Showing posts with label ਗਊ ਰੱਖਿਆ. Show all posts
Showing posts with label ਗਊ ਰੱਖਿਆ. Show all posts

Thursday, September 8, 2016

1. ਫਿਰਕੂ ਫਾਸ਼ੀ ਹੱਲੇ ਖਿਲਾਫ਼ ਦਲਿਤ ਰੋਹ



ਆਰ. ਐਸ. ਐਸ ਦਾ ਫਿਰਕੂ ਫਾਸ਼ੀ ਹੱਲਾ 

ਦਲਿਤਾਂ ਚ ਰੋਹ ਦੀਆਂ ਤਰੰਗਾਂ


ਊਨਾ ਚ ਦਲਿਤਾਂ ਤੇ ਅਖੌਤੀ ਗਊ-ਰੱਖਿਅਕਾਂ ਵੱਲੋਂ ਢਾਹਿਆ ਅਣ-ਮਨੁੱਖੀ ਕਹਿਰ

ਜਦੋਂ ਤੋਂ ਕੇਂਦਰ ਚ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਆਰ.ਐਸ.ਐਸ. ਦੀ ਅਗਵਾਈ ਹੇਠ ਸੰਘ ਪਰਿਵਾਰ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਚ ਤਬਦੀਲ ਕਰਨ ਲਈ ਕਾਹਲਾ ਪਿਆ ਹੋਇਆ ਹੈ। ਮੁਲਕ ਦੇ ਸਭਨਾਂ ਅਹਿਮ ਅਦਾਰਿਆਂ ਤੇ ਸੰਸਥਾਵਾਂ ਚ ਹਿੰਦੂ ਮੂਲਵਾਦੀ ਤੇ ਸੰਘ ਪਰਿਵਾਰ ਦੇ ਵਫਾਦਾਰਾਂ ਨੂੰ ਭਰਤੀ ਕਰਨ ਦੀ ਜੋਰਦਾਰ ਮੁਹਿੰਮ ਚਲਾਈ ਹੋਈ ਹੈ। ਇਹਨਾਂ ਅਦਾਰਿਆਂ /ਸੰਸਥਾਵਾਂ ਦਾ ਭਗਵਾਂਕਰਨ ਕਰਨ ਲਈ ਤੇਜ-ਰਫਤਾਰ ਕਦਮ ਚੁੱਕੇ ਜਾ ਰਹੇ ਹਨ। ਹਕੂਮਤੀ ਸਤਾ ਦੀ ਦੁਰਵਰਤੋਂ ਕਰਕੇ ਸੰਘ ਪਰਿਵਾਰ ਨਾਲ ਜੁੜੀਆਂ ਇਸ ਦੀਆਂ ਹੱਥ-ਠੋਕਾ ਜਥੇਬੰਦੀਆਂ ਦੀ ਹਰ ਖੇਤਰ ਚ ਘੁਸਪੈਂਠ ਨੂੰ ਹੱਲਾਸ਼ੇਰੀ ਤੇ ਹਮਾਇਤ ਦਿੱਤੀ ਜਾ ਰਹੀ ਹੈ, ਇਹਨਾਂ ਦਾ ਵਧਾਰਾ-ਪਸਾਰਾ ਕੀਤਾ ਜਾ ਰਿਹਾ ਹੈ। ਹਕੂਮਤੀ ਤਾਕਤ ਦੀ ਦੁਰਵਰਤੋਂ ਅਤੇ ਆਪਣੀਆਂ ਫਿਰਕੂ-ਫਾਸ਼ੀ ਜਥੇਬੰਦੀਆਂ ਤੇ ਸੈਨਾਵਾਂ ਦੀ ਲੱਠਮਾਰ ਤੇ ਧੌਂਸਬਾਜ ਤਾਕਤ ਦੇ ਜੋਰ ਭਾਰਤ ਦੀ ਗੈਰ-ਹਿੰਦੂ ਵਸੋਂ ਉੱਪਰ ਹਿੰਦੂ ਧਾਰਮਕ ਘੱਟ-ਗਿਣਤੀਆਂ, ਖਾਸ ਕਰਕੇ ਮੁਸਲਮ ਤੇ ਇਸਾਈ ਭਾਈਚਾਰੇ ਦੇ ਲੋਕਾਂ ਅਤੇ ਦਲਿਤਾਂ ਤੇ ਆਦਿਵਾਸੀਆਂ ਜਿਹੇ ਗਰੀਬ ਵਰਗਾਂ ਦੇ ਲੋਕਾਂ ਨੂੰ ਦਹਿਸ਼ਤਜਦਾ ਕੀਤਾ ਤੇ ਧੌਂਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
 ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਦੇ ਭਗਵੇਂਕਰਨ ਦੀ ਮੁਹਿੰਮ ਦੌਰਾਨ ਸੰਘ ਪਰਿਵਾਰ ਨਾਲ ਜੁੜੇ ਕੇਂਦਰੀ ਮੰਤਰੀਆਂ ਅਤੇ ਏ.ਬੀ.ਵੀ.ਪੀ. ਦੇ ਕਾਰਕੁੰਨਾਂ ਨੇ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਦੇ ਇੱਕ ਹੋਣਹਾਰ ਤੇ ਸੂਖਮ-ਚਿੱਤ ਦਲਿਤ ਸਕਾਲਰ ਰੋਹਿਤ ਵੇਮੁੱਲਾ ਨੂੰ ਜ਼ਲੀਲ ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਭਾਜਪਾ ਤੇ ਸੰਘ ਪਰਿਵਾਰ ਦਾ ਦਲਿਤ-ਵਿਰੋਧੀ ਤੇ ਧੌਂਸਬਾਜ ਕਿਰਦਾਰ ਤੇ ਵਿਹਾਰ ਸ਼ਰੇਆਮ ਬੇਪੜਦ ਕਰ ਦਿੱਤਾ ਸੀ । ਇਸ ਸ਼ਰਮਨਾਕ ਘਟਨਾ ਸਦਕਾ ਸੰਘ ਲਾਣੇ ਨੂੰ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਘਟਨਾ ਤੋਂ ਸਬਕ ਸਿੱਖ ਕੇ ਰਾਹ-ਰਸਤੇ ਤੇ ਆਉਣ ਦੀ ਥਾਂ ਸੰਘ ਪਰਿਵਾਰ ਆਪਣੇ ਮਕਸਦਾਂ ਦੀ ਪੂਰਤੀ ਲਈ ਹੋਰ ਭੇੜੂ, ਹਮਲਾਵਰ ਤੇ ਹਿੰਸਕ ਹੋ ਗਿਆ। ਸਾਹਿਤਕਾਰਾਂ ਤੇ ਕਲਾਕਾਰਾਂ ਵਿਰੁੱਧ ਛੇੜੀ ਝੱਲਿਆਈ ਮੁਹਿੰਮ, ਜੇ.ਐਨ.ਯੂ. ਤੇ ਮੁਲਕ ਦੇ ਹੋਰਨਾਂ ਭਾਗਾਂ ਚ ਸੰਘ ਪਰਿਵਾਰ ਦੀਆਂ ਅਨੇਕ ਧੱਕੜ ਤੇ ਫਿਰਕੂ ਜਾਂ ਜਨੂੰਨੀ ਕਾਰਵਾਈਆਂ ਤੇ ਗਊ-ਰੱਖਿਆ ਦੇ ਨਾਂ ਹੇਠ ਬੁਰਛਾਗਰਦੀ ਇਸ ਗੱਲ ਦੀ ਹੀ ਸ਼ਾਹਦੀ ਭਰਦੀਆਂ ਹਨ ਕਿ ਵਿਆਪਕ ਨਿਖੇਧੀ ਤੋਂ ਬੇਪ੍ਰਵਾਹ ਸੰਘ ਪਰਿਵਾਰ ਮੁਲਕ ਦਾ ਭਗਵਾਂਕਰਨ ਕਰਨ ਦੇ ਆਪਣੇ ਰਾਹ ਅੱਗੇ ਵਧਣ ਉੱਪਰ ਉਤਾਰੂ ਹੈ। ਹੁਣ ਜੁਲਾਈ ਮਹੀਨੇ ਚ ਗੁਜਰਾਤ ਚ ਊਨਾ ਵਿਖੇ ਸੰਘ ਪਰਿਵਾਰ ਦੇ ਬੇਲਗਾਮ ਛੋਕਰਿਆਂ ਵੱਲੋਂ ਗਊ ਰੱਖਿਆ ਦੇ ਮਨਘੜਤ ਇਲਜ਼ਾਮ ਲਾ ਕੇ ਦਲਿਤ ਨੌਜਵਾਨਾਂ ਤੇ ਢਾਹੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਕਹਿਰ ਨੇ ਸਾਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਬੇਹੱਦ ਹੌਲਨਾਕ ਤੇ ਸ਼ਰਮਨਾਕ ਘਟਨਾ ਨੇ ਇੱਕ ਵਾਰ ਫੇਰ ਸੰਘ ਪਰਿਵਾਰ ਦੇ ਫਾਸ਼ੀ ਕਿਰਦਾਰ ਤੇ ਮੰਤਵਾਂ ਨੂੰ ਜੱਗ ਜਾਹਰ ਕਰ ਦਿੱਤਾ ਹੈ।

ਘਟਨਾ ਦਾ ਵਰਨਣ

ਗੁਜਰਾਤ ਦੇ ਸੌਰਾਸ਼ਟਰ ਖੇਤਰ ਚ ਪੈਂਦੇ ਗੀਰ-ਸੋਮਨਾਥ ਜਿਲ੍ਹੇ ਚ ਸ਼ੇਰ ਦੇ ਹਮਲੇ ਚ ਇੱਕ ਕਿਸਾਨ ਦੀ ਗਾਂ ਮਾਰੀ ਗਈ। ਪ੍ਰਚੱਲਤ ਰੀਤ ਅਨੁਸਾਰ, ਇਸ ਕਿਸਾਨ ਨੇ ਮਰੇ ਪਸ਼ੂ ਢੋਣ ਵਾਲੇ ਚਮਾਰ ਪਰਿਵਾਰ ਨੂੰ ਇਸ ਗਾਂ ਨੂੰ ਹੱਡਾਂਰੋੜੀ ਸੁੱਟਣ ਲਈ ਕਹਿ ਦਿੱਤਾ। ਹਮੇਸ਼ਾਂ ਦੀ ਤਰ੍ਹਾਂ, ਮਰੇ ਪਸ਼ੂਆਂ ਦੀ ਖੱਲ ਲਾਹੁਣ ਦੇ ਆਪਣੇ ਧੰਦੇ ਅਨੁਸਾਰ, ਜਦ ਕੁੱਝ ਦਲਿਤ ਨੌਜੁਆਨ ਇਸ ਗਾਂ ਦੀ ਹੱਡਾਂਰੋੜੀ ਵਿੱਚ ਖੱਲ ਉਤਾਰ ਰਹੇ ਸਨ ਤਾਂ ਨੇੜਲੇ ਪਿੰਡ ਦੇ ਇੱਕ ਅਖੌਤੀ ਗਊ ਰੱਖਿਆ ਦਲ ਦੇ ਕਾਰਕੁੰਨਾਂ ਨੇ ਉਹਨਾਂ ਨੂੰ ਗਊ ਮਾਤਾ ਦੀ ਹੱਤਿਆ ਕਰਨ ਦਾ ਇਲਜ਼ਾਮ ਲਾਕੇ ਦਬੋਚ ਲਿਆ। ਉਹਨਾਂ ਵੱਲੋਂ ਦਿੱਤੀ ਸਫਾਈ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਨੂੰ ਰੱਸਿਆਂ ਨਾਲ ਨੂੜ ਕੇ ਧੂਹਦਿਆਂ ਹੋਇਆਂ ਊਨਾ ਪੁਲਸ ਚੌਕੀ ਕੋਲ ਲਿਆਂਦਾ ਗਿਆ। ਸੰਘ ਪਰਿਵਾਰ ਤੇ ਭਾਜਪਾ ਹਕੂਮਤ ਦੀ ਹਿਫਾਜ਼ਤੀ ਛਤਰੀ ਸਿਰ ਤੇ ਹੋਣ ਕਰਕੇ ਭੂਤਰੇ ਇਹਨਾਂ ਬੁਰਛਾਗਰਦਾਂ ਨੇ ਇਹਨਾਂ ਦੇ ਹੱਥ-ਪੈਰ ਨੂੜੇ ਦਲਿਤ ਨੌਜਵਾਨਾਂ ਨੂੰ ਕਾਰ ਨਾਲ ਬੰਨ੍ਹ ਲਿਆ। ਉਨ੍ਹਾਂ ਦੇ ਪਿੰਡੇ ਨੰਗੇ ਕਰ ਲਏ ਤੇ ਫਿਰ ਬੇਰਹਿਮੀ ਨਾਲ ਕਸਾਈਆਂ ਵਾਂਗ ਘੰਟਿਆਂ-ਬੱਧੀ ਉਹਨਾਂ ਦਾ ਵਾਰੋਵਾਰੀ ਡਾਂਗਾਂ ਨਾਲ ਕੁਟਾਪਾ ਕੀਤਾ ਗਿਆ। ਉਥੇ ਹਾਜਰ ਪੁਲਸੀਆਂ ਨੇ ਇਸ ਤਾਂਡਵ ਨੂੰ ਰੋਕਣ ਦੀ ਥਾਂ ਆਪਣੀਆਂ ਡਾਂਗਾਂ ਇਹਨਾਂ ਕੁਟਾਪਾ ਕਰ ਰਹੇ ਬੁਰਛਾਗਰਦਾਂ ਦੇ ਹਵਾਲੇ ਕਰਕੇ ਆਪ ਤਮਾਸ਼ਾ ਦੇਖਣਾ ਜਾਰੀ ਰੱਖਿਆ ਹਕੂਮਤੀ ਥਾਪੜੇ ਸਦਕਾ ਘੈਂਕਰੇ ਇਹਨਾਂ ਬਦਮਾਸ਼ਾਂ ਨੇ ਕਿਸੇ ਡਰ-ਭੈਅ ਤੋਂ ਪੂਰੀ ਤਰ੍ਹਾਂ ਮੁਕਤ ਇਸ ਵਹਿਸ਼ੀਆਨਾ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤਾਂ ਜੋ ਹੋਰਨਾਂ ਦਲਿਤ ਹਿੱਸਿਆਂ ਨੂੰ ਦਹਿਸ਼ਤਜਦਾ ਕੀਤਾ ਜਾ ਸਕੇ। ਇਸ ਵਹਿਸ਼ੀਆਨਾ ਜੁਲਮ ਤੋਂ ਬਾਅਦ ਇਹਨਾਂ ਦਲਿਤ ਮਜ਼ਲੂਮਾਂ ਨੂੰ ਪੁਲਸ ਹਿਰਾਸਤ ਚ ਦੇ ਦਿੱਤਾ ਗਿਆ ਤੇ ਅਸਲੀ ਮੁਜ਼ਰਮਾਂ ਨੂੰ ਬੇਰੋਕਟੋਕ ਜਾਣ ਦਿੱਤਾ ਗਿਆ।

ਦਲਿਤ ਰੋਹ ਭੜਕ ਉਠਿਆ

ਬੇਕਸੂਰ ਦਲਿਤ ਨੌਜਵਾਨਾਂ ਤੇ ਮਨਘੜਤ ਦੋਸ਼ ਲਾਕੇ ਉਹਨਾਂ ਨੂੰ ਦਰਿੰਦਗੀ ਨਾਲ ਕੋਹਣ ਦੀ ਇਹ ਲੂੰ ਕੰਡੇ ਖੜ੍ਹੇ ਕਰਨ ਵਾਲੀ ਘਟਨਾ ਸਿਰਫ ਇਹਨਾਂ ਨੌਜਵਾਨਾਂ ਵਿਰੁੱਧ ਕੀਤੀ ਜਾਲਮਾਨਾਂ ਕਾਰਵਾਈ ਨਹੀਂ ਸੀ, ਸਗੋਂ ਉਹ ਸਮੁੱਚੇ ਦਲਿਤ ਭਾਈਚਾਰੇ ਦੇ ਸਵੈਮਾਣ ਨੂੰ ਪੈਰਾਂ ਹੇਠ ਲਿਤਾੜਨ ਤੇ ਜ਼ਲੀਲ ਕਰਨ ਦੀ ਹੋਛੀ ਤੇ ਧੌਂਸਬਾਜ ਕਾਰਵਾਈ ਸੀ। ਇਸ ਦੀ ਪੀੜ ਨੇ ਹਰ ਦਲਿਤ ਦੇ ਕਲੇਜੇ ਨੂੰ ਵਿੰਨ੍ਹ ਕੇ ਰੱਖ ਦਿੱਤਾ। ਸੋਸ਼ਲ ਮੀਡੀਆ ਤੇ ਪਾਈ ਇਹ ਵੀਡੀਓ ਪਲੋ-ਪਲੀ ਹਰ ਪਾਸੇ ਫੈਲ ਗਈ ਅਤੇ ਨੌਜਵਾਨ ਦਲਿਤ ਹਿੱਸਿਆਂ ਚ ਰੋਹ ਦੀਆਂ ਤਰੰਗਾਂ ਛੇੜਦੀ ਗਈ। ਰੋਹ ਨਾਲ ਤਪਦੇ ਦਲਿਤ ਨੌਜਵਾਨਾਂ ਦੇ ਦਲ ਆਪ ਮੁਹਾਰੇ ਸ਼ੜਕਾਂ ਤੇ ਨਿੱਕਲ ਤੁਰੇ। ਸਰਕਾਰੀ ਬੱਸਾਂ ਉਨ੍ਹਾਂ ਦੇ ਕਹਿਰ ਦਾ ਨਿਸ਼ਾਨਾ ਬਣੀਆਂ। ਮੁਜਾਹਰੇ ਤੇ ਝੜੱਪਾਂ ਹੋਈਆਂ। ਤੀਹ ਦੇ ਕਰੀਬ ਦਲਿਤ ਨੌਜਵਾਨਾਂ ਨੇ ਰੋਹ ਤੇ ਹਤਾਸ਼ਾ ਚ ਆਤਮ ਹੱਤਿਆਂ ਦੀਆਂ ਸਫਲ/ਅਸਫਲ ਕੋਸ਼ਿਸ਼ਾਂ ਕੀਤੀਆਂ। ਸਾਰਾ ਜੁਲਾਈ ਮਹੀਨਾ ਦਲਿਤਾਂ ਦਾ ਇਹ ਰੋਹ ਕਦੇ ਕਿਤੇ ਫੁੱਟ ਪੈਂਦਾ ਰਿਹਾ ਤੇ ਕਦੇ ਕਿਤੇ ਹੋਰ ਭੜਕ ਉਠਦਾ ਰਿਹਾ। ਆਪ ਮੁਹਾਰੇ ਤੇ ਗੈਰ-ਜਥੇਬੰਦ ਰੋਸ-ਵਿਖਾਵਿਆਂ ਦੀ ਥਾਂ ਹੌਲੀ ਹੌਲੀ ਜਥੇਬੰਦ ਰੋਸ ਨੇ ਲਈ। ਵਿਰੋਧੀ ਧਿਰ ਦੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਟਰੇਡ ਯੂਨੀਅਨਾਂ ਤੇ ਹੋਰ ਗੈਰ-ਸਰਕਾਰੀ ਜਥੇਬੰਦੀਆਂ ਤੇ ਮੁਸਲਮ ਭਾਈਚਾਰੇ ਦੇ ਲੋਕ ਇਸ ਦੀ ਹਮਾਇਤ ਚ ਆ ਜੁਟੇ। ਹੋਰਨਾਂ ਰਾਜਾਂ ਚ ਦਲਿਤ ਵਿਰੋਧ ਦੀ ਗੂੰਜ ਸੁਣਾਈ ਦੇਣ ਲੱਗੀ। 31 ਜੁਲਾਈ ਨੂੰ ਹਜਾਰਾਂ ਦਲਿਤਾਂ ਦੇ ਮਹਾਂ ਸੰਮੇਲਨ 5 ਅਗਸਤ ਤੋਂ 15 ਅਗਸਤ ਤੱਕ ਅਹਿਮਦਾਬਾਦ ਤੋਂ ਊਨਾ ਤੱਕ 380 ਕਿਲੋਮੀਟਰ ਲੰਮੀ ਦਲਿਤ ਅਸਮਿਤਾ (ਗੌਰਵ) ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਅਤੇ ਦਲਿਤਾਂ ਨੂੰ ਮੁਰਦਾਰ ਢੋਣ, ਗਲੀਆਂ ਨਾਲੀਆਂ ਸਾਫ ਕਰਨ ਤੇ ਖੱਲ ਲਾਹੁਣ ਜਿਹੇ ਧੰਦੇ ਨਾ ਕਰਨ ਦਾ ਸੱਦਾ ਦਿੱਤਾ ਗਿਆ ਤੇ ਹਰ ਦਲਿਤ ਪਰਿਵਾਰ ਲਈ ਪੰਜ ਏਕੜ ਜਮੀਨ ਦੇਣ ਦੀ ਮੰਗ ਉਭਾਰੀ ਗਈ।
ਦਲਿਤਾਂ ਅੰਦਰ ਇਸ ਘਟਨਾ ਨਾਲ ਉੱਮੜੇ ਰੋਹ ਦੀ ਗੱਲ ਕਰਦਿਆਂ ਦਲਿਤਾਂ ਚ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਜਥੇਬੰਦੀ ‘‘ਨਵਸਿਰਜਤ’’ ਦੇ ਇੱਕ ਕਾਰਕੁਨ ਪ੍ਰਦੀਪ ਦਾ ਕਹਿਣਾ ਸੀ,‘‘ਮੈਂ ਪਿਛਲੇ ਵੀਹ ਸਾਲਾਂ ਤੋਂ ਦਲਿਤਾਂ ਦੇ ਮਸਲੇ ਉੱਪਰ ਕੰਮ ਕਰਦਾ ਆ ਰਿਹਾ ਹਾਂ। ਮੈਂ ਗੁਜਰਾਤ ਸਮੇਤ ਭਾਰਤ ਦੇ ਅਨੇਕ ਹਿੱਸਿਆਂ ਚ ਦਲਿਤ ਕਾਰਕੁੰਨਾਂ ਨੂੰ ਸਿਖਲਾਈ ਦਿੱਤੀ ਹੈ। ਮੈਂ ਸਾਡੇ ਲੋਕਾਂ ਅੰਦਰ ਐਨਾ ਰੋਹ ਕਦੇ ਨਹੀਂ ਵੇਖਿਆ ਸੀ। ਹੁਣ ਅਗਵਾਈ ਦੀ ਕਮਾਨ ਨੌਜੁਆਨਾਂ ਨੇ ਸੰਭਾਲ ਲਈ ਹੈ। ਪਹਿਲਾਂ ਲੀਡਰਸ਼ਿੱਪ ਸਿਆਣੀ ਉਮਰ ਦੇ ਲੋਕਾਂ ਕੋਲ ਸੀ। ਉਹ ਹਮੇਸ਼ਾ ਉੱਚ ਜਾਤਾਂ ਦੇ ਮੋੜਵੇਂ ਪ੍ਰਤੀਕਰਮ ਤੋਂ ਤ੍ਰਹਿੰਦੇ ਸਨ ਕਿਉਂਕਿ ਉਹ ਸਦੀਆਂ ਤੋਂ ਇਹੋ ਹੰਢਾਉਂਦੇ ਆ ਰਹੇ ਸਨ। ਹੁਣ ਦੀ ਨਵੀਂ ਪੀੜ੍ਹੀ ਨੇ ਇਹ ਡਰ ਚੁੱਕ ਦਿੱਤਾ ਹੈ। ਉਹ ਬੇਹੱਦ ਗੁੱਸੇ ਚ ਹੈ। ਬੇਰੁਜ਼ਗਾਰੀ ਤੇ ਛੂਤਛਾਤ ਨਿਰਸੰਦੇਹ ਬਹੁਤ ਬੁਰੀਆਂ ਹਨ ਪਰ ਊਨਾ ਘਟਨਾ ਦੀ ਵੀਡੀਓ ਚ ਇਹਨਾਂ ਦਲਿਤ ਨੌਜੁਆਨਾਂ ਤੇ ਜਿਹੋ ਜਿਹਾ ਭਿਆਨਕ ਕਹਿਰ ਢਾਹੁੰਦੇ ਵਿਖਾਇਆ ਗਿਆ ਹੈ, ਉਸ ਨੂੰ ਵੇਖਕੇ ਹਰ ਕਿਸੇ ਨੂੰ ਇਉਂ ਦਰਦ ਮਹਿਸੂਸ ਹੋਇਆ ਹੈ ਜਿਵੇਂ ਉਹਨਾਂ ਡਾਂਗਾਂ ਦੀ ਮਾਰ ਉਹਨਾਂ ਦੇ ਆਪਣੇ ਪਿੰਡਿਆਂ, ਉਹਨਾਂ ਦੇ ਆਪਣੇ ਪਿਉਆਂ ਤੇ ਭਰਾਵਾਂ ਦੇ ਪਿੰਡਿਆਂ ਉੱਪਰ ਪਈ ਹੋਵੇ। ਹਰ ਜਗਾਹ ਲੋਕਾਂ ਦੀ ਜੁਬਾਨ ਤੇ ਇਕੋ ਗੱਲ ਹੈ-‘‘ਹੁਣ ਤਾਂ ਸਿਰਾ ਹੋ ਗਿਆ ਹੈ। ਹੁਣ ਇਸ ਦਾ ਮੁਕਾਬਲਾ ਕੀਤਾ ਜਾਵੇਗਾ ਚਾਹੇ ਇਸ ਦੇ ਬਦਲੇ ਉਹ ਸਾਨੂੰ ਮਾਰ ਹੀ ਕਿਉਂ ਨਾ ਦੇਣ।’’ ਸ਼ਾਇਦ ਗੁਜਰਾਤ ਦੇ ਨੌਜਵਾਨ ਦਲਿਤਾਂ ਦੇ ਅਜੇਹੇ ਰੌਂਅ ਨੂੰ ਭਾਂਪਦਿਆਂ ਤੇ ਇਸ ਤੋਂ ਤ੍ਰਹਿੰਦਿਆਂ ਹੀ, ਭਾਜਪਾ ਨੂੰ ਆਨੰਦੀਬੇਨ ਤੋਂ ਮੁੱਖ ਮੰਤਰੀ ਪਦ ਦੀ ਬਲੀ ਲੈਣ ਤੇ ਮੋੜਾ ਕੱਟਣ ਦਾ ਕੌੜਾ ਅੱਕ ਚੱਬਣਾ ਪਿਆ ਸੀ।

ਗੌਰਵਾ ਯਾਤਰਾ ਨੂੰ ਭਾਰੀ ਸਮਰਥਨ

5 ਅਗਸਤ ਨੂੰ ਦਸ ਹਜਾਰ ਲੋਕਾਂ ਦੇ ਜੋਸ਼ੀਲੇ ਨਾਅਰਿਆਂ ਦੌਰਾਨ ਹਜਾਰ ਦੇ ਕਰੀਬ ਦਲਿਤ ਇਸ ਦਲਿਤ ਗੌਰਵ ਯਾਤਰਾ ਤੇ ਨਿੱਕਲੇ। ਨਾ ਕਿਸੇ ਸਿਆਸੀ ਪਾਰਟੀ ਦਾ ਦਖਲ ਨਾ ਕੋਈ ਸਥਾਪਤ ਤੇ ਉੱਘਾ ਆਗੂ, ਆਪ ਮੂਹਰੇ ਆਏ ਦ੍ਰਿੜ ਪਰ ਸ਼ਾਂਤਮਈ ਯਾਤਰੀ । ਰਾਹ ਚ ਆਉਂਦੇ ਪਿੰਡਾਂ ਚੋਂ ਯਾਤਰਾ ਨੂੰ ਦਲਿਤ ਲੋਕਾਂ ਦਾ ਭਾਰੀ ਸਮਰਥਨ ਮਿਲਿਆ। ਇੱਕ ਪਿੰਡ ਦੇ ਲੋਕ ਅਗਲੇ ਪਿੰਡ ਤੱਕ ਛੱਡਣ ਜਾਂਦੇ। ਮੀਟਿੰਗਾਂ ਚ ਮੁਰਦਾਰ ਤੇ ਮੈਲ ਢੋਣ ਜਿਹੇ ਕੰਮ ਛੱਡਣ ਅਤੇ ਜਮੀਨ ਦੀ ਮੰਗ ਕੀਤੀ ਜਾਂਦੀ। ਇਕ ਦਲਿਤ ਨੌਜਵਾਨ-ਜਿਗਨੇਸ਼ ਮੇਵਾਨੀ-ਸਰਬ ਪ੍ਰਵਾਨਤ ਦਲਿਤ ਆਗੂ ਵਜੋਂ ਉੱਭਰਿਆ ਹੈ। ਇੱਕ ਪਿੰਡ ਵਿੱਚ ਉੱਚ ਜਾਤੀ ਦੇ ਲੋਕਾਂ ਵੱਲੋਂ ਸ਼ੜਕ ਜਾਮ ਕਰਕੇ ਟਕਰਾਅ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਯਾਤਰੀਆਂ ਨੇ ਰਸਤਾ ਬਦਲ ਲਿਆ। 15 ਅਗਸਤ ਨੂੰ ਊਨਾ ਵਿਖੇ 20 ਹਜਾਰ ਲੋਕਾਂ ਦੇ ਵਿਸ਼ਾਲ ਇਕੱਠ ਚ ਰੋਹਿਤ ਵਿਮੁੱਲਾ ਦੀ ਮਾਂ ਅਤੇ ਕੁਟਾਪੇ ਦਾ ਸ਼ਿਕਾਰ ਦਲਿਤ ਨੌਜਵਾਨਾਂ ਚੋਂ ਇੱਕ ਦੇ ਪਿਓ ਨੇ ਤਿਰੰਗਾ ਲਹਿਰਾਇਆ। ਜੇ.ਐਨ.ਯੂ. ਆਗੂ ਕਨ੍ਹਈਆ ਕੁਮਾਰ, ਵੱਡੀ ਗਿਣਤੀ ਮੁਸਲਮ ਭਾਈਚਾਰੇ ਦੇ ਲੋਕ, ਤੇ ਹੋਰ ਇਨਸਾਫ ਪਸੰਦ ਹਿੱਸੇ ਯਕਯਹਿਤੀ ਪ੍ਰਗਟਾਉਣ ਲਈ ਇਸ ਰੈਲੀ ਚ ਪਹੁੰਚੇ । ਦਲਿਤਾਂ ਤੇ ਮੁਸਲਮਾਨਾਂ ਦੀ ਉੱਭਰ ਰਹੀ ਏਕਤਾ ਇੱਕ ਸੁਆਗਤਯੋਗ ਵਰਤਾਰਾ ਬਣ ਸਾਹਮਣੇ ਆਇਆ। ਰੈਲੀ ਚ ਹੋਕਾ ਗੂੰਜਿਆ ‘‘ਗਊ ਕੀ ਪੂਛ ਤੁਮ ਰੱਖੋ, ਹਮੇ ਹਮਾਰੀ ਜਮੀਨ ਦੋ।’’ ਰੈਲੀ ਚ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਨੇ ਇੱਕ ਮਹੀਨੇ ਚ ਹਰ ਦਲਿਤ ਪਰਿਵਾਰ ਨੂੰ ਪੰਜ ਏਕੜ ਜ਼ਮੀਨ ਦੇਣ ਦਾ ਐਲਾਨ ਨਾ ਕੀਤਾ ਤਾਂ ਐਜੀਟੇਸ਼ਨ ਤੇਜ ਕੀਤੀ ਜਾਵੇਗੀ ਤੇ ਰੇਲਾਂ ਰੋਕੀਆਂ ਜਾਣਗੀਆਂ।

ਚੁਣੌਤੀ-ਭਰਪੂਰ ਹਾਲਤ ਖਬਰਦਾਰ ਰਹਿਣ ਦੀ ਲੋੜ

ਦਲਿਤਾਂ ਦੀ ਜਬਰਦਸਤ ਵਿਰੋਧ ਲਹਿਰ ਸਦਕਾ ਭਾਂਵੇਂ ਸਰਕਾਰ ਨੂੰ ਕੁੱਝ ਪਿੱਛੇ ਹਟਣਾ ਪਿਆ ਹੈ ਪਰ ਇਸਦੇ ਬਾਵਜੂਦ ਦਲਿਤਾਂ ਨੂੰ ਬਹੁਤ ਗੰਭੀਰ ਚੁਣੌਤੀ ਦਾ ਸਾਹਮਣਾ ਹੈ। ਉੱਚ-ਜਾਤਾਂ ਇਸ ਦਲਿਤ ਉਭਾਰ ਸਦਕਾ ਅੰਦਰੇ-ਅੰਦਰ ਤੇ ਜਾਹਰਾ ਤੌਰ ਤੇ ਵੀ ਵਿਹੁ ਘੋਲ ਰਹੀਆਂ ਹਨ ਤੇ ਉਹ ਮਰੇ ਪਸ਼ੂ ਚੱਕਣ ਅਤੇ ਗੰਦਗੀ ਦੀ ਸਫਾਈ ਕਰਨ ਦੇ ਦਲਿਤਾਂ ਦੇ ਫੈਸਲੇ ਨੂੰ ਸੌਖੇ ਹੀ ਹਜ਼ਮ ਨਹੀਂ ਕਰ ਸਕਦੀਆਂ। ਗੌਰਵ ਯਾਤਰਾ ਤੋਂ ਮੁੜਦੇ ਸਮੇਂ ਦਲਿਤ ਜੱਥਿਆਂ ਤੇ ਉੱਚ-ਜਾਤੀ ਲੋਕਾਂ ਅਤੇ ਕੱਟੜ ਹਿੰਦੂ ਅਨਸਰਾਂ ਵੱਲੋਂ ਕੀਤੇ ਹਮਲੇ ਸਭ ਦੇ ਸਾਹਮਣੇ ਹਨ। ਉਂਜ ਵੀ ਬਦਲਵੇਂ ਰੁਜ਼ਗਰ ਦੀ ਘਾਟ ਅਤੇ ਰੁਜ਼ਗਾਰ ਤੋਰਨ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਕਰਕੇ ਪਹਿਲਾਂ ਵਾਲਾ ਕਿੱਤਾ ਸੌਖਿਆਂ ਹੀ ਨਹੀਂ ਬਦਲਿਆ ਜਾ ਸਕਦਾ । ਪਿੰਡਾਂ ਚ ਰਹਿੰਦੇ ਦਲਿਤਾਂ ਲਈ ਪੰਜ ਏਕੜ ਜਮੀਨ ਦੀ ਮੰਗ ਬਹੁਤ ਹੀ ਮਹੱਤਵਪੂਰਨ ਹੈ ਤੇ ਜ਼ਮੀਨ ਦੀ ਅਣਹੋਂਦ ਦਲਿਤ ਦੇ ਆਰਥਿਕ ਸਮਾਜਿਕ ਪਛੜੇਵੇਂ ਦਾ ਇੱਕ ਬੁਨਿਆਦੀ ਕਾਰਨ ਹੈ। ਦਲਿਤ ਰੋਹ ਦੇ ਇਸ ਵਹਿਣ ਚ ਜ਼ਮੀਨ ਦੀ ਮੰਗ ਦਾ ਉੱਭਰ ਆਉਣਾ ਇਸ ਰੋਸ ਲਹਿਰ ਦੀ ਸਹੀ ਰੁਖ ਉਧੇੜ ਪੱਖੋਂ ਬੁਨਿਆਦੀ ਮਹੱਤਤਾ ਵਰਗਾ ਇੱਕ ਵਜ਼ਨਦਾਰ ਅੰਸ਼ ਬਣਦਾ ਹੈ। ਜਿਹੜਾ ਪਹਿਲੇ ਸਮਿਆਂ ਦੇ ਅੰਦੋਲਨਾਂ ਚ ਦਿਖਾਈ ਨਹੀਂ ਦਿੰਦਾ ਰਿਹਾ। ਪਰ ਇਸ ਲਈ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਰਲ ਕੇ ਬਹੁਤ ਲੰਮਾ ਤੇ ਸਿਰੜੀ ਸੰਘਰਸ਼ ਦਰਕਾਰ ਹੈ। ਸ਼ਹਿਰੀ ਦਲਿਤ ਹਿੱਸਿਆਂ ਦੀ ਲਾਮਬੰਦੀ ਦੇ ਪੱਖ ਤੋਂ ਬਦਲਵੇਂ ਗੁਜਾਰੇ ਯੋਗ ਰੁਜ਼ਗਾਰ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਗੁਜਰਾਤ ਚ ਦਲਿਤ ਵਸੋਂ ਕੁੱਲ ਵਸੋਂ ਦਾ ਛੋਟਾ ਭਾਗ ਹੋਣ ਕਰਕੇ ਹੋਰ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਆਦਿਵਾਸੀ ਵਰਗਾਂ ਨਾਲ ਸੰਗਰਾਮੀ ਸਾਂਝ ਵਿਕਸਤ ਕਰਨੀ ਚਾਹੀਦੀ ਹੈ। ਇਸ ਸਾਂਝੇ ਜੋਰ ਦੇ ਆਸਰੇ ਹੀ ਜਾਤੀ ਤੇ ਜਮਾਤੀ ਦਾਬੇ ਨੂੰ ਕਮਜੋਰ ਕਰਨ ਤੇ ਹਰਾਉਣ ਦੇ ਰਾਹ ਅੱਗੇ ਵਧਿਆ ਜਾ ਸਕਦਾ ਹੈ। ਇਸ ਲਈ ਹਰ ਕਿਸਮ ਦੀ ਹਾਕਮ ਜਮਾਤੀ ਸਿਆਸਤ ਦੇ ਚੁੰਗਲ ਚ ਫਸਣ ਤੋਂ ਬਚਣ ਦੀ ਲੋੜ ਹੈ।

3. ਗਊ ਮਾਤਾ ਦਾ ਆਸਰਾ



ਸੰਘ ਪਰਿਵਾਰ ਦੀ ਫਿਰਕੂ-ਫਾਸ਼ੀ ਮੁਹਿੰਮ ਜ਼ੋਰਾਂ ਤੇ

- ਜਸਵਿੰਦਰ

ਹਿੰਦੂ-ਧਰਮੀ ਲੋਕਾਂ ਅੰਦਰ ਆਪਣੇ ਕੱਟੜ ਹਿੰਦੂ ਮੂਲਵਾਦੀ ਆਧਾਰ ਨੂੰ ਪੱਕੇ ਪੈਰੀਂ ਕਰਨ ਤੇ ਵਧਾਉਣ ਲਈ ਤੇ ਹੋਰ ਧਰਮਾਂ ਦੇ ਲੋਕਾਂ ਉੱਪਰ ਹਿੰਦੂ ਧਾਰਮਕ-ਸਮਾਜਕ ਜੀਵਨ-ਜਾਚ ਮੜ੍ਹਨ  ਲਈ ਆਰ.ਐਸ.ਐਸ. ਵੱਲੋਂ ਆਪਣੀ ਇਸ ਰਣਨੀਤੀ ਨੂੰ ਅੱਗੇ ਵਧਾਉਣ ਲਈ ਹੁਣ ਵੱਡੀ ਪੱਧਰ ਤੇ ਗਊ ਮਾਤਾ ਦਾ ਸਹਾਰਾ ਲਿਆ ਜਾ ਰਿਹਾ ਹੈ। ਗਊ ਮਾਤਾ ਦੀ ਹੱਤਿਆ ਰੋਕਣ ਅਤੇ ਗਊ ਮਾਸ ਦੀ ਵਰਤੋਂ ਰੋਕਣ ਦੇ ਨਾਂ ਹੇਠ ਆਮ ਲੋਕਾਂ ਪਰ ਵਿਸ਼ੇਸ਼ ਕਰਕੇ ਮੁਸਲਮਾਨ ਤੇ ਦਲਿਤ ਵਰਗ ਦੇ ਲੋਕਾਂ ਨੂੰ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਘ ਪ੍ਰਵਾਰ ਦੇ ਪ੍ਰਚਾਰਕਾਂ ਤੇ ਨਾਮਵਰ ਲੋਕਾਂ ਵੱਲੋਂ ਸ਼ਰੇਆਮ ਇਹ ਐਲਾਨ ਕੀਤੇ ਜਾ ਰਹੇ ਹਨ ਕਿ ਜੇ ਭਾਰਤ ਚ ਰਹਿਣਾ ਹੈ ਤਾਂ ਗਊ ਮਾਸ ਖਾਣਾ ਬੰਦ ਕਰਨਾ ਪਵੇਗਾ। ਗਊ ਮਾਸ ਖਾਣ ਵਾਲਿਆਂ ਨੂੰ ਪਾਕਿਸਤਾਨ ਚਲੇ ਜਾਣ ਦੀਆਂ ਧਮਕਾਊ ਸੁਣਾਉਣੀਆਂ ਕੀਤੀਆਂ ਜਾ ਰਹੀਆਂ ਹਨ।
ਭਾਰਤ ਚ ਕੇਰਲਾ ਅਤੇ ਬੰਗਾਲ ਵਰਗੇ ਮੁੱਠੀਭਰ ਰਾਜਾਂ ਨੂੰ ਛੱਡ ਕੇ ਬਾਕੀ ਮੁਲਕ ਚ ਗਊ ਹੱਤਿਆ ਉੱਪਰ ਕਾਨੂੰਨੀ ਪਾਬੰਦੀ ਹੈ। ਭਾਜਪਾ ਦੀ ਹਕੂਮਤ ਅਧੀਨ ਰਾਜਾਂ ਚ ਤਾਂ ਹੁਣ ਗਊ ਮਾਸ ਖਾਣ, ਵੇਚਣ ਜਾਂ ਰੱਖਣ ਦੀ ਵੀ ਮਨਾਹੀ ਕਰ ਦਿੱਤੀ ਗਈ ਹੈ। ਇਹ ਪਾਬੰਦੀ ਇਸ ਤਰਕ ਦੇ ਆਧਾਰ ਤੇ ਵਾਜਬ ਠਹਿਰਾਈ ਜਾ ਰਹੀ ਹੈ ਕਿ ਗਊ ਮਾਸ ਖਾਣਾ ਹਿੰਦੂ-ਧਰਮੀ ਲੋਕਾਂ ਦੇ ਜਜਬਾਤਾਂ ਨੂੰ ਠੇਸ ਪਹੁੰਚਾਉਦਾ ਹੈ। ਇਹ ਇੱਕ ਪ੍ਰਵਾਨਤ ਸੱਚ ਹੈ ਕਿ ਭਾਰਤ ਚ ਰਹਿੰਦੇ ਮੁਸਲਮਾਨ ਤੇ ਇਸਾਈ ਧਰਮ ਦੇ ਲੋਕਾਂ ਤੋਂ ਇਲਾਵਾ ਕਈ ਹਿੰਦੂ ਤਬਕਿਆਂ ਦੇ ਲੋਕ ਵੀ ਗਊ ਮਾਸ ਖਾਂਦੇ ਹਨ। ਅਜਿਹੀ ਪਾਬੰਦੀ ਉਹਨਾਂ ਉੱਪਰ ਜਬਰੀ ਠੋਸਣਾ ਉਹਨਾਂ ਦੇ ਆਪਣੀ ਰਵਾਇਤ ਅਨੁਸਾਰ ਖਾਣ ਪੀਣ ਦੇ ਜਮਹੂਰੀ ਹੱਕ ਅਤੇ ਧਾਰਮਕ ਅਕੀਦਿਆਂ ਦੀ ਉਲੰਘਣਾ ਹੈ। ਹਿੰਦੂ ਧਾਰਮਕ ਵਿਸ਼ਵਾਸ਼ਾਂ ਤੇ ਮਾਨਤਾਵਾਂ ਦੀ ਰਾਖੀ ਦੇ ਨਾਂ ਹੇਠ ਗੈਰ-ਹਿੰਦੂ ਤੇ ਨਾਸਤਕ ਲੋਕਾਂ ਦੀਆਂ ਧਾਰਮਕ ਤੇ ਸਮਾਜਕ ਮਾਨਤਾਵਾਂ ਦੀ ਬਲੀ ਦਿੱਤੀ ਜਾ ਰਹੀ ਹੈ।
ਸੰਘ ਪ੍ਰਵਾਰ ਦੀ ਜਾਹਰਾ ਛਤਰਛਾਇਆ ਹੇਠ ਕੰਮ ਕਰਦੀਆਂ ਜਥੇਬੰਦੀਆਂ-ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਅਖਿਲ ਭਾਰਤ ਵਿਦਿਆਰਥੀ ਪ੍ਰੀਸ਼ਦ, ਸ਼ਿਵ ਸੈਨਾ, ਹਿੰਦੂ ਸੈਨਾ, ਰਾਮ ਸੈਨਾ, ਦੁਰਗਾ ਵਹਿਣੀ ਆਦਿਕ ਆਦਿਕ- ਤੋਂ ਇਲਾਵਾ ਪਿਛਲੇ ਇੱਕ ਦੋ ਸਾਲਾਂ ਚ ਅਨੇਕਾਂ ਅਜਿਹੇ ਦਲ ਤੇ ਸੈਨਾਵਾਂ ਤੇ ਸੰਮਤੀਆਂ ਖੁੰਬਾਂ ਵਾਂਗ ਉੱਭਰ ਆਈਆਂ੍ਯ ਹਨ ਜਿਹੜੀਆਂ ਗਊ ਰੱਖਿਆ ਦੇ ਨਾਂ ਹੇਠ ਲੋਕਾਂ ਤੇ ਧੌਂਸ ਜਮਾ ਕੇ ਦਹਿਸ਼ਤ ਪਾ ਰਹੀਆਂ ਹਨ ਤੇ ਇਸ ਦੀ ਆੜ ਚ ਸਮਾਜ ਵਿਰੋਧੀ ਕਾਰਵਾਈਆਂ ਤੇ ਜਬਰਨ ਉਗਰਾਹੀਆਂ ਕਰ ਰਹੀਆਂ ਹਨ। ਇਹ ਗੱਲ ਮੋਦੀ ਨੂੰ ਵੀ ਮੰਨਣੀ ਪਈ ਹੈ। ਪੰਜਾਬ ਵਿਚ ਗ੍ਰਿਫਤਾਰ ਕੀਤੇ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਉੱਪਰ ਦਰਜ਼ਨਾਂ ਫੌਜਦਾਰੀ ਕੇਸਾਂ ਤੋਂ ਇਲਾਵਾ ਜਬਰਨ ਉਗਰਾਹੀ ਤੇ ਗਊ ਹੱਤਿਆ ਦੇ ਨਾਂ ਤੇ ਫੜੇ ਵਿਅਕਤੀਆਂ ਨਾਲ ਸਰੀਰਕ ਬਦਫੈਲੀ ਕਰਨ ਦੇ ਦੋਸ਼ ਵੀ ਲੱਗੇ ਹਨ। ਪ੍ਰਧਾਨ ਮੰਤਰੀ ਅਨੁਸਾਰ ਇਨ੍ਹਾਂ ਵਿਚੋਂ 80 ਫੀ ਸਦੀ ਜਾਅਲੀ ਗਊ ਰੱਖਿਅਕ ਹਨ ਜੋ ਗਊ ਰੱਖਿਆ ਦੇ ਨਾਂ ਤੇ ਗੈਰ-ਸਮਾਜੀ ਕਾਰਵਾਈਆਂ ਕਰਦੇ ਹਨ। ਜਿਸ ਗੱਲ ਤੇ ਪ੍ਰਧਾਨ ਮੰਤਰੀ ਪਰਦਾ ਪਾ ਰਹੇ ਹਨ ਉਹ ਇਹ ਕਿ ਇਹਨਾਂ ਸਭ ਸੈਨਾਵਾਂ/ ਸੰਮਤੀਆਂ ਨੂੰ ਸੰਘ ਪ੍ਰਵਾਰ ਦੇ ਲੀਡਰਾਂ ਤੇ ਮੰਤਰੀਆਂ ਦੀ ਗੁੱਝੀ ਜਾਂ ਜਾਹਰਾ ਸਰਪ੍ਰਸਤੀ ਹਾਸਲ ਹੈ ਤੇ ਇਹ ਸੰਘ ਪ੍ਰਵਾਰ ਦੀ ਪ੍ਰਾਈਵੇਟ ਸੈਨਾ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਤਾਂ ਹੁਣ ਇਨ੍ਹਾਂ ਅਖਾਉਤੀ ਗਊ ਰੱਖਿਅਕਾਂ ਨੂੰ ਪਸ਼ੂ ਭਲਾਈ ਕਾਰਕੁਨਾਂ ਦੇ ਰੂਪ ਵਿਚ ਮਾਨਤਾ ਤੇ ਪਛਾਣ ਪੱਤਰ ਜਾਰੀ ਕਰਕੇ ਇਹਨਾਂ ਨੂੰ ਸਰਕਾਰੀ ਸਰਪ੍ਰਸਤੀ ਦੇਣ ਜਾ ਰਹੀ ਹੈ।
ਗਊ ਮਾਸ ਰੱਖਣ ਦੇ ਅਖੌਤੀ ਜ਼ੁਰਮ ਚ ਦਾਦਰੀ ਦੇ ਮੁਹੰਮਦ ਅਖਲਾਕ ਦੀ ਗਊ ਰੱਖਿਅਕਾਂ ਵੱਲੋਂ ਕੋਹ ਕੋਹ ਕੇ ਹੱਤਿਆ ਕਰਨ ਦੇ ਬਹੁ-ਚਰਚਤ ਕੇਸ ਤੋਂ ਇਲਾਵਾ ਇਹ ਫਾਸ਼ੀ ਗਊ ਰੱਖਿਆ ਗਰੋਹ ਮੁਲਕ ਦੇ ਅੱਡ ਅੱਡ ਹਿੱਸਿਆਂ ਚ ਅਨੇਕਾਂ ਲੋਕਾਂ ਦੀ ਜਾਨ ਲੈ ਚੁੱਕੇ ਹਨ, ਅਣਗਿਣਤ ਨੂੰ ਜ਼ਲੀਲ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਇਹਨਾਂ ਦੀਆਂ ਆਪਹੁਦਰੀਆਂ ਤੇ ਧੌਂਸਬਾਜ ਕਾਰਵਾਈਆਂ ਸਦਕਾ ਡੇਅਰੀ ਕਾਰੋਬਾਰ, ਖੱਲਾਂ ਤੇ ਚਮੜੇ ਦੀ ਸਨਅਤ ਤੇ ਵਪਾਰ ਅਤੇ ਪਸ਼ੂਆਂ ਦੀ ਚਰਬੀ ਤੋਂ ਬਣਨ ਵਾਲੀ ਸਾਬਣ ਸਨਅਤ ਆਦਿਕ ਜਿਹੇ ਅਨੇਕ ਕਾਰੋਬਾਰ ਚੌਪਟ ਹੋ ਚੁੱਕੇ ਹਨ। ਗਊ ਮਾਸ ਦੀ ਵਿਕਰੀ ਰੋਕਣ ਦੇ ਨਾਂ ਹੇਠ ਮੱਝਾਂ ਤੇ ਹੋਰ ਜਾਨਵਰਾਂ ਦਾ ਮਾਸ ਵੇਚਣਾ ਤੇ ਇਧਰ ਉਧਰ ਲਿਜਾਣਾ ਪੂਰਾ ਜ਼ੋਖਮ ਭਰਿਆ ਕੰਮ ਬਣ ਗਿਆ ਹੈ। ਗਊ ਹੱਤਿਆ ਤੇ ਮੁਕੰਮਲ ਪਾਬੰਦੀ ਜਿਹੇ ਨਾਕਾਰਤਮਕ ਕਾਨੂੰਨਾਂ ਸਦਕਾ ਫੰਡਰ ਹੋਇਆ ਜਾਂ ਦੁੱਧੋਂ-ਹਰਿਆ ਗਊ ਧਨ ਕਿਸਾਨਾਂ ਦੀਆਂ ਫਸਲਾਂ ਦੇ ਵਿਆਪਕ ਉਜਾੜੇ ਅਤੇ ਸੜਕੀ ਐਕਸੀਡੈਂਟਾਂ ਦੀ ਵੱਡੀ ਵਜ੍ਹਾ ਬਣਿਆ ਹੋਇਆ ਹੈ। ਮਾਹਰਾਂ ਦੇ ਇੱਕ ਅਨੁਮਾਨ ਅਨੁਸਾਰ ਪੰਜਾਬ ਦੇ ਡੇਅਰੀ ਧੰਦੇ ਨਾਲ ਜੁੜੇ 6500 ਦੇ ਕਰੀਬ ਦੁੱਧ ਉਤਪਾਦਕ ਤੇ ਛੋਟੇ ਕਿਸਾਨਾਂ ਨੂੰ ਫੰਡਰ ਗਊਆਂ ਦੀ ਵੇਚ ਵੱਟ ਬੰਦ ਹੋਣ ਕਰਕੇ ਹਰ ਸਾਲ ਤਿੰਨ ਹਜਾਰ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਇਨ੍ਹਾਂ ਗਊ ਰੱਖਿਅਕਾਂ ਤੇ ਗਊ ਮਾਫੀਆ ਗਰੋਹਾਂ ਦੇ ਡਰ ਕਰਕੇ ਪਸ਼ੂਆਂ ਦਾ ਵਪਾਰ ਲਗਭਗ ਠੱਪ ਹੋ ਕੇ ਰਹਿ ਗਿਆ ਹੈ ਤੇ ਪਸ਼ੂਆਂ ਦੀ ਵਿੱਕਰੀ ਨਾ ਹੋਣ ਕਾਰਨ ਡੇਅਰੀ ਧੰਦਾ ਤਬਾਹੀ ਮੂੰਹ ਧੱਕਿਆ ਜਾ ਰਿਹਾ ਹੈ। ਉਧਰ, ਅਵਾਰਾ ਗਊਆਂ ਦੀਆਂ ਹੇੜਾਂ ਤੋਂ ਫਸਲਾਂ ਦੀ ਰਾਖੀ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਧੱਕੀ ਜਾ ਰਹੀ ਕਿਸਾਨੀ ਲਈ ਵੱਡੀ ਸਿਰਦਰਦੀ ਬਣ ਕੇ ਉੱਭਰ ਆਈ ਹੈ। ਕਿਸਾਨੀ ਦੀ ਸਭ ਤੋਂ ਵੱਡੀ ਖੈਰ-ਖਵਾਹ ਹੋਣ ਦੇ ਦਮਗਜੇ ਮਾਰਨ ਵਾਲੀ ਅਕਾਲੀ ਪਾਰਟੀ ਅਵਾਰਾ ਪਸ਼ੂਆਂ ਦੇ ਮਾਮਲੇ ਚ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲ ਵਫਾਦਾਰੀ ਪਾਲਣ ਦੀ ਥਾਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਹਿੰਦੂ ਕੱਟੜਪੰਥੀਆਂ ਦੀ ਵਫਾਦਾਰੀ ਕਰ ਰਹੀ ਹੈ।

4. ਪੁੱਠੀ ਪੈਂਦੀ ਬਾਜ਼ੀ - ਭਾਜਪਾ ਨੂੰ ਤਰੇਲ਼ੀਆਂ



ਦਲਿਤ ਵੋਟ ਬੈਂਕ ਤੇ ਹਿੰਦੂ ਫਿਰਕਾਪ੍ਰਸਤ ਲਾਮਬੰਦੀਆਂ ਆਖ਼ਰ ਨੂੰ ਟਕਰਾਅ

- ਸਿਆਸੀ ਟਿੱਪਣੀਕਾਰ

ਮੋਦੀ ਜੀ ਦੇ ਰਾਜਭਾਗ ਚ ਗਊ-ਰੱਖਿਆ ਦੇ ਨਾਂ ਤੇ ਹਿੰਦੂ ਕੱਟੜਪੰਥੀ ਅਨਸਰਾਂ ਵੱਲੋਂ ਮੁਸਲਮਾਨਾਂ, ਦਲਿਤਾਂ ਅਤੇ ਆਮ ਲੋਕਾਂ ਤੇ ਹਮਲਿਆਂ ਦੀਆਂ ਅਨੇਕਾਂ ਸੰਗੀਨ ਘਟਨਾਵਾਂ ਵਾਪਰੀਆਂ ਹਨ ਅਤੇ ਇਹਨਾਂ ਚ ਕਈ ਮੌਤਾਂ ਵੀ ਹੋਈਆਂ ਹਨ। ਇਹਨਾਂ ਘਟਨਾਵਾਂ ਦੇ ਵਾਪਰਨ ਵੇਲੇ ਪ੍ਰੈੱਸ, ਮੀਡੀਆ, ਪਾਰਲੀਮੈਂਟ ਆਦਿਕ ਚ ਬਥੇਰੇ ਵਾਰ ਹੋ-ਹੱਲਾ ਮੱਚਦਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਅਕਸਰ ਇਹਨਾਂ ਬਾਰੇ ਲੰਮਾ ਸਮਾਂ ਗਹਿਰੀ ਚੁੱਪ ਧਾਰੀ ਰੱਖਦੇ ਰਹੇ ਹਨ। ਗਊ-ਮਾਸ ਖਾਣ ਦੇ ਅਖੌਤੀ ਇਲਜ਼ਾਮ ਤਹਿਤ ਦਾਦਰੀ ਚ ਮੁਹੰਮਦ ਅਖ਼ਲਾਕ ਨੂੰ ਹਿੰਦੂ-ਕੱਟੜਪੰਥੀਆਂ ਦੀ ਉਕਸਾਈ ਭੀੜ ਵੱਲੋਂ ਕੁੱਟ ਕੁੱਟ ਕੇ ਮਾਰ ਦੇਣ ਦੀ ਅਤਿ ਘਿਨਾਉਣੀ ਕਾਰਵਾਈ ਬਾਰੇ ਵੀ, ਵਾਰ ਵਾਰ ਕੀਤੀ ਮੰਗ ਦੇ ਬਾਵਜੂਦ ਉਹਨਾਂ ਨੇ ਚੁੱਪ ਵੱਟੀ ਰੱਖੀ। ਰਾਸ਼ਟਰਪਤੀ ਵੱਲੋਂ ਇਸ ਘਟਨਾ ਬਾਰੇ ਜ਼ਾਹਰ ਕੀਤੇ ਪ੍ਰਤੀਕਰਮ ਤੋਂ ਬਾਅਦ ਜਦ ਉਹਨਾਂ ਨੂੰ ਮਜਬੂਰੀ ਵੱਸ ਬੋਲਣਾ ਪਿਆ ਤਾਂ ਬੱਸ ਐਨਾ ਕਹਿਕੇ ਸਾਰ ਦਿੱਤਾ ਕਿ ਸਾਨੂੰ ਫਿਰਕੂ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ, ਆਪਸ ਚ ਲੜਨਾ ਨਹੀਂ ਚਾਹੀਦਾ। ਕਾਤਲਾਂ ਬਾਰੇ ਇੱਕ ਲਫਜ਼ ਨਹੀਂ ਬੋਲੇ। ਰੋਹਿਤ ਵੇਮੁੱਲਾ ਦੀ ਦਰਦਨਾਕ ਆਤਮਹੱਤਿਆ ਨੇ ਸਾਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੋਦੀ ਜੀ ਲੰਮਾਂ ਸਮਾਂ ਕਬੂਤਰ ਵਾਂਗ ਅੱਖਾਂ ਮੀਚੀ ਬੈਠੇ ਰਹੇ, ਕੁਝ ਨਹੀਂ ਬੋਲੇ। ਆਖ਼ਰ ਜਦੋਂ ਬੋਲੇ ਤਾਂ ਸਿਰਫ਼ ਐਨਾ ਕੁ ਕਹਿਕੇ ਸਾਰ ਦਿੱਤਾ ਕਿ ਇੱਕ ਮਾਂ ਨੇ ਆਪਣਾ ਪੁੱਤ ਗੁਆ ਲਿਆ ਹੈ  ਮੈਂ ਉਸਦਾ ਦਰਦ ਸਮਝਦਾ ਹਾਂ। ਖੁਦਕੁਸ਼ੀ ਦੇ ਮੂੰਹ ਧੱਕਣ ਦੇ ਮੁਜਰਮਾਂ, ਕਾਰਨਾਂ ਆਦਿਕ ਬਾਰੇ ਸਾਜਸ਼ੀ ਚੁੱਪ ਵੱਟੀ ਰੱਖੀ। ਝਾਰਖੰਡ ਚ ਗਊ-ਰੱਖਿਅਕ ਗ੍ਰੋਹ ਨੇ ਦੋ ਮੁਸਲਮਾਨ ਪਸ਼ੂ ਵਪਾਰੀਆਂ ਨੂੰ ਦਰਖਤਾਂ ਤੇ ਟੰਗਕੇ ਫਾਹਾ ਦੇ ਦਿੱਤਾ, ਉਹ ਚੁੱਪ ਰਹੇ। ਗੁਜਰਾਤ 2012 ’ਚ ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਪੁਲਸ ਨੇ ਤਿੰਨ ਦਲਿਤਾਂ ਨੂੰ ਗੋਲੀ ਮਾਰ ਦਿੱਤੀ ਸੀ। ਉਹਨਾਂ ਦੀ ਰੂਹ ਨਾ ਕੰਬੀ। ਉਹਨਾਂ ਲਈ ਇਸ ਘਟਨਾ ਦੀ ਨਿਖੇਧੀ ਤਾਂ ਕੀ ਕਰਨੀ ਸੀ, ਇੱਕ ਸ਼ਬਦ ਤੱਕ ਵੀ ਮੂੰਹੋਂ ਨਾ ਨਿਕਲਿਆ। (ਥਾਨਗੜ੍ਹਚ ਵਾਪਰੀ ਇਸ ਘਟਨਾ ਦੀ ਜਾਂਚ ਲਈ ਦਲਿਤ ਉਭਾਰ ਦੀ ਮੌਜੂਦਾ ਹਾਲਤ ਚ ਗੁਜਰਾਤ ਸਰਕਾਰ ਨੂੰ ਵਿਸ਼ੇਸ਼ ਜਾਂਚ ਦਲ ਬਣਾਉਣ ਦਾ ਐਲਾਨ ਕਰਨਾ ਪਿਆ ਹੈ।) ਹੁਣ ਜਦ 11 ਜੁਲਾਈ ਨੂੰ ਊਨਾ ਚ ਹਿੰਦੂ ਕੱਟੜਪੰਥੀਆਂ ਵੱਲੋਂ ਅਣਮਨੁੱਖੀ ਕਹਿਰ ਢਾਹਿਆ ਗਿਆ ਤੇ ਸਮੁੱਚਾ ਮੁਲਕ ਝੰਜੋੜਿਆ ਗਿਆ ਤਾਂ ਮੋਦੀ ਜੀ ਨੇ ਇਸ ਘਟਨਾ ਬਾਰੇ ਵੀ ਮੌਨ ਵਰਤ ਧਾਰ ਲਿਆ। ਇਸ ਘਿਨਾਉਣੇ ਮੱਧਯੁੱਗੀ ਕਾਂਡ ਦੀ ਕੌਮੀ ਤੇ ਕੌਮਾਂਤਰੀ ਮੀਡੀਆ ਚ ਇਹ ਵੀਡੀਓ ਫਲੈਸ਼ ਹੋਈ, ਰਾਹੁਲ ਗਾਂਧੀ, ਕੇਜਰੀਵਾਲ ਤੇ ਹੋਰ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂ ਪੀੜਤਾਂ ਨੂੰ ਮਿਲਣ ਗਏ, ਸਿਆਸੀ ਹੋ-ਹੱਲਾ ਮੱਚਿਆ, ਗੁਜਰਾਤ ਚ ਰੋਹ ਭਰੇ ਦਲਿਤਾਂ ਦੇ ਹਜੂਮ ਸੜਕਾਂ ਤੇ ਨਿੱਕਲੇ ਤੁਰੇ, ਰੋਸ ਮੁਜ਼ਾਹਰੇ ਤੇ ਭੰਨਤੋੜ ਜਾਰੀ ਰਹੀ, ਕੋਈ 30 ਦੇ ਕਰੀਬ ਦਲਿਤਾਂ ਨੇ ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਇਸ ਸਭ ਦੇ ਦੌਰਾਨ ਮੋਦੀ ਜੀ ਇਉਂ ਖਾਮੋਸ਼ੀ ਧਾਰੀ ਬੈਠੇ ਰਹੇ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ, ਜਿਵੇਂ ਇਸ ਸਾਰੇ ਨਾਲ ਉਹਨਾਂ ਦਾ ਕੋਈ ਸਰੋਕਾਰ ਹੀ ਨਾ ਹੋਵੇ।
ਤੇ ਫਿਰ ਇਸ ਘਿਨਾਉਣੀ ਤੇ ਭੜਕਾਊ ਤੇ ਸ਼ਰਮਨਾਕ ਘਟਨਾ ਤੋਂ ਲਗਭਗ 25 ਦਿਨ ਬਾਅਦ, ਉਹ ਅਚਾਨਕ ਅੱਬੜਵਾਹਿਆਂ ਵਾਂਗ ਕੁਰਲਾ ਉੱਠੇ। ਕਹਿੰਦੇ ਮੈਂ ਇਹਨਾਂ ਗਊ-ਰੱਖਿਅਕਾਂ ਦੀਆਂ ਕਰਤੂਤਾਂ ਤੋਂ ਬੜਾ ਪ੍ਰੇਸ਼ਾਨ ਹਾਂ। ਇਹਨਾਂ ਨੇ ਦੁਕਾਨਾਂ ਚਲਾ ਰੱਖੀਆਂ ਹਨ। ਇਹਨਾਂ ਚੋਂ ਅੱਸੀ ਫੀਸਦੀ ਗਊ-ਰੱਖਿਅਕ ਜਾਅਲੀ ਹਨ। ਇਹ ਦਿਨੇ ਗਊ-ਰੱਖਿਅਕ ਬਣ ਬਹਿੰਦੇ ਹਨ ਤੇ ਰਾਤਾਂ ਨੂੰ ਗੈਰ-ਸਮਾਜੀ ਕਾਰਵਾਈਆਂ ਕਰਦੇ ਹਨ। ਉਹਨਾਂ ਨੇ ਰਾਜ-ਸਰਕਾਰਾਂ ਨੂੰ ਇਹਨਾਂ ਬਾਰੇ ਰਿਪੋਰਟਾਂ ਤਿਆਰ ਕਰਨ ਤੇ ਇਹਨਾਂ ਵਿਰੁੱਧ ਕਾਰਵਾਈ ਦੀ ਸਲਾਹ ਵੀ ਦਿੱਤੀ। ਦੋ ਦਿਨ ਬਾਅਦ ਫਿਰ ਇਹਨਾਂ ਗਊ-ਰੱਖਿਅਕਾਂ ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਾਉਂਦਿਆਂ, ਤਰਲਾ ਕੀਤਾ, ‘‘ਜੇ ਗੋਲੀ ਮਾਰਨੀ ਹੀ ਹੈ ਤਾਂ ਮੇਰੇ ਮਾਰੋ, ਮੇਰੇ ਦਲਿਤ ਵੀਰਾਂ ਦੇ ਨਾ ਮਾਰੋ।’’
ਮੋਦੀ ਜੀ ਦੀ ਪਾਰਟੀ ਤੇ ਸੰਘ ਪਰਿਵਾਰ ਵੱਲੋਂ ਪਾਲੇ ਗਊ-ਰੱਖਿਅਕਾਂ ਬਾਰੇ ਮੋਦੀ ਜੀ ਦੀ ਇਹ ਫਿਟਕਾਰ ਸੁਣਕੇ ਉਹਨਾਂ ਦੇ ਆਪਣਿਆਂ ਸਮੇਤ ਸਾਰਾ ਮੁਲਕ ਹੱਕਾ ਬੱਕਾ ਰਹਿ ਗਿਆ। ਕੀ ਮੋਦੀ ਜੀ ਦਾ ਅਚਾਨਕ ਹਿਰਦੇ-ਪ੍ਰੀਵਰਤਨ ਹੋ ਗਿਆ ਹੈ? ਉਹਨਾਂ ਅੰਦਰ ਦਲਿਤ-ਹੇਜ ਉਮਡ ਆਇਆ ਹੈ? ਆਓ, ਇਸ ਕਾਂਟਾ ਬਦਲੀ ਪਿੱਛੇ ਛੁਪੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਸਾਲ 2017 ਦੇ ਸ਼ੁਰੂ ਦੇ ਮਹੀਨਿਆਂ ਚ ਹੀ ਪੰਜ ਰਾਜਾਂ  ਪੰਜਾਬ, ਯੂ. ਪੀ., ਉਤਰਾਖੰਡ, ਗੋਆ ਤੇ ਮਨੀਪੁਰ  ਚ ਅਸੰਬਲੀ ਚੋਣਾਂ ਹੋਣ ਜਾ ਰਹੀਆਂ ਹਨ। ਗੁਜਰਾਤ ਚ ਵੀ ਅਸੰਬਲੀ ਚੋਣਾਂ ਇਸੇ ਵਰ੍ਹੇ ਹੇੋਣੀਆਂ ਹਨ। ਇਹਨਾਂ ਚੋਣਾਂ ਖਾਸ ਕਰਕੇ ਯੂ. ਪੀ. ਚੋਂ ਚੋਣ-ਨਤੀਜੇ ਭਾਜਪਾ ਲਈ ਬੇਹੱਦ ਅਹਿਮੀਅਤ ਰੱਖਦੇ ਹਨ। ਯੂ. ਪੀ. ਚ ਭਾਜਪਾ ਦੀ ਜਿੱਤ ਨਾ ਸਿਰਫ਼ ਫੌਰੀ ਪ੍ਰਸੰਗ ਚ ਇਸਨੂੰ ਦੇਸੀ ਘਿਓ ਵਾਂਗ ਲੱਗੇਗੀ ਤੇ ਇਸਤੋਂ ਬਾਅਦ ਹੋਣ ਵਾਲੀਆਂ ਗੁਜਰਾਤ ਅਸੰਬਲੀ ਚੋਣਾਂ ਤੇ 2019 ਦੀ ਪਾਰਲੀਮਾਨੀ ਚੋਣ ਚ ਭਾਜਪਾ ਦੀਆਂ ਚੋਣ-ਸੰਭਾਵਨਾਵਾਂ ਨੂੰ ਹੁਲਾਰਾ ਦੇਵੇਗੀ ਸਗੋਂ ਸੰਘ ਪਰਿਵਾਰਾਂ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਲਈ ਵੀ ਭਾਰੀ ਅਹਿਮੀਅਤ ਰੱਖਦੀ ਹੈ। ਯੂ. ਪੀ. ਚੋਣਾਂ ਚ ਭਾਜਪਾ ਦੀ ਹਾਰ ਅਖੌਤੀ ਮੋਦੀ ਜਾਦੂ ਦੇ ਪੂਰੀ ਤਰ੍ਹਾਂ ਠੁੱਸ ਹੋ ਜਾਣ ਅਤੇ ਇਸਦੇ ਹਕੂਮਤੀ ਪਤਨ ਦੇ ਅਮਲ ਦੇ ਆਰੰਭ ਹੋ ਜਾਣ ਦਾ ਗਰਜਵਾਂ ਐਲਾਨ ਹੋ ਨਿੱਬੜੇਗੀ। ਇਸ ਲਈ ਯੂ. ਪੀ. ਚੋਣਾਂ ਜਿੱਤਣਾ ਇਸ ਲਈ ਵੱਕਾਰੀ ਚੁਣੌਤੀ ਬਣੀ ਹੋਈ ਹੈ।
ਯੂ. ਪੀ. ਦੀਆਂ ਆਉਂਦੀਆਂ ਅਸੰਬਲੀ ਚੋਣਾਂ ਸਬੰਧੀ ਭਾਜਪਾ ਦੀ ਚੋਣ ਰਣਨੀਤੀ ਬਾਰੇ ਹੁਣ ਤੱਕ ਮਿਲੇ ਸੰਕੇਤਾਂ ਤੋਂ ਇਹੀ ਜਾਪਦਾ ਹੈ ਕਿ ਭਾਜਪਾ ਦੀ ਅੱਖ ਦਲਿਤ ਵੋਟ-ਬੈਂਕ ਨੂੰ ਸੰਨ੍ਹ ਲਾਉਣ ਤੇ ਟਿਕੀ ਹੋਈ ਹੈ। ਕਈ ਦਲਿਤ ਆਗੂਆਂ ਨੂੰ ਸੂਬਾਈ ਲੀਡਰਸ਼ਿੱਪ ਚ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਦਲਿਤ ਮੁੱਖ ਮੰਤਰੀ ਬਣਾਏ ਜਾਣ ਦੇ ਸ਼ੋਸ਼ੇ ਛੱਡੇ ਜਾ ਰਹੇ ਹਨ। ਅੰਬੇਦਕਰ ਦੀ ਜਯੰਤੀ ਮਨਾਉਣ ਦਾ ਮੋਦੀ ਸਰਕਾਰ ਦਾ ਫੈਸਲਾ ਵੀ ਇਸੇ ਗਿਣਤੀ-ਮਿਣਤੀ ਤੋਂ ਪ੍ਰੇਰਤ ਦੱਸਿਆ ਜਾਂਦਾ ਹੈ। ਯੂ. ਪੀ. ਦੇ ਦਲਿਤ ਵੋਟਰਾਂ ਨੂੰ ਪਤਿਆਉਣ ਲਈ ਭਾਜਪਾ ਵੱਲੋਂ ਇੱਕ ਸਤਿਕਾਰਤ ਬੋਧੀ ਗੁਰੂ ਦੀ ਅਗਵਾਈ ਹੇਠ ਛੇ-ਮਹੀਨੇ ਲੰਬੀ ਧਰਮ ਚੇਤਨਾ ਯਾਤਰਾ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਮੁੱਖ ਤੌਰ ਤੇ ਦਲਿਤ ਹਿੱਸਿਆਂ ਤੱਕ ਪਹੁੰਚ ਕੀਤੀ ਜਾਣੀ ਹੈ। ਇਸ ਯਾਤਰਾ ਦੀ 24 ਅਪ੍ਰੈਲ ਨੂੰ ਰਾਜਨਾਥ ਸਿੰਘ ਨੇ ਸਾਰਨਾਥ ਤੋਂ ਸ਼ੁਰੂਆਤ ਕੀਤੀ ਸੀ ਤੇ ਇਸਨੇ ਅਕਤੂਬਰ ਚ ਲਖਨਊ ਵਿਖੇ ਸਮਾਪਤ ਹੋਣਾ ਸੀ। ਇਸਦਾ ਇੱਕ ਅਹਿਮ ਪੜਾਅ 31 ਜੁਲਾਈ ਦੀ ਆਗਰਾ ਰੈਲੀ ਸੀ, ਜਿਸ ਚ ਪੰਜਾਹ ਹਜ਼ਾਰ ਦਲਿਤਾਂ ਦਾ ਇਕੱਠ ਕਰਕੇ ਉਸਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕਰਨਾ ਸੀ। ਯਕੀਨਨ ਹੀ, ਇਹ ਦਲਿਤ ਵੋਟਰਾਂ ਨੂੰ ਭਾਜਪਾ ਦੇ ਪੱਖ ਚ ਜਿੱਤਣ ਵੱਲ ਸੇਧਤ ਸੀ।
ਊਨਾ ਚ ਦਲਿਤਾਂ ਤੇ ਵਹਿਸ਼ੀ ਅੱਤਿਆਚਾਰ ਦੀ ਘਟਨਾ ਨੇ ਭਾਜਪਾ ਨੂੰ ਇੱਕ ਵਾਰ ਕਸੂਤੀ ਸਥਿਤੀ ਚ ਫਸਾ ਦਿੱਤਾ। ਜੇ ਉਹ ਗਊ-ਰੱਖਿਅਕਾਂ ਦੀਆਂ ਦਲਿਤਾਂ ਤੇ ਹਮਲੇ ਦੀਆਂ ਕਾਰਵਾਈਆਂ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਇਸ ਨਾਲ ਦਲਿਤਾਂ ਚ ਭਾਜਪਾ ਬਾਰੇ ਬੇਭਰੋਸਗੀ ਤੇ ਅਸੰਤੁਸ਼ਟਤਾ ਨੂੰ ਬਲ ਮਿਲਣਾ ਸੀ ਤੇ ਦਲਿਤ ਵਰਗ ਦਾ ਸਮਰਥਨ ਹਾਸਲ ਕਰਨ ਦੀ ਉਸਦੀ ਰਣਨੀਤੀ ਨੂੰ ਆਂਚ ਆਉਂਦੀ ਸੀ। ਜੇ ਉਹ ਗਊ ਰੱਖਿਅਕਾਂ ਨੂੰ ਲਗਾਮ ਪਾਉਂਦੀ ਹੈ ਤਾਂ ਇਸ ਨਾਲ ਉਸਦੇ ਹਿੰਦੂ ਮੂਲਵਾਦੀ ਵੋਟ-ਆਧਾਰ ਚ ਨਾਰਾਜ਼ਗੀ ਵਧਣੀ ਸੀ। ਊਨਾ ਕਾਂਡ ਦੇ ਵਾਪਰਨ ਤੋ ਬਾਅਦ, ਭਾਜਪਾ ਨੂੰ ਇਹੀ ਲੱਗਦਾ ਜਾਪਦਾ ਸੀ ਕਿ ਕੁੱਝ ਦਿਨ ਰੌਲਾ-ਰੱਪਾ ਪੈ ਕੇ ਹਾਲਤ ਨਾਰਮਲ ਹੋ ਜਾਵੇਗੀ ਸੋ ਉਸਨੇ ‘‘ਉਡੀਕੋ ਤੇ ਦੇਖੋ’’ ਵਾਲੀ ਨੀਤੀ ਧਾਰਨ ਕਰ ਲਈ, ਕੁੱਝ ਗਾਂ-ਰੱਖਿਅਕਾਂ ਨੂੰ ਫੜ ਵੀ ਲਿਆ ਤੇ ‘‘ਕਾਨੂੰਨ ਆਪਣਾ ਰਸਤਾ ਅਖ਼ਤਿਆਰ ਕਰੇਗਾ’’ ਦੀ ਮੁਹਾਰਨੀ ਪੜ੍ਹਨੀ ਜਾਰੀ ਰੱਖੀ।
ਊਨਾ ਘਟਨਾ ਦੇ ਘਿਨਾਉਣੇਪਣ ਨੇ ਜਿਹੋ ਜਿਹੇ ਰੋਹ ਅਤੇ ਤਿੱਖੇ ਆਪ-ਮੁਹਾਰੇ ਪ੍ਰਤੀਕਰਮ ਨੂੰ ਦਲਿਤਾਂ ਅੰਦਰ ਜਗਾਇਆ ਸੀ, ਉਸਦਾ ਭਾਜਪਾ ਅੰਦਾਜ਼ਾ ਨਾ ਲਾ ਸਕੀ। ਇਹ ਗੁਸੈਲਾ ਪ੍ਰਤੀਕਰਮ ਸਭ ਵੋਟ-ਪਾਰਟੀਆਂ ਤੋਂ ਬੇਵਾਹਰਾ ਸੀ। ਸੁਤੇ ਸਿੱਧ ਸੀ ਤੇ ਬਹੁਤ ਤਿੱਖਾ ਸੀ। ਇਹ ਖੁਰ-ਖਿੰਡਣ ਤੇ ਦਬਣ ਦੀ ਥਾਂ ਫੈਲਣ ਲੱਗ ਪਿਆ, ਜਥੇਬੰਦ ਸ਼ਕਲ ਲੈਣ ਲੱਗ ਪਿਆ ਤੇ ਮੁਸਲਮਾਨ, ਟਰੇਡ ਯੂਨੀਅਨਾਂ ਤੇ ਹੋਰ ਇਨਸਾਫ਼ਪਸੰਦ ਹਿੱਸੇ ਇਸ ਚ ਸ਼ਾਮਲ ਹੋਣ ਲੱਗੇ। ਹੋਰ ਤਾਂ ਹੋਰ, ਇਸਦਾ ਅਸਰ ਗੁਜਰਾਤ ਦੀਆਂ ਹੱਦਾਂ ਟੱਪਣ ਲੱਗਿਆ। ਲਗਭਗ 20 ਦਿਨ ਤੱਕ ਭਾਜਪਾ ਇਸ ਹਨ੍ਹੇਰੀ ਦੇ ਥੰਮਣ ਤੇ ਕਮਜ਼ੋਰ ਪੈਣ ਦੀ ਉਡੀਕ ਕਰਦੀ ਰਹੀ।
ਉਧਰ ਯੂ. ਪੀ. ਚ ਚੱਲ ਰਹੀ ਉੱਪਰ ਜ਼ਿਕਰ ਕੀਤੀ ਧਰਮ ਚੇਤਨਾ ਯਾਤਰਾ ਚ ਊਨਾ ਘਟਣਾ ਵਿਰੁੱਧ ਦਲਿਤਾਂ ਅੰਦਰ ਫੈਲੇ ਰੋਹ ਦੇ ਝਲਕਾਰੇ ਮਿਲਣ ਲੱਗੇ। ਦਲਿਤਾਂ ਦੇ ਤਿੱਖੇ ਰੋਹ ਸਦਕਾ ਬੋਧੀ ਧਰਮ ਯਾਤਰੀਆਂ ਨੇ ਭਾਜਪਾ ਨੂੰ ਯਾਤਰਾ ਤੋਂ ਦੂਰ ਰਹਿਣ ਦੀ ਸੁਣਾਉਣੀ ਕਰ ਦਿੱਤੀ। ਆਗਰੇ ਚ ਪੰਜਾਹ ਹਜ਼ਾਰ ਦੇ ਪ੍ਰਸਤਾਵਤ ਇਕੱਠ ਨੂੰ ਬਹੁਤ ਹੀ ਮੱਧਮ ਹੁੰਗ੍ਹਾਰਾ ਮਿਲਦਾ ਵੇਖ ਇਸ ਨੂੰ ਰੱਦ ਕਰਨ ਦੀ ਨੌਬਤ ਆ ਗਈ। ਭਾਜਪਾ ਦੇ ਇੱਕ ਯੂ. ਪੀ. ਦੇ ਆਗੂ ਵੱਲੋਂ ਦਲਿਤ ਆਗੂ ਮਾਇਆਵਤੀ ਬਾਰੇ ਭੱਦੀ ਟਿੱਪਣੀ ਵਿਰੁੱਧ ਦਲਿਤਾਂ ਚ ਭੜਕੇ ਪ੍ਰਤੀਕਰਮ ਨੇ ਦਲਿਤ ਹਿੱਸਿਆਂ ਚ ਭਾਜਪਾ ਪ੍ਰਤੀ ਫੈਲ ਰਹੀ ਨਾਰਾਜ਼ਗੀ ਨੂੰ ਉਘਾੜ ਦਿੱਤਾ ਸੀ।
ਇਹ ਹਾਲਤ ਸੀ ਜਿਸ ਤੋਂ ਘਬਰਾ ਕੇ ਤੇ ਚਿੰਤਤ ਹੋ ਕੇ ਭਾਜਪਾ ਨੇ ਇੱਕ ਸੌ ਅੱਸੀ ਦਰਜੇ ਦਾ ਮੋੜਾ ਕੱਟਦਿਆਂ ਹਾਲਤ ਸੰਭਾਲਣ ਲਈ ਤੇਜ਼ੀ ਨਾਲ ਕਈ ਕਦਮ ਚੁੱਕੇ। ਪੈਂਦੀ ਸੱਟੇ ਗੁਜਰਾਤ ਦੀ ਮੁੱਖ ਮੰਤਰੀ ਨੂੰ ਉਸਦੇ ਪਦ ਤੋਂ ਝਟਕ ਕੇ ਨਵਾਂ ਮੁੱਖ ਮੰਤਰੀ ਲਾ ਦਿੱਤਾ। ਮਾਇਆਵਤੀ ਨੂੰ ਬੋਲ ਕੁਬੋਲ ਬੋਲਣ ਵਾਲੇ ਆਗੂ ਨੂੰ ਬਿਨਾਂ ਕਿਸੇ ਦੇਰੀ ਪਾਰਟੀ ਚੋਂ ਕੱਢ ਦਿੱਤਾ। ਪ੍ਰਧਾਨ ਮੰਤਰੀ ਜੀ ਨੂੰ ਦਲਿਤ ਹੇਜਜਾਗ ਪਿਆ ਤੇ ਉਹਨਾਂ ਨੇ ਗਊ-ਰੱਖਿਅਕਾਂ ਬਾਰੇ ਉੱਪਰ ਜ਼ਿਕਰ ਕੀਤੇ ਗੁੱਸੇ ਭਰੇ ਉਲਾਂਭੇ ਦੇ ਦਿੱਤੇ। ਸਪੱਸ਼ਟ ਹੈ, ਦਲਿਤਾਂ ਤੇ ਹੋਏ ਵਹਿਸ਼ੀ ਅੱਤਿਆਚਾਰ ਨਾਲ ਉਹਨਾਂ ਦੀ ਰੂਹ ਨਹੀਂ ਸੀ ਕੁਰਲਾਈ। ਇਹ ਤਾਂ ਸੰਘ ਪਰਿਵਾਰ ਦੇ ਚਹੇਤੇ ਗਊ-ਭਰਾਤਾਂ ਦੀਆਂ ਧੌਂਸਬਾਜ਼ ਕਾਰਵਾਈਆਂ ਸਦਕਾ ਦਲਿਤਾਂ ਅੰਦਰ ਤਿੱਖੇ ਹੋ ਰਹੇ ਭਾਜਪਾ ਵਿਰੋਧੀ ਤੇਵਰਾਂ ਨੇ ਭਾਜਪਾ ਨੂੰ ਜੋ ਤਰੇਲੀਆਂ ਲਿਆਂਦੀਆਂ ਸਨ, ਪ੍ਰਧਾਨ ਮੰਤਰੀ ਦੀ ਰੂਹ ਉਸ ਨਾਲ ਬੇਚੈਨ ਹੋ ਉੱਠੀ ਸੀ। ਇਹ ਅੰਦਰੂਨੀ ਪੀੜ ਨਾਲ ਆਪਣੇ ਆਪ ਵਹਿ ਤੁਰਨ ਵਾਲੇ ਹੰਝੂ ਨਹੀਂ ਸਨ, ਮਗਰਮੱਛ ਦੇ ਵਹਾਏ ਹੰਝੂ ਸਨ।
ਵੈਸੇ, ਦਲਿਤਾਂ ਦੇ ਪੱਖ ਚ ਹਾਅ ਦਾ ਨਾਹਰਾ ਮਾਰਨ ਦਾ ਦੰਭ ਕਰਦਿਆਂ, ਮੋਦੀ ਜੀ ਨੇ ਬੜੀ ਚਤੁਰਾਈ ਨਾਲ ਸੰਘ ਪਰਿਵਾਰ ਦੀ ਬੁਨਿਆਦੀ ਪੁਜੀਸ਼ਨ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ। ਉਹਨਾਂ ਨੇ ਆਪਣਾ ਨਜ਼ਲਾ ਸਮੁੱਚੇ ਗਊ ਰੱਖਿਅਕਾਂ ਤੇ ਨਹੀਂ ਸਗੋਂ ਕੁੱਝ ਕੁ ਜਾਅਲੀ ਗਊ ਰੱਖਿਅਕਾਂ ਤੇ ਝਾੜਿਆ ਹੈ। ਉਹਨਾਂ ਨੇ ਸਿਰਫ਼ ਦਲਿਤਾਂ ਤੇ ਕਹਿਰ ਨਾ ਢਾਹੁਣ ਦੀ ਗੱਲ ਕੀਤੀ ਹੈ, ਗਊ ਰੱਖਿਅਕ ਗਰੋਹਾਂ ਦਾ ਵੱਡਾ ਨਿਸ਼ਾਨਾ ਬਣ ਰਹੇ ਮੁਸਲਮ ਭਾਈਚਾਰੇ ਬਾਰੇ ਚੁੱਪੀ ਵੱਟੀ ਰੱਖੀ ਹੈ ਜਾਂ ਗੁੱਝੇ ਰੂਪ ਚ ਸ਼ਹਿ ਦਿੱਤੀ ਹੈ। ਉਹਨਾਂ ਨੇ ਕੱਟੜ ਹਿੰਦੂ ਗਊ ਭਗਤਾਂ ਦੇ ਗਰੋਹਾਂ ਵੱਲੋਂ ਆਪਹੁਦਰੇ ਢੰਗ ਨਾਲ ਕਾਨੂੰਨ ਆਪਣੇ ਹੱਥ ਲੈਣ ਤੇ ਆਪ ਹੀ ਜੱਜ ਬਣ ਬੈਠਣ ਦੇ ਸੰਕਲਪ ਵਿਰੁੱਧ ਤਾੜਨਾ ਨਹੀਂ ਕੀਤੀ। ਇਹ ਨਹੀਂ ਕਿਹਾ ਕਿ ਕਿਸੇ ਨੂੰ ਮਾਰਨ ਕੁੱਟਣ ਦਾ ਗਊ-ਰਾਖਿਆਂ ਕੋਲ ਕੋਈ ਅਧਿਕਾਰ ਨਹੀਂ। ਉਹਨਾਂ ਨੇ ਤਾਂ ਇਹਨਾਂ ਫਿਰਕੂ-ਫਾਸ਼ੀ ਗਰੋਹਾਂ ਨੂੰ ਕਿਹਾ ਕਿ ਦਲਿਤਾਂ ਨੂੰ ਨਾ ਮਾਰੋ, ਜੇ ਮਾਰਨਾ ਹੈ ਤਾਂ ਮੈਨੂੰ ਮਾਰੋ। ਉਹਨਾਂ ਨੇ ਗਊ ਰਾਖਿਆਂ ਦੀ ਹਿੰਸਾ ਦੇ ਮੂਲ ਪ੍ਰੇਰਨਾ ਸਰੋਤ  ਹਿੰਦੂ ਧਾਰਮਕ ਮੂਲਵਾਦ  ਨੂੰ ਹਮਲੇ ਦੀ ਮਾਰ ਤੋਂ ਪਾਸੇ ਰੱਖਿਆ ਹੈ। ਇਸ ਲਈ ਉਹਨਾਂ ਦਾ ਹਿੰਦੂ ਕੱਟੜਪੰਥੀ ਗਊ ਰਾਖਿਆਂ ਦੀ ਹਿੰਸਾ ਦਾ ਵਿਰੋਧ ਇੱਕ ਦੰਭ ਤੋਂ ਵੱਧ ਕੁੱਝ ਨਹੀਂ ਹੈ।
ਭਾਰਤੀ ਸਮਾਜਿਕ ਬਣਤਰ ਤੇ ਸਿਆਸਤ ਦੇ ਪ੍ਰਸੰਗ ਚ ਉਪਰੋਕਤ ਘਟਨਾਕ੍ਰਮ ਨੇ ਭਾਜਪਾ ਦੇ ਫਿਰਕੂ-ਫਾਸ਼ੀ ਹੱਲੇ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕਰ ਦਿੱਤਾ ਹੈ। ਦਲਿਤਾਂ ਦੇ ਰੋਹ ਤੇ ਮੁਸਲਮਾਨ ਹਿੱਸਿਆਂ ਦੇ ਨਾਲ ਜੁੜ ਜਾਣ ਨੇ ਭਾਜਪਾ ਨੂੰ ਜੋ ਘਬਰਾਹਟ ਛੇੜੀ, ਉਹਨੇ ਭਾਜਪਾ ਦੇ ਹਿੰਦੂ ਫਿਰਕਾਪ੍ਰਸਤੀ ਦੇ ਪੱਤੇ ਦੀ ਬੇਰੋਕ-ਟੋਕ ਤੇ ਮਨਚਾਹੀ ਵਰਤੋਂ ਦੀਆਂ ਸੀਮਤਾਈਆਂ ਉਜਾਗਰ ਕਰ ਦਿੱਤੀਆਂ ਹਨ। ਭਾਜਪਾ ਤੇ ਆਰ. ਐਸ. ਐਸ. ਦੇ ਇਰਾਦੇ ਜਿੰਨੇ ਮਰਜ਼ੀ ਤਿੱਖੇ ਹੋਣ ਪਰ ਭਾਰਤੀ ਹਾਕਮ ਜਮਾਤੀ ਸਿਆਸਤ ਦੀਆਂ ਗਿਣਤੀਆਂ ਮਿਣਤੀਆਂ ਦੇ ਪ੍ਰਸੰਗ ਚ ਹਿੰਦੂ ਸ਼ਾਵਨਵਾਦੀ ਹੱਲੇ ਦੀ ਉਧੇੜ ਇਹ ਉਲਝਣਾਂ ਖੜ੍ਹੀਆਂ ਕਰਦੀ ਹੈ ਤੇ ਇੱਕ ਹੱਦ ਤੋਂ ਅਗਾਂਹ ਵਧਣ ਚ ਰੋਕ ਬਣਦੀ ਹੈ। ਹੁਣ ਭਾਜਪਾ ਨੂੰ ਏਹੀ ਉਲਝਣਾਂ ਦਰਪੇਸ਼ ਹਨ।