ਦਲਿਤ ਵੋਟ ਬੈਂਕ ਤੇ ਹਿੰਦੂ ਫਿਰਕਾਪ੍ਰਸਤ ਲਾਮਬੰਦੀਆਂ ਆਖ਼ਰ ਨੂੰ ਟਕਰਾਅ ’ਚ
- ਸਿਆਸੀ ਟਿੱਪਣੀਕਾਰ
ਮੋਦੀ ਜੀ ਦੇ ਰਾਜਭਾਗ ’ਚ ਗਊ-ਰੱਖਿਆ ਦੇ ਨਾਂ ’ਤੇ ਹਿੰਦੂ ਕੱਟੜਪੰਥੀ ਅਨਸਰਾਂ ਵੱਲੋਂ
ਮੁਸਲਮਾਨਾਂ, ਦਲਿਤਾਂ ਅਤੇ ਆਮ ਲੋਕਾਂ ’ਤੇ ਹਮਲਿਆਂ ਦੀਆਂ ਅਨੇਕਾਂ ਸੰਗੀਨ ਘਟਨਾਵਾਂ
ਵਾਪਰੀਆਂ ਹਨ ਅਤੇ ਇਹਨਾਂ ’ਚ ਕਈ ਮੌਤਾਂ ਵੀ ਹੋਈਆਂ ਹਨ। ਇਹਨਾਂ ਘਟਨਾਵਾਂ
ਦੇ ਵਾਪਰਨ ਵੇਲੇ ਪ੍ਰੈੱਸ, ਮੀਡੀਆ, ਪਾਰਲੀਮੈਂਟ ਆਦਿਕ ’ਚ ਬਥੇਰੇ ਵਾਰ ਹੋ-ਹੱਲਾ ਮੱਚਦਾ ਰਿਹਾ ਹੈ ਪਰ
ਪ੍ਰਧਾਨ ਮੰਤਰੀ ਮੋਦੀ ਜੀ ਅਕਸਰ ਇਹਨਾਂ ਬਾਰੇ ਲੰਮਾ ਸਮਾਂ ਗਹਿਰੀ ਚੁੱਪ ਧਾਰੀ ਰੱਖਦੇ ਰਹੇ ਹਨ।
ਗਊ-ਮਾਸ ਖਾਣ ਦੇ ਅਖੌਤੀ ਇਲਜ਼ਾਮ ਤਹਿਤ ਦਾਦਰੀ ’ਚ ਮੁਹੰਮਦ ਅਖ਼ਲਾਕ ਨੂੰ
ਹਿੰਦੂ-ਕੱਟੜਪੰਥੀਆਂ ਦੀ ਉਕਸਾਈ ਭੀੜ ਵੱਲੋਂ ਕੁੱਟ ਕੁੱਟ ਕੇ ਮਾਰ ਦੇਣ ਦੀ ਅਤਿ ਘਿਨਾਉਣੀ ਕਾਰਵਾਈ
ਬਾਰੇ ਵੀ, ਵਾਰ ਵਾਰ ਕੀਤੀ ਮੰਗ ਦੇ ਬਾਵਜੂਦ ਉਹਨਾਂ ਨੇ ਚੁੱਪ ਵੱਟੀ ਰੱਖੀ। ਰਾਸ਼ਟਰਪਤੀ ਵੱਲੋਂ ਇਸ ਘਟਨਾ
ਬਾਰੇ ਜ਼ਾਹਰ ਕੀਤੇ ਪ੍ਰਤੀਕਰਮ ਤੋਂ ਬਾਅਦ ਜਦ ਉਹਨਾਂ ਨੂੰ ਮਜਬੂਰੀ ਵੱਸ ਬੋਲਣਾ ਪਿਆ ਤਾਂ ਬੱਸ ਐਨਾ
ਕਹਿਕੇ ਸਾਰ ਦਿੱਤਾ ਕਿ ਸਾਨੂੰ ਫਿਰਕੂ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ, ਆਪਸ ’ਚ ਲੜਨਾ ਨਹੀਂ ਚਾਹੀਦਾ। ਕਾਤਲਾਂ ਬਾਰੇ ਇੱਕ ਲਫਜ਼ ਨਹੀਂ ਬੋਲੇ। ਰੋਹਿਤ ਵੇਮੁੱਲਾ ਦੀ ਦਰਦਨਾਕ
ਆਤਮਹੱਤਿਆ ਨੇ ਸਾਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੋਦੀ ਜੀ ਲੰਮਾਂ ਸਮਾਂ ਕਬੂਤਰ ਵਾਂਗ
ਅੱਖਾਂ ਮੀਚੀ ਬੈਠੇ ਰਹੇ, ਕੁਝ ਨਹੀਂ ਬੋਲੇ। ਆਖ਼ਰ ਜਦੋਂ ਬੋਲੇ ਤਾਂ ਸਿਰਫ਼
ਐਨਾ ਕੁ ਕਹਿਕੇ ਸਾਰ ਦਿੱਤਾ ਕਿ ਇੱਕ ਮਾਂ ਨੇ ਆਪਣਾ ਪੁੱਤ ਗੁਆ ਲਿਆ ਹੈ ਮੈਂ ਉਸਦਾ ਦਰਦ ਸਮਝਦਾ ਹਾਂ। ਖੁਦਕੁਸ਼ੀ ਦੇ ਮੂੰਹ ਧੱਕਣ
ਦੇ ਮੁਜਰਮਾਂ, ਕਾਰਨਾਂ ਆਦਿਕ ਬਾਰੇ ਸਾਜਸ਼ੀ ਚੁੱਪ ਵੱਟੀ ਰੱਖੀ। ਝਾਰਖੰਡ ’ਚ ਗਊ-ਰੱਖਿਅਕ ਗ੍ਰੋਹ ਨੇ ਦੋ ਮੁਸਲਮਾਨ ਪਸ਼ੂ ਵਪਾਰੀਆਂ ਨੂੰ ਦਰਖਤਾਂ ਤੇ ਟੰਗਕੇ ਫਾਹਾ ਦੇ
ਦਿੱਤਾ, ਉਹ ਚੁੱਪ ਰਹੇ। ਗੁਜਰਾਤ ’ਚ 2012 ’ਚ ਉਹਨਾਂ ਦੇ ਮੁੱਖ
ਮੰਤਰੀ ਹੁੰਦਿਆਂ ਪੁਲਸ ਨੇ ਤਿੰਨ ਦਲਿਤਾਂ ਨੂੰ ਗੋਲੀ ਮਾਰ ਦਿੱਤੀ ਸੀ। ਉਹਨਾਂ ਦੀ ਰੂਹ ਨਾ ਕੰਬੀ।
ਉਹਨਾਂ ਲਈ ਇਸ ਘਟਨਾ ਦੀ ਨਿਖੇਧੀ ਤਾਂ ਕੀ ਕਰਨੀ ਸੀ, ਇੱਕ ਸ਼ਬਦ ਤੱਕ ਵੀ ਮੂੰਹੋਂ
ਨਾ ਨਿਕਲਿਆ। (ਥਾਨਗੜ੍ਹ ’ਚ ਵਾਪਰੀ ਇਸ ਘਟਨਾ ਦੀ ਜਾਂਚ ਲਈ ਦਲਿਤ ਉਭਾਰ ਦੀ
ਮੌਜੂਦਾ ਹਾਲਤ ’ਚ ਗੁਜਰਾਤ ਸਰਕਾਰ ਨੂੰ ਵਿਸ਼ੇਸ਼ ਜਾਂਚ ਦਲ ਬਣਾਉਣ ਦਾ ਐਲਾਨ ਕਰਨਾ ਪਿਆ ਹੈ।) ਹੁਣ ਜਦ 11 ਜੁਲਾਈ ਨੂੰ ਊਨਾ ’ਚ ਹਿੰਦੂ ਕੱਟੜਪੰਥੀਆਂ ਵੱਲੋਂ ਅਣਮਨੁੱਖੀ ਕਹਿਰ
ਢਾਹਿਆ ਗਿਆ ਤੇ ਸਮੁੱਚਾ ਮੁਲਕ ਝੰਜੋੜਿਆ ਗਿਆ ਤਾਂ ਮੋਦੀ ਜੀ ਨੇ ਇਸ ਘਟਨਾ ਬਾਰੇ ਵੀ ਮੌਨ ਵਰਤ ਧਾਰ
ਲਿਆ। ਇਸ ਘਿਨਾਉਣੇ ਮੱਧਯੁੱਗੀ ਕਾਂਡ ਦੀ ਕੌਮੀ ਤੇ ਕੌਮਾਂਤਰੀ ਮੀਡੀਆ ’ਚ ਇਹ ਵੀਡੀਓ ਫਲੈਸ਼ ਹੋਈ, ਰਾਹੁਲ ਗਾਂਧੀ, ਕੇਜਰੀਵਾਲ ਤੇ ਹੋਰ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂ ਪੀੜਤਾਂ ਨੂੰ ਮਿਲਣ ਗਏ, ਸਿਆਸੀ ਹੋ-ਹੱਲਾ ਮੱਚਿਆ, ਗੁਜਰਾਤ ’ਚ ਰੋਹ ਭਰੇ ਦਲਿਤਾਂ ਦੇ ਹਜੂਮ ਸੜਕਾਂ ’ਤੇ ਨਿੱਕਲੇ ਤੁਰੇ, ਰੋਸ ਮੁਜ਼ਾਹਰੇ ਤੇ ਭੰਨਤੋੜ ਜਾਰੀ ਰਹੀ, ਕੋਈ 30 ਦੇ ਕਰੀਬ ਦਲਿਤਾਂ ਨੇ ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਇਸ ਸਭ ਦੇ ਦੌਰਾਨ ਮੋਦੀ ਜੀ
ਇਉਂ ਖਾਮੋਸ਼ੀ ਧਾਰੀ ਬੈਠੇ ਰਹੇ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ, ਜਿਵੇਂ ਇਸ ਸਾਰੇ ਨਾਲ ਉਹਨਾਂ ਦਾ ਕੋਈ ਸਰੋਕਾਰ ਹੀ ਨਾ ਹੋਵੇ।
ਤੇ ਫਿਰ ਇਸ ਘਿਨਾਉਣੀ ਤੇ ਭੜਕਾਊ ਤੇ ਸ਼ਰਮਨਾਕ
ਘਟਨਾ ਤੋਂ ਲਗਭਗ 25 ਦਿਨ ਬਾਅਦ, ਉਹ ਅਚਾਨਕ ਅੱਬੜਵਾਹਿਆਂ ਵਾਂਗ ਕੁਰਲਾ ਉੱਠੇ। ਕਹਿੰਦੇ ਮੈਂ ਇਹਨਾਂ ਗਊ-ਰੱਖਿਅਕਾਂ ਦੀਆਂ
ਕਰਤੂਤਾਂ ਤੋਂ ਬੜਾ ਪ੍ਰੇਸ਼ਾਨ ਹਾਂ। ਇਹਨਾਂ ਨੇ ਦੁਕਾਨਾਂ ਚਲਾ ਰੱਖੀਆਂ ਹਨ। ਇਹਨਾਂ ’ਚੋਂ ਅੱਸੀ ਫੀਸਦੀ ਗਊ-ਰੱਖਿਅਕ ਜਾਅਲੀ ਹਨ। ਇਹ ਦਿਨੇ ਗਊ-ਰੱਖਿਅਕ ਬਣ ਬਹਿੰਦੇ ਹਨ ਤੇ ਰਾਤਾਂ
ਨੂੰ ਗੈਰ-ਸਮਾਜੀ ਕਾਰਵਾਈਆਂ ਕਰਦੇ ਹਨ। ਉਹਨਾਂ ਨੇ ਰਾਜ-ਸਰਕਾਰਾਂ ਨੂੰ ਇਹਨਾਂ ਬਾਰੇ ਰਿਪੋਰਟਾਂ
ਤਿਆਰ ਕਰਨ ਤੇ ਇਹਨਾਂ ਵਿਰੁੱਧ ਕਾਰਵਾਈ ਦੀ ਸਲਾਹ ਵੀ ਦਿੱਤੀ। ਦੋ ਦਿਨ ਬਾਅਦ ਫਿਰ ਇਹਨਾਂ
ਗਊ-ਰੱਖਿਅਕਾਂ ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਾਉਂਦਿਆਂ, ਤਰਲਾ ਕੀਤਾ, ‘‘ਜੇ ਗੋਲੀ ਮਾਰਨੀ ਹੀ ਹੈ ਤਾਂ ਮੇਰੇ ਮਾਰੋ, ਮੇਰੇ ਦਲਿਤ ਵੀਰਾਂ ਦੇ ਨਾ
ਮਾਰੋ।’’
ਮੋਦੀ ਜੀ ਦੀ ਪਾਰਟੀ ਤੇ ਸੰਘ ਪਰਿਵਾਰ ਵੱਲੋਂ
ਪਾਲੇ ਗਊ-ਰੱਖਿਅਕਾਂ ਬਾਰੇ ਮੋਦੀ ਜੀ ਦੀ ਇਹ ਫਿਟਕਾਰ ਸੁਣਕੇ ਉਹਨਾਂ ਦੇ ਆਪਣਿਆਂ ਸਮੇਤ ਸਾਰਾ ਮੁਲਕ
ਹੱਕਾ ਬੱਕਾ ਰਹਿ ਗਿਆ। ਕੀ ਮੋਦੀ ਜੀ ਦਾ ਅਚਾਨਕ ਹਿਰਦੇ-ਪ੍ਰੀਵਰਤਨ ਹੋ ਗਿਆ ਹੈ? ਉਹਨਾਂ ਅੰਦਰ ਦਲਿਤ-ਹੇਜ ਉਮਡ ਆਇਆ ਹੈ? ਆਓ, ਇਸ ਕਾਂਟਾ ਬਦਲੀ ਪਿੱਛੇ ਛੁਪੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਸਾਲ 2017 ਦੇ ਸ਼ੁਰੂ ਦੇ ਮਹੀਨਿਆਂ ’ਚ ਹੀ ਪੰਜ ਰਾਜਾਂ ਪੰਜਾਬ, ਯੂ. ਪੀ., ਉਤਰਾਖੰਡ, ਗੋਆ ਤੇ ਮਨੀਪੁਰ ’ਚ ਅਸੰਬਲੀ ਚੋਣਾਂ ਹੋਣ ਜਾ ਰਹੀਆਂ ਹਨ। ਗੁਜਰਾਤ ’ਚ ਵੀ ਅਸੰਬਲੀ ਚੋਣਾਂ ਇਸੇ ਵਰ੍ਹੇ ਹੇੋਣੀਆਂ ਹਨ। ਇਹਨਾਂ ਚੋਣਾਂ ਖਾਸ ਕਰਕੇ ਯੂ. ਪੀ. ’ਚੋਂ ਚੋਣ-ਨਤੀਜੇ ਭਾਜਪਾ ਲਈ ਬੇਹੱਦ ਅਹਿਮੀਅਤ ਰੱਖਦੇ ਹਨ। ਯੂ. ਪੀ. ’ਚ ਭਾਜਪਾ ਦੀ ਜਿੱਤ ਨਾ ਸਿਰਫ਼ ਫੌਰੀ ਪ੍ਰਸੰਗ ’ਚ ਇਸਨੂੰ ਦੇਸੀ ਘਿਓ ਵਾਂਗ
ਲੱਗੇਗੀ ਤੇ ਇਸਤੋਂ ਬਾਅਦ ਹੋਣ ਵਾਲੀਆਂ ਗੁਜਰਾਤ ਅਸੰਬਲੀ ਚੋਣਾਂ ਤੇ 2019 ਦੀ ਪਾਰਲੀਮਾਨੀ ਚੋਣ ’ਚ ਭਾਜਪਾ ਦੀਆਂ ਚੋਣ-ਸੰਭਾਵਨਾਵਾਂ ਨੂੰ ਹੁਲਾਰਾ
ਦੇਵੇਗੀ ਸਗੋਂ ਸੰਘ ਪਰਿਵਾਰਾਂ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਲਈ ਵੀ ਭਾਰੀ ਅਹਿਮੀਅਤ ਰੱਖਦੀ ਹੈ।
ਯੂ. ਪੀ. ਚੋਣਾਂ ’ਚ ਭਾਜਪਾ ਦੀ ਹਾਰ ਅਖੌਤੀ ਮੋਦੀ ਜਾਦੂ ਦੇ ਪੂਰੀ ਤਰ੍ਹਾਂ ਠੁੱਸ ਹੋ ਜਾਣ ਅਤੇ ਇਸਦੇ ਹਕੂਮਤੀ
ਪਤਨ ਦੇ ਅਮਲ ਦੇ ਆਰੰਭ ਹੋ ਜਾਣ ਦਾ ਗਰਜਵਾਂ ਐਲਾਨ ਹੋ ਨਿੱਬੜੇਗੀ। ਇਸ ਲਈ ਯੂ. ਪੀ. ਚੋਣਾਂ
ਜਿੱਤਣਾ ਇਸ ਲਈ ਵੱਕਾਰੀ ਚੁਣੌਤੀ ਬਣੀ ਹੋਈ ਹੈ।
ਯੂ. ਪੀ. ਦੀਆਂ ਆਉਂਦੀਆਂ ਅਸੰਬਲੀ ਚੋਣਾਂ ਸਬੰਧੀ
ਭਾਜਪਾ ਦੀ ਚੋਣ ਰਣਨੀਤੀ ਬਾਰੇ ਹੁਣ ਤੱਕ ਮਿਲੇ ਸੰਕੇਤਾਂ ਤੋਂ ਇਹੀ ਜਾਪਦਾ ਹੈ ਕਿ ਭਾਜਪਾ ਦੀ ਅੱਖ
ਦਲਿਤ ਵੋਟ-ਬੈਂਕ ਨੂੰ ਸੰਨ੍ਹ ਲਾਉਣ ’ਤੇ ਟਿਕੀ ਹੋਈ ਹੈ। ਕਈ ਦਲਿਤ ਆਗੂਆਂ ਨੂੰ ਸੂਬਾਈ ਲੀਡਰਸ਼ਿੱਪ ’ਚ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਦਲਿਤ ਮੁੱਖ ਮੰਤਰੀ ਬਣਾਏ ਜਾਣ ਦੇ ਸ਼ੋਸ਼ੇ ਛੱਡੇ ਜਾ
ਰਹੇ ਹਨ। ਅੰਬੇਦਕਰ ਦੀ ਜਯੰਤੀ ਮਨਾਉਣ ਦਾ ਮੋਦੀ ਸਰਕਾਰ ਦਾ ਫੈਸਲਾ ਵੀ ਇਸੇ ਗਿਣਤੀ-ਮਿਣਤੀ ਤੋਂ
ਪ੍ਰੇਰਤ ਦੱਸਿਆ ਜਾਂਦਾ ਹੈ। ਯੂ. ਪੀ. ਦੇ ਦਲਿਤ ਵੋਟਰਾਂ ਨੂੰ ਪਤਿਆਉਣ ਲਈ ਭਾਜਪਾ ਵੱਲੋਂ ਇੱਕ
ਸਤਿਕਾਰਤ ਬੋਧੀ ਗੁਰੂ ਦੀ ਅਗਵਾਈ ਹੇਠ ਛੇ-ਮਹੀਨੇ ਲੰਬੀ ਧਰਮ ਚੇਤਨਾ ਯਾਤਰਾ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਮੁੱਖ ਤੌਰ ’ਤੇ ਦਲਿਤ ਹਿੱਸਿਆਂ ਤੱਕ ਪਹੁੰਚ ਕੀਤੀ ਜਾਣੀ ਹੈ।
ਇਸ ਯਾਤਰਾ ਦੀ 24 ਅਪ੍ਰੈਲ ਨੂੰ ਰਾਜਨਾਥ ਸਿੰਘ ਨੇ ਸਾਰਨਾਥ ਤੋਂ ਸ਼ੁਰੂਆਤ ਕੀਤੀ ਸੀ ਤੇ ਇਸਨੇ ਅਕਤੂਬਰ ’ਚ ਲਖਨਊ ਵਿਖੇ ਸਮਾਪਤ ਹੋਣਾ ਸੀ। ਇਸਦਾ ਇੱਕ ਅਹਿਮ ਪੜਾਅ 31 ਜੁਲਾਈ ਦੀ ਆਗਰਾ ਰੈਲੀ ਸੀ, ਜਿਸ ’ਚ ਪੰਜਾਹ ਹਜ਼ਾਰ ਦਲਿਤਾਂ ਦਾ ਇਕੱਠ ਕਰਕੇ ਉਸਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕਰਨਾ
ਸੀ। ਯਕੀਨਨ ਹੀ, ਇਹ ਦਲਿਤ ਵੋਟਰਾਂ ਨੂੰ ਭਾਜਪਾ ਦੇ ਪੱਖ ’ਚ ਜਿੱਤਣ ਵੱਲ ਸੇਧਤ ਸੀ।
ਊਨਾ ’ਚ ਦਲਿਤਾਂ ਤੇ ਵਹਿਸ਼ੀ ਅੱਤਿਆਚਾਰ ਦੀ ਘਟਨਾ ਨੇ ਭਾਜਪਾ ਨੂੰ ਇੱਕ ਵਾਰ ਕਸੂਤੀ ਸਥਿਤੀ ’ਚ ਫਸਾ ਦਿੱਤਾ। ਜੇ ਉਹ ਗਊ-ਰੱਖਿਅਕਾਂ ਦੀਆਂ ਦਲਿਤਾਂ ’ਤੇ ਹਮਲੇ ਦੀਆਂ ਕਾਰਵਾਈਆਂ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਇਸ ਨਾਲ ਦਲਿਤਾਂ ’ਚ ਭਾਜਪਾ ਬਾਰੇ ਬੇਭਰੋਸਗੀ ਤੇ ਅਸੰਤੁਸ਼ਟਤਾ ਨੂੰ ਬਲ ਮਿਲਣਾ ਸੀ ਤੇ ਦਲਿਤ ਵਰਗ ਦਾ ਸਮਰਥਨ
ਹਾਸਲ ਕਰਨ ਦੀ ਉਸਦੀ ਰਣਨੀਤੀ ਨੂੰ ਆਂਚ ਆਉਂਦੀ ਸੀ। ਜੇ ਉਹ ਗਊ ਰੱਖਿਅਕਾਂ ਨੂੰ ਲਗਾਮ ਪਾਉਂਦੀ ਹੈ
ਤਾਂ ਇਸ ਨਾਲ ਉਸਦੇ ਹਿੰਦੂ ਮੂਲਵਾਦੀ ਵੋਟ-ਆਧਾਰ ’ਚ ਨਾਰਾਜ਼ਗੀ ਵਧਣੀ ਸੀ। ਊਨਾ
ਕਾਂਡ ਦੇ ਵਾਪਰਨ ਤੋ ਬਾਅਦ, ਭਾਜਪਾ ਨੂੰ ਇਹੀ ਲੱਗਦਾ ਜਾਪਦਾ ਸੀ ਕਿ ਕੁੱਝ
ਦਿਨ ਰੌਲਾ-ਰੱਪਾ ਪੈ ਕੇ ਹਾਲਤ ਨਾਰਮਲ ਹੋ ਜਾਵੇਗੀ ਸੋ ਉਸਨੇ ‘‘ਉਡੀਕੋ ਤੇ ਦੇਖੋ’’
ਵਾਲੀ ਨੀਤੀ ਧਾਰਨ ਕਰ ਲਈ, ਕੁੱਝ ਗਾਂ-ਰੱਖਿਅਕਾਂ ਨੂੰ ਫੜ ਵੀ ਲਿਆ ਤੇ ‘‘ਕਾਨੂੰਨ ਆਪਣਾ ਰਸਤਾ
ਅਖ਼ਤਿਆਰ ਕਰੇਗਾ’’ ਦੀ ਮੁਹਾਰਨੀ ਪੜ੍ਹਨੀ ਜਾਰੀ ਰੱਖੀ।
ਊਨਾ ਘਟਨਾ ਦੇ ਘਿਨਾਉਣੇਪਣ ਨੇ ਜਿਹੋ ਜਿਹੇ ਰੋਹ
ਅਤੇ ਤਿੱਖੇ ਆਪ-ਮੁਹਾਰੇ ਪ੍ਰਤੀਕਰਮ ਨੂੰ ਦਲਿਤਾਂ ਅੰਦਰ ਜਗਾਇਆ ਸੀ, ਉਸਦਾ ਭਾਜਪਾ ਅੰਦਾਜ਼ਾ ਨਾ ਲਾ ਸਕੀ। ਇਹ ਗੁਸੈਲਾ ਪ੍ਰਤੀਕਰਮ ਸਭ ਵੋਟ-ਪਾਰਟੀਆਂ ਤੋਂ ਬੇਵਾਹਰਾ
ਸੀ। ਸੁਤੇ ਸਿੱਧ ਸੀ ਤੇ ਬਹੁਤ ਤਿੱਖਾ ਸੀ। ਇਹ ਖੁਰ-ਖਿੰਡਣ ਤੇ ਦਬਣ ਦੀ ਥਾਂ ਫੈਲਣ ਲੱਗ ਪਿਆ, ਜਥੇਬੰਦ ਸ਼ਕਲ ਲੈਣ ਲੱਗ ਪਿਆ ਤੇ ਮੁਸਲਮਾਨ, ਟਰੇਡ ਯੂਨੀਅਨਾਂ ਤੇ ਹੋਰ
ਇਨਸਾਫ਼ਪਸੰਦ ਹਿੱਸੇ ਇਸ ’ਚ ਸ਼ਾਮਲ ਹੋਣ ਲੱਗੇ। ਹੋਰ ਤਾਂ ਹੋਰ, ਇਸਦਾ ਅਸਰ ਗੁਜਰਾਤ ਦੀਆਂ ਹੱਦਾਂ ਟੱਪਣ ਲੱਗਿਆ। ਲਗਭਗ 20 ਦਿਨ ਤੱਕ ਭਾਜਪਾ ਇਸ ਹਨ੍ਹੇਰੀ ਦੇ ਥੰਮਣ ਤੇ ਕਮਜ਼ੋਰ ਪੈਣ ਦੀ ਉਡੀਕ ਕਰਦੀ ਰਹੀ।
ਉਧਰ ਯੂ. ਪੀ. ’ਚ ਚੱਲ ਰਹੀ ਉੱਪਰ ਜ਼ਿਕਰ ਕੀਤੀ ਧਰਮ ਚੇਤਨਾ ਯਾਤਰਾ ’ਚ ਊਨਾ ਘਟਣਾ ਵਿਰੁੱਧ ਦਲਿਤਾਂ ਅੰਦਰ ਫੈਲੇ ਰੋਹ ਦੇ ਝਲਕਾਰੇ ਮਿਲਣ ਲੱਗੇ। ਦਲਿਤਾਂ ਦੇ ਤਿੱਖੇ
ਰੋਹ ਸਦਕਾ ਬੋਧੀ ਧਰਮ ਯਾਤਰੀਆਂ ਨੇ ਭਾਜਪਾ ਨੂੰ ਯਾਤਰਾ ਤੋਂ ਦੂਰ ਰਹਿਣ ਦੀ ਸੁਣਾਉਣੀ ਕਰ ਦਿੱਤੀ।
ਆਗਰੇ ’ਚ ਪੰਜਾਹ ਹਜ਼ਾਰ ਦੇ ਪ੍ਰਸਤਾਵਤ ਇਕੱਠ ਨੂੰ ਬਹੁਤ ਹੀ ਮੱਧਮ ਹੁੰਗ੍ਹਾਰਾ ਮਿਲਦਾ ਵੇਖ ਇਸ ਨੂੰ
ਰੱਦ ਕਰਨ ਦੀ ਨੌਬਤ ਆ ਗਈ। ਭਾਜਪਾ ਦੇ ਇੱਕ ਯੂ. ਪੀ. ਦੇ ਆਗੂ ਵੱਲੋਂ ਦਲਿਤ ਆਗੂ ਮਾਇਆਵਤੀ ਬਾਰੇ
ਭੱਦੀ ਟਿੱਪਣੀ ਵਿਰੁੱਧ ਦਲਿਤਾਂ ’ਚ ਭੜਕੇ ਪ੍ਰਤੀਕਰਮ ਨੇ
ਦਲਿਤ ਹਿੱਸਿਆਂ ’ਚ ਭਾਜਪਾ ਪ੍ਰਤੀ ਫੈਲ ਰਹੀ ਨਾਰਾਜ਼ਗੀ ਨੂੰ ਉਘਾੜ ਦਿੱਤਾ ਸੀ।
ਇਹ ਹਾਲਤ ਸੀ ਜਿਸ ਤੋਂ ਘਬਰਾ ਕੇ ਤੇ ਚਿੰਤਤ ਹੋ
ਕੇ ਭਾਜਪਾ ਨੇ ਇੱਕ ਸੌ ਅੱਸੀ ਦਰਜੇ ਦਾ ਮੋੜਾ ਕੱਟਦਿਆਂ ਹਾਲਤ ਸੰਭਾਲਣ ਲਈ ਤੇਜ਼ੀ ਨਾਲ ਕਈ ਕਦਮ
ਚੁੱਕੇ। ਪੈਂਦੀ ਸੱਟੇ ਗੁਜਰਾਤ ਦੀ ਮੁੱਖ ਮੰਤਰੀ ਨੂੰ ਉਸਦੇ ਪਦ ਤੋਂ ਝਟਕ ਕੇ ਨਵਾਂ ਮੁੱਖ ਮੰਤਰੀ
ਲਾ ਦਿੱਤਾ। ਮਾਇਆਵਤੀ ਨੂੰ ਬੋਲ ਕੁਬੋਲ ਬੋਲਣ ਵਾਲੇ ਆਗੂ ਨੂੰ ਬਿਨਾਂ ਕਿਸੇ ਦੇਰੀ ਪਾਰਟੀ ’ਚੋਂ ਕੱਢ ਦਿੱਤਾ। ਪ੍ਰਧਾਨ ਮੰਤਰੀ ਜੀ ਨੂੰ ‘ਦਲਿਤ ਹੇਜ’ ਜਾਗ ਪਿਆ ਤੇ ਉਹਨਾਂ ਨੇ ਗਊ-ਰੱਖਿਅਕਾਂ ਬਾਰੇ ਉੱਪਰ ਜ਼ਿਕਰ ਕੀਤੇ ਗੁੱਸੇ ਭਰੇ ਉਲਾਂਭੇ ਦੇ
ਦਿੱਤੇ। ਸਪੱਸ਼ਟ ਹੈ, ਦਲਿਤਾਂ ’ਤੇ ਹੋਏ ਵਹਿਸ਼ੀ ਅੱਤਿਆਚਾਰ ਨਾਲ ਉਹਨਾਂ ਦੀ ਰੂਹ ਨਹੀਂ ਸੀ ਕੁਰਲਾਈ। ਇਹ ਤਾਂ ਸੰਘ ਪਰਿਵਾਰ ਦੇ
ਚਹੇਤੇ ਗਊ-ਭਰਾਤਾਂ ਦੀਆਂ ਧੌਂਸਬਾਜ਼ ਕਾਰਵਾਈਆਂ ਸਦਕਾ ਦਲਿਤਾਂ ਅੰਦਰ ਤਿੱਖੇ ਹੋ ਰਹੇ ਭਾਜਪਾ
ਵਿਰੋਧੀ ਤੇਵਰਾਂ ਨੇ ਭਾਜਪਾ ਨੂੰ ਜੋ ਤਰੇਲੀਆਂ ਲਿਆਂਦੀਆਂ ਸਨ, ਪ੍ਰਧਾਨ ਮੰਤਰੀ ਦੀ ਰੂਹ ਉਸ ਨਾਲ ਬੇਚੈਨ ਹੋ ਉੱਠੀ ਸੀ। ਇਹ ਅੰਦਰੂਨੀ ਪੀੜ ਨਾਲ ਆਪਣੇ ਆਪ ਵਹਿ
ਤੁਰਨ ਵਾਲੇ ਹੰਝੂ ਨਹੀਂ ਸਨ, ਮਗਰਮੱਛ ਦੇ ਵਹਾਏ ਹੰਝੂ ਸਨ।
ਵੈਸੇ, ਦਲਿਤਾਂ ਦੇ ਪੱਖ ’ਚ ਹਾਅ ਦਾ ਨਾਹਰਾ ਮਾਰਨ ਦਾ ਦੰਭ ਕਰਦਿਆਂ, ਮੋਦੀ ਜੀ ਨੇ ਬੜੀ ਚਤੁਰਾਈ
ਨਾਲ ਸੰਘ ਪਰਿਵਾਰ ਦੀ ਬੁਨਿਆਦੀ ਪੁਜੀਸ਼ਨ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ। ਉਹਨਾਂ ਨੇ ਆਪਣਾ ਨਜ਼ਲਾ
ਸਮੁੱਚੇ ਗਊ ਰੱਖਿਅਕਾਂ ’ਤੇ ਨਹੀਂ ਸਗੋਂ ਕੁੱਝ ਕੁ ਜਾਅਲੀ ਗਊ ਰੱਖਿਅਕਾਂ ’ਤੇ ਝਾੜਿਆ ਹੈ। ਉਹਨਾਂ ਨੇ ਸਿਰਫ਼ ਦਲਿਤਾਂ ’ਤੇ ਕਹਿਰ ਨਾ ਢਾਹੁਣ ਦੀ
ਗੱਲ ਕੀਤੀ ਹੈ, ਗਊ ਰੱਖਿਅਕ ਗਰੋਹਾਂ ਦਾ ਵੱਡਾ ਨਿਸ਼ਾਨਾ ਬਣ ਰਹੇ ਮੁਸਲਮ ਭਾਈਚਾਰੇ ਬਾਰੇ ਚੁੱਪੀ ਵੱਟੀ ਰੱਖੀ
ਹੈ ਜਾਂ ਗੁੱਝੇ ਰੂਪ ’ਚ ਸ਼ਹਿ ਦਿੱਤੀ ਹੈ। ਉਹਨਾਂ ਨੇ ਕੱਟੜ ਹਿੰਦੂ ਗਊ ਭਗਤਾਂ ਦੇ ਗਰੋਹਾਂ ਵੱਲੋਂ ਆਪਹੁਦਰੇ ਢੰਗ
ਨਾਲ ਕਾਨੂੰਨ ਆਪਣੇ ਹੱਥ ਲੈਣ ਤੇ ਆਪ ਹੀ ਜੱਜ ਬਣ ਬੈਠਣ ਦੇ ਸੰਕਲਪ ਵਿਰੁੱਧ ਤਾੜਨਾ ਨਹੀਂ ਕੀਤੀ।
ਇਹ ਨਹੀਂ ਕਿਹਾ ਕਿ ਕਿਸੇ ਨੂੰ ਮਾਰਨ ਕੁੱਟਣ ਦਾ ਗਊ-ਰਾਖਿਆਂ ਕੋਲ ਕੋਈ ਅਧਿਕਾਰ ਨਹੀਂ। ਉਹਨਾਂ ਨੇ
ਤਾਂ ਇਹਨਾਂ ਫਿਰਕੂ-ਫਾਸ਼ੀ ਗਰੋਹਾਂ ਨੂੰ ਕਿਹਾ ਕਿ ਦਲਿਤਾਂ ਨੂੰ ਨਾ ਮਾਰੋ, ਜੇ ਮਾਰਨਾ ਹੈ ਤਾਂ ਮੈਨੂੰ ਮਾਰੋ। ਉਹਨਾਂ ਨੇ ਗਊ ਰਾਖਿਆਂ ਦੀ ਹਿੰਸਾ ਦੇ ਮੂਲ ਪ੍ਰੇਰਨਾ
ਸਰੋਤ ਹਿੰਦੂ ਧਾਰਮਕ ਮੂਲਵਾਦ ਨੂੰ ਹਮਲੇ ਦੀ ਮਾਰ ਤੋਂ ਪਾਸੇ ਰੱਖਿਆ ਹੈ। ਇਸ ਲਈ ਉਹਨਾਂ
ਦਾ ਹਿੰਦੂ ਕੱਟੜਪੰਥੀ ਗਊ ਰਾਖਿਆਂ ਦੀ ਹਿੰਸਾ ਦਾ ਵਿਰੋਧ ਇੱਕ ਦੰਭ ਤੋਂ ਵੱਧ ਕੁੱਝ ਨਹੀਂ ਹੈ।
ਭਾਰਤੀ ਸਮਾਜਿਕ ਬਣਤਰ ਤੇ ਸਿਆਸਤ ਦੇ ਪ੍ਰਸੰਗ ’ਚ ਉਪਰੋਕਤ ਘਟਨਾਕ੍ਰਮ ਨੇ ਭਾਜਪਾ ਦੇ ਫਿਰਕੂ-ਫਾਸ਼ੀ ਹੱਲੇ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ
ਕਰ ਦਿੱਤਾ ਹੈ। ਦਲਿਤਾਂ ਦੇ ਰੋਹ ਤੇ ਮੁਸਲਮਾਨ ਹਿੱਸਿਆਂ ਦੇ ਨਾਲ ਜੁੜ ਜਾਣ ਨੇ ਭਾਜਪਾ ਨੂੰ ਜੋ
ਘਬਰਾਹਟ ਛੇੜੀ, ਉਹਨੇ ਭਾਜਪਾ ਦੇ ਹਿੰਦੂ ਫਿਰਕਾਪ੍ਰਸਤੀ ਦੇ ਪੱਤੇ ਦੀ ਬੇਰੋਕ-ਟੋਕ ਤੇ ਮਨਚਾਹੀ ਵਰਤੋਂ ਦੀਆਂ
ਸੀਮਤਾਈਆਂ ਉਜਾਗਰ ਕਰ ਦਿੱਤੀਆਂ ਹਨ। ਭਾਜਪਾ ਤੇ ਆਰ. ਐਸ. ਐਸ. ਦੇ ਇਰਾਦੇ ਜਿੰਨੇ ਮਰਜ਼ੀ ਤਿੱਖੇ
ਹੋਣ ਪਰ ਭਾਰਤੀ ਹਾਕਮ ਜਮਾਤੀ ਸਿਆਸਤ ਦੀਆਂ ਗਿਣਤੀਆਂ ਮਿਣਤੀਆਂ ਦੇ ਪ੍ਰਸੰਗ ’ਚ ਹਿੰਦੂ ਸ਼ਾਵਨਵਾਦੀ ਹੱਲੇ ਦੀ ਉਧੇੜ ਇਹ ਉਲਝਣਾਂ ਖੜ੍ਹੀਆਂ ਕਰਦੀ ਹੈ ਤੇ ਇੱਕ ਹੱਦ ਤੋਂ
ਅਗਾਂਹ ਵਧਣ ’ਚ ਰੋਕ ਬਣਦੀ ਹੈ। ਹੁਣ ਭਾਜਪਾ ਨੂੰ ਏਹੀ ਉਲਝਣਾਂ ਦਰਪੇਸ਼ ਹਨ।
No comments:
Post a Comment