ਨੌਜਵਾਨਾਂ ਵੱਲੋਂ ਅਗਨੀਪੱਥ ਸਕੀਮ ਦੇ ਵਿਰੋਧ ’ਚ ਲਾਮਬੰਦੀ
ਲੰਘੀ 14 ਜੂਨ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਫ਼ੌਜ ’ਚ ਠੇਕਾ ਭਰਤੀ ਕਰਨ ਲਈ ਅਗਨੀਪਥ ਨਾਂ ਦੀ ਸਕੀਮ ਲਿਆਂਦੀ ਗਈ। ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਸਕੀਮ ਤਹਿਤ ਫ਼ੌਜ ਵਿੱਚ 4 ਸਾਲਾਂ ਲਈ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। 4 ਸਾਲਾਂ ਬਾਅਦ 25% ਹਿੱਸੇ ਨੂੰ ਫ਼ੌਜ ਵਿਚ ਹੋਰ ਸੇਵਾਵਾਂ ਲਈ ਨਿਯੁਕਤ ਕੀਤਾ ਜਾਵੇਗਾ ਤੇ ਬਾਕੀ ਬਚਦੇ 75% ਹਿੱਸੇ ਨੂੰ ਸੇਵਾਮੁਕਤ ਕਰਕੇ ਘਰਾਂ ਨੂੰ ਭੇਜ ਦਿੱਤਾ ਜਾਵੇਗਾ। ਕੇਂਦਰ ਸਰਕਾਰ ਦੀ ਇਸ ਸਕੀਮ ਦਾ ਨੌਜਵਾਨਾਂ ਵੱਲੋਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵਿਰੋਧ ਕੀਤਾ ਗਿਆ। ਕੌਮੀ ਮਾਰਗ ਜਾਮ ਕੀਤੇ ਗਏ। ਭਾਜਪਾ ਦੇ ਲੀਡਰਾਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਭਾਜਪਾ ਹਕੂਮਤ ਵੱਲੋਂ ਨੌਜਵਾਨਾਂ ਦੇ ਰੋਹ ਨੂੰ ਦਰਕਿਨਾਰ ਕੀਤਾ ਗਿਆ ਅਤੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਹਕੂਮਤੀ ਬਲ ਦੀ ਵਰਤੋਂ ਕਰਦਿਆਂ ਪ੍ਰਦਰਸ਼ਨਕਾਰੀਆਂ ਉੱਪਰ ਲਾਠੀਚਾਰਜ ਕੀਤਾ ਗਿਆ। ਅੱਥਰੂ ਗੈਸ ਦੇ ਗੋਲ਼ੇ ਦਾਗ਼ੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਫ਼ੌਜ ਦੇ ਮੁਖੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਫ਼ੌਜ ’ਚ ਭਰਤੀ ਨਾ ਕਰਨ ਦੀਆਂ ਧਮਕੀਆਂ ਭਰੇ ਬਿਆਨ ਵੀ ਦਿੱਤੇ ਗਏ।
ਨੌਜਵਾਨ ਭਾਰਤ ਸਭਾ ਵੱਲੋਂ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਨਿੱਜੀਕਰਨ ਦੀ ਨੀਤੀ ਦੇ ਜਾਰੀ ਰੂਪ ਵਜੋਂ ਲਿਆ ਗਿਆ। ਜਿਸ ਨੇ ਦੇਸ਼ ਵਿੱਚ ਪਹਿਲਾਂ ਤੋਂ ਹੀ ਵੱਡੀ ਗਿਣਤੀ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨਾ ਹੈ। ਜਿਸ ਨੀਤੀ ਨੇ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਜਨਤਕ ਅਦਾਰਿਆਂ ਦਾ ਉਜਾੜਾ ਕੀਤਾ ਹੈ। ਸਭਾ ਵੱਲੋਂ ਫ਼ੌਜ ਵਿੱਚ ਠੇਕਾ ਭਰਤੀ ਕਰਨ ਲਈ ਲਿਆਂਦੀ ਅਗਨੀਪਥ ਨਾਂ ਦੀ ਸਕੀਮ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੀਤੀ ਨੂੰ ਫੌਰੀ ਵਾਪਸ ਲੈਣ ਦਾ ਬਿਆਨ ਜਾਰੀ ਕੀਤਾ ਗਿਆ। ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਨੌਜਵਾਨਾਂ ਦੇ ਰੋਹ ਨੂੰ ਜਥੇਬੰਦਕ ਰੂਪ ਦੇਣ ਲਈ ਯਤਨ ਜੁਟਾਏ ਗਏ। ਸਭਾ ਦੇ ਬਠਿੰਡਾ ਜ਼ਿਲ੍ਹੇ ਦੇ ਸਰਗਰਮ ਨੌਜਵਾਨਾਂ ਦੀ ਫੌਰੀ ਮੀਟਿੰਗ ਬੁਲਾਈ ਗਈ ਅਤੇ 22 ਜੂਨ ਨੂੰ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਸਭਾ ਦੇ ਲੁਧਿਆਣਾ ਜਿਲ੍ਹੇ ਦੇ ਸਾਥੀਆਂ ਵੱਲੋਂ ਵੀ 22 ਜੂਨ ਨੂੰ ਐੱਸ.ਡੀ.ਐਮ. ਪਾਇਲ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਸਭਾ ਵੱਲੋਂ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਮੁਖ਼ਾਤਬ ਹੁੰਦਿਆਂ ਮੰਗਾਂ ਦਾ ਪੋਸਟਰ ਸੋਸ਼ਲ ਮੀਡੀਆ ਉੱਪਰ ਜਾਰੀ ਕੀਤਾ ਗਿਆ। ਨੌਜਵਾਨਾਂ ਨੂੰ ਅਗਨੀਪੱਥ ਸਕੀਮ ਦੇ ਨਾਲ਼ ਠੇਕਾ ਭਰਤੀ ਬੰਦ ਕਰਨ,ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਆਪਣੇ ਰੋਹ ਦੇ ਕੇਂਦਰ ’ਚ ਲਿਆਉਣ ਦਾ ਸੱਦਾ ਦਿੱਤਾ ਗਿਆ।
ਜ਼ਿਲ੍ਹਾ ਹੈੱਡਕੁਆਰਟਰ ’ਤੇ ਰੱਖੇ ਪ੍ਰਦਰਸ਼ਨ ਦੀ ਤਿਆਰੀ ’ਚ ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ ’ਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ ਅਤੇ ਕਈ ਥਾਈਂ ਰੋਸ ਪ੍ਰਦਰਸ਼ਨ ਕੀਤੇ ਗਏ। ਸਭਾ ਵੱਲੋਂ ਜਾਰੀ ਕੀਤੇ ਸੱਦੇ ਅਤੇ ਮੰਗਾਂ ਦੇ ਪਿ੍ਰੰਟ ਕਢਵਾ ਕੇ ਕੰਧਾਂ ’ਤੇ ਲਗਾਏ ਗਏ। ਮਿਥੇ ਦਿਨ ਬਠਿੰਡਾ ਅਤੇ ਪਾਇਲ ਵਿਖੇ ਪ੍ਰਦਰਸ਼ਨ ਕੀਤੇ ਗਏ। ਰੈਲੀ ਕਰਨ ਉਪਰੰਤ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ। ਸਭਾ ਦੀ ਅਗਵਾਈ ’ਚ ਨੌਜਵਾਨਾਂ ਵੱਲੋਂ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੱਥਾਂ ਵਿੱਚ ਤਖਤੀਆਂ ਫੜ ਕੇ ਆਕਾਸ਼ ਗੁੰਜਾਊ ਨਾਅਰਿਆਂ ਨਾਲ਼ ਮਾਰਚ ਵੀ ਕੀਤਾ ਗਿਆ।
ਇਨ੍ਹਾਂ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਜੋ ਪਹਿਲਾਂ ਸਭਾ ਦੇ ਸੰਪਰਕ ਵਿੱਚ ਨਹੀਂ ਸਨ। ਇਨ੍ਹਾਂ ਵਿੱਚੋਂ ਇੱਕ ਗਿਣਤੀ ਉਨ੍ਹਾਂ ਨੌਜਵਾਨਾਂ ਦੀ ਸੀ ਜਿਨ੍ਹਾਂ ਨੇ ਸਰੀਰਕ ਅਤੇ ਮੈਡੀਕਲ ਟੈਸਟ ਤਾਂ ਪਾਸ ਕਰ ਲਏ ਸਨ ਪ੍ਰੰਤੂ ਦੋ ਸਾਲਾਂ ਤੋਂ ਸਰਕਾਰ ਵੱਲੋਂ ਲਿਖਤੀ ਪ੍ਰੀਖਿਆ ਦੀ ਮਿਤੀ ਉਡੀਕ ਰਹੇ ਸਨ ਅਤੇ ਲਿਖਤੀ ਪ੍ਰੀਖਿਆ ਦੀ ਮਿਤੀ ਨਿਸ਼ਚਿਤ ਨਾ ਹੋਣ ਕਰਕੇ ਉਮਰ ਸੀਮਾ ਲੰਘਣ ਦੇ ਕਾਰਨ ਫ਼ੌਜ ਦੀ ਨੌਕਰੀ ਤੋਂ ਹੱਥਲ ਮਹਿਸੂਸ ਕਰ ਰਹੇ ਸਨ। ਸਰਕਾਰ ਵੱਲੋਂ ਲਿਆਂਦੀ ਅਗਨੀਪੱਥ ਸਕੀਮ ਤੋਂ ਚਿੰਤਤ ਸਨ।
ਰੈਲੀ ਦੌਰਾਨ ਸਭਾ ਵੱਲੋਂ ਨੌਜਵਾਨਾਂ ਨੂੰ ਅਗਨੀਪੱਥ ਸਕੀਮ ਦੇ ਵਿਰੋਧ ’ਚ 24 ਜੂਨ ਨੂੰ ਸੰਯੁਕਤ ਮੋਰਚੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤੇ ਵੱਖ-ਵੱਖ ਥਾਵਾਂ ’ਤੇ ਇਹਨਾਂ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਕੀਤੀ। 0
No comments:
Post a Comment