹਿੰਦੂ ਮੂਲਵਾਦੀ ਤਾਕਤਾਂ ਨੇ ਮੋਦੀ ਸਰਕਾਰ ਦੀ ਗੁੱਝੀ ਜਾਂ ਜਾਹਰਾ, ਹਮਾਇਤ ਤੇ ਹੱਲਾਸ਼ੇਰੀ ਨਾਲ ਸਿੰਗ-ਮਿੱਟੀ ਚੱਕ ਰੱਖੀ ਹੈ। ਇਨ੍ਹਾਂ ਵੱਲੋਂ ਇਕ ਤੋਂ ਬਾਅਦ ਦੂਜੇ ਫਾਸ਼ੀ ਹਮਲਿਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ।
ਪਹਿਲਾਂ ਪੇਂਡੂ ਖੇਤਰਾਂ ’ਚ ਗਊ-ਰੱਖਿਆ ਦੇ ਨਾਉਂ ਉਤੇ, ਹਿੰਦੂਵਾਦੀ ਤਾਕਤਾਂ ਵੱਲੋਂ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਉਤੇ ਫਾਸ਼ੀ ਹਮਲੇ ਕੀਤੇ ਗਏ। ਦੇਸ਼ ਭਗਤੀ ਦੇ ਨਾਉਂ ਉਤੇ ਹੈਦਰਾਬਾਦ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿਚ ਕੀਤੇ ਫਾਸ਼ੀ ਧਾਵੇ ਨੇ ਇੱਕ ਬਹੁਤ ਹੀ ਮਹੱਤਵਪੁੂਰਨ ਮੁੱਦੇ ਨੂੰ ਉਭਾਰ ਕੇ ਸਾਹਮਣੇ ਲੈ ਆਂਦਾ ਹੈ।
ਮੁੱਦਾ ਇਹ ਹੈ ਕਿ ਇਹਨਾਂ ਦੀਆਂ ਫਾਸ਼ੀ ਕਾਰਵਾਈਆਂ ਨੂੰ ਕਿਵੇਂ ਸਮਝਿਆ ਜਾਵੇ? ਇਹਨਾਂ ਦਾ ਟਾਕਰਾ ਕਿਵੇਂ ਕੀਤਾ ਜਾਵੇ? ਕੀ ਇਹਨਾਂ ਦਾ ਟਾਕਰਾ ਕਰਨ ਲਈ ਕੋਈ ਵਿਸ਼ੇਸ਼ ਫਾਸ਼ੀਵਾਦੀ-ਵਿਰੋਧੀ ਸਾਂਝਾ ਮੋਰਚਾ ਬਣਾਇਆ ਜਾਵੇ? ਇਸ ਵਿਚ ਕਿਹੜੀਆਂ 2 ਸਿਆਸੀ ਤਾਕਤਾਂ ਨੂੰ ਸ਼ਾਮਲ ਕੀਤਾ ਜਾਵੇ? ਕੀ ਇਹ ਫਾਸ਼ੀ ਕਾਰਵਾਈਆਂ ਮੋਦੀ ਹਕੂਮਤ ਦੀ ਵਧਦੀ ਸਿਆਸੀ ਤਾਕਤ ਦੀ ਨਿਸ਼ਾਨਦੇਹੀ ਕਰਦੀਆਂ ਹਨ ਜਾਂ ਇਸ ਦੀ ਕਮਜੋਰੀ ਦੀ? ਆਦਿਕ ਆਦਿਕ।
ਸਾਰੀਆਂ ਹਾਕਮ ਜਮਾਤੀ ਪਾਰਟੀਆਂ ਵੱਲੋਂ, ਆਪਣੇ ਲੋਕ ਵਿਰੋਧੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਰਾਜ ਮਸ਼ੀਨਰੀ ਦੇ ਜਬਰ ਦੀ ਵਰਤੋਂ ਆਮ ਗੱਲ ਹੈ। ਪਰ ਆਮ ਹਾਲਤਾਂ ਵਿੱਚ ਅਜਿਹੇ ਜਬਰ ਦੀ ਵਰਤੋਂ ਕਰਦੇ ਸਮੇਂ ਨਾਲ ਦੀ ਨਾਲ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਂਦਾ ਹੈ ਕਿ ਅਖੌਤੀ ਸੰਵਿਧਾਨ ਅਤੇ ਪਾਰਲੀਮਾਨੀ ਸੰਸਥਾਵਾਂ ਦੀ ਮਾਣ-ਮਰਿਆਦਾ ਨੂੰ ਵੀ ਕਾਇਮ ਰੱਖਿਆ ਜਾ ਸਕੇ ਤਾਂ ਜੋ ਆਪਾਸ਼ਾਹੀ ਭਾਰਤੀ ਰਾਜ ਉਤੇ ਪਾਰਲੀਮਾਨੀ ਜਮਹੂਰੀਅਤ ਦਾ ਪਾਇਆ ਮਲਮਲੀ ਗਿਲਾਫ ਸੰਭਵ ਹੱਦ ਕਾਇਮ ਰਹਿ ਸਕੇ।   
1975 ਵਿਚ ਹਾਕਮ ਜਮਾਤਾਂ ਦੀ ਆਪਸੀ ਵੱਧ ਤਿੱਖੀ ਹੋਈ ਵਿਰੋਧਤਾਈ ਕਾਰਨ, ਹਾਕਮ ਜਮਾਤੀ ਸੰਕਟ ਦੇ ਉਭਾਰ ਦਾ ਇੱਕ ਅਰਸਾ ਅਇਆ। ਹਾਕਮ ਜਮਾਤਾਂ ਦੇ ਇੰਦਰਾ-ਕਾਂਗਰਸ ਹੇਠਲੇ ਹਿੱਸੇ ਨੇ ਆਵਦੇ ਸਿਆਸੀ ਵਿਰੋਧੀਆਂ ਨੂੰ ਮਾਤ ਦੇਣ ਲਈ ਅਤੇ ਲੋਕ-ਰੋਹ ਨੂੰ ਕਾਬੂ ਹੇਠ ਰੱਖਣ ਲਈ, ਸੀਮਤ ਮਕਸਦ ਅਤੇ ਸੀਮਤ ਸਮੇਂ ਵਾਸਤੇ ਦੇਸ਼ ਵਿਚ ਐਮਰਜੈਂਸੀ ਲਾ ਕੇ ਇਹਨਾਂ ਅਖੌਤੀ ਸੰਵਿਧਾਨਕ ਅਤੇ ਪਾਰਲੀਮਾਨੀ ਸੰਸਥਾਵਾਂ ਦੀ ਖੁਦ ਹੀ ਮਿੱਟੀ ਪਲੀਤ ਕਰ ਦਿੱਤੀ ਸੀ।
ਹੁਣ ਇਸ ਅਖੌਤੀ ਪਾਰਲੀਮਾਨੀ ਸਿਸਟਮ ਦੇ ਸੰਕਟ ਦਾ ਇੱਕ ਨਵਾਂ ਗੇੜ ਚੱਲ ਰਿਹਾ ਹੈ। ਇਸ ਵਿਚ ਵੋਟਾਂ ਰਾਹੀਂ ਬਹੁਮਤ ਹਾਸਲ ਕਰਨ ਵਾਲੀ ਹਾਕਮ ਪਾਰਟੀ ਨੂੰ ਪਾਰਲੀਮੇੈਂਟ ਦੇ ਅੰਦਰ ਹੀ ਹੱਥਲ ਕਰਨ ਲਈ ਵਿਰੋਧੀ ਧਿਰ ਵੱਲੋਂ ਖੌਰੂ ਪਾ ਕੇ ਪਾਰਲੀਮੈਂਟ ਨੂੰ ਜਾਮ ਕਰਨ ਦਾ ਹੱਥਕੰਡਾ ਵਰਤਿਆ ਜਾ ਰਿਹਾ ਹੈ। ਕਾਂਗਰਸ ਰਾਜ ਦੇ ਪਿਛਲੇ ਦਸ ਸਾਲਾਂ ਦੌਰਾਨ ਬੀ.ਜੇ.ਪੀ. ਇਸ ਖੌਰੂ-ਪਾਊ ‘ਪਾਰਲੀਮਾਨੀ ਘੋਲ’ ਦੀ ਅਗਵਾਈ ਕਰਦੀ ਰਹੀ ਹੈ। ਹੁਣ ਕਾਂਗਰਸ ਇਹੋ ਕੁਝ ਕਰ ਰਹੀ ਹੈ।
ਮੋਦੀ ਸਰਕਾਰ ਵਾਸਤੇ ਸੰਕਟ ਇਹ ਹੈ ਕਿ ਇੱਕ ਪਾਸੇ ਉਸ ਉਤੇ ਸਾਮਰਾਜੀਆਂ ਵੱਲੋਂ ਅਖੌਤੀ ਆਰਥਕ ਸੁਧਾਰਾਂ ਵਿਚ ਤੇਜੀ ਲਿਆਉਣ ਦਾ ਦਬਾਅ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਖੌਰੂ-ਪਾਊ ਮਿਸ਼ਨ ਸਦਕਾ ਅਤੇ ਲੋਕ ਵਿਰੋਧ ਸਦਕਾ ਅਖੌਤੀ ਆਰਥਕ ਸੁਧਾਰਾਂ ਨਾਲ ਸਬੰਧਤ, ਕਾਨੂੰਨੀ ਤੇ ਨੀਤੀਗਤ ਫੈਸਲੇ ਲੋੜੀਂਦੀ ਤੇਜੀ ਨਾਲ ਕਰਨੇ ਸੰਭਵ ਨਹੀਂ ਹੋ ਰਹੇ।
ਅਖੌਤੀ ਆਰਥਕ ਸੁਧਾਰਾਂ ਦੀ ਤੇਜੀ ਵਾਲੇ ਏਜੰਡੇ ਤੋਂ ਇਲਾਵਾ, ਭਾਜਪਾ ਅੰਦਰਲੀਆਂ ਹਿੰਦੂਵਾਦੀ ਫਾਸ਼ੀ ਤਾਕਤਾਂ ਵਾਸਤੇ ਲੰਮੇਂ ਦਾਅ ਦਾ ਇਕ ਹੋਰ ਮਹੱਤਵਪੂਰਨ ਏਜੰਡਾ ਵੀ ਹੈ। ਇਹ ਹੈ ਭਾਰਤੀ ਰਾਜ ਨੂੰ ਹਿੰਦੂ ਰਾਜ ਅਤੇ ਭਾਰਤੀ ਸਮਾਜ ਨੂੰ ਹਿੰਦੂ ਸਮਾਜ ਵਿਚ ਬਦਲਣ ਦਾ ਸੁਪਨਾ ਸਾਕਾਰ ਕਰਨਾ। ਅਗਲੀਆਂ ਪਾਰਲੀਮਾਨੀ ਚੋਣਾਂ ਵਿਚ ਭਾਜਪਾ ਦੀ ਜਿੱਤ ਵਿਚ ਬੇਯਕੀਨੀ ਹੋਣ ਸਦਕਾ, ਇਹਨਾਂ ਤਾਕਤਾਂ ਨੇ ਆਪਣੇ ਇਸ ਸੁਪਨੇ ਵੱਲ ਵਧਣ ਲਈ ਮੋਦੀ ਸਰਕਾਰ ਦੇ ਰਹਿੰਦੇ ਅਰਸੇ ਦਾ ਵੱਧ ਤੋਂ ਵੱਧ ਲਾਹਾ ਲੈਣ ਦੇ ਤਾਬੜ-ਤੋੜ ਯਤਨ ਸ਼ੁਰੂ ਕਰ ਦਿੱਤੇ ਹਨ। ਭਾਰਤੀ ਸਮਾਜ ਨੂੰ ਹਿੰਦੂ ਸਮਾਜ ਵਿਚ ਬਦਲਣ ਲਈ ਸਭਿਆਚਾਰ ਦਾ -ਖਾਸ ਕਰਕੇ ਵਿਦਿਆ ਦਾ- ਖੇਤਰ ਅਹਿਮ ਹੈ। ਇਸ ਕਰਕੇ ਤੇਜੀ ਨਾਲ ਵਿਦਿਅਕ ਸਿਲੇਬਸਾਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਉੱਚ ਵਿੱਦਿਅਕ ਸੰਸਥਾਵਾਂ, ਜਿਵੇਂ ਹੈਦਰਾਬਾਦ ਕੇਂਦਰੀ ਯੁਨੀਵਰਸਿਟੀ, ਜੇ.ਐਨ.ਯੂ. ਅਤੇ ਫਿਲਮ ਕਲਾ ਨਾਲ ਸਬੰਧਤ ਪੂਨੇ ਦੀ ਸੰਸਥਾ ਉਤੇ ਕਬਜ਼ਾ ਕਰਨ ਲਈ ਹੱਲਾ ਬੋਲਿਆ ਗਿਆ ਹੈ।
ਇਹਨਾਂ ਦੋਵੇਂ ਜੜੁੱਤ ਏਜੰਡਿਆਂ ਨੂੰ ਪੂਰਾ ਕਰਨ ਵਾਸਤੇ, ਮੋਦੀ ਸਰਕਾਰ ਨੇ ਆਪਣੇ ਸਿਆਸੀ ਵਿਰੋਧੀਆਂ ਅਤੇ ਲੋਕ-ਰੋਹ ਨੂੰ ਕਾਬੂ ਹੇਠ ਰੱਖਣ ਲਈ ਹਿੰਦੂਵਾਦੀ ਫਾਸ਼ੀ ਗਰੋਹਾਂ ਦੇ ਪਟੇ ਖੋਲ੍ਹ ਦਿੱਤੇ ਹਨ।

ਫਾਸ਼ੀਵਾਦ - ਰਾਜ ਮਸ਼ੀਨਰੀ ਦੇ ਜਬਰ ਦੀ ਇਕ ਵਿਸ਼ੇਸ਼ ਸ਼ਕਲ

ਹਿੰਦੂਵਾਦੀ ਗਰੋਹਾਂ ਦੀਆਂ ਜਾਬਰ ਕਾਰਵਾਈਆਂ ਰਾਜ-ਮਸ਼ੀਨਰੀ ਵੱਲੋਂ ਲੋਕਾਂ ਉਤੇ ਜਬਰ ਕਰਨ ਦੀ ਇੱਕ ਖਾਸ ਸ਼ਕਲ ਹੈ। ਇਸ ਵਿਚ ਲੋਕਾਂ ਦੇ ਇੱਕ ਹਿੱਸੇ (ਨਿੱਕ ਬੁਰਜੂਆਜ਼ੀ ਅਤੇ ਲੰਡੂ (ਲੰਪਨ) ਪਰੋਲੇਤਾਰੀ ਨੂੰ ਜਾਤ, ਧਰਮ. ਨਸਲ ਜਾਂ ਅੰਨ੍ਹੀ ਦੇਸ਼ ਭਗਤੀ ਦਾ ਫਤੂਰ ਚੜ੍ਹਾਇਆ ਜਾਂਦਾ ਹੈ। ਫੇਰ ਹਾਕਮ ਪਾਰਟੀ ਅਤੇ ਰਾਜ ਮਸ਼ੀਨਰੀ ਦੀ ਪੁਸ਼ਤਪਨਾਹੀ ਹੇਠ ਆਦਮ-ਬੋ ਆਦਮ-ਬੋ ਕਰਦੇ ਇਹਨਾਂ ਜਨੂੰਨੀ ਗਰੋਹਾਂ ਦੀ ਭੀੜ ਨੂੰ ਆਪਣੇ ਸਿਆਸੀ ਵਿਰੋਧੀਆਂ ਅਤੇ ਲੋਕਾਂ ਉਤੇ ਝਪਟਣ ਲਈ ਸ਼ਿਸ਼ਕਰ ਦਿੱਤਾ ਜਾਂਦਾ ਹੈ। ਜਬਰ ਦੀ ਇਸ ਸ਼ਕਲ ਰਾਹੀਂ ਸੱਪ ਨੂੰ ਵੀ ਮਾਰਨ ਅਤੇ ਸੋਟੀ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂਕਿ ਜਬਰ ਦੀ ਇਸ ਸ਼ਕਲ ਨਾਲ ਰਾਜ ਮਸ਼ੀਨਰੀ ਦੀ ਓਨੀ ਬਦਨਾਮੀ ਨਹੀਂ ਹੁੰਦੀ ਜਿੰਨੀ ਉਸ ਹਾਲਤ ਵਿਚ ਹੁੰਦੀ ਹੈ ਜਦੋਂ ਇਸ ਵੱਲੋਂ ਸਿੱਧੇ ਰੂਪ ਵਿਚ ਜਬਰ ਢਾਹਿਆ ਜਾਂਦਾ ਹੈ।
ਲੋਕ ਪੱਖੀ ਤਾਕਤਾਂ ਵਾਸਤੇ ਅਜਿਹੀਆਂ ਫਾਸ਼ੀ ਕਾਰਵਾਈਆਂ ਦਾ ਟਾਕਰਾ ਕਰਨਾ ਮੁਕਾਬਲਤਨ ਔਖਾ ਅਤੇ ਗੁੰਝਲਦਾਰ ਕਾਰਜ ਬਣਦਾ ਹੈ। ਰਾਜ-ਮਸ਼ੀਨਰੀ ਦੇ ਸਿੱਧੇ ਜਬਰ ਦਾ ਟਾਕਰਾ ਕਰਨਾ ਮੁਕਾਬਲਤਨ ਸੌਖਾ ਇਸ ਕਰਕੇ ਹੁੰਦਾ ਹੈ ਕਿਉਂਕਿ ਲੋਕ ਰਾਜ-ਮਸ਼ੀਨਰੀ ਵਿਰੁੱਧ ਨਫਰਤ ਤੇ ਗੁੱਸੇ ਨਾਲ ਭਰੇ ਪੀਤੇ ਹੁੰਦੇ ਹਨ। ਦੂਜੇ ਪਾਸੇ ਫਾਸ਼ੀ ਗਰੋਹਾਂ ਦੇ ਵੱਡੇ ਹਿੱਸੇ ਹਾਕਮ ਜਮਾਤਾਂ ਵਿਚੋਂ ਨਹੀਂ ਹੁੰਦੇ, ਮਿੱਤਰ ਜਮਾਤਾਂ ਵਿਚੋਂ ਹੁੰਦੇ ਹਨ। ਇਹਨਾਂ ਦਾ ਟਾਕਰਾ ਦਲੀਲ ਦੀ ਤਾਕਤ ਨਾਲ ਵੀ ਕਰਨਾ ਹੁੰਦਾ ਹੈ ਅਤੇ ਨਾਲੋ ਨਾਲ ਤਾਕਤ ਦੀ ਦਲੀਲ ਨਾਲ ਵੀ। ਯਾਨੀ ਕਿ ਇਨਕਲਾਬੀ ਜਨਤਕ ਟਾਕਰੇ ਦੇ ਜੋਰ ਇਹਨਾਂ ਦੇ ਦਿਮਾਗ ਦਾ ਫਤੂਰ ਵੀ ਲਾਹੁਣਾ ਹੁੰਦਾ ਹੈ ਅਤੇ ਦਲੀਲ ਦੀ ਤਾਕਤ ਦੇ ਜ਼ੋਰ ਇਹਨਾਂ ਦੇ ਦਿਲ ਦਿਮਾਗਾਂ ਨੂੰ ਆਪਣੇ ਵੱਲ ਕਾਇਲ ਵੀ ਕਰਨਾ ਹੁੰਦਾ ਹੈ।
ਪਰ ਇਹਨਾਂ ਗਰੋਹਾਂ ਦੇ ਸਿਆਸੀ ਲੀਡਰਾਂ ਅਤੇ ਹਕੂਮਤ ਵਿਚਲੇ ਉਹਨਾਂ ਦੇ ਸਰਪ੍ਰਸਤਾਂ ਵਿਰੁੱਧ ਲੜਾਈ ਦੀ ਕਿਸਮ ਵੱਖਰੀ ਹੁੰਦੀ ਹੈ। ਇਹ ਆਰ-ਪਾਰ ਦੀ ਸਿਆਸੀ ਲੜਾਈ ਹੁੰਦੀ ਹੈ। ਇਸ ਲੜਾਈ ਦੇ ਸਿਆਸੀ ਮੁੱਦੇ ਨੂੰ ਸਹਿਣਸ਼ੀਲਤਾ ਬਨਾਮ ਅਸਹਿਣਸ਼ੀਲਤਾ ਯਾਨੀ ਕਿ ਲਿਖਣ ਬੋਲਣ ਦੇ ਅਧਿਕਾਰਾਂ ਤੱਕ ਸੀਮਤ ਰੱਖਣਾ ਗਲਤ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਅਤੇ ਹਿੰਦੂਵਾਦੀ ਤਾਕਤਾਂ ਐਨੀਆਂ ਅਸਹਿਣਸ਼ੀਲ ਕਿਉਂ ਹਨ? ਇਸ ਪਿੱਛੇ ਇਹਨਾਂ ਦਾ ਮੰਤਵ ਕੀ ਹੈ? ਜਿਵੇਂ ਸਾਥੀ ਮਾਓ ਨੇ ਕਿਹਾ ਹੈ ਕਿ ਜੰਗ, ਹੋਰਨਾਂ ਵਸੀਲਿਆਂ ਰਾਹੀਂ ਸਿਆਸਤ ਦੀ ਲਗਾਤਾਰਤਾ ਹੁੰਦੀ ਹੈ। ਇਉਂ ਹੀ ਫਾਸ਼ੀ ਕਾਰਵਾਈਆਂ ਦਾ ਇਹ ਵਰਤਾਰਾ ਮੋਦੀ ਸਰਕਾਰ ਅਤੇ ਇਹਨਾਂ ਫਾਸ਼ੀ ਤਾਕਤਾਂ ਦੇ ਜੜੁੱਤ ਸਿਆਸੀ ਏਜੰਡਿਆਂ ਦੀ, ਫਾਸ਼ੀ ਕਾਰਵਾਈਆਂ ਦੇ ਵਰਤਾਰੇ ਰਾਹੀਂ ਲਗਾਤਾਰਤਾ ਹੈ। ਅਖੌਤੀ ਆਰਥਕ ਸੁਧਾਰਾਂ ਵਿਚ ਤੇਜੀ ਲਿਆਉਣ ਅਤੇ ਦੇਸ਼ ਅਤੇ ਸਮਾਜ ਦੇ ਭਗਵੇਂਕਰਨ ਦੀ ਸਿਆਸਤ ਦੀ ਲਗਾਤਾਰਤਾ ਹੈ। ਅਜੋਕੇ ਸਮੇਂ ਇਹਨਾਂ ਜੜੁੱਤ ਏਜੰਡਿਆਂ ਵਿੱਚੋਂ ਅਖੌਤੀ ਆਰਥਕ ਸੁਧਾਰਾਂ ਦਾ ਡਟਵਾਂ ਵਿਰੋਧ ਕਰਨ ਵਾਲੇ ਸਿਆਸੀ ਏਜੰਡੇ ਦੀ ਮੁੱਖ ਮਹੱਤਤਾ ਹੈ।
ਹਿੰਦੂਵਾਦੀ ਫਾਸ਼ੀ ਕਾਰਵਾਈਆਂ ਦੇ ਵਰਤਾਰੇ ਵਿਰੁੱਧ ਲੜਾਈ ਦਾ ਮੁੱਖ ਸਿਆਸੀ ਏਜੰਡਾ ਤਹਿ ਹੋ ਜਾਣ ਮਗਰੋਂ, ਨਾਲ ਦੀ ਨਾਲ ਇਹ ਗੱਲ ਵੀ ਤਹਿ ਹੋ ਜਾਂਦੀ ਹੈ ਕਿ ਇਹਨਾਂ ਫਾਸ਼ੀ ਤਾਕਤਾਂ ਵਿਰੁੱਧ ਲੜਾਈ ਦੇ ਸਾਂਝੇ ਮੋਰਚੇ ਵਿਚ ਕਿਹੜੀਆਂ ਤਾਕਤਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਬਿਲਕੁਲ ਨਹੀਂ।  ਇਹਨਾਂ ਫਾਸ਼ੀਵਾਦੀ ਤਾਕਤਾਂ ਵਿਰੁੱਧ ਸਹੀ ਅਰਥਾਂ ਵਿਚ ਸਿਆਸੀ ਲੜਾਈ ਦਾ ਅਰਥ ਹੈ, ਜਿਹੜੀਆਂ ਜਮਾਤਾਂ ਅਤੇ ਤਬਕੇ, (ਖਾਸ ਕਰ ਕਿਸਾਨ, ਮਜ਼ਦੂਰ, ਆਦਿਵਾਸੀ ਅਤੇ ਨੌਜਵਾਨ/ਵਿਦਿਆਰਥੀ ਆਦਿਕ) ਅਖੌਤੀ ਆਰਥਕ ਸੁਧਾਰਾਂ ਦੇ ਮਾਰੂ ਸਿੱਟੇ ਭੁਗਤ ਰਹੇ ਹਨ ਉਹਨਾਂ ਨੂੰ ਚੇਤਨ ਕਰਨਾ। ਉਹਨਾਂ ਨੂੰ ਫਾਸ਼ੀ ਗਰੋਹਾਂ ਦੇ ਇਨਕਲਾਬੀ ਜਨਤਕ ਟਾਕਰੇ ਲਈ ਤਿਆਰ ਕਰਨਾ। ਸੋ ਇਸ ਸਾਂਝੇ ਮੋਰਚੇ ਵਿਚ ਇਹਨਾਂ ਜਮਾਤਾਂ/ਤਬਕਿਆਂ ਦੇ ਯਾਨੀ ਇਨਕਲਾਬੀ ਸਾਂਝੇ ਮੋਰਚੇ ਦੀਆਂ ਜਮਾਤਾਂ/ਤਬਕਿਆਂ ਦੇ ਖਰੇ ਸਿਆਸੀ ਨੁਮਾਇੰਦੇ ਹੀ ਸ਼ਾਮਲ ਹੋ ਸਕਦੇ ਹਨ। ਜਿਹੜੇ ਪਹਿਲਾਂ ਹੀ ਅਖੌਤੀ ਆਰਥਕ ਸੁਧਾਰਾਂ ਦੇ ਡਟਵੇਂ ਵਿਰੋਧ ਵਿਚ ਸਰਗਰਮ ਹਨ। ਹਿੰਦੂਵਾਦੀ ਫਾਸ਼ੀ ਕਾਰਵਾਈਆਂ ਦੇ ਵਰਤਾਰੇ ਦੇ ਉਭਾਰ ਦੀ ਇਸ ਨਵੀਂ ਹਾਲਤ ਵਿੱਚ ਖਾਸ ਕਾਰਜ ਲੋਕਾਂ ਨੂੰ ਫਾਸ਼ੀ ਗਰੋਹਾਂ ਦੇ ਇਨਕਲਾਬੀ ਜਨਤਕ ਟਾਕਰੇ ਲਈ ਲਾਮਬੰਦ ਕਰਨ ਦਾ ਨਿੱਕਲਦਾ ਹੈ। ਹੈਦਰਾਬਾਦ ਅਤੇ ਦਿੱਲੀ ਵਿਚ ਹੋਈਆਂ ਹਿਦੂਵਾਦੀ ਫਾਸ਼ੀ ਤਾਕਤਾਂ ਦੀਆਂ ਕਰਤੂਤਾਂ ਵਿਰੁੱਧ ਅਨੇਕਾਂ ਲੋਕ-ਪੱਖੀ ਵਿਅਕਤੀਆਂ, ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਇੱਕ ਵਿਆਪਕ ਰੋਸ ਲਹਿਰ ਉਠੀ ਹੈ ਜਿਹੜੀ ਇੱਕ ਉਤਸ਼ਾਹਜਨਕ ਵਰਤਾਰਾ ਹੈ ਅਤੇ ਸਾਂਝੇ ਮੋਰਚੇ ਦੀ ਇਸ ਲੜਾਈ ਲਈ ਮਹੱਤਵਪੂਰਨ ਘਟਨਾ-ਵਿਕਾਸ ਹੈ।
ਹਿੰਦੂਵਾਦੀ ਫਾਸ਼ੀ ਤਾਕਤਾਂ ਦੇ ਵਿਰੁੱਧ ਇਸ ਲੜਾਈ ਵਿੱਚ ਅਖੌਤੀ ਖੱਬੀਆਂ ਪਾਰਟੀਆਂ (ਸੀ.ਪੀ.ਆਈ, ਸੀ.ਪੀ.ਐਮ. ਆਦਿਕ) ਨੂੰ ਸਾਂਝੀ ਲੜਾਈ ਲਈ ਭਾਈਵਾਲ ਬਿਲਕੁਲ ਨਹੀਂ ਬਣਾਇਆ ਜਾਣਾ ਚਾਹੀਦਾ। ਇਹ ਪਾਰਟੀਆਂ ਇੱਕ ਪਾਸੇ ਤਾਂ ਅਖੌਤੀ ਆਰਥਕ ਸੁਧਾਰਾਂ ਦਾ ਉਤਲੇ ਮਨੋਂ ਪੋਲਾ-ਪਤਲਾ ਵਿਰੋਧ ਕਰਦੀਆਂ ਹਨ ਪਰ ਦੂਜੇ ਪਾਸੇ ਉਹਨਾਂ ਦੀਆਂ ਸਰਕਾਰਾਂ ਇਹਨਾਂ ‘‘ਸੁਧਾਰਾਂ’’ ਨੂੰ ਖੁਦ ਲਾਗੂ ਕਰਦੀਆਂ ਹਨ। ਭਾਰਤ ਵਿਚ ਨਿਵੇਸ਼ ਲਈ ਸਾਮਰਾਜੀ ਪੂੰਜੀ ਦਾ ਸੁਆਗਤ ਕਰਦੀਆਂ ਹਨ। ਲੋਕ-ਪੱਖੀ ਤਾਕਤਾਂ ਵੱਲੋਂ ਇਹਨਾਂ ਪਾਰਟੀਆਂ ਨਾਲ ਸਿਆਸੀ ਗੱਠ-ਜੋੜ ਕਰਨ ਦਾ ਅਰਥ ਵਿਰੋਧ ਦੀ ਸਿਆਸੀ ਧਾਰ ਨੂੰ ਖੁੰਢਾ ਕਰਨਾ ਅਤੇ ਲੋਕਾਂ ਵਿਚ ਖੁਰ ਚੁੱਕੀ ਇਹਨਾਂ ਦੀ ਪੜਤ ਨੂੰ ਬਹਾਲ ਕਰਨ ਵਿਚ ਸਹਾਈ ਹੋਣਾ ਹੈ। ਪਰ ਹਿੰਦੂ ਮੂਲਵਾਦੀਆਂ ਦੇ ਫਾਸ਼ੀ ਅਮਲਾਂ ਵਿਰੁੱਧ ਇਹੋ ਜਿਹੇ ਹਿੱਸੇ ਨਾਲ ਮੁੱਦੇ ਤੋਂ ਮੁੱਦੇ ਦੇ ਹਿਸਾਬ, ਆਪੋ ਆਪਣੇ ਪਲੇਟਫਾਰਮਾ ਤੋਂ ਆਜ਼ਾਦਾਨਾ ਪਰ ਤਾਲਮੇਲਵੀਆਂ ਸਰਗਰਮੀਆਂ ਕਰਕੇ ਲੋਕ ਰੋਹ ਦੇ ਇਜ਼ਹਾਰ ਦੀ ਵਿਆਪਕਤਾ ਤੇ ਅਸਰਕਾਰੀ ਨੂੰ ਵਧਾਇਆ ਜਾ ਸਕਦਾ ਹੈ।
ਨਾ ਹੀ ਇਸ ਲੜਾਈ ਵਿਚ ਹਾਕਮ ਜਮਾਤਾਂ ਦੇ ਲਿਬਰਲ ਹਿੱਸੇ ਨਾਲ ਸਬੰਧਤ ਵਿਅਕਤੀਆਂ ਜਾਂ ਗਰੁੱਪਾਂ ਨੂੰ ਭਾਈਵਾਲ ਬਣਾਇਆ ਜਾ ਸਕਦਾ ਹੈ। ਇਹ ਹਿੱਸੇ ਅਖੌਤੀ ਆਰਥਕ ਸੁਧਾਰਾਂ ਨਾਲ ਬੁਨਿਆਦੀ ਤੌਰ ’ਤੇ ਸਹਿਮਤ ਹਨ। ਇਹਨਾਂ ਨੂੰ ਲਾਗੂ ਕਰਨ ਦੇ ਤੌਰ ਤਰੀਕਿਆਂ ਦਾ ਵਿਰੋਧ ਕਰਦੇ ਹੋ ਸਕਦੇ ਹਨ। ਦੂਜੇ ਪਾਸੇ ਇਹ ਹਿੰਦੂਵਾਦੀ ਫਾਸ਼ੀ ਤਾਕਤਾਂ ਵਿਰੁੱਧ ਸਿਆਸੀ ਲੜਾਈ ਨੂੰ ਸਹਿਣਸ਼ੀਲਤਾ ਬਨਾਮ ਅਸਹਿਣਸ਼ੀਲਤਾ ਦੇ ਮੁੱਦੇ ਤੱਕ ਸੀਮਤ ਰੱਖ ਰਹੇ ਹਨ।

8) ਸਾਂਝੀਆਂ ਫੌਜੀ ਮਸ਼ਕਾਂ:

ਭਾਰਤ ਦੀ ਧਰਤੀ ’ਤੇ ਫਰਾਂਸੀਸੀ ਜੰਗਬਾਜ਼ਾਂ ਦੇ ਨਾਪਾਕ ਕਦਮ

- ਪਾਵੇਲ

ਸੰਸਾਰ ਸਮਾਰਾਜੀ ਤਾਕਤਾਂ ਦੇ ਲੁਟੇਰੇ ਜੰਗੀ ਮਨਸੂਬਿਆਂ ਨਾਲ ਨੱਥੀ ਹੋ ਕੇ ਚੱਲਣ ਦੀ ਦੇਸ਼ ਧ੍ਰੋਹੀ ਨੀਤੀ ਮੌਜੂਦਾ ਭਾਜਪਾਈ ਹਾਕਮਾਂ ਵੱਲੋਂ ਵੀ ਪੂਰੀ ਢੀਠਤਾਈ ਨਾਲ ਅੱਗੇ ਵਧਾਈ ਜਾ ਰਹੀ ਹੈ। ਅਮਰੀਕਾ ਤੇ ਉਸਦੇ ਸੰਗੀ ਸਾਮਰਾਜੀ ਮੁਲਕਾਂ ਵੱਲੋਂ ਅੱਤਵਾਦ ਦੇ ਖਿਲਾਫ਼ ਜੰਗ ਦੇ ਨਾਂ ਹੇਠ ਸੰਸਾਰ ਭਰ ’ਚ ਤਬਾਹੀ ਮਚਾਈ ਜਾ ਰਹੀ ਹੈ ਅਤੇ ਆਪਣੇ ਲੁਟੇਰੇ ਹਿਤਾਂ ਨੂੰ ਅੱਗੇ ਵਧਾਉਣ ਲਈ ਜ਼ੋਰ ਮਾਰਿਆ ਜਾ ਰਿਹਾ ਹੈ। ਭਾਰਤੀ ਹਾਕਮ ਆਪਣੇ ਦਲਾਲ ਸਰਮਾਏਦਾਰ ਹਿਤਾਂ ਤੇ ਖੇਤਰੀ ਚੌਧਰਵਾਦੀ ਲਾਲਸਾਵਾਂ ਦੀ ਪੂਰਤੀ ਲਈ ਨਿਹੱਕੀਆਂ ਸਾਮਰਾਜੀ ਜੰਗਾਂ ਤੇ ਹਮਲਾਵਰ ਮੁਹਿੰਮਾਂ ’ਚ ਹੱਥ ਵਟਾਉਂਦੇ ਆ ਰਹੇ ਹਨ ਤੇ ਖੂੰਖਾਰ ਜੰਗਬਾਜ਼ ਤਾਕਤਾਂ ਨਾਲ ਨੇੜਲੇ ਫੌਜੀ ਰਿਸ਼ਤੇ ਗੰਢਣ ਦੇ ਰਾਹ ਤੁਰੇ ਹੋਏ ਹਨ। ਪਿਛਲੇ ਇੱਕ ਦਹਾਕੇ ਦੌਰਾਨ ਭਾਰਤੀ ਹਾਕਮਾਂ ਨੇ ਇਹਨਾਂ ਲੀਹਾਂ ’ਤੇ ਤੇਜ਼ੀ ਨਾਲ ਕਦਮ ਧਰੇ ਹਨ। 2005 ’ਚ ਅਮਰੀਕਾ ਨਾਲ ਫੌਜੀ ਸੰਧੀ ਕਰਕੇ ਕਾਂਗਰਸੀ ਹਾਕਮਾਂ ਨੇ ਭਾਰਤੀ ਫੌਜਾਂ ਤੇ ਫੌਜੀ ਸੋਮਿਆਂ ਨੂੰ ਅਮਰੀਕੀ ਸਾਮਰਾਜੀ ਯੁੱਧਨੀਤਕ ਹਿਤਾਂ ਨਾਲ ਟੋਚਨ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ ਅਤੇ ਮਗਰੋਂ ਅਜਿਹੇ ਹੀ ਹੋਰ ਕਦਮ ਲਏ ਸਨ। ਏਸੇ ਨੀਤੀ ’ਤੇ ਚਲਦਿਆਂ ਹੀ ਭਾਰਤੀ ਹਕੂਮਤ ਨੇ 2006 ’ਚ ਫਰਾਂਸ ਨਾਲ ਵੀ ਰੱਖਿਆ ਖੇਤਰ ’ਚ ਸਹਿਯੋਗ ਦੀ ਸੰਧੀ ਕੀਤੀ ਸੀ। ਇਸ ਸਮਝੌਤੇ ’ਚ ਤਕਨੀਕੀ ਫੌਜੀ ਜਾਣਕਾਰੀ ਸਾਂਝੀ ਕਰਨ, ਗੁਪਤ ਸੂਚਨਾਵਾਂ ਦੇ ਆਦਾਨ-ਪ੍ਰਦਾਨ ਤੋਂ ਲੈ ਕੇ ਸਾਂਝੀਆਂ ਫੌਜੀ ਮਸ਼ਕਾਂ ਕਰਨ ਤੇ ਹਥਿਆਰਾਂ ਦਾ ਦੁਵੱਲਾ ਵਪਾਰ ਵਧਾਉਣ ਤੱਕ ਦੇ ਮੁੱਦੇ ਸ਼ਾਮਲ ਸਨ। ਏਸੇ ਸੰਧੀ ਤਹਿਤ ਹੀ ਪਹਿਲਾਂ ਭਾਰਤੀ ਤੇ ਫਰਾਂਸੀਸੀ ਫੌਜਾਂ ਦੀਆਂ ਹਵਾਈ ਤੇ ਸਮੁੰਦਰੀ ਟੁਕੜੀਆਂ ਨੇ ਸਾਂਝੀਆਂ ਮਸ਼ਕਾਂ ਕੀਤੀਆਂ ਸਨ। ਹੁਣ ਚੜ੍ਹਦੇ ਵਰ੍ਹੇ ਹੀ ਦੋਹਾਂ ਮੁਲਕਾਂ ਦੀਆਂ ਥਲ ਸੈਨਾਵਾਂ ਦੀਆਂ ਟੁਕੜੀਆਂ ਨੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ’ਚ ਸਾਂਝਾ ਜੰਗੀ ਅਭਿਆਸ ਕੀਤਾ ਹੈ। ਦੋਹਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਜਾਰੀ ਸਾਂਝੇ ਬਿਆਨਾਂ ਅਨੁਸਾਰ ਇਹ ਮਸ਼ਕਾਂ 6 ਤੋਂ 20 ਜਨਵਰੀ ਤੱਕ ਚੱਲੀਆਂ ਹਨ ਜੀਹਦੇ ’ਚ ਅੱਤਵਾਦ ਵਿਰੋਧੀ ਕਾਰਵਾਈਆਂ ਤੇ ਬਗਾਵਤ ਦਬਾਉਣ ਦੀਆਂ ਕਾਰਵਾਈਆਂ ਦੇ ਤਜ਼ਰਬੇ ਸਾਂਝੇ ਕੀਤੇ ਗਏ ਸਨ। ਇਸ ਸਾਂਝੇ ਅਭਿਆਸ ਤੋਂ ਮਗਰੋਂ ਫਰਾਂਸੀਸੀ ਫੌਜ ਦੀ ਇਹ ਟੁਕੜੀ ਭਾਰਤੀ ਹਾਕਮਾਂ ਵੱਲੋਂ ਮਨਾਏ ਜਾਂਦੇ ਗਣਤੰਤਰ ਦਿਵਸ ਸਮਾਗਮਾਂ ’ਚ ਵੀ ਸ਼ਾਮਲ ਹੋਈ ਹੈ। ਫਰਾਂਸ ਦਾ ਰਾਸ਼ਟਰਪਤੀ ਫਰਾਂਸਵਾ ਔਲਾਂਦੇ ਇਹਨਾਂ ਦਿਨਾਂ ਦੌਰਾਨ ਹੀ ਭਾਰਤ ਦੇ ਦੌਰੇ ’ਤੇ ਆਇਆ ਸੀ ਤੇ ਉਹੀ ਗਣਤੰਤਰ ਦਿਵਸ ਸਮਾਗਮਾਂ ਮੌਕੇ ਮੁੱਖ ਮਹਿਮਾਨ ਸੀ। ਇਹ ਪਹਿਲੀ ਵਾਰ ਸੀ ਕਿ ਕੋਈ ਵਿਦੇਸ਼ੀ ਫੌਜੀ ਟੁਕੜੀ ਭਾਰਤ ਦੀ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਈ। ਭਾਰਤੀ ਰਾਸ਼ਟਰਪਤੀ ਨੇ ਇਸ ਟੁਕੜੀ ਤੋਂ ਸਲਾਮੀ ਲੈਣ ’ਚ ਮਾਣ ਮਹਿਸੂਸ ਕੀਤਾ ਹੈ ਤੇ ਭਾਰਤੀ ਹਾਕਮ ਜਮਾਤਾਂ ਨੇ ਵੀ ਇਸਨੂੰ ਮਾਣਮੱਤਾ ਮੌਕਾ ਸਮਝਿਆ ਹੈ।
ਭਾਰਤੀ ਲੋਕਾਂ ਦੇ ਪੱਖ ਤੋਂ ਇਹ ਅਫਸੋਸਨਾਕ ਘਟਨਾ ਹੈ। ਜਿਸ ਫਰਾਂਸੀਸੀ ਫੌਜ ਤੋਂ ਸਲਾਮੀ ਲੈ ਕੇ ਭਾਰਤੀ ਹਾਕਮ ਡਾਢੀ ਤਸੱਲੀ ’ਚ ਹਨ, ਉਹ ਫੌਜ ਸੰਸਾਰ ਦੀਆਂ ਜਾਬਰ ਤੇ ਖੂੰਖਾਰ ਫੌਜਾਂ ’ਚ ਸ਼ੁਮਾਰ ਹੁੰਦੀ ਹੈ। ਜਿਸ ਫਰਾਂਸੀਸੀ ਫੌਜ ਦੇ ਨਾਪਾਕ ਕਦਮ ਭਾਰਤ ਦੀ ਧਰਤੀ ’ਤੇ ਪਏ ਹਨ, ਉਹਦਾ ਹੁਣ ਤੱਕ ਦਾ ਇਤਿਹਾਸ ਅਨੇਕ ਜ਼ੁਲਮੀ ਕਾਰਿਆਂ ਨਾਲ ਭਰਿਆ ਪਿਆ ਹੈ। ਅਮਰੀਕਾ ਤੇ ਇੰਗਲੈਂਡ ਤੋਂ ਮਗਰੋਂ ਫਰਾਂਸੀਸੀ ਫੌਜ ਦਾ ਹੀ ਨਾਂ ਬੋਲਦਾ ਹੈ ਜਿਸਨੇ ਲੰਘੇ ਤਾਜ਼ਾ ਅਰਸੇ ਦੌਰਾਨ ਸੰਸਾਰ ਦੇ ਵੱਖ ਵੱਖ ਮੁਲਕਾਂ ’ਚ ਫੌਜੀ ਹਮਲੇ ਕੀਤੇ ਹਨ ਤੇ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। 17 ਵੀਂ ਸਦੀ ਤੋਂ ਲੈ ਕੇ ਹੁਣ ਤੱਕ ਅਜਿਹੇ ਮੁਲਕਾਂ ਦੀ ਸੂਚੀ ਬਹੁਤ ਲੰਮੀ ਹੈ ਜਿੱਥੇ ਜਿੱਥੇ ਇਸ ਫੌਜ ਨੇ ਤਬਾਹੀ ਮਚਾਈ ਹੈ, ਕੌਮੀ ਮੁਕਤੀ ਲਹਿਰਾਂ ਨੂੰ ਲਹੂ ’ਚ ਡੁਬੋਇਆ ਹੈ ਤੇ ਫਰਾਂਸੀਸੀ ਸਰਮਾਏਦਾਰੀ ਲਈ ਮੰਡੀਆਂ ’ਤੇ ਕਬਜ਼ੇ ਜਮਾਏ ਹਨ। ਕੁੱਝ ਵਰ੍ਹੇ ਲਿਬੀਆ ਦੇ ਸ਼ਾਸਕ ਗੱਦਾਫ਼ੀ ਨੂੰ ਗੱਦੀਉਂ ਲਾਹੁਣ ਲਈ ਛੇੜੀ ਜੰਗ ’ਚ ਏਸੇ ਫਰਾਂਸੀਸੀ ਫੌਜ ਨੇ ਹੀ ਮੂਹਰੇ ਹੋ ਕੇ ਹਮਲੇ ਕੀਤੇ ਸਨ ਤੇ ਇਹਨਾਂ ਹਮਲਿਆਂ ’ਚ ਲਗਭਗ 50 ਹਜ਼ਾਰ ਲੋਕ ਮਾਰੇ ਗਏ ਸਨ। ਹੁਣ ਵੀ ਇਹ ਫੌਜ ਕਈ ਅਫ਼ਰੀਕੀ ਮੁਲਕਾਂ ਦੀ ਪ੍ਰਭੂਸੱਤਾ ਨੂੰ ਪੈਰਾਂ ਹੇਠ ਰੋਲ਼ ਰਹੀ ਹੈ ਤੇ ਉੱਥੇ ਲਗਾਤਾਰ ਤਾਇਨਾਤ ਹੈ ਤੇ ਅਜਿਹਾ ਕੁੱਝ ਹੀ ਸੀਰੀਆ ’ਚ ਕੀਤਾ ਜਾ ਰਿਹਾ ਹੈ। ਅਫ਼ਰੀਕੀ ਮੁਲਕਾਂ ’ਚ ਤਾਂ ਫਰਾਂਸੀਸੀ ਫੌਜ ਦੇ ਜ਼ੁਲਮਾਂ ਦੀਆਂ ਦਿਲ-ਕੰਬਾਊ ਕਥਾਵਾਂ ਪ੍ਰਚਲਿਤ ਹਨ। 35 ਵੀਂ ਇਨਫੈਂਟਰੀ ਰੈਜ਼ਮੈਂਟ ਦੀ ਸੱਤਵੀਂ ਹਥਿਆਰਬੰਦ ਬ੍ਰਿਗੇਡ ਦੀ ਜਿਹੜੀ ਟੁਕੜੀ ਹੁਣ ਸਾਂਝੇ ਅਭਿਆਸ ’ਚ ਸ਼ਾਮਲ ਹੋਈ ਹੈ ਉਹਨੂੰ ਅਫ਼ਗਾਨ ਜੰਗ ’ਚ ‘ਬਹਾਦਰੀ’ ਦਿਖਾਉਣ ਬਦਲੇ ਕਈ ਇਨਾਮ ਸਨਮਾਨ ਮਿਲੇ ਹੋਏ ਹਨ। ਭਾਵ ਇਸਨੇ ਨਾਟੋ ਹਮਲਿਆਂ ’ਚ ਅਫ਼ਗਾਨ ਲੋਕਾਂ ਦਾ ਬੇਥਾਹ ਲਹੂ ਵਹਾਇਆ ਹੈ।
ਅਜਿਹੀ ਖੂੰਖਾਰ ਤੇ ਜ਼ਾਲਮ ਫੌਜ ਨਾਲ ਸਾਂਝ ਵਧਾਉਣ ਦਾ ਇੱਕੋ ਇੱਕ ਅਰਥ ਉਹਦੇ ਲੁਟੇਰੇ ਜੰਗੀ ਮੰਤਵਾਂ ਦੀ ਪੂਰਤੀ ’ਚ ਹਿੱਸਾਪਾਈ ਬਣਦਾ ਹੈ। ਫਰਾਂਸ ਨੂੰ ਅਜਿਹੇ ਮੰਤਵਾਂ ਲਈ ਭਾਰਤੀ ਫੌਜ ਤੋਂ ਸਿੱਖਣ ਦੀ ਜ਼ਰੂਰਤ ਨਹੀਂ ਹੈ ਇਸ ਫੌਜ ਨੂੰ ਲਗਭਗ 4 ਸਦੀਆਂ ਦਾ ਤਜ਼ਰਬਾ ਹੈ ਜਦੋਂ ਇਸਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ’ਚ ਚੱਲਦੇ ਲੋਕ ਸੰਗਰਾਮਾਂ ਨੂੰ ਲਹੂ ’ਚ ਡੁਬੋਇਆ ਹੈ। ਫਰਾਂਸ ਨੂੰ ਆਪਣੀਆਂ ਧਾੜਵੀ ਮੁਹਿੰਮਾਂ ਦੌਰਾਨ ਤੋਪਾਂ ਤੇ ਗੋਲੀਆਂ ਮੂਹਰੇ ਡਾਹੁਣ ਲਈ ਨੌਜਵਾਨ ਚਾਹੀਦੇ ਹਨ ਤੇ ਭਾਰਤੀ ਹਾਕਮ ਅਜਿਹੇ ਨੌਜਵਾਨ ਮੁਹੱਈਆ ਕਰਵਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਅਜਿਹਾ ਮੌਕਾ ਬਖਸ਼ਣ ਲਈ ਫਰਾਂਸੀਸੀ ਸਾਮਰਾਜੀਆਂ ਦੇ ਸ਼ੁਕਰਗੁਜ਼ਾਰ ਹੋ ਰਹੇ ਹਨ। ਭਾਰਤੀ ਹਾਕਮਾਂ ਦੇ ਅਜਿਹੇ ਕਦਮ ਸੰਸਾਰ ਸਾਮਰਾਜੀ ਤਾਕਤਾਂ ਦੀ ਹੋ ਰਹੀ ਕਤਾਰਬੰਦੀ ਦਰਮਿਆਨ ਅਮਰੀਕਾ ਪੱਖੀ ਕੈਂਪ ਨਾਲ ਐਲਾਨੀਆ ਖੜ੍ਹਨ ਦੇ ਸੰਕੇਤ ਬਣ ਰਹੇ ਹਨ। ਅਮਰੀਕਾ ਤੋਂ ਅਗਾਂਹ ਨਾਟੋ ਜੰਗੀ ਗਰੁੱਪ ਦੇ ਹੋਰਨਾਂ ਮੈਂਬਰ ਮੁਲਕਾਂ ਨਾਲ ਵਧ ਰਿਹਾ ਫੌਜੀ ਸਹਿਯੋਗ ਭਾਰਤ ਨੂੰ ਇਸ ਜੰਗੀ ਗਰੁੱਪ ਨਾਲ ਟੋਚਨ ਕਰ ਰਿਹਾ ਹੈ। ਰੂਸ-ਚੀਨ ਨੂੰ ਘੇਰਨ ਦੀ ਅਮਰੀਕੀ ਯੁੱਧਨੀਤੀ ’ਚ ਭਾਰਤ ਦੀ ਅਸਰਦਾਰ ਵਰਤੋਂ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਇਹ ਅਮਰੀਕੀ ਕੈਂਪ ਦੀਆਂ ਜ਼ਰੂਰਤਾਂ ਹਨ ਤੇ ਖੇਤਰੀ ਚੌਧਰ ਲਈ ਅਮਰੀਕੀ ਸਰਪ੍ਰਸਤੀ ਦਾ ਹੱਥਾ ਭਾਰਤੀ ਹਾਕਮਾਂ ਦੀ ਜ਼ਰੂਰਤ ਹੈ। ਇਹ ਜ਼ਰੂਰਤਾਂ ਰਲਕੇ ਭਾਰਤੀ ਹਾਕਮਾਂ ਨੂੰ ਅਜਿਹੇ ਮਾਰਗ ਤੋਰ ਰਹੀਆਂ ਹਨ ਜੀਹਦੀਆਂ ਭਾਰਤੀ ਲੋਕਾਂ ਲਈ ਘਾਤਕ ਅਰਥ ਸੰਭਾਵਨਾਵਾਂ ਬਣਦੀਆਂ ਹਨ। ਨਾਟੋ ਮੁਲਕਾਂ ਨੇ ਅੱਤਵਾਦ ਖਿਲਾਫ਼ ਜੰਗ ਦੇ ਨਾਂ ਹੇਠ ਸੰਸਾਰ ਭਰ ’ਚ ਅੰਨ੍ਹੀ ਤਬਾਹੀ ਮਚਾਈ ਹੋਈ ਹੈ। ਅਰਬ ਮੁਲਕਾਂ ’ਚ ਅਜਿਹੀ ਹਾਲਤ ਪੈਦਾ ਕਰ ਦਿੱਤੀ ਗਈ ਹੈ ਕਿ ਲੱਖਾਂ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ ਤੇ ਲੱਖਾਂ ਹੀ ਇਹਨਾਂ ਮੁਲਕਾਂ ’ਚੋਂ ਹਿਜਰਤ ਕਰ ਰਹੇ ਹਨ। ਅਜਿਹੇ ਅਣਮਨੁੱਖੀ ਹਾਲਾਤਾਂ ਨੇ ਏਥੋਂ ਦੀ ਜਨਤਾ ’ਚ ਸਾਮਰਾਜੀ ਮੁਲਕਾਂ ਖਿਲਾਫ਼ ਡੂੰਘੀ ਨਫ਼ਰਤ ਤੇ ਰੋਹ ਪੈਦਾ ਕੀਤਾ ਹੋਇਆ ਹੈ। ਹੁਣ ਇਸ ਰੋਹ ਦਾ ਸੇਕ ਸਾਮਰਾਜੀ ਮੁਲਕਾਂ ਨੂੰ ਲੱਗਣਾ ਸ਼ੁਰੂ ਹੋ ਚੁੱਕਾ ਹੈ। ਫਰਾਂਸ ’ਚ ਵੀ ਪਿਛਲੇ ਵਰ੍ਹੇ ਹੋਏ ਧਮਾਕਿਆਂ ਨੇ ਸੈਂਕੜੇ ਲੋਕਾਂ ਦੀ ਜਾਨ ਲਈ ਹੈ। ਇਹ ਸੇਕ ਇਹਨਾਂ ਦੇ ਸੰਗੀ ਬਣ ਰਹੇ ਭਾਰਤ ਵਰਗੇ ਮੁਲਕਾਂ ਖਿਲਾਫ਼ ਵੀ ਸੇਧਤ ਹੋਣਾ ਹੈ। ਧਾਰਮਿਕ ਪੈਂਤੜੇ ਤੋਂ ਸਾਮਰਾਜੀ ਧਾਵੇ ਖਿਲਾਫ਼ ਲੜਾਈ ਲੜ ਰਹੀਆਂ ਜਥੇਬੰਦੀਆਂ ਨੇ ਭਾਰਤੀ ਰਾਜ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਪਿਛਲੇ ਕੁੱਝ ਸਮੇਂ ’ਚ ਭਾਰਤ ਦੀ ਫੌਜੀ ਤਾਕਤ ਦੇ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਇਹੀ ਦੱਸਦੇ ਹਨ। ਇਹਨਾਂ ਹਮਲਿਆਂ ਦਾ ਨਿਸ਼ਾਨਾ ਕਈ ਵਾਰ ਆਮ ਜਨਤਾ ਵੀ ਬਣ ਜਾਂਦੀ ਹੈ। ਜਿਉਂ ਜਿਉਂ ਭਾਰਤੀ ਹਾਕਮਾਂ ਨੇ ਇਸ ਜੰਗੀ ਗੁੱਟ ਤੇ ਅਮਰੀਕਾ ਨਾਲ ਹੋਰ ਫੌੋਜੀ ਰਿਸ਼ਤੇ ਗੰਢਣੇ ਹਨ ਤੇ ਉਹਦੀਆਂ ਸੰਸਾਰ ’ਚ ਲੁੱਟ ਮਚਾਉਣ ਤੇ ਜ਼ੁਲਮ ਢਾਹੁਣ ਦੀਆਂ ਕਾਰਵਾਈਆਂ ’ਚ ਹਿੱਸੇਦਾਰ ਬਣਨਾ ਹੈ ਤਿਉਂ ਤਿਉਂ ਹੀ ਭਾਰਤ ਨੇ ਸਾਮਰਾਜੀ ਤਾਕਤਾਂ ਨਾਲ ਭਿੜ ਰਹੀਆਂ ਵੱਖ ਵੱਖ ਸ਼ਕਤੀਆਂ ਦੇ ਚੋਟ ਨਿਸ਼ਾਨੇ ’ਤੇ ਆਉਂਦੇ ਜਾਣਾ ਹੈ ਤੇ ਇਸਦੀ ਕੀਮਤ ਭਾਰਤੀ ਲੋਕਾਂ ਨੂੰ ’ਤਾਰਨੀ ਪੈਣੀ ਹੈ। ਤੇ ਭਾਰਤੀ ਹਾਕਮ ਲਗਾਤਾਰ ਏਸੇ ਰਾਹ ਅੱਗੇ ਵਧ ਰਹੇ ਹਨ। ਅਮਰੀਕਾ ਦੇ ਪਾਲਤੂਆਂ ਵਜੋਂ ਪ੍ਰਚਲਿਤ ਅਤੇ ਸੰਸਾਰ ’ਚ ਹਥਿਆਰਾਂ ਦੇ ਸਭ ਤੋਂ ਮੋਹਰੀ ਖਰੀਦਦਾਰ ਮੁਲਕ ਸਾਊਦੀ ਅਰਬ ਤੇ ਇਜ਼ਰਾਈਲ ਨਾਲ ਵੀ ਭਾਰਤ ਨੇੜਲੇ ਫੌਜੀ ਸਬੰਧ ਵਿਕਸਿਤ ਕਰਨ ਜਾ ਰਿਹਾ ਹੈ। ਕੁੱਝ ਅਰਸਾ ਪਹਿਲਾਂ ਸਾਊਦੀ ਅਰਬ ਮੁਖੀ ਦੀ ਭਾਰਤ ਫੇਰੀ ’ਚ ਅਜਿਹੀ ਹੀ ਚਰਚਾ ਹੋਈ ਹੈ।
ਖਰੀਆਂ ਦੇਸ਼ ਭਗਤ, ਲੋਕ ਪੱਖੀ ਤੇ ਇਨਕਲਾਬੀ ਸ਼ਕਤੀਆਂ ਲਈ ਇਹ ਅਹਿਮ ਕਾਰਜ ਬਣਦਾ ਹੈ ਕਿ ਉਹ ਭਾਰਤੀ ਹਾਕਮਾਂ ਦੇ ਅਜਿਹੇ ਵਿਹਾਰ ਤੇ ਕਿਰਦਾ ਦਾ ਪਰਦਾਚਾਕ ਕਰਨ ਅਤੇ ਭਾਰਤੀ ਲੋਕਾਂ ਲਈ ਇਹਦੀਆਂ ਬਣਦੀਆਂ ਅਰਥ ਸੰਭਾਵਨਾਵਾਂ ਦਰਸਾਉਣ। ਆਪਣੇ ਮੁਲਕ ਦੀ ਧਰਤੀ ਅਜਿਹੇ ਲੁਟੇਰੇ ਜੰਗੀ ਮਕਸਦ ਲਈ ਵਰਤਣ ਦੇ ਮਨਸੂਬਿਆਂ ਖਿਲਾਫ਼ ਲੋਕਾਂ ਨੂੰ ਜਾਗ੍ਰਿਤ ਕਰਨ। ਇਸ ਕਾਰਜ ਦੀ ਮਹੱਤਤਾ ਏਸ ਕਰਕੇ ਵੀ ਵਧ ਜਾਂਦੀ ਹੈ ਕਿ ਦਹਿਸ਼ਤੀ ਹਮਲਿਆਂ ਦੀ ਸੂਰਤ ’ਚ ਹਾਕਮ ਲੋਕਾਂ ਨੂੰ ਕੌਮੀ ਜਨੂੰਨ ਦਾ ਝੱਲ ਚਾੜ੍ਹਨ ਤੇ ਪਾਕਿਸਤਾਨੀ ਵਿਰੋਧੀ ਭਾਵਨਾਵਾਂ ਉਭਾਰਨ ਦਾ ਯਤਨ ਕਰਦੇ ਹਨ ਤੇ ਲੋਕਾਂ ਦੇ ਵੱਡੇ ਹਿੱਸੇ ਹਾਕਮਾਂ ਦੇ ਅਜਿਹੇ ਫਿਰਕੂ ਤੇ ਸ਼ਾਵਨਵਾਦੀ ਪ੍ਰਚਾਰ ਦੀ ਮਾਰ ਹੇਠ ਆਉਂਦੇ ਹਨ। ਜਦਕਿ ਹਾਕਮਾਂ ਦੀਆਂ ਅਸਲ ਕਰਤੂਤਾਂ ਦੀ ਹਕੀਕਤ ਛੁਪਾ ਲਈ ਜਾਂਦੀ ਹੈ। ਇਹ ਹਕੀਕਤ ਲੋਕਾਂ ਸਾਹਮਣੇ ਲਿਆਉਣੀ ਲਾਜ਼ਮੀ ਹੈ। ਇਹ ਦਰਸਾਉਣਾ ਲਾਜ਼ਮੀ ਹੈ ਕਿ ਇੱਕ ਅਮਨ ਪਸੰਦ ਤੇ ਚੰਗੇ ਗੁਆਂਢੀ ਤੇ ਵਿਦੇਸ਼ੀ ਮੁਲਕਾਂ ’ਚ ਦਖਲਅੰਦਾਜ਼ੀ ਨਾ ਕਰਨ ਵਰਗੇ ਮੁਲਕ ਵਜੋਂ ਵਿਚਰ ਕੇ ਹੀ ਅਜਿਹੇ ਹਮਲਿਆਂ ਤੋਂ ਬਚਾਅ ਹੋ ਸਕਦਾ ਹੈ। ਭਾਰਤੀ ਹਾਕਮਾਂ ਨੂੰ ਅਜਿਹੇ ਰਾਹ ਪਾਉਣ ਲਈ ਚੇਤਨ ਲੋਕ ਤਾਕਤ ਦਾ ਦਬਾਅ ਹੀ ਅਹਿਮ ਰੋਲ ਅਦਾ ਕਰ ਸਕਦਾ ਹੈ।

9) ਖੇਤ ਮਜ਼ਦੂਰ ਔਰਤਾਂ ਦੀ ਵਿੱਥਿਆ

‘‘ਭੁੱਖੇ ਮਰਨ ਹੀ ਰਹਿ ਗਿਆ ਗਰੀਬਾਂ ਦਾ, ਔਰਤਾਂ ਦਾ ਤਾਂ ਬੱਸ ਸਬਰ ਈ ਵੱਡਾ ਏ’’

-     ਕਰਮਜੀਤ

ਪੰਜਾਬ ’ਚ ਕੋਈ ਟਾਵਾਂ-ਟੱਲਾ ਹੀ ਖੇਤ-ਮਜ਼ਦੂਰ ਪਰਿਵਾਰ ਹੋਊ ਜਿਸ ਸਿਰ ਕਰਜ਼ੇ ਦੀ ਪੰਡ ਨਾ ਹੋਵੇ। ਪਰ ਪੰਜਾਬ ਸਰਕਾਰ ਇਸ ਗੱਲ ਤੋਂ ਬਹੁਤ ਢੀਠਤਾਈ ਨਾਲ ਮੁੱਕਰਦੀ ਰਹੀ ਹੈ। ਖੇਤ-ਮਜ਼ਦੂਰ ਗਰੀਬੀ ਅਤੇ ਕਰਜ਼ੇ ਦੇ ਜਾਲ ’ਚ ਫਸੇ ਖੁਦਕੁਸ਼ੀਆਂ ਕਰ ਰਹੇ ਹਨ, ਇਹ ਇਨ੍ਹਾਂ ਨੂੰ ਖੁਦਕੁਸ਼ੀਆਂ ਸਬੰਧੀ ਸਰਵੇ ਦੇ ਘੇਰੇ ’ਚ ਲਿਆਉਣ ਨੂੰ ਹੀ ਤਿਆਰ ਨਹੀਂ ਸੀ। ਇਹ ਤਾਂ ਸਰਕਾਰ ਨੂੰ ਜਥੇਬੰਦ ਮਜ਼ਦੂਰ ਸ਼ਕਤੀ ਦੇ ਦਬਾਅ ਹੇਠ ਹੀ ਅਜਿਹਾ ਸਰਵੇ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਸਰਕਾਰ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਰਾਜ ਦੇ ਖੇਤੀ ਖੇਤਰ ਵਿੱਚ 6926 ਵਿਅਕਤੀਆਂ ਨੇ 2000 ਤੋਂ 2010 ਦੌਰਾਨ ਆਤਮ ਹੱਤਿਆਵਾਂ ਕੀਤੀਆਂ। ਜਿੰਨ੍ਹਾਂ ’ਚੋਂ 3954 ਕਿਸਾਨ ਤੇ 2972 ਖੇਤ-ਮਜ਼ਦੂਰ ਸਨ। ਭਾਵ 74 % ਕਿਸਾਨੀ ਤੇ 58.6 % ਖੇਤ-ਮਜ਼ਦੂਰਾਂ ਨੇ ਕਰਜ਼ੇ ਦੀ ਪੰਡ ਭਾਰੀ ਹੋ ਜਾਣ ਕਾਰਨ ਖੁਦਕੁਸ਼ੀ ਕੀਤੀ। ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਇੱਕ ਸਰਵੇਖਣ ਅਨੁਸਾਰ 70 % ਤੋਂ ਵੱਧ ਖੇਤ-ਮਜ਼ਦੂਰ ਕਰਜ਼ੇ ’ਚ ਫਸੇ ਹੋਏ ਹਨ। ਪੜਤਾਲੇ ਗਏ ਹਰ ਮਾਮਲੇ ਨੇ ਦਰਸਾਇਆ ਹੈ ਕਿ ਖੇਤ-ਮਜ਼ਦੂਰਾਂ ਸਿਰ ਕਰਜ਼ਾ ਬਹੁਤ ਹੀ ਮੁੱਢਲੀਆਂ ਲੋੜਾਂ ਕਰਕੇ ਚੜ੍ਹਿਆ ਹੈ। ਖੇਤ-ਮਜ਼ਦੂਰ ਵਸੀਲੇ ਵਿਹੂਣੇ ਹੋਣ ਕਰਕੇ ਕਰਜ਼ਾ ਮੋੜਨ ਦੇ ਤਾਂ ਸਮਰੱਥ ਹੀ ਨਹੀਂ ਹੁੰਦੇ। ਇਸ ਲਈ ਕਰਜ਼ੇ ਬਦਲੇ ਵਗਾਰਾਂ ਵੀ ਕਰਨੀਆਂ ਪੈਂਦੀਆਂ ਨੇ। ਮੂਲ ਵੀ ਵਧਦਾ ਤੁਰਿਆ ਜਾਂਦਾ ਹੈ ਜੋ ਕਈ ਵਾਰ ਪੀੜ੍ਹੀਆਂ ਦੀ ਮੁਸ਼ੱਕਤ ਨਾਲ ਵੀ ਖਹਿੜਾ ਨਹੀਂ ਛੱਡਦਾ। ਉਹ ਕਰਜ਼ੇ ਦੇ ਅਜਿਹੇ ਜਾਲ ’ਚ ਫਸ ਜਾਂਦੇ ਹਨ ਕਿ ਉਨ੍ਹਾਂ ਦੀ ਹਾਲਤ ਬੰਧੂਆਂ ਮਜ਼ਦੂਰਾਂ ਵਾਲੀ ਬਣ ਜਾਂਦੀ ਹੈ।
ਜੇ ਖੇਤ-ਮਜ਼ਦੂਰ ਔਰਤਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਸਾਡੇ ਸਮਾਜ ਦਾ ਪਹਿਲਾਂ ਹੀ ਸਭ ਤੋਂ ਵੱਧ ਲੁੱਟਿਆ, ਲਿਤਾੜਿਆ ਤੇ ਦੁਰਕਾਰਿਆ ਹਿੱਸਾ ਨੇ। ਪਰ ਜੇ ਪਰਿਵਾਰ ’ਚੋਂ ਕਮਾਊ ਖੁਦਕੁਸ਼ੀ ਕਰ ਜਾਵੇ ਜਾਂ ਕਿਸੇ ਬਿਮਾਰੀ ਨਾਲ ਮਰ ਜਾਵੇ ਤਾਂ ਇਨ੍ਹਾਂ ’ਚੋਂ ਬਹੁਤੀਆਂ ਅਣਸਰਦੇ ਨੂੰ ਹੀ, ਕਰਜ਼ੇ ਬਦਲੇ ਵਗਾਰੀ ਕੰਮਾਂ ’ਚ ਜਕੜੀਆਂ ਜਾਣ ਲਈ ਸਰਾਪੀਆਂ ਜਾਂਦੀਆਂ ਨੇ। ਨਾਲ ਹੀ ਉਸੇ ਸਮੇਂ ਪਰਿਵਾਰ ਦੀ ਕਬੀਲਦਾਰੀ ਤੋਰਨ ਦਾ ਭਾਰ ਵੀ ਇਨ੍ਹਾਂ ਦੇ ਮੋਢਿਆਂ ’ਤੇ ਆਣ ਡਿੱਗਦਾ ਹੈ। ਘਰ ਦਾ ਸਾਰਾ ਕੰਮ ਕਰਨਾ, ਬੱਚੇ ਪਾਲਣਾ, ਜੇ ਕੋਈ ਘਰੇ ਬੁੱਢਾ ਠੇਰਾ ਹੋਵੇ ਉਸਨੂੰ ਸਾਂਭਣ ਵਰਗੇ ਕੰਮ ਔਰਤ ਹੋਣ ਨਾਤੇ ਕਰਨੇ ਹੀ ਪੈਂਦੇ ਹਨ। ਟੱਬਰ ਦਾ ਤੋਰਾ ਤੋਰਨ ਲਈ ਦਿਹਾੜੀ-ਦੱਪਾ ਕਰਨ ਜਾਣਾ, ਦੂਜਿਆਂ ਦੇ ਘਰਾਂ ’ਚ ਗੋਹਾ-ਕੂੜਾ ਕਰਨ ਜਾਣਾ ਜਾਂ ਹੋਰ ਕੋਈ ਕੰਮ ਕਰਨ ਜਾਣਾ ਇਨ੍ਹਾਂ ਲਈ ਮਜਬੂਰੀ ਬਣ ਜਾਂਦਾ ਹੈ। ਇਹ ਮਜਬੂਰੀਆਂ ਨਾਲ ਬੱਝੀਆਂ, ਅੰਤਾਂ ਦੇ ਕੰਮਾਂ ਦੇ ਬੋਝ ਥੱਲੇ ਦਬੀਆਂ ਦੇ ਦੁੱਖਾਂ-ਦਰਦਾਂ ਦੀ ਲੰਬੀ ਕਹਾਣੀ ਹੈ। ਪਰ ਔਖੀਆਂ ਹਾਲਤਾਂ ’ਚੋਂ ਬਣੇ ਇਨ੍ਹਾਂ ਦੇ ਉੱਦਮੀ ਤੇ ਸਿਰੜੀ ਸੁਭਾਅ ਥੋੜ੍ਹੇ ਕੀਤੇ ਇਨ੍ਹਾਂ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਮੂਹਰੇ ਹਾਰਨ ਨੀਂ ਦਿੰਦੇ।
ਪਿਛਲੇ ਦਿਨੀਂ ਮੁਕਤਸਰ ਦੇ ਇਲਾਕੇ ’ਚ ਕੁੱਝ ਖੁਦਕੁਸ਼ੀ ਪੀੜਤ ਤੇ ਕਰਜ਼ੇ ਮਾਰੀਆਂ ਖੇਤ-ਮਜ਼ਦੂਰ ਔਰਤਾਂ ਨਾਲ ਥੋੜ੍ਹਾ ਸਮਾਂ ਗੱਲਾਂ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੀਆਂ ਹੱਡ-ਬੀਤੀਆਂ ਬਿਆਨ ਕੀਤੀਆਂ। ਜੋ ਸਾਡੇ ਸਮਾਜ ਦੇ ਕੋਝ ਨੂੰ ਤਾਂ ਤਿੱਖੀ ਤਰ੍ਹਾਂ ਉਘਾੜਦੀਆਂ ਹੀ ਨੇ, ਪਰ ਇਸ ਤਬਕੇ ’ਚ ਤਿੱਖੀ ਇਨਕਲਾਬੀ ਤਬਦੀਲੀ ਲਈ ਇਨਕਲਾਬੀ ਜਥੇਬੰਦਕ ਤਾਕਤਾਂ ਨੂੰ ਜ਼ੋਰ ਨਾਲ ਆਪਣੀਆਂ ਤਾਕਤਾਂ ਵਧਾਉਣ ਦੀ ਮੰਗ ਵੀ ਉਭਾਰਦੀਆਂ ਹਨ।
ਨਿੱਕੋ (ਏਥੇ ਸਾਰੇ ਫਰਜ਼ੀ ਨਾਂ ਵਰਤੇ ਗਏ ਨੇ) ਜੋ ਤਿੰਨ ਜੁਆਕਾਂ ਦੀ ਮਾਂ ਹੈ, ਦੱਸਦੀ ਹੈ ਕਿ ਸਿਰ ’ਤੇ ਕਰਜ਼ਾ ਲੱਖ ਤੋਂ ਉੱਪਰ ਹੈ। ਮਕਾਨ ਡਿੱਗ ਪਿਆ ਸੀ ਤੇ ਕਮਰਾ ਪਾਉਣ ਲਈ ਜਿਮੀਂਦਾਰਾਂ ਤੋਂ ਕਰਜ਼ਾ ਚੁੱਕਣਾ ਪਿਆ ਸੀ। ਉਸਦਾ ਆਦਮੀ ਨਸ਼ੇ ਕਰਦੈ, ਕੰਮ ਕੋਈ ਉਸ ਤੋਂ ਹੁੰਦਾ ਨੀਂ। ਪਹਿਲਾਂ ਜਿਮੀਂਦਾਰਾਂ ਦੇ ਘਰ ਇਸਦਾ ਆਦਮੀ ਕੰਮ ਕਰਦਾ ਰਿਹਾ ਸੀ। ਕੁੱਝ ਚਿਰ ਪਹਿਲਾਂ ਵੱਡੀ ਕੁੜੀ ਘਰੋਂ ਚਲੀ ਗਈ ਸੀ। ਛੋਟੀ ਕੁੜੀ ਜਿਮੀਂਦਾਰਾਂ ਦੀ ਚੰਡੀਗੜ੍ਹ ਵਿਆਹੀ ਹੋਈ ਕੁੜੀ ਕੋਲ ਉਹਨਾਂ ਦੇ ਘਰ ਦਾ ਕੰਮ ਕਰਨ ਲਈ ਤਿੰਨ ਸਾਲਾਂ ਲਈ ਉੱਥੇ ਭੇਜੀ ਹੋਈ ਹੈ। ਜਿਮੀਂਦਾਰ ਕਹਿੰਦੈ ਐ ‘‘ਅਸੀਂ ਥੋਡੀ ਕੁੜੀ ਦਾ ਵਿਆਹ ਕਰ ਦਿਆਂਗੇ।’’ ਹਿਸਾਬ ਕੋਈ ਨਹੀਂ ਉਸਦੇ ਕੰਮ ਦਾ। ਇਹ ਰੋਂਦੀ ਕਹਿੰਦੀ ਹੈ ਕਿ ਇਹ ਕੁੜੀ ਵੀ ਮੇਰੇ ਵੱਲੋਂ ਤਾਂ ਮੇਰੇ ਕੋਲੋਂ ਚਲੀ ਗਈ। ਆਪ ਇਹ ਕਿੰਨੂ ਤੋੜਨ ਜਾਂਦੀ ਹੈ ਦਿਹਾੜੀ ’ਤੇ। ਕਿੰਨੂ ਤੋੜਨ ਦੀ ਦਿਹਾੜੀ 140 ਰੁਪਏ ਮਿਲਦੀ ਹੈ। ਪਰ ਕਿੰਨੂ ਤੋੜਨ ਦਾ ਕੰਮ ਬਹੁਤ ਔਖਾ ਹੈ। ਉੱਤੇ ਚੜ੍ਹ ਕੇ ਤੋੜਨੇ ਪੈਂਦੇ ਨੇ, ਬਾਂਦਰਾਂ ਵਾਂਗੂ ਲਟਕਣਾ ਪੈਂਦਾ ਹੈ। ਕਈ ਵਾਰ ਡਿਗਦੀਆਂ ਨੇ, ਸੱਟਾਂ ਵੱਜਦੀਆਂ ਨੇ ਤੇ ਕੱਪੜੇ ਵੀ ਫਟ ਜਾਂਦੇ ਨੇ।
ਅੱਜਕਲ੍ਹ ਮੁਕਤਸਰ ਇਲਾਕੇ ’ਚ ਕਿੰਨੂ ਤੋੜਨ ਦਾ ਕੰਮ ਚਲਦਾ ਹੈ ਜੋ ਕਿ ਕੁੱਝ ਦਿਨਾਂ ਲਈ ਹੀ ਹੁੰਦਾ ਹੈ। ਬਹੁਤੀਆਂ ਖੇਤ-ਮਜ਼ਦੂਰ ਔਰਤਾਂ ਇਨ੍ਹੀਂ ਦਿਨੀਂ ਕਿੰਨੂ ਤੋੜਨ ਜਾਂਦੀਆਂ ਹਨ। ਬਾਗਾਂ ਦੇ ਠੇਕੇਦਾਰ ਇਨ੍ਹਾਂ ਨੂੰ ਸਵੇਰੇ 7 ਵਜੇ ਟਰਾਲੀਆਂ ’ਤੇ ਬਿਠਾ ਕੇ ਲੈ ਜਾਂਦੇ ਨੇ ਤੇ ਸ਼ਾਮੀਂ 8 ਵਜੇ ਤੱਕ ਘਰੀਂ ਛੱਡਦੇ ਨੇ। ਜਦੋਂ ਇਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਫੇਰ ਘਰ ਦਾ ਕੰਮ ਕਦੋਂ ਕਰਦੀਆਂ ਓਂ ਤਾਂ ਨਿੱਕੋ ਬੋਲੀ, ‘‘ਰਾਤ ਨੂੰ ਹੀ ਘੱਟਾ ਢੋਣੈ ਐਂ, ਦਿਨ ਤਾਂ ਲੋਕਾਂ ਲਈ ਨੇ’’।
ਗੁਰਦਿਆਲੋ ਜੋ ਚਾਰ ਜੁਆਕਾਂ ਦੀ ਮਾਂ ਹੈ ਦੱਸਦੀ ਹੈ ਕਿ ਆਦਮੀ ਨੇ ਸਪਰੇਅ ਪੀ ਲਈ ਸੀ। ਸਿਰ 60-70 ਹਜ਼ਾਰ ਰੁਪਏ ਕਰਜ਼ਾ ਹੈ। ਜਿੱਥੇ ਕੰਮ ਮਿਲਦਾ ਹੈ ਚਲੇ ਜਾਨੇ ਹਾਂ। ਚਾਹੇ ਖੇਤਾਂ ’ਚ ਮਿਲਜੇ, ਚਾਹੇ ਜਿਮੀਂਦਾਰਾਂ ਦੇ ਘਰਾਂ ’ਚ ਕੋਈ ਕੰਮ ਕਰਨ ਨੂੰ ਮਿਲਜੇ। ਹੁਣ ਕਿੰਨੂ ਤੋੜਨ ਜਾਂਦੀ ਹੈ। ਠੇਕੇਦਾਰ ਰੋਟੀ ਦੇ ਨਾਲ ਹੀ ਚਾਹ ਦੇ ਦਿੰਦੇ ਨੇ। ਉਨ੍ਹਾਂ ਦੇ ਬੰਦੇ ਇਨ੍ਹਾਂ ਦੇ ਕੰਮ ਦੀ ਨਿਗਰਾਨੀ ਕਰਦੇ ਰਹਿੰਦੇ ਨੇ ਕਿ ਕਿਤੇ ਬਹਿ ਤਾਂ ਨੀਂ ਗਈਆਂ, ਖੜ੍ਹ ਤਾਂ ਨੀਂ ਗਈਆਂ। ਭੋਰਾ ਆਰਾਮ ਨੀਂ ਕਰਨ ਦਿੰਦੇ। ਸਾਰਾ ਦਿਨ ਸੂਲਾਂ-ਕੰਡਿਆਂ ਵਿੱਚ ਦੀ ਉੱਤੇ ਚੜ੍ਹ ਚੜ੍ਹ ਕੇ ਕਿੰਨੂ ਤੋੜਨੇ ਪੈਂਦੇ ਨੇ। ਸਿਰ ਪੱਕੇ ਪਏ ਨੇ, ਉਂਗਲਾਂ ਪੱਕੀਆਂ ਪਈਆਂ ਨੇ। ਘਰੇ ਜਾ ਕੇ ਕੰਮ ਨੀਂ ਹੁੰਦਾ, ਫੇਰ ਵੀ ਪੈਂਦੀਆਂ ਚੀਸਾਂ ’ਚ ਕਰਨਾ ਪੈਂਦਾ ਹੈ। ਜੇ ਸਾਡੇ ’ਚੋਂ ਮਾੜਾ ਮੋਟਾ ਕੋਈ ਬਿਮਾਰ ਹੋ ਜੇ ਤਾਂ ਠੇਕੇਦਾਰ ਕਹਿ ਦਿੰਦੇ ਨੇ ਕੱਲ੍ਹ ਨੂੰ ਕੰਮ ’ਤੇ ਨਾ ਆਈਂ।
ਚੰਨੋ ਦੱਸਦੀ ਹੈ ਕਿ ਮਾੜਾ ਮੋਟਾ ਦਿਹਾੜੀ-ਦੱਪਾ ਕਰਦੇ ਹਾਂ, ਉਹ ਵੀ ਜੇ ਕਿਤੇ ਮਿਲ ਜੇ। ਉਸਦਾ ਆਦਮੀ ਮੁੱਕਿਆ ਹੋਇਆ ਹੈ। ਉਸਦੇ ਇਲਾਜ ਵਾਸਤੇ ਸਰਪੰਚ ਤੋਂ ਪੈਸੈ ਫੜ੍ਹੇ ਸੀ, ਜੋ ਹੁਣ ਵਧ ਕੇ ਦੋ ਲੱਖ ਦੇ ਨੇੜੇ ਹੋਏ ਪਏ ਨੇ। ਵਗਾਰ ’ਚ ਹੀ ਗੋਹਾ-ਕੂੜਾ ਕਰੀ ਜਾਨੇਂ ਆਂ। ਐਤਕੀਂ ਤਾਂ ਨਰਮਾ ਵੀ ਨੀਂ ਹੋਇਆ। ਭੁੱਖੇ ਮਰਨ ਹੀ ਰਹਿ ਗਿਆ ਗਰੀਬਾਂ ਦਾ। ਔਰਤਾਂ ਦਾ ਤਾਂ ਬੱਸ ਸਬਰ ਈ ਵੱਡਾ ਏ।
ਵੀਰਾਂ ਦੱਸਦੀ ਹੈ ਕਿ ਸਾਡੇ ਸਿਰ ਡੇਢ ਲੱਖ ਦਾ ਕਰਜ਼ਾ ਹੈ। ਮੁੰਡੇ ਨੂੰ ਪੋਲੀਓ ਹੋ ਗਿਆ ਸੀ। ਇੱਕ ਬਾਂਹ ਤੇ ਇੱਕ ਲੱਤ ਮਾਰੀ ਗਈ ਸੀ। 12 ਸਾਲ ਇਲਾਜ ਵਾਸਤੇ ਚੱਕੀ ਫਿਰਦੇ ਰਹੇ। ਇੱਕ ਦਿਨ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੱਲ ਕੋਈ ਨਹੀਂ ਹੋਈ ਸੀ। ਉਸ ਦਿਨ ਵੀ ਮਿਰਚਾਂ ਰਗੜ ਕੇ ਰੋਟੀ ਦਿੱਤੀ ਸੀ। ਅਸੀਂ ਸਾਰਿਆਂ ਨੇ ਹੀ ਇੱਕ ਇੱਕ ਰੋਟੀ ਖਾਧੀ ਸੀ। ਮੇਰੇ ਕੋਲ ਜਿੰਨੇ ਕੁ ਪੈਸੇ ਸੀ ਮੈਂ ਓਨਾ ਕੁ ਆਟਾ ਲਿਆਈ ਸੀ। ਕਹਿੰਦਾ, ‘‘ਪਹਿਲਾਂ ਥੋਥੋਂ ਮੇਰਾ ਇਲਾਜ ਨੀਂ ਕਰਾਇਆ ਗਿਆ। ਹੁਣ ਰੋਟੀਆਂ ਨੀਂ ਪੂਰੀਆਂ ਹੁੰਦੀਆਂ, ਦਾਲ ਨੀਂ ਬਣਾਈ ਜਾਂਦੀ।’’ ਜਿਹੋ ਜਿਹਾ ਘਰੇ ਹੁੰਦੈ, ਉਹੋ ਜਿਹਾ ਸਾਰ ਲੈਨੇ ਆਂ। ਕਿਹਨੂੰ ਆਖੀਏ ਕਿ ਭੁੱਖੇ ਪੈਨ੍ਯੇ ਆਂ ਕਿ ਖਾ ਕੇ ਪੈਨੇਂ ਆਂ। ਦੂਜੇ ਮੁੰਡਿਆਂ ਦੇ ਆਪਦੇ ਨੀਂ ਪੰਜ-ਪਾਂਜੇ ਪੂਰੇ ਹੁੰਦੇ, ਸਾਨੂੰ ਕਿੱਥੋਂ ਖੁਆ ਦੇਣ। ਦਿਹਾੜੀ ਮਿਲ ਜਾਂਦੀ ਹੈ ਤਾਂ ਖਾ ਲੈਨੇ ਆਂ, ਨਹੀਂ ਤਾਂ ਭੁੱਖੇ ਪੈ ਜਾਨੇਂ ਆਂ। ਬੁੜਿਆਂ ਨੂੰ ਉਂਝ ਵੀ ਕੋਈ ਕੰਮ ’ਤੇ ਘੱਟ ਹੀ ਲਾਉਂਦੈ। ਜਿਨ੍ਹਾਂ ਤੋਂ ਪੈਸੇ ਫੜ੍ਹੇ ਨੇ, ਉਨ੍ਹਾਂ ਗੋਲਪੁਣਾ ਵੀ ਕਰਨਾ ਪੈਂਦਾ ਤੇ ਉੱਚੀਆਂ-ਨੀਵੀਆਂ ਵੀ ਸੁਣਨੀਆਂ ਪੈਂਦੀਆਂ ਨੇ।
ਜਗੀਰ ਕੁਰ ਤਿੰਨ ਕੁੜੀਆਂ ਦੀ ਮਾਂ ਹੈ। ਦੱਸਦੀ ਹੈ ਕਿ ਕੁੜੀਆਂ ਛੋਟੀਆਂ ਹੀ ਸੀ, ਇੱਕ ਤਾਂ ਬਾਅਦ ’ਚ ਹੀ ਹੋਈ ਸੀ ਜਦੋਂ ਆਦਮੀ ਨੇ ਖੁਦਕੁਸ਼ੀ ਕਰ ਲਈ। ਸਿਰ ਦੋ-ਢਾਈ ਲੱਖ ਦੇ ਨੇੜ ਕਰਜ਼ਾ ਹੈ। ਜਦੋਂ ਸਪਰੇਅ ਪੀਤੀ ਸੀ ਤਾਂ ਹਸਪਤਾਲ ਦਖਲ ਕਰਾਇਆ ਸੀ। ਇਲਾਜ ਵਾਸਤੇ ਪੂਰੀ ਵਾਹ ਲਾਈ, ਪਰ ਬਚਿਆ ਨਹੀਂ। ਸੱਸ-ਸਹੁਰਾ ਨਾਲ ਰਹਿੰਦੇ ਨੇ। ਇਨ੍ਹਾਂ ਕੋਲ ਥੋੜ੍ਹੀਆਂ ਜਿਹੀਆਂ ਭੇਡਾਂ ਸਨ। ਜੋ ਕਰਜ਼ਾ ਮੋੜਨ ਵਾਸਤੇ ਵੇਚਣੀਆਂ ਪਈਆਂ। ਹੁਣ ਚਾਰੇ ਮਾਵਾਂ-ਧੀਆਂ ਦਿਹਾੜੀ ਕਰਨ ਜਾਂਦੀਆਂ ਨੇ। ਨਾਲ ਕੋਈ ਕੱਟੀ ਵਗੈਰਾ ਪਾਲ਼ ਕੇ ਆਪ ਦੀ ਦਿਨ ਕਟੀ ਕਰਦੇ ਨੇ।
ਸੁਰਜੀਤ ਦੋ ਜੁਆਕਾਂ ਦੀ ਮਾਂ ਹੈ, ਦੱਸਦੀ ਹੈ ਕਿ ਅਸੀਂ ਇੱਕ ਕਮਰਾ ਪਾਇਆ ਸੀ ਤੇ ਇੱਕ ਸਾਡਾ ਬਿੱਲ ਜ਼ਿਆਦਾ ਆ ਗਿਆ ਸੀ। ਇਸ ਕਰਕੇ ਸਿਰ ਕਰਜ਼ਾ ਚੜ੍ਹ ਗਿਆ। ਆਦਮੀ ਨੇ ਨਮੋਸ਼ੀ ’ਚ ਖੁਦਕੁਸ਼ੀ ਕਰ ਲਈ। ਹੁਣ ਕਿੰਨੂ ਤੋੜਨ ਦਿਹਾੜੀ ’ਤੇ ਜਾਂਦੀ ਹੈ। ਕਿਤੇ ਆਪਣੀ ਸਤਾਰਾਂ ਸਾਲਾਂ ਦੀ ਕੁੜੀ ਨੂੰ ਦਿਹਾੜੀ ’ਤੇ ਭੇਜਦੀ ਹੈ। ਜਦੋਂ ਜੁਆਨ ਕੁੜੀ ਨੂੰ ਕੰਮ ’ਤੇ ਭੇਜਦੀ ਹੈ ਤਾਂ ਚਿੰਤਾ ਵੱਢ ਵੱਢ ਖਾਂਦੀ ਹੈ। ਪਰ ਸਰਦਾ ਨਹੀਂ। ਜੁਆਕਾਂ ਦਾ ਕੋਈ ਚਾਅ ਨੀਂ ਪੂਰਾ ਕੀਤਾ ਜਾਂਦਾ। ਅੱਖਾਂ ਭਰਕੇ ਕਹਿੰਦੀ ਹੈ ‘‘ਜੁਆਕ ਜਦੋਂ ਕੋਈ ਚੀਜ਼ ਮੰਗਦੇ ਨੇ ਤਾਂ ਆਪਦਾ ਮਨ ਮੱਚਦੈ। ਵਿਧਵਾ ਹੋਣ ਨਾਤੇ ਝੱਲਣਾ ਤਾਂ ਬਹੁਤ ਕੁੱਝ ਪੈਂਦਾ। ਲੋਕਾਂ ਦੀਆਂ ਗੱਲਾਂ ਵੀ ਝੱਲਣੀਆਂ ਪੈਂਦੀਆਂ। ਬੰਦਿਆਂ ਦੀ ਥਾਂ ’ਤੇ ਵੀ ਬੁੜੀ ਨੂੰ ਖੜ੍ਹਨਾ ਪੈਂਦਾ, ਉਹ ਵੀ ਆਖ ਦਿੰਦੇ ਐ, ਪਤਾ ਨੀਂ ਕਾਹਤੋਂ ਖੜ੍ਹੀ ਹੈ। ਏਥੋਂ ਵੀ ਬੋਚ ਕੇ, ਉੱਥੋਂ ਵੀ ਬੋਚ ਕੇ, ਮਸਾਂ ਟਾਈਮ ਪਾਸ ਕਰਨਾ ਪੈਂਦਾ। ਬੰਦਾ ਨਾ ਮਰੇ ਬੁੜੀ ਆਪ ਮਰਜੇ। ਜੇ ਬਿਮਾਰੀ-ਠਿਮਾਰੀ ਮੌਕੇ ਘਰੇ ਡਾਕਟਰ ਵੀ ਸੱਦ ਲਿਆ ਤਾਂ ਆਖਣਗੇ ਇਨ੍ਹਾਂ ਦੇ ਤਾਂ ਮਿੰਟ ’ਚ ਆ ਗਿਆ। ਗੱਲਾਂ ਬਹੁਤ ਦੂਰ ਤੱਕ ਹੋ ਜਾਂਦੀਆਂ। ਇਹ ਤਾਂ, ਜਿਸ ਨਾਲ ਬੀਤਦੀ ਹੈ, ਬੱਸ ਉਹੀ ਜਾਣਦੈ।’’
ਬੁਰੇ ਹਾਲੀਂ ਪਰਿਵਾਰ ਚਲਾ ਰਹੀਆਂ ਤੇ ਕਰਜ਼ੇ ’ਚ ਵਿੰਨ੍ਹੀਆਂ ਇਹਨਾਂ ਮਜ਼ਦੂਰ ਔਰਤਾਂ ਦੇ ਕਰਜ਼ੇ ਤੋਂ ਛੁਟਕਾਰਾ ਪਾ ਸਕਣ ਦੀ ਕੋਈ ਸਬੀਲ ਬਣਦੀ ਨਹੀਂ ਦਿਸਦੀ, ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਕਰਜ਼ਾ ਲਾਹੁਣ ਲਈ ਜਾਂ ਲਗਾਤਾਰ ਰੁਜ਼ਗਾਰ ਮਿਲੇ, ਜਾਂ ਕਮਾਈ ਦਾ ਕੋਈ ਹੋਰ ਹੀਲਾ ਵਸੀਲਾ ਬਣੇ। ਹੁਣ ਜਿੰਨਾ ਕੁ ਕੰਮ ਮਿਲਦਾ ਹੈ, ਉਹਦੇ ਨਾਲ ਤਾਂ ਪਰਿਵਾਰ ਦਾ ਜੂਨ ਗੁਜ਼ਾਰਾ ਹੀ ਦੁੱਭਰ ਬਣਿਆ ਹੋਇਆ ਹੈ। ਸਰਕਾਰਾਂ ਚਲਾਉਣ ਵਾਲਿਆਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ, ਮਜ਼ਦੂਰਾਂ ਲਈ ਕੀ ਲਈ ਬੈਠੇ ਆ। ਦਿਨੋ ਦਿਨ ਸੁੰਗੜ ਰਹੇ ਰੁਜ਼ਗਾਰ ਦੀਆਂ ਹਾਲਤਾਂ ’ਚ ਕਰਜ਼ੇ ਤਾਂ ਹੁਣ ਕੀ ਲਹਿਣੇ ਆ, ਹੋਰ ਭਾਵੇਂ ਚੜ੍ਹ ਜਾਣ।
ਹੁਣ ਮਜ਼ਦੂਰ ਪਰਿਵਾਰਾਂ ਕੋਲ ਢਿੱਡ ਨੂੰ ਹੋਰ ਗੰਢਾਂ ਦੇ ਕੇ ਟਾਈਮ ਪਾਸ ਕਰਨ ਦੀ ਵੀ ਬਹੁਤੀ ਹਾਲਤ ਨਹੀਂ ਬਚੀ
ਪਹਿਲਾਂ ਹੀ ਬਥੇਰੀਆਂ ਗੰਢਾ ਦੇਈ ਬੈਠੇ ਹਨ। ਹੁਣ ਭੁੱਖੇ ਮਰਨ ਤੇ ਖੇਹ-ਖਰਾਬ ਹੋਣ ਜਾਂ ਫਿਰ ਆਪਣੇ ਹੱਕਾਂ ਲਈ ਝੰਡਾ ਚੁੱਕਣ ’ਚੋਂ ਇੱਕ ਰਾਹ ਦੀ ਚੋਣ ਕਰਨੀ ਪੈਣੀ ਹੈ। ਖੁਦਕੁਸ਼ੀ-ਪੀੜਤ ਪਰਿਵਾਰਾਂ ਦੀਆਂ ਇਹ ਸਾਹਸੀ ਔਰਤਾਂ ਸੰਘਰਸ਼ ਦਾ ਝੰਡਾ ਚੁੱਕਣ ਵਾਲਿਆਂ ’ਚ ਹੁਣ ਸਭ ਤੋਂ ਮੋਹਰੀ ਹਨ।

10) ਸੇਵੇਵਾਲਾ ਕਾਂਡ

ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

9 ਅਪ੍ਰੈਲ 1991 ਨੂੰ ਖਾਲਸਤਾਨੀ ਦਹਿਸ਼ਤਗਰਦਾਂ ਨੇ ਜੈਤੋ ਲਾਗੇ ਸੇਵੇਵਾਲਾ ਪਿੰਡ ਵਿਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਵੱਲੋਂ ਕੀਤੇ ਜਾ ਰਹੇ ਇੱਕ ਸੱਭਿਆਚਾਰਕ ਸਮਾਗਮ ਦੌਰਾਨ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਨਾਲ ਫਰੰਟ ਦੇ 18 ਆਗੂਆਂ, ਕਾਰਕੁਨਾਂ ਅਤੇ ਆਮ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਖਾਲਸਤਾਨੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਖੁਰਾਖੋਜ ਮਿਟਾ ਦੇਣ ਦਾ ਖੋਟਾ ਮਨਸੂਬਾ ਪਾਲਿਆ ਸੀ। ਪਰ ਉਹ ਖੁਦ ਹੀ ਦਹਿਸ਼ਤਗਰਦੀ ਦੀ ਫੈਲਾਈ ਅੱਗ ਵਿਚ ਭਸਮ ਹੋ ਗਏ।
ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਕੁਰਸੀ ਯੁੱਧ ਨੇ 1978-80 ਦੇ ਵਰ੍ਹਿਆਂ ਦੌਰਾਨ ਤਿੱਖਾ ਮੋੜ ਕੱਟਿਆ। ਅਕਾਲੀ ਦਲ ਨੂੰ ਪੰਜਾਬ ਦੇ ਸਿਆਸੀ ਮੰਚ ਤੋਂ ਮਨਫੀ ਕਰਨ ਲਈ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਜੀ ਹਜੂਰੀਏ ਗਿਆਨੀ ਜ਼ੈਲ ਸਿੰਘ ਰਾਹੀਂ ਸਿਆਸੀ ਦ੍ਰਿਸ਼ ਤੋਂ ਲਾਂਭੇ ਰਹਿ ਰਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇੱਕ ਮੋਹਰੇ ਵਜੋਂ ਤਿਆਰ ਕੀਤਾ ਗਿਆ। ਇਸ ਸੰਤ ਰਾਹੀਂ ਪੰਜਾਬ ਦੀ ਸ਼ਾਂਤ ਆਬੋ-ਹਵਾ ਅੰਦਰ , ਪਰ ਤਿੱਖੇ ਹੋ ਰਹੇ ਕਿਸਾਨੀ ਸੰਕਟ ਅਤੇ ਵਧ ਫੁੱਲ ਰਹੀ ਬੇਰੁਜਗਾਰੀ ਕਰਕੇ ਅੰਦਰੇ-ਅੰਦਰ ਰਿੱਝ ਰਹੇ ਸਮਾਜਕ ਮਹੌਲ ’ਚ , ਸਭ ਦੁੱਖਾਂ ਦੀ ਦਾਰੂ ਵਜੋਂ ਸਿੱਖ ਫਿਰਕਾਪ੍ਰਸਤੀ ਦੀ ਅੱਗ ਨੂੰ ਝੋਕਾ ਲਾਇਆ ਗਿਆ। ਅਜਿਹੇ ਸਮਾਜਕ ਸਿਆਸੀ ਮਾਹੌਲ ਅੰਦਰ ਹੀ ਹਾਕਮ ਅਕਾਲੀ ਪਾਰਟੀ ਵੱਲੋਂ ਆਪਣੇ ਤਾਬੇਦਾਰ ਤੇ ਮੰਨੇ ਪ੍ਰਮੰਨੇ ਜਾਗੀਰਦਾਰ ਅਜਮੇਰ ਸਿੰਘ ਲੱਖੋਵਾਲ ਨੂੰ ਕਿਸਾਨ ਹਿਤੈਸ਼ੀ ਦਾ ਬੁਰਕਾ ਪੁਆ ਕੇ ਸਮਾਜਕ ਸੰਕਟ ਦੀ ਝੰਬੀ ਮਿਹਨਤਕਸ਼ ਕਿਸਾਨੀ ਨੂੰ ਲੱਖੋਵਾਲ ਦੇ ਲੱਛੇਦਾਰ ਭਾਸ਼ਨਾਂ ਰਾਹੀਂ ਮੰਤਰਮੁਗਧ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਨਾਂ ਦੀ ਕਿਸਾਨ ਜਥੇਬੰਦੀ ਖੜ੍ਹੀ ਕਰਨ ਦਾ ਬੀੜਾ ਚੁੱਕਿਆ ਗਿਆ ਸੀ। ਅਗਲੇ ਵਰ੍ਹਿਆਂ ਅੰਦਰ ਪੰਜਾਬ ਅੰਦਰ ਇੱਕ ਪਾਸੇ ਫਿਰਕਾਪ੍ਰਸਤੀ ਦੀ ਕਾਲੀ ਹਨੇਰੀ ਚੱਲੀ ਤੇ ਦਿਨੋ ਦਿਨ ਤੇਜ ਹੁੰਦੀ ਗਈ ਤੇ ਦੂਜੇ ਪਾਸੇ ਸੈਂਕੜੇ, ਹਜਾਰਾਂ ਮਿਹਨਤਕਸ਼ ਕਿਸਾਨਾਂ ਦੇ ਹਜੂਮ ਲੱਖੋਵਾਲ ਦੀ ਅਗਵਾਈ ਹੇਠਲੀ ਭਾ. ਕਿ. ਯੂ. ਨਾਲ ਜੁੜਦੇ ਗਏ। ਕੁੱਝ ਸਮੇਂ ਬਾਅਦ ਦਿਨੋ ਦਿਨ ਵਧ ਰਹੀਆਂ ਖਾੜਕੂ ਤੇ ਦਹਿਸ਼ਤੀ ਕਾਰਵਾਈਆਂ ਸਦਕਾ ਆਪਣੇ ਪੈਰ ਜੰਮ ਜਾਣ ਕਰਕੇ ਭਿੰਡਰਾਂਵਾਲਾ ਕਾਂਗਰਸ ਤੋਂ ਨਾਬਰ ਹੋ ਕੇ ਇੱਕ ਸ਼ਹਿਨਸ਼ਾਹ ਵਜੋਂ ਅੰਮ੍ਰਿਤਸਰ ਅਕਾਲ ਤਖਤ ਤੋਂ ਫਾਸ਼ੀਵਾਦੀ ਫੁਰਮਾਨ ਜਾਰੀ ਕਰਨ ਲੱਗਾ। ਸੂਬੇ ਅੰਦਰ ਨਿਰਦੋਸ਼ਿਆਂ ਦੇ ਕਤਲਾਂ ਅਤੇ ਫਿਰੋਤੀਆਂ ਦੀ ਝੜੀ ਲੱਗੀ ਹੋਈ ਸੀ। ਉਪਰੋਂ ਦੇਖਣ ਨੂੰ ਲੁਟੇਰੇ ਰਾਜਭਾਗ ਖਿਲਾਫ਼, ਪਰ ਤੱਤ ਰੂਪ ’ਚ ਪਿਛਾਖੜੀ ਲੋਕ ਵਿਰੋਧੀ ਲਹਿਰ ਲਗਾਤਾਰ ਪੈਰ ਪਸਾਰਦੀ ਰਹੀ। ਖਾਲਸਤਾਨ ਦਾ ਨਵਾਂ ਨਾਅਰਾ ਸਿਰ ਚੁੱਕ ਰਿਹਾ ਸੀ। ਲੋਕਾਂ ਦੀ ਰਾਖੀ ਦੇ ਨਾਂ ਹੇਠ ਹਕੂਮਤੀ ਦਹਿਸ਼ਤਗਰਦੀ ਵਧ ਫੁੱਲ ਰਹੀ ਸੀ। ਪੰਜਾਬ ਦੇ ਲੋਕ ਏਸ ਦਮੂੰਹੀ ਦਹਿਸ਼ਤਗਰਦੀ ਦੀ ਮਾਰ ਹੇਠ ਆਏ ਹੋਏ ਸਨ।
ਪੰਜਾਬ ਦੇ ਇਨਸਾਫ ਪਸੰਦ ਅਤੇ ਜਮਹੂਰੀ ਹਿੱਸਿਆਂ ਨੇ ਇਸ ਹਾਲਤ ’ਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਸਥਾਪਨਾ ਕਰਕੇ ਸੂਬੇ ਦੇ ਸਮਾਜਕ ਮਹੌਲ ਅੰਦਰ ਲੋਕਾਂ ਦੇ ਜਾਨ ਮਾਲ ਦਾ ਖੌਅ ਬਣ ਰਹੀ ਇਸ ਪਿਛਾਖੜੀ ਹਨੇਰੀ ਦਾ ਸਿੱਧੇ ਮੱਥੇ ਟਾਕਰਾ ਕਰਨ ਦਾ ਬੀੜਾ ਚੁੱਕਿਆ। ਰੈਲੀਆਂ, ਮੀਟਿੰਗਾਂ ਅਤੇ ਸਭਿਆਚਾਰਕ ਸਮਾਗਮਾਂ ਰਾਹੀਂ ਖਾਲਸਤਾਨੀਆਂ ਦੇ ਲੋਕ-ਵਿਰੋਧੀ ਪਿਛਾਖੜੀ ਮਨਸੂਬਿਆਂ ਅਤੇ ਸਰਕਾਰ ਦੇ ਦੰਭੀ ਐਲਾਨਾਂ ਦਾ ਪਰਦਾਚਾਕ ਕਰਨ ਦੀਆਂ ਮੁਹਿੰਮਾਂ ਵਿੱਢਣ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਤਿਆਰ ਬਰ ਤਿਆਰ ਰਹਿਣ ਦਾ ਹੋਕਾ ਦਿੱਤਾ। ਇਸ ਤੋਂ ਇਲਾਵਾ ਮਿਹਨਤਕਸ਼ ਲੋਕਾਂ ਨੂੰ ਆਪਣੀਆਂ ਜਮਾਤੀ ਮੰਗਾਂ ਮਸਲਿਆਂ ’ਤੇ ਜਥੇਬੰਦ ਤੇ ਲਾਮਬੰਦ ਹੋਣ ਅਤੇ ਇਸਦੀ ਧਾਰ ਮੱਧਮ ਨਾ ਪੈਣ ਦੇਣ ਦਾ ਸੱਦਾ ਦਿੱਤਾ। ਜਬਰ ਤੇ ਫਰਕਾਪ੍ਰਸਤੀ ਵਿਰੋਧੀ ਫਰੰਟ ਦਾ ਇਹ ਪ੍ਰੋਗਰਾਮ ਅਤੇ ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ ਖਾਲਸਤਾਨੀਆਂ ਦੇ ਅੱਖ ਵਿੱਚ ਰੋੜ ਵਾਂਗ ਰੜਕਦਾ ਸੀ। ਜੋਰ ਫੜ ਰਹੀ ਇਸ ਜਮਹੂਰੀ ਆਵਾਜ ਨੂੰ ਕੁਚਲਣ ਦੇ ਇਰਾਦੇ ਨਾਲ ਉਨ੍ਹਾਂ ਨੇ ਜਮਹੂਰੀ ਇਨਕਲਾਬੀ ਲਹਿਰ ਦੇ ਅਨੇਕਾਂ ਆਗੂਆਂ ਅਤੇ ਕਾਰਕੁਨਾਂ ਦੇ ਕਤਲ ਕੀਤੇ। ਅਜਿਹੀ ਕਤਲੋਗਾਰਦ ਦੇ ਅੰਗ ਵਜੋਂ ਹੀ ਉਨ੍ਹਾਂ ਨੇ ਸੇਵੇਵਾਲਾ ਵਿਚ ਕੀਤੇ ਜਾ ਰਹੇ ਸੱਭਿਆਚਾਰਕ ਸਮਾਗਮ ’ਤੇ ਹਮਲਾ ਕਰਕੇ ਫਰੰਟ ਦੇ ਆਗੂਆਂ ਤੇ ਕਾਰਕੁਨਾਂ ਨੂੰ ਸ਼ਹੀਦ ਕਰ ਦਿੱਤਾ।
ਹੇਠਾਂ ਅਸੀਂ ਸੇਵੇਵਾਲਾ ਕਾਂਡ ’ਚ ਸ਼ਹੀਦ ਹੋਏ ਫਰੰਟ ਆਗੂਆਂ ਤੇ ਕਾਰਕੁਨਾਂ ਬਾਰੇ ‘ਇਨਕਲਾਬੀ ਜਨਤਕ ਲੀਹ’ 1991 ਦੇ ਵਿਸ਼ੇਸ਼ ਅੰਕ ਦੇ ਪੰਨਿਆਂ ’ਚ ਛਪੀ ਸੰਖੇਪ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

 ਸਾਥੀ ਮੇਘ ਰਾਜ ਭਗਤੂਆਣਾ

ਸਾਥੀ ਮੇਘ ਰਾਜ ਭਗਤੂਆਣਾ ਵਿਰਾਸਤ ਵਿਚ ਹੀ ਇਨਕਲਾਬੀ ਗੁੜ੍ਹਤੀ ਲੈ ਕੇ ਜੰਮੇ ਅਤੇ ਪ੍ਰਵਾਨ ਚੜ੍ਹੇ ਸਨ। ਇਸ ਪਰਿਵਾਰ ਦਾ ਪੰਜਾਬ ਦੀ ਮੁਜਾਰਾ ਲਹਿਰ ਅਤੇ ਕਮਿਊਨਿਸਟ ਲਹਿਰ ਨਾਲ ਗਹਿਰਾ ਲਗਾ ਰਿਹਾ ਹੈ। ਸਾਰਾ ਪਰਿਵਾਰ ਸ਼ੁਰੂ ਤੋਂ ਹੀ ਕਮਿਊਨਿਸਟ ਲਹਿਰ ਨਾਲ ਜੁੜਿਆ ਆ ਰਿਹਾ ਹੈ। ਮੇਘ ਰਾਜ ਦੇ ਤਾਇਆ ਜੀ ਲੰਮਾ ਸਮਾਂ ਕਮਿਊੁਨਿਸਟ ਇਨਕਲਾਬੀ ਲਹਿਰ ’ਚ ਰੂਪੋਸ਼ ਕੁਲਵਕਤੀ ਵਜੋਂ ਕੰਮ ਕਰਦੇ ਰਹੇ ਹਨ। ਇਸ ਪਰਿਵਾਰ ਦੇ ਹੀ ਇੱਕ ਹੋਰ ਕਰੀਬੀ ਵਿਦਿਆਦੇਵ ਲੌਂਗੋਵਾਲ ਪੰਜਾਬ ਦੀ ਰਵਾਇਤੀ ਕਮਿਊਨਿਸਟ ਲਹਿਰ ਦੀ ਜਾਣੀ ਪਹਿਚਾਣੀ ਹਸਤੀ ਹਨ।
ਛੋਟੀ ਉਮਰ ਵਿੱਚ ਹੀ ਸਾਥੀ ਮੇਘ ਰਾਜ ਇਨਕਲਾਬੀ ਵਿਚਾਰਾਂ ਦੇ ਪ੍ਰਭਾਵ ਹੇਠ ਆ ਗਏ ਅਤੇ ਨੌਜਵਾਨ ਭਾਰਤ ਸਭਾ ’ਚ ਸਰਗਰਮ ਹੋ ਗਏ। ਉਹ ਲੰਮਾ ਸਮਾਂ ਸਭਾ ਦੀ ਜੈਤੋ ਇਕਾਈ ਦੇ ਆਗੂ ਅਤੇ ਸੂਬਾ ਕਮੇਟੀ ਮੈਂਬਰ ਰਹੇ ਇਨਕਲਾਬੀ ਜਮਹੂਰੀ ਲਹਿਰ ’ਚ ਆਪਣੀ ਸਰਗਰਮੀ ਦੌਰਾਨ ਉਨ੍ਹਾਂ ਨੇ ਕਈ ਵਾਰ ਜਾਲਮਾਨਾਂ ਪੁਲਸ ਜਬਰ ਆਪਣੇ ਪਿੰਡੇ ਉਤੇ ਝੱਲਿਆ। ਐਮਰਜੈਂਸੀ, ਰੰਧਾਵਾ ਘੋਲ ਅਤੇ ਪਾਰਵਤੀ ਕਤਲ ਕਾਂਡ ਵਿਰੋਧੀ ਘੋਲ ਸਮੇਤ ਕਈ ਵਾਰੀ ਜੇਲ੍ਹ ਗਏ ਪਰ ਇਹ ਸਭ ਕੁੱਝ ਉਨ੍ਹਾਂ ਨੂੰ ਇਨਕਲਾਬੀ  ਰਾਹ ਤੋਂ ਥਿੜਕਾ ਨਾ ਸਕਿਆ।
ਪਿਛਲੇ ਕਈ ਸਾਲਾਂ ਤੋਂ ਉਹ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ’ਚ ਸਰਗਰਮ ਸਨ ਅਤੇ ਫਰੰਟ ਦੇ ਉਭਰਵੇਂ ਆਗੂਆਂ ਵਿਚੋਂ ਸਨ। ਉਹਨਾਂ ਦੀ ਅਗਵਾਈ ਹੇਠ ਫਰੰਟ ਦੀ ਜੈਤੋ ਇਲਾਕਾ ਇਕਾਈ, ਖਾਸ ਕਰਕੇ ਉਹਨਾਂ ਦਾ ਪਿੰਡ ਭਗਤੂਆਣਾ, ਦਹਿਸ਼ਤਗਰਦੀ ਵਿਰੋਧੀ ਲਹਿਰ ਵਿਰੁੱਧ ਉਸਾਰੇ ਜਨਤਕ ਟਾਕਰੇ ਦਾ ਚਿੰਨ੍ਹ ਬਣਿਆ ਹੋਇਆ ਸੀ। ਇਹੀ ਵਜ੍ਹਾ ਸੀ ਕਿ ਤੱਕ ਖਾਲਸਤਾਨੀ ਇਸ ਪਿੰਡ ਵਿਚ ਨਾ ਹੀ ਆਪਣਾ ਕੋਈ ਅੱਡਾ ਬਣਾ ਸਕੇ ਤੇ ਨਾ ਹੀ ਕੋਈ ਵਾਰਦਾਤ ਕਰ ਸਕੇ।
ਸਾਥੀ ਮੇਘਰਾਜ ਇਲਾਕੇ ਦੇ ਬੇਜਮੀਨੇ ਖੇਤ ਮਜਦੂਰ ਪਰਿਵਾਰਾਂ ’ਚ ਬੇਹੱਦ ਹਰਮਨ ਪਿਆਰੇ ਸਨ। ਮੇਘਰਾਜ ਦੀ ਸ਼ਹਾਦਤ ਦਾ ਸਭ ਤੋਂ ਗਹਿਰਾ ਸੱਲ ਇਹਨਾਂ ਦਲਿਤ ਹਿੱਸਿਆਂ ਨੇ ਮਹਿਸੂਸ ਕੀਤਾ ਹੈ। ਭਿੰਡਰਾਂ ਵਾਲੇ ਦੇ ਜਿਉਂਦੇ ਜੀਅ ਤੋਂ ਹੀ ਸਾਥੀ ਮੇਘ ਰਾਜ ਖਾਲਸਥਾਨੀ ਦਹਿਸ਼ਤਗਰਦਾਂ ਦੀ ਹਿੱਟ ਲਿਸਟ ’ਤੇ ਸਭ ਤੋਂ ਮੂਹਰੇ ਸਨ। ਉਹਨਾਂ ਨੇ ਸਾਥੀ ਮੇਘ ਰਾਜ ਦੀ ਜਾਣ ਲੈਣ ਦੀਆਂ ਕਈ ਅਸਫਲ ਕੋਸ਼ਿਸ਼ਾਂ ਵੀ ਕੀਤੀਆਂ, ਪਰ ਸਾਥੀ ਮੇਘ ਰਾਜ ਨੇ ਇਹਨਾਂ ਮੌਤ ਧਮਕੀਆਂ ਦੀ ਪਰਵਾਹ ਨਾ ਕੀਤੀ।
ਸਾਥੀ ਮੇਘ ਰਾਜ ਕਮਿਊਨਿਸਟ ਇਨਕਲਾਬੀ ਕੇਂਦਰ ਭਾਰਤ ਦੇ ਮੈਂਬਰ ਸਨ। ਸੇਵੇਵਾਲ ਕਾਂਡ ’ਚ ਉਹਨਾਂ ਨੇ ਅਦੁੱਤੀ ਬਹਾਦਰੀ ਦਾ ਮੁਜਾਹਰਾ ਕਰਦਿਆਂ, ਸ਼ਰੇਆਮ ਖਾਲਸਤਾਨੀ ਦਹਿਸ਼ਤਗਰਦਾਂ ਨੂੰ ਵੰਗਾਰਿਆ ਅਤੇ ਖਾਲਸਤਾਨੀਆਂ ਨਾਲ ਟੱਕਰ ਲੈਂਦੇ ਹੋਏ ਬਹਾਦਰਾਂ ਦੀ ਤਰ੍ਹਾਂ ਸ਼ਹੀਦ ਹੋਏ। ਸਾਥੀ ਮੇਘ ਰਾਜ ਆਪਣੇ ਪਿੱਛੇ ਆਪਣੀ ਬਹਾਦਰ ਸੁਪਤਨੀ ਤਿੰਨ ਬੱਚੀਆਂ ਤੇ ਇੱਕ ਲੜਕਾ ਛੱਡ ਗਏ ਹਨ ।

ਸਾਥੀ ਜਗਪਾਲ ਸਿੰਘ

ਸਾਥੀ ਜਗਪਾਲ ਸਿੰਘ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਅਤੇ ਇਸ ਦਾ ਕੁਲਵਕਤੀ ਕਾਰਕੁੰਨ ਸੀ। ਆਪ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਇਕ ਸੁਲਝੇ ਹੋਏ ਵਿਅਕਤੀ ਤੇ ਸਰਗਰਮ ਕਿਸਾਨ ਕਾਰਕੁੰਨ ਹਨ। ਭਾਰਤੀ ਕਿਸਾਨ ਯੂਨੀਅਨ ਦੀ ਸੇਲਬਰਾ ਪਿੰਡ ਇਕਾਈ ਦੇ ਆਗੂਆਂ ’ਚੋਂ ਹਨ। ਕਿਸਾਨ ਮੋਰਚਿਆਂ ’ਚ ਕੈਦ ਕੱਟ ਚੁੱਕੇ ਹਨ।
ਸਾਥੀ ਜਗਪਾਲ ਦਾ ਪੰਜਾਬ ਦੀ ਅਗਾਂਹਵਧੂ ਅਤੇ ਜਮਹੂਰੀ ਲਹਿਰ ਨਾਲ ਸਭ ਤੋਂ ਪਹਿਲੋਂ ਪਹਿਲ ਵਾਹ ਉਦੋਂ ਪਿਆ ਜਦੋਂ ਉਹ ਰਾਮਪੁਰੇ ਕਾਲਜ ਵਿਚ ਵਿਦਿਆਰਥੀ ਸਨ। ਉਹ ਪੰਜਾਬ ਸਟੂਡੈਂਟਸ ਯੂਨੀਅਨ ’ਚ ਸਰਗਰਮ ਹੋ ਗਏ ਅਤੇ ਫਿਰ ਜਨਤਕ ਇਕਾਈ ਦੇ ਸਕੱਤਰ ਬਣੇ। ਜਦੋਂ ਪੈਗਾਮਪੰਥੀ ਸੋਚ ਦੀ ਧਾਰਨੀ ਮੇਜਰ ਮਟਰਾਂ ਜੁੰਡਲੀ ਨੇ ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ ਨੂੰ ਖਾਲਸਤਾਨੀਆਂ ਦੀ ਸੇਵਾ ਹਿਤ ਅਰਪਨ ਕਰਨ ਦਾ ਰਾਹ ਫੜ ਲਿਆ ਤਾਂ ਉਹ ਪੀ.ਐਸ.ਯੂ. ਨੂੰ  ਇਸ ਦੀ ਸਹੀ ਸੇਧ ਉਤੇ ਰੱਖਣ ਲਈ ਸੰਘਰਸ਼ ਕਰਨ ਵਾਲਿਆਂ ਦੀਆਂ ਮੁੱਢਲੀਆਂ ਕਤਾਰਾਂ ਵਿਚ ਸਨ। ਕੁੱਝ ਚਿਰ ਉਹ ਪੀ.ਐਸ.ਯੂ. ਦੇ ਸੂਬਾਈ ਜਥੇਬੰਦਕ ਸਕੱਤਰ ਵੀ ਰਹੇ।
ਜਦੋਂ ਪੰਜਾਬ ਵਿਚ ਫਿਰਕਾਪ੍ਰਸਤੀ ਅਤੇ ਦਹਿਸ਼ਤਗਰਦੀ ਨੂੰ ਵੰਗਾਰਨ ਲਈ ਫਰੰਟ ਦਾ ਗਠਨ ਕੀਤਾ ਗਿਆ ਤਾਂ ਉਹ ਇਸ ਵਿਚ ਸਰਗਰਮ ਹੋ ਗਏ। ਪਿਛਲੇ ਕਈ ਸਾਲਾਂ ਤੋਂ ਉਹ ਫਰੰਟ ਦੇ ਸੂਬਾ ਕਮੇਟੀ ਮੈਂਬਰ ਚਲੇ ਆ ਰਹੇ ਸਨ । ਰਾਮਪੁਰਾ ਫੂਲ ਇਕਾਈ ਨੇ ਉਹਨਾਂ ਦੀ ਅਗਵਾਈ ਹੇਠ ਫਿਰਕਾਪ੍ਰਸਤੀ ਅਤੇ ਖਾਲਸਤਾਨੀ ਦਹਿਸ਼ਤਗਰਦੀ ਵਿਰੁੱਧ ਅਨੇਕਾਂ ਵਾਰ ਸਫਲ ਜਨਤਕ ਲਾਮਬੰਦੀ ਕੀਤੀ। ਉਹ ਪਿਛਲੇ ਕਈ ਸਾਲਾਂ ਤੋਂ ਖਾਲਸਤਾਨੀ ਦਹਿਸ਼ਤਗਰਦਾਂ ਦੀ ਹਿੱਟ ਲਿਸਟ ਉਤੇ ਸਨ ਪਰ ਉਹਨਾਂ ਨੇ ਕਦੇ ਵੀ ਇਸ ਮੌਤ ਧਮਕੀ ਤੋਂ ਤ੍ਰਹਿ ਕੇ ਆਪਣੀਆਂ ਸਰਗਰਮੀਆਂ ਵਿਚ ਢਿੱਲ ਨਹੀਂ ਆਉਣ ਦਿੱਤੀ । ਇਸੇ ਰਾਹ ’ਤੇ ਦ੍ਰਿੜ ਰਹਿੰਦਿਆਂ ਉਹ ਅੰਤ ਆਪਣੀ ਜਿੰਦਗੀ ਕੁਰਬਾਨ ਕਰ ਗਏ। ਸਾਥੀ ਜਗਪਾਲ ਆਪਣੇ ਪਿੱਛੇ ਆਪਣੀ ਜੀਵਨ ਸਾਥਣ ਪਰਮਜੀਤ ਕੌਰ ਅਤੇ ਦੋ ਮਾਸੂਮ ਬੱਚੇ ਛੱਡ ਗਏ ਹਨ।
ਸਾਥੀ ਜਗਪਾਲ ਕਮਿਊਨਿਸਟ ਇਨਕਲਾਬੀ ਲਹਿਰ ਦੇ ਵੀ ਸਰਗਰਮ ਕਾਰਕੁਨ ਸਨ ਅਤੇ ਕਮਿਊਨਿਸਟ ਇਨਕਲਾਬੀ ਕੇਂਦਰ ਭਾਰਤ ਨਾਂਅ ਦੀ ਜਥੇਬੰਦੀ ਦੇ ਮੈਂਬਰ ਸਨ। ਮਿਹਨਤੀ ਲੋਕਾਂ ਦੇ ਕਾਜ ਲਈ ਆਪਣੀ ਸ਼ਹਾਦਤ ਦੇ ਕੇ ਉਹਨਾਂ ਨੇ ਇੱਕ ਇਨਕਲਾਬੀ ਕਮਿਊਨਿਸਟ ਜਥੇਬੰਦੀ ਦੇ ਮੈਂਬਰ ਦੇ ਸਨਮਾਨਯੋਗ ਰੁਤਬੇ ਨੂੰ ਬੁਲੰਦ ਕੀਤਾ ਹੈ।

ਸਾਥੀ ਗੁਰਜੰਟ ਸਿੰਘ

ਸਾਥੀ ਗੁਰਜੰਟ ਸਿੰਘ ਖੇਤ ਮਜਦੂਰ ਪਰਿਵਾਰ ਦੇ ਜੰਮਪਲ ਸਨ ਤੇ ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਅਤੇ ਸਰਕਲ ਪੱਧਰੇ ਆਗੂ ਸਨ। ਉਹ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਕੋਟਕਪੂਰਾ ਇਕਾਈ ਦੇ ਸਕੱਤਰ ਵੀ ਰਹੇ।

ਮਾਤਾ ਸਦਾ ਕੌਰ

ਸੱਤਰ ਸਾਲ ਤੋਂ ਵੱਧ ਉਮਰ ਦੀ, ਖੇਤ ਮਜ਼ਦੂਰ ਪਰਿਵਾਰ ਦੀ ਜੰਮਪਲ ਇਹ ਬਜੁਰਗ ਮਾਈ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਨਕਲਾਬੀ ਕਮਿਊਨਿਸਟ ਲਹਿਰ ਨਾਲ ਡੂੰਘਾ ਲਗਾਅ ਰੱਖਦੀ ਆ ਰਹੀ ਸੀ ਅਤੇ ਆਪਣੇ ਪਿੰਡ ਭਗਤੂਆਣਾ  ਵਿਚ ਖਾਲਸਤਾਨੀ ਦਹਿਸ਼ਗਰਦੀ ਵਿਰੋਧੀ ਜਨਤਕ ਟਾਕਰੇ ਦੀ ਲਹਿਰ ’ਚ ਮੂਹਰਲੀਆਂ ਕਤਾਰਾਂ ਵਿਚ ਸ਼ਾਮਲ ਸੀ। ਪਿੰਡ ਵਿਚ ਖਾਲਸਤਾਨ ਪੱਖੀ ਅਨਸਰਾਂ ਨਾਲ ਹੋਈਆਂ ਝੜੱਪਾਂ ’ਚ ਇਸ ਸ਼ੇਰਦਿਲ ਔਰਤ ਨੇ ਉੱਭਰਵਾਂ ਰੋਲ ਅਦਾ ਕੀਤਾ। ਸਿੱਖ ਇਤਹਾਸ ਦੀ ਲਾਸਾਨੀ ਨਾਇਕਾ ਮਾਈ ਭਾਗੋ ਦੀ ਸੱਚੀ ਵਾਰਸ ਸੀ ਮਾਈ ਸਦਾ ਕੌਰ।
ਹਾਲੇ ਕੁੱਝ ਕੁ ਮਹੀਨੇ ਪਹਿਲਾਂ ਹੀ ਜਦੋਂ ਖਾਲਸਤਾਨੀ ਦੇ ਇਕ ਸ਼ੂਕਰੇ ਗਰੋਹ ਨੇ ਪਿੰਡ ਬਿਸ਼ਨੰਦੀ ਦੇ ਸਾਬਕਾ ਸਰਪੰਚ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਭੋਗ ਸਮਾਗਮ ਦੀ ਮਨਾਹੀ ਕਰ ਦਿੱਤੀ ਤਾਂ ਇਹ ਮਾਈ ਸਦਾ ਕੌਰ ਹੀ ਸੀ ਜਿਸ ਨੇ ਪਿੰਡ ਦੀ ਫਰੰਟ ਇਕਾਈ ਨੂੰ ਬਿਸ਼ਨੰਦੀ ਭੋਗ ਸਮਾਗਮ ਨਿਰਵਿਘਨ ਕਰਾਉਣ ਦੀ ਜ਼ਿੰਮੇਵਾਰੀ ਓਟਣ ਲਈ ਵੰਗਾਰਿਆ ਅਤੇ ਆਪ ਹੱਥ ਵਿਚ ਗੰਡਾਸਾ ਫੜਕੇ ਸਭ ਤੋਂ ਮੂਹਰੇ ਤੁਰੀ।
ਇਲਾਕੇ ਜਾਂ ਪਿੰਡ ’ਚ ਜਦੋਂ ਕਦੇ ਵੀ ਕੋਈ ਇਨਕਲਾਬੀ ਸਮਾਗਮ ਹੁੰਦਾ ਉਹਦਾ ਚਾਅ ਸਾਂਭਿਆ ਨਾ ਜਾਂਦਾ, ਉਹ ਮੂਹਰੇ ਹੁੰਦੀ। ਉਹ ਹਮੇਸ਼ਾ ਕਿਹਾ ਕਰਦੀ ਸੀ,‘‘ਜਦੋਂ ਵੀ ਖਤਰਾ ਹੋਇਆ, ਮੁੰਡਿਓ ਮੈਨੂੰ ਮੂਹਰੇ ਕਰ ਦਿਓ’’। ਤੇ ਸੇਵੇਵਾਲਾ ਕਾਂਡ ਵਾਲੇ ਦਿਨ ਉਹ ਇੱਕੋ ਇੱਕ ਔਰਤ ਸੀ ਜਿਸ ਨੇ ਖਾਲਸਤਾਨੀ ਦਹਿਸ਼ਤਗਰਦਾਂ ਨੂੰ ਕੜਕ ਕੇ ਕਿਹਾ,‘‘ਕੁੱਤਿਓ, ਇਹਨਾਂ ਨਿਰਦੋਸ਼ਾਂ ਨੂੰ ਕਿਉਂ ਮਾਰਦੇ ਹੋ, ਇਹਨਾਂ ਨੂੰ ਮਾਰਨ ਤੋਂ ਪਹਿਲਾਂ ਮੇਰੇ ਗੋਲੀ ਮਾਰੋ।’’ ਕਾੜ ਕਰਦੀਆਂ ਗੋਲੀਆਂ ਨਾਲ ਦਰਿੰਦਿਆਂ ਨੇ ਉਸ ਨੂੰ ਵਿੰਨ੍ਹ ਸੁੱਟਿਆ। ਇਸ ਤਰ੍ਹਾਂ ਵਰ੍ਹਦੀਆਂ ਗੋਲੀਆਂ ’ਚ ਲਲਕਾਰ ਕੇ ਗੋਲੀ ਖਾਣ ਵਾਲੀ ਇਸ ਮਹਾਨ ਔਰਤ ਅੱਗੇ ਸੀਸ ਆਪਣੇ ਆਪ ਝੁਕ ਜਾਂਦਾ ਹੈ।
 
ਇਸ ਤੋਂ ਇਲਾਵਾ ਸੇਵੇ ਵਾਲਾ ਕਾਂਡ ਦੇ ਸ਼ਹੀਦ ਸਾਥੀ ਬੂਟਾ ਸਿੰਘ, ਜਗਸੀਰ ਸੀਰਾ ਅਤੇ ਜਗਦੇਵ ਇਹ ਸਾਰੇ ਪੇਂਡੂ ਮਜਦੂਰ ਯੂਨੀਅਨ ਅਤੇ ਫਰੰਟ ਦੇ ਕਾਰਕੁੰਨ ਸਨ। 26 ਸਾਲਾ ਨੌਜਵਾਨ ਬੱਗਾ ਸਿੰਘ ਫਰੰਟ ਦਾ ਵਲੰਟੀਅਰ ਸੀ ਜੋ ਨਾਕੇ ’ਤੇ ਜੁੰਮੇਵਾਰੀ ਨਿਭਾਉਂਦਾ ਸ਼ਹੀਦ ਹੋਇਆ। ਸਾਥੀ ਤੇਜਿੰਦਰ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਧਾ ਸਿੰਘ ਦਾ ਪੁੱਤਰ ਸੀ। ਸਾਥੀ ਪੱਪੀ 25 ਸਾਲਾਂ ਦਾ ਇਹ ਨੌਜਵਾਨ ਇਨਕਲਾਬੀ ਲਹਿਰ ਅਤੇ ਫਰੰਟ ਦਾ ਸਰਗਰਮ ਵਰਕਰ ਸੀ। ਲਖਵੀਰ ਸਿੰਘ ਸਪੁੱਤਰ ਕਾਮਰੇਡ ਗੁਰਦਿਆਲ ਸਿੰਘ ਇਨਕਲਾਬੀ ਲਹਿਰ ਦਾ ਹਮਾਇਤੀ ਸੀ। ਗੁਰਦੇਵ ਸਿੰਘ ਦੇਬੀ ਵੀ ਫਰੰਟ ਦਾ ਹਮਾਇਤੀ ਸੀ। ਸਾਥੀ ਹਰਪਾਲ ਸਿੰਘ ਐਫ.ਸੀ.ਆਈ. ਦਾ ਇਨਸਪੈਕਟਰ ਸੀ। ਖਾਲਸਤਾਨੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਵਾਲੇ ਆਮ ਦਰਸ਼ਕਾਂ ’ਚ ਚਰਨਜੀਤ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਜੀਦੇ ਦਾ ਗੁਰਨਾਮ ਸਿੰਘ ਵੀ ਸ਼ਾਮਲ ਸਨ । ਉਪਰੋਕਤ ਤੋਂ ਇਲਾਵਾ ਵੱਡੀ ਗਿਣਤੀ ਜਖਮੀ ਹੋਇਆਂ ਵਿੱਚ ਇਨਕਲਾਬੀ ਲਹਿਰ ਦਾ ਸਰਗਰਮ ਹਮਾਇਤੀ,  ਮੁਖਤਿਆਰ ਸਿੰਘ ਸੇਵੇਵਾਲਾ ਵੀ ਸ਼ਾਮਲ ਸੀ ਜੋ ਗੰਭੀਰ ਜਖ਼ਮੀ ਹੋ ਜਾਣ ਦੇ ਬਾਵਜੂਦ ਲੰਮਾ ਸਮਾਂ ਖਾਲਸਤਾਨੀ ਦਹਿਸ਼ਤਗਰਦਾਂ ਖਿਲਾਫ ਨਾਅਰੇ ਮਾਰਦਾ ਰਿਹਾ। ਉਮਰ ਭਰ ਲਈ ਅਪਾਹਜ ਹੋ ਗਏ ਇਸ ਵਿਅਕਤੀ ਦਾ ਪਿਛਲੇ ਦਿਨੀ ਹੀ ਦਿਹਾਂਤ ਹੋਇਆ ਹੈ ।
ਅੱਜ ਜਮਹੂਰੀ ਇਨਕਲਾਬੀ ਲਹਿਰ ਨੂੰ ਹੋਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਕਿਸਾਨੀ ਸੰਕਟ ਕਈ ਗੁਣਾ ਹੋਰ ਡੂੰਘਾ ਹੋ ਚੁੱਕਿਆ ਹੈ। 1990 ਤੋਂ ਸ਼ੁਰੂ ਹੋਇਆ ਕਰਜੇ ਦੇ ਨਪੀੜੇ ਕਿਸਾਨਾਂ ਅੰਦਰ ਖੁਦਕੁਸ਼ੀਆਂ ਦਾ ਵਰਤਾਰਾ ਦਿਨੋ-ਦਿਨ  ਵਧਦਾ ਜਾ ਰਿਹਾ ਹੈ। ਮੁਲਕ ਦੇ ਵੱਖ ਵੱਖ ਸੂਬਿਆਂ ਦੀਆਂ ਕਿਸਾਨ ਪੱਟੀਆਂ ਇਸ ਦੀ ਲਪੇਟ ’ਚ ਆਈਆਂ ਹੋਈਆਂ ਹਨ। ਹਾਕਮ ਜਮਾਤਾਂ ਇਸ ਵਰਤਾਰੇ ਦੇ ਜਨਤਕ ਰੋਹ ਫੁਟਾਰੇ ’ਚ ਵਟ ਜਾਣ ਅਤੇ ਧਮਾਕਾਖੇਜ ਰੂਪ ਅਖਤਿਆਰ ਕਰ ਜਾਣ ਤੋਂ ਘਬਰਾਉਂਦੀਆਂ ਹੋਈਆਂ ਆਪਣੇ ਲੁੱਟ ਅਧਾਰਤ ਰਾਜ ਭਾਗ ਨੂੰ ਬਚਾ ਕੇ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਰਹੀਆਂ ਹਨ ਅਤੇ ਆਪਣੇ ਜਾਬਰ ਦੰਦ ਤਿੱਖੇ ਕਰਨ ਦੇ ਆਹਰ ’ਚ ਲੱਗੀਆਂ ਹੋਈਆਂ ਹਨ। ਦੂਜੇ ਪਾਸੇ, ਲੱਖੋ ਵਾਲ ਵਰਗੇ ਨਕਲੀ ਕਿਸਾਨ ਹਿਤੈਸ਼ੀਆਂ ਦੀ ਚੁੰਗਲ ਤੋਂ ਆਜ਼ਾਦ ਪੰਜਾਬ ਦੀ ਕਿਸਾਨ ਲਹਿਰ ਹਾਕਮਾਂ ਦੀਆਂ ਬਲ ਅਤੇ ਛਲ ਦੀਆਂ ਨੀਤੀਆਂ ਸੰਗ ਭਿੜਦੀ ਹੋਈ ਠਾਠਾਂ ਮਾਰਦੀ ਅੱਗੇ ਵਧ ਰਹੀ ਹੈ।