ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੀਸਤਾ ਸੀਤਲਵਾੜ, ਸ਼੍ਰੀਕੁਮਾਰ ਤੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ
ਦੀ ਗਿ੍ਰਫਤਾਰੀ ਦਾ ਡਟਵਾਂ ਵਿਰੋਧ ਕਰੋ
25 ਜੂਨ ਨੂੰ ਅਹਿਮਦਾਬਾਦ ਕਰਾਇਮ ਬਰਾਂਚ ਦੀ ਟੀਮ ਨੇ ਸਿਟੀਜਨਜ਼ ਫਾਰ ਜਸਟਿਸ ਐਂਡ ਪੀਸ ਦੀ ਸੰਸਥਾਪਕ, ਮਨੁੱਖੀ ਅਧਿਕਾਰਾਂ ਤੇ ਗੁਜਰਾਤ ਦੰਗਿਆਂ ਵਿੱਚ ਮੋਦੀ-ਸ਼ਾਹ ਲਾਣੇ ਦੇ ਰੋਲ ਨੂੰ ਉਜਾਗਰ ਕਰਨ ਵਾਲੀ ਕਾਰਕੁੰਨ ਤੀਸਤਾ ਸੀਤਲਵਾੜ ਨੂੰ ਉਸਦੇ ਮੁੰਬਈ ਸਥਿਤ ਘਰ ਤੋਂ ਗਿ੍ਰਫਤਾਰ ਕਰ ਲਿਆ। ਇਸੇ ਦਿਨ ਹੀ ਗੁਜਰਾਤ ਦੇ ਸਾਬਕਾ ਪੁਲਿਸ ਅਧਿਕਾਰੀ ਸੀ.ਬੀ. ਸ੍ਰੀਕੁਮਾਰ ਨੂੰ ਵੀ ਉਸਦੀ ਅਹਿਮਦਾਬਾਦ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਗਿਆ। ਦੋਹਾਂ ਦੀ ਗਿ੍ਰਫਤਾਰੀ ਸੁਪਰੀਮ ਕੋਰਟ ਵੱਲੋਂ ਗੁਜਰਾਤ ਦੰਗਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਮੁਕੱਦਮਾ ਚਲਾਏ ਜਾਣ ਦੀ ਅਪੀਲ ਨੂੰ ਖਾਰਜ ਕਰਨ ਮਗਰੋਂ ਹੋਈ। ਅਪੀਲ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ 392 ਪੰਨਿਆਂ ਦੇ ਆਪਣੇ ਫ਼ੈਸਲੇ ਵਿੱਚ ਲੋਕਾਂ ਨੂੰ ਨਿਆਂ ਦੇਣ, ਬਚਾਉਣ ਆਦਿ ਦੇ ਮਾਮਲਿਆਂ ਵਿੱਚ ਸਰਕਾਰੀ ਪ੍ਰਬੰਧਨ ਦੀਆਂ ਨਾਕਾਮੀਆਂ ਬਾਰੇ ਟਿੱਪਣੀਆਂ ਕੀਤੀਆਂ, ਪਰ ਨਾਲ ਹੀ ਬਿਨਾਂ ਕਿਸੇ ਸਬੂਤ ਜਾਂ ਲੋੜ ਤੋਂ ਤੀਸਤਾ ਤੇ ਸ਼੍ਰੀਕੁਮਾਰ ਵਰਗੇ ਲੋਕਾਂ ਬਾਰੇ ਇੱਕ ਪਹਿਰਾ ਲਿਖ ਮਾਰਿਆ ਕਿ ਇਹਨਾਂ ਲੋਕਾਂ ਨੇ ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਸਰਕਾਰੀ ਮਸ਼ੀਨਰੀ ’ਤੇ ਸਵਾਲ ਉਠਾਉਣ ਦੀ “ਗੁਸਤਾਖੀ’’ ਕੀਤੀ ਤੇ ਦੰਗਿਆਂ ਦੇ ਦੋਸ਼ ਵਿੱਚ “ਨਿਰਦੋਸ਼’’ ਲੋਕਾਂ ਨੂੰ ਫਸਾਉਣ ਲਈ ਤਾਣ ਲਾਇਆ ਤੇ ਏਨੇ ਲੰਮੇ ਸਮੇਂ ਤੱਕ ਮਸਲੇ ਨੂੰ ਮਘਦਾ ਰੱਖਿਆ।
ਪਰ ਤੀਸਤਾ ਸੀਤਲਵਾੜ ਤੇ ਸ਼੍ਰੀਕੁਮਾਰ ਵਰਗਿਆਂ ਦੀ “ਗੁਸਤਾਖ਼ੀ’’ ਕੀ ਹੈ?
ਤੀਸਤਾ ਸੀਤਲਵਾੜ ਗੁਜਰਾਤ ਦੇ ਗੁਲਬਰਗ ਹੱਤਿਆਕਾਂਡ-ਜਿਸ ਵਿੱਚ ਹਿੰਦੂਤਵਾ ਭੀੜ ਨੇ 62 ਲੋਕਾਂ ਨੂੰ ਮਾਰ-ਮੁਕਾਇਆ ਸੀ, ਜਿਸ ਵਿੱਚ ਉਸ ਸਮੇਂ ਦਾ ਕਾਂਗਰਸੀ ਐਮ.ਪੀ. ਅਹਿਸਾਨ ਜਾਫ਼ਰੀ ਵੀ ਸ਼ਾਮਲ ਸੀ, ਦੇ ਕੇਸ ਵਿੱਚ ਉਸਦੀ ਪਤਨੀ ਜਕੀਆ ਜਾਫ਼ਰੀ ਦੇ ਨਾਲ ਸਹਿ-ਪਟੀਸ਼ਨਰ ਹੈ। ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਸੰਸਥਾ ਸਿਟੀਜਨਜ਼ ਫਾਰ ਜਸਟਿਸ ਐਂਡ ਪੀਸ ਦੀ ਸੰਸਥਾਪਕਾ ਹੋਣ ਦੇ ਨਾਤੇ ਉਸਨੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ 20 ਸਾਲ ਤੋਂ ਲੰਮੀ ਲੜਾਈ ਲੜੀ ਹੈ।
ਦੂਸਰੇ ਪਾਸੇ ਸ਼੍ਰੀਕੁਮਾਰ ਗੁਜਰਾਤ ਪੁਲਿਸ ਦਾ ਸਾਬਕਾ ਡੀ.ਜੀ.ਪੀ. ਹੈ ਜੋ ਇਸ ਗੱਲ ਦਾ ਗਵਾਹ ਹੈ ਕਿ ਗੁਜਰਾਤ ਦੰਗਿਆਂ ਦੇ ਦੰਗਾਕਾਰੀਆਂ ਖਿਲਾਫ਼ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੂੰ ਕਾਰਵਾਈ ਕਰਨ ਤੋਂ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਰੋਕਿਆ ਸੀ। ਅਸਲ ਵਿੱਚ ਤੀਸਤਾ ਸੀਤਲਵਾੜ ਤੇ ਸ਼੍ਰੀਕੁਮਾਰ ਦੀ ਇਹੀ “ਗੁਸਤਾਖ਼ੀ“ ਹੈ, ਜਿਸ ਕਰਕੇ ਉਹ ਲੰਮੇ ਸਮੇਂ ਤੋਂ ਮੋਦੀ-ਸ਼ਾਹ ਲਾਣੇ ਦੀਆਂ ਅੱਖਾਂ ਦਾ ਰੋੜ ਬਣੇ ਹੋਏ ਹਨ। ਲੰਮੇ ਸਮੇਂ ਤੋਂ ਇਹ ਲਾਣਾ, ਉਹਨਾਂ ਨੂੰ ਸਬਕ ਸਿਖਾਉਣ ਲਈ ਰੱਸੇ-ਪੈੜੇ ਵੱਟਦਾ ਰਿਹਾ ਹੈ। ਤੀਸਤਾ ਖਿਲਾਫ ਪਹਿਲਾਂ ਵੀ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ, ਪਰ ਅਦਾਲਤ ਨੇ ਉਸਨੂੰ ਬਰੀ ਕੀਤਾ। ਪਰ ਮੌਜੂਦਾ ਘਟਨਾ ਦਾ ਖਾਸ ਪਹਿਲੂ ਇਹ ਹੈ ਕਿ “ਮਾਨਯੋਗ’’ ਅਦਾਲਤ ਪੂਰੀ ਤਰ੍ਹਾਂ ਮੋਦੀ-ਸ਼ਾਹ ਲਾਣੇ ਦੀ ਬੁੱਕਲ ਵਿੱਚ ਜਾ ਬੈਠੀ ਹੈ। ਇਸੇ ਕਾਰਨ ਉਸਨੂੰ ਆਪਣੇ ਪਤੀ ਸਮੇਤ ਮਾਰੇ ਗਏ 61 ਵਿਅਕਤੀਆਂ ਦੇ ਕਾਤਲਾਂ ਨੂੰ ਸਜ਼ਾ ਕਰਵਾਉਣ ਲਈ ਲੜੀ ਗਈ ਜਕੀਆ ਜਾਫ਼ਰੀ ਦੀ ਕਾਨੂੰਨੀ ਲੜਾਈ ਨੂੰ “ਗੁਸਤਾਖ਼ੀ’’ ਕਰਾਰ ਦੇਣ ’ਚ ਕੋਈ ਹਿਚਕ ਮਹਿਸੂਸ ਨਹੀਂ ਹੋਈ। ਹਾਲਾਂਕਿ ਕੁੱਝ ਸਾਲ ਪਹਿਲਾਂ ਇਹੀ ਅਦਾਲਤ ਆਪਣੇ ਫੈਸਲੇ ਵਿੱਚ “ਹਾਕਮਾਂ ’ਤੇ ਸਵਾਲ ਉਠਾਉਣ’’ ਨੂੰ ਨਾਗਰਿਕ ਦਾ ਬੁਨਿਆਦੀ ਅਧਿਕਾਰ ਵੀ ਕਰਾਰ ਦੇ ਚੁੱਕੀ ਹੈ।
ਭਾਰਤ ਦੀ ਮਹਾਂ-ਅਦਾਲਤ ਤੋਂ ਬਿਨਾਂ ਸਾਰਾ ਜੱਗ ਜਾਣਦਾ ਹੈ ਕਿ ਗੁਜਰਾਤ ਕਤਲੇਆਮ ਦੇ ਅਸਲ ਦੋਸ਼ੀ ਕੌਣ ਹਨ, ਉਸ ਕਤਲੇਆਮ ਦਾ ਮਕਸਦ ਕੀ ਸੀ। ਪਰ ਭਾਰਤ ਦੀ ਮਹਾਂ-ਅਦਾਲਤ ਨੇ ਨਾ ਸਿਰਫ ਹਜ਼ਾਰਾਂ ਲੋਕਾਂ ਦੇ ਕਤਲਾਂ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਸਗੋਂ ਆਪਣੇ ਇਸ ਫੈਸਲੇ ਰਾਹੀਂ ਪੀੜਤ ਨੂੰ ਹੀ ਮੁਲਜ਼ਮ ਕਰਾਰ ਦੇ ਦਿੱਤਾ ਹੈ। ਇਹ ਭਾਰਤੀ ਨਿਆਂ-ਪਾਲਿਕਾ ਦੇ ਨਿਰਪੱਖ ਨਿਆਂਕਾਰੀ ਸੰਸਥਾ ਹੋਣ ਦੀ ਬਜਾਏ ਭਾਰਤੀ ਰਾਜ ਦੀ ਹੀ ਗੋਲੀ ਹੋਣ ਦਾ ਇੱਕ ਹੋਰ ਸਬੂਤ ਹੈ।
ਇਸੇ ਤਰ੍ਹਾਂ ਦੀ ਹੀ ਇੱਕ ਹੋਰ ਕਾਰਵਾਈ ਅੰਦਰ ਆਲਟ-ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਉਸ ਉੱਤੇ ਇਹ ਦੋਸ਼ ਉਸਦੇ 2018 ਦੇ ਇੱਕ ਟਵੀਟ ਦੇ ਅਧਾਰ ’ਤੇ ਲਾਏ ਗਏ ਹਨ, ਜਿਸ ਵਿੱਚ ਉਸਨੇ ਸਿਰਫ ਕਿਸੇ ਪੁਰਾਣੀ ਫਿਲਮ ਦੇ ਸੀਨ ਨੂੰ ਹੀ ਸਾਂਝਾ ਕੀਤਾ ਸੀ। ਅਚਾਨਕ ਟਵੀਟ ਦੇ ਚਾਰ ਸਾਲਾਂ ਮਗਰੋਂ ਦਿੱਲੀ ਪੁਲਿਸ ਨੂੰ ਉਸਤੋਂ ਧਾਰਮਿਕ ਭਾਵਨਾਵਾਂ ਭੜਕ ਜਾਣ ਦਾ ਖਤਰਾ ਖੜ੍ਹਾ ਹੋ ਗਿਆ। ਪਰ ਉਸਦੀ ਗਿ੍ਰਫਤਾਰੀ ਦਾ ਅਸਲ ਕਾਰਨ ਹੋਰ ਹੈ। ਉਸਦੀ ਨਿਊਜ਼ ਸੰਸਥਾ ਆਲਟ ਨਿਊਜ਼, ਅਸਲ ਵਿੱਚ ਗੋਦੀ ਮੀਡੀਆ ਤੇ ਭਾਜਪਾ ਦੇ ਸੋਸ਼ਲ ਮੀਡੀਆ ਵਿੰਗ ਵੱਲੋਂ ਫੈਲਾਏ ਜਾਂਦੇ ਝੂਠਾਂ ਨੂੰ ਲਗਾਤਾਰ ਨੰਗਿਆਂ ਕਰਦੀ ਰਹੀ ਹੈ। ਇਹ ਮੁਹੰਮਦ ਜ਼ੁਬੈਰ ਹੀ ਸੀ ਜਿਸਨੇ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀਆਂ ਪੈਗੰਬਰ ਮੁਹੰਮਦ ਵਿਰੋਧੀ ਟਿੱਪਣੀਆਂ ਨੂੰ ਦੁਨੀਆਂ ਸਾਹਮਣੇ ਲਿਆਂਦਾ, ਜਿਸ ਕਾਰਨ ਪੂਰੇ ਅਰਬ ਤੇ ਮੁਸਲਿਮ ਜਗਤ ਵੱਲੋਂ ਮੋਦੀ ਹਕੂਮਤ ਨੂੰ ਭਾਰੀ ਝਾੜਾਂ ਪਈਆਂ ਤੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਬਰਖਾਸਤ ਕਰਕੇ, ਉਸ ਖਿਲਾਫ ਕੇਸ ਦਰਜ ਕਰਨਾ ਪਿਆ।
ਇਸਤੋਂ ਬਿਨਾਂ ਵੀ ਸਮੇਂ ਸਮੇਂ ’ਤੇ ਮੁਹੰਮਦ ਜ਼ੁਬੈਰ ਤੇ ਉਸਦੀ ਨਿਊਜ਼ ਏਜੰਸੀ ਆਲਟ ਨਿਊਜ਼ ਹਿੰਦੂਤਵ ਫਾਸ਼ੀਵਾਦੀਆਂ ਦੇ ਵੱਖ-ਵੱਖ ਹੱਥਕੰਡੇ ਨੰਗੇ ਕਰਦੇ ਰਹੇ ਹਨ। ਹਰਿਦੁਆਰ ਵਿੱਖੇ ਧਾਰਮਿਕ ਸੰਮੇਲਨ ਦੌਰਾਨ ਮੁਸਲਮਾਨਾਂ ਦੇ ਸਮੂਹਿਕ ਕਤਲੇਆਮ ਤੇ ਉਹਨਾਂ ਦੀਆਂ ਔਰਤਾਂ ਨਾਲ ਬਲਾਤਕਾਰ ਦੇ ਸੱਦੇ ਦੇਣ ਵਾਲੀਆਂ ਹਿੰਦੂ “ਸੰਤਾਂ’’ ਦੀਆਂ ਵੀਡੀਓ ਕਲਿੱਪਾਂ ਵੀ ਉਸਦੀੇ ਨਿਊਜ਼ ਏਜੰਸੀ ਨੇ ਨਸ਼ਰ ਕੀਤੀਆਂ ਸਨ। ਇਸੇ ਕਰਕੇ ਉਹ ਹਿੰਦੂਤਵਾ ਫਾਸ਼ੀਵਾਦੀਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ।
ਤੀਸਤਾ ਸੀਤਲਵਾੜ, ਸ਼੍ਰੀਕੁਮਾਰ ਤੇ ਮੁਹੰਮਦ ਜ਼ੁਬੈਰ ਦੀ ਗਿ੍ਰਫਤਾਰੀ ਰਾਹੀਂੰ ਭਾਜਪਾ ਨੇ ਲੰਮੇ ਸਮੇਂ ਤੋਂ ਅੱਖਾਂ ਵਿੱਚ ਰੜਕਦੇ ਰੋੜ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਨਾਂ ਤਿੰਨਾਂ ਦੀ ਗਿ੍ਰਫਤਾਰੀ ਖਿਲਾਫ਼ ਮੁਲਕ ਭਰ ਦੇ ਲੋਕਾਂ ਨੇ ਸਖਤ ਰੋਸ ਪ੍ਰਗਟ ਕੀਤਾ ਹੈ। ਸ਼ਾਇਦ ਬਹੁਤ ਹੀ ਲੰਮੇ ਸਮੇਂ ਮਗਰੋਂ ਗੁਜਰਾਤ ਅੰਦਰ ਮੁਸਲਮਾਨ ਭਾਈਚਾਰੇ ਨੇ ਵੱਡੇ ਪੱਧਰ ’ਤੇ ਜਨਤਕ ਤੌਰ ’ਤੇ ਤੀਸਤਾ ਸੀਤਲਵਾੜ ਦੇ ਪੱਖ ਵਿੱਚ ਰੋਸ ਮੁਜ਼ਾਹਰਾ ਕੀਤਾ ਹੈ।
ਇਹ ਤਿੰਨੋਂ ਭਾਜਪਾ ਦੇ ਫਿਰਕੂ-ਫਾਸ਼ੀ ਰਥ ਦੇ ਸਾਹਮਣੇ ਡਟਕੇ ਖੜ੍ਹਨ ਵਾਲੇ ਜੁਝਾਰੂ ਹਨ, ਜਿਹਨਾਂ ਦੀਆਂ ਗਿ੍ਰਫਤਾਰੀਆਂ ਖਿਲਾਫ਼ ਸਭਨਾਂ ਜਮਹੂਰੀ ਤਾਕਤਾਂ ਨੂੰ ਪੁਰਜ਼ੋਰ ਅਵਾਜ਼ ਬੁਲੰਦ ਕਰਨ ਦੀ ਲੋੜ ਹੈ।
No comments:
Post a Comment