ਸੰਘ ਪਰਿਵਾਰ ਦੀ ਫਿਰਕੂ-ਫਾਸ਼ੀ ਮੁਹਿੰਮ ਜ਼ੋਰਾਂ ’ਤੇ
- ਜਸਵਿੰਦਰ
ਹਿੰਦੂ-ਧਰਮੀ ਲੋਕਾਂ ਅੰਦਰ ਆਪਣੇ ਕੱਟੜ ਹਿੰਦੂ
ਮੂਲਵਾਦੀ ਆਧਾਰ ਨੂੰ ਪੱਕੇ ਪੈਰੀਂ ਕਰਨ ਤੇ ਵਧਾਉਣ ਲਈ ਤੇ ਹੋਰ ਧਰਮਾਂ ਦੇ ਲੋਕਾਂ ਉੱਪਰ ਹਿੰਦੂ
ਧਾਰਮਕ-ਸਮਾਜਕ ਜੀਵਨ-ਜਾਚ ਮੜ੍ਹਨ ਲਈ ਆਰ.ਐਸ.ਐਸ.
ਵੱਲੋਂ ਆਪਣੀ ਇਸ ਰਣਨੀਤੀ ਨੂੰ ਅੱਗੇ ਵਧਾਉਣ ਲਈ ਹੁਣ ਵੱਡੀ ਪੱਧਰ ’ਤੇ ਗਊ ਮਾਤਾ ਦਾ ਸਹਾਰਾ ਲਿਆ ਜਾ ਰਿਹਾ ਹੈ। ਗਊ ਮਾਤਾ ਦੀ ਹੱਤਿਆ ਰੋਕਣ ਅਤੇ ਗਊ ਮਾਸ ਦੀ
ਵਰਤੋਂ ਰੋਕਣ ਦੇ ਨਾਂ ਹੇਠ ਆਮ ਲੋਕਾਂ ਪਰ ਵਿਸ਼ੇਸ਼ ਕਰਕੇ ਮੁਸਲਮਾਨ ਤੇ ਦਲਿਤ ਵਰਗ ਦੇ ਲੋਕਾਂ ਨੂੰ
ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਘ ਪ੍ਰਵਾਰ ਦੇ ਪ੍ਰਚਾਰਕਾਂ ਤੇ ਨਾਮਵਰ ਲੋਕਾਂ
ਵੱਲੋਂ ਸ਼ਰੇਆਮ ਇਹ ਐਲਾਨ ਕੀਤੇ ਜਾ ਰਹੇ ਹਨ ਕਿ ਜੇ ਭਾਰਤ ’ਚ ਰਹਿਣਾ ਹੈ ਤਾਂ ਗਊ ਮਾਸ ਖਾਣਾ ਬੰਦ ਕਰਨਾ ਪਵੇਗਾ। ਗਊ ਮਾਸ ਖਾਣ ਵਾਲਿਆਂ ਨੂੰ ਪਾਕਿਸਤਾਨ
ਚਲੇ ਜਾਣ ਦੀਆਂ ਧਮਕਾਊ ਸੁਣਾਉਣੀਆਂ ਕੀਤੀਆਂ ਜਾ ਰਹੀਆਂ ਹਨ।
ਭਾਰਤ ’ਚ ਕੇਰਲਾ ਅਤੇ ਬੰਗਾਲ ਵਰਗੇ ਮੁੱਠੀਭਰ ਰਾਜਾਂ ਨੂੰ ਛੱਡ ਕੇ ਬਾਕੀ ਮੁਲਕ ’ਚ ਗਊ ਹੱਤਿਆ ਉੱਪਰ ਕਾਨੂੰਨੀ ਪਾਬੰਦੀ ਹੈ। ਭਾਜਪਾ ਦੀ ਹਕੂਮਤ ਅਧੀਨ ਰਾਜਾਂ ’ਚ ਤਾਂ ਹੁਣ ਗਊ ਮਾਸ ਖਾਣ, ਵੇਚਣ ਜਾਂ ਰੱਖਣ ਦੀ ਵੀ ਮਨਾਹੀ ਕਰ ਦਿੱਤੀ ਗਈ
ਹੈ। ਇਹ ਪਾਬੰਦੀ ਇਸ ਤਰਕ ਦੇ ਆਧਾਰ ’ਤੇ ਵਾਜਬ ਠਹਿਰਾਈ ਜਾ ਰਹੀ
ਹੈ ਕਿ ਗਊ ਮਾਸ ਖਾਣਾ ਹਿੰਦੂ-ਧਰਮੀ ਲੋਕਾਂ ਦੇ ਜਜਬਾਤਾਂ ਨੂੰ ਠੇਸ ਪਹੁੰਚਾਉਦਾ ਹੈ। ਇਹ ਇੱਕ
ਪ੍ਰਵਾਨਤ ਸੱਚ ਹੈ ਕਿ ਭਾਰਤ ’ਚ ਰਹਿੰਦੇ ਮੁਸਲਮਾਨ ਤੇ ਇਸਾਈ ਧਰਮ ਦੇ ਲੋਕਾਂ
ਤੋਂ ਇਲਾਵਾ ਕਈ ਹਿੰਦੂ ਤਬਕਿਆਂ ਦੇ ਲੋਕ ਵੀ ਗਊ ਮਾਸ ਖਾਂਦੇ ਹਨ। ਅਜਿਹੀ ਪਾਬੰਦੀ ਉਹਨਾਂ ਉੱਪਰ
ਜਬਰੀ ਠੋਸਣਾ ਉਹਨਾਂ ਦੇ ਆਪਣੀ ਰਵਾਇਤ ਅਨੁਸਾਰ ਖਾਣ ਪੀਣ ਦੇ ਜਮਹੂਰੀ ਹੱਕ ਅਤੇ ਧਾਰਮਕ ਅਕੀਦਿਆਂ
ਦੀ ਉਲੰਘਣਾ ਹੈ। ਹਿੰਦੂ ਧਾਰਮਕ ਵਿਸ਼ਵਾਸ਼ਾਂ ਤੇ ਮਾਨਤਾਵਾਂ ਦੀ ਰਾਖੀ ਦੇ ਨਾਂ ਹੇਠ ਗੈਰ-ਹਿੰਦੂ ਤੇ
ਨਾਸਤਕ ਲੋਕਾਂ ਦੀਆਂ ਧਾਰਮਕ ਤੇ ਸਮਾਜਕ ਮਾਨਤਾਵਾਂ ਦੀ ਬਲੀ ਦਿੱਤੀ ਜਾ ਰਹੀ ਹੈ।
ਸੰਘ ਪ੍ਰਵਾਰ ਦੀ ਜਾਹਰਾ ਛਤਰਛਾਇਆ ਹੇਠ ਕੰਮ
ਕਰਦੀਆਂ ਜਥੇਬੰਦੀਆਂ-ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਅਖਿਲ ਭਾਰਤ ਵਿਦਿਆਰਥੀ ਪ੍ਰੀਸ਼ਦ, ਸ਼ਿਵ ਸੈਨਾ, ਹਿੰਦੂ ਸੈਨਾ, ਰਾਮ ਸੈਨਾ, ਦੁਰਗਾ ਵਹਿਣੀ ਆਦਿਕ ਆਦਿਕ- ਤੋਂ ਇਲਾਵਾ ਪਿਛਲੇ ਇੱਕ ਦੋ ਸਾਲਾਂ ’ਚ ਅਨੇਕਾਂ ਅਜਿਹੇ ਦਲ ਤੇ ਸੈਨਾਵਾਂ ਤੇ ਸੰਮਤੀਆਂ ਖੁੰਬਾਂ ਵਾਂਗ ਉੱਭਰ ਆਈਆਂ੍ਯ ਹਨ ਜਿਹੜੀਆਂ
ਗਊ ਰੱਖਿਆ ਦੇ ਨਾਂ ਹੇਠ ਲੋਕਾਂ ’ਤੇ ਧੌਂਸ ਜਮਾ ਕੇ ਦਹਿਸ਼ਤ
ਪਾ ਰਹੀਆਂ ਹਨ ਤੇ ਇਸ ਦੀ ਆੜ ’ਚ ਸਮਾਜ ਵਿਰੋਧੀ ਕਾਰਵਾਈਆਂ ਤੇ ਜਬਰਨ ਉਗਰਾਹੀਆਂ
ਕਰ ਰਹੀਆਂ ਹਨ। ਇਹ ਗੱਲ ਮੋਦੀ ਨੂੰ ਵੀ ਮੰਨਣੀ ਪਈ ਹੈ। ਪੰਜਾਬ ਵਿਚ ਗ੍ਰਿਫਤਾਰ ਕੀਤੇ ਗਊ ਰੱਖਿਆ
ਦਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਉੱਪਰ ਦਰਜ਼ਨਾਂ ਫੌਜਦਾਰੀ ਕੇਸਾਂ ਤੋਂ ਇਲਾਵਾ ਜਬਰਨ ਉਗਰਾਹੀ
ਤੇ ਗਊ ਹੱਤਿਆ ਦੇ ਨਾਂ ਤੇ ਫੜੇ ਵਿਅਕਤੀਆਂ ਨਾਲ ਸਰੀਰਕ ਬਦਫੈਲੀ ਕਰਨ ਦੇ ਦੋਸ਼ ਵੀ ਲੱਗੇ ਹਨ।
ਪ੍ਰਧਾਨ ਮੰਤਰੀ ਅਨੁਸਾਰ ਇਨ੍ਹਾਂ ਵਿਚੋਂ 80 ਫੀ ਸਦੀ ਜਾਅਲੀ ਗਊ
ਰੱਖਿਅਕ ਹਨ ਜੋ ਗਊ ਰੱਖਿਆ ਦੇ ਨਾਂ ’ਤੇ ਗੈਰ-ਸਮਾਜੀ ਕਾਰਵਾਈਆਂ
ਕਰਦੇ ਹਨ। ਜਿਸ ਗੱਲ ’ਤੇ ਪ੍ਰਧਾਨ ਮੰਤਰੀ ਪਰਦਾ ਪਾ ਰਹੇ ਹਨ ਉਹ ਇਹ ਕਿ ਇਹਨਾਂ ਸਭ ਸੈਨਾਵਾਂ/ ਸੰਮਤੀਆਂ ਨੂੰ ਸੰਘ
ਪ੍ਰਵਾਰ ਦੇ ਲੀਡਰਾਂ ਤੇ ਮੰਤਰੀਆਂ ਦੀ ਗੁੱਝੀ ਜਾਂ ਜਾਹਰਾ ਸਰਪ੍ਰਸਤੀ ਹਾਸਲ ਹੈ ਤੇ ਇਹ ਸੰਘ
ਪ੍ਰਵਾਰ ਦੀ ਪ੍ਰਾਈਵੇਟ ਸੈਨਾ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਮਹਾਂਰਾਸ਼ਟਰ ਦੀ ਭਾਜਪਾ ਸਰਕਾਰ
ਤਾਂ ਹੁਣ ਇਨ੍ਹਾਂ ਅਖਾਉਤੀ ਗਊ ਰੱਖਿਅਕਾਂ ਨੂੰ ਪਸ਼ੂ ਭਲਾਈ ਕਾਰਕੁਨਾਂ ਦੇ ਰੂਪ ਵਿਚ ਮਾਨਤਾ ਤੇ
ਪਛਾਣ ਪੱਤਰ ਜਾਰੀ ਕਰਕੇ ਇਹਨਾਂ ਨੂੰ ਸਰਕਾਰੀ ਸਰਪ੍ਰਸਤੀ ਦੇਣ ਜਾ ਰਹੀ ਹੈ।
ਗਊ ਮਾਸ ਰੱਖਣ ਦੇ ਅਖੌਤੀ ਜ਼ੁਰਮ ’ਚ ਦਾਦਰੀ ਦੇ ਮੁਹੰਮਦ ਅਖਲਾਕ ਦੀ ਗਊ ਰੱਖਿਅਕਾਂ ਵੱਲੋਂ ਕੋਹ ਕੋਹ ਕੇ ਹੱਤਿਆ ਕਰਨ ਦੇ
ਬਹੁ-ਚਰਚਤ ਕੇਸ ਤੋਂ ਇਲਾਵਾ ਇਹ ਫਾਸ਼ੀ ਗਊ ਰੱਖਿਆ ਗਰੋਹ ਮੁਲਕ ਦੇ ਅੱਡ ਅੱਡ ਹਿੱਸਿਆਂ ’ਚ ਅਨੇਕਾਂ ਲੋਕਾਂ ਦੀ ਜਾਨ ਲੈ ਚੁੱਕੇ ਹਨ, ਅਣਗਿਣਤ ਨੂੰ ਜ਼ਲੀਲ ਕਰ
ਚੁੱਕੇ ਹਨ ਅਤੇ ਕਰ ਰਹੇ ਹਨ। ਇਹਨਾਂ ਦੀਆਂ ਆਪਹੁਦਰੀਆਂ ਤੇ ਧੌਂਸਬਾਜ ਕਾਰਵਾਈਆਂ ਸਦਕਾ ਡੇਅਰੀ
ਕਾਰੋਬਾਰ, ਖੱਲਾਂ ਤੇ ਚਮੜੇ ਦੀ ਸਨਅਤ ਤੇ ਵਪਾਰ ਅਤੇ ਪਸ਼ੂਆਂ ਦੀ ਚਰਬੀ ਤੋਂ ਬਣਨ ਵਾਲੀ ਸਾਬਣ ਸਨਅਤ ਆਦਿਕ
ਜਿਹੇ ਅਨੇਕ ਕਾਰੋਬਾਰ ਚੌਪਟ ਹੋ ਚੁੱਕੇ ਹਨ। ਗਊ ਮਾਸ ਦੀ ਵਿਕਰੀ ਰੋਕਣ ਦੇ ਨਾਂ ਹੇਠ ਮੱਝਾਂ ਤੇ
ਹੋਰ ਜਾਨਵਰਾਂ ਦਾ ਮਾਸ ਵੇਚਣਾ ਤੇ ਇਧਰ ਉਧਰ ਲਿਜਾਣਾ ਪੂਰਾ ਜ਼ੋਖਮ ਭਰਿਆ ਕੰਮ ਬਣ ਗਿਆ ਹੈ। ਗਊ
ਹੱਤਿਆ ’ਤੇ ਮੁਕੰਮਲ ਪਾਬੰਦੀ ਜਿਹੇ ਨਾਕਾਰਤਮਕ ਕਾਨੂੰਨਾਂ ਸਦਕਾ ਫੰਡਰ ਹੋਇਆ ਜਾਂ ਦੁੱਧੋਂ-ਹਰਿਆ ਗਊ
ਧਨ ਕਿਸਾਨਾਂ ਦੀਆਂ ਫਸਲਾਂ ਦੇ ਵਿਆਪਕ ਉਜਾੜੇ ਅਤੇ ਸੜਕੀ ਐਕਸੀਡੈਂਟਾਂ ਦੀ ਵੱਡੀ ਵਜ੍ਹਾ ਬਣਿਆ
ਹੋਇਆ ਹੈ। ਮਾਹਰਾਂ ਦੇ ਇੱਕ ਅਨੁਮਾਨ ਅਨੁਸਾਰ ਪੰਜਾਬ ਦੇ ਡੇਅਰੀ ਧੰਦੇ ਨਾਲ ਜੁੜੇ 6500 ਦੇ ਕਰੀਬ ਦੁੱਧ ਉਤਪਾਦਕ ਤੇ ਛੋਟੇ ਕਿਸਾਨਾਂ ਨੂੰ ਫੰਡਰ ਗਊਆਂ ਦੀ ਵੇਚ ਵੱਟ ਬੰਦ ਹੋਣ ਕਰਕੇ
ਹਰ ਸਾਲ ਤਿੰਨ ਹਜਾਰ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਇਨ੍ਹਾਂ ਗਊ ਰੱਖਿਅਕਾਂ ਤੇ ਗਊ ਮਾਫੀਆ
ਗਰੋਹਾਂ ਦੇ ਡਰ ਕਰਕੇ ਪਸ਼ੂਆਂ ਦਾ ਵਪਾਰ ਲਗਭਗ ਠੱਪ ਹੋ ਕੇ ਰਹਿ ਗਿਆ ਹੈ ਤੇ ਪਸ਼ੂਆਂ ਦੀ ਵਿੱਕਰੀ ਨਾ
ਹੋਣ ਕਾਰਨ ਡੇਅਰੀ ਧੰਦਾ ਤਬਾਹੀ ਮੂੰਹ ਧੱਕਿਆ ਜਾ ਰਿਹਾ ਹੈ। ਉਧਰ, ਅਵਾਰਾ ਗਊਆਂ ਦੀਆਂ ਹੇੜਾਂ ਤੋਂ ਫਸਲਾਂ ਦੀ ਰਾਖੀ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਧੱਕੀ ਜਾ
ਰਹੀ ਕਿਸਾਨੀ ਲਈ ਵੱਡੀ ਸਿਰਦਰਦੀ ਬਣ ਕੇ ਉੱਭਰ ਆਈ ਹੈ। ਕਿਸਾਨੀ ਦੀ ਸਭ ਤੋਂ ਵੱਡੀ ਖੈਰ-ਖਵਾਹ ਹੋਣ
ਦੇ ਦਮਗਜੇ ਮਾਰਨ ਵਾਲੀ ਅਕਾਲੀ ਪਾਰਟੀ ਅਵਾਰਾ ਪਸ਼ੂਆਂ ਦੇ ਮਾਮਲੇ ’ਚ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲ ਵਫਾਦਾਰੀ ਪਾਲਣ ਦੀ ਥਾਂ ਆਪਣੇ ਸੌੜੇ ਸਿਆਸੀ ਹਿੱਤਾਂ
ਲਈ ਹਿੰਦੂ ਕੱਟੜਪੰਥੀਆਂ ਦੀ ਵਫਾਦਾਰੀ ਕਰ ਰਹੀ ਹੈ।
No comments:
Post a Comment