Monday, July 25, 2022

ਯਾਸਿਨ ਮਲਿਕ ਨੂੰ ਉਮਰ ਕੈਦ ਕਸ਼ਮੀਰੀ ਲੋਕਾਂ ਦੀ ਲਹਿਰ ’ਤੇ ਇੱਕ ਹੋਰ ਹਮਲਾ

 ਯਾਸਿਨ ਮਲਿਕ ਨੂੰ ਉਮਰ ਕੈਦ
ਕਸ਼ਮੀਰੀ ਲੋਕਾਂ ਦੀ ਲਹਿਰ ’ਤੇ ਇੱਕ ਹੋਰ ਹਮਲਾ


20 ਮਈ 2022 ਨੂੰ ਕੌਮੀ ਜਾਂਚ ਏਜੰਸੀ (91) ਦੀ ਸਪੈਸ਼ਲ ਕੋਰਟ ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਆਗੂ ਯਾਸਿਨ ਮਲਿਕ ਨੂੰ ਅੱਤਵਾਦੀ ਫੰਡਿਗ ਦੇ ਉਸ  ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ, ਜਿਸ ਵਿੱਚ ਉਸਨੇ ਬਿਨਾਂ ਮੁਕੱਦਮਾ ਲੜੇ ਆਪਣੇ ਆਪ ਨੂੰ ਦੋਸ਼ੀ ਹੋਣ ਦਾ ਇਕਬਾਲ ਕਰ ਲਿਆ ਸੀ। ਕੇਸ ਮੁਤਾਬਕ ਯਾਸਿਨ ਮਲਿਕ ਨੇ ਪ੍ਰਸਿੱਧ ਕਸ਼ਮੀਰੀ ਖਾੜਕੂ ਬੁਰਹਾਨ ਵਾਨੀ ਦੀ ਮੌਤ ਮਗਰੋਂ ਕਸ਼ਮੀਰ ਵਿੱਚ ਹੋਏ ਜਬਰਦਸਤ ਰੋਸ ਪ੍ਰਦਰਸ਼ਨਾਂ ਲਈ ਪਾਕਿਸਤਾਨ ਅਤੇ ਕਸ਼ਮੀਰ ਵਿੱਚੋਂ ਪੈਸਾ ਇਕੱਠਾ ਕੀਤਾ, ਪ੍ਰਦਰਸ਼ਨਕਾਰੀਆਂ ਵਿੱਚ ਵੰਡਿਆ। ਅਦਾਲਤ ਨੇ ਉਸਦੀ ਇਸ ਕਾਰਵਾਈ ਨੂੰ ‘‘ਦੇਸ਼-ਧ੍ਰੋਹ’’ ਤੇ ਦੇਸ਼-ਵਿਰੋਧੀ ਕਾਰਵਾਈ ਕਰਾਰ ਦਿੰਦਿਆਂ, ਉਮਰ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ ਅਜਿਹੇ ਸੰਗੀਨ ਦੋਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਬਹੁਤ ਹੀ ਨਿਗੂਣੇ ਸਬੂਤਾਂ ਨੂੰ ਵਰਤਿਆ ਗਿਆ ਹੈ। ਐਨ.ਆਈ.ਏ. ਮੁਤਾਬਕ ਮਲਿਕ ਨੇ 2016 ਵਿੱਚ ਬੁਰਹਾਨ ਵਾਨੀ ਦੇ ਕਤਲ ਮਗਰੋਂ ਹੋਏ ਪ੍ਰਦਰਸ਼ਨਾਂ ਲਈ ਫੰਡ ਦੀ ਅਪੀਲ ਕੀਤੀ ਸੀ। ਦੂਸਰਾ ਸਬੂਤ ਉਸਦੇ ਘਰ ਵਿੱਚੋਂ ਇੱਕ ਲੀਫਲੈੱਟ ਦਾ ਮਿਲਣਾ ਹੈ ਜਿਸ ਵਿੱਚ ਕਸ਼ਮੀਰ ਦੇ ਨੌਜਵਾਨਾਂ ਨੂੰ ਉਸ ਸਮੇਂ ਕਸ਼ਮੀਰ ਵਿੱਚ ਚੱਲ ਰਹੇ ਫੁੱਟਬਾਲ ਟੂਰਨਾਮੈੰਟ ਦੀ ਬਜਾਏ ਕਸ਼ਮੀਰ ਦੀ ਆਜ਼ਾਦੀ  ਦੀ ਲਹਿਰ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਸੀ। ਇਹ ਦੋਨੋਂ ਹੀ ਸਬੂਤ ਕਿਸੇ ਵੀ ਤਰ੍ਹਾਂ ਨਾਲ ਉਸਨੂੰ ਜੀਵਨ ਭਰ ਲਈ ਜੇਲ੍ਹ ਵਿੱਚ ਡੱਕਣ ਲਈ ਉੱਕਾ ਹੀ ਨਿਗੂਣੇ ਹਨ। ਪਰ ਭਾਰਤੀ ਹਾਕਮਾਂ ਦੇ ਇਸ਼ਾਰਿਆਂ ਤੇ ਨੱਚਦੀ  ਨਿਆਂ ਪ੍ਰਣਾਲੀ ਲਈ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਦੇਣ ਲਈ ਕਾਫ਼ੀ ਸਨ।

    ਇਸ ਤੋਂ ਬਿਨਾਂ ਉਸਨੂੰ ਹੋਰ ਕਈ ਕੇਸਾਂ ਵਿੱਚ ਵੀ ਸਮਾਂਨਤਰ ਸਜ਼ਾਵਾਂ ਸੁਣਾਈਆਂ ਗਈਆਂ ਹਨ। ਉਸਦੇ ਖਿਲਾਫ ਤੀਹ ਸਾਲ ਪੁਰਾਣੇ ਤੇ ਬੰਦ ਹੋ ਚੁੱਕੇ ਕੇਸਾਂ ਨੂੰ ਵੀ ਦੁਬਾਰਾ ਖੋਲ੍ਹਿਆ ਗਿਆ ਹੈ। ਭਾਜਪਾ ਸਰਕਾਰ ਵੱਲੋਂ  ਇਹ ਕਦਮ ਕਸ਼ਮੀਰ ਅੰਦਰ ਧਾਰਾ 370 ਹਟਾਉਣ ਮਗਰੋਂ, ਇਸਦੇ ਵਿਰੋਧ ਵਿੱਚ ੳੱੁਠਣ ਵਾਲੀ ਹਰ ਆਵਾਜ਼ ਨੂੰ ਚੁੱਪ ਕਰਵਾਉਣ ਲਈ ਚੁੱਕਿਆ ਗਿਆ ਹੈ।

 ਯਾਸਿਨ ਮਲਿਕ ਜੰਮੂ  ਐਡ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੋਢੀ ਆਗੂ ਹੈ, ਤੇ ਇਹ ਫਰੰਟ ਕਸ਼ਮੀਰ ਦੀ ਪਾਕਿਸਤਾਨ ਤੇ ਭਾਰਤ ਤੋਂ ਅੱਡ ਕੌਮੀ ਆਜ਼ਾਦੀ  ਤੇ ਖੁਦਮੁਖਤਿਆਰੀ ਦੀ ਮੰਗ ਕਰਦਾ ਹੈ। ਯਾਸਿਨ ਮਲਿਕ ਦੀ ਅਗਵਾਈ ਵਿੱਚ ਇਸ ਮੰਚ ਵੱਲੋਂ 90ਵਿਆਂ ਵਿੱਚ ਕਸ਼ਮੀਰ ਦੀ ਆਜ਼ਾਦੀ ਲਈ ਭਾਰਤੀ ਹਕੂਮਤ ਖਿਲਾਫ਼ ਹਥਿਆਰਬੰਦ ਬਗਾਵਤ ਦੀ ਸ਼ੁਰੂਆਤ ਕੀਤੀ ਗਈ ਸੀ, ਤੇ ਕਈ ਹਿੰਸਕ ਕਾਰਵਾਈਆਂ ਵੀ ਕੀਤੀਆਂ ਗਈਆਂ। ਪਰ ਛੇਤੀ ਹੀ ਇਸ ਫਰੰਟ ਨੇ ਹਿੰਸਕ ਕਾਰਵਾਈਆਂ ਤੋਂ ਕਿਨਾਰਾ ਕਰਦਿਆਂ ਕਸ਼ਮੀਰ ਦੀ ਅਜ਼ਾਦੀ ਲਈ ਸਾਂਤਮਈ ਸੰਘਰਸ਼ ਦਾ ਐਲਾਨ ਕਰ ਦਿੱਤਾ ਤੇ 1994 ਵਿੱਚ ਭਾਰਤ ਸਰਕਾਰ ਨਾਲ ਪੂਰਨ ਤੇ ਇੱਕਤਰਫਾ ਜੰਗਬੰਦੀ ਦਾ ਵੀ ਐਲਾਨ ਕਰ ਦਿੱਤਾ। ਯਾਸਿਨ ਮੁਤਾਬਕ ਭਾਰਤ ਸਰਕਾਰ ਨੇ ਜੰਗਬੰਦੀ ਤੋਂ ਪਹਿਲਾਂ ਦੇ ਕੇਸਾਂ ਵਿੱਚ ਯਾਸਿਨ ਅਤੇ ਉਸਦੇ ਸਾਥੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦਾ ਇਕਰਾਰ ਕੀਤਾ ਸੀ ਤੇ ਦਹਾਕਿਆਂ ਤੱਕ ਉਹਨਾਂ ਖਿਲਾਫ ਦਰਜ ਕੇਸ ਬੰਦ ਵੀ ਰਹੇ ਸਨ। ਪਰ ਭਾਜਪਾ ਦੇ ਦੁਬਾਰਾ ਸੱਤਾ ’ਚ ਆਉਣ ਤੋਂ ਮਗਰੋਂ ਧਾਰਾ 370 ਦੇ ਖਾਤਮੇ ਖਿਲਾਫ ਕਸ਼ਮੀਰੀ ਲੋਕਾਂ ਦੀ ਵਿਰੋਧ ਲਹਿਰ ਨੂੰ ਕੁਚਲਣ ਲਈ ਭਾਰਤੀ ਹਕੂਮਤ ਵੱਲੋਂ  ਉਸਦੀ ਆਵਾਜ਼ ਨੂੰ ਚੁੱਪ ਕਰਾਉਣ ਲਈ ਦਹਾਕਿਆਂ ਤੋਂ ਬੰਦ ਪਏ ਇਹ ਕੇਸ ਮੁੜ ਖੋਲ੍ਹੇ ਗਏ ਹਨ। ਇਸਦੇ ਨਾਲ 2016 ਵਿੱਚ ਮਸ਼ਹੂਰ ਨੌਜਵਾਨ ਕਸ਼ਮੀਰੀ ਬਾਗੀ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਕਸ਼ਮੀਰ ਭਰ ਵਿੱਚ ਉੱਠੀ ਜਬਰਦਸਤ ਵਿਰੋਧ ਲਹਿਰ ਲਈ ਪਾਕਿਸਤਾਨ, ਵਿਦੇਸ਼ਾਂ ਤੇ ਕਸ਼ਮੀਰ ਵਿੱਚੋਂ ਫੰਡ ਇਕੱਠੇ ਕਰਨ ਦੇ ਦੋਸ਼ ਵਿੱਚ ਯਾਸਿਨ ਮਲਿਕ ਉਪਰ ਦੇਸ਼-ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ, ਇਸੇ ਮੁਕੱਦਮੇ ਦੇ ਤਹਿਤ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

  ਇਸ ਮੁਕੱਦਮੇ  ਰਾਹੀਂ ਮੋਦੀ ਸਰਕਾਰ ਨੇ ਦੋ ਮਕਸਦ ਪੂਰੇ ਕਰਨ ਦਾ ਯਤਨ ਕੀਤਾ ਹੈ, ਪਹਿਲਾ ਜੰਮੂ ਕਸ਼ਮੀਰ ਦੀ ਆਜ਼ਾਦੀ ਲਈ ਬੋਲਦੀ ਇੱਕ ਆਵਾਜ਼ ਨੂੰ ਸਲਾਖੀਂ ਡੱਕ ਕੇ ਚੁੱਪ ਕਰਾਉਣਾ, ਤੇ ਦੂਸਰਾ ਜੰਮੂ-ਕਸ਼ਮੀਰ ਦੇ ਅੰਦਰ ਆਜ਼ਾਦੀ ਲਈ ਜੂਝਦੇ ਨੌਜਵਾਨਾਂ ਨੂੰ ਪੈਸੇ  ਤੇ ਕੰਮ ਕਰਦੇ (ਪੇਡ ਕਾਰਕੁੰਨ) ਸਾਬਿਤ ਕਰਨਾ। ਯਾਸਿਨ ਮਲਿਕ ਨੇ ਇਸ ਕੇਸ ਵਿੱਚ ਕੋਈ ਵਕੀਲ ਕਰਨ ਦੀ ਬਜਾਏ, ਆਪ ਪੈਰਵਾਈ ਕਰਨਾ ਚੁਣਿਆ ਤੇ ਉਹ ਮੁਕੱਦਮਾ ਲੜਣਾ ਵੀ ਚਾਹੁੰਦਾ ਸੀ, ਪਰ ਉਸਤੇ ਇਸ ਮੁੱਕਦਮੇ ਨੂੰ ਆਨ-ਲਾਇਨ ਲੜਣ ਲਈ ਦਬਾਅ ਬਣਾਇਆ ਗਿਆ, ਜਦਂੋ ਕਿ ਉਹ ਸਹੀ-ਸਲਾਮਤ ਸੀ, ਅਦਾਲਤ ਵਿੱਚ ਜਾਣ ਵਾਸਤੇ ਤਿਆਰ ਸੀ ਤੇ ਅਦਾਲਤ ਵਿੱਚ ਹੀ ਮੁਕੱਦਮਾ ਚਲਾਉਣ ਦੀ ਮੰਗ ਵੀ ਕਰ ਰਿਹਾ ਸੀ। ਅਦਾਲਤ ਵੱਲੋਂ  ਖੁੱਲੇ ਮੁਕੱਦਮੇ ਦੀ ਇਜਾਜ਼ਤ ਨਾ ਦੇਣ ਦੇ ਚਲਦਿਆਂ ਉਸਨੇ ਅਦਾਲਤੀ ਕਾਰਵਾਈ ਨੂੰ ਮਹਿਜ ਢਕੌਂਸਲਾ ਕਰਾਰ ਦਿੰਦਿਆਂ “ਆਪਣੇ ਆਪ ਨੂੰ ਆਪ ਹੀ ਗੁਨਾਹੀ’’ ਕਰਾਰ ਦਿੰਦਿਆਂ, ਅਦਾਲਤ ਨੂੰ ਸਜ਼ਾ ਦੇਣ ਦੀ ਖੁੱਲ੍ਹ ਦਿੱਤੀ। ਐਨ.ਆਈ.ਏ. ਨੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ, ਪਰ ਸ਼ਾਇਦ ਭਾਜਪਾ ਦੇ ਏਜੰਡੇ ਵਿੱਚ ਉਸਨੂੰ ਕੁਛ ਚਿਰ ਹੋਰ ਜਿਉਦਾ ਰੱਖਣਾ ਸ਼ਾਮਿਲ ਹੈ, ਇਸੇ ਲਈ ਸਜ਼ਾ ਉਮਰ ਕੈਦ ਦਿੱਤੀ ਗਈ।

      ਯਾਸਿਨ ਮਲਿਕ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ 1994 ਵਿੱਚ ਇੱਕ ਵਾਰ ਹਥਿਆਰ ਛੱਡ ਦੇਣ ਤੋਂ ਮਗਰੋਂ ਉਹ ਕਿਸੇ ਵੀ ਹਿੰਸਕ ਕਾਰਵਾਈ ਦਾ ਨਾ ਹਿੱਸਾ ਰਿਹਾ ਹੈ ਤੇ ਨਾ ਹੀ ਹਮਾਇਤੀ। ਉਹ ਜੰਮੂ-ਕਸ਼ਮੀਰ ਦੀ ਆਜ਼ਾਦੀ ਤੇ ਖੁਦਮੁਖਤਿਆਰੀ ਦਾ ਪੱਕਾ ਹਾਮੀ ਹੈ ਤੇ ਇਸਨੂੰ ਅਹਿੰਸਕ ਲਾਮਬੰਦੀ ਤੇ ਰੋਸ ਪ੍ਰਦਰਸ਼ਨਾਂ ਰਾਹੀਂ ਪ੍ਰਾਪਤ ਕਰਨ ਦਾ ਹਾਮੀ ਹੈ। ਉਸਦੀ ਪਾਰਟੀ ਜੇ.ਕੇ.ਐਲ.ਐਫ. ਕਸ਼ਮੀਰ ਅੰਦਰਲੀ ਆਲ ਪਾਰਟੀ ਹੁਰੀਅਤ ਕਾਨਫਰੰਸ ਦਾ ਹਿੱਸਾ ਹੈ ਜਿਹੜੀ ਕਿ ਕਸ਼ਮੀਰ ਅੰਦਰ ਹੁੰਦੇ ਆਜ਼ਾਦੀ ਪੱਖੀ ਤੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰਦੀ ਹੈ। ਧਾਰਾ 370 ਦੇ ਖਾਤਮੇ ਤੋਂ ਮਗਰੋਂ ਵੀ ਕਸ਼ਮੀਰ ਅੰਦਰ ਹੋਏ ਜ਼ੋਰਦਾਰ ਪ੍ਰਦਰਸ਼ਨਾਂ ਨੂੰ ਇਸੇ ਦੁਆਰਾ ਅਗਵਾਈ ਦਿੱਤੀ ਗਈ ਸੀ। ਯਾਸਿਨ ਮਲਿਕ ਦੀ ਗਿ੍ਰਫਤਾਰੀ, ਸਜ਼ਾ ਤੇ ਪੁਰਾਣੇ ਕੇਸਾਂ ਨੂੰ ਮੁੜ ਖੋਲ੍ਹਣਾ ਅਸਲ ਵਿੱਚ ਕਸ਼ਮੀਰੀ ਨੌਜਵਾਨਾਂ ਦੀ ਇਸ ਲਹਿਰ ਨੂੰ ਆਗੂ ਰਹਿਤ ਕਰਨ ਦੇ ਮੋਦੀ ਹਕੂਮਤ ਦੇ ਏਜੰਡੇ ਦਾ ਹੀ ਹਿੱਸਾ ਹੈ। ਭਾਵੇਂ ਕਿ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਮੋਦੀ ਹਕੂਮਤ ਆਪਣੇ ਜਾਬਰ ਏਜੰਡੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਈ ਹੈ ਪਰ ਮਲਿਕ ਨੇ ਸਰਕਾਰ ਦੀ ਜਾਬਰ ਕਾਰਵਾਈ ਮੂਹਰੇ ਝੁਕਣ ਦੀ ਬਜਾਏ, ਇਸਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਸਜ਼ਾ ਦੇ ਐਲਾਨ ਤੋਂ ਪਹਿਲਾਂ ਉਸਨੇ ਬਹਾਦਰੀ ਨਾਲ ਕਿਹਾ ਕਿ “ ਉਹਨਾਂ ਨੇ ਜੋ ਸਜ਼ਾ ਦੇਣੀ ਹੈ ਦੇਣ, ਮੈਂ ਉਹਨਾਂ ਸਾਹਮਣੇ ਗਿੜਗਿੜਾਵਾਂਗਾ ਨਹੀਂ।’’

ਯਾਸਿਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਤੇ ਪੁਰਾਣੇ ਕੇਸਾਂ ਨੂੰ ਖੋਲ੍ਹਕੇ ਮੋਦੀ ਹਕੂਮਤ ਨੇ ਕਸ਼ਮੀਰੀ ਲੋਕਾਂ ਦੀ ਕੌਮੀ  ਲਹਿਰ ’ਤੇ ਇੱਕ ਹੋਰ ਹਮਲਾ ਕੀਤਾ ਹੈ, ਜੋ ਕਿ ਅਜਿਹੇ ਕਦਮਾਂ ਦੀ ਲੰਮੀ ਲੜੀ ਦਾ ਹੀ ਅਗਲਾ ਕਦਮ ਹੈ। ਭਾਰਤੀ ਨਿਆਂ-ਪ੍ਰਬੰਧ ਇੱਕ ਵਾਰ ਫੇਰ ਭਾਰਤੀ  ਹਾਕਮਾਂ ਦੀਆਂ ਪਸਾਰਵਾਦੀ ਇੱਛਾਵਾਂ ਦੀ ਸੇਵਾ ’ਚ ਭੁਗਤਿਆ ਹੈ।

ਪਰ ਇਸਦੇ ਬਾਵਜੂਦ ਯਾਸਿਨ ਮਲਿਕ ਦੀ ਸਜ਼ਾ ਖਿਲਾਫ ਪ੍ਰਤਿਕਰਮ ਕਸ਼ਮੀਰੀ ਨੌਜਵਾਨਾਂ ਦੇ ਜ਼ੋਰਦਾਰ ਪ੍ਰਦਰਸ਼ਨਾਂ ਰਾਹੀਂ ਦਿਸਿਆ ਹੈ। ਇਹ ਪ੍ਰਦਰਸ਼ਨ ਇਹੀ ਦਰਸਾਉਦੇ ਹਨ ਕਿ ਭਾਰਤੀ ਰਾਜ ਦੇ ਜਾਬਰ ਕਦਮ ਕਸ਼ਮੀਰੀ ਲੋਕਾਂ ਦੀ ਕੌਮੀ ਲਹਿਰ ਦੇ ਆਗੂਆਂ ’ਤੇ ਝਪਟ ਸਕਦੇ ਹਨ, ਪਰ ਕਸ਼ਮੀਰੀ ਲੋਕਾਂ ਦੀ ਲਹਿਰ ਨੂੰ ਦਬਾ ਨਹੀਂ ਸਕਣਗੇ।   

ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੀਸਤਾ ਸੀਤਲਵਾੜ, ਸ਼੍ਰੀਕੁਮਾਰ ਤੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗਿ੍ਰਫਤਾਰੀ ਦਾ ਡਟਵਾਂ ਵਿਰੋਧ ਕਰੋ

 ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੀਸਤਾ ਸੀਤਲਵਾੜ, ਸ਼੍ਰੀਕੁਮਾਰ ਤੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ 
ਦੀ ਗਿ੍ਰਫਤਾਰੀ ਦਾ ਡਟਵਾਂ ਵਿਰੋਧ ਕਰੋ

25 ਜੂਨ ਨੂੰ ਅਹਿਮਦਾਬਾਦ  ਕਰਾਇਮ ਬਰਾਂਚ ਦੀ ਟੀਮ ਨੇ ਸਿਟੀਜਨਜ਼ ਫਾਰ ਜਸਟਿਸ ਐਂਡ ਪੀਸ ਦੀ ਸੰਸਥਾਪਕ, ਮਨੁੱਖੀ ਅਧਿਕਾਰਾਂ  ਤੇ ਗੁਜਰਾਤ ਦੰਗਿਆਂ ਵਿੱਚ ਮੋਦੀ-ਸ਼ਾਹ ਲਾਣੇ ਦੇ ਰੋਲ ਨੂੰ ਉਜਾਗਰ ਕਰਨ ਵਾਲੀ ਕਾਰਕੁੰਨ ਤੀਸਤਾ ਸੀਤਲਵਾੜ ਨੂੰ ਉਸਦੇ ਮੁੰਬਈ ਸਥਿਤ ਘਰ ਤੋਂ ਗਿ੍ਰਫਤਾਰ ਕਰ ਲਿਆ। ਇਸੇ ਦਿਨ ਹੀ ਗੁਜਰਾਤ ਦੇ ਸਾਬਕਾ ਪੁਲਿਸ ਅਧਿਕਾਰੀ ਸੀ.ਬੀ. ਸ੍ਰੀਕੁਮਾਰ ਨੂੰ ਵੀ ਉਸਦੀ ਅਹਿਮਦਾਬਾਦ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਗਿਆ। ਦੋਹਾਂ ਦੀ ਗਿ੍ਰਫਤਾਰੀ ਸੁਪਰੀਮ ਕੋਰਟ ਵੱਲੋਂ ਗੁਜਰਾਤ ਦੰਗਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਮੁਕੱਦਮਾ ਚਲਾਏ ਜਾਣ ਦੀ ਅਪੀਲ ਨੂੰ ਖਾਰਜ ਕਰਨ ਮਗਰੋਂ ਹੋਈ। ਅਪੀਲ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ 392 ਪੰਨਿਆਂ ਦੇ ਆਪਣੇ ਫ਼ੈਸਲੇ ਵਿੱਚ ਲੋਕਾਂ ਨੂੰ ਨਿਆਂ ਦੇਣ, ਬਚਾਉਣ ਆਦਿ ਦੇ ਮਾਮਲਿਆਂ ਵਿੱਚ ਸਰਕਾਰੀ ਪ੍ਰਬੰਧਨ ਦੀਆਂ ਨਾਕਾਮੀਆਂ ਬਾਰੇ ਟਿੱਪਣੀਆਂ ਕੀਤੀਆਂ, ਪਰ ਨਾਲ ਹੀ ਬਿਨਾਂ ਕਿਸੇ ਸਬੂਤ ਜਾਂ ਲੋੜ ਤੋਂ ਤੀਸਤਾ ਤੇ ਸ਼੍ਰੀਕੁਮਾਰ ਵਰਗੇ ਲੋਕਾਂ ਬਾਰੇ ਇੱਕ ਪਹਿਰਾ ਲਿਖ ਮਾਰਿਆ ਕਿ ਇਹਨਾਂ ਲੋਕਾਂ ਨੇ ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਸਰਕਾਰੀ ਮਸ਼ੀਨਰੀ ’ਤੇ ਸਵਾਲ ਉਠਾਉਣ ਦੀ “ਗੁਸਤਾਖੀ’’ ਕੀਤੀ ਤੇ ਦੰਗਿਆਂ ਦੇ  ਦੋਸ਼ ਵਿੱਚ “ਨਿਰਦੋਸ਼’’ ਲੋਕਾਂ ਨੂੰ ਫਸਾਉਣ ਲਈ ਤਾਣ ਲਾਇਆ ਤੇ ਏਨੇ ਲੰਮੇ ਸਮੇਂ ਤੱਕ ਮਸਲੇ ਨੂੰ ਮਘਦਾ ਰੱਖਿਆ।

ਪਰ ਤੀਸਤਾ ਸੀਤਲਵਾੜ ਤੇ ਸ਼੍ਰੀਕੁਮਾਰ ਵਰਗਿਆਂ ਦੀ “ਗੁਸਤਾਖ਼ੀ’’ ਕੀ ਹੈ?

ਤੀਸਤਾ  ਸੀਤਲਵਾੜ ਗੁਜਰਾਤ ਦੇ ਗੁਲਬਰਗ ਹੱਤਿਆਕਾਂਡ-ਜਿਸ ਵਿੱਚ ਹਿੰਦੂਤਵਾ ਭੀੜ ਨੇ 62 ਲੋਕਾਂ ਨੂੰ ਮਾਰ-ਮੁਕਾਇਆ ਸੀ, ਜਿਸ ਵਿੱਚ ਉਸ ਸਮੇਂ ਦਾ ਕਾਂਗਰਸੀ ਐਮ.ਪੀ. ਅਹਿਸਾਨ ਜਾਫ਼ਰੀ ਵੀ ਸ਼ਾਮਲ ਸੀ, ਦੇ ਕੇਸ ਵਿੱਚ ਉਸਦੀ ਪਤਨੀ ਜਕੀਆ ਜਾਫ਼ਰੀ ਦੇ  ਨਾਲ ਸਹਿ-ਪਟੀਸ਼ਨਰ ਹੈ।  ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਸੰਸਥਾ ਸਿਟੀਜਨਜ਼ ਫਾਰ ਜਸਟਿਸ ਐਂਡ ਪੀਸ ਦੀ ਸੰਸਥਾਪਕਾ ਹੋਣ ਦੇ ਨਾਤੇ ਉਸਨੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ 20 ਸਾਲ ਤੋਂ ਲੰਮੀ ਲੜਾਈ ਲੜੀ ਹੈ।

   ਦੂਸਰੇ ਪਾਸੇ ਸ਼੍ਰੀਕੁਮਾਰ ਗੁਜਰਾਤ ਪੁਲਿਸ ਦਾ ਸਾਬਕਾ ਡੀ.ਜੀ.ਪੀ. ਹੈ ਜੋ ਇਸ ਗੱਲ ਦਾ ਗਵਾਹ ਹੈ ਕਿ ਗੁਜਰਾਤ ਦੰਗਿਆਂ ਦੇ ਦੰਗਾਕਾਰੀਆਂ ਖਿਲਾਫ਼ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੂੰ ਕਾਰਵਾਈ ਕਰਨ ਤੋਂ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਰੋਕਿਆ ਸੀ। ਅਸਲ ਵਿੱਚ ਤੀਸਤਾ ਸੀਤਲਵਾੜ ਤੇ ਸ਼੍ਰੀਕੁਮਾਰ ਦੀ ਇਹੀ “ਗੁਸਤਾਖ਼ੀ“ ਹੈ, ਜਿਸ ਕਰਕੇ ਉਹ ਲੰਮੇ ਸਮੇਂ ਤੋਂ ਮੋਦੀ-ਸ਼ਾਹ ਲਾਣੇ ਦੀਆਂ ਅੱਖਾਂ ਦਾ ਰੋੜ ਬਣੇ ਹੋਏ ਹਨ। ਲੰਮੇ ਸਮੇਂ ਤੋਂ ਇਹ ਲਾਣਾ, ਉਹਨਾਂ ਨੂੰ ਸਬਕ ਸਿਖਾਉਣ ਲਈ ਰੱਸੇ-ਪੈੜੇ ਵੱਟਦਾ ਰਿਹਾ ਹੈ। ਤੀਸਤਾ ਖਿਲਾਫ ਪਹਿਲਾਂ ਵੀ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ, ਪਰ ਅਦਾਲਤ ਨੇ ਉਸਨੂੰ ਬਰੀ ਕੀਤਾ।  ਪਰ ਮੌਜੂਦਾ ਘਟਨਾ ਦਾ ਖਾਸ ਪਹਿਲੂ ਇਹ ਹੈ ਕਿ “ਮਾਨਯੋਗ’’ ਅਦਾਲਤ ਪੂਰੀ ਤਰ੍ਹਾਂ ਮੋਦੀ-ਸ਼ਾਹ ਲਾਣੇ ਦੀ ਬੁੱਕਲ ਵਿੱਚ ਜਾ ਬੈਠੀ ਹੈ। ਇਸੇ ਕਾਰਨ ਉਸਨੂੰ ਆਪਣੇ ਪਤੀ ਸਮੇਤ ਮਾਰੇ ਗਏ 61 ਵਿਅਕਤੀਆਂ ਦੇ ਕਾਤਲਾਂ ਨੂੰ ਸਜ਼ਾ ਕਰਵਾਉਣ ਲਈ ਲੜੀ ਗਈ ਜਕੀਆ ਜਾਫ਼ਰੀ ਦੀ ਕਾਨੂੰਨੀ ਲੜਾਈ ਨੂੰ “ਗੁਸਤਾਖ਼ੀ’’ ਕਰਾਰ ਦੇਣ ’ਚ ਕੋਈ ਹਿਚਕ ਮਹਿਸੂਸ ਨਹੀਂ ਹੋਈ। ਹਾਲਾਂਕਿ ਕੁੱਝ ਸਾਲ ਪਹਿਲਾਂ ਇਹੀ ਅਦਾਲਤ ਆਪਣੇ ਫੈਸਲੇ ਵਿੱਚ “ਹਾਕਮਾਂ ’ਤੇ ਸਵਾਲ ਉਠਾਉਣ’’ ਨੂੰ ਨਾਗਰਿਕ ਦਾ ਬੁਨਿਆਦੀ ਅਧਿਕਾਰ ਵੀ ਕਰਾਰ ਦੇ ਚੁੱਕੀ ਹੈ।

  ਭਾਰਤ ਦੀ ਮਹਾਂ-ਅਦਾਲਤ ਤੋਂ ਬਿਨਾਂ ਸਾਰਾ ਜੱਗ ਜਾਣਦਾ ਹੈ ਕਿ ਗੁਜਰਾਤ ਕਤਲੇਆਮ ਦੇ ਅਸਲ ਦੋਸ਼ੀ ਕੌਣ ਹਨ, ਉਸ ਕਤਲੇਆਮ ਦਾ ਮਕਸਦ ਕੀ ਸੀ। ਪਰ ਭਾਰਤ ਦੀ ਮਹਾਂ-ਅਦਾਲਤ ਨੇ ਨਾ ਸਿਰਫ ਹਜ਼ਾਰਾਂ ਲੋਕਾਂ ਦੇ ਕਤਲਾਂ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਸਗੋਂ ਆਪਣੇ ਇਸ ਫੈਸਲੇ ਰਾਹੀਂ ਪੀੜਤ ਨੂੰ ਹੀ ਮੁਲਜ਼ਮ ਕਰਾਰ ਦੇ ਦਿੱਤਾ ਹੈ। ਇਹ ਭਾਰਤੀ ਨਿਆਂ-ਪਾਲਿਕਾ ਦੇ ਨਿਰਪੱਖ ਨਿਆਂਕਾਰੀ ਸੰਸਥਾ ਹੋਣ ਦੀ ਬਜਾਏ ਭਾਰਤੀ ਰਾਜ ਦੀ ਹੀ ਗੋਲੀ ਹੋਣ ਦਾ ਇੱਕ ਹੋਰ ਸਬੂਤ ਹੈ।

  ਇਸੇ ਤਰ੍ਹਾਂ ਦੀ ਹੀ ਇੱਕ ਹੋਰ ਕਾਰਵਾਈ ਅੰਦਰ ਆਲਟ-ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਉਸ ਉੱਤੇ ਇਹ ਦੋਸ਼ ਉਸਦੇ 2018 ਦੇ ਇੱਕ ਟਵੀਟ ਦੇ ਅਧਾਰ ’ਤੇ ਲਾਏ ਗਏ ਹਨ, ਜਿਸ ਵਿੱਚ ਉਸਨੇ ਸਿਰਫ ਕਿਸੇ ਪੁਰਾਣੀ ਫਿਲਮ ਦੇ ਸੀਨ ਨੂੰ ਹੀ ਸਾਂਝਾ ਕੀਤਾ ਸੀ। ਅਚਾਨਕ ਟਵੀਟ ਦੇ ਚਾਰ ਸਾਲਾਂ ਮਗਰੋਂ ਦਿੱਲੀ ਪੁਲਿਸ ਨੂੰ ਉਸਤੋਂ ਧਾਰਮਿਕ ਭਾਵਨਾਵਾਂ ਭੜਕ ਜਾਣ ਦਾ ਖਤਰਾ ਖੜ੍ਹਾ ਹੋ ਗਿਆ। ਪਰ ਉਸਦੀ ਗਿ੍ਰਫਤਾਰੀ ਦਾ ਅਸਲ ਕਾਰਨ ਹੋਰ ਹੈ। ਉਸਦੀ ਨਿਊਜ਼ ਸੰਸਥਾ ਆਲਟ ਨਿਊਜ਼, ਅਸਲ ਵਿੱਚ ਗੋਦੀ ਮੀਡੀਆ ਤੇ ਭਾਜਪਾ ਦੇ ਸੋਸ਼ਲ ਮੀਡੀਆ ਵਿੰਗ ਵੱਲੋਂ ਫੈਲਾਏ ਜਾਂਦੇ ਝੂਠਾਂ ਨੂੰ ਲਗਾਤਾਰ ਨੰਗਿਆਂ ਕਰਦੀ ਰਹੀ ਹੈ। ਇਹ ਮੁਹੰਮਦ ਜ਼ੁਬੈਰ ਹੀ ਸੀ ਜਿਸਨੇ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀਆਂ ਪੈਗੰਬਰ ਮੁਹੰਮਦ ਵਿਰੋਧੀ ਟਿੱਪਣੀਆਂ ਨੂੰ ਦੁਨੀਆਂ ਸਾਹਮਣੇ ਲਿਆਂਦਾ, ਜਿਸ ਕਾਰਨ  ਪੂਰੇ ਅਰਬ ਤੇ ਮੁਸਲਿਮ ਜਗਤ ਵੱਲੋਂ ਮੋਦੀ ਹਕੂਮਤ ਨੂੰ ਭਾਰੀ ਝਾੜਾਂ ਪਈਆਂ ਤੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਬਰਖਾਸਤ ਕਰਕੇ, ਉਸ ਖਿਲਾਫ ਕੇਸ ਦਰਜ ਕਰਨਾ ਪਿਆ।

  ਇਸਤੋਂ ਬਿਨਾਂ ਵੀ ਸਮੇਂ ਸਮੇਂ ’ਤੇ ਮੁਹੰਮਦ ਜ਼ੁਬੈਰ ਤੇ ਉਸਦੀ ਨਿਊਜ਼ ਏਜੰਸੀ ਆਲਟ ਨਿਊਜ਼ ਹਿੰਦੂਤਵ ਫਾਸ਼ੀਵਾਦੀਆਂ ਦੇ ਵੱਖ-ਵੱਖ ਹੱਥਕੰਡੇ ਨੰਗੇ ਕਰਦੇ ਰਹੇ ਹਨ। ਹਰਿਦੁਆਰ ਵਿੱਖੇ ਧਾਰਮਿਕ ਸੰਮੇਲਨ ਦੌਰਾਨ ਮੁਸਲਮਾਨਾਂ ਦੇ ਸਮੂਹਿਕ ਕਤਲੇਆਮ ਤੇ ਉਹਨਾਂ ਦੀਆਂ ਔਰਤਾਂ ਨਾਲ ਬਲਾਤਕਾਰ ਦੇ ਸੱਦੇ ਦੇਣ ਵਾਲੀਆਂ ਹਿੰਦੂ “ਸੰਤਾਂ’’ ਦੀਆਂ ਵੀਡੀਓ ਕਲਿੱਪਾਂ ਵੀ ਉਸਦੀੇ ਨਿਊਜ਼ ਏਜੰਸੀ ਨੇ ਨਸ਼ਰ ਕੀਤੀਆਂ ਸਨ। ਇਸੇ ਕਰਕੇ ਉਹ ਹਿੰਦੂਤਵਾ ਫਾਸ਼ੀਵਾਦੀਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ। 

ਤੀਸਤਾ ਸੀਤਲਵਾੜ, ਸ਼੍ਰੀਕੁਮਾਰ ਤੇ ਮੁਹੰਮਦ ਜ਼ੁਬੈਰ ਦੀ ਗਿ੍ਰਫਤਾਰੀ ਰਾਹੀਂੰ ਭਾਜਪਾ ਨੇ ਲੰਮੇ ਸਮੇਂ ਤੋਂ ਅੱਖਾਂ ਵਿੱਚ ਰੜਕਦੇ ਰੋੜ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਨਾਂ ਤਿੰਨਾਂ ਦੀ ਗਿ੍ਰਫਤਾਰੀ ਖਿਲਾਫ਼ ਮੁਲਕ ਭਰ ਦੇ ਲੋਕਾਂ ਨੇ ਸਖਤ ਰੋਸ ਪ੍ਰਗਟ ਕੀਤਾ ਹੈ। ਸ਼ਾਇਦ ਬਹੁਤ ਹੀ ਲੰਮੇ ਸਮੇਂ ਮਗਰੋਂ ਗੁਜਰਾਤ ਅੰਦਰ ਮੁਸਲਮਾਨ ਭਾਈਚਾਰੇ ਨੇ ਵੱਡੇ ਪੱਧਰ ’ਤੇ ਜਨਤਕ ਤੌਰ ’ਤੇ ਤੀਸਤਾ ਸੀਤਲਵਾੜ ਦੇ ਪੱਖ ਵਿੱਚ ਰੋਸ ਮੁਜ਼ਾਹਰਾ ਕੀਤਾ ਹੈ।

ਇਹ ਤਿੰਨੋਂ ਭਾਜਪਾ ਦੇ ਫਿਰਕੂ-ਫਾਸ਼ੀ ਰਥ ਦੇ ਸਾਹਮਣੇ ਡਟਕੇ ਖੜ੍ਹਨ ਵਾਲੇ ਜੁਝਾਰੂ ਹਨ, ਜਿਹਨਾਂ ਦੀਆਂ ਗਿ੍ਰਫਤਾਰੀਆਂ ਖਿਲਾਫ਼ ਸਭਨਾਂ ਜਮਹੂਰੀ ਤਾਕਤਾਂ ਨੂੰ ਪੁਰਜ਼ੋਰ ਅਵਾਜ਼ ਬੁਲੰਦ ਕਰਨ ਦੀ ਲੋੜ ਹੈ।

   

ਪ੍ਰਿਥੀ ਦੀ ਸ਼ਹਾਦਤ ’ਤੇ ਲੋਕਾਂ ਦੀ ਸ਼ਰਧਾਂਜਲੀ




ਪ੍ਰਿਥੀ ਦੀ ਸ਼ਹਾਦਤ ’ਤੇ ਲੋਕਾਂ ਦੀ ਸ਼ਰਧਾਂਜਲੀ

 

18 ਜੁਲਾਈ 1979 ਦੀ ਰਾਤ ਨੂੰ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਕੁੱਝ ਜਾਣੇ-ਪਛਾਣੇ ਗੁੰਡਿਆਂ ਨੇ ਸੂਬੇ ਦੇ ਅੱਡ-ਅੱਡ ਹਿੱਸਿਆਂ ਵਿੱਚੋਂ ਚੁਣੇ ਕੁੱਝ ਬਦਨਾਮ ਪੇਸ਼ਾਵਰ ਗੁੰਡਿਆਂ ਨਾਲ ਮਿਲ ਕੇ ਕਾ: ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਲੁਧਿਆਣੇ ਵਿੱਚ ਉਸਦੇ ਨਿਵਾਸ-ਅਸਥਾਨ ਤੋਂ ਅਗਵਾ ਕਰ ਲਿਆ। ਘੰਟਿਆਂ ਬੱਧੀ ਬੇਰਹਿਮੀ ਨਾਲ ਕੋਹਣ ਤੋਂ ਬਾਦ, ਅੰਤ ਇਹਨਾਂ ਦਰਿੰਦਿਆਂ ਨੇ ਉਸ ਨੂੰ ਮਾਰ ਮੁਕਾਇਆ ਅਤੇ ਉਸਦੀ ਲਾਸ਼ ਅਗਲੇ ਦਿਨ ਲੁਧਿਆਣੇ ਨੇੜੇ ਇੱਕ ਸੜਕ ਤੋਂ ਮਿਲੀ। ਪੰਜਾਬ ਵਿੱਚ ਇਹ ਤੱਥ ਕਿਸੇ ਪ੍ਰਮਾਣ ਦਾ ਮੁਥਾਜ ਨਹੀਂ ਕਿ ਇਹ ਘਿਨਾਉਣਾ ਜੁਰਮ ਕੁੱਝ ਜਾਣੇ ਪਛਾਣੇ ਅਕਾਲੀ ਆਗੂਆਂ ਦੀ ਢੋਈ ਨਾਲ ਤੇ ਪੁਲਿਸ ਅਧਿਕਾਰੀਆਂ ਦੀ ਗੁੱਝੀ ਸ਼ਹਿ ’ਤੇ ਕੀਤਾ ਗਿਆ। ਇਸ ਘਟਨਾ ਦੀ ਸਿਆਸੀ ਮਹੱਤਤਾ ਸਿਰਫ਼ ਇਸ ਗੱਲ ਨਾਲ ਹੀ ਨਹੀਂ ਮੁੱਕ ਜਾਂਦੀ ਅਤੇ ਨਾ ਹੀ ਇਸ ਤੱਥ ਨਾਲ ਕਿ ਕਾਮਰੇਡ ਰੰਧਾਵਾ ਭਾਰਤੀ ਕਮਿਊਨਿਸਟ ਇਨਕਲਾਬੀ ਏਕਤਾ ਕੇਂਦਰ (ਮ.ਲ.) ਦਾ ਮੈਂਬਰ ਸੀ। ਇੱਕ ਸੁਹਰਿਦ ਕਮਿਊਨਸਿਟ ਜਿਹੜਾ ਕਮਾਊ ਲੋਕਾਂ ਦੇ ਇਨਕਲਾਬੀ ਕਾਜ਼ ਨਾਲ ਤਨੋਂ-ਮਨੋਂ ਪ੍ਰਨਾਇਆ ਹੋਇਆ ਸੀ। ਇਸ ਘਟਨਾ ਦੀ ਸਿਆਸੀ ਮਹੱਤਤਾ ਵੱਧ ਉਸ ਰਿਸ਼ਤੇ ਨਾਲ ਉੱਘੜਦੀ ਹੈ ਜਿਹੜਾ ਰਿਸ਼ਤਾ ਉਸਨੇ ਪਿਛਲੇ ਦਹਾਕੇ ਅੰਦਰ ਘੋਲ ਦੇ ਅਖਾੜਿਆਂ ਅੰਦਰ ਪੰਜਾਬ ਦੇ ਜੁਝਾਰੂ ਲੋਕਾਂ ਨਾਲ ਸਥਾਪਤ ਕਰ ਲਿਆ ਸੀ।

                ਕਾਮਰੇਡ ਰੰਧਾਵਾ ਵਿਦਿਆਰਥੀ ਜਗਤ ਦਾ ਸਭ ਤੋਂ ਹਰਮਨ ਪਿਆਰਾ ਤੇ ਸਤਿਕਾਰਿਆ ਲੀਡਰ ਸੀ। ਉਸ ਨੂੰ ਉਸ ਪੰਜਾਬ ਸਟੂਡੈਂਟਸ ਯੂਨੀਅਨ ਦਾ ਪਿਛਲੇ 10 ਸਾਲਾਂ ਤੋਂ ਲਗਾਤਾਰ ਚੁਣੌਤੀ-ਰਹਿਤ ਲੀਡਰ ਹੋਣ ਦਾ ਸਨਮਾਨ ਪ੍ਰਾਪਤ ਸੀ ਜਿਹੜੀ ਨਾ ਸਿਰਫ਼ ਪੰਜਾਬ ਦੇ ਵਿਦਿਆਰਥੀਆਂ ਦੀ ਵਕਾਰੀ ਅਤੇ ਤੰਤ ਵਾਲੀ ਜਨਤਕ ਜਥੇਬੰਦੀ ਹੈ ਸਗੋਂ ਜਿਸ ਦੇ ਸਿਰ ਪੰਜਾਬ ਦੀ ਆਮ ਸਮਕਾਲੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਇਸ ਵੱਲੋਂ ਚੇਤੰਨ ਅਤੇ ਖਾੜਕੂ ਜੱਦੋਂਜਹਿਦਾਂ ਦੀਆਂ ਸ਼ਾਨਦਾਰ ਰਵਾਇਤਾਂ ਦਾ ਸਿਹਰਾ ਹੈ।  (ਇੱਥੇ ਇਸ ਵੱਲੋਂ ਯਾਦਗਾਰੀ ਘੋਲਾਂ ਦੀ ਸਿਰਫ਼ ਇੱਕ ਉਦਾਹਰਨ ਹੀ ਚਿਤਾਰਨੀ ਕਾਫ਼ੀ ਹੋਵੇਗੀ: ਇਹ ਪੰਜਾਬ ਵਿੱਚ ਇੱਕੋ-ਇੱਕ ਅਜਿਹੀ ਜਨਤਕ ਜਥੇਬੰਦੀ ਸੀ ਜਿਸ ਨੇ 1975 ਵਿੱਚ ਐਂਮਰਜੈਂਸੀ ਰਾਜ ਦੀ ਨੰਗੀ ਚਿੱਟੀ ਨਿਖੇਧੀ ਕੀਤੀ ਅਤੇ ਇਸ ਵਿਰੁੱਧ ਇੱਕ ਜਾਂ ਦੂਜੇ ਰੂਪ ਵਿੱਚ, ਇੱਕ ਜਾਂ ਦੂਜੇ ਢੰਗ ਤਰੀਕੇ ਰਾਹੀਂ ਸਰਗਰਮ ਜਨਤਕ ਵਿਰੋਧ ਲਾਮਬੰਦ ਕੀਤਾ)  ਪੰਜਾਬ ਸਟੂਡੈਂਟਸ ਯੂਨੀਅਨ ਦੇ ਇਹਨਾਂ ਸੂਰਮਗਤੀ ਭਰੇ ਅਤੇ ਵਕਾਰੀ ਘੋਲਾਂ ਸਦਕਾ ਹੀ ਇਹ ਪੰਜਾਬ ਦੇ ਲੋਕਾਂ ਲਈ ਪਿਛਲੇ ਦਹਾਕੇ ਅੰਦਰ ਲੋਕਾਂ ਦੀ ਲੜਾਕੂ-ਸ਼ਕਤੀ, ਚੇਤੰਨਤਾ ਅਤੇ ਜਥੇਬੰਦਕ ਸ਼ਕਤੀ ’ਤੇ ਟੇਕ ਰੱਖ ਕੇ ਹਾਕਮਾਂ ਦੇ ਜਬਰ-ਜੁਲਮ ਸੰਗ ਭਿੜਨ ਦੀ ਜਿਉਂਦੀ-ਜਾਗਦੀ ਉਦਾਹਰਨ ਅਤੇ ਉਤਸ਼ਾਹ ਦਾ ਸਥਾਈ ਸੋਮਾ ਬਣੀ ਰਹੀ ਹੈ। ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਇੱਕ ਨਿਧੜਕ ਝੰਜੋੜੂ-ਦਸਤੇ ਦਾ ਰੋਲ ਨਿਭਾਇਆ ਹੈ ਅਤੇ ਅੱਜ ਵੀ ਨਿਭਾ ਰਹੀ ਹੈ।

                ਕਾਮਰੇਡ ਰੰਧਾਵਾ, ਆਮ ਲੋਕਾਂ ਦਾ ਇੱਕ ਉੱਭਰ ਰਿਹਾ ਆਗੂ ਸੀ। ਉਸ ਦੀ ਅਗਵਾਈ ਹੇਠ, ਪੰਜਾਬ ਦੀ ਵਿਦਿਆਰਥੀ ਲਹਿਰ, ਤਬਕਾਤੀ ਹਿੱਤਾਂ ਦੀਆਂ ਤੰਗ-ਵਲਗਣਾਂ ਤੋਂ ਉੱਪਰ ਉੱਠਦੀ ਹੋਈ ਅਤੇ ਆਮ ਕਰਕੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਅੰਗ ਬਣ ਕੇ ਲਗਾਤਾਰ ਅਤੇ ਦਿ੍ਰੜ੍ਹਤਾ ਨਾਲ ਵਧਦੀ ਹੋਈ ਇੱਕ ਚੇਤੰਨਾ ਲਹਿਰ ਵਜੋਂ ਵਿਕਸਿਤ ਹੋਈ। 1974 ਵਿੱਚ ਨੌਜਵਾਨ ਭਾਰਤ ਸਭਾ ( ਨੌਜਵਾਨਾਂ ਦੀ ਇੱਕ ਇਨਕਲਾਬੀ ਜਥੇਬੰਦੀ ) ਦੇ ਨਾਲ ਸਾਂਝੇ ਤੌਰ ’ਤੇ ਰਲ ਕੇ ਕੀਤੀ ਸੰਗਰਾਮ ਰੈਲੀ ਸਮੇਂ, ਪੰਜਾਬ ਸਟੂਡੈਂਟਸ ਯੂਨੀਅਨ ਨੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਮਿਹਨਕਸ਼ ਤਬਕਿਆਂ ਲਈ “ਸੰਕਟ-ਮੂੰਹ ਆਈ ਕੌਮ ਲਈ ਕਲਿਆਣ ਦਾ ਰਾਹ” ਨਾਮਕ ਇਨਕਲਾਬੀ ਜਮਹੂਰੀ ਪ੍ਰੋਗਾਰਾਮ ਪੇਸ਼ ਕੀਤਾ। ਇਸ ਪ੍ਰੋਗਰਾਮ ਦੀ ਰੋਸ਼ਨੀ ਵਿੱਚ, ਅੱਡ-2 ਤਬਕਿਆਂ ਦੀਆਂ ਸਾਂਝੀਆਂ ਮੰਗਾਂ ਨੂੰ ਇਹਨਾਂ ਦੀ ਪ੍ਰਾਪਤੀ ਲਈ ਸਾਂਝੇ ਘੋਲ ਲੜਨ ਦੀ ਲੋੜ ਅਤੇ ਇਰਾਦੇ ਸਮੇਤ, ਸੰਗਰਾਮ ਰੈਲੀ ਦੇ ਥੜ੍ਹੇ ਤੋਂ ਉਭਾਰਿਆ ਗਿਆ। ਉਦੋਂ ਤੋਂ ਲੈ ਕੇ, ਪੰਜਾਬ ਵਿੱਚ ਸਮਾਜ ਦਾ ਕੋਈ ਵੀ ਸੰਘਰਸ਼ਸ਼ੀਲ ਹਿੱਸਾ, ਸਮੇਤ ਪੁਲਿਸ-ਸਿਪਾਹੀਆਂ ਦੇ, ਪੀ.ਐਸ.ਯੂ. ਦੀ ਠੋਸ ਅਤੇ ਬਿਨ੍ਹਾਂ ਸ਼ਰਤ ਹਮਾਇਤ ਤੇ ਪੱਕ ਨਾਲ ਟੇਕ ਰੱਖ ਸਕਦਾ ਸੀ। ਜਿਸ ਢੰਗ ਨਾਲ ਤੇ ਜਿੱਡੀ ਵੱਡੀ ਪੱਧਰ ’ਤੇ ਇਹ ਹਮਾਇਤ ਮਿਲਦੀ ਸੀ ਅਤੇ ਜਿਹੋ ਜਿਹਾ ਇਸ ਦਾ ਉਹਨਾਂ ਤਬਕਿਆਂ ਦੇ ਘੋਲਾਂ ਅਤੇ ਇਸ ਵਿੱਚ ਹਿੱਸਾ ਲੈਣ ਵਾਲਿਆਂ ਦੇ ਮਨਾਂ ’ਤੇ ਅਸਰ ਪੈਂਦਾ ਸੀ, ਉਸ ਨੇ ਇਹਨਾਂ ਤਬਕਿਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ, ਪੀ.ਐਸ.ਯੂ. ਅਤੇ ਇਸ ਦੇ ਆਗੂ ਕਾਮਰੇਡ ਪਿ੍ਰਥੀਪਾਲ ਸਿੰਘ ਰੰਧਾਵਾ ਨਾਲ ਵਿਸ਼ੇਸ਼ ਸਾਂਝ ਦਾ ਅਹਿਸਾਸ ਜਗਾਇਆ ਅਤੇ ਹੌਲੀ-ਹੌਲੀ ਉਸ ਦਾ ਨਕਸ਼ਾ ਵਿਦਿਆਰਥੀਆਂ ਦੇ ਇੱਕ ਹਰਮਨ ਪਿਆਰੇ ਲੀਡਰ ਦੀ ਥਾਂ ਆਮ ਲੋਕਾਂ ਦੇ ਇੱਕ ਆਗੂ ਵਿੱਚ ਵਟਦਾ ਗਿਆ।

                ਕਾਮਰੇਡ ਰੰਧਾਵਾ, ਅੱਡ-ਅੱਡ ਤਬਕਿਆਂ ਦੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਇੱਕ ਜਾਣਿਆ-ਪਛਾਣਿਆ ਮੁਦੱਈ ਅਤੇ ਘੁਲਾਟੀਆ ਸੀ। 1971 ਵਿੱਚ ਆਪਣੀ ਮੁੜ-ਜਥੇਬੰਦੀ ਦੇ ਵੇਲੇ ਤੋਂ ਲੈ ਕੇ ਹੀ, ਪੀ.ਐਸ.ਯੂ. ਉਸ ਦੀ ਰਹਿਨੁਮਾਈ ਹੇਠ, ਹਮੇਸ਼ਾਂ ਹੀ, ਬੇਕਸੂਰ ਲੋਕਾਂ ਉੱਤੇ ਪੁਲਿਸ ਜਬਰ ਅਤੇ ਔਰਤਾਂ ’ਤੇ ਜਬਰ ਵਰਗੇ ਮਸਲਿਆਂ ਤੋਂ ਲੈ ਕੇ ਅਕਾਲੀਆਂ ਦੀ ਨਿਰੰਕਾਰੀਆਂ ਵਿਰੁੱਧ ਧਾਰਮਿਕ ਅਸਹਿਨਸ਼ੀਲਤਾ ਅਤੇ ਧੱਕੜਪੁਣੇ ਵਰਗੇ ਮਸਲਿਆਂ ਸਮੇਂ ਵੱਖ-ਵੱਖ ਜਮਹੂਰੀ ਮਸਲਿਆਂ ਨੂੰ ਹੱਥ ਲੈਂਦੀ ਰਹੀ। 1971 ਵਿੱਚ ਜਦੋਂ ਐਮਰਜੈਂਸੀ ਰਾਜ ਦੇ ਤਲਖ਼ ਤਜਰਬੇ ਪਿੱਛੋਂ ਜਮਹੂਰੀ ਹੱਕਾਂ ਦੀ ਰਾਖੀ ਅਤੇ ਵਧਾਰੇ ਦੀ ਲਹਿਰ ਨੇ ਕੁੱਝ ਵੇਗ ਫੜਿਆ ਅਤੇ ਅੱਡ-ਅੱਡ ਹਲਕਿਆਂ ਵੱਲੋਂ, ਵੱਖੋ-ਵੱਖਰੇ ਨਜ਼ਰੀਏ ਅਤੇ ਵੰਨ-ਸੁਵੰਨੇ ਮਕਸਦਾਂ ਲਈ ਇਹਨਾਂ ਦੀ ਅਵਾਜ਼ ਉਠਾਈ ਜਾਣ ਲੱਗੀ, ਜਦੋਂ ਨਿਰੀ ਪੁਰੀ ਮੱਧ-ਵਰਗੀ ਬੁੱਧੀਜੀਵੀ ਜਥੇਬੰਦੀਆਂ ਤੇ ਟੇਕ ਰੱਖ ਕੇ ਇਹ ਅਵਾਜ਼ ਉਠਾਉਣਾ ਲਗਭਗ ਇੱਕ ਆਮ ਰਿਵਾਜ ਬਣ ਗਿਆ ਸੀ ਤਾਂ ਪੀ.ਐਸ.ਯੂ. ਨੇ ਇਸ ਮਸਲੇ ਸੰਬੰਧੀ ਵਿਗਿਆਨਕ ਨਜ਼ਰੀਆ ਅਤੇ ਪਹੁੰਚ ਅਖ਼ਤਿਆਰ ਕੀਤੀ ਜਿਸ ਦਾ ਸਾਰ ਤੱਤ ਇਹ ਬਣਦਾ ਸੀ: ਭਾਰਤ ਵਰਗੇ ਮੁਲਕਾਂ ਵਿੱਚ ਲੋਕਾਂ ਦੇ ਜਮੂਹਰੀ ਹੱਕ, ਤੱਤ ਰੂਪ ਵਿੱਚ, ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਸ਼ਾਲ ਹਿੱਸਿਆਂ ਦੇ ਹੱਕ ਹਨ ਅਤੇ ਉਹਨਾਂ ਨੂੰ ਇਹਨਾਂ ਹੱਕਾਂ ਬਾਰੇ ਚੇਤੰਨ ਕੀਤੇ ਬਿਨ੍ਹਾਂ ਅਤੇ ਇਹਨਾਂ ਬਾਰੇ ਉਹਨਾਂ ਨੂੰ ਲੜਾਉਣ ਤੋਂ ਬਿਨ੍ਹਾਂ ਜਮਹੂਰੀ ਹੱਕਾਂ ਦੀ ਰਾਖੀ ਜਾਂ ਵਧਾਰਾ ਕਰਨਾ ਲਗਭਗ ਅਸੰਭਵ ਹੈ। ਇਸ ਸੋਝੀ ਨਾਲ ਲੈੱਸ ਹੋ ਕੇ ਪੰਜਾਬ ਸਟੂਡੈਂਟਸ ਯੂਨੀਅਨ ਆਪਣੀ ਮਹੀਨਾ ਭਰ ਲੰਮੀ ਮੁਹਿੰਮ ’ਤੇ ਪਿੰਡਾਂ ਵੱਲ ਤੁਰੀ, ਹਰ ਕਿਸਮ ਦੀਆਂ ਧੱਕੜਸ਼ਾਹ ਤਾਕਤਾਂ ਦੀਆਂ ਜਮਾਤੀ ਜੜ੍ਹਾਂ ਬਾਰੇ ਸਪੱਸ਼ਟ ਕੀਤਾ ਅਤੇ ਲੋਕਾਂ ਦੀਆਂ ਜਮਹੂਰੀ ਭਾਵਨਾਵਾਂ ਤੋਂ ਇੱਕ ਜਾਂ ਦੂਜੇ ਢੰਗ ਨਾਲ ਲਾਹਾ ਉਠਾ ਰਹੇ ਖੁਦਗਰਜ਼ ਹਿੱਤਾਂ ਬਾਰੇ ਉਨ੍ਹਾਂ ਨੂੰ ਚੇਤੰਨ ਕੀਤਾ। ਇਸ ਸੋਝੀ ਨੂੰ ਆਧਾਰ ਬਣਾ ਕੇ, ਉਦੋਂ ਤੋਂ ਹੀ ਪੀ.ਐਸ.ਯੂ. ਲੋਕਾਂ ਦੀ ਜਮਹੂਰੀ ਚੇਤੰਨਤਾ ਉੱਚੀ ਚੁੱਕਣ ਲਈ ਲਗਾਤਾਰ ਗੰਭੀਰ ਕੋਸ਼ਿਸ਼ਾਂ ਕਰਦੀ ਰਹੀ ਸੀ। ਇਸੇ ਸੋਝੀ ਸਦਕਾ ਹੀ, ਕਾਮਰੇਡ ਰੰਧਾਵਾ ਪੰਜਾਬ ਜਮਹੂਰੀ ਅਧਿਕਾਰ ਸਭਾ ਵਿੱਚ ਸ਼ਾਮਿਲ ਹੋਇਆ ਅਤੇ ਇਸ ਦੀ ਸੂਬਾ ਕਾਰਜਕਾਰਨੀ ਦਾ ਮੈਂਬਰ ਚੁਣਿਆ ਗਿਆ। ਕਾਮਰੇਡ ਰੰਧਾਵਾ ਲੋਕਾਂ ਦੀਆਂ ਵਿਸ਼ਾਲ ਜਨਤਕ ਲਹਿਰਾਂ ਅਤੇ ਖਰੇ ਜਮਹੂਰੀ ਬੁੱਧੀਜੀਵੀਆਂ ਵਿਚਕਾਰ ਸਾਂਝੀ ਕੜੀ ਜਾਂ ਪੁਲ ਬਨਣ ਲਈ ਲੋੜੀਂਦੇ ਵਕਾਰ ਅਤੇ ਸਮਰੱਥਾ ਦਾ ਮਾਲਕ ਸੀ। ਪੰਜਾਬ ਵਿੱਚ ਜਮਹੂਰੀ ਹੱਕਾਂ ਦੀ ਰਾਖੀ ਦੇ ਵਧਾਰੇ ਲਈ ਉਹ ਇਸ ਲਹਿਰ ਦੇ ਦੋਨਾਂ ਹਿੱਸਿਆਂ ਨੂੰ ਮੌਲਣ ਵਾਲੀ ਜਿਉਂਦੀ-ਜਾਗਦੀ ਕੜੀ ਬਣ ਰਿਹਾ ਸੀ।

                ਪੰਜਾਬ ਇਨਕਲਾਬੀ ਜਮਹੂਰੀ ਲਹਿਰ ਵਿੱਚ ਪੰਜਾਬ ਸਟਡੈਂਟਸ ਯੂਨੀਅਨ ਅਤੇ ਇਸ ਦੇ ਆਗੂ ਵੱਜੋਂ ਨਿਭਾਏ ਜਾ ਰਹੇ ਇਸ ਰੋਲ ਸਦਕਾ ਹੀ ਜ਼ਿੰਦਗੀ ਦੇ ਵੱਖੋ-ਵੱਖਰੇ ਪਹਿਲੂਆਂ ਦੇ ਲੋਕਾਂ ਦੇ ਵਿਸ਼ਾਲ ਹਿੱਸੇ ਕਾਮਰੇਡ ਰੰਧਾਵਾ ਨੂੰ ਸਤਿਕਾਰਦੇ ਤੇ ਪਿਆਰਦੇ ਸਨ ਅਤੇ ਆਪਣੇ ਇਸੇ ਰੋਲ ਸਦਕਾ ਹੀ ਉਹ ਹਾਕਮ ਜਮਾਤੀ ਅਤੇ ਉਹਨਾਂ ਦੇ ਸਿਆਸੀ ਤੇ ਪ੍ਰਬੰਧਕੀ ਕਾਰ-ਮੁਖਤਿਆਰਾਂ ਦੀਆਂ ਅੱਖਾਂ ਵਿੱਚ ਪੱਕੇ ਤੌਰ ’ਤੇ ਰੋੜ ਵਾਂਗ ਰੜਕਦਾ ਸੀ ਅਤੇ ਅੰਤ ਨੂੰ, ਇਸੇ ਰੋਲ ਦੇ ਪ੍ਰਸੰਗ ’ਚ ਦੇਖਿਆਂ ਕਾਮਰੇਡ ਰੰਧਾਵਾ ਦੀ ਜ਼ਿੰਦਗੀ ’ਤੇ ਕੀਤਾ ਆਖਰੀ ਜਾਨ-ਲੇਵਾ ਵਾਰ ਕਿਸੇ ਇੱਕ ਵਿਅਕਤੀ  ਜਾਂ ਜਥੇਬੰਦੀ ਤੱਕ ਸੀਮਤ ਨਾ ਰਹਿ ਕੇ ਆਮ ਕਰਕੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਤੇ ਹੋਏ ਵਾਰ ਦਾ ਖਾਸਾ ਅਖ਼ਤਿਆਰ ਕਰ ਜਾਂਦਾ ਹੈ ਜਿਹੜਾ ਕਿ ਹਾਕਮ ਜਮਾਤਾਂ ਵੱਲੋਂ ਸਪੱਸ਼ਟ ਹੀ, ਇਸ ਲਹਿਰ ਅੰਦਰ ਦਹਿਲ ਬੈਠਾਉਣ, ਇਸ ਨੂੰ ਬੇ-ਦਿਲ ਕਰਨ ਅਤੇ ਅੰਤ ਨੂੰ ਇਸ ਨੂੰ ਦਬਾਉਣ ਦੇ ਮਨਸ਼ੇ ਨਾਲ ਕੀਤਾ ਗਿਆ ਸੀ। ਇਹ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਲਈ ਇੱਕ ਗੰਭੀਰ ਚੁਣੌਤੀ ਸੀ।

                                ਮੂੰਹ ਤੋੜਵਾਂ ਜੁਆਬ

                ਭਾਰਤ ਦੀਆਂ ਇਨਕਲਾਬੀ ਸ਼ਕਤੀਆਂ ਲਈ ਇਹ ਬੜੀ ਹੀ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਨੇ ਇਸ ਚੁਣੌਤੀ ਨੂੰ ਬਣਦੀ ਗੰਭੀਰਤਾ ਅਤੇ ਦਲੇਰੀ ਨਾਲ ਕਬੂਲ ਕੀਤਾ। ਇਹਨਾਂ ਸ਼ਕਤੀਆਂ ਵੱਲੋਂ ਭਰਿਆ ਮੁੱਢਲਾ ਹੁੰਗਾਰਾ ਹੀ ਕਾਫ਼ੀ ਹੌਂਸਲਾ-ਵਧਾਊ ਸੀ। ਇਸ ਗੱਲ ਦੇ ਬਾਵਜੂਦ ਕਿ ਉਸ ਦੇ ਕਤਲ ਦੀ ਖ਼ਬਰ 20 ਜੁਲਾਈ ਦੀ ਸਵੇਰ ਨੂੰ ਅਖ਼ਬਾਰਾਂ ਰਾਹੀਂ ਬਹੁਤੇ ਲੋਕਾਂ ਕੋਲ ਪਹੁੰਚੀ, ਬਾਵਜੂਦ ਇਸ ਦੇ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਕਾਲਜ ਬੰਦ ਸਨ ਅਤੇ ਡੀਜ਼ਲ ਦੀ ਥੁੜ੍ਹ ਕਾਰਨ ਆਵਾਜਾਈ ਦੇ ਸਾਧਨਾਂ ਦਾ ਮਿਲਣਾ ਮੁਸ਼ਕਿਲ ਸੀ ਅਤੇ ਅਧਿਕਾਰੀਆਂ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ਦੇ ਬਾਵਜੂਦ ਪੰਜਾਬ ਦੇ ਅੱਡ-ਅੱਡ ਹਿੱਸਿਆਂ ’ਚੋਂ ਕੋਈ ਦੋ ਹਜ਼ਾਰ ਦੇ ਲਗਭਗ ਲੋਕ ਕਾਮਰੇਡ ਰੰਧਾਵਾ ਦੇ 20 ਤਰੀਕ ਨੂੰ 1 ਵਜੇ ਹੋਣ ਵਾਲੇ ਅੰਤਿਮ ਸੰਸਕਾਰ ਵਿੱਚ ਭਾਗ ਲੈਣ ਲਈ ਉਸ ਦੇ ਪਿੰਡ ਦਸੂਹਾ ਵਿਖੇ ਗਏ। ਇੱਕਠ ਦੀ ਗਿਣਤੀ ਨਾਲੋਂ ਵੱਧ ਮਹੱਤਵਪੂਰਨ ਇਸ ਦੀ ਸਿਫ਼ਤ ਸੀ। ਇਹ ਇੱਕ ਅਜਿਹਾ ਨਿਰਾਲਾ ਦਿ੍ਰਸ਼ ਸੀ ਜਿੱਥੇ ਇੰਨੇ ਲੋਕ ਇੱਕੋ ਵੇਲੇ ਸੰਭਵ ਤੋਂ ਸੰਭਵ ਗਹਿਰੇ ਗ਼ਮ ਅਤੇ ਗੁੱਸੇ ਦੀਆਂ ਭਾਵਨਾਵਾਂ ਨਾਲ ਝੰਜੋੜੇ ਹੋਏ ਸਨ। ਨੋਟ ਕਰਨ ਵਾਲੀ ਗੱਲ ਇਹ ਸੀ ਕਿ ਨਾ ਤਾਂ ਗ਼ਮ ਕਰਕੇ ਉਹਨਾਂ ਦੇ ਮਨਾਂ ’ਤੇ ਬੇਦਿਲੀ ਦਾ ਕੋਈ ਪਰਛਾਵਾਂ ਸੀ ਤੇ ਨਾ ਹੀ ਗੁੱਸਾ ਉਹਨਾਂ ਨੂੰ ਆਪਣੇ ਚੇਤੰਨ ਰੋਲ ਅਤੇ ਜੁੰਮੇਵਾਰੀ ਤੋਂ ਥਿੜਕਾ ਰਿਹਾ ਸੀ। ਇੱਕ ਚੇਤੰਨ ਤੇ ਸੁਲਝੀ ਹੋਈ ਇਨਕਲਾਬੀ ਤਾਕਤ ਵਾਂਗ ਉਹ ਇਹੋ ਜਿਹੀਆਂ ਪਰਖ ਦੀਆਂ ਘੜੀਆਂ ਵਿੱਚ ਸਾਂਵੇ-ਮਨ ਰਹਿਣਾ ਅਤੇ ਇਹੋ ਜਿਹੇ ਹਮਲਿਆਂ ਦਾ ਟਾਕਰਾ ਕਰਕੇ ਇਹਨੂੰ ਪਛਾੜਨਾ ਜਾਣਦੇ ਸਨ। ਉਹ ਨਾਅਰੇ ਲਾ ਰਹੇ ਸਨ:

“ਸ਼ਹੀਦ ਸਾਥੀਆਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!”

                ਇਹ “ਸੰਗਰਾਮ” ਜਾਰੀ ਕੀਹਦੇ ਖ਼ਿਲਾਫ਼ ਰੱਖਣਾ ਹੈ? ਜਿਸ ਭੁਲੇਖਾ ਪਾਊ ਢੰਗ ਨਾਲ ਇਹ ਕਤਲ ਕੀਤਾ ਗਿਆ ਸੀ ਅਤੇ ਪੁਲਿਸ ਦੀ ਇਸ ਧੋਖੇਭਰੀ ਪੇਸ਼ਕਾਰੀ ਕਿ ਇਹ ਕਤਲ ਦੋ ਗਰੁੱਪਾਂ ਦੀ ਆਪਸੀ ਲੜਾਈ ਦਾ ਸਿੱਟਾ ਸੀ, ਦੇ ਬਾਵਜੂਦ ਉਹਨਾਂ ਲਈ ਹਾਕਮ ਜਮਾਤਾਂ ਦੇ ਸਿਆਸੀ ਅਤੇ ਪ੍ਰਬੰਧਕੀ ਨੁਮਾਇੰਦਿਆਂ (ਕਰਤਿਆਂ-ਧਰਤਿਆਂ) ਅਤੇ ਗੁੰਡਿਆਂ ਦੇ ਨਾਪਾਕ ਗੱਠਜੋੜ ਨੂੰ ਬੁੱਝ ਲੈਣਾ ਉਹਨਾਂ ਲਈ ਜ਼ਰਾ ਜਿੰਨਾ ਵੀ ਔਖਾ ਨਹੀਂ ਸੀ। ਉਹਨਾਂ ਨੇ ਐਲਾਨ ਕੀਤਾ :

“ਰੰਧਾਵਾ ਕਤਲ ਦੇ ਜੁੰਮੇਵਾਰ

ਗੁੰਡੇ, ਪੁਲਸ ਅਤੇ ਇਹ ਸਰਕਾਰ!”

                ਉਹ ਇਸ ਗੱਲ ਬਾਰੇ ਵੀ ਚੇਤੰਨ ਸਨ ਕਿ “ਸੰਗਰਾਮ” ਕਿੰਨੇ ਲੰਬੇ ਚਿਰ ਤੱਕ ਜਾਰੀ ਰੱਖਣਾ ਪਵੇਗਾ ਤੇ ਉਹਨਾਂ ਨੂੰ ਇਸ ਦੀ ਕੀ ਕੀਮਤ ਚੁਕਾਉਣੀ ਪਵੇਗੀ। ਇਸ ਕਰਕੇ, ਉਹਨਾਂ ਨੇ ਇਹ ਧਾਰ ਲਿਆ:

“ਪ੍ਰਿਥੀ ਤੇਰਾ ਕਾਜ ਅਧੂਰਾ

ਲਾ ਕੇ ਜਿੰਦੜੀਆਂ ਕਰਾਂਗੇ ਪੂਰਾ!”

                ਆਪਣੇ ਕੱਟ ਮਰਨ ਦੇ ਦਿ੍ਰੜ ਇਰਾਦੇ ਅਤੇ ਲੋਕਾਂ ਵੱਲੋਂ ਮਿਲੀ ਵਿਸ਼ਾਲ ਜਨਤਕ ਹਮਾਇਤ ਸਦਕਾ ਹੀ ਉਹ ਭਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕੇ ਅਤੇ ਤਾਕਤ ਅਤੇ ਵਸੀਲਿਆਂ ਪੱਖੋਂ ਕਿਤੇ ਵਾਧੂ ਦੁਸ਼ਮਣ ਵਿਰੁੱਧ ਮਹੀਨਿਆਂ ਬੱਧੀ ਗੰਭੀਰ ਟੱਕਰ ਲੈ ਸਕੇ ਅਤੇ ਇਸ ਅਮਲ ਦੌਰਾਨ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ।

(ਇੱਕ ਕਮਿ: ਇਨਕਲਾਬੀ ਜਥੇਬੰਦੀ ਦੇ ਪਰਚੇ ਮੁਕਤੀ ਸੰਗਰਾਮ ਦੇ 1980 ਦੇ ਇੱਕ ਵਿਸਥਾਰੀ ਰਿਪੋਰਟ ’ਚੋਂ ਸੰਖੇਪ)

(ਸਿਰਲੇਖ ਸਾਡਾ)  

ਸਰਕਾਰੀ ਨੀਅਤ ਦਾ ਸੱਚ ਕਿਉ ਨਹੀਂ ਪੱਕੇ ਕੀਤੇ ਜਾ ਰਹੇ ਠੇਕਾ ਕਾਮੇ

ਸਰਕਾਰੀ ਨੀਅਤ ਦਾ ਸੱਚ
ਕਿਉ ਨਹੀਂ ਪੱਕੇ ਕੀਤੇ ਜਾ ਰਹੇ ਠੇਕਾ ਕਾਮੇ

ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 30-6-2022 ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਗਿਆ ਸੀ, ਕਿ ਪੰਜਾਬ ਸਰਕਾਰ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕੰਟਰੈਕਟ, ਐਡਹਾਕ, ਦਿਹਾੜੀਦਾਰ, ਅਤੇ ਵਰਕਚਾਰਜ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਤਿਆਰੀ ਵਿੱਚ ਹੈ। ਇਸ ਲਈ ਉਹਨਾਂ ਵੱਲੋਂ ਬਿੱਲ ਦਾ ਖਰੜਾ ਤਿਆਰ ਕਰਕੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ, ਇਸ ਬਿੱਲ ਨੂੰ ਲਾਗੂ ਕਰਾਉਣ ਲਈ ਰਾਹ ਵਿੱਚ ਪੇਸ਼ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਇੱਕ ਕੈਬਨਿਟ ਕਮੇਟੀ ਦਾ ਵੀ ਗਠਨ ਕੀਤਾ ਜਾ ਚੁੱਕਾ ਹੈ। ਕਮੇਟੀ ਵਿਚ ਹਰਜੋਤ ਬੈਂਸ, ਹਰਮੀਤ ਸਿੰਘ, ਗੁਰਮੀਤ ਸਿੰਘ ਮੀਤ ਹੇਅਰ, ਹਰਪਾਲ ਸਿੰਘ ਚੀਮਾ ਆਦਿ ਸ਼ਾਮਲ ਕੀਤੇ ਗਏ ਹਨ, ਜਿਹੜੇ ਜਲਦੀ ਤੋਂ ਜਲਦੀ ਇਸ ਕੰਮ ਨੂੰ ਨੇਪਰੇ ਚਾੜ੍ਹਨਗੇ! ਇਹ ਕਮੇਟੀ ਇਸ ਖਰੜੇ ਨੂੰ ਕਾਨੂੰਨੀ ਰੂਪ ਦੇਣ ਲਈ ਪੂਰੇ ਯਤਨ ਕਰੇਗੀ।

            ਮੁੱਖ ਮੰਤਰੀ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਵੀ ਸਾਲ 2016 ਵਿੱਚ ਇੱਕ ਅਜਿਹਾ ਹੀ ਕਾਨੂੰਨ ਮੁਲਾਜ਼ਮ ਭਲਾਈ ਐਕਟ 2016 ਪਾਸ ਕੀਤਾ ਗਿਆ ਸੀ, ਜਿਹੜਾ ਕਿ ਕੁੱਝ ਖਾਮੀਆਂ ਕਾਰਨ ਅਦਾਲਤ ਵਿੱਚ ਪਿਆ ਹੈ, ਲਾਗੂ ਨਹੀਂ ਸੀ ਹੋ ਸਕਿਆ। ਇਸ ਤੋਂ ਬਾਅਦ ਪੰਜਾਬ ਵਿੱਚ ਨਵੀਂ ਬਣੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਪੰਜ ਸਾਲ ਠੇਕਾ ਮੁਲਾਜ਼ਮਾਂ ਨੂੰ ਲਾਰੇ ਲਾਉਣ ਉਪਰੰਤ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿੱਲ ਦਾ ਖਰੜਾ ਪੇਸ਼ ਕਰਕੇ ਪਾਸ ਕੀਤਾ ਗਿਆ ਸੀ, ਜਿਸ ਨੂੰ “ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ ਕੰਟਰੈਕਚੂਅਲ ਵਰਕਰ’’ ਦਾ ਨਾਂ ਦਿੱਤਾ ਗਿਆ ਸੀ, ਉਹ ਵੀ ਕਾਨੂੰਨੀ ਅੜਚਣਾਂ ਕਾਰਣ ਗਵਰਨਰ ਪੰਜਾਬ ਦੇ ਦਫ਼ਤਰ ਵਿੱਚ ਪਿਆ ਹੈ। ਕਾਨੂੰਨੀ  ਮਾਨਤਾ ਹਾਸਲ ਨਹੀਂ ਸੀ ਕਰ ਸਕਿਆ।

              ਦੇਖਣ ਨੂੰ ਅਤੇ ਸੁਣਨ ਵਿੱਚ ਮੁੱਖ ਮੰਤਰੀ ਸਾਹਿਬ ਦੀ ਬਿਆਨਬਾਜੀ ਕਿਸੇ ਨੂੰ ਵੀ ਵਧੀਆ ਲੱਗ ਸਕਦੀ ਹੈ। ਅਣਜਾਣ ਠੇਕਾ ਮੁਲਾਜ਼ਮਾਂ ਨੂੰ ਭੁਲੇਖੇ ਪੈਦਾ ਕਰ ਸਕਦੀ ਹੈ। ਸਾਨੂੰ ਇਸ ਬਿਆਨਬਾਜੀ ਦੀ ਅਸਲੀਅਤ ਤੱਕ ਪਹੁੰਚਣ ਲਈ ਕਈ ਪੱਖਾਂ ਨੂੰ ਵਿਚਾਰਨ ਦੀ ਲੋੜ ਹੈ। ਪਹਿਲੀ ਗੱਲ ਇਹ ਕਿ ਮੁੱਖ ਮੰਤਰੀ ਸਾਹਿਬ ਕਿਹੜੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਕਰਦੇ ਹਨ। ਕੀ ਉਨ੍ਹਾਂ ਵਿੱਚ ਆਊਟਸੋਰਸਡ, ਇੰਨਲਿਸਟਮੈਂਟ, ਠੇਕੇਦਾਰ, ਸੁਸਾਇਟੀਆਂ, ਕੰਪਨੀਆਂ ਦੇ ਠੇਕਾ ਮੁਲਾਜ਼ਮਾਂ ਦਾ ਨਾਂ ਸਾਮਲ ਹੈ? ਦੂਸਰੀ ਇਹ ਕੀ ਮੌਜੂਦਾ ਪੰਜਾਬ ਸਰਕਾਰ ਹੁਣ ਸਾਰੇ ਅੜਿੱਕਿਆਂ ਨੂੰ ਦੂਰ ਕਰ ਕੇ ਨਵਾਂ ਕਾਨੂੰਨ ਬਣਾਏਗੀ? ਜਿਹੜੀਆਂ ਕਨੂੰਨੀ ਲਛਮਣ-ਰੇਖਾਵਾਂ ਨੂੰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਅਤੇ ਫੇਰ ਕਾਂਗਰਸ ਸਰਕਾਰ ਉਲੰਘ ਨਹੀਂ ਸਕੀ ਸੀ ਜਾਂ ਜਿੰਨ੍ਹਾਂ ਦੇ ਉਲੰਘਣ ਕਾਰਨ ਇਹ ਬਿੱਲ ਅਦਾਲਤ ਵੱਲੋਂ ਜਾਂ ਫਿਰ ਗਵਰਨਰ ਪੰਜਾਬ ਵੱਲੋਂ ਕਾਨੂੰਨ ਬਣਨ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ? ਸਮੇਂ ਦੀਆਂ ਹਕੂਮਤਾਂ ਅਗਰ ਕੋਈ ਮਾੜੀ ਮੋਟੀ ਰਿਆਇਤ ਮੁਲਾਜ਼ਮਾਂ ਨੂੰ ਦੇ ਕੇ ਆਪਣੀ ਕੁਰਸੀ ਨੂੰ ਬਚਾਉਣ ਦਾ ਹੀਲਾ ਵਰਤ ਰਹੀਆਂ ਸਨ, ਅਦਾਲਤਾਂ ਅਤੇ ਗਵਰਨਰ ਪੰਜਾਬ ਵੱਲੋਂ ਇਹ ਹੀਲੇ ਵੀ ਰੱਦ ਕਰ ਦਿੱਤੇ ਗਏ ਸਨ। ਕੀ ਮੌਜੂਦਾ ਪੰਜਾਬ ਸਰਕਾਰ ਇਨ੍ਹਾਂ ਰੋਕਾਂ ਨੂੰ ਪਾਰ ਕਰਨ ਦਾ ਜ਼ੇਰਾ ਕਰੇਗੀ ਜਾਂ ਫਿਰ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਕਮੇਟੀਆਂ ਦਾ ਗਠਨ ਕਰਕੇ ਪੰਜ ਸਾਲ ਦਾ ਸਮਾਂ ਪੂਰਾ ਕਰੇਗੀ?

             ਪੰਜਾਬ ਸਰਕਾਰ ਦਾ ਅਸਲ ਇਰਾਦਾ ਪਹਿਲਾਂ ਹੀ ਜਾਹਰ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਵੱਲੋਂ ਵਿਧਾਨ ਸਭਾ ’ਚ ਦਿੱਤੇ ਗਏ ਆਪਣੇ ਭਾਸ਼ਣ ਵਿਚ ਆਊਟਸੋਰਸਡ, ਠੇਕਦਾਰਾਂ,ਕੰਪਨੀਆਂ, ਇੰਨਲਿਸਟਮੈਂਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੂਸਰਾ ਪੱਖ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬੱਜਟ ਵਿੱਚ ਸਾਫ ਹੋ ਜਾਂਦਾ ਹੈ, ਕਿਉਂਕਿ ਬੱਜਟ ਵਿੱਚ ਵੀ ਕੰਟਰੈਕਟ, ਐਡਹਾਕ, ਦਿਹਾੜੀਦਾਰ ਅਤੇ ਵਰਕਚਾਰਜ਼ ਕਾਮਿਆਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ ਪਰ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕਿਧਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ! ਤੀਸਰੇ ਨੰਬਰ ਤੇ ਇਸ ਬਿੱਲ ਦੇ ਪਾਸ ਹੋਣ ਤੱਕ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ  ਨੂੰ ਦੂਰ ਕਰਨ ਲਈ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਸ ਕਮੇਟੀ ਦੇ ਗਠਨ ਬਾਰੇ ਲਿਖੇ ਪੱਤਰ ਵਿੱਚ ਵੀ ਆਊਟਸੋਰਸ ਕੰਪਨੀਆਂ  ਇਨਲਿਸਟਿਡ ਠੇਕੇਦਾਰਾਂ ਕਾਮਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿੰਨ੍ਹਾਂ ਦੀ ਗਿਣਤੀ ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਇੱਕ ਲੱਖ ਤੋਂ ਵੀ ਵੱਧ ਬਣਦੀ ਹੈ! ਇਹ ਕਿਸੇ ਅਣਜਾਣਤਾ ਜਾਂ ਭੁਲੇਖੇ ਕਾਰਨ ਨਹੀਂ, ਸਗੋਂ ਇਹ ਕਾਰਪੋਰੇਟ ਪੱਖੀ ਲੁੱਟ ਅਤੇ ਮੁਨਾਫੇ ਦੀ ਨੀਤੀ ਦਾ ਸੋਚਿਆ ਸਮਝਿਆ ਸੱਚ ਹੈ।

                     ਉਪਰੋਕਤ ਤੱਥ ਸਪਸਟ ਕਰਦੇ ਹਨ ਕਿ ਮੌਜੂਦਾ ਸਰਕਾਰ ਦੀ ਬਿਆਨਬਾਜੀ ਅਤੇ ਅਮਲ ਪਹਿਲੀਆਂ ਸਰਕਾਰਾਂ ਨਾਲੋਂ ਵੱਖਰਾ ਨਹੀਂ ਹੈ। ਸਭ ਝੂਠ ਅਤੇ ਧੋਖੇ ਰਾਹੀ ਮੁਲਾਜ਼ਮਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੇ ਤਿੱਖੇ ਹੋ ਚੁੱਕੇ ਸੰਘਰਸ਼ ਰੌਂਅ ’ਤੇ ਠੰਢਾ ਛਿੜਕਣ ਦੀ ਪਹਿਲੀਆਂ ਸਰਕਾਰਾਂ ਨਾਲ ਮੇਲ ਖਾਂਦੀ ਸਾਜਿਸ਼ ਦਾ ਹੀ ਹਿੱਸਾ ਹੈ। ਇਸ ਨੂੰ ਸਮਝਣ ਲਈ ਸਰਕਾਰਾਂ ਦੇ ਕਾਰਪੋਰੇਟ ਪੱਖੀ ਅਮਲ ਨੂੰ ਵੀ ਇਸ ਅਸਲੀਅਤ ਨੂੰ ਸਮਝਣ ਦੀ ਪਰਖ ਕਸਵੱਟੀ ਬਣਾਇਆ ਜਾ ਸਕਦਾ ਹੈ। ਉਹ ਇਹ ਕਿ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਨਿੱਜੀਕਰਨ ਦੇ ਹੱਲੇ ਨੂੰ ਅੱਗੇ ਵਧਾਉਣ ਅਤੇ ਪੱਕੇ ਰੋਜ਼ਗਾਰ ਦੇ ਉਜਾੜੇ ਦੇ ਰਾਹ ਪਈ ਹੋਈ ਹੈ। ਨਿੱਜੀਕਰਨ ਦੇ ਇਸ ਹੱਲੇ ਨੂੰ ਜਿੱਥੇ ਪਹਿਲੀਆਂ ਸਰਕਾਰਾਂ ਛੱਡ ਕੇ ਗਈਆਂ ਸਨ ਮੌਜੂਦਾ ਸਰਕਾਰ ਨੇ ਏਸ ਹੱਲੇ ਅੱਗੇ ਰੁਕਾਵਟ ਬਣਨ ਦੀ ਥਾਂ ਅੱਗੇ ਵਧਾਉਣਾ ਜਾਰੀ ਰੱਖਿਆ ਹੈ। ਬਿਜਲੀ ਖੇਤਰ ਵਿੱਚ ਸਮਾਰਟ ਮੀਟਰ ਲਾਉਣ ਦਾ ਫੈਸਲਾ, ਪਾਣੀਆਂ ਦੇ ਕੇਂਦਰੀਕਰਨ, ਵਿੱਦਿਆ ਦੇ ਕੇਂਦਰੀਕਰਨ, ਵੱਖ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਪੁਨਰਗਠਨ ਯੋਜਨਾ ਲਾਗੂ ਕਰਕੇ ਪਹਿਲਾਂ ਤਹਿ ਰੁਜ਼ਗਾਰ ਦਾ ਉਜਾੜਾ ਕਰਨ ਦੀਆਂ ਇਸ ਅਮਲ ਨੂੰ ਪਰਖਣ ਦੀਆਂ ਸਾਫ ਉਦਾਹਰਨਾਂ ਸਾਡੇ ਸਾਹਮਣੇ ਹਨ! ਦੂਸਰੇ ਨੰਬਰ ’ਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋ ਪਾਸ ਕੀਤਾ ਗਿਆ ਮੁਲਾਜ਼ਮ ਭਲਾਈ ਐਕਟ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਹੱਕ ਪ੍ਰਦਾਨ ਨਹੀਂ ਸੀ ਕਰਦਾ। ਇਹ ਸਿਰਫ 3 ਸਾਲ ਦੀ ਸੇਵਾ ਵਾਲੇ ਆਊਟਸੋਰਸ ਮੁਲਾਜ਼ਮਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਦੀ ਵਜਾਹਤ ਕਰਦਾ ਸੀ। ਕਾਨੂੰਨ ਦਾ ਇਹ ਪੱਖ ਕਾਰਪੋਰੇਟ ਮੁਨਾਫੇ ਦੀਆਂ ਲੋੜਾਂ ਨਾਲ ਬੇਮੇਲ ਸੀ ਇਸ ਲਈ ਇਸ ਕਾਨੂੰਨ ’ਤੇ ਅਦਾਲਤਾਂ ਵੱਲੋਂ ਰੋਕ ਲਾ ਦਿੱਤੀ ਗਈ। ਠੀਕ ਇਸੇ ਤਰ੍ਹਾਂ ਕਾਂਗਰਸ ਹਕੂਮਤ ਵੱਲੋਂ ਸਰਕਾਰ ਬਣਾਉਣ ਸਮੇਂ ਪੰਜਾਬ ਦੇ ਮਿਹਨਤਕਸ਼ ਲੋਕਾਂ ਨਾਲ ਘਰ ਘਰ ਪੱਕਾ ਰੁਜ਼ਗਾਰ ਦੇਣ, ਸਮੂਹ ਠੇਕਾ ਕਾਮਿਆਂ ਨੂੰ ਵਿਭਾਗਾਂ ਵਿੱਚ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਅਮਲ ਦੀ ਪੱਧਰ ’ਤੇ ਇਸ ਸਰਕਾਰ ਵੱਲੋਂ, ਪੁਨਰਗਠਨ ਯੋਜਨਾ ਲਾਗੂ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਪਹਿਲਾਂ ਤੈਅ ਇੱਕ ਲੱਖ ਦੇ ਲਗਭਗ ਖਾਲੀ ਅਸਾਮੀਆਂ ਦਾ ਉਜਾੜਾ ਕੀਤਾ ਗਿਆ। ਪੱਕੇ ਰੋਜ਼ਗਾਰ ਦਾ ਉਜਾੜਾ ਕਰਨ ਉਪਰੰਤ, ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਮੰਤਰੀਆਂ ਦੀ ਪੱਧਰ ’ਤੇ ਲਗਾਤਾਰ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ! ਪਹਿਲੀ ਕਮੇਟੀ ਗੁਰਦਾਸਪੁਰ ਲੋਕ ਸਭਾ ਚੋਣ ਮੌਕੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ, ਦੂਸਰੀ ਕਮੇਟੀ ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ, ਤੀਸਰੀ ਕਮੇਟੀ ਦੇਸ਼ ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਮਿਤੀ 3-7-2019 ਨੂੰ ਮੁੜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿਚ ਬਣਾਈ ਗਈ। ਲਗਾਤਾਰ ਸਾਢੇ ਚਾਰ ਸਾਲ ਕਾਂਗਰਸ ਹਕੂਮਤ ਵੱਲੋਂ ਠੇਕਾ ਮੁਲਾਜ਼ਮਾਂ ਨਾਲ ਧੋਖੇ ਦੀ ਖੇਡ ਖੇਡਣ ਉਪਰੰਤ ਨਵੰਬਰ 2021ਵਿਚ ਪੰਜਾਬ ਪ੍ਰੋਟੈਕਸ਼ਨ ਐਡ ਰੈਗੂਲਰਾਈਜੇਸ਼ਨ ਆਫ ਕੰਟਰੈਕਚੂਅਲ ਐਂਪਲਾਈਜ਼ ਬਿੱਲ 2021 ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰ ਕੇ ਗਵਰਨਰ ਪੰਜਾਬ ਨੂੰ ਭੇਜ ਦਿੱਤਾ ਗਿਆ। ਪੰਜਾਬ ਅੰਦਰ ਪ੍ਰਚਾਰ ਕੀਤਾ ਗਿਆ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਪੰਜਾਬ ਦੇ 36000 ਠੇਕਾ ਮੁਲਾਜ਼ਮ ਪੱਕੇ ਹੋ ਜਾਣਗੇ। ਪਰ ਸੱਚ ਇਹ ਹੈ ਕਿ ਇਹ ਬਿੱਲ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਵੱਲੋਂ ਸਾਲ 2016 ਵਿੱਚ ਪਾਸ ਕੀਤੇ ਗਏ ਮੁਲਾਜ਼ਮ ਭਲਾਈ ਐਕਟ ਨਾਲੋਂ ਕਿਵੇਂ ਵੀ ਵੱਖਰਾ ਨਹੀਂ ਸੀ,ਕਿਉਂਕਿ ਇਹ ਬਿੱਲ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਹੋਣ ਦੇ ਘੇਰੇ ਤੋਂ ਬਾਹਰ ਕਰਦਾ ਸੀ। ਇਹ ਬਿੱਲ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਹੱਕ ਪ੍ਰਦਾਨ ਨਹੀਂ ਸੀ ਕਰਦਾ। ਇਹ ਬਿੱਲ ਸਿਰਫ ਸਿੱਧੀ ਸਰਕਾਰ ਵੱਲੋਂ ਭਰਤੀ ਉਨ੍ਹਾਂ ਮੁਲਾਜ਼ਮਾਂ ’ਤੇ ਲਾਗੂ ਹੋਣ ਯੋਗ ਸੀ ਜਿੰਨ੍ਹਾਂ ਦੀ ਬਤੌਰ ਠੇਕਾ ਮੁਲਾਜ਼ਮ ਸੇਵਾ ਦੇ ਦਸ ਸਾਲ ਪੂਰੇ ਹੋ ਚੁੱਕੇ ਸਨ। ਪਰ ਤਿੱਖੀ ਲੁੱਟ ਅਤੇ ਮੁਨਾਫੇ ਦੀ ਲੋੜ ਕਾਰਣ ਕਾਰਪੋਰੇਟ ਘਰਾਣਿਆਂ ਨੂੰ ਇਹ ਵੀ ਰਾਸ ਨਹੀਂ ਸੀ ਬੈਠਦਾ। ਇਹ ਵੀ ਉਹਨਾਂ ਦੇ ਮੁਨਾਫ਼ਿਆਂ ਦੀ ਲੋੜ ਨਾਲ ਬੇਮੇਲ ਸੀ। ਇਸ ਲਈ ਸਰਕਾਰ ਨੇ ਭਾਵੇਂ ਵਿਧਾਨ ਸਭਾ ’ਚ ਇਹ ਬਿੱਲ ਪਾਸ ਕਰ ਦਿੱਤਾ ਸੀ, ਪਰ ਕਾਰਪੋਰੇਟ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਵਰਨਰ ਪੰਜਾਬ ਵੱਲੋਂ ਇਹ ਬਿੱਲ ਵੀ ਰੋਕ ਦਿੱਤਾ ਗਿਆ। ਸਰਕਾਰੀ ਸੇਵਾਵਾਂ ਵਿੱਚ ਸਿੱਧੀ, ਆਊਟਸੋਰਸਡ ਠੇਕੇਦਾਰਾਂ ਕੰਪਨੀਆਂ ਅਤੇ ਇਨਲਿਸਟਿਡ ਭਰਤੀ ਵਿਚੋਂ ਕਿਸੇ ਇੱਕ ਵੀ ਠੇਕਾ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਗਿਆ।

                  ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੱਖਰੀ ਨਹੀਂ ਹੈ। ਇਸ ਦੇ ਨਿੱਜੀਕਰਨ ਦੇ ਹਮਲੇ ਨੂੰ ਲਾਗੂ ਕਰਨ ਦਾ ਪੱਖ ਅਸੀਂ ਪਹਿਲਾਂ ਜ਼ਿਕਰ ਅਧੀਨ ਲਿਆ ਕੇ ਦੱਸ ਚੁੱਕੇ ਹਾਂ ਤੇ ਨਿੱਜੀਕਰਨ ਦੇ ਹਮਲੇ ਨੂੰ ਲਾਗੂ ਕਰਨ ਵਿੱਚ ਮੌਜੂਦਾ ਸਰਕਾਰ ਦਾ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਅੰਤਰ ਨਹੀਂ ਹੈ। ਇਸੇ ਹੀ ਤਰ੍ਹਾਂ ਪੱਕਾ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਵੀ ਇਸ ਦਾ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਵਖਰੇਵਾਂ ਨਹੀਂ ਹੈ। ਕਿਉਂਕਿ ਕਾਂਗਰਸ ਹਕੂਮਤ ਦੀ ਤਰ੍ਹਾਂ ਇਸ ਨੇ ਵੀ ਰਾਜ ਗੱਦੀ ’ਤੇ ਬਿਰਾਜਮਾਨ ਹੁੰਦੇ ਸਾਰ, ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਜਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਪੁਨਰ-ਗਠਨ ਯੋਜਨਾ ਲਾਗੂ ਕਰਦੇ ਹੋਏ ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਪਹਿਲਾਂ ਤਹਿ ਹਜ਼ਾਰਾਂ ਰੁਜ਼ਗਾਰ ਸੋਮਿਆਂ ਦਾ ਉਜਾੜਾ ਕਰਨ ਤੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਹੈ । ਅਗਰ ਇਸ ਸਰਕਾਰ ਵਿੱਚ  ਥੋੜ੍ਹੀ ਬਹੁਤ ਇਮਾਨਦਾਰੀ ਹੁੰਦੀ ਜਾਂ ਠੇਕਾ ਮੁਲਾਜ਼ਮਾਂ ਨਾਲ ਭੋਰਾ-ਭਰ ਵੀ ਹਮਦਰਦੀ ਹੁੰਦੀ ਤਾਂ ਪਹਿਲਾਂ ਤਹਿ ਪੱਕੇ ਰੋਜ਼ਗਾਰ ਦਾ ਭੋਗ ਪਾਉਣ ਤੋਂ ਪਹਿਲਾਂ ਇਨ੍ਹਾਂ ਖਾਲੀ ਅਸਾਮੀਆਂ ’ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਂਦਾ। ਬਾਹਰੋਂ ਪੱਕੀ ਭਰਤੀ ਕਰਨ ਦੇ ਐਲਾਨ ਤੋਂ ਪਹਿਲਾਂ ਠੇਕੇ ’ਤੇ ਭਰਤੀ ਕਾਮਿਆਂ ਨੂੰ ਰੈਗੂਲਰ ਕੀਤਾ ਜਾਂਦਾ। ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਵੀ ਕਾਂਗਰਸ ਹਕੂਮਤ ਦੀ ਤਰ੍ਹਾਂ, ਪੱਕੇ ਰੁਜ਼ਗਾਰ ਦਾ ਭੋਗ ਪਾਉਣ ਉਪਰੰਤ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ। ਸਮੂਹ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਪਹਿਲਾਂ ਹੀ ਬਾਹਰੋਂ ਰੈਗੂਲਰ ਭਰਤੀ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਜਦ ਕਿ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਨਾਲ ਸਾਲਾਂ ਬੱਧੀ ਅਰਸੇ ਦਾ ਕੰਮ ਦਾ ਤਜਰਬਾ ਰੱਖਦੇ ਠੇਕਾ ਮੁਲਾਜ਼ਮਾਂ ਦੀ ਇੱਕ ਵਿਸ਼ਾਲ ਗਿਣਤੀ, ਰੈਗੂਲਰ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਵੀ ਹੋਰ ਅੱਗੇ ਆਊਟਸੋਰਸਡ ਠੇਕੇਦਾਰਾਂ ਇਨਲਿਸਟਮੈਂਟ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮੁੱਖ ਮੰਤਰੀ ਸਾਹਿਬ ਦੇ ਭਾਸਣ ਵਿੱਚ, ਬਜਟ ਵਿੱਚ ਅਤੇ ਮੰਤਰੀਆਂ ਦੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਾਈ ਗਈ ਕਮੇਟੀ ਦੇ ਸਬੰਧ ਵਿੱਚ ਜਾਰੀ ਕੀਤੇ ਪੱਤਰ ਵਿੱਚ ਜ਼ਿਕਰ ਤੱਕ ਨਾ ਕਰਨਾ ਇਹ ਸਰਕਾਰ ਦੇ ਭੁਲੇਖੇ ਦਾ ਮਾਮਲਾ ਨਹੀਂ, ਸਗੋਂ ਉਸ ਦੀ ਮੁਲਾਜ਼ਮ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਅਸਲੀਅਤ ਨੂੰ ਹੀ ਜੱਗ ਜਾਹਰ ਕਰਦਾ ਹੈ। ਇਉਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਹੇਠ ਬਣਾਈ ਗਈ ਕਮੇਟੀ, ਪਹਿਲੀਆਂ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਕਮੇਟੀਆਂ ਤੋਂ ਕੋਈ ਵੱਖਰੀ ਚੀਜ਼ ਨਹੀਂ ਹੈ! ਇਹ ਤਾਂ ਸਿਰਫ ਮੁਲਾਜ਼ਮਾਂ ਨੂੰ ਸਾਜਿਸ਼ ਤਹਿਤ ਸੰਘਰਸ਼ ਦੇ ਦਰੁਸਤ ਰਾਹ ਤੋਂ ਲਾਂਭੇ ਕਰਨ ਦੀ ਇੱਕ ਗਿਣੀ-ਮਿਥੀ  ਸਾਜਿਸ਼ ਹੈ, ਜਿਸ ਨੂੰ ਅਸੀਂ ਪਿਛਲੇ ਦਸ ਸਾਲਾਂ ਤੋਂ ਹੱਡੀਂ ਹੰਢਾਉਂਦੇ ਆ ਰਹੇ ਹਾਂ।

               ਇਸ ਲਈ ਸਾਡੀ ਪੰਜਾਬ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਸਰਕਾਰੀ ਚਾਲਾਂ ਤੋਂ ਸੁਚੇਤ ਰਹਿਣ। ਕਿਉਂਕਿ ਮੌਜੂਦਾ ਸਰਕਾਰ ਦਾ ਅਮਲ ਇਸ ਸੱਚ ਦੀ ਪੁਸ਼ਟੀ ਕਰਦਾ ਹੈ ਕਿ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਕਾਰਪੋਰੇਟ ਘਰਾਣਿਆਂ ਦੀ ਪੈਰੋਕਾਰ ਹੈ। ਉਨ੍ਹਾਂ ਦੀ ਲੁੱਟ ਅਤੇ ਮੁਨਾਫੇ ਦੀਆਂ ਲੋੜਾਂ ਅਨੁਸਾਰ, ਅਮਲ ਕਰਨ ਲਈ ਵਚਨਬੱਧ ਹੈ! ਪੱਕਾ ਰਜ਼ਗਾਰ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਦੀਆਂ ਲੋੜਾਂ ਨਾਲ ਬੇਮੇਲ ਹੈ, ਇਸ ਲਈ ਇਸ ਸਰਕਾਰ ਪਾਸੋਂ ਪੱਕੇ ਰੁਜ਼ਗਾਰ ਦੀ ਆਸ ਕਰਨਾ ਆਪਣੇ ਆਪ ਨਾਲ ਧੋਖਾ ਕਰਨਾ ਹੋਵੇਗਾ! ਇਸ ਲਈ ਸਾਡੀ ਸਮੂਹ ਠੇਕਾ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਸਰਕਾਰਾਂ ਤੋਂ ਝਾਕ ਛੱਡ ਕੇ ਸੰਘਰਸ਼ ਦੇ ਝੰਡੇ ਨੂੰ ਬੁਲੰਦ ਕੀਤਾ ਜਾਵੇ! ਸੰਘਰਸ਼ ਦੀ ਤਾਕਤ ਦੇ ਜ਼ੋਰ ਜਿਵੇਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਨੂੰ ਕਾਰਪੋਰੇਟ-ਪੱਖੀ  ਖੇਤੀ ਕਾਨੂੰਨਾਂ ਦੀ ਵਾਪਸੀ ਲਈ ਮਜ਼ਬੂਰ ਕਰਕੇ ਕਿਸਾਨ ਹਿੱਤਾਂ ਦੀ ਰਾਖੀ ਕੀਤੀ ਗਈ ਹੈ। ਠੀਕ ਸੰਘਰਸ਼ ਦੇ ਇਸ ਰਾਹ ’ਤੇ ਚੱਲ ਕੇ ਠੇਕਾ ਮੁਲਾਜ਼ਮ ਆਪਣੇ ਸਰਕਾਰੀ ਵਿਭਾਗਾਂ ਵਿਚ ਰੈਗੂਲਰ ਹੋਣ ਦੇ ਹੱਕ ਦੀ ਪ੍ਰਾਪਤੀ ਦੇ ਨਾਲ ਨਾਲ ਬਿਹਤਰ  ਜ਼ਿੰਦਗੀ  ਜਿਊਣ ਦਾ ਹੱਕ ਵੀ ਲਾਜ਼ਮੀ ਹਾਸਲ ਕਰਨ ’ਚ ਕਾਮਯਾਬ ਹੋ ਸਕਣਗੇ। ਵਿਸ਼ਾਲ ਏਕਤਾ ਅਤੇ ਸਾਂਝੇ ਸੰਘਰਸ਼ ਦਾ ਰਾਹ ਹੀ ਹੱਕਾਂ ਦੀ ਪ੍ਰਾਪਤੀ ਅਤੇ ਰਾਖੀ ਦਾ ਇੱਕੋ ਇੱਕ ਦਰੁਸਤ ਰਾਹ ਹੈ।

ਜਾਰੀ ਕਰਤਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।       

ਸਮੂਹ ਵਿਭਾਗਾਂ ਅੰਦਰ ਰੈਗੂਲਰ ਹੋਣ ਲਈ ਜੂਝ ਰਹੇ ਠੇਕਾ ਮੁਲਾਜ਼ਮ

 ਸਮੂਹ ਵਿਭਾਗਾਂ ਅੰਦਰ ਰੈਗੂਲਰ ਹੋਣ ਲਈ ਜੂਝ ਰਹੇ ਠੇਕਾ ਮੁਲਾਜ਼ਮ

ਪੰਜਾਬ ਭਰ ਦੇ ਠੇਕਾ ਕਾਮੇ ਵੱਖ-2 ਸਮੂਹ ਵਿਭਾਗਾਂ ਅੰਦਰ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ  ਕਾਫ਼ੀ ਲੰਬੇ ਅਰਸੇ ਤੋਂ ਜੂਝ ਰਹੇ ਹਨ। ਉਹਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਸਮੂਹ ਠੇਕਾ ਮੁਲਾਜ਼ਮਾਂ ਨੂੰ ਆਪਣੇ ਪਿਤਰੀ ਵਿਭਾਗਾਂ ਅੰਦਰ ਰੈਗੂਲਰ ਕਰਨ ਦੇ ਵਾਅਦੇ ਨਾਲ ਇਹਨਾਂ ਮੁਲਾਜ਼ਮਾਂ ਦੀਆਂ ਵੋਟਾਂ ਵਟੋਰਨ ਵਾਲੀ ‘ਆਪ’ ਸਰਕਾਰ ਤੋਂ ਠੇਕਾ ਮੁਲਾਜ਼ਮਾਂ ਦੇ ਕੁੱਝ ਹਿੱਸੇ ਨੂੰ ਆਪਣੇ ਵਿਭਾਗਾਂ ਅੰਦਰ ਪੱਕੇ ਹੋਣ ਦੀ ਆਸ ਬੱਝੀ ਸੀ, ਕਿਉਂਕਿ ਉਸਦਾ ਦਾਅਵਾ ਸੀ ਕਿ ਸਭਨਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ  ਜਾਵੇਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਠੇਕਾ ਮੁਲਾਜ਼ਮਾਂ ਤੇ ਕਾਮਿਆਂ ਨੂੰ ਪੱਕੇ ਕਰਨ ਦੀ ਥਾਂ , ਡੰਗ ਟਪਾਊ, ਲਮਕਾਉਣ ਤੇ ਥਕਾਉਣ ਆਦਿ ਦੀ ਨੀਤੀ ਤੇ ਚੱਲ ਰਹੀ ਹੈ। ਵਾਰ-2 ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਮੀਟਿੰਗ ਕਰਨ ਤੋਂ ਭੱਜ ਰਹੀ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਆਪ ਸਰਕਾਰ ਵੀ  ਸਾਮਰਾਜੀ ਵਿਕਾਸ ਮਾਡਲ ਦੀਆਂ ਨੀਤੀਆਂ ਲਾਗੂ ਕਰਨ ਦੀ ਹਾਮੀ ਹੈ। 

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਸੰਘਰਸ਼ ਦਾ ਪੈੜ੍ਹਾ ਬੰਨ੍ਹਦਿਆਂ ਹੋਇਆ 28 ਮਈ ਤੋਂ 5 ਜੂਨ ਤੱਕ ਪੰਜਾਬ ਦੇ ਸਮੁੱਚੇ ਕੈਬਨਿਟ ਮੰਤਰੀਆਂ ਦੇ ਘਰਾਂ ਤੱਕ ਰੋਸ ਮਾਰਚ ਕਰਦੇ ਹੋਏ ਚੌਥੀ ਵਾਰ ਮੰਗ ਪੱਤਰ ਦਿੱਤਾ ਗਿਆ। 15 ਜੂਨ ਨੂੰ ਮੋਰਚੇ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਰੈਲੀ ਕੀਤੀ ਗਈ ਅਤੇ ਪਟਿਆਲਾ-ਬਠਿੰਡਾ ਸੜਕ ਜਾਮ ਕੀਤੀ ਗਈ। ਇਸ ਮੌਕੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੱਖ-ਵੱਖ ਵਿਭਾਗਾਂ  ਵਿੱਚ ਆਊਟਸੋਰਸ, ਇੰਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ, ਕੇਂਦਰੀ ਸਕੀਮਾਂ ਤੇ ਠੇਕੇਦਾਰੀ ਸਿਸਟਮ ਆਦਿ ਰਾਹੀਂ ਕੰਮ ਕਰਦੇ ਸਮੂਹ ਮੁਲਜ਼ਾਮਾਂ ਨੂੰ ਬਿਨ੍ਹਾਂ ਕਿਸੇ ਸ਼ਰਤ ਆਪਣੇ ਪਿੱਤਰੀ ਵਿਭਾਗਾਂ ਅੰਦਰ ਰੈਗੂਲਰ ਕੀਤਾ ਜਾਵੇ। ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ,  ਠੇਕਾ ਮੁਲਾਜ਼ਮਾਂ ਦੀ ਛਾਂਟੀ ਬੰਦ ਕੀਤੀ ਜਾਵੇ ਤੇ ਬਰਾਬਰ ਕੰਮ ਲਈ, ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤਾ ਜਾਵੇ।

ਇਸੇ ਤਰ੍ਹਾਂ ਸਿਹਤ ਵਿਭਾਗ ਅੰਦਰ ਕੰਟਰੈਕਟ ’ਤੇ ਲਗਭਗ 15 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੀਆਂ ਮਲਟੀਪਰਪਜ਼ ਹੈਲਥ ਫੀਮੇਲ ਵਰਕਰਾਂ ਵੱਲੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਅਤੇ ਸਿੱਧੀ ਰੈਗੂਲਰ ਭਰਤੀ ਕਰਨ ਦੀ ਬਜਾਏ, ਸ਼ਰਤਾਂ ਪੂਰੀਆ ਕਰਨ ਵਾਲੀਆਂ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਸੰਬੰਧੀ ਉਹਨਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ ਤੇ ਸੰਗਰੂਰ-ਪਟਿਆਲਾ ਬਾਈਪਾਸ ਰੋਡ ਜਾਮ ਕਰਕੇ ਮੁਜ਼ਾਹਰਾ ਕੀਤਾ ਗਿਆ।

‘ਕਰੋਨਾ ਕਾਲ’ ਦੌਰਾਨ ਭਰਤੀ ਕੀਤੇ ‘ਕਰੋਨਾ ਯੋਧੇ’ ਜਿਨ੍ਹਾਂ ਦੀ ਬਾਅਦ ’ਚ ਛਾਂਟੀ ਕਰ ਦਿੱਤੀ ਗਈ, ਉਹਨਾਂ ਨੇ ਵੀ ਆਪਣੀ ਨੌਕਰੀ ਬਹਾਲੀ ਲਈ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਕੱਚੇ ਅਧਿਆਪਕਾਂ ਵੱਲੋਂ ਵੀ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਰੈਲੀ ਕਰਕੇ ਆਪਣੇ ਰੈਗੂਲਰ ਹੋਣ ਦੀ ਮੰਗ ਕੀਤੀ। ਇਉਂ ਹੀ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਪੱਕੇ ਹੋਣ ਲਈ ਅਤੇ ਆਪਣੀਆਂ ਹੋਰ ਮੰਗਾਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਅੰਦਰ ਵੱਖ-ਵੱਖ ਕੈਟਾਗਿਰੀਆਂ ਅਧੀਨ ਵੱਡੀ ਗਿਣਤੀ ਠੇਕਾ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਲਈ ਸੰਘਰਸ਼ ਕਰ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮ ਨੂੰ ਰੈਗੂਲਰ ਕਰਨ ਦੀ ਬਜਾਏ ਵਿਭਾਗਾਂ ਦੇ ਪੁਨਰਗਠਨ ਦੇ ਨਾਂ ’ਤੇ ਪੀ.ਐਸ.ਪੀ.ਸੀ.ਐਲ. ਵਿੱਚੋਂ ਸਰਕਾਰੀ ਵੈਬਸਾਈਟ ’ਤੇ ਹਜ਼ਾਰਾਂ ਮੁਲਾਜ਼ਮਾਂ ਦੀ ਕੰਟਰੈਕਟਚੁਅਲ ਅਧੀਨ ਚੜ੍ਹੇ ਡਾਟੇ ਦੀ ਐਂਟਰੀ ਡੀਲੀਟ ਕਰ ਦਿੱਤੀ। ਜਿਸ ਕਾਰਨ ਉਹਨਾਂ ਦੇ ਰੁਜ਼ਗਾਰ ਖਤਮ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ। ਇਸ ਤੋ ਉਲਟ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਪਾਵਰਕੌਮ ਅਤੇ ਮਾਲ ਵਿਭਾਗਾਂ ਦੇ ਰਿਟਾਇਰੀ ਮੁਲਾਜ਼ਮਾਂ ਨੂੰ ਮੁੜ ਠੇਕੇ ’ਤੇ ਭਰਤੀ ਕਰਨ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। 

ਰੁਜ਼ਗਾਰ ਖੇਤਰ ’ਚ ਉਸੇ ਨੀਤੀ ਨੂੰ ਜਾਰੀ ਰੱਖਣ ਰਾਹੀਂ ਵੀ ਜ਼ਾਹਰ ਹੋ ਰਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਿੱਜੀਕਰਨ, ਉਦਾਰੀਕਰਨ ਤੇ ਸਾਮਰਾਜੀ ਨੀਤੀਆਂ ’ਤੇ ਪਹਿਰਾ ਦੇ ਰਹੀ। ਉਹ ਇਹਨਾਂ ਨੀਤੀਆਂ ਨੂੰ ਅੱਗੇ ਵਧਾਉਣ ਤੋਂ ਪਿਛਲੀਆਂ ਸਰਕਾਰਾਂ ਤੋਂ ਕਿਸੇ ਗੱਲ ਤੋਂ ਘੱਟ ਨਹੀਂ। ਜਿਸ ਕਰਕੇ ਠੇਕਾ ਮੁਲਾਜ਼ਮਾਂ ਦੀ ਲੜ੍ਹਾਈ ਇਹਨਾਂ ਨੀਤੀਆਂ ਨੂੰ ਮੋੜਾ ਦੇਣ ਦੀ ਲੜ੍ਹਾਈ ਹੈ। ਇਸ ਕਰਕੇ ਠੇਕਾ ਮੁਲਾਜ਼ਮ ਤੇ ਕਾਮਿਆਂ ਦਾ ਸ਼ੰਘਰਸ਼ ਵਧੇਰੇ ਦਿ੍ਰੜ ਤੇ ਖਾੜਕੂ ਘੋਲ ਦੀ ਮੰਗ ਕਰਦਾ ਹੈ। ਉਹਨਾਂ ਦਾ ਸੰਘਰਸ਼ ਸਾਮਰਾਜੀ ਨੀਤੀਆਂ ਦੇ ਖ਼ਿਲਾਫ਼ ਸੇਧਤ ਹੋਣਾ ਚਾਹੀਦਾ ਹੈ। ਇਸ ਸੰਘਰਸ਼ ਨੂੰ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਹੱਕੀ ਸੰਘਰਸ਼ ਨਾਲ ਸਾਂਝ ਉਸਾਰਦਿਆਂ ਅੱਗੇ ਵਧਾਉਣਾ ਚਾਹੀਦਾ ਹੈ।   

ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖਿਲਾਫ਼ ਵਿਦਿਆਰਥੀ ਸੰਘਰਸ਼

 ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖਿਲਾਫ਼ ਵਿਦਿਆਰਥੀ ਸੰਘਰਸ਼

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਗੀਤਾ ਭੱਲਾ ਨਾਂ ਦੀ ਪ੍ਰੋਫੈਸਰ ਵੱਲੋਂ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਕੇਂਦਰੀ ਨਿਯਮਾਂ ਅਨੁਸਾਰ ਤਨਖਾਹਾਂ ਦੇਣ ਤੇ ਸੇਵਾਕਾਲ ’ਚ ਵਾਧੇ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਹਰਿਆਣਾ ਹਾਈ ਕੋਰਟ ’ਚ ਕੇਸ ਲਾਇਆ ਗਿਆ ਜਿਸਦੀ 19 ਮਈ ਨੂੰ ਹੋਈ ਪਹਿਲੀ ਸੁਣਵਾਈ ਦੌਰਾਨ ਹੀ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇੱਕ ਵਿਵਾਦਤ ਫੈਸਲਾ ਸੁਣਾਇਆ ਗਿਆ। ਵਿਵਾਦਿਤ ਫੈਂਸਲੇ ਦੇ ਵਿੱਚ ਕੋਰਟ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਮੁਲਾਜਮਾਂ ਦੇ ਮਸਲੇ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ੍ਹ ਨੂੰ ਆਵਦੇ ਅਧਿਕਾਰ ਖੇਤਰ ’ਚ ਲੈ ਲੈਣਾ ਚਾਹੀਦਾ ਹੈ। ਇਸ ਫੈਸਲੇ ਤੋਂ ਬਾਅਦ ਪੀ.ਐਸ.ਯੂ. ਸ਼ਹੀਦ ਰੰਧਾਵਾ ਵੱਲੋਂ ਇਸ ਮਸਲੇ ’ਤੇ  26 ਮਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ’ਚ ਪਹੁੰਚੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਪੂਰਾ ਦਿਨ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ 9 ਜੂਨ ਨੂੰ ਮੁਹਾਲੀ ਵਿਖੇ ਇਕੱਠੇ ਹੋ ਕੇ ਗਵਰਨਰ ਹਾਊਸ ਚੰਡੀਗੜ੍ਹ੍ਹ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਦੋ ਮੰਗ ਪੱਤਰ ਬਣਾਏ ਗਏ ਜਿਨ੍ਹਾਂ ਰਾਹੀਂ  ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਬੰਦ ਕਰੋ, ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੇ ਕੇਂਦਰੀਕਰਨ, ਨਿੱਜੀਕਰਨ ਤੇ ਭਗਵਾਂਕਰਨ ਕਰਨ ਦੀ ਨੀਤੀ ਰੱਦ ਕਰੋ ਅਤੇ ਪੰਜਾਬ ਦੇ ਸਭਨਾਂ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਵਿੱਤੀ ਜਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ। 9 ਜੂਨ ਦੇ ਇਸ ਪ੍ਰੋਗਰਾਮ ਦੀ ਤਿਆਰੀ ’ਚ ਜੱਥੇਬੰਦੀਆਂ ਵਲੋਂ ਪੰਜਾਬ ਦੀਆਂ ਚਾਰੋਂ ਯੂਨੀਵਰਸਿਟੀਆਂ ਸਮੇਤ  ਵੱਡੀ ਗਿਣਤੀ ਕਾਲਜਾਂ ’ਚ ਮੀਟਿੰਗਾਂ, ਰੈਲੀਆਂ, ਮਾਰਚਾਂ, ਹੱਥ ਪਰਚਿਆਂ, ਸੋਸ਼ਲ ਮੀਡੀਆ, ਪੋਸਟਰਾਂ ਤੇ ਪੋਸਟਾਂ ਰਾਹੀਂ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਗਿਆ। ਵਿਦਿਆਰਥੀ ਜਥੇਬੰਦੀਆਂ ਦੇ ਆਵਦੀਆਂ ਹੱਕੀ ਮੰਗਾਂ ਸਬੰਧੀ ਚੰਡੀਗੜ੍ਹ੍ਹ ’ਚ ਮਾਰਚ ਕਰਨ ਦੇ ਜਮਹੂਰੀ ਹੱਕ ’ਤੇ  ਡਾਕਾ ਮਾਰਦਿਆਂ ਪੰਜਾਬ ਸਰਕਾਰ ਵੱਲੋਂ 6 ਜੂਨ ਨੂੰ 31 ਜੁਲਾਈ ਤੱਕ ਮੁਹਾਲੀ ਦੇ ਵਿੱਚ ਧਾਰਾ 144 ਤਹਿਤ ਧਰਨੇ/ ਪ੍ਰਦਰਸ਼ਨ ਕਰਨ ’ਤੇ  ਪੂਰਨ ਪਾਬੰਦੀ ਲਗਾ ਦਿੱਤੀ। ਪ੍ਰੰਤੂ ਵਿਦਿਆਰਥੀ ਜਥੇਬੰਦੀਆਂ ਇਕੱਠੇ ਹੋਣ ਤੇ ਪ੍ਰਦਰਸ਼ਨ ਕਰਨ ਦਾ ਜਮਹੂਰੀ ਹੱਕ ਪੁਗਾਉਣ ਲਈ ਰੈਲੀ ਤੇ ਮਾਰਚ ਕਰਨ ਦੇ ਫੈਸਲੇ ’ਤੇ  ਡਟੀਆਂ ਰਹੀਆਂ। 9 ਜੂਨ ਨੂੰ ਨੌੰ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ’ਚ ਪੰਜਾਬ ਭਰ ਤੋਂ ਕਾਫ਼ਲਿਆਂ ਦੇ ਰੂਪ ’ਚ ਪਹੁੰਚੇ ਸੈਂਕੜੇ ਵਿਦਿਆਰਥੀਆਂ ਵੱਲੋਂ ਮੁਹਾਲੀ ਦੇ ਵਿੱਚ ਰੈਲੀ ਕੀਤੀ ਗਈ ਜਿਸ ਨੂੰ ਵਿਦਿਆਰਥੀ ਜਥੇਬੰਦੀਆਂ ਦੇ ਵੱਖ ਵੱਖ  ਬੁਲਾਰਿਆਂ ਨੇ ਸੰਬੋਧਨ ਕੀਤਾ। ਰੈਲੀ ਉਪਰੰਤ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ’ਚ ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ ਨੂੰ ਮਾਰਚ ਸ਼ੁਰੂ ਹੋਇਆ। ਚੰਡੀਗੜ੍ਹ ਬਾਰਡਰ ਤੋਂ ਲਗਪਗ ਇੱਕ ਹਜ਼ਾਰ ਮੀਟਰ ਪਿੱਛੇ ਪੰਜਾਬ ਸਰਕਾਰ ਵੱਲੋਂ ਮਾਰਚ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋਂ ਵਿਦਿਆਰਥੀ  ਅੱਗੇ ਵਧੇ ਤਾਂ ਪੰਜਾਬ ਪੁਲੀਸ ਵੱਲੋਂ ਵਿਦਿਆਰਥੀਆਂ ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ, ਪੁਲੀਸ ਮੁਲਾਜ਼ਮਾਂ ਵੱਲੋਂ ਵਿਦਿਆਰਥੀ ਕਾਫਲੇ ’ਚ ਸ਼ਾਮਿਲ ਕੁੜੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਪੁਲਿਸ ਲਗਪਗ ਤੀਹ ਮਿੰਟ ਵਿਦਿਆਰਥੀਆਂ ਨੂੰ ਰੋਕਣ ਲਈ ਲਾਠੀਚਾਰਜ ਕਰਦੀ ਰਹੀ ਪ੍ਰੰਤੂ ਵਿਦਿਆਰਥੀ ਡਟੇ ਰਹੇ। ਅਖੀਰ ਵਿਦਿਆਰਥੀ ਪੰਜਾਬ ਪੁਲੀਸ ਦੀ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਵਧ ਗਏ ਤੇ ਇੰਨੇ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਵਿਦਿਆਰਥੀ ਆਗੂਆਂ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਸੁਨੇਹਾ ਆ ਗਿਆ। 9 ਵਿਦਿਆਰਥੀ ਜਥੇਬੰਦੀਆਂ ਦੇ ਆਗੂ ਅਧਿਕਾਰੀਆਂ ਨੂੰ ਮਿਲਣ ਲਈ ਗਏ। ਮੰਗ ਪੱਤਰ ਸੌਂਪਿਆ ਤੇ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਦੇ ਜਿੰਮੇਵਾਰ ਨੁਮਾਇੰਦਿਆਂ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ। ਅਧਿਕਾਰੀਆਂ ਵੱਲੋਂ ਕੇਂਦਰੀ ਸਰਕਾਰ ਦੀ ਜਿੰਮੇਵਾਰ ਨੁਮਾਇੰਦਿਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੁਆ ਕੇ ਅਗਲੇ ਦਿਨ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਨਵਰਾਜ ਸਿੰਘ ਬਰਾੜ ਨਾਲ ਮੀਟਿੰਗ ਕਰਵਾਉਣ ਲਈ ਲਿਖਤੀ ਪੱਤਰ ਦੇ ਦਿੱਤਾ ਜਿਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਰੈਲੀ ਸਮਾਪਤ ਕੀਤੀ ਗਈ । 

ਅਗਲੇ ਦਿਨ 10 ਜੂਨ ਨੂੰ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਮੁੱਖ ਮੰਤਰੀ ਦੇ ਓਐੱਸਡੀ ਨਵਰਾਜ ਸਿੰਘ ਬਰਾੜ ਨਾਲ ਚੰਡੀਗੜ੍ਹ੍ਹ ਸੀਐਮ ਹਾਊਸ ਵਿਖੇ ਮੀਟਿੰਗ ਕੀਤੀ ਜਿਸ ਦੇ ਵਿੱਚ ਮੁੱਖ ਮੰਤਰੀ ਦੇ ਓਐਸਡੀ ਨੇ ਪੰਜਾਬ ਹਰਿਆਣਾ ਹਾਈ ਕੋਰਟ ’ਚ ਪੰਜਾਬ ਯੂਨੀਵਰਸਿਟੀ ਦੇ ਚੱਲ ਰਹੇ ਕੇਸ ’ਚ ਪੰਜਾਬ ਸਰਕਾਰ  ਨੂੰ ਧਿਰ ਬਣਾਏ ਜਾਣ ਸਬੰਧੀ ਅਣਜਾਣਤਾ ਦਾ ਪ੍ਰਗਟਾਵਾ ਕੀਤਾ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਲਦੀ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿਵਾਇਆ ਪਰੰਤੂ ਓਐੱਸਡੀ ਦਾ ਵਾਅਦਾ ਵਫ਼ਾ ਨਾ ਹੋਇਆ। ਦੁਬਾਰਾ ਫਿਰ ਪੀ.ਐਸ.ਯੂ. ਸ਼ਹੀਦ ਰੰਧਾਵਾ ਵੱਲੋਂ ਪਹਿਲ ਕਦਮੀ ਲੈਂਦਿਆਂ ਚੱਲ ਰਹੇ ਸੰਘਰਸ਼ ਨੂੰ ਅੱਗੇ ਵਧਾਉਣ ਲਈ 24 ਜੂਨ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੇ ਸੰਗਰੂਰ ਜ਼ਿਮਨੀ ਚੋਣ ਨੂੰ ਦੇਖਦਿਆਂ 15 ਜੂਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ। ਜਿਸ ਵਿਚ ਨੌਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਗਠਨ ਕੀਤਾ ਗਿਆ ਅਤੇ 20 ਜੂਨ ਨੂੰ ਸੰਗਰੂਰ ਬਨਾਸਰ ਬਾਗ ’ਚ ਇਕੱਠੇ ਹੋ ਕੇ ਭਾਜਪਾ ਦਫਤਰ ਵੱਲ ਮਾਰਚ ਕਰਕੇ ਘਿਰਾਓ ਦਾ ਫੈਸਲਾ ਕੀਤਾ ਗਿਆ। ਇਸ ਮਸਲੇ ਨਾਲ, ਪੰਜਾਬ ਦੇ ਹੋਰਨਾਂ ਸਿਆਸੀ ਜਮਹੂਰੀ ਮਸਲਿਆਂ ਨੂੰ ਰੱਖਣ ਦੀ ਦੂਸਰੀਆਂ ਵਿਦਿਆਰਥੀ ਜਥੇਬੰਦੀਆਂ ਦਾ ਪਹੁੰਚ ਨਾਲ ਪੀ.ਐਸ.ਯੂ. ਸ਼ਹੀਦ ਰੰਧਾਵਾ ਦੀ ਸਹਿਮਤੀ ਨਾ ਹੋਣ ਕਾਰਨ, ਉਸਨੇ ਇਸ  ਸੂਬਾਈ ਪਲੇਟਫਾਰਮ ’ਚ ਸ਼ਮੂਲੀਅਤ ਨਾ ਕਰਨ ਦਾ ਫੈਸਲਾ ਕੀਤਾ। ਪਰ ਸਿੱਖਿਆ ਖੇਤਰ ਨਾਲ ਸੰਬੰਧਿਤ ਮੰਗਾਂ ’ਤੇ ਸਾਂਝੇ ਸੰਘਰਸ਼ ਲਈ ਐਕਸ਼ਨਾਂ ’ਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। 17 ਜੂਨ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ 20 ਜੂਨ ਦੇ ਐਕਸ਼ਨ ਦਾ ਐਲਾਨ ਕੀਤਾ ਗਿਆ ਅਤੇ ਪੀ.ਐਸ.ਯੂ. ਸ਼ਹੀਦ ਰੰਧਾਵਾ ਦੇ ਵੱਲੋਂ 17 ਤੇ 18 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਅਤੇ ਮੰਗ ਕੀਤੀ ਗਈ ਕਿ ਨਵੀਂ ਸਿੱਖਿਆ ਨੀਤੀ ਖ਼ਿਲਾਫ਼ ਵਿਧਾਨ ਸਭਾ ਦੇ ਸੈਸ਼ਨ ’ਚ ਮਤਾ ਪਾਸ ਕੀਤਾ ਜਾਵੇ, ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ’ਚ ਬਿਆਨ ਦੇਵੇ, ਪੰਜਾਬ ਦੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਬਣਦੀਆਂ ਵਿੱਤੀ ਜਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ ਅਤੇ ਸਰਕਾਰੀ ਵਿੱਦਿਅਕ ਸੰਸਥਾਵਾਂ  ਵਿੱਚ ਖਾਲੀ ਪਈਆਂ ਅਧਿਆਪਨ ਤੇ ਗੈਰ-ਅਧਿਆਪਨ ਅਮਲੇ ਦੀਆਂ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ। 20 ਜੂਨ ਨੂੰ ਪੰਜਾਬ ਯੂਨਵਰਸਿਟੀ ਬਚਾਓ ਮੋਰਚੇ ਵੱਲੋਂ ਬਨਾਸਰ ਬਾਗ ਸੰਗਰੂਰ ਦੇ ਵਿੱਚ ਰੈਲੀ ਕੀਤੀ ਅਤੇ ਭਾਜਪਾ ਦੇ ਦਫਤਰ ਵੱਲ ਮਾਰਚ ਕੀਤਾ ਗਿਆ। ਪੀ.ਐਸ.ਯੂ. ਸ਼ਹੀਦ ਰੰਧਾਵਾ ਵੱਲੋਂ ਦਾਣਾ ਮੰਡੀ ਸੰਗਰੂਰ ਦੇ ਵਿੱਚ ਇਕੱਠੇ ਹੋ ਕੇ ਵਿਦਿਆਰਥੀ ਮੋਰਚੇ ਦੇ ਮਾਰਚ ’ਚ ਸ਼ਮੂਲੀਅਤ ਕੀਤੀ ਗਈ। ਭਾਜਪਾ ਦਫਤਰ ਵੱਲ ਵਧ ਰਹੇ ਵਿਦਿਆਰਥੀ  ਕਾਫਲੇ ਨੂੰ ਪੰਜਾਬ ਪੁਲੀਸ ਦੇ ਵੱਲੋਂ ਥਾਣਾ ਸਿਟੀ -2 ਦੇ ਕੋਲ ਬੈਰੀਕੇਡਿੰਗ ਕਰਕੇ ਰੋਕ ਲਿਆ ਗਿਆ। ਇਸੇ ਦਿਨ ਹੀ ਆਪ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕਰਦਿਆਂ ਸੰਗਰੂਰ ਥਾਣਾ ਸਿਟੀ -2 ਦੇ ਕੋਲੋਂ ਲੰਘਣਾ ਸੀ, ਜਿਸ ਦੀ ਤਿਆਰੀ ’ਚ ਆਪ ਪਾਰਟੀ ਦੇ ਕਾਰਕੁਨ ਚੌਕ ’ਚ ਇਕੱਠੇ ਹੋ ਗਏ ਸਨ ਤੇ ਡੀਜੇ ਸਾਊਂਡ ’ਤੇ  ਉੱਚੀ ਉੱਚੀ ਗੀਤ ਲਾ ਕੇ ਨੱਚ ਰਹੇ ਸਨ, ਜਿਸ ਦਾ ਵਿਦਿਆਰਥੀ ਰੈਲੀ ਵਿੱਚ ਕਾਫੀ ਵਿਘਨ ਪੈ ਰਿਹਾ ਸੀ। ਪਹਿਲਾਂ ਪੀ ਐਸ ਯੂ ਸ਼ਹੀਦ ਰੰਧਾਵਾ ਵੱਲੋਂ ਪ੍ਰਸ਼ਾਸਨ ਨੂੰ ਸਾਊਂਡ ਬੰਦ ਕਰਵਾਉਣ ਦੀ ਅਪੀਲ ਕੀਤੀ ਗਈ ਪ੍ਰੰਤੂ ਜਦੋਂ ਸਾਊਂਡ ਬੰਦ ਨਾ ਕੀਤੇ ਗਏ ਤਾਂ ਜਥੇਬੰਦੀ ਵੱਲੋਂ ਆਪ ਪਾਰਟੀ ਦਾ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਆਪ ਪਾਰਟੀ ਦੇ ਕਾਰਕੁਨਾਂ ਨੂੰ ਸਾਊਂਡ ਬੰਦ ਕਰਨੇ ਪਏ। ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਡੀ ਐੱਸ ਪੀ ਸੰਗਰੂਰ ਵੱਲੋਂ ਵਿਦਿਆਰਥੀ ਜਥੇਬੰਦੀਆਂ ਦੇ 28 ਜੂਨ  ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਲਿਖਤੀ ਮੀਟਿੰਗ ਤੈਅ ਕਰਵਾ ਦਿੱਤੀ ਗਈ ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ।

0   

ਨੌਜਵਾਨਾਂ ਵੱਲੋਂ ਅਗਨੀਪੱਥ ਸਕੀਮ ਦੇ ਵਿਰੋਧ ’ਚ ਲਾਮਬੰਦੀ

  ਨੌਜਵਾਨਾਂ ਵੱਲੋਂ ਅਗਨੀਪੱਥ ਸਕੀਮ ਦੇ ਵਿਰੋਧ  ’ਚ ਲਾਮਬੰਦੀ

ਲੰਘੀ 14 ਜੂਨ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਫ਼ੌਜ ’ਚ ਠੇਕਾ ਭਰਤੀ ਕਰਨ ਲਈ ਅਗਨੀਪਥ ਨਾਂ ਦੀ ਸਕੀਮ ਲਿਆਂਦੀ ਗਈ। ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਸਕੀਮ ਤਹਿਤ ਫ਼ੌਜ ਵਿੱਚ 4 ਸਾਲਾਂ ਲਈ  ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। 4 ਸਾਲਾਂ ਬਾਅਦ 25% ਹਿੱਸੇ ਨੂੰ ਫ਼ੌਜ ਵਿਚ ਹੋਰ ਸੇਵਾਵਾਂ ਲਈ ਨਿਯੁਕਤ ਕੀਤਾ ਜਾਵੇਗਾ ਤੇ ਬਾਕੀ ਬਚਦੇ 75% ਹਿੱਸੇ ਨੂੰ ਸੇਵਾਮੁਕਤ ਕਰਕੇ ਘਰਾਂ ਨੂੰ ਭੇਜ ਦਿੱਤਾ ਜਾਵੇਗਾ। ਕੇਂਦਰ ਸਰਕਾਰ ਦੀ ਇਸ ਸਕੀਮ ਦਾ ਨੌਜਵਾਨਾਂ ਵੱਲੋਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵਿਰੋਧ ਕੀਤਾ ਗਿਆ। ਕੌਮੀ ਮਾਰਗ ਜਾਮ ਕੀਤੇ ਗਏ। ਭਾਜਪਾ ਦੇ ਲੀਡਰਾਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਭਾਜਪਾ ਹਕੂਮਤ ਵੱਲੋਂ ਨੌਜਵਾਨਾਂ ਦੇ ਰੋਹ ਨੂੰ ਦਰਕਿਨਾਰ ਕੀਤਾ ਗਿਆ ਅਤੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਹਕੂਮਤੀ ਬਲ ਦੀ ਵਰਤੋਂ ਕਰਦਿਆਂ ਪ੍ਰਦਰਸ਼ਨਕਾਰੀਆਂ ਉੱਪਰ ਲਾਠੀਚਾਰਜ ਕੀਤਾ ਗਿਆ। ਅੱਥਰੂ ਗੈਸ ਦੇ ਗੋਲ਼ੇ ਦਾਗ਼ੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਫ਼ੌਜ ਦੇ ਮੁਖੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਫ਼ੌਜ ’ਚ ਭਰਤੀ ਨਾ ਕਰਨ ਦੀਆਂ ਧਮਕੀਆਂ ਭਰੇ ਬਿਆਨ ਵੀ ਦਿੱਤੇ ਗਏ।

             ਨੌਜਵਾਨ ਭਾਰਤ ਸਭਾ ਵੱਲੋਂ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਨਿੱਜੀਕਰਨ ਦੀ ਨੀਤੀ ਦੇ ਜਾਰੀ ਰੂਪ ਵਜੋਂ ਲਿਆ ਗਿਆ। ਜਿਸ ਨੇ ਦੇਸ਼ ਵਿੱਚ ਪਹਿਲਾਂ ਤੋਂ ਹੀ ਵੱਡੀ ਗਿਣਤੀ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨਾ ਹੈ। ਜਿਸ ਨੀਤੀ ਨੇ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਜਨਤਕ ਅਦਾਰਿਆਂ ਦਾ ਉਜਾੜਾ ਕੀਤਾ ਹੈ। ਸਭਾ ਵੱਲੋਂ ਫ਼ੌਜ ਵਿੱਚ ਠੇਕਾ ਭਰਤੀ ਕਰਨ ਲਈ ਲਿਆਂਦੀ ਅਗਨੀਪਥ ਨਾਂ ਦੀ ਸਕੀਮ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੀਤੀ ਨੂੰ ਫੌਰੀ ਵਾਪਸ ਲੈਣ ਦਾ ਬਿਆਨ ਜਾਰੀ ਕੀਤਾ ਗਿਆ। ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਨੌਜਵਾਨਾਂ ਦੇ ਰੋਹ ਨੂੰ ਜਥੇਬੰਦਕ ਰੂਪ ਦੇਣ ਲਈ ਯਤਨ ਜੁਟਾਏ ਗਏ। ਸਭਾ ਦੇ ਬਠਿੰਡਾ ਜ਼ਿਲ੍ਹੇ ਦੇ ਸਰਗਰਮ ਨੌਜਵਾਨਾਂ ਦੀ ਫੌਰੀ ਮੀਟਿੰਗ ਬੁਲਾਈ ਗਈ ਅਤੇ 22 ਜੂਨ ਨੂੰ ਜ਼ਿਲ੍ਹਾ ਪੱਧਰ ’ਤੇ  ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਸਭਾ ਦੇ ਲੁਧਿਆਣਾ ਜਿਲ੍ਹੇ ਦੇ ਸਾਥੀਆਂ ਵੱਲੋਂ ਵੀ 22 ਜੂਨ ਨੂੰ ਐੱਸ.ਡੀ.ਐਮ. ਪਾਇਲ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਸਭਾ ਵੱਲੋਂ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਮੁਖ਼ਾਤਬ ਹੁੰਦਿਆਂ ਮੰਗਾਂ ਦਾ ਪੋਸਟਰ ਸੋਸ਼ਲ ਮੀਡੀਆ ਉੱਪਰ ਜਾਰੀ ਕੀਤਾ ਗਿਆ। ਨੌਜਵਾਨਾਂ ਨੂੰ ਅਗਨੀਪੱਥ ਸਕੀਮ ਦੇ ਨਾਲ਼ ਠੇਕਾ  ਭਰਤੀ ਬੰਦ ਕਰਨ,ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਆਪਣੇ ਰੋਹ ਦੇ ਕੇਂਦਰ ’ਚ ਲਿਆਉਣ ਦਾ ਸੱਦਾ ਦਿੱਤਾ ਗਿਆ।

            ਜ਼ਿਲ੍ਹਾ ਹੈੱਡਕੁਆਰਟਰ ’ਤੇ ਰੱਖੇ ਪ੍ਰਦਰਸ਼ਨ ਦੀ ਤਿਆਰੀ ’ਚ ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ ’ਚ ਨੌਜਵਾਨਾਂ ਦੀਆਂ ਮੀਟਿੰਗਾਂ  ਕਰਵਾਈਆਂ ਗਈਆਂ ਅਤੇ ਕਈ ਥਾਈਂ ਰੋਸ ਪ੍ਰਦਰਸ਼ਨ ਕੀਤੇ ਗਏ। ਸਭਾ ਵੱਲੋਂ ਜਾਰੀ ਕੀਤੇ ਸੱਦੇ ਅਤੇ ਮੰਗਾਂ ਦੇ ਪਿ੍ਰੰਟ ਕਢਵਾ ਕੇ ਕੰਧਾਂ ’ਤੇ  ਲਗਾਏ ਗਏ। ਮਿਥੇ ਦਿਨ ਬਠਿੰਡਾ ਅਤੇ ਪਾਇਲ ਵਿਖੇ ਪ੍ਰਦਰਸ਼ਨ ਕੀਤੇ ਗਏ। ਰੈਲੀ ਕਰਨ ਉਪਰੰਤ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ। ਸਭਾ ਦੀ ਅਗਵਾਈ ’ਚ ਨੌਜਵਾਨਾਂ ਵੱਲੋਂ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੱਥਾਂ ਵਿੱਚ ਤਖਤੀਆਂ ਫੜ ਕੇ ਆਕਾਸ਼ ਗੁੰਜਾਊ ਨਾਅਰਿਆਂ ਨਾਲ਼ ਮਾਰਚ ਵੀ ਕੀਤਾ ਗਿਆ।

          ਇਨ੍ਹਾਂ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਜੋ ਪਹਿਲਾਂ ਸਭਾ ਦੇ ਸੰਪਰਕ ਵਿੱਚ ਨਹੀਂ ਸਨ। ਇਨ੍ਹਾਂ ਵਿੱਚੋਂ ਇੱਕ ਗਿਣਤੀ ਉਨ੍ਹਾਂ ਨੌਜਵਾਨਾਂ ਦੀ ਸੀ ਜਿਨ੍ਹਾਂ ਨੇ ਸਰੀਰਕ ਅਤੇ ਮੈਡੀਕਲ ਟੈਸਟ ਤਾਂ ਪਾਸ ਕਰ ਲਏ ਸਨ ਪ੍ਰੰਤੂ ਦੋ ਸਾਲਾਂ ਤੋਂ ਸਰਕਾਰ ਵੱਲੋਂ ਲਿਖਤੀ ਪ੍ਰੀਖਿਆ ਦੀ ਮਿਤੀ ਉਡੀਕ ਰਹੇ ਸਨ ਅਤੇ ਲਿਖਤੀ ਪ੍ਰੀਖਿਆ ਦੀ ਮਿਤੀ ਨਿਸ਼ਚਿਤ ਨਾ ਹੋਣ ਕਰਕੇ ਉਮਰ ਸੀਮਾ ਲੰਘਣ ਦੇ ਕਾਰਨ ਫ਼ੌਜ ਦੀ ਨੌਕਰੀ ਤੋਂ ਹੱਥਲ ਮਹਿਸੂਸ ਕਰ ਰਹੇ ਸਨ। ਸਰਕਾਰ ਵੱਲੋਂ  ਲਿਆਂਦੀ ਅਗਨੀਪੱਥ ਸਕੀਮ ਤੋਂ ਚਿੰਤਤ ਸਨ।

             ਰੈਲੀ ਦੌਰਾਨ ਸਭਾ ਵੱਲੋਂ ਨੌਜਵਾਨਾਂ ਨੂੰ ਅਗਨੀਪੱਥ ਸਕੀਮ ਦੇ ਵਿਰੋਧ ’ਚ 24 ਜੂਨ ਨੂੰ ਸੰਯੁਕਤ ਮੋਰਚੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚ  ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤੇ ਵੱਖ-ਵੱਖ ਥਾਵਾਂ ’ਤੇ ਇਹਨਾਂ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਕੀਤੀ।               0