ਸਰਗਰਮੀਆਂ ਤੇ ਸ਼ਰਧਾਂਜਲੀ
8 ਅਪ੍ਰੈਲ ਬੰਬ ਕਾਂਡ ਦਿਵਸ ਮੌਕੇ ਕਨਵੈਨਸ਼ਨ
ਫ਼ਿਰਕੂ ਫਾਸ਼ੀ ਤਾਕਤਾਂ ਖਿਲਾਫ਼ ਰਲ਼ ਕੇ ਡਟਣ ਦਾ ਹੋਕਾ
- ਅਮੋਲਕ ਸਿੰਘ
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਵੱਲੋਂ ਸ਼ਹੀਦ ਭਗਤ ਸਿੰਘ ਅਤੇ ਬੀ.ਕੇ.ਦੱਤ ਵਲੋਂ ‘ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ’ ਖਿਲਾਫ ਬੋਲਿਆਂ ਹਾਕਮਾਂ ਨੂੰ ਸੁਣਾਉਣ ਲਈ ਕੀਤੇ ਬੰਬ ਧਮਾਕੇ ਵਾਲੇ ਦਿਨ
8 ਅਪ੍ਰੈਲ ਨੂੰ ਸਥਾਨਕ ‘ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ’ ਅੰਦਰ ‘ਫਿਰਕੂ ਫਾਸ਼ੀ
ਹਿੱਸਿਆਂ ਖਿਲਾਫ ਇਨਕਲਾਬੀ ਜਨਤਕ ਟਾਕਰੇ ਦੇ ਸੁਆਲ’ ਉੱਪਰ ਗੰਭੀਰ ਵਿਚਾਰ
ਚਰਚਾ ਕਰਨ ਲਈ ਸੂਬਾਈ ਕਨਵੈਨਸ਼ਨ ਕੀਤੀ ਗਈ।
ਕਨਵੈਨਸ਼ਨ ਦੀ ਸੁਰ ਦਾ ਕੇਂਦਰੀ ਸੁਨੇਹਾ ਸੀ ਕਿ ਅੱਜ ਫੇਰ ਦੇਸੀ-ਵਿਦੇਸ਼ੀ
ਲੋਕ-ਦੋਖੀ ਹਾਕਮਾਂ ਵੱਲੋਂ ਲੋਕਾਂ ਉਪਰ ਮਾਰੂ ਨੀਤੀਆਂ ਮੜ੍ਹਨ ਦਾ ਰਾਹ ਮੋਕਲਾ ਕਰਨ ਲਈ ਵਿਚਾਰਾਂ
ਦੇ ਪ੍ਰਗਟਾਵੇ ਦੀ ਆਜਾਦੀ ਉਪਰ ਹੱਲਾ ਬੋਲਿਆ ਜਾ ਰਿਹਾ ਹੈ। ‘ਭਾਰਤ ਮਾਤਾ ਦੀ ਜੈ’, ਅੰਨ੍ਹੇ ਕੌਮੀ
ਜਨੂੰਨ ਦੀ ਕਾਲੀ ਛਤਰੀ ਤਾਣਕੇ, ਦੇਸ਼ ਧਰੋਹ ਅਤੇ ਦੇਸ਼
ਭਗਤੀ ਦੇ ਆਪੇ ਸਿਰਜੇ ਅਡੰਬਰ ਦੇ ਓਹਲੇ, ਲੋਕਾਂ ਨੂੰ ਝੁਕਾ
ਕੇ ਆਪਣੇ ਫਿਰਕੂ ਫਾਸ਼ੀ ਏਜੰਡੇ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਪੱਬਾਂ ਭਾਰ
ਹੋਇਆ ਹੈ।
ਜਮਹੂਰੀ ਫਰੰਟ ਦੇ
ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਅੰਦਰ ਫਿਰਕੂ
ਦਹਿਸ਼ਤਗਰਦੀ ਦੀ ਹਨੇਰੀ ਝੁਲਉਣ ਲਈ ਭਾਜਪਾ ਅਤੇ ਕਾਂਗਰਸ ਦੋਨਾਂ ਦਾ ਹੀ ਕਾਲਾ ਇਤਿਹਾਸ ਮੂੰਹ ਬੋਲਦਾ
ਹੈ। ਇਸ ਲਈ ਖਰੇ ਜਮਹੂਰੀ ਪੈਂਤੜੇ ’ਤੇ ਖੜ੍ਹ ਕੇ ਲੋਕ-ਪੱਖੀ ਸ਼ਕਤੀਆਂ ਨੂੰ ਹਰ ਵੰਨਗੀ ਦੀਆਂ ਫਿਰਕੂ
ਤਾਕਤਾਂ ਖਿਲਾਫ ਨਿਸ਼ਾਨਾ ਵਿੰਨ੍ਹ ਕੇ ਲੋਕ-ਪ੍ਰਤੀਰੋਧ
ਖੜ੍ਹਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਨ੍ਹਈਆ ਕੁਮਾਰ, ਓਮਰ ਖਾਲਿਦ ਤੇ ਉਹਨਾਂ ਦੇ ਸਾਥੀਆਂ, ਸਾਈਂ ਬਾਬਾ, ਐਮ.ਆਰ. ਗਿਲਾਨੀ
ਅਤੇ ਕਸ਼ਮੀਰੀ ਲੋਕਾਂ ਦੇ ਆਤਮ ਨਿਰਣੇ ਦੇ ਹੱਕਾਂ ਨੂੰ ਜਬਰ ਦੇ ਜੋਰ ਦਬਾਉਣ ਦੀ ਤਿੱਖੀ ਅਲੋਚਨਾ
ਕੀਤੀ। ਉਹਨਾਂ ਦੇਸ਼ ਧਰੋਹ ਸੰਬੰਧੀ ਅੰਗਰੇਜੀ ਹਾਕਮਾਂ ਵੱਲੋਂ ਮੜ੍ਹੀ ਧਾਰਾ 124-ਏ ਮੂਲੋਂ ਖਤਮ ਕਰਨ ਦੇ ਹੱਕ ‘ਚ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।
ਡਾ. ਗੌਤਮ ਨਵਲੱਖਾ ਨੇ ਕਿਹਾ ਕਿ ਫਿਰਕੂ ਫਾਸ਼ੀ ਹੱਲੇ ਦੀ ਚੁਣੌਤੀ
ਕਬੂਲਣ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਟੀ, ਹੈਦਰਾਬਾਦ
ਯੂਨੀਵਰਸਟੀ ਸਮੇਤ ਮੁਲਕ ਭਰ ਦੀ ਨੌਜਵਾਨ ਪੀੜ੍ਹੀ ਅਤੇ ਉਮਰ ਦੇ ਅਗਲੇਰੇ ਵਰ੍ਹਿਆਂ ਵੱਲ ਵਧ ਰਿਹਾ
ਬੁੱਧੀਜੀਵੀ ਵਰਗ ਹੋਰ ਵੀ ਵਿਸ਼ਾਲ ਏਕਤਾ ਅਤੇ ਸਿਦਕਦਿਲੀ ਨਾਲ ਮੈਦਾਨ ‘ਚ ਨਿੱਤਰਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਹਕੀਕੀ
ਸਮੱਸਿਆਵਾਂ ਰੁਜ਼ਗਾਰ, ਪੀਣ ਵਾਲਾ ਪਾਣੀ, ਜੰਗਲ, ਜਲ, ਜ਼ਮੀਨ ਦੀ ਰਾਖੀ ਕਰਨਾ, ਸਿੱਖਿਆ, ਸਿਹਤ, ਬਰਾਬਰੀ ਅਤੇ ਨਿਆਂ
ਹੈ। ਭਾਰਤੀ ਹਾਕਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨ ਲਈ ਬੰਦੂਕ ਅਤੇ ਕਾਲੇ
ਕਾਨੂੰਨਾਂ ਦੇ ਜੋਰ ਮੂੰਹ ਬੰਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ ਅਤੇ ਸਮਾਜ ਅੰਦਰ ਫਿਰਕੇਦਾਰਾਨਾ
ਫੁੱਟ ਪੈਦਾ ਕਰਕੇ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦਾ ਛੜਯੰਤਰ ਵੀ ਰਚਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਅਫਜ਼ਲ ਗੁਰੂ ਦੀ ਫਾਂਸੀ ਨਜਾਇਜ਼ ਕਤਲ ਹੈ, ਅਸੀਂ ਕਹਿੰਦੇ ਰਹੇ ਹਾਂ ਅਤੇ ਭਵਿੱਖ ‘ਚ ਵੀ ਕਹਿੰਦੇ ਰਹਾਂਗੇ। ਬਾਦਲੀਲ ਉਹਨਾਂ ਕਿਹਾ ਕਿ ਦੇਸ਼, ਜਮੀਨ ਦਾ ਇੱਕ ਟੁਕੜਾ ਨਹੀਂ ਹੁੰਦਾ। ਦੇਸ਼ ਦੀ ਅਸਲ ਪ੍ਰੀਭਾਸ਼ਾ ਲੋਕਾਂ
ਨਾਲ ਬਣਦੀ ਹੈ। ਜੇ ਕਸ਼ਮੀਰ ਦੇ ਲੋਕ ਆਵਾਜ ਉਠਾ ਰਹੇ ਨੇ ਤਾਂ ਉਹਨਾਂ ਦੀ ਗੱਲ ਸੁਣਨ ਸਮਝਣ ਦੀ ਲੋੜ
ਹੈ, ਨਾ ਕਿ ਸੰਗੀਨਾਂ ਦੇ ਜੋਰ
ਉਹਨਾਂ ਦੀ ਆਵਾਜ ਬੰਦ ਕੀਤੀ ਜਾਵੇ।
ਅਖੀਰ ‘ਚ ਕਰਾਂਤੀਕਾਰੀ
ਸੱਭਿਆਚਾਰਕ ਮੰਚ ਵੱਲੋਂ ‘ਛਿਪਣ ਤੋਂ ਪਹਿਲਾਂ’ ਨਾਟਕ ਖੇਡਿਆ ਗਿਆ।
ਫਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਲਈ ਕੌਮੀ ਸ਼ਹੀਦਾਂ ਦੇ ਵਿਚਾਰਾਂ ਤੋਂ
ਪ੍ਰੇਰਣਾ ਲੈਣ ਦਾ ਹੋਕਾ
----------
ਨੌਜਵਾਨ ਭਾਰਤ ਸਭਾ ਤੇ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਕੌਮੀ
ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ
ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ‘ਚ ਫਿਰਕੂ ਫਾਸ਼ੀ
ਤਾਕਤਾਂ ਖਿਲਾਫ਼ ਸੰਘਰਸ਼ ਕਰਨ ਦਾ ਸੁਨੇਹਾ ਉਭਾਰਿਆ ਗਿਆ। ਵੱਖ ਵੱਖ ਪਿੰਡਾਂ ‘ਚ ਹੋਏ ਨਾਟਕ ਸਮਾਗਮਾਂ, ਇਕੱਤਰਤਾਵਾਂ ਤੇ
ਮਸ਼ਾਲ ਮਾਰਚਾਂ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਬੁਲਾਰਿਆਂ ਨੇ ਭਾਜਪਾਈ ਹਕੂਮਤ ਵੱਲੋਂ ਆਪਣੇ
ਫਿਰਕੂ ਫਾਸ਼ੀ ਮੰਤਵਾਂ ਲਈ ਰਾਸ਼ਟਰਵਾਦ ਦੇ ਨਾਅਰੇ ਦੀ ਵਰਤੋਂ ਬਾਰੇ ਚਰਚਾ ਕੀਤੀ। ਇਹ ਦੱਸਿਆ ਗਿਆ ਕਿ
ਭਾਜਪਾ ਦਾ ਹਮਲਾ ਰਾਸ਼ਟਰਵਾਦ ਦੇ ਨਾਮ ਹੇਠ ਕੌਮੀ ਘੱਟ ਗਿਣਤੀਆਂ, ਧਾਰਮਕ ਘੱਟ ਗਿਣਤੀਆਂ ਤੇ ਇਨਕਲਾਬੀ ਜਮਹੂਰੀ ਹਲਕਿਆਂ ਖਿਲਾਫ਼ ਸੇਧਤ ਹੈ
ਜਿਸ ਦਾ ਮਕਸਦ ਲੋਕਾਂ ਨੂੰ ਅੰਨ੍ਹੇ ਕੌਮੀ ਜਨੂੰਨ ਦੀਆਂ ਭਾਵਨਾਵਾਂ ‘ਚ ਵਹਾ ਕੇ ਆਰਥਕ ਸੁਧਾਰਾਂ ਦਾ ਪ੍ਰੋਗਰਾਮ ਅੱਗੇ ਵਧਾਉਣਾ ਹੈ। ਇਹ ਹਮਲਾ
ਵਿਸ਼ੇਸ਼ ਕਰਕੇ ਮੁਸਲਮਾਨ ਘੱਟ ਗਿਣਤੀਆਂ ਤੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਖਿਲਾਫ਼ ਸੇਧਤ ਹੈ। ਇਸ ਲਈ ਇਸ ਹੱਲੇ ਦੇ
ਵਿਰੋਧ ਮੌਕੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਲਈ ਜਦੋਜਹਿਦ ਦੀ ਡਟਵੀਂ ਹਮੈਤ ਕਰਨੀ
ਚਾਹੀਦੀ ਹੈ। ਉਹਨਾਂ ’ਤੇ ਢਾਹੇ ਜਾ ਰਹੇ
ਜਬਰ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਸਭਨਾਂ ਦੱਬੇ ਕੁਚਲੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹਰੀ ਹੱਕ
ਨੂੰ ਬੁਲੰਦ ਕਰਨਾ ਚਾਹੀਦਾ ਹੈ। ਜਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਦੇ
ਹਵਾਲੇ ਨਾਲ ਦਰਸਾਇਆ ਕਿ ਖਰਾ ਕੌਮਵਾਦ ਤਾਂ ਸਾਮਰਾਜ, ਜਾਗੀਰਦਾਰਾਂ ਤੇ
ਦਲਾਲ ਸਰਮਾਏਦਾਰਾਂ ਦੇ ਜਾਬਰ ਤੇ ਲੁਟੇਰੇ ਰਾਜ ਦਾ ਫਸਤਾ ਵੱਢਣਾ ਹੈ ਤੇ ਦੇਸ਼ ‘ਚ ਖਰੀ ਜਮਹੂਰੀਅਤ ਦੀ ਸਿਰਜਣਾ ਕਰਨਾ ਹੈ ਜਿਹੜੀ ਸਭਨਾਂ ਕੌਮਾਂ ਦੇ
ਵਿਕਾਸ ਦੀ ਗਾਰੰਟੀ ਬਣੇਗੀ। ਜਦਕਿ ਇਹ ਭਾਰਤੀ ਹਾਕਮ ਹਨ ਜਿਹੜੇ ਸਾਮਰਾਜੀਆਂ ਖਿਲਾਫ਼ ਜੂਝਦੇ ਲੋਕਾਂ
ਨੂੰ ਤਾਂ ਕੌਮ ਧਰੋਹੀ ਹੋਣ ਦੇ ਫ਼ਤਵੇ ਦੇ ਰਹੇ ਹਨ ਤੇ ਆਪ ਉਸਦੇ ਦਲਾਦ ਬਣ ਕੇ ਕੌਮ ਨਾਲ ਧਰੋਹ ਕਮਾ
ਰਹੇ ਹਨ।
ਇਸ ਸਰਗਰਮੀ ਦੌਰਾਨ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਕੋਟਗੁਰੂ, ਚੱਕ ਅਤਰ ਸਿੰਘ ਵਾਲਾ ਤੇ ਘੁੱਦਾ ‘ਚ ਨਾਟਕ ਸਮਾਗਮ ਕਰਵਾਏ ਗਏ ਜਿੱਥੇ ਭਾਰੀ ਗਿਣਤੀ ਲੋਕਾਂ ਨੇ ਸ਼ਮੂਲੀਅਤ
ਕੀਤੀ। ਇਸ ਤੋਂ ਬਿਨਾਂ ਗਿੱਦੜ ਪਿੰਡ ‘ਚ ਮਸ਼ਾਲ ਮਾਰਚ ਕੀਤਾ
ਗਿਆ। ਖੇਮੂਆਣਾ (ਬਠਿੰਡਾ) ਤੇ ਹਿੰਮਤਪੁਰਾ (ਮੋਗਾ) ‘ਚ ਜਨਤਕ ਇਕੱਤਰਤਾਵਾਂ
ਕੀਤੀਆਂ ਗਈਆਂ। ਮੌੜ ਬਲਾਕ (ਬਠਿੰਡਾ) ਦੇ ਪਿੰਡਾਂ ਮੌੜ ਚੜ੍ਹਤ ਸਿੰਘ ਵਾਲਾ, ਮਾਈਸਰਖਾਨਾ, ਮਾੜੀ, ਜੋਧਪੁਰ ਪਾਖਰ, ਘੁੰਮਣ ਕਲਾਂ ਤੇ
ਰਾਮਨਗਰ ‘ਚ ਬੀ. ਕੇ. ਯੂ. ਏਕਤਾ ਦੇ
ਸਹਿਯੋਗ ਨਾਲ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਰਿਜਨਲ ਸੈਂਟਰ ਅਤੇ ਰਜਿੰਦਰਾ ਕਾਲਜ ਬਠਿੰਡਾ ‘ਚ ਸੈਮੀਨਾਰ ਹੋਏ। ਰਿਜਨਲ ਸੈਂਟਰ ‘ਚ ਹੋਏ ਸੈਮੀਨਾਰ ਨੂੰ ਸ਼੍ਰੀ ਐਨ. ਕੇ. ਜੀਤ ਨੇ ਸੰਬੋਧਨ ਕੀਤਾ। ਇਸ
ਮੌਕੇ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ।
----------
ਪਾਸ਼ ਹੰਸਰਾਜ ਤੇ ਕੌਮੀ-ਮੁਕਤੀ ਲਹਿਰ ਦੇ ਸ਼ਹੀਦਾਂ ਦੀ ਯਾਦ ‘ਚ ਸਮਾਗਮ
ਸੋਨੇ ਦੀ ਸਵੇਰ ਲਈ ਜਦੋਜਹਿਦ ਜਾਰੀ ਰੱਖਣ ਦਾ ਅਹਿਦ
- ਪਾਠਕ ਪੱਤਰਕਾਰ
ਇਹ ਇਤਫਾਕ ਹੀ ਸੀ ਕਿ ਜਿਸ ਦਿਨ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼
ਅਤੇ ਉਸਦੇ ਜਿਗਰੀ ਦੋਸਤ ਹੰਸਰਾਜ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕੀਤਾ, ਉਹ ਦਿਨ
ਸ਼ਹੀਦ-ਏੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸੀ, ਯਾਨੀ 23 ਮਾਰਚ ।
ਅਠਾਈ ਸਾਲ ਪਹਿਲਾਂ, 1988 ‘ਚ ਤਲਵੰਡੀ ਸਲੇਮ ਦੀ ਜੂਹ ‘ਚ ਖਾਲਿਸਤਾਨੀ ਹਤਿਆਰਿਆਂ ਨੇ ਪਾਸ਼ ਹੋਰਾਂ ਦਾ ਕਤਲ ਕਰਕੇ ਸੋਚਿਆ
ਹੋਊ!.... ਬਈ ਹੁਣ ਕੋਈ ਨਹੀਂ ਬੋਲੇਗਾ......। ਪਰ ਪਾਸ਼ ਦੇ ਸੰਗੀ ਸਾਥੀਆਂ ਨੇ ਅਤੇ ਇਲਾਕੇ ਅੰਦਰ
ਕੰਮ ਕਰਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਨੇ ਫਿਰਕੂ ਟੋਲਿਆਂ ਵੱਲੋਂ ਦਿੱਤੀ ਖੂਨੀ ਚੁਣੌਤੀ ਨੂੰ
ਕਬੂਲ ਕਰਦਿਆਂ ਐਲਾਨ ਕੀਤਾ ਕਿ ਉਹ ਨਾ ਸਿਰਫ ਆਪਣੇ ਵਿਛੜੇ ਸਾਥੀਆਂ ਦੀ ਯਾਦ ਮਨਾਇਆ ਕਰਨਗੇ ਸਗੋਂ
ਉਹਨਾਂ ਦੇ ਵਿਚਾਰਾਂ ਦੀ ਉਸ ਮਿਸ਼ਾਲ ਨੂੰ ਹੋਰ ਉੱਚੀ ਕਰਨਗੇ।
ਹਰ ਸਾਲ ਹਾਕਮ ਜਮਾਤੀ ਖੇਮੇ ਵੱਲੋਂ ਪੇਸ਼ ਨਵੀਆਂ ਚੁਣੌਤੀਆਂ ਨੂੰ, ਯਾਦਗਰੀ ਕਮੇਟੀ ਅਤੇ
ਸਹਿਯੋਗੀ ਜਥੇਬੰਦੀਆਂ ਆਪਣੇ ਪ੍ਰਚਾਰ ਦਾ ਨੁਕਤਾ ਬਣਾਉਂਦੀਆਂ ਹਨ। ....ਇਸ ਵਾਰ ਤੇਜੀ ਨਾਲ ਲਾਗੂ
ਕੀਤੇ ਜਾ ਰਹੇ ਆਰਥਕ ਸੁਧਾਰਾਂ, ਲੋਕਾਂ ਦੇ ਸੰਘਰਸ਼ ਕਰਨ ਦੇ ਹੱਕਾਂ ਨੂੰ ਕੁਚਲਣ ਅਤੇ ਫਿਰਕੂ ਫਾਸ਼ੀਵਾਦੀ
ਤਾਕਤਾਂ ਵੱਲੋਂ ਮਚਾਏ ਉੁ¤ਧਮੂਲ ਨੂੰ ਪ੍ਰਚਾਰ ਦਾ ਕੇਂਦਰੀ ਨੁਕਤਾ ਬਣਾ ਕੇ ਯਾਦਗਾਰੀ ਕਮੇਟੀ ਨੇ
ਇਲਾਕੇ ਦੇ ਪੰਜਾਹ ਤੋਂ ਵੱਧ ਪਿੰਡਾਂ ‘ਚ ਇਸ਼ਤਿਹਾਰ ਲਾਏ।
ਇਲਾਕੇ ਅੰਦਰ ਕੰਮ ਕਰਦੀਆਂ ਜਥੇਬੰਦੀਆਂ, ਪੰਜਾਬ ਖੇਤ ਮਜਦੂਰ ਯੂਨੀਅਨ, ਲੋਕ ਮੋਰਚਾ ਪੰਜਾਬ
ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਪਿੰਡਾਂ ਅਤੇ ਬਿਜਲੀ ਘਰਾਂ ਅੰਦਰ ਪ੍ਰਚਾਰ ਮੁਹਿੰਮ ਲਾਮਬੰਦ ਕੀਤੀ।
ਖੇਤ ਮਜਦੂਰ ਯੂਨੀਅਨ ਵੱਲੋਂ ਇੱਕ ਦਰਜਨ ਪਿੰਡਾਂ ‘ਚ ਮੀਟਿੰਗਾਂ/ਰੈਲੀਆਂ
ਕਰਕੇ , ਇਹਨਾਂ ਹੀ ਪਿੰਡਾਂ ’ਚੋਂ 43000 ਤੋਂ ਵੱਧ ਫੰਡ
ਇਕੱਠਾ ਕੀਤਾ ਗਿਆ ਅਤੇ 23 ਮਾਰਚ ਨੂੰ 441 ਖੇਤ ਮਜਦੂਰ ਸ਼ਾਮਲ ਹੋਏ। ਜਲੰਧਰ ਤੇ ਕਪੂਰਥਲਾ ਸਰਕਲਾਂ ’ਚੋਂ 125 ਬਿਜਲੀ ਕਾਮੇ
ਸਮਾਗਮ ‘ਚ ਸ਼ਾਮਲ ਹੋਏ। ਲੋਕ ਮੋਰਚਾ
ਪੰਜਾਬ ਵੱਲੋਂ 2000 ਹੱਥ ਪਰਚਾ ਛਾਪ ਕੇ
ਮਜਦੂਰਾਂ, ਕਿਸਾਨਾਂ, ਮੁਲਜ਼ਮਾਂ ਅਤੇ ਤਿੰਨ
ਕਸਬਿਆਂ ਦੇ ਬਾਜਾਰਾਂ ‘ਚ ਵੰਡਿਆ ਗਿਆ ਅਤੇ
ਸਮਾਗਮ ਵਾਸਤੇ ਲੋਕ ਮੋਰਚਾ ਵੱਲੋਂ 18000 ਰੁਪਏ ਫੰਡ ਵੀ ਇਕੱਠਾ ਕੀਤਾ ਗਿਆ। ਇਸ ਤੋਂ ਬਿਨਾ
ਯਾਦਗਾਰੀ ਕਮੇਟੀ ਨੇ ਹਰ ਸਾਲ ਵਾਂਗ ਤਲਵੰਡੀ ਸਲੇਮ, ਉੱਗੀ ਅਤੇ ਮੱਲ੍ਹੀਆਂ ਤੋਂ ਫੰਡ ਇਕੱਠਾ ਕੀਤਾ, 25000 ਰੁਪਏ ਫੰਡ ਹੋਇਆ।
ਵਿਸ਼ੇਸ਼ ਜਿਕਰਯੋਗ ਹੈ ਕਿ ਹਰ ਸਾਲ ਸਮਾਗਮ ਲਈ ਸ਼ਹੀਦ ਪਾਸ਼ ਅਤੇ ਹੰਸਰਾਜ ਦੇ ਪ੍ਰਵਾਰਾਂ ਵੱਲੋਂ ਸਮਾਗਮ
ਲਈ ਸਹਾਇਤਾ ਭੇਜੀ ਜਾਂਦੀ ਹੈ (ਕਿਉਂਕਿ ਦੋਵੇਂ ਪ੍ਰਵਾਰ ਵਿਦੇਸ਼ ਵਿਚ ਹਨ) ਅਤੇ ਸਮਾਗਮ ਲਈ ਲੰਗਰ ਵੀ
ਪਰਿਵਾਰਾਂ ਵੱਲੋਂ ਹੀ ਲਾਇਆ ਜਾਂਦਾ ਹੈ।
ਇਸ ਵਾਰ ਸਮਾਗਮ ‘ਚ ਜਿੱਥੇ ਖੇਤ
ਮਜਦੂਰ, ਬਿਜਲੀ ਮੁਲਾਜ਼ਮ, ਅਧਿਆਪਕ ਅਤੇ
ਤਰਕਸ਼ੀਲ ਸ਼ਾਮਲ ਹੋਏ ਉਥੇ ਕੁੱਲ ਸਾਢੇ ਸੱਤ ਸੌ ਦੇ ਇਕੱਠ ਦਾ ਇਕ ਸ਼ਾਨਦਾਰ ਪੱਖ ਇਹ ਵੀ ਸੀ ਕਿ ਇਸ
ਵਿਚ ਔਰਤਾਂ ਦੀ ਗਿਣਤੀ ਵੀ ਅੱਧ ਦੇ ਬਰਾਬਰ ਹੀ ਸੀ।
ਇਸ ਵਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਟੀਮ ਵੱਲੋਂ ਪ੍ਰਸਿੱਧ ਨਾਟਕ ‘ਬਿਗਾਨੇ ਬੋਹੜ ਦੀ
ਛਾਂ’ ਅਤੇ ‘ਆਪਣਾ ਆਪਣਾ ਹਿੱਸਾ’ ਨਾਟਕ ਪੇਸ਼ ਕੀਤੇ
ਗਏ। ਛੋਟੇ ਬੱਚਿਆਂ ਅਤੇ ਨੌਜਵਾਨਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬੁਲਾਰਿਆਂ ‘ਚ ਕੌਮਾਂਤਰੀ ਪਾਸ਼ ਯਾਦਗਰੀ ਟਰੱਸਟ ਦੇ ਮੈਂਬਰ ਡਾ. ਪ੍ਰਮਿੰਦਰ ਸਿੰਘ, ਜਾਗੀਰ ਜੋਸਣ, ਸਥਾਨਕ ਯਾਦਗਾਰੀ
ਕਮੇਟੀ ਦੇ ਮੈਂਬਰ ਨਿਰਮਲ ਸਿੰਘ ਜਹਾਂਗੀਰ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ
ਸਿੰਘ, ਪੰਜਾਬ ਖੇਤ ਮਜਦੂਰ
ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ ਅਤੇ ਇੱਕ ਨੌਜਵਾਨ ਮਨਵੀਰ ਸਿੰਘ ਨੇ ਵੀ ਆਪਣੇ ਵਲਵਲੇ ਪੇਸ਼ ਕੀਤੇ।
ਸਟੇਜ ਸਕੱਤਰ ਦੀ ਭੂਮਿਕਾ ਯਾਦਗਾਰੀ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਨਿਭਾਈ।
----------
ਅਠਾਰਵੀਂ ਬਰਸੀ
ਟਰੇਡ ਯੂਨੀਅਨ ਆਗੂ ਸਾਥੀ ਤਰਸੇਮ ਦੁਸਾਂਝ
ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੀ ਸੂਬਾ ਕਮੇਟੀ ਵੱਲੋਂ
ਆਪਣੀ ਯੂਨੀਅਨ ਦੇ ਬਾਨੀ ਤੇ ਇਨਕਲਾਬੀ ਟਰੇਡ ਯੂਨੀਅਨ ਲੀਹ ਦੇ ਝੰਡਾ ਬਰਦਾਰ ਸਾਥੀ ਤਰਸੇਮ ਦੋਸਾਂਝ
ਦੀ 18ਵੀਂ ਬਰਸੀ ’ਤੇ 27 ਫਰਵਰੀ ਨੂੰ ਉਸ ਦੇ
ਪਿੰਡ ਦੁਸਾਂਝ ਕਲਾਂ ਵਿਖੇ ਬਣੀ ਯਾਦਗਾਰ ’ਤੇ ਪਰਿਵਾਰ ਨਾਲ ਮਿਲ ਕੇ ਸੁਰਖ ਫਰੇਰਾ ਲਹਿਰਾਇਆ ਗਿਆ
ਅਤੇ 4 ਮਾਰਚ ਨੂੰ
ਲੁਧਿਆਣੇ ਡੀਪੂ ‘ਚ ਸ਼ਰਧਾਂਜਲੀ ਸਮਾਗਮ
ਕੀਤਾ ਗਿਆ।
ਸਭ ਤੋਂ ਪਹਿਲਾਂ
ਵਰਕਸ਼ਾਪ ਗੇਟ ’ਤੇ ਨਾਹਰਿਆਂ ਦੀ
ਗੂੰਜ ਹੇਠ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕਾਂ ਹਿਤਾਂ ਦੀ ਰਾਖੀ ਤੇ ਸੰਘਰਸ਼ ਦਾ ਪ੍ਰਤੀਕ ਲਾਲ ਝੰਡਾ
ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਐਕਸ਼ਨ ਕਮੇਟੀ ਦੇ
ਸਾਥੀਆਂ ਤੋਂ ਇਲਾਵਾ ਠੇਕੇ ’ਤੇ ਭਰਤੀ ਪਨਬਸ ਕਾਮੇ ਵੀ ਸ਼ਾਮਲ ਹੋਏ। ਸਮਾਗਮ ‘ਚ ਵੱਖ ਵੱਖ ਡੀਪੂਆਂ ’ਚੋਂ 200 ਦੇ ਕਰੀਬ ਰੋਡਵੇਜ ਕਾਮੇ ਪਹੁੰਚੇ। ਦੋ ਮਿੰਟ ਖੜ੍ਹੇ ਹੋ
ਕੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸੂਬਾਈ ਆਗੂਆਂ ਤੋਂ ਇਲਾਵਾ ਵੱਖ ਵੱਖ ਬਰਾਂਚਾਂ ਦੇ
ਆਗੂਆਂ, ਬੀ.ਕੇ.ਯੂ.ਏਕਤਾ
(ਉਗਰਾਹਾਂ) ਦੇ ਜਿਲ੍ਹਾ ਆਗੂ ਸੁਦਾਗਰ ਸਿੰਘ ਘੁਡਾਣੀ ਕਲਾਂ ਅਤੇ ਮੋਲਡਰ ਐਡ ਸਟੀਲ ਵਰਕਰ ਯੂਨੀਅਨ
ਦੇ ਆਗੂ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
----------
ਸੇਵੇਵਾਲਾ ਕਾਂਡ
25 ਸਾਲਾਂ ਬਾਅਦ ਵੀ ਸ਼ਹਾਦਤਾਂ ਦੀ ਜਗਦੀ ਲੋਅ
ਸੇਵੇਵਾਲਾ ਕਾਂਡ ਦੇ 18 ਸ਼ਹੀਦਾਂ ਵਿੱਚੋਂ ਮੇਘਰਾਜ ਭਗਤੂਆਣਾ ਸਮੇਤ 6 ਸ਼ਹੀਦ ਪਿੰਡ
ਭਗਤੂਆਣਾ ਨਾਲ ਸਬੰਧ ਰੱਖਦੇ ਸਨ। ਜਿਹਨਾਂ ਦੀ ਯਾਦਗਾਰ ਪਿੰਡ ਭਗਤੂਆਣਾ ਵਿੱਚ ਉਸਾਰੀ ਗਈ ਹੈ। ਇਸ
ਯਾਦਗਾਰ ’ਤੇ ਹਰ ਸਾਲ 9 ਅਪ੍ਰੈਲ ਨੂੰ ਲਾਲ
ਝੰਡਾ ਝੁਲਾ ਕੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਂਦਾ ਹੈ। ਇਸ ਦਿਨ ਸ਼ਹੀਦਾਂ ਦੇ
ਹਮਰਾਹ ਬਿਨਾਂ ਕਿਸੇ ਵਿਸ਼ੇਸ਼ ਬੁਲਾਵੇ ਤੋਂ ਯਾਦਗਾਰ ’ਤੇ ਪੁੱਜਦੇ ਹਨ। ਇਸ ਵਾਰ ਵੀ ਲਗਭਗ ਡੇਢ ਸੌ ਮਰਦ ਔਰਤਾਂ
ਨੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਝੰਡਾ ਝੁਲਾਉਣ ਮੌਕੇ ‘‘18 ਖੋਹ ਕੇ ਲਾ ਲਿਆ
ਜ਼ੋਰ, 18 ਦੇ ਵਾਰਸ ਲੱਖਾਂ
ਹੋਰ’’ ਦੇ ਨਾਅਰੇ ਗੂੰਜ ਉੱਠੇ।
ਇਸ ਮੌਕੇ ਜੁੜੇ ਲੋਕਾਂ ਨੂੰ ਸ਼ਹੀਦ ਮੇਘਰਾਜ ਦੀ ਬੇਟੀ ਅਤੇ ਔਰਤ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ
ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਸੰਬੋਧਨ ਕਰਦਿਆਂ ਅਜੋਕੇ
ਦੌਰ ‘ਚ ਵੀ ਫਿਰਕਾਪ੍ਰਸਤੀ ਵਿਰੋਧ
ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ।
ਸੇਵੇਵਾਲਾ ਦੇ ਬਾਲ ਕਲਾਕਾਰਾਂ ਨੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਕਰਮਜੀਤ ਸੇਵੇਵਾਲਾ ਤੇ ਕੁਲਦੀਪ
ਭਗਤੂਆਣਾ ਨੇ ਇਨਕਲਾਬੀ ਗੀਤ ਸੁਣਾਏ।
No comments:
Post a Comment