ਆਰ. ਐਸ. ਐਸ ਦਾ ਫਿਰਕੂ ਫਾਸ਼ੀ ਹੱਲਾ
ਦਲਿਤਾਂ ’ਚ ਰੋਹ ਦੀਆਂ ਤਰੰਗਾਂ
ਊਨਾ ’ਚ ਦਲਿਤਾਂ ਤੇ ਅਖੌਤੀ ਗਊ-ਰੱਖਿਅਕਾਂ ਵੱਲੋਂ ਢਾਹਿਆ ਅਣ-ਮਨੁੱਖੀ ਕਹਿਰ
ਜਦੋਂ ਤੋਂ ਕੇਂਦਰ ’ਚ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਆਰ.ਐਸ.ਐਸ. ਦੀ ਅਗਵਾਈ ਹੇਠ ਸੰਘ ਪਰਿਵਾਰ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ’ਚ ਤਬਦੀਲ ਕਰਨ ਲਈ ਕਾਹਲਾ ਪਿਆ ਹੋਇਆ ਹੈ। ਮੁਲਕ ਦੇ ਸਭਨਾਂ ਅਹਿਮ ਅਦਾਰਿਆਂ ਤੇ ਸੰਸਥਾਵਾਂ ’ਚ ਹਿੰਦੂ ਮੂਲਵਾਦੀ ਤੇ ਸੰਘ ਪਰਿਵਾਰ ਦੇ ਵਫਾਦਾਰਾਂ ਨੂੰ ਭਰਤੀ ਕਰਨ ਦੀ ਜੋਰਦਾਰ ਮੁਹਿੰਮ
ਚਲਾਈ ਹੋਈ ਹੈ। ਇਹਨਾਂ ਅਦਾਰਿਆਂ /ਸੰਸਥਾਵਾਂ ਦਾ ਭਗਵਾਂਕਰਨ ਕਰਨ ਲਈ ਤੇਜ-ਰਫਤਾਰ ਕਦਮ ਚੁੱਕੇ ਜਾ
ਰਹੇ ਹਨ। ਹਕੂਮਤੀ ਸਤਾ ਦੀ ਦੁਰਵਰਤੋਂ ਕਰਕੇ ਸੰਘ ਪਰਿਵਾਰ ਨਾਲ ਜੁੜੀਆਂ ਇਸ ਦੀਆਂ ਹੱਥ-ਠੋਕਾ
ਜਥੇਬੰਦੀਆਂ ਦੀ ਹਰ ਖੇਤਰ ’ਚ ਘੁਸਪੈਂਠ ਨੂੰ ਹੱਲਾਸ਼ੇਰੀ ਤੇ ਹਮਾਇਤ ਦਿੱਤੀ
ਜਾ ਰਹੀ ਹੈ, ਇਹਨਾਂ ਦਾ ਵਧਾਰਾ-ਪਸਾਰਾ ਕੀਤਾ ਜਾ ਰਿਹਾ ਹੈ। ਹਕੂਮਤੀ ਤਾਕਤ ਦੀ ਦੁਰਵਰਤੋਂ ਅਤੇ ਆਪਣੀਆਂ
ਫਿਰਕੂ-ਫਾਸ਼ੀ ਜਥੇਬੰਦੀਆਂ ਤੇ ਸੈਨਾਵਾਂ ਦੀ ਲੱਠਮਾਰ ਤੇ ਧੌਂਸਬਾਜ ਤਾਕਤ ਦੇ ਜੋਰ ਭਾਰਤ ਦੀ
ਗੈਰ-ਹਿੰਦੂ ਵਸੋਂ ਉੱਪਰ ਹਿੰਦੂ ਧਾਰਮਕ ਘੱਟ-ਗਿਣਤੀਆਂ, ਖਾਸ ਕਰਕੇ ਮੁਸਲਮ ਤੇ ਇਸਾਈ ਭਾਈਚਾਰੇ ਦੇ ਲੋਕਾਂ ਅਤੇ ਦਲਿਤਾਂ ਤੇ ਆਦਿਵਾਸੀਆਂ ਜਿਹੇ ਗਰੀਬ
ਵਰਗਾਂ ਦੇ ਲੋਕਾਂ ਨੂੰ ਦਹਿਸ਼ਤਜਦਾ ਕੀਤਾ ਤੇ ਧੌਂਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਦੇ ਭਗਵੇਂਕਰਨ ਦੀ
ਮੁਹਿੰਮ ਦੌਰਾਨ ਸੰਘ ਪਰਿਵਾਰ ਨਾਲ ਜੁੜੇ ਕੇਂਦਰੀ ਮੰਤਰੀਆਂ ਅਤੇ ਏ.ਬੀ.ਵੀ.ਪੀ. ਦੇ ਕਾਰਕੁੰਨਾਂ ਨੇ
ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਦੇ ਇੱਕ ਹੋਣਹਾਰ ਤੇ ਸੂਖਮ-ਚਿੱਤ ਦਲਿਤ ਸਕਾਲਰ ਰੋਹਿਤ ਵੇਮੁੱਲਾ
ਨੂੰ ਜ਼ਲੀਲ ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਭਾਜਪਾ
ਤੇ ਸੰਘ ਪਰਿਵਾਰ ਦਾ ਦਲਿਤ-ਵਿਰੋਧੀ ਤੇ ਧੌਂਸਬਾਜ ਕਿਰਦਾਰ ਤੇ ਵਿਹਾਰ ਸ਼ਰੇਆਮ ਬੇਪੜਦ ਕਰ ਦਿੱਤਾ ਸੀ
। ਇਸ ਸ਼ਰਮਨਾਕ ਘਟਨਾ ਸਦਕਾ ਸੰਘ ਲਾਣੇ ਨੂੰ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ
ਘਟਨਾ ਤੋਂ ਸਬਕ ਸਿੱਖ ਕੇ ਰਾਹ-ਰਸਤੇ ਤੇ ਆਉਣ ਦੀ ਥਾਂ ਸੰਘ ਪਰਿਵਾਰ ਆਪਣੇ ਮਕਸਦਾਂ ਦੀ ਪੂਰਤੀ ਲਈ
ਹੋਰ ਭੇੜੂ, ਹਮਲਾਵਰ ਤੇ ਹਿੰਸਕ ਹੋ ਗਿਆ। ਸਾਹਿਤਕਾਰਾਂ ਤੇ ਕਲਾਕਾਰਾਂ ਵਿਰੁੱਧ ਛੇੜੀ ਝੱਲਿਆਈ ਮੁਹਿੰਮ, ਜੇ.ਐਨ.ਯੂ. ਤੇ ਮੁਲਕ ਦੇ ਹੋਰਨਾਂ ਭਾਗਾਂ ’ਚ ਸੰਘ ਪਰਿਵਾਰ ਦੀਆਂ ਅਨੇਕ
ਧੱਕੜ ਤੇ ਫਿਰਕੂ ਜਾਂ ਜਨੂੰਨੀ ਕਾਰਵਾਈਆਂ ਤੇ ਗਊ-ਰੱਖਿਆ ਦੇ ਨਾਂ ਹੇਠ ਬੁਰਛਾਗਰਦੀ ਇਸ ਗੱਲ ਦੀ ਹੀ
ਸ਼ਾਹਦੀ ਭਰਦੀਆਂ ਹਨ ਕਿ ਵਿਆਪਕ ਨਿਖੇਧੀ ਤੋਂ ਬੇਪ੍ਰਵਾਹ ਸੰਘ ਪਰਿਵਾਰ ਮੁਲਕ ਦਾ ਭਗਵਾਂਕਰਨ ਕਰਨ ਦੇ
ਆਪਣੇ ਰਾਹ ਅੱਗੇ ਵਧਣ ਉੱਪਰ ਉਤਾਰੂ ਹੈ। ਹੁਣ ਜੁਲਾਈ ਮਹੀਨੇ ’ਚ ਗੁਜਰਾਤ ’ਚ ਊਨਾ ਵਿਖੇ ਸੰਘ ਪਰਿਵਾਰ ਦੇ ਬੇਲਗਾਮ ਛੋਕਰਿਆਂ ਵੱਲੋਂ ਗਊ ਰੱਖਿਆ ਦੇ ਮਨਘੜਤ ਇਲਜ਼ਾਮ ਲਾ ਕੇ
ਦਲਿਤ ਨੌਜਵਾਨਾਂ ’ਤੇ ਢਾਹੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਕਹਿਰ ਨੇ ਸਾਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ
ਹੈ। ਇਸ ਬੇਹੱਦ ਹੌਲਨਾਕ ਤੇ ਸ਼ਰਮਨਾਕ ਘਟਨਾ ਨੇ ਇੱਕ ਵਾਰ ਫੇਰ ਸੰਘ ਪਰਿਵਾਰ ਦੇ ਫਾਸ਼ੀ ਕਿਰਦਾਰ ਤੇ
ਮੰਤਵਾਂ ਨੂੰ ਜੱਗ ਜਾਹਰ ਕਰ ਦਿੱਤਾ ਹੈ।
ਘਟਨਾ ਦਾ ਵਰਨਣ
ਗੁਜਰਾਤ ਦੇ ਸੌਰਾਸ਼ਟਰ ਖੇਤਰ ’ਚ ਪੈਂਦੇ ਗੀਰ-ਸੋਮਨਾਥ ਜਿਲ੍ਹੇ ’ਚ ਸ਼ੇਰ ਦੇ ਹਮਲੇ ’ਚ ਇੱਕ ਕਿਸਾਨ ਦੀ ਗਾਂ ਮਾਰੀ ਗਈ। ਪ੍ਰਚੱਲਤ ਰੀਤ ਅਨੁਸਾਰ, ਇਸ ਕਿਸਾਨ ਨੇ ਮਰੇ ਪਸ਼ੂ ਢੋਣ ਵਾਲੇ ਚਮਾਰ ਪਰਿਵਾਰ ਨੂੰ ਇਸ ਗਾਂ ਨੂੰ ਹੱਡਾਂਰੋੜੀ ਸੁੱਟਣ ਲਈ
ਕਹਿ ਦਿੱਤਾ। ਹਮੇਸ਼ਾਂ ਦੀ ਤਰ੍ਹਾਂ, ਮਰੇ ਪਸ਼ੂਆਂ ਦੀ ਖੱਲ ਲਾਹੁਣ
ਦੇ ਆਪਣੇ ਧੰਦੇ ਅਨੁਸਾਰ, ਜਦ ਕੁੱਝ ਦਲਿਤ ਨੌਜੁਆਨ ਇਸ ਗਾਂ ਦੀ ਹੱਡਾਂਰੋੜੀ
ਵਿੱਚ ਖੱਲ ਉਤਾਰ ਰਹੇ ਸਨ ਤਾਂ ਨੇੜਲੇ ਪਿੰਡ ਦੇ ਇੱਕ ਅਖੌਤੀ ਗਊ ਰੱਖਿਆ ਦਲ ਦੇ ਕਾਰਕੁੰਨਾਂ ਨੇ
ਉਹਨਾਂ ਨੂੰ ਗਊ ਮਾਤਾ ਦੀ ਹੱਤਿਆ ਕਰਨ ਦਾ ਇਲਜ਼ਾਮ ਲਾਕੇ ਦਬੋਚ ਲਿਆ। ਉਹਨਾਂ ਵੱਲੋਂ ਦਿੱਤੀ ਸਫਾਈ
ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਨੂੰ ਰੱਸਿਆਂ ਨਾਲ ਨੂੜ ਕੇ ਧੂਹਦਿਆਂ ਹੋਇਆਂ
ਊਨਾ ਪੁਲਸ ਚੌਕੀ ਕੋਲ ਲਿਆਂਦਾ ਗਿਆ। ਸੰਘ ਪਰਿਵਾਰ ਤੇ ਭਾਜਪਾ ਹਕੂਮਤ ਦੀ ਹਿਫਾਜ਼ਤੀ ਛਤਰੀ ਸਿਰ ’ਤੇ ਹੋਣ ਕਰਕੇ ਭੂਤਰੇ ਇਹਨਾਂ ਬੁਰਛਾਗਰਦਾਂ ਨੇ ਇਹਨਾਂ ਦੇ ਹੱਥ-ਪੈਰ ਨੂੜੇ ਦਲਿਤ ਨੌਜਵਾਨਾਂ
ਨੂੰ ਕਾਰ ਨਾਲ ਬੰਨ੍ਹ ਲਿਆ। ਉਨ੍ਹਾਂ ਦੇ ਪਿੰਡੇ
ਨੰਗੇ ਕਰ ਲਏ ਤੇ ਫਿਰ ਬੇਰਹਿਮੀ ਨਾਲ ਕਸਾਈਆਂ ਵਾਂਗ ਘੰਟਿਆਂ-ਬੱਧੀ ਉਹਨਾਂ ਦਾ ਵਾਰੋਵਾਰੀ ਡਾਂਗਾਂ
ਨਾਲ ਕੁਟਾਪਾ ਕੀਤਾ ਗਿਆ। ਉਥੇ ਹਾਜਰ ਪੁਲਸੀਆਂ ਨੇ ਇਸ ਤਾਂਡਵ ਨੂੰ ਰੋਕਣ ਦੀ ਥਾਂ ਆਪਣੀਆਂ ਡਾਂਗਾਂ
ਇਹਨਾਂ ਕੁਟਾਪਾ ਕਰ ਰਹੇ ਬੁਰਛਾਗਰਦਾਂ ਦੇ ਹਵਾਲੇ ਕਰਕੇ ਆਪ ਤਮਾਸ਼ਾ ਦੇਖਣਾ ਜਾਰੀ ਰੱਖਿਆ ਹਕੂਮਤੀ
ਥਾਪੜੇ ਸਦਕਾ ਘੈਂਕਰੇ ਇਹਨਾਂ ਬਦਮਾਸ਼ਾਂ ਨੇ ਕਿਸੇ ਡਰ-ਭੈਅ ਤੋਂ ਪੂਰੀ ਤਰ੍ਹਾਂ ਮੁਕਤ ਇਸ ਵਹਿਸ਼ੀਆਨਾ
ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਤਾਂ ਜੋ
ਹੋਰਨਾਂ ਦਲਿਤ ਹਿੱਸਿਆਂ ਨੂੰ ਦਹਿਸ਼ਤਜਦਾ ਕੀਤਾ ਜਾ ਸਕੇ। ਇਸ ਵਹਿਸ਼ੀਆਨਾ ਜੁਲਮ ਤੋਂ ਬਾਅਦ ਇਹਨਾਂ
ਦਲਿਤ ਮਜ਼ਲੂਮਾਂ ਨੂੰ ਪੁਲਸ ਹਿਰਾਸਤ ’ਚ ਦੇ ਦਿੱਤਾ ਗਿਆ ਤੇ ਅਸਲੀ
ਮੁਜ਼ਰਮਾਂ ਨੂੰ ਬੇਰੋਕਟੋਕ ਜਾਣ ਦਿੱਤਾ ਗਿਆ।
ਦਲਿਤ ਰੋਹ ਭੜਕ ਉਠਿਆ
ਬੇਕਸੂਰ ਦਲਿਤ ਨੌਜਵਾਨਾਂ ’ਤੇ ਮਨਘੜਤ ਦੋਸ਼ ਲਾਕੇ ਉਹਨਾਂ ਨੂੰ ਦਰਿੰਦਗੀ ਨਾਲ ਕੋਹਣ ਦੀ ਇਹ ਲੂੰ ਕੰਡੇ ਖੜ੍ਹੇ ਕਰਨ ਵਾਲੀ
ਘਟਨਾ ਸਿਰਫ ਇਹਨਾਂ ਨੌਜਵਾਨਾਂ ਵਿਰੁੱਧ ਕੀਤੀ ਜਾਲਮਾਨਾਂ ਕਾਰਵਾਈ ਨਹੀਂ ਸੀ, ਸਗੋਂ ਉਹ ਸਮੁੱਚੇ ਦਲਿਤ ਭਾਈਚਾਰੇ ਦੇ ਸਵੈਮਾਣ ਨੂੰ ਪੈਰਾਂ ਹੇਠ ਲਿਤਾੜਨ ਤੇ ਜ਼ਲੀਲ ਕਰਨ ਦੀ
ਹੋਛੀ ਤੇ ਧੌਂਸਬਾਜ ਕਾਰਵਾਈ ਸੀ। ਇਸ ਦੀ ਪੀੜ ਨੇ ਹਰ ਦਲਿਤ ਦੇ ਕਲੇਜੇ ਨੂੰ ਵਿੰਨ੍ਹ ਕੇ ਰੱਖ ਦਿੱਤਾ। ਸੋਸ਼ਲ ਮੀਡੀਆ ’ਤੇ ਪਾਈ ਇਹ ਵੀਡੀਓ
ਪਲੋ-ਪਲੀ ਹਰ ਪਾਸੇ ਫੈਲ ਗਈ ਅਤੇ ਨੌਜਵਾਨ ਦਲਿਤ ਹਿੱਸਿਆਂ ’ਚ ਰੋਹ ਦੀਆਂ ਤਰੰਗਾਂ ਛੇੜਦੀ ਗਈ। ਰੋਹ ਨਾਲ ਤਪਦੇ ਦਲਿਤ ਨੌਜਵਾਨਾਂ ਦੇ ਦਲ ਆਪ ਮੁਹਾਰੇ
ਸ਼ੜਕਾਂ ’ਤੇ ਨਿੱਕਲ ਤੁਰੇ। ਸਰਕਾਰੀ ਬੱਸਾਂ ਉਨ੍ਹਾਂ ਦੇ ਕਹਿਰ ਦਾ ਨਿਸ਼ਾਨਾ ਬਣੀਆਂ। ਮੁਜਾਹਰੇ ਤੇ
ਝੜੱਪਾਂ ਹੋਈਆਂ। ਤੀਹ ਦੇ ਕਰੀਬ ਦਲਿਤ ਨੌਜਵਾਨਾਂ ਨੇ ਰੋਹ ਤੇ ਹਤਾਸ਼ਾ ’ਚ ਆਤਮ ਹੱਤਿਆਂ ਦੀਆਂ ਸਫਲ/ਅਸਫਲ ਕੋਸ਼ਿਸ਼ਾਂ ਕੀਤੀਆਂ। ਸਾਰਾ ਜੁਲਾਈ ਮਹੀਨਾ ਦਲਿਤਾਂ ਦਾ ਇਹ
ਰੋਹ ਕਦੇ ਕਿਤੇ ਫੁੱਟ ਪੈਂਦਾ ਰਿਹਾ ਤੇ ਕਦੇ ਕਿਤੇ ਹੋਰ ਭੜਕ ਉਠਦਾ ਰਿਹਾ। ਆਪ ਮੁਹਾਰੇ ਤੇ
ਗੈਰ-ਜਥੇਬੰਦ ਰੋਸ-ਵਿਖਾਵਿਆਂ ਦੀ ਥਾਂ ਹੌਲੀ ਹੌਲੀ ਜਥੇਬੰਦ ਰੋਸ ਨੇ ਲਈ। ਵਿਰੋਧੀ ਧਿਰ ਦੀਆਂ
ਸਿਆਸੀ ਪਾਰਟੀਆਂ ਤੋਂ ਇਲਾਵਾ ਟਰੇਡ ਯੂਨੀਅਨਾਂ ਤੇ ਹੋਰ ਗੈਰ-ਸਰਕਾਰੀ ਜਥੇਬੰਦੀਆਂ ਤੇ ਮੁਸਲਮ
ਭਾਈਚਾਰੇ ਦੇ ਲੋਕ ਇਸ ਦੀ ਹਮਾਇਤ ’ਚ ਆ ਜੁਟੇ। ਹੋਰਨਾਂ ਰਾਜਾਂ
’ਚ ਦਲਿਤ ਵਿਰੋਧ ਦੀ ਗੂੰਜ ਸੁਣਾਈ ਦੇਣ ਲੱਗੀ। 31 ਜੁਲਾਈ ਨੂੰ ਹਜਾਰਾਂ
ਦਲਿਤਾਂ ਦੇ ਮਹਾਂ ਸੰਮੇਲਨ ’ਚ 5 ਅਗਸਤ ਤੋਂ 15 ਅਗਸਤ ਤੱਕ ਅਹਿਮਦਾਬਾਦ ਤੋਂ ਊਨਾ ਤੱਕ 380 ਕਿਲੋਮੀਟਰ ਲੰਮੀ ਦਲਿਤ
ਅਸਮਿਤਾ (ਗੌਰਵ) ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਅਤੇ ਦਲਿਤਾਂ ਨੂੰ ਮੁਰਦਾਰ ਢੋਣ, ਗਲੀਆਂ ਨਾਲੀਆਂ ਸਾਫ ਕਰਨ ਤੇ ਖੱਲ ਲਾਹੁਣ ਜਿਹੇ ਧੰਦੇ ਨਾ ਕਰਨ ਦਾ ਸੱਦਾ ਦਿੱਤਾ ਗਿਆ ਤੇ ਹਰ
ਦਲਿਤ ਪਰਿਵਾਰ ਲਈ ਪੰਜ ਏਕੜ ਜਮੀਨ ਦੇਣ ਦੀ ਮੰਗ ਉਭਾਰੀ ਗਈ।
ਦਲਿਤਾਂ ਅੰਦਰ ਇਸ ਘਟਨਾ ਨਾਲ ਉੱਮੜੇ ਰੋਹ ਦੀ
ਗੱਲ ਕਰਦਿਆਂ ਦਲਿਤਾਂ ’ਚ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਜਥੇਬੰਦੀ ‘‘ਨਵਸਿਰਜਤ’’ ਦੇ ਇੱਕ ਕਾਰਕੁਨ ਪ੍ਰਦੀਪ ਦਾ ਕਹਿਣਾ ਸੀ,‘‘ਮੈਂ ਪਿਛਲੇ ਵੀਹ ਸਾਲਾਂ
ਤੋਂ ਦਲਿਤਾਂ ਦੇ ਮਸਲੇ ਉੱਪਰ ਕੰਮ ਕਰਦਾ ਆ ਰਿਹਾ ਹਾਂ। ਮੈਂ ਗੁਜਰਾਤ ਸਮੇਤ ਭਾਰਤ ਦੇ ਅਨੇਕ
ਹਿੱਸਿਆਂ ’ਚ ਦਲਿਤ ਕਾਰਕੁੰਨਾਂ ਨੂੰ ਸਿਖਲਾਈ ਦਿੱਤੀ ਹੈ। ਮੈਂ ਸਾਡੇ ਲੋਕਾਂ ਅੰਦਰ ਐਨਾ ਰੋਹ ਕਦੇ ਨਹੀਂ
ਵੇਖਿਆ ਸੀ। ਹੁਣ ਅਗਵਾਈ ਦੀ ਕਮਾਨ ਨੌਜੁਆਨਾਂ ਨੇ ਸੰਭਾਲ ਲਈ ਹੈ। ਪਹਿਲਾਂ ਲੀਡਰਸ਼ਿੱਪ ਸਿਆਣੀ ਉਮਰ
ਦੇ ਲੋਕਾਂ ਕੋਲ ਸੀ। ਉਹ ਹਮੇਸ਼ਾ ਉੱਚ ਜਾਤਾਂ ਦੇ ਮੋੜਵੇਂ ਪ੍ਰਤੀਕਰਮ ਤੋਂ ਤ੍ਰਹਿੰਦੇ ਸਨ ਕਿਉਂਕਿ
ਉਹ ਸਦੀਆਂ ਤੋਂ ਇਹੋ ਹੰਢਾਉਂਦੇ ਆ ਰਹੇ ਸਨ। ਹੁਣ ਦੀ ਨਵੀਂ ਪੀੜ੍ਹੀ ਨੇ ਇਹ ਡਰ ਚੁੱਕ ਦਿੱਤਾ ਹੈ।
ਉਹ ਬੇਹੱਦ ਗੁੱਸੇ ’ਚ ਹੈ। ਬੇਰੁਜ਼ਗਾਰੀ ਤੇ ਛੂਤਛਾਤ ਨਿਰਸੰਦੇਹ ਬਹੁਤ ਬੁਰੀਆਂ ਹਨ ਪਰ ਊਨਾ ਘਟਨਾ ਦੀ ਵੀਡੀਓ ’ਚ ਇਹਨਾਂ ਦਲਿਤ ਨੌਜੁਆਨਾਂ ’ਤੇ ਜਿਹੋ ਜਿਹਾ ਭਿਆਨਕ
ਕਹਿਰ ਢਾਹੁੰਦੇ ਵਿਖਾਇਆ ਗਿਆ ਹੈ, ਉਸ ਨੂੰ ਵੇਖਕੇ ਹਰ ਕਿਸੇ
ਨੂੰ ਇਉਂ ਦਰਦ ਮਹਿਸੂਸ ਹੋਇਆ ਹੈ ਜਿਵੇਂ ਉਹਨਾਂ ਡਾਂਗਾਂ ਦੀ ਮਾਰ ਉਹਨਾਂ ਦੇ ਆਪਣੇ ਪਿੰਡਿਆਂ, ਉਹਨਾਂ ਦੇ ਆਪਣੇ ਪਿਉਆਂ ਤੇ ਭਰਾਵਾਂ ਦੇ ਪਿੰਡਿਆਂ ਉੱਪਰ ਪਈ ਹੋਵੇ। ਹਰ ਜਗਾਹ ਲੋਕਾਂ ਦੀ
ਜੁਬਾਨ ’ਤੇ ਇਕੋ ਗੱਲ ਹੈ-‘‘ਹੁਣ ਤਾਂ ਸਿਰਾ ਹੋ ਗਿਆ ਹੈ। ਹੁਣ ਇਸ ਦਾ ਮੁਕਾਬਲਾ ਕੀਤਾ ਜਾਵੇਗਾ ਚਾਹੇ ਇਸ ਦੇ ਬਦਲੇ ਉਹ
ਸਾਨੂੰ ਮਾਰ ਹੀ ਕਿਉਂ ਨਾ ਦੇਣ।’’ ਸ਼ਾਇਦ ਗੁਜਰਾਤ ਦੇ ਨੌਜਵਾਨ
ਦਲਿਤਾਂ ਦੇ ਅਜੇਹੇ ਰੌਂਅ ਨੂੰ ਭਾਂਪਦਿਆਂ ਤੇ ਇਸ ਤੋਂ ਤ੍ਰਹਿੰਦਿਆਂ ਹੀ, ਭਾਜਪਾ ਨੂੰ ਆਨੰਦੀਬੇਨ ਤੋਂ ਮੁੱਖ ਮੰਤਰੀ ਪਦ ਦੀ ਬਲੀ ਲੈਣ ਤੇ ਮੋੜਾ ਕੱਟਣ ਦਾ ਕੌੜਾ ਅੱਕ
ਚੱਬਣਾ ਪਿਆ ਸੀ।
ਗੌਰਵਾ ਯਾਤਰਾ ਨੂੰ ਭਾਰੀ ਸਮਰਥਨ
5 ਅਗਸਤ ਨੂੰ ਦਸ ਹਜਾਰ ਲੋਕਾਂ ਦੇ ਜੋਸ਼ੀਲੇ ਨਾਅਰਿਆਂ ਦੌਰਾਨ ਹਜਾਰ ਦੇ ਕਰੀਬ ਦਲਿਤ ਇਸ ਦਲਿਤ
ਗੌਰਵ ਯਾਤਰਾ ’ਤੇ ਨਿੱਕਲੇ। ਨਾ ਕਿਸੇ ਸਿਆਸੀ ਪਾਰਟੀ ਦਾ ਦਖਲ ਨਾ ਕੋਈ ਸਥਾਪਤ ਤੇ ਉੱਘਾ ਆਗੂ, ਆਪ ਮੂਹਰੇ ਆਏ ਦ੍ਰਿੜ ਪਰ ਸ਼ਾਂਤਮਈ ਯਾਤਰੀ । ਰਾਹ ’ਚ ਆਉਂਦੇ ਪਿੰਡਾਂ ’ਚੋਂ ਯਾਤਰਾ ਨੂੰ ਦਲਿਤ ਲੋਕਾਂ ਦਾ ਭਾਰੀ ਸਮਰਥਨ
ਮਿਲਿਆ। ਇੱਕ ਪਿੰਡ ਦੇ ਲੋਕ ਅਗਲੇ ਪਿੰਡ ਤੱਕ ਛੱਡਣ ਜਾਂਦੇ। ਮੀਟਿੰਗਾਂ ’ਚ ਮੁਰਦਾਰ ਤੇ ਮੈਲ ਢੋਣ ਜਿਹੇ ਕੰਮ ਛੱਡਣ ਅਤੇ ਜਮੀਨ ਦੀ ਮੰਗ ਕੀਤੀ ਜਾਂਦੀ। ਇਕ ਦਲਿਤ
ਨੌਜਵਾਨ-ਜਿਗਨੇਸ਼ ਮੇਵਾਨੀ-ਸਰਬ ਪ੍ਰਵਾਨਤ ਦਲਿਤ ਆਗੂ ਵਜੋਂ ਉੱਭਰਿਆ ਹੈ। ਇੱਕ ਪਿੰਡ ਵਿੱਚ ਉੱਚ
ਜਾਤੀ ਦੇ ਲੋਕਾਂ ਵੱਲੋਂ ਸ਼ੜਕ ਜਾਮ ਕਰਕੇ ਟਕਰਾਅ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਯਾਤਰੀਆਂ ਨੇ ਰਸਤਾ
ਬਦਲ ਲਿਆ। 15 ਅਗਸਤ ਨੂੰ ਊਨਾ ਵਿਖੇ 20 ਹਜਾਰ ਲੋਕਾਂ ਦੇ ਵਿਸ਼ਾਲ ਇਕੱਠ ’ਚ ਰੋਹਿਤ ਵਿਮੁੱਲਾ ਦੀ ਮਾਂ ਅਤੇ ਕੁਟਾਪੇ ਦਾ ਸ਼ਿਕਾਰ ਦਲਿਤ ਨੌਜਵਾਨਾਂ ’ਚੋਂ ਇੱਕ ਦੇ ਪਿਓ ਨੇ ਤਿਰੰਗਾ ਲਹਿਰਾਇਆ। ਜੇ.ਐਨ.ਯੂ. ਆਗੂ ਕਨ੍ਹਈਆ ਕੁਮਾਰ, ਵੱਡੀ ਗਿਣਤੀ ਮੁਸਲਮ ਭਾਈਚਾਰੇ ਦੇ ਲੋਕ, ਤੇ ਹੋਰ ਇਨਸਾਫ ਪਸੰਦ
ਹਿੱਸੇ ਯਕਯਹਿਤੀ ਪ੍ਰਗਟਾਉਣ ਲਈ ਇਸ ਰੈਲੀ ’ਚ ਪਹੁੰਚੇ । ਦਲਿਤਾਂ ਤੇ
ਮੁਸਲਮਾਨਾਂ ਦੀ ਉੱਭਰ ਰਹੀ ਏਕਤਾ ਇੱਕ ਸੁਆਗਤਯੋਗ ਵਰਤਾਰਾ ਬਣ ਸਾਹਮਣੇ ਆਇਆ। ਰੈਲੀ ’ਚ ਹੋਕਾ ਗੂੰਜਿਆ ‘‘ਗਊ ਕੀ ਪੂਛ ਤੁਮ ਰੱਖੋ, ਹਮੇ ਹਮਾਰੀ ਜਮੀਨ ਦੋ।’’ ਰੈਲੀ ’ਚ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਨੇ ਇੱਕ ਮਹੀਨੇ ’ਚ ਹਰ ਦਲਿਤ ਪਰਿਵਾਰ ਨੂੰ ਪੰਜ ਏਕੜ ਜ਼ਮੀਨ ਦੇਣ ਦਾ ਐਲਾਨ ਨਾ ਕੀਤਾ ਤਾਂ ਐਜੀਟੇਸ਼ਨ ਤੇਜ ਕੀਤੀ
ਜਾਵੇਗੀ ਤੇ ਰੇਲਾਂ ਰੋਕੀਆਂ ਜਾਣਗੀਆਂ।
ਚੁਣੌਤੀ-ਭਰਪੂਰ ਹਾਲਤ ਖਬਰਦਾਰ ਰਹਿਣ ਦੀ ਲੋੜ
ਦਲਿਤਾਂ ਦੀ ਜਬਰਦਸਤ ਵਿਰੋਧ ਲਹਿਰ ਸਦਕਾ ਭਾਂਵੇਂ
ਸਰਕਾਰ ਨੂੰ ਕੁੱਝ ਪਿੱਛੇ ਹਟਣਾ ਪਿਆ ਹੈ ਪਰ ਇਸਦੇ ਬਾਵਜੂਦ ਦਲਿਤਾਂ ਨੂੰ ਬਹੁਤ ਗੰਭੀਰ ਚੁਣੌਤੀ ਦਾ
ਸਾਹਮਣਾ ਹੈ। ਉੱਚ-ਜਾਤਾਂ ਇਸ ਦਲਿਤ ਉਭਾਰ ਸਦਕਾ ਅੰਦਰੇ-ਅੰਦਰ ਤੇ ਜਾਹਰਾ ਤੌਰ ’ਤੇ ਵੀ ਵਿਹੁ ਘੋਲ ਰਹੀਆਂ ਹਨ ਤੇ ਉਹ ਮਰੇ ਪਸ਼ੂ ਚੱਕਣ ਅਤੇ ਗੰਦਗੀ ਦੀ ਸਫਾਈ ਕਰਨ ਦੇ ਦਲਿਤਾਂ
ਦੇ ਫੈਸਲੇ ਨੂੰ ਸੌਖੇ ਹੀ ਹਜ਼ਮ ਨਹੀਂ ਕਰ ਸਕਦੀਆਂ। ਗੌਰਵ ਯਾਤਰਾ ਤੋਂ ਮੁੜਦੇ ਸਮੇਂ ਦਲਿਤ ਜੱਥਿਆਂ ’ਤੇ ਉੱਚ-ਜਾਤੀ ਲੋਕਾਂ ਅਤੇ ਕੱਟੜ ਹਿੰਦੂ ਅਨਸਰਾਂ ਵੱਲੋਂ ਕੀਤੇ ਹਮਲੇ ਸਭ ਦੇ ਸਾਹਮਣੇ ਹਨ।
ਉਂਜ ਵੀ ਬਦਲਵੇਂ ਰੁਜ਼ਗਰ ਦੀ ਘਾਟ ਅਤੇ ਰੁਜ਼ਗਾਰ ਤੋਰਨ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਕਰਕੇ
ਪਹਿਲਾਂ ਵਾਲਾ ਕਿੱਤਾ ਸੌਖਿਆਂ ਹੀ ਨਹੀਂ ਬਦਲਿਆ ਜਾ ਸਕਦਾ । ਪਿੰਡਾਂ ’ਚ ਰਹਿੰਦੇ ਦਲਿਤਾਂ ਲਈ ਪੰਜ ਏਕੜ ਜਮੀਨ ਦੀ ਮੰਗ ਬਹੁਤ ਹੀ ਮਹੱਤਵਪੂਰਨ ਹੈ ਤੇ ਜ਼ਮੀਨ ਦੀ
ਅਣਹੋਂਦ ਦਲਿਤ ਦੇ ਆਰਥਿਕ ਸਮਾਜਿਕ ਪਛੜੇਵੇਂ ਦਾ ਇੱਕ ਬੁਨਿਆਦੀ ਕਾਰਨ ਹੈ। ਦਲਿਤ ਰੋਹ ਦੇ ਇਸ ਵਹਿਣ
’ਚ ਜ਼ਮੀਨ ਦੀ ਮੰਗ ਦਾ ਉੱਭਰ ਆਉਣਾ ਇਸ ਰੋਸ ਲਹਿਰ ਦੀ ਸਹੀ ਰੁਖ ਉਧੇੜ ਪੱਖੋਂ ਬੁਨਿਆਦੀ ਮਹੱਤਤਾ
ਵਰਗਾ ਇੱਕ ਵਜ਼ਨਦਾਰ ਅੰਸ਼ ਬਣਦਾ ਹੈ। ਜਿਹੜਾ ਪਹਿਲੇ ਸਮਿਆਂ ਦੇ ਅੰਦੋਲਨਾਂ ’ਚ ਦਿਖਾਈ ਨਹੀਂ ਦਿੰਦਾ ਰਿਹਾ। ਪਰ ਇਸ ਲਈ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਰਲ ਕੇ ਬਹੁਤ ਲੰਮਾ
ਤੇ ਸਿਰੜੀ ਸੰਘਰਸ਼ ਦਰਕਾਰ ਹੈ। ਸ਼ਹਿਰੀ ਦਲਿਤ ਹਿੱਸਿਆਂ ਦੀ ਲਾਮਬੰਦੀ ਦੇ ਪੱਖ ਤੋਂ ਬਦਲਵੇਂ ਗੁਜਾਰੇ
ਯੋਗ ਰੁਜ਼ਗਾਰ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਗੁਜਰਾਤ ’ਚ ਦਲਿਤ ਵਸੋਂ ਕੁੱਲ ਵਸੋਂ ਦਾ ਛੋਟਾ ਭਾਗ ਹੋਣ ਕਰਕੇ ਹੋਰ ਘੱਟ ਗਿਣਤੀਆਂ ਖਾਸ ਕਰਕੇ
ਮੁਸਲਮਾਨਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਆਦਿਵਾਸੀ ਵਰਗਾਂ ਨਾਲ ਸੰਗਰਾਮੀ ਸਾਂਝ ਵਿਕਸਤ ਕਰਨੀ ਚਾਹੀਦੀ ਹੈ। ਇਸ ਸਾਂਝੇ
ਜੋਰ ਦੇ ਆਸਰੇ ਹੀ ਜਾਤੀ ਤੇ ਜਮਾਤੀ ਦਾਬੇ ਨੂੰ ਕਮਜੋਰ ਕਰਨ ਤੇ ਹਰਾਉਣ ਦੇ ਰਾਹ ਅੱਗੇ ਵਧਿਆ ਜਾ
ਸਕਦਾ ਹੈ। ਇਸ ਲਈ ਹਰ ਕਿਸਮ ਦੀ ਹਾਕਮ ਜਮਾਤੀ ਸਿਆਸਤ ਦੇ ਚੁੰਗਲ ’ਚ ਫਸਣ ਤੋਂ ਬਚਣ ਦੀ ਲੋੜ ਹੈ।
No comments:
Post a Comment