Monday, July 25, 2022

ਪ੍ਰਿਥੀ ਦੀ ਸ਼ਹਾਦਤ ’ਤੇ ਲੋਕਾਂ ਦੀ ਸ਼ਰਧਾਂਜਲੀ




ਪ੍ਰਿਥੀ ਦੀ ਸ਼ਹਾਦਤ ਤੇ ਲੋਕਾਂ ਦੀ ਸ਼ਰਧਾਂਜਲੀ

 

18 ਜੁਲਾਈ 1979 ਦੀ ਰਾਤ ਨੂੰ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਕੁੱਝ ਜਾਣੇ-ਪਛਾਣੇ ਗੁੰਡਿਆਂ ਨੇ ਸੂਬੇ ਦੇ ਅੱਡ-ਅੱਡ ਹਿੱਸਿਆਂ ਵਿੱਚੋਂ ਚੁਣੇ ਕੁੱਝ ਬਦਨਾਮ ਪੇਸ਼ਾਵਰ ਗੁੰਡਿਆਂ ਨਾਲ ਮਿਲ ਕੇ ਕਾ: ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਲੁਧਿਆਣੇ ਵਿੱਚ ਉਸਦੇ ਨਿਵਾਸ-ਅਸਥਾਨ ਤੋਂ ਅਗਵਾ ਕਰ ਲਿਆ। ਘੰਟਿਆਂ ਬੱਧੀ ਬੇਰਹਿਮੀ ਨਾਲ ਕੋਹਣ ਤੋਂ ਬਾਦ, ਅੰਤ ਇਹਨਾਂ ਦਰਿੰਦਿਆਂ ਨੇ ਉਸ ਨੂੰ ਮਾਰ ਮੁਕਾਇਆ ਅਤੇ ਉਸਦੀ ਲਾਸ਼ ਅਗਲੇ ਦਿਨ ਲੁਧਿਆਣੇ ਨੇੜੇ ਇੱਕ ਸੜਕ ਤੋਂ ਮਿਲੀ। ਪੰਜਾਬ ਵਿੱਚ ਇਹ ਤੱਥ ਕਿਸੇ ਪ੍ਰਮਾਣ ਦਾ ਮੁਥਾਜ ਨਹੀਂ ਕਿ ਇਹ ਘਿਨਾਉਣਾ ਜੁਰਮ ਕੁੱਝ ਜਾਣੇ ਪਛਾਣੇ ਅਕਾਲੀ ਆਗੂਆਂ ਦੀ ਢੋਈ ਨਾਲ ਤੇ ਪੁਲਿਸ ਅਧਿਕਾਰੀਆਂ ਦੀ ਗੁੱਝੀ ਸ਼ਹਿ ਤੇ ਕੀਤਾ ਗਿਆ। ਇਸ ਘਟਨਾ ਦੀ ਸਿਆਸੀ ਮਹੱਤਤਾ ਸਿਰਫ਼ ਇਸ ਗੱਲ ਨਾਲ ਹੀ ਨਹੀਂ ਮੁੱਕ ਜਾਂਦੀ ਅਤੇ ਨਾ ਹੀ ਇਸ ਤੱਥ ਨਾਲ ਕਿ ਕਾਮਰੇਡ ਰੰਧਾਵਾ ਭਾਰਤੀ ਕਮਿਊਨਿਸਟ ਇਨਕਲਾਬੀ ਏਕਤਾ ਕੇਂਦਰ (ਮ.ਲ.) ਦਾ ਮੈਂਬਰ ਸੀ। ਇੱਕ ਸੁਹਰਿਦ ਕਮਿਊਨਸਿਟ ਜਿਹੜਾ ਕਮਾਊ ਲੋਕਾਂ ਦੇ ਇਨਕਲਾਬੀ ਕਾਜ਼ ਨਾਲ ਤਨੋਂ-ਮਨੋਂ ਪ੍ਰਨਾਇਆ ਹੋਇਆ ਸੀ। ਇਸ ਘਟਨਾ ਦੀ ਸਿਆਸੀ ਮਹੱਤਤਾ ਵੱਧ ਉਸ ਰਿਸ਼ਤੇ ਨਾਲ ਉੱਘੜਦੀ ਹੈ ਜਿਹੜਾ ਰਿਸ਼ਤਾ ਉਸਨੇ ਪਿਛਲੇ ਦਹਾਕੇ ਅੰਦਰ ਘੋਲ ਦੇ ਅਖਾੜਿਆਂ ਅੰਦਰ ਪੰਜਾਬ ਦੇ ਜੁਝਾਰੂ ਲੋਕਾਂ ਨਾਲ ਸਥਾਪਤ ਕਰ ਲਿਆ ਸੀ।

                ਕਾਮਰੇਡ ਰੰਧਾਵਾ ਵਿਦਿਆਰਥੀ ਜਗਤ ਦਾ ਸਭ ਤੋਂ ਹਰਮਨ ਪਿਆਰਾ ਤੇ ਸਤਿਕਾਰਿਆ ਲੀਡਰ ਸੀ। ਉਸ ਨੂੰ ਉਸ ਪੰਜਾਬ ਸਟੂਡੈਂਟਸ ਯੂਨੀਅਨ ਦਾ ਪਿਛਲੇ 10 ਸਾਲਾਂ ਤੋਂ ਲਗਾਤਾਰ ਚੁਣੌਤੀ-ਰਹਿਤ ਲੀਡਰ ਹੋਣ ਦਾ ਸਨਮਾਨ ਪ੍ਰਾਪਤ ਸੀ ਜਿਹੜੀ ਨਾ ਸਿਰਫ਼ ਪੰਜਾਬ ਦੇ ਵਿਦਿਆਰਥੀਆਂ ਦੀ ਵਕਾਰੀ ਅਤੇ ਤੰਤ ਵਾਲੀ ਜਨਤਕ ਜਥੇਬੰਦੀ ਹੈ ਸਗੋਂ ਜਿਸ ਦੇ ਸਿਰ ਪੰਜਾਬ ਦੀ ਆਮ ਸਮਕਾਲੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਇਸ ਵੱਲੋਂ ਚੇਤੰਨ ਅਤੇ ਖਾੜਕੂ ਜੱਦੋਂਜਹਿਦਾਂ ਦੀਆਂ ਸ਼ਾਨਦਾਰ ਰਵਾਇਤਾਂ ਦਾ ਸਿਹਰਾ ਹੈ।  (ਇੱਥੇ ਇਸ ਵੱਲੋਂ ਯਾਦਗਾਰੀ ਘੋਲਾਂ ਦੀ ਸਿਰਫ਼ ਇੱਕ ਉਦਾਹਰਨ ਹੀ ਚਿਤਾਰਨੀ ਕਾਫ਼ੀ ਹੋਵੇਗੀ: ਇਹ ਪੰਜਾਬ ਵਿੱਚ ਇੱਕੋ-ਇੱਕ ਅਜਿਹੀ ਜਨਤਕ ਜਥੇਬੰਦੀ ਸੀ ਜਿਸ ਨੇ 1975 ਵਿੱਚ ਐਂਮਰਜੈਂਸੀ ਰਾਜ ਦੀ ਨੰਗੀ ਚਿੱਟੀ ਨਿਖੇਧੀ ਕੀਤੀ ਅਤੇ ਇਸ ਵਿਰੁੱਧ ਇੱਕ ਜਾਂ ਦੂਜੇ ਰੂਪ ਵਿੱਚ, ਇੱਕ ਜਾਂ ਦੂਜੇ ਢੰਗ ਤਰੀਕੇ ਰਾਹੀਂ ਸਰਗਰਮ ਜਨਤਕ ਵਿਰੋਧ ਲਾਮਬੰਦ ਕੀਤਾ)  ਪੰਜਾਬ ਸਟੂਡੈਂਟਸ ਯੂਨੀਅਨ ਦੇ ਇਹਨਾਂ ਸੂਰਮਗਤੀ ਭਰੇ ਅਤੇ ਵਕਾਰੀ ਘੋਲਾਂ ਸਦਕਾ ਹੀ ਇਹ ਪੰਜਾਬ ਦੇ ਲੋਕਾਂ ਲਈ ਪਿਛਲੇ ਦਹਾਕੇ ਅੰਦਰ ਲੋਕਾਂ ਦੀ ਲੜਾਕੂ-ਸ਼ਕਤੀ, ਚੇਤੰਨਤਾ ਅਤੇ ਜਥੇਬੰਦਕ ਸ਼ਕਤੀ ਤੇ ਟੇਕ ਰੱਖ ਕੇ ਹਾਕਮਾਂ ਦੇ ਜਬਰ-ਜੁਲਮ ਸੰਗ ਭਿੜਨ ਦੀ ਜਿਉਂਦੀ-ਜਾਗਦੀ ਉਦਾਹਰਨ ਅਤੇ ਉਤਸ਼ਾਹ ਦਾ ਸਥਾਈ ਸੋਮਾ ਬਣੀ ਰਹੀ ਹੈ। ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਇੱਕ ਨਿਧੜਕ ਝੰਜੋੜੂ-ਦਸਤੇ ਦਾ ਰੋਲ ਨਿਭਾਇਆ ਹੈ ਅਤੇ ਅੱਜ ਵੀ ਨਿਭਾ ਰਹੀ ਹੈ।

                ਕਾਮਰੇਡ ਰੰਧਾਵਾ, ਆਮ ਲੋਕਾਂ ਦਾ ਇੱਕ ਉੱਭਰ ਰਿਹਾ ਆਗੂ ਸੀ। ਉਸ ਦੀ ਅਗਵਾਈ ਹੇਠ, ਪੰਜਾਬ ਦੀ ਵਿਦਿਆਰਥੀ ਲਹਿਰ, ਤਬਕਾਤੀ ਹਿੱਤਾਂ ਦੀਆਂ ਤੰਗ-ਵਲਗਣਾਂ ਤੋਂ ਉੱਪਰ ਉੱਠਦੀ ਹੋਈ ਅਤੇ ਆਮ ਕਰਕੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਅੰਗ ਬਣ ਕੇ ਲਗਾਤਾਰ ਅਤੇ ਦਿ੍ਰੜ੍ਹਤਾ ਨਾਲ ਵਧਦੀ ਹੋਈ ਇੱਕ ਚੇਤੰਨਾ ਲਹਿਰ ਵਜੋਂ ਵਿਕਸਿਤ ਹੋਈ। 1974 ਵਿੱਚ ਨੌਜਵਾਨ ਭਾਰਤ ਸਭਾ ( ਨੌਜਵਾਨਾਂ ਦੀ ਇੱਕ ਇਨਕਲਾਬੀ ਜਥੇਬੰਦੀ ) ਦੇ ਨਾਲ ਸਾਂਝੇ ਤੌਰ ਤੇ ਰਲ ਕੇ ਕੀਤੀ ਸੰਗਰਾਮ ਰੈਲੀ ਸਮੇਂ, ਪੰਜਾਬ ਸਟੂਡੈਂਟਸ ਯੂਨੀਅਨ ਨੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਮਿਹਨਕਸ਼ ਤਬਕਿਆਂ ਲਈ ਸੰਕਟ-ਮੂੰਹ ਆਈ ਕੌਮ ਲਈ ਕਲਿਆਣ ਦਾ ਰਾਹਨਾਮਕ ਇਨਕਲਾਬੀ ਜਮਹੂਰੀ ਪ੍ਰੋਗਾਰਾਮ ਪੇਸ਼ ਕੀਤਾ। ਇਸ ਪ੍ਰੋਗਰਾਮ ਦੀ ਰੋਸ਼ਨੀ ਵਿੱਚ, ਅੱਡ-2 ਤਬਕਿਆਂ ਦੀਆਂ ਸਾਂਝੀਆਂ ਮੰਗਾਂ ਨੂੰ ਇਹਨਾਂ ਦੀ ਪ੍ਰਾਪਤੀ ਲਈ ਸਾਂਝੇ ਘੋਲ ਲੜਨ ਦੀ ਲੋੜ ਅਤੇ ਇਰਾਦੇ ਸਮੇਤ, ਸੰਗਰਾਮ ਰੈਲੀ ਦੇ ਥੜ੍ਹੇ ਤੋਂ ਉਭਾਰਿਆ ਗਿਆ। ਉਦੋਂ ਤੋਂ ਲੈ ਕੇ, ਪੰਜਾਬ ਵਿੱਚ ਸਮਾਜ ਦਾ ਕੋਈ ਵੀ ਸੰਘਰਸ਼ਸ਼ੀਲ ਹਿੱਸਾ, ਸਮੇਤ ਪੁਲਿਸ-ਸਿਪਾਹੀਆਂ ਦੇ, ਪੀ.ਐਸ.ਯੂ. ਦੀ ਠੋਸ ਅਤੇ ਬਿਨ੍ਹਾਂ ਸ਼ਰਤ ਹਮਾਇਤ ਤੇ ਪੱਕ ਨਾਲ ਟੇਕ ਰੱਖ ਸਕਦਾ ਸੀ। ਜਿਸ ਢੰਗ ਨਾਲ ਤੇ ਜਿੱਡੀ ਵੱਡੀ ਪੱਧਰ ਤੇ ਇਹ ਹਮਾਇਤ ਮਿਲਦੀ ਸੀ ਅਤੇ ਜਿਹੋ ਜਿਹਾ ਇਸ ਦਾ ਉਹਨਾਂ ਤਬਕਿਆਂ ਦੇ ਘੋਲਾਂ ਅਤੇ ਇਸ ਵਿੱਚ ਹਿੱਸਾ ਲੈਣ ਵਾਲਿਆਂ ਦੇ ਮਨਾਂ ਤੇ ਅਸਰ ਪੈਂਦਾ ਸੀ, ਉਸ ਨੇ ਇਹਨਾਂ ਤਬਕਿਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ, ਪੀ.ਐਸ.ਯੂ. ਅਤੇ ਇਸ ਦੇ ਆਗੂ ਕਾਮਰੇਡ ਪਿ੍ਰਥੀਪਾਲ ਸਿੰਘ ਰੰਧਾਵਾ ਨਾਲ ਵਿਸ਼ੇਸ਼ ਸਾਂਝ ਦਾ ਅਹਿਸਾਸ ਜਗਾਇਆ ਅਤੇ ਹੌਲੀ-ਹੌਲੀ ਉਸ ਦਾ ਨਕਸ਼ਾ ਵਿਦਿਆਰਥੀਆਂ ਦੇ ਇੱਕ ਹਰਮਨ ਪਿਆਰੇ ਲੀਡਰ ਦੀ ਥਾਂ ਆਮ ਲੋਕਾਂ ਦੇ ਇੱਕ ਆਗੂ ਵਿੱਚ ਵਟਦਾ ਗਿਆ।

                ਕਾਮਰੇਡ ਰੰਧਾਵਾ, ਅੱਡ-ਅੱਡ ਤਬਕਿਆਂ ਦੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਇੱਕ ਜਾਣਿਆ-ਪਛਾਣਿਆ ਮੁਦੱਈ ਅਤੇ ਘੁਲਾਟੀਆ ਸੀ। 1971 ਵਿੱਚ ਆਪਣੀ ਮੁੜ-ਜਥੇਬੰਦੀ ਦੇ ਵੇਲੇ ਤੋਂ ਲੈ ਕੇ ਹੀ, ਪੀ.ਐਸ.ਯੂ. ਉਸ ਦੀ ਰਹਿਨੁਮਾਈ ਹੇਠ, ਹਮੇਸ਼ਾਂ ਹੀ, ਬੇਕਸੂਰ ਲੋਕਾਂ ਉੱਤੇ ਪੁਲਿਸ ਜਬਰ ਅਤੇ ਔਰਤਾਂ ਤੇ ਜਬਰ ਵਰਗੇ ਮਸਲਿਆਂ ਤੋਂ ਲੈ ਕੇ ਅਕਾਲੀਆਂ ਦੀ ਨਿਰੰਕਾਰੀਆਂ ਵਿਰੁੱਧ ਧਾਰਮਿਕ ਅਸਹਿਨਸ਼ੀਲਤਾ ਅਤੇ ਧੱਕੜਪੁਣੇ ਵਰਗੇ ਮਸਲਿਆਂ ਸਮੇਂ ਵੱਖ-ਵੱਖ ਜਮਹੂਰੀ ਮਸਲਿਆਂ ਨੂੰ ਹੱਥ ਲੈਂਦੀ ਰਹੀ। 1971 ਵਿੱਚ ਜਦੋਂ ਐਮਰਜੈਂਸੀ ਰਾਜ ਦੇ ਤਲਖ਼ ਤਜਰਬੇ ਪਿੱਛੋਂ ਜਮਹੂਰੀ ਹੱਕਾਂ ਦੀ ਰਾਖੀ ਅਤੇ ਵਧਾਰੇ ਦੀ ਲਹਿਰ ਨੇ ਕੁੱਝ ਵੇਗ ਫੜਿਆ ਅਤੇ ਅੱਡ-ਅੱਡ ਹਲਕਿਆਂ ਵੱਲੋਂ, ਵੱਖੋ-ਵੱਖਰੇ ਨਜ਼ਰੀਏ ਅਤੇ ਵੰਨ-ਸੁਵੰਨੇ ਮਕਸਦਾਂ ਲਈ ਇਹਨਾਂ ਦੀ ਅਵਾਜ਼ ਉਠਾਈ ਜਾਣ ਲੱਗੀ, ਜਦੋਂ ਨਿਰੀ ਪੁਰੀ ਮੱਧ-ਵਰਗੀ ਬੁੱਧੀਜੀਵੀ ਜਥੇਬੰਦੀਆਂ ਤੇ ਟੇਕ ਰੱਖ ਕੇ ਇਹ ਅਵਾਜ਼ ਉਠਾਉਣਾ ਲਗਭਗ ਇੱਕ ਆਮ ਰਿਵਾਜ ਬਣ ਗਿਆ ਸੀ ਤਾਂ ਪੀ.ਐਸ.ਯੂ. ਨੇ ਇਸ ਮਸਲੇ ਸੰਬੰਧੀ ਵਿਗਿਆਨਕ ਨਜ਼ਰੀਆ ਅਤੇ ਪਹੁੰਚ ਅਖ਼ਤਿਆਰ ਕੀਤੀ ਜਿਸ ਦਾ ਸਾਰ ਤੱਤ ਇਹ ਬਣਦਾ ਸੀ: ਭਾਰਤ ਵਰਗੇ ਮੁਲਕਾਂ ਵਿੱਚ ਲੋਕਾਂ ਦੇ ਜਮੂਹਰੀ ਹੱਕ, ਤੱਤ ਰੂਪ ਵਿੱਚ, ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਸ਼ਾਲ ਹਿੱਸਿਆਂ ਦੇ ਹੱਕ ਹਨ ਅਤੇ ਉਹਨਾਂ ਨੂੰ ਇਹਨਾਂ ਹੱਕਾਂ ਬਾਰੇ ਚੇਤੰਨ ਕੀਤੇ ਬਿਨ੍ਹਾਂ ਅਤੇ ਇਹਨਾਂ ਬਾਰੇ ਉਹਨਾਂ ਨੂੰ ਲੜਾਉਣ ਤੋਂ ਬਿਨ੍ਹਾਂ ਜਮਹੂਰੀ ਹੱਕਾਂ ਦੀ ਰਾਖੀ ਜਾਂ ਵਧਾਰਾ ਕਰਨਾ ਲਗਭਗ ਅਸੰਭਵ ਹੈ। ਇਸ ਸੋਝੀ ਨਾਲ ਲੈੱਸ ਹੋ ਕੇ ਪੰਜਾਬ ਸਟੂਡੈਂਟਸ ਯੂਨੀਅਨ ਆਪਣੀ ਮਹੀਨਾ ਭਰ ਲੰਮੀ ਮੁਹਿੰਮ ਤੇ ਪਿੰਡਾਂ ਵੱਲ ਤੁਰੀ, ਹਰ ਕਿਸਮ ਦੀਆਂ ਧੱਕੜਸ਼ਾਹ ਤਾਕਤਾਂ ਦੀਆਂ ਜਮਾਤੀ ਜੜ੍ਹਾਂ ਬਾਰੇ ਸਪੱਸ਼ਟ ਕੀਤਾ ਅਤੇ ਲੋਕਾਂ ਦੀਆਂ ਜਮਹੂਰੀ ਭਾਵਨਾਵਾਂ ਤੋਂ ਇੱਕ ਜਾਂ ਦੂਜੇ ਢੰਗ ਨਾਲ ਲਾਹਾ ਉਠਾ ਰਹੇ ਖੁਦਗਰਜ਼ ਹਿੱਤਾਂ ਬਾਰੇ ਉਨ੍ਹਾਂ ਨੂੰ ਚੇਤੰਨ ਕੀਤਾ। ਇਸ ਸੋਝੀ ਨੂੰ ਆਧਾਰ ਬਣਾ ਕੇ, ਉਦੋਂ ਤੋਂ ਹੀ ਪੀ.ਐਸ.ਯੂ. ਲੋਕਾਂ ਦੀ ਜਮਹੂਰੀ ਚੇਤੰਨਤਾ ਉੱਚੀ ਚੁੱਕਣ ਲਈ ਲਗਾਤਾਰ ਗੰਭੀਰ ਕੋਸ਼ਿਸ਼ਾਂ ਕਰਦੀ ਰਹੀ ਸੀ। ਇਸੇ ਸੋਝੀ ਸਦਕਾ ਹੀ, ਕਾਮਰੇਡ ਰੰਧਾਵਾ ਪੰਜਾਬ ਜਮਹੂਰੀ ਅਧਿਕਾਰ ਸਭਾ ਵਿੱਚ ਸ਼ਾਮਿਲ ਹੋਇਆ ਅਤੇ ਇਸ ਦੀ ਸੂਬਾ ਕਾਰਜਕਾਰਨੀ ਦਾ ਮੈਂਬਰ ਚੁਣਿਆ ਗਿਆ। ਕਾਮਰੇਡ ਰੰਧਾਵਾ ਲੋਕਾਂ ਦੀਆਂ ਵਿਸ਼ਾਲ ਜਨਤਕ ਲਹਿਰਾਂ ਅਤੇ ਖਰੇ ਜਮਹੂਰੀ ਬੁੱਧੀਜੀਵੀਆਂ ਵਿਚਕਾਰ ਸਾਂਝੀ ਕੜੀ ਜਾਂ ਪੁਲ ਬਨਣ ਲਈ ਲੋੜੀਂਦੇ ਵਕਾਰ ਅਤੇ ਸਮਰੱਥਾ ਦਾ ਮਾਲਕ ਸੀ। ਪੰਜਾਬ ਵਿੱਚ ਜਮਹੂਰੀ ਹੱਕਾਂ ਦੀ ਰਾਖੀ ਦੇ ਵਧਾਰੇ ਲਈ ਉਹ ਇਸ ਲਹਿਰ ਦੇ ਦੋਨਾਂ ਹਿੱਸਿਆਂ ਨੂੰ ਮੌਲਣ ਵਾਲੀ ਜਿਉਂਦੀ-ਜਾਗਦੀ ਕੜੀ ਬਣ ਰਿਹਾ ਸੀ।

                ਪੰਜਾਬ ਇਨਕਲਾਬੀ ਜਮਹੂਰੀ ਲਹਿਰ ਵਿੱਚ ਪੰਜਾਬ ਸਟਡੈਂਟਸ ਯੂਨੀਅਨ ਅਤੇ ਇਸ ਦੇ ਆਗੂ ਵੱਜੋਂ ਨਿਭਾਏ ਜਾ ਰਹੇ ਇਸ ਰੋਲ ਸਦਕਾ ਹੀ ਜ਼ਿੰਦਗੀ ਦੇ ਵੱਖੋ-ਵੱਖਰੇ ਪਹਿਲੂਆਂ ਦੇ ਲੋਕਾਂ ਦੇ ਵਿਸ਼ਾਲ ਹਿੱਸੇ ਕਾਮਰੇਡ ਰੰਧਾਵਾ ਨੂੰ ਸਤਿਕਾਰਦੇ ਤੇ ਪਿਆਰਦੇ ਸਨ ਅਤੇ ਆਪਣੇ ਇਸੇ ਰੋਲ ਸਦਕਾ ਹੀ ਉਹ ਹਾਕਮ ਜਮਾਤੀ ਅਤੇ ਉਹਨਾਂ ਦੇ ਸਿਆਸੀ ਤੇ ਪ੍ਰਬੰਧਕੀ ਕਾਰ-ਮੁਖਤਿਆਰਾਂ ਦੀਆਂ ਅੱਖਾਂ ਵਿੱਚ ਪੱਕੇ ਤੌਰ ਤੇ ਰੋੜ ਵਾਂਗ ਰੜਕਦਾ ਸੀ ਅਤੇ ਅੰਤ ਨੂੰ, ਇਸੇ ਰੋਲ ਦੇ ਪ੍ਰਸੰਗ ਚ ਦੇਖਿਆਂ ਕਾਮਰੇਡ ਰੰਧਾਵਾ ਦੀ ਜ਼ਿੰਦਗੀ ਤੇ ਕੀਤਾ ਆਖਰੀ ਜਾਨ-ਲੇਵਾ ਵਾਰ ਕਿਸੇ ਇੱਕ ਵਿਅਕਤੀ  ਜਾਂ ਜਥੇਬੰਦੀ ਤੱਕ ਸੀਮਤ ਨਾ ਰਹਿ ਕੇ ਆਮ ਕਰਕੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਤੇ ਹੋਏ ਵਾਰ ਦਾ ਖਾਸਾ ਅਖ਼ਤਿਆਰ ਕਰ ਜਾਂਦਾ ਹੈ ਜਿਹੜਾ ਕਿ ਹਾਕਮ ਜਮਾਤਾਂ ਵੱਲੋਂ ਸਪੱਸ਼ਟ ਹੀ, ਇਸ ਲਹਿਰ ਅੰਦਰ ਦਹਿਲ ਬੈਠਾਉਣ, ਇਸ ਨੂੰ ਬੇ-ਦਿਲ ਕਰਨ ਅਤੇ ਅੰਤ ਨੂੰ ਇਸ ਨੂੰ ਦਬਾਉਣ ਦੇ ਮਨਸ਼ੇ ਨਾਲ ਕੀਤਾ ਗਿਆ ਸੀ। ਇਹ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਲਈ ਇੱਕ ਗੰਭੀਰ ਚੁਣੌਤੀ ਸੀ।

                                ਮੂੰਹ ਤੋੜਵਾਂ ਜੁਆਬ

                ਭਾਰਤ ਦੀਆਂ ਇਨਕਲਾਬੀ ਸ਼ਕਤੀਆਂ ਲਈ ਇਹ ਬੜੀ ਹੀ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਨੇ ਇਸ ਚੁਣੌਤੀ ਨੂੰ ਬਣਦੀ ਗੰਭੀਰਤਾ ਅਤੇ ਦਲੇਰੀ ਨਾਲ ਕਬੂਲ ਕੀਤਾ। ਇਹਨਾਂ ਸ਼ਕਤੀਆਂ ਵੱਲੋਂ ਭਰਿਆ ਮੁੱਢਲਾ ਹੁੰਗਾਰਾ ਹੀ ਕਾਫ਼ੀ ਹੌਂਸਲਾ-ਵਧਾਊ ਸੀ। ਇਸ ਗੱਲ ਦੇ ਬਾਵਜੂਦ ਕਿ ਉਸ ਦੇ ਕਤਲ ਦੀ ਖ਼ਬਰ 20 ਜੁਲਾਈ ਦੀ ਸਵੇਰ ਨੂੰ ਅਖ਼ਬਾਰਾਂ ਰਾਹੀਂ ਬਹੁਤੇ ਲੋਕਾਂ ਕੋਲ ਪਹੁੰਚੀ, ਬਾਵਜੂਦ ਇਸ ਦੇ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਕਾਲਜ ਬੰਦ ਸਨ ਅਤੇ ਡੀਜ਼ਲ ਦੀ ਥੁੜ੍ਹ ਕਾਰਨ ਆਵਾਜਾਈ ਦੇ ਸਾਧਨਾਂ ਦਾ ਮਿਲਣਾ ਮੁਸ਼ਕਿਲ ਸੀ ਅਤੇ ਅਧਿਕਾਰੀਆਂ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ਦੇ ਬਾਵਜੂਦ ਪੰਜਾਬ ਦੇ ਅੱਡ-ਅੱਡ ਹਿੱਸਿਆਂ ਚੋਂ ਕੋਈ ਦੋ ਹਜ਼ਾਰ ਦੇ ਲਗਭਗ ਲੋਕ ਕਾਮਰੇਡ ਰੰਧਾਵਾ ਦੇ 20 ਤਰੀਕ ਨੂੰ 1 ਵਜੇ ਹੋਣ ਵਾਲੇ ਅੰਤਿਮ ਸੰਸਕਾਰ ਵਿੱਚ ਭਾਗ ਲੈਣ ਲਈ ਉਸ ਦੇ ਪਿੰਡ ਦਸੂਹਾ ਵਿਖੇ ਗਏ। ਇੱਕਠ ਦੀ ਗਿਣਤੀ ਨਾਲੋਂ ਵੱਧ ਮਹੱਤਵਪੂਰਨ ਇਸ ਦੀ ਸਿਫ਼ਤ ਸੀ। ਇਹ ਇੱਕ ਅਜਿਹਾ ਨਿਰਾਲਾ ਦਿ੍ਰਸ਼ ਸੀ ਜਿੱਥੇ ਇੰਨੇ ਲੋਕ ਇੱਕੋ ਵੇਲੇ ਸੰਭਵ ਤੋਂ ਸੰਭਵ ਗਹਿਰੇ ਗ਼ਮ ਅਤੇ ਗੁੱਸੇ ਦੀਆਂ ਭਾਵਨਾਵਾਂ ਨਾਲ ਝੰਜੋੜੇ ਹੋਏ ਸਨ। ਨੋਟ ਕਰਨ ਵਾਲੀ ਗੱਲ ਇਹ ਸੀ ਕਿ ਨਾ ਤਾਂ ਗ਼ਮ ਕਰਕੇ ਉਹਨਾਂ ਦੇ ਮਨਾਂ ਤੇ ਬੇਦਿਲੀ ਦਾ ਕੋਈ ਪਰਛਾਵਾਂ ਸੀ ਤੇ ਨਾ ਹੀ ਗੁੱਸਾ ਉਹਨਾਂ ਨੂੰ ਆਪਣੇ ਚੇਤੰਨ ਰੋਲ ਅਤੇ ਜੁੰਮੇਵਾਰੀ ਤੋਂ ਥਿੜਕਾ ਰਿਹਾ ਸੀ। ਇੱਕ ਚੇਤੰਨ ਤੇ ਸੁਲਝੀ ਹੋਈ ਇਨਕਲਾਬੀ ਤਾਕਤ ਵਾਂਗ ਉਹ ਇਹੋ ਜਿਹੀਆਂ ਪਰਖ ਦੀਆਂ ਘੜੀਆਂ ਵਿੱਚ ਸਾਂਵੇ-ਮਨ ਰਹਿਣਾ ਅਤੇ ਇਹੋ ਜਿਹੇ ਹਮਲਿਆਂ ਦਾ ਟਾਕਰਾ ਕਰਕੇ ਇਹਨੂੰ ਪਛਾੜਨਾ ਜਾਣਦੇ ਸਨ। ਉਹ ਨਾਅਰੇ ਲਾ ਰਹੇ ਸਨ:

ਸ਼ਹੀਦ ਸਾਥੀਆਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!

                ਇਹ ਸੰਗਰਾਮਜਾਰੀ ਕੀਹਦੇ ਖ਼ਿਲਾਫ਼ ਰੱਖਣਾ ਹੈ? ਜਿਸ ਭੁਲੇਖਾ ਪਾਊ ਢੰਗ ਨਾਲ ਇਹ ਕਤਲ ਕੀਤਾ ਗਿਆ ਸੀ ਅਤੇ ਪੁਲਿਸ ਦੀ ਇਸ ਧੋਖੇਭਰੀ ਪੇਸ਼ਕਾਰੀ ਕਿ ਇਹ ਕਤਲ ਦੋ ਗਰੁੱਪਾਂ ਦੀ ਆਪਸੀ ਲੜਾਈ ਦਾ ਸਿੱਟਾ ਸੀ, ਦੇ ਬਾਵਜੂਦ ਉਹਨਾਂ ਲਈ ਹਾਕਮ ਜਮਾਤਾਂ ਦੇ ਸਿਆਸੀ ਅਤੇ ਪ੍ਰਬੰਧਕੀ ਨੁਮਾਇੰਦਿਆਂ (ਕਰਤਿਆਂ-ਧਰਤਿਆਂ) ਅਤੇ ਗੁੰਡਿਆਂ ਦੇ ਨਾਪਾਕ ਗੱਠਜੋੜ ਨੂੰ ਬੁੱਝ ਲੈਣਾ ਉਹਨਾਂ ਲਈ ਜ਼ਰਾ ਜਿੰਨਾ ਵੀ ਔਖਾ ਨਹੀਂ ਸੀ। ਉਹਨਾਂ ਨੇ ਐਲਾਨ ਕੀਤਾ :

ਰੰਧਾਵਾ ਕਤਲ ਦੇ ਜੁੰਮੇਵਾਰ

ਗੁੰਡੇ, ਪੁਲਸ ਅਤੇ ਇਹ ਸਰਕਾਰ!

                ਉਹ ਇਸ ਗੱਲ ਬਾਰੇ ਵੀ ਚੇਤੰਨ ਸਨ ਕਿ ਸੰਗਰਾਮਕਿੰਨੇ ਲੰਬੇ ਚਿਰ ਤੱਕ ਜਾਰੀ ਰੱਖਣਾ ਪਵੇਗਾ ਤੇ ਉਹਨਾਂ ਨੂੰ ਇਸ ਦੀ ਕੀ ਕੀਮਤ ਚੁਕਾਉਣੀ ਪਵੇਗੀ। ਇਸ ਕਰਕੇ, ਉਹਨਾਂ ਨੇ ਇਹ ਧਾਰ ਲਿਆ:

ਪ੍ਰਿਥੀ ਤੇਰਾ ਕਾਜ ਅਧੂਰਾ

ਲਾ ਕੇ ਜਿੰਦੜੀਆਂ ਕਰਾਂਗੇ ਪੂਰਾ!

                ਆਪਣੇ ਕੱਟ ਮਰਨ ਦੇ ਦਿ੍ਰੜ ਇਰਾਦੇ ਅਤੇ ਲੋਕਾਂ ਵੱਲੋਂ ਮਿਲੀ ਵਿਸ਼ਾਲ ਜਨਤਕ ਹਮਾਇਤ ਸਦਕਾ ਹੀ ਉਹ ਭਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕੇ ਅਤੇ ਤਾਕਤ ਅਤੇ ਵਸੀਲਿਆਂ ਪੱਖੋਂ ਕਿਤੇ ਵਾਧੂ ਦੁਸ਼ਮਣ ਵਿਰੁੱਧ ਮਹੀਨਿਆਂ ਬੱਧੀ ਗੰਭੀਰ ਟੱਕਰ ਲੈ ਸਕੇ ਅਤੇ ਇਸ ਅਮਲ ਦੌਰਾਨ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ।

(ਇੱਕ ਕਮਿ: ਇਨਕਲਾਬੀ ਜਥੇਬੰਦੀ ਦੇ ਪਰਚੇ ਮੁਕਤੀ ਸੰਗਰਾਮ ਦੇ 1980 ਦੇ ਇੱਕ ਵਿਸਥਾਰੀ ਰਿਪੋਰਟ ਚੋਂ ਸੰਖੇਪ)

(ਸਿਰਲੇਖ ਸਾਡਾ)  

No comments:

Post a Comment