ਕਰਜਾ-ਮੁਕਤੀ ਤੇ ਔਰਤ-ਮੁਕਤੀ ਨੂੰ ਸਮਰਪਤ
ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ 6ਵੀਂ ਬਰਸੀ
ਇਸ ਵਾਰ ਸ਼ਹੀਦ
ਸਾਧੂ ਸਿੰਘ ਤਖਤੂਪੁਰਾ ਦੀ ਬਰਸੀ 8 ਮਾਰਚ ਨੂੰ ਮਨਾਈ ਗਈ ਜੋ ਕਿ ਕਰਜਾ-ਮੁਕਤੀ ਤੇ
ਔਰਤ-ਮਕਤੀ ਨੂੰ ਸਮਰਪਤ ਸੀ। ਕਿਉਂਕਿ ਇਕ ਪਾਸੇ ਤਾਂ ਇਹ ਬੀ ਕੇ ਯੂ ਏਕਤਾ (ਉਗਰਾਹਾਂ) ਦਾ ਹੋਰਨਾਂ
ਕਿਸਾਨ ਜਥੇਬੰਦੀਆਂ ਦੇ ਮਕਾਬਲੇ ਵਿਸ਼ੇਸ ਤੇ ਵਿਲੱਖਣ ਲੱਛਣ ਹੈ ਕਿ ਉਹ ਹਮੇਸ਼ਾ ਹੀ ਕਰਜੇ ਨਾਲ ਸਬੰਧਤ
ਮੁੱਦੇ ਨੂੰ ਖਾਸ ਕਰਕੇ ਸੂਦਖੋਰੀ ਕਰਜੇ ਦੇ ਮੁੱਦੇ ਨੂੰ ਚੂਲ-ਮੁੱਦੇ ਵਜੋਂ ਲੈਂਦੀ ਰਹੀ ਹੈ ਤੇ
ਆਪਣੇ ਇਸ ਵਿਸ਼ੇਸ਼ ਤੇ ਵਿਲੱਖਣ ਲੱਛਣ ਸਦਕਾ ਹੀ
ਕਿਸਾਨੀ ਦੀਆਂ ਹੇਠਲੀਆਂ ਗਰੀਬ ਪਰਤਾਂ ‘ਚ ਆਪਣੀਆਂ ਜੜ੍ਹਾਂ
ਲਾਉਣ ‘ਚ ਕਾਮਯਾਬ ਹੋਈ ਹੈ ਤੇ ਏਸੇ
ਕਰਕੇ ਹੀ ਉਹਦਾ ਪੰਜਾਬ ਅੰਦਰ ਜੁਝਾਰ ਤੇ ਸ਼੍ਰੋਮਣੀ ਕਿਸਾਨ ਜਥੇਬੰਦੀ ਦਾ ਨਕਸ਼ਾ ਬਣਿਆ ਹੈ। ਸ਼ਹੀਦ
ਸਾਧੂ ਸਿੰਘ ਵੀ ਕਰਜੇ ਤੇ ਜਮੀਨ ਦੇ ਜੜੁੱਤ ਮੁੱਦੇ ਤੇ ਮੂਹਰਲੀਆਂ ਸਫਾਂ ‘ਚ ਹੋ ਕੇ ਲੜਨ ਕਰਕੇ ਹੀ ਇੱਕ ਹਰਮਨਪਿਆਰੇ ਤੇ ਜੁਝਾਰ ਕਿਸਾਨ ਆਗੂ ਵਜੋਂ
ਉੱਭਰਿਆ ਸੀ ਤੇ ਜਿਸ ਧੜੱਲੇ, ਦਲੇਰੀ ਤੇ ਦ੍ਰਿੜ੍ਹਤਾ ਨਾਲ ਉਸ ਨੇ ਇਸ ਲੜਾਈ ਦੀ ਆਗਵਾਈ ਕੀਤੀ, ਉਹ ਸਮੁੱਚੇ ਕਿਸਾਨ
ਕਰਿੰਦਿਆਂ ਤੇ ਵਰਕਰਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।
ਦੂਜੇ
ਪਾਸੇ ਬੀ.ਕੇ.ਯੂ. ਏਕਤਾ (ਉਗਰਾਹਾਂ) ਦਾ ਇੱਕ ਵਿਸ਼ੇਸ਼ ਤੇ ਉੱਭਰਵਾਂ ਲੱਛਣ ਉਹਦੇ ਵੱਲੋਂ ਘੋਲਾਂ
ਅੰਦਰ ਕਿਸਾਨ ਔਰਤਾਂ ਦੀ ਸ਼ਮੂਲੀਅਤ ਲਈ ਗਹਿਰ ਗੰਭੀਰ ਉੱਦਮ ਜੁਟਾਉਣਾ ਹੈ। ਬੀ.ਕੇ.ਯੂ ਏਕਤਾ (ਉਗਰਾਹਾਂ)
ਕਿਸਾਨ ਔਰਤਾਂ ਨੂੰ ਉੱਭਰ ਰਹੀ ਕਿਸਾਨ ਲਹਿਰ ਦਾ ਅਨਿੱਖੜਵਾ ਅੰਗ ਸਮਝਦੀ ਹੈ ਤੇ ਇਨ੍ਹਾਂ ਔਰਤਾਂ
ਨੂੰ ਬਕਾਇਦਾ ਕਿਸਾਨ ਦਾ ਦਰਜਾ ਦਿੰਦਿਆਂ ਇਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਅਤ ਲਈ ਵੱਧ ਤੋਂ ਵੱਧ
ਸੰਭਵ ਯਤਨ ਕਰਦੀ ਹੈ। ਇਹੀ ਕਾਰਨ ਹੈ ਕਿ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਮੁਕਾਬਲੇ
ਬੀ.ਕੇ.ਯੂ.ਏਕਤਾ (ਉਗਰਾਹਾਂ) ਦੇ ਸੰਘਰਸ਼ਾਂ ਅੰਦਰ ਔਰਤਾਂ ਦੀ ਸ਼ਮੂਲੀਅਤ ਕਿਤੇ ਵਡੇਰੀ ਹੁੰਦੀ ਹੈ ਤੇ
ਹੁਣ ਲਗਭਗ ਆਵਦੇ ਅੰਦਰ ਵੀ ਮਰਦ ਕਿਸਾਨਾਂ ਦੇ ਅੱਧ ਦੇ ਨੇੜ ਨੂੰ ਉੱਪੜਦੀ ਹੈ। ਪ੍ਰੰਤੂ
ਬੀ.ਕੇ.ਏਕਤਾ ਦਾ ਇਸ ਤੋਂ ਵੀ ਵਿਲੱਖਣ ਤੇ ਵੱਡਾ ਲੱਛਣ ਇਹ ਹੈ ਕਿ ਉਹ ਆਪਣੀ ਅਗਵਾਈ ਹੇਠਲੀਆਂ
ਕਿਸਾਨ ਸ਼ਕਤੀਆਂ ਨੂੰ ਕਿਸਾਨੀ ਦੀਆਂ ਆਰਥਕ ਸਿਆਸੀ ਤਬਕਾਤੀ ਮੰਗਾਂ ਖਾਤਰ ਲਾਮਬੰਦ ਕਰਨ ਤੱਕ ਹੀ
ਸੀਮਤ ਨਹੀਂ ਰਹਿੰਦੀ,
ਸਗੋਂ ਉਨ੍ਹਾਂ ਦੇ ਸਮਾਜਕ-ਸੱਭਿਆਚਾਰਕ ਸਰੋਕਾਰਾਂ ਨੂੰ ਵੀ ਆਪਣੇ ਕਲਾਵੇ
ਵਿਚ ਲੈਂਦੀ ਹੈ-ਸਿੱਟੇ ਵਜੋਂ ਇਹ ਜਥੇਬੰਦੀ ਲੋਕਾਂ ਦੇ ਜਮਹੂਰੀ ਹੱਕਾਂ ਦੇ ਸੁਆਲ ’ਤੇ
ਫਿਰਕਾਪ੍ਰਸਤੀ/ਇਲਾਕਾਪ੍ਰਸਤੀ ਦੇ ਵਿਰੋਧ ਦੇ ਸੁਆਲ ’ਤੇ, ਕਿਸਾਨ ਤੇ ਲੋਕ-ਲਹਿਰ ਦੇ ਸਹਿਤਕ ਲਹਿਰ ਨਾਲ ਰਿਸ਼ਤੇ ਦੇ
ਸੁਆਲ ’ਤੇ, ਔਰਤਾਂ ਦੇ ਮਾਮਲੇ ‘ਚ ਸਮਾਜਕ ਗੁੰਡਾਗਰਦੀ, ਭਰੂਣ ਹੱਤਿਆ ਤੇ ਔਰਤ-ਆਜਾਦੀ ਆਦਿ ਦੇ ਸੁਆਲਾਂ ’ਤੇ ਦਰੁਸਤ ਪਹੁੰਚ
ਅਪਣਾਉਂਦੀ ਹੈ ਤੇ ਸਮਰੱਥਾ ਮੁਤਾਬਕ ਨਿੱਠ ਕੇ ਸਰਗਰਮੀ ਕਰਦੀ ਹੈ। ਸ਼ਹੀਦ ਸਾਧੂ ਸਿੰਘ ਦੀ ਬਰਸੀ ਔਰਤ
ਮੁਕਤੀ ਨੂੰ ਸਮਰਪਤ ਕਰਨਾ, ਪਿਛਲੇ ਪੰਦਰਾਂ ਦਿਨਾਂ ਤੋਂ ਆਵਦੇ ਕੰਮ ਖੇਤਰ ਵਾਲੇ ਸਾਰੇ ਜਿਲ੍ਹਿਆਂ
ਅੰਦਰ ਔਰਤ-ਬਰਾਬਰੀ ਤੇ ਮੁਕਤੀ ਦੇ ਸੁਆਲ ’ਤੇ ਭਰਵੀਆਂ ਜਨਤਕ ਮੀਟਿੰਗਾਂ ਦਾ ਤਾਂਤਾ ਬੰਨ੍ਹਣਾ, ਸਿੱਟੇ ਵਜੋਂ ਇਸ
ਬਰਸੀ ਸਮਾਗਮ ਅੰਦਰ ਲਗਭਗ ਕੁੱਲ ਦਸ ਹਜਾਰ ਦੀ ਗਿਣਣੀ ’ਚੋਂ ਅੱਧ ਜਾਂ ਅੱਧ
ਤੋਂ ਭੋਰਾ ਵੱਧ ਔਰਤਾਂ ਦਾ ਹੋਣਾ, ਸਟੇਜ ਦਾ ਪ੍ਰਬੰਧ ਨਿਰੋਲ ਔਰਤਾਂ ਕੋਲ ਹੋਣਾ, ਤੇ ਔਰਤ ਮੁਕਤੀ
ਸਬੰਧੀ ਮੁੱਖ ਬੁਲਾਰੇ ਔਰਤਾਂ ’ਚੋਂ ਹੋਣਾ, ਇਸੇ ਸਹੀ ਸੋਚ ਤੇ ਸਰਗਰਮੀ ਦੀ ਉੱਘੜਵੀਂ ਉਦਾਹਰਣ ਹੈ।
ਜਿੱਥੋਂ ਤੱਕ ਸਾਧੂ
ਸਿੰਘ ਦੀ ਬਰਸੀ ਨਾਲ ਔਰਤ-ਸ਼ਕਤੀ ਦੇ ਵਿਸ਼ੇ ਨੂੰ ਜੋੜਨ ਦਾ ਸਬੰਧ ਹੈ, ਕਿਸਾਨਾਂ ਦੀ
ਜਮੀਨਾਂ ਤੇ ਕਰਜੇ ਦੀ ਲੜਾਈ ਦੇ ਵੱਡੇ ਮਹੱਤਵ ਨੂੰ ਸਮਝਣ ਤੇ ਇਹਦੀ ਡਟਵੀਂ ਅਗਵਾਈ ਕਰਨ ਤੋਂ ਇਲਾਵਾ
ਸ਼ਗੀਦ ਸਾਧੂ ਸਿੰਘ ਦੇ ਦੋ ਵਿਸ਼ੇਸ਼ ਸਮਾਜਕ ਸਰੋਕਾਰ ਸਨ। ਇੱਕ ਸੀ ਖੇਤ ਮਜ਼ਦੂਰਾਂ ਨੂੰ ਕਿਸਾਨਾਂ ਦਾ
ਦਰਜਾ ਦੇਣਾ, ਇਹਨਾਂ ਨਾਲ ਪੱਕੀ
ਜੋਟੀ ਪਉਣ ਤੋਂ ਇਲਾਵਾ ਕਿਸਾਨ ਸਮਾਜ ਅੰਦਰ ਜਾਤ-ਪਾਤੀ ਕੋਹੜ ਨੂੰ ਵੱਢਣਾ-ਜੀਹਦੀ ਪੁਸ਼ਟੀ ਕਰਦਿਆਂ
ਇਸ ਸਮਾਗਮ ਅੰਦਰ ਖੇਤ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਨੇ ਕਿਹਾ ਸੀ ਕਿ ਸ਼ਹੀਦ ਸਾਧੂ ਸਿੰਘ ਖੇਤ
ਮਜ਼ਦੂਰਾਂ ਨਾਲ ਸਾਂਝ ਦਾ ਸੁਭਾਵਕ ਸਮੱਰਥਕ ਸੀ, ਕਿਉਂਕ ਮਾਲਕ ਕਿਸਾਨੀ ਦਾ ਜੰਮਪਲ ਹੋ ਕੇ ਵੀ ਜਦੋਂ ਕਦੇ
ਸਾਧੂ ਸਿੰਘ ਇੱਕ ਸੰਵੇਦਨਸ਼ੀਲ ਇਨਕਲਾਬੀ ਕਵੀ ਵਜੋਂ ਕੁੱਝ ਲਿਖਦਾ ਸੀ ਤਾਂ ਉਹਦੀ ਰੂਹ ਖੇਤ ਮਜਦੂਰਾਂ
ਦੇ ਵੇਹੜਿਉਂ ਬੋਲਦੀ ਸੀ, ਉਨ੍ਹਾਂ ਨਾਲ ਇਕ-ਮਿੱਕ ਹੋ ਕੇ ਉਹਨਾਂ ਦੀ ਆਵਾਜ ਬਣ ਕੇ ਗੂੰਜਦੀ ਸੀ।
ਉਸ ਦਾ ਦੂਜਾ ਵਿਸ਼ੇਸ਼ ਸਰੋਕਾਰ ਸੀ ਔਰਤ ਦੀ ਬਰਾਬਰੀ ਤੇ ਆਜਾਦੀ। ਉਹ ਨਾ ਸਿਰਫ ਵੱਧ ਤੋਂ ਵੱਧ ਕਿਸਾਨ
ਮਜਦੂਰ ਔਰਤਾਂ ਨੂੰ ਇਹਨਾਂ ਦੇ ਜਮਾਤੀ ਤਬਕਾਤੀ ਘੋਲਾਂ ‘ਚ ਸ਼ਾਮਲ ਕਰਾਉਣ ਲਈ ਵਿਸ਼ੇਸ਼ ਜੋਰ ਮਾਰਦਾ ਸੀ ਸਗੋਂ ਉਨ੍ਹਾਂ ਨੂੰ
ਜਥੇਬੰਦੀਆਂ ਦੇ ਚੇਤਨ ਵਰਕਰਾਂ ਤੇ ਆਗੂਆਂ ‘ਚ ਢਾਲਣ ਲਈ ਵਿਸ਼ੇਸ਼ ਉੱਦਮ
ਜੁਟਾਉਂਦਾ ਸੀ। ਇੱਕ ਲੋਕ-ਪੱਖੀ ਇਨਕਲਾਬੀ ਕਵੀ ਵਜੋਂ ਉਹ ਨਾ ਸਿਰਫ ਮਾਲਕ ਕਿਸਾਨੀ ਦੀਆਂ ਸਗੋਂ ਖੇਤ
ਮਜਦੂਰ ਔਰਤਾਂ ਦੀਆਂ ਸੱਧਰਾਂ ਤੇ ਵਲਵਲਿਆਂ ਦੀ ਹੂਕ ਬਣਕੇ ਗੂੰਜਦਾ ਸੀ। ਉਸ ਸਮਾਗਮ ਦੌਰਾਨ ਪੜ੍ਹ ਕੇ ਜਾਂ ਗਾ ਕੇ
ਸੁਣਾਈਆਂ ਗਈਆਂ ਉਸ ਦੀਆਂ ਕਵਿਤਾਵਾਂ ਤੇ ਕਿਸੇ
ਔਰਤ ਮੀਟਿੰਗ ਦੌਰਾਨ ਕੀਤੇ ਗਏ ਉਸ ਦੇ ਭਾਸ਼ਣ ਦੀ ਟੇਪ, ਔਰਤ ਬਰਾਬਰੀ ਤੇ ਆਜਾਦੀ ਦੇ ਉਸਦੇ ਸੰਕਲਪ ਤੇ ਉਸ ਦੀ
ਤਾਂਘ ਦੀਆਂ ਠੋਸ ਉਦਾਹਰਣਾਂ ਹਨ।
ਸ਼ਹੀਦੀ ਸਮਾਗਮ
ਦਾ ਆਗਾਜ਼ ਅਮੋਲਕ ਸਿੰਘ ਦੇ ਗੀਤ ‘‘ਉਹ ਤਾਰਾ ਬਣਿਆ ਅੰਬਰਾਂ ਦਾ, ਕੌਣ ਕਹੇ ਉਹ ਮਰਿਆ
ਹੈ’’ ਤੇ ਅਧਾਰਤ
ਕੋਰੀਓਗਰਾਫੀ ਰਾਹੀਂ ਹੋਇਆ, ਜੀਹਦੇ ਅੰਦਰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਇਨਕਲਾਬੀ ਰੋਲ ਤੇ
ਆਦਰਸ਼ਾਂ ਨੂੰ ਉਚਿਆਇਆ ਗਿਆ ਸੀ। ਪਿੱਛੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਸਮਾਗਮ
ਦੇ ਸਮਾਪਤੀ ਭਾਸ਼ਨ ਦੌਰਾਨ ਸ਼ਹੀਦ ਸਾਧੂ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਆਦਰਸ਼ਾਂ ਦੀ ਗੱਲ ਕਰਦਿਆਂ
ਕਿਹਾ ਕਿ ਉਹ ਸਿਰਫ ਕਿਸਾਨਾਂ ਦਾ ਹੀ ਆਗੂ ਨਹੀਂ ਸੀ, ਉਹ ਸਾਰੇ ਮਿਹਨਤਕਸ਼ ਤਬਕਿਆਂ ਨੂੰ ਘੇਰੇ ‘ਚ ਲੈਂਦਾ ਸੀ ਤੇ ਇਨ੍ਹਾਂ ਦੀ ਸਾਂਝ ਚਾਹੁੰਦਾ ਸੀ। ਸਾਨੂੰ ਉਹਦੇ
ਇਨਕਲਾਬੀ ਗੁਣਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਕਿਸਾਨੀ ਕਰਜੇ
ਦੇ ਮੁੱਦੇ ’ਤੇ ਗੱਲ ਕਰਦਿਆਂ
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਰਜੇ ਦੀ ਸਮੱਸਿਆ ਗਹਿਰੀਆਂ
ਜੜ੍ਹਾਂ ਵਾਲੀ ਸਮੱਸਿਆ ਹੈ, ਜਿਹੜੀ ਮੌਜੂਦਾ ਕਿਸਾਨੀ ਸੰਕਟ ਦੀ ਚੂਲ ਹੈ ਤੇ ਜੀਹਦੇ ਹੱਲ ਹੋਏ ਬਿਨਾਂ
ਕਿਸਾਨੀ ਦਾ ਕਲਿਆਣ ਸੰਭਵ ਨਹੀਂ ਹੈ। ਪਰ ਇਹ ਸਮੱਸਿਆ ਕੋਈ ਅਸਮਾਨੋ ਡਿੱਗੀ ਸਮੱਸਿਆ ਨਹੀਂ ਹੈ, ਸਗੋਂ ਇਹ ਸਾਡੇ
ਵੇਲੇ ਦੇ (ਕੇਂਦਰੀ/ਸੂਬਾਈ) ਹਾਕਮਾਂ ਦੀਆਂ ਨੀਤੀਆਂ ਤੇ ਨੀਤ ਦੀ ਹੀ ਦੇਣ ਹੈ। ਸਮੱਸਿਆ ਦੇ ਪਿਛੋਕੜ ‘ਚ ਜਾਂਦਿਆਂ ਸ੍ਰੀ ਕੋਕਰੀ ਨੇ ਕਿਹਾ ਕਿ ਭਾਵੇਂ ਅੰਗਰੇਜਾਂ ਦੇ ਰਾਜ
ਸਮੇਂ ਹੀ ਜਗੀਰਦਾਰਾਂ ਤੇ ਸੂਦਖੋਰਾਂ ਨੂੰ ਕਿਸਾਨੀ ਦੀ ਅੰਨ੍ਹੀ ਲੁੱਟ ਕਰਨ ਲਈ ਅਥਾਹ ਸ਼ਕਤੀਆਂ
ਪ੍ਰਦਾਨ ਕਰ ਦਿੱਤੀਆਂ ਗਈਆਂ ਸਨ, ਤੇ ਮੌੜਵੇਂ ਰੂਪ ‘ਚ ਇਹ ਪਿਛਾਖੜੀ ਤਾਕਤਾਂ ਨਾ ਸਿਰਫ ਵਿਦੇਸ਼ੀ ਲੁੱਟ ਨੂੰ ਯਕੀਨੀ ਬਣਾਉਣ ‘ਚ ਸਹਾਈ ਹੋਈਆਂ ਸਨ ਸਗੋਂ ਇਹ ਕਿਸਾਨਾਂ ਨੂੰ ਦਬਾ ਕੇ ਰੱਖਣ ਲਈ ਅੰਗਰੇਜ
ਹਕੂਮਤ ਦੀ ਸਮਾਜਕ ਢੋਈ ਬਣੀਆਂ ਸਨ। ਪਰ 1990 ਤੋਂ ਬਾਦ ਸਾਡੇ ਕੇਂਦਰੀ ਤੇ ਸੂਬਾਈ ਹਾਕਮਾਂ ਨੇ
ਵਿਦੇਸ਼ੀ ਸਾਮਰਾਜੀ ਤਾਕਤਾਂ ਤੇ ਸੰਸਥਾਵਾਂ ਦੇ
ਹੁਕਮਾਂ ਹੇਠ ਅਜਿਹੀਆਂ ਨੀਤੀਆਂ ਅਪਣਾ ਲਈਆਂ ਹਨ, ਜਿਹੜੀਆਂ ਕਰਜੇ ਦੀ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਇਸ
ਨੂੰ ਅਤਿਅੰਤ ਗੰਭੀਰ ਬਣਾਉਂਦੀਆਂ ਹਨ ਤੇ ਕਿਸਾਨੀ ਨੂੰ ਤਬਾਹੀ ਤੇ ਖੁਦਕਸ਼ੀਆਂ ਦੇ ਰਾਹ ਧੱਕ ਰਹੀਆਂ
ਹਨ-ਮਿਸਾਲ ਵਜੋਂ.-
-ਕਰਜੇ ਦੀ ਸਮੱਸਿਆ ਦੀ ਮੂਲ
ਵਜਾਹ ਜਮੀਨ ਦੀ ਤੋਟ ਹੈ ਤੇ ਇਹ ਮੋੜਵੇਂ ਰੂਪ ‘ਚ ਕਿਸਾਨਾਂ ਹੱਥੋਂ
ਹੋਰ ਜਮੀਨ ਖੁੱਸਣ ਦਾ ਕਾਰਨ ਬਣਦੀ ਹੈ, ਜੀਹਦਾ ਹੱਲ ਇਹ ਬਣਦਾ ਸੀ ਕਿ ਜਮੀਨ ਦੀ ਕਾਣੀ-ਵੰਡ ਖਤਮ
ਕੀਤੀ ਜਾਵੇ, ਜਾਗੀਰਦਾਰਾਂ ਤੋਂ
ਵਾਧੂ ਜਮੀਨ ਲੈ ਕੇ ਬੇਜਮੀਨੇ ਤੇ ਗਰੀਬ ਕਿਸਾਨਾਂ ਤੇ ਖੇਤ ਮਜਦੂਰਾਂ ‘ਚ ਵੰਡੀ ਜਾਵੇ-ਪੰਜਾਬ ‘ਚ ਜਮੀਨੀ ਹੱਦਬੰਦੀ
ਤੋਂ ਉਪਰ ਕਾਨੂੰਨੀ ਤੌਰ ’ਤੇ ਵੰਡਣ ਯੋਗ ਪੌਣੇ ਸਤਾਰਾ ਲੱਖ ਏਕੜ ਜਮੀਨ ਬਣਦੀ ਹੈ ਪਰ ਸਾਡੀ ਹਕੂਮਤ
ਜਮੀਨੀ ਸੁਧਾਰਾਂ ਤੇ ਜਮੀਨੀ ਹੱਦਬੰਦੀ ਦੀ ਸਫ ਵਲੇਟ ਕੇ ਨਵੇਂ ਕਾਨੂੰਨ ਲਿਆ ਰਹੇ ਹਨ ਤੇ ਕਿਸਾਨਾਂ
ਤੋਂ ਵੱਖ ਵੱਖ ਪ੍ਰੋਜੈਕਟਾਂ ਦੇ ਨਾਂ ਹੇਠ ਬਾਕੀ ਰਹਿੰਦੀਆਂ ਜਮੀਨਾਂ ਖੋਹਣ ਦੀ ਨੀਤੀ ਤੇ ਚੱਲ ਰਹੇ
ਹਨ। ਦਰਅਸਲ ਉਹ ਬਿਨਾਂ ਕਿਸੇ ਬਦਲਵੇਂ ਪ੍ਰਬੰਧ ਦੇ 40% ਕਿਸਾਨਾਂ ਨੂੰ ਖੇਤੀ ਕਿੱਤੇ ’ਚੋਂ ਬਾਹਰ ਧੱਕਣ ’ਤੇ ਤੁਲੇ ਹੋਏ ਹਨ।
-ਕਿਸਾਨੀ ਕਰਜੇ ਦੀ
ਸਮੱਸਿਆ ਦਾ ਦੂਜਾ ਹੱਲ ਇਹ ਬਣਦਾ ਹੈ ਕਿ ਖੇਤੀ ਲਾਗਤਾਂ ਦੇ ਅੰਨ੍ਹੇ ਮੁਨਾਫੇ ਕੱਟ ਕੇ ਤੇ ਫਸਲਾਂ
ਦੇ ਮੁਨਾਫਾਬਖਸ਼ ਭਾਅ ਤਹਿ ਕਰਕੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਇਆ ਜਾਵੇ। ਪਰ ਹੋ ਇਸ ਤੋਂ ਐਨ
ਉਲਟ ਰਿਹਾ ਹੈ। ਪਿਛਲੇ ਵਰ੍ਹਿਆਂ ਅੰਦਰ ਲਾਗਤ ਵਸਤਾਂ ਦੇ ਅੰਨ੍ਹੇ ਮੁਨਾਫਿਆਂ ਨੂੰ ਅੰਤਾਂ ਦੀ ਤੇਜੀ
ਨਾਲ ਵਧਣ ਦੀਆਂ ਖੁੱਲ੍ਹੀਆਂ ਛੁੱਟੀਆਂ ਦੇ ਕੇ ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਜਾਮ
ਜਾਂ ਨਿਗੂਣੇ ਵਧਾ ਕੇ ਇਸ ਪਾੜੇ ਨੂੰ ਬੇਓੜਕ ਵਧਾਇਆ
ਗਿਆ ਹੈ। ਜਿਸ ਦੇ ਸਿੱਟੇ ਵਜੋਂ ਨਾ ਸਿਰਫ ਖੇਤੀ ਨੂੰ ਘਾਟੇ-ਵੰਦਾ ਧੰਦਾ ਬਣਾਇਆ ਗਿਾਆ ਹੈ
ਸਗੋਂ ਕਿਸਾਨੀ ਨੂੰ ਮੁਕੰਮਲ ਤੌਰ ’ਤੇ ਕੰਗਾਲ ਕਰ ਕੇ ਖੁਦਕਸ਼ੀਆਂ ਦੇ ਰਾਹ ਧੱਕ ਦਿਤਾ
ਗਿਆ ਹੈ।
-ਕਿਸਾਨੀ ਕਰਜੇ ਦੀ
ਸਮੱਸਿਆ ਦਾ ਇਕ ਹੋਰ ਹੱਲ ਕਰਜਾ ਬਿਨਾ ਵਿਆਜ ਦੇਣਾ ਤੇ ਲੰਮੇ ਦਾਅ ਦੇ ਕਰਜੇ ਸਸਤੇ ਭਾਅ ਤੇ ਯਕੀਨੀ
ਬਣਾ ਕੇ ਕਿਸਾਨੀ ਨੂੰ ਰੱਤ-ਚੂਸ ਸ਼ਾਹੂਕਾਰ ਕਰਜੇ ਦੇ ਚੁੰਗਲ ’ਚੋਂ ਬਾਹਰ ਕੱਢਣਾ
ਬਣਦਾ ਹੈ, ਪਰ ਹੋ ਇਸ ਤੋਂ ਉਲਟ
ਰਿਹਾ ਹੈ-ਅਖੌਤੀ ਨਵੀਆਂ ਆਰਥਕ ਨੀਤੀਆਂ ਤਹਿਤ ਕਿਸਾਨਾਂ ਨੂੰ ਸਸਤੇ ਕਰਜੇ ਦੀਆਂ ਰਿਆਇਤਾਂ ਖਤਮ
ਕੀਤੀਆਂ ਜਾ ਰਹੀਆਂ ਹਨ,
ਬੈਂਕ ਕਰਜਾ ਉਲਟਾ ਸ਼ਾਹੂਕਾਰਾ ਕਰਜੇ ਦੀ ਲੁੱਟ ਵਧਾਉਣ ‘ਚ ਸਹਾਈ ਹੋ ਰਿਹਾ ਹੈ ਤੇ ਹੁਣ ਬਾਦਲ ਹਕੂਮਤ ਵੱਲੋਂ ਸੂਦਖੋਰੀ ਵਿਰੋਧੀ
ਕਰਜਾ ਬਿੱਲ ਨੂੰ ਵੀ ਕਿਸਾਨ ਪੱਖੀ ਬਣਾਉਣ ਦੀ ਥਾਂ ਸੂਦਖੋਰਾਂ ਦੇ ਦਬਾਅ ਹੇਠ ਸੂਦਖੋਰ-ਪੱਖੀ ਬਣਾਇਆ
ਜਾ ਰਿਹਾ ਹੈ।
- ਕਿਸਾਨੀ ਕਰਜੇ ਦੀ
ਸਮੱਸਿਆ ਹੱਲ ਕਰਨ ਲਈ ਇੱਕ ਅਹਿਮ ਉਪਾਅ ਇਹ ਬਣਦਾ
ਹੈ ਕਿ ਫਸਲਾਂ ਦੇ ਕੁਦਰਤੀ ਆਫਤਾਂ ਜਾਂ ਨਕਲੀ ਬੀਜਾਂ/ਦਾਵਾਈਆਂ ਕਰਕੇ ਹੋਏ ਹਰਜੇ ਦਾ ਪੂਰਾ ਮੁਆਵਜਾ
ਯਕੀਨੀ ਬਣਾਇਆ ਜਾਵੇ। ਨਕਲੀ ਬੀਜਾਂ/ਦਵਾਈਆਂ ਵੇਚਣ ਵਾਲਿਆਂ ਨੂੰ ਕਰੜੀਆਂ ਸਜਾਵਾਂ ਦਿੱਤੀਆਂ ਜਾਣ।
ਪਰ ਅਸਲ ਵਿਚ ਆਨੀ ਬਹਾਨੀ ਅਜਿਹੇ ਖਰਾਬੇ ਸਮੇਂ ਬਣਦਾ ਮੁਆਵਜਾ ਦੇਣ ਤੋਂ ਟਾਲਾ ਵੱਟਿਆ ਜਾਂਦਾ ਹੈ। 15-15 ਜਾਂ 20-20 ਰੁਪਏ ਦੇ ਚੈਕ ਦੇ
ਕੇ ਕਿਸਾਨਾਂ ਨੂੰ ਜਲੀਲ ਕੀਤਾ ਜਾਂਦਾ ਹੈ। ਤੇ ਨਕਦੀ ਬੀਜਾਂ/ਦਵਾਈਆਂ ਦੇ ਵਪਾਰੀਆਂ ਨਾਲ
ਸਾਂਠ-ਗਾਂਠ ਕਰਕੇ ਕਿਸਾਨੀ ਨੂੰ ਤਬਾਹੀ ਵੱਲ ਧੱਕਿਆ ਜਾਂਦਾ ਹੈ। ਇਸ ਵੇਰ ਚੋਣਾਂ ਕਰਕੇ ਭਾਵੇਂ
ਚਿੱਟੀ ਮੱਖੀ ਰਾਹੀਂ ਉਜਾੜੇ ਸਮੇਂ 8000 ਰੁ. ਪ੍ਰਤੀ ਏਕੜ ਮੁਆਵਜਾ ਦਿੱਤਾ ਗਿਆ ਹੈ ਤੇ ਖੇਤ
ਮਜਦੂਰਾਂ ਲਈ 64 ਕਰੋੜ ਰੱਖਿਆ ਗਿਆ
ਹੈ ਪਰ ਇਹ ਸਹੀ ਕਾਸ਼ਤਕਾਰਾਂ ਨੂੰ ਦੇਣ ਦੀ ਥਾਂ ਹਾਕਮ ਪਾਰਟੀ ਦੇ ਕਰਿੰਦਿਆਂ ਰਾਹੀਂ ਆਵਦਿਆਂ ਨੂੰ
ਦੇ ਕੇ ਇਸ ਨੂੰ ਵੋਟਾਂ ਵਟੋਰਨ ਦਾ ਸਾਧਨ ਬਣਾਇਆ ਜਾ ਰਿਹਾ ਹੈ।
-ਕਿਸਾਨੀ ਕਰਜੇ ਦੀ
ਸਮੱਸਿਆ ਨੂੰ ਹੱਲਾ ਕਰਨ ਦਾ ਇੱਕ ਉਪਾਅ ਆਮ ਮਹਿੰਗਾਈ ਤੇ ਸਿਆਸੀ ਪ੍ਰਬੰਧਕੀ ਭਰਿਸ਼ਟਾਚਾਰ ਨੂੰ ਨੱਥ
ਮਾਰਨਾ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਹਾਕਮਾਂ ਦੀਆਂ ਲੁਟੇਰੀਆਂ ਨੀਤੀਆਂ ਕਰਕੇ ਆਮ ਮਹਿੰਗਾਈ
ਅਤੇ ਸਿਆਸੀ ਪ੍ਰਬੰਧਕੀ ਭ੍ਰਿਸ਼ਟਾਚਾਰ ਅੰਤਾਂ ਦੀ ਤੇਜੀ ਨਾਲ ਵਧ ਰਹੇ ਹਨ ਤੇ ਮਿਹਨਤਕਸ਼ ਲੋਕਾਂ ਦਾ
ਕਚੂੰਮਰ ਕੱਢ ਰਹੇ ਹਨ। ਇਸ ਤੋਂ ਵੀ ਅੱਗੇ ਸੇਵਾਵਾਂ ਦੇ ਨਿੱਜੀਕਰਨ ਤੇ ਵਪਾਰੀ ਕਰਨ ਦੇ ਨਾਂ ਹੇਠ
ਵਿਦਿਆ, ਸਿਹਤ, ਬਿਜਲੀ ਤੇ ਹੋਰ
ਸੇਵਾਵਾਂ ਅਤਿਅੰਤ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ। ਤੇ ਦੂਜੇ ਪਾਸੇ ਏਸੇ ਨਿੱਜੀਕਰਨ ਦੇ ਨਾਂ
ਹੇਠ ਕਿਸਾਨਾਂ/ਖੇਤ ਮਜਦੂਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਕੋਰਾ ਜਵਾਬ ਦੇ ਕੇ
ਬੇਰੁਜਗਾਰੀ ਜਾਂ ਅਰਧ-ਰੁਜਗਾਰੀ ਦੇ ਮੂੰਹ ਧੱਕਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਕੌਮੀ ਮੰਡੀ ਦੇ
ਨਾਂ ਹੇਠ ਕਿਸਾਨੀ ਫਸਲਾਂ ਦੇ ਭਾਅ ਮਿਥਣ ਤੇ ਇਹਨਾਂ ਦੀ ਸਰਕਾਰੀ ਖਰੀਦ ਦੀ ਨੀਤੀ ਤੋਂ ਵੀ ਭੱਜਿਆ
ਜਾ ਰਿਹਾ ਹੈ ਤੇ ਕਿਸਾਨਾਂ ਨੂੰ ਦੇਸੀ ਵਿਦੇਸ਼ੀ ਵੱਡੇ ਵਪਾਰੀਆਂ ਦੇ ਰਹਿਮੋ-ਕਰਮ ’ਤੇ ਛੱਡਿਆ ਜਾ ਰਿਹਾ
ਹੈ।
-ਇਸ ਤੋਂ ਵੀ ਅੱਗੇ
ਮਾਯੂਸੀ ਤੇ ਨਿਰਾਸ਼ਾ ਦੇ ਆਲਮ ‘ਚ ਭਟਕਦੇ ਸਾਡੇ
ਬੱਚਿਆਂ ਨੂੰ ਨਸ਼ਿਆਂ,
ਹਿੰਸਾ ਤੇ ਅਪਰਾਧਕ ਕਾਰਵਾਈਆਂ ਦੀ ਲਤ ਲਾਕੇ ਪਹਿਲਾਂ ਹੀ ਅਸਹਿ ਕਰਜਿਆਂ
ਦੀ ਮਾਰ ਹੇਠ ਆਏ ਹੋਏ ਕਿਸਾਨ ਮਜਦੂਰਾਂ ਨੂੰ ਅਤਿਅੰਤ ਵੱਡੇ ਖਰਚਿਆਂ ਤੇ ਪੁਆੜਿਆਂ ਦੇ ਮੂੰਹ ਧੱਕ
ਦਿੱਤਾ ਜਾਂਦਾ ਹੈ।
ਉਪਰੋਕਤ ਤੱਥਾਂ
ਦੀ ਰੋਸ਼ਨੀ ‘ਚ ਸ੍ਰੀ ਕੋਕਰੀ ਨੇ
ਕਿਹਾ ਕਿ ਦੇਸੀ/ਵਿਦੇਸ਼ੀ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਤੇ ਸੂਦਖੋਰਾਂ ਦੇ ਮੁਨਾਫਿਆਂ ਦੀ ਹਵਸ ਪੂਰੀ
ਕਰਨ ਲਈ ਮਿਹਨਤਕਸ਼ ਲੋਕਾਂ ’ਤੇ ਕੌਮ ਧ੍ਰੋਹੀ ਨੀਤੀਆਂ ਨੂੰ ਜੋਰ ਸ਼ੋਰ ਨਾਲ ਅਮਲੀ ਜਾਮਾ ਪਹਿਨਾ ਰਹੇ
ਇਹਨਾਂ ਹਾਕਮਾਂ ਤੋਂ ਨਾ ਕਰਜੇ ਤੋਂ ਨਿਜਾਤ ਪੁਆਉਣ ਦੀਆਂ ਨੀਤੀਆਂ ਦੀ ਆਸ ਕੀਤੀ ਜਾ ਸਕਦੀ ਹੈ, ਨਾ ਹੀ ਕਿਸੇ ਵੱਡੀ
ਕਰਜਾ ਰਾਹਤ ਦੀ। ਇਹ ਵੱਡੇ ਸਰਮਾਏਦਾਰਾਂ ਦੀਆਂ ਕੰਪਨੀਆਂ ਦੇ 1.14 ਲੱਖ ਕਰੋੜ (ਕੇਂਦਰ
ਸਰਕਾਰ ਵੱਲੋਂ) ਤੇ ਇੱਕ ਹਜਾਰ ਕਰੋੜ (ਸੂਬਾ ਸਰਕਾਰ ਵੱਲੋਂ) ਦੇ ਕਰਜੇ ਨੂੰ ਨਾ ਉਗਰਾਹੁਣ ਯੋਗ
ਗਰਦਾਨ ਕੇ ਤਾਂ ਵੱਟੇ-ਖਾਤੇ ਪਾਏ ਜਾ ਸਕਦੇ ਹਨ, ਪਰ ਕਿਸਾਨਾਂ ਮਜਦੂਰਾਂ ਨੂੰ ਤਾਂ ਕੁੱਝ ਹਜਾਰਾਂ ਦੇ
ਕਰਜੇ ਸਦਕਾ ਜਿਹਲ ਭੇਜਣ, ਜਲੀਲ ਕਰਨ ਤੇ ਅੰਤ ਮਰਨ ਲਈ ਮਜਬੂਰ ਕਰਨ ਦੀ ਆਸ ਹੀ ਕੀਤੀ ਜਾ ਸਕਦੀ
ਹੈ। ਸੋ ਕਰਜਾ ਮੁਕਤੀ ਦੀ ਲੜਾਈ ਮਿਹਨਤਕਸ਼ ਲੋਕਾਂ ਨੂੰ ਆਪਣੀ ਜਥੇਬੰਦੀ ਤੇ ਆਪਣੀ ਤਾਕਤ ਦੇ ਜੋਰ
ਜਾਨ-ਹੂਲਵੀਂ ਲੜਾਈ ਰਾਹੀਂ ਹੀ ਲੜਨੀ ਪੈਣੀ ਹੈ।
ਔਰਤ ਮੁਕਤੀ ਦੀ
ਗੱਲ ਛੇੜਦਿਆਂ ਬੀ.ਕੇ ਯੂ.ਏਕਤਾ ਦੀ ਜਿਲਾ ਆਗੂ ਕੁਲਦੀਪ ਕੌਰ ਕੁੱਸਾ ਨੇ ਸਟੇਜ ਸਕੱਤਰ ਦੀ
ਜੁੰਮੇਦਾਰੀ ਬਾ-ਖੂਬੀ ਨਿਭਾਉਂਦਿਆਂ ਕਿਹਾ ਕਿ ਸਾਡੇ ਸਮਾਜ ਅੰਦਰ ਔਰਤਾਂ ਨੂੰ ਪੈਰ ਪੈਰ ਤੇ ਵਿਤਕਰੇ, ਧੱਕੇ ਤੇ ਬੇਇਨਸਾਫੀ
ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਸ ਨੇ ਕਿਹਾ ਜਨਮ ਤੇਂ ਲੈ ਕੇ ਮਰਨ ਤੱਕ ਸਾਡੀ ਔਰਤ ਹਰ ਮੌਕੇ ਤੇ ਵਿਤਕਰੇ
ਦਾ ਸ਼ਿਕਾਰ ਹੁੰਦੀ ਹੈ। ਉਹਦੇ ਜਨਮ ਤੇ ਹੀ ਸੋਗ ਹੁੰਦਾ ਹੈ। ਛੋਟੀ ਉਮਰ ਤੋਂ ਲੈਕੇ ਹੀ ਉਹਦੇ
ਖਾਣ-ਪੀਣ, ਪਹਿਨਣ-ਪੱਚਰਨ, ਤੁਰਨ-ਫਿਰਨ ’ਤੇ ਪਾਬੰਦੀਆਂ
ਲਾਈਆਂ ਜਾਂਦੀਆਂ ਹਨ। ਮਾਪਿਆਂ ਘਰ ਉਹ ‘‘ਬਿਗਾਨਾ ਧਨ’’ ਗਿਣੀ ਜਾਂਦੀ ਹੈ ਤੇ
ਸਹੁਰੇ ਘਰ ‘‘ਬੇਗਾਨੀ ਧੀ’’ । ਬਾਹਰ ਵਿਤਕਰੇ ਧੱਕੇ
ਦੀ ਗੱਲ ਤਾਂ ਛੱਡੋ, ਆਪਣੇ ਘਰ ਅੰਦਰ ਹੀ
ਉਸ ਦੀ ਅਹਿਮ ਫੈਸਲਿਆਂ ‘ਚ ਵੁਕਤ ਨਹੀਂ
ਹੁੰਦੀ। ਮਜਦੂਰ ਆਗੂ ਬਲਜੀਤ ਕੌਰ ਨੇ ਕਿਹਾ ਕਿ ਖੇਤ ਮਜਦਰੂ ਔਰਤਾਂ ਨੂੰ ਇੱਸ ਤੋਂ ਵੀ ਵੱਧ ਦਾਬੇ, ਵਿਤਕਰੇ ਤੇ ਧੱਕੇ
ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿਉਂਕਿ ਉਹਨਾਂ ਨਾਲ ਲਿੰਗਿਕ ਵਿਤਕਰੇ ਤੋਂ ਇਲਾਵਾ ਜਾਤ-ਪਾਤੀ ਵਿਤਕਰਾ
ਵੀ ਨਾਲ ਜੁੜ ਜਾਂਦਾ ਹੈ ਜੀਹਦੇ ਸਿੱਟੇ ਵਜੋਂ ਉਨ੍ਹਾਂ ਨੂੰ ਪੈਰ ਪੈਰ ਤੇ ਨਮੋਸ਼ੀ ਤੇ ਜਿੱਲਤ ਝੱਲਣੀ
ਪੈਂਦੀ ਹੈ ਤੇ ਘਰਾਂ ਅੰਦਰ ਉਹਨਾਂ ਨੂੰ ਮਾਲਕ-ਕਿਸਾਨੀ ਦੀਆਂ ਔਰਤਾਂ ਨਾਲੋਂ ਕਿਤੇ ਵੱਧ ਘਰੇਲੂ
ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਔਰਤਾਂ ਨਾਲ
ਹੁੰਦੇ ਵਿਤਕਰੇ, ਧੱਕੇ, ਤੇ ਬੇਇਨਸਾਫੀ ਦੇ
ਕਾਰਨਾਂ ’ਤੇ ਉਂਗਲੀ ਰਖਦਿਆਂ
ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੀ ਲੜਕੀ ਨਵਸ਼ਰਨ ਕੌਰ ਨੇ ਮੌਜੂਦਾ ਆਰਥਕ ਸਮਾਜਕ ਪ੍ਰਬੰਧ ਤੇ
ਇਹਦੇ ਕਰਤੇ ਧਰਤਿਆਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਭ ਹਾਕਮ ਜਾਮਾਤੀ ਪਾਰਟੀਆਂ ਔਰਤ-ਬਰਾਬਰੀ
ਤੇ ਔਰਤ-ਆਜਾਦੀ ਦੀ ਜੁਬਾਨੀ ਕਲਾਮੀ ਗੱਲ ਕਰਦੀਆਂ ਹਨ। ਉਹ ਆਪਣੀਆਂ ਪਾਰਟੀਆਂ ਤੇ ਅਸੈਂਬਲੀ/ਪਾਰਲੀਮੈਂਟ ‘ਚ ਵੀ ਉਹਨਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦੇ ਸਕਦੀਆਂ । ਉਹਨਾਂ ਕਿਹਾ
ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ‘ਚ ਔਰਤਾਂ ਨਾਲ
ਸਮੂਹਕ ਬਲਾਤਕਾਰ ਹੁੰਦੇ ਹਨ। ਇਸ ਪੱਖੋਂ ਉਹਨਾਂ ਮੋਦੀ ਹਕੂਮਤ ਨੂੰ ਵਿਸ਼ੇਸ਼ ਨਿਸ਼ਾਨੇ ਤੇ ਲਿਆ।
ਸਾਹਮਣੇ ਬੈਠੇ ਔਰਤਾਂ ਦੇ ਭਾਰੀ ਇਕੱਠ ’ਤੇ ਨਿਗਾਹ ਮਾਰਦਿਆਂ
ਉਹਨਾਂ ਇਸ ਗੱਲ ’ਤੇ ਤਸੱਲੀ ਜਾਹਰ
ਕੀਤੀ ਕਿ ਬੀ.ਕੇ.ਯੂ ਏਕਤਾ ਨੇ ਵੱਡਾ ਉੱਦਮ ਜੁਟਾ ਕੇ ਔਰਤਾਂ ਦੀ ਕਿਸਾਨ ਲਹਿਰ ਅੰਦਰ ਵੱਡੀ
ਸ਼ਮੂਲੀਅਤ ਕਰਵਾਈ ਹੈ। ਉਨ੍ਹਾਂ ਕਿਹਾ ਮੈਨੂੰ ਲਗਦੇ ਪੰਜਾਬ ‘ਚ ਔਰਤਾਂ ਦੀ ਕਿਸਾਨ ਲਹਿਰ ਹੋਂਦ ‘ਚ ਆ ਰਹੀ ਹੈ।
ਗੱਲ ਨੂੰ ਅੱਗੇ
ਤੋਰਦਿਆਂ ਬਠਿੰਡਾ ਜਿਲ੍ਹੇ ਦੀ ਬੀ.ਕੇ.ਯੂ. ਏਕਤਾ ਦੇ ਜਿਲ੍ਹਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ
ਨੇ ਕਿਹਾ ਕਿ ਔਰਤਾਂ ਨੂੰ ਦੂਹਰੀ ਲੁੱਟ ਤੇ ਦਾਬੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਿਸਾਨ ਤਬਕੇ ਦੇ
ਅੰਗ ਵਜੋਂ ਉਹ ਜਗੀਰਦਾਰਾਂ, ਸੂਦਖੋਰਾਂ ਤੇ ਦੇਸੀ-ਵਿਦੇਸ਼ੀ ਵੱਡੇ ਸਰਮਾਏਦਾਰਾਂ ਦੇ ਲੁੱਟ ਤੇ ਦਾਬੇ
ਦੀਆਂ ਸ਼ਿਕਰ ਤੇ ਘਰਾਂ ਅੰਦਰ ਉਹ ਮਰਦਾਂ ਦੇ ਦਾਬੇ ਤੇ ਲੁੱਟ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ
ਸਾਨੂੰ ਇਹ ਦੋਵੇਂ ਲੜਾਈਆਂ ਲੜਨੀਆਂ ਪੈਂਦੀਆਂ ਹਨ। ਪਰ ਇਹਨਾਂ ਦੋਹਾਂ ਲੜਾਈਆਂ ਦਾ ਆਪਸੀ ਰਿਸ਼ਤਾ
ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਬਕੇ ਦੀ ਲੁੱਟ ਤੇ ਦਾਬੇ ਖਿਲਾਫ ਲੜਾਈ ਸਾਡੀ ਮੁੱਖ
ਲੜਾਈ ਹੈ। ਜਦੋਂ ਕਿ ਮਰਦ ਹੰਕਾਰ ਖਿਲਾਫ ਲੜਾਈ ਇਹਦੇ ਮਤਹਿਤ ਦੋਮ ਦਰਜੇ ਦੀ ਲੜਾਈ ਹੈ, ਕਿਉਂਕਿ ਔਰਤ ਖਿਲਾਫ
ਵਿਤਕਰੇ, ਬੇਇਨਸਾਫੀ ਤੇ ੳਸਦੀ
ਬੇਵੁੱਕਤੀ ਦਾ ਮੂਲ ਕਾਰਨ ਉਸ ਦਾ ਕਮਾਈ ਦੇ ਸਾਧਨਾਂ ਤੋਂ ਮਹਿਰੂਮ ਹੋਣਾ ਤੇ ਪੈਦਾਵਾਰੀ ਅਮਲ ਤੋਂ
ਬਾਹਰ ਹੋਣਾ ਹੈ। ਇਸ ਲਈ ਉਸ ਦੀ ਬਰਾਬਰੀ ਜਾਂ ਆਜਾਦੀ ਦਾ ਆਧਾਰ ਤਬਕੇ ਦੀ ਲੁੱਟ ਤੇ ਦਾਬੇ ਵਿਰੁੱਧ
ਲੜਾਈ ਰਾਹੀਂ ਸਿਰਜਿਆ ਜਾਣਾ ਹੈ। ਕਿਉਂਕਿ ਪਹਿਲੇ ਨੰਬਰ ਤੇ ਏਸ ਲੜਾਈ ਰਾਹੀਂ ਹੀ ਜਮੀਨ ਦੀ
ਕਾਣੀ-ਵੰਡ ਖਤਮ ਹੋਣੀ ਹੈ ਤੇ ਔਰਤਾਂ ਨੂੰ ਜਮੀਨ-ਮਾਲਕੀ ਦੇ ਅਧਿਕਾਰ ਮਿਲਣੇ ਹਨ ਤੇ ਦੂਜੇ ਜਮੀਨ ਦੀ
ਕਾਣੀ-ਵੰਡ ਦੇ ਖਾਤਮੇ ਸਦਕਾ ਨਾ ਸਿਰਫ ਖੇਤੀ ਉਪਜ ਵਧਣੀ ਹੈ ਸਗੋਂ ਕਿਸਾਨ ਦੀ ਖਰੀਦ ਸ਼ਕਤੀ ਵੀ ਵਧਣੀ
ਹੈ। ਜਿਨ੍ਹਾਂ ਦੇ ਸਿੱਟੇ ਵਜੋਂ ਸਨਅਤ ਦੀ ਤੇ ਅੰਤਮ ਤੌਰ ’ਤੇ ਸਮੁੱਚੇ ਮੁਲਕ
ਦੀ ਤਰੱਕੀ ਹੋਣੀ ਹੈ। ਜੀਹਦੇ ਵਿਚ ਔਰਤਾਂ ਨੂੰ ਰੁਜ਼ਗਾਰ ਮਿਲਣਾ ਹੈ। ਸੋ ਇਨ੍ਹਾਂ ਦੋਨਾਂ ਰੂਪਾਂ ‘ਚ ਔਰਤ ਦੀ ਆਜਾਦੀ ਦਾ
ਅਧਾਰ ਸਿਰਜਿਆ ਜਾਣਾ ਹੈ। ਜਿੱਥੋਂ ਤੱਕ ਮਰਦ ਹੰਕਾਰ ਦਾ ਸਬੰਧ ਹੈ ਉਹਦੇ ਖਿਲਾਫ ਸਾਡੀ ਲੜਾਈ ਵੀ
ਮਰਦ ਵਿਰੁੱਧ ਨਹੀਂ ਹੈ ਹਾਕਮ ਜਮਾਤੀ ਪ੍ਰਬੰਧ ਵਿਰੁੱਧ ਹੈ। ਜਿਸ ਨੇ ਇਹ ਵਿਤਕਰੇ ਪੂਰਨ ਕਦਰ
ਪ੍ਰਬੰਧ ਸਿਰਜਿਆ ਹੈ। ਫੇਰ ਵੀ ਤਬਕੇ ਦੀ ਇਸ ਲੜਾਈ ਦੇ ਨਾਲ ਨਾਲ ਔਰਤ ਹੱਕਾਂ ਲਈ (ਗੌਣ ਰੂਪ ’ਚ) ਲੜਾਈ ਵੀ ਜਰੂਰੀ
ਹੈ। ਪਰ ਵੀ, ਏਸ ਲੜਾਈ ‘ਚ ਵੀ ਤਬਕੇ ਦੀ ਮੁਕਤੀ ਲਈ ਲੜਾਈ ਨੇ ਦੋ ਤਰ੍ਹਾਂ ਸਹਾਈ ਹੋਣਾ ਹੈ, ਇੱਕ-ਇਸ ਲੜਾਈ
ਰਾਹੀਂ ਔਰਤ ਨੂੰ ਆਪਣੇ ਹੱਕਾਂ ਦੀ ਸੋਝੀ ਆਉਣੀ ਹੈ ਤੇ ਦੂਜੇ ਪਾਸੇ ਮਰਦਾਂ ਨੂੰ ਇਸ ਲੜਾਈ ਦੌਰਾਨ
ਵੀ ਔਰਤਾਂ ਨੂੰ ਨਾਲ ਲੈ ਕੇ ਚੱਲਣ ਲੋੜ ਉੱਭਰਨੀ ਹੈ। ਤੇ ਉਹਨਾਂ ਦੀ ਮਰਦ-ਹਉਮੈ ਨੇ ਢੈਲਾ ਪੈਣਾ
ਹੈ। ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਤਬਕੇ ਦੀ ਲੜਾਈ ‘ਚ ਜੋਰ ਨਾਲ
ਕੁਦਦਿਆਂ ਮਰਦਾਵੇਂ ਦਾਬੇ ਵਿਰੁੱਧ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ।
ਸਮੁੱਚੇ ਸਮਾਗਮ ‘ਚ ਉੱਭਰੇ ਮੁਦਿਆਂ ਤੇ ਸਮੇਟਵੀਂ ਟਿੱਪਣੀ ਕਰਦਿਆਂ ਬੀ.ਕੇ.ਯੂ. ਏਕਤਾ ਦੇ
ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਮੱਸਿਆ ਭਾਵੇਂ ਕਰਜਾ-ਮੁਕਤੀ ਹੋਵੇ, ਔਰਤ-ਮੁਕਤੀ ਦੀ ਜਾਂ
ਇਥੋਂ ਤੱਕ ਕਿ ਜਾਤ-ਪਾਤ ਤੋਂ ਮੁਕਤੀ ਦੀ, ਇਨ੍ਹਾਂ ਦੀ ਜੜ੍ਹ ਸਾਂਝੀ ਹੈ। ਜਿੰਨਾ
ਚਿਰ ਜਗੀਰਦਾਰਾਂ, ਸੂਦਖੋਰਾਂ ਤੇ ਦੇਸੀ
ਵਿਦੇਸ਼ੀ ਵੱਡੇ ਸਰਮਾਏਦਾਰਾਂ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਨਹੀਂ ਮਿਲਦੀ ਉਨਾਂ ਚਿਰ ਉਪਰੋਕਤ
ਤਿੰਨਾਂ ’ਚੋ ਕੋਈ ਮੁਕਤੀ
ਸੰਭਵ ਨਹੀਂ ਹੈ। ਇਸ ਲਈ ਅਜਿਹੀ ਮੁਕਤੀ ਨਾ ਫੌਰੀ ਮਿਲਣ ਵਾਲੀ ਹੈ ਤੇ ਨਾ ਸੌਖੀ । ਇਹ ਲੰਮੀ ਤੇ
ਕਰੜੀ ਲੜਾਈ ਹੈ, ਜੀਹਦੇ ਲਈ ਨਾ ਸਿਰਫ
ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਵਿਸ਼ਾਲ ਤੋਂ ਵਿਸ਼ਾਲ ਪੱਧਰ ’ਤੇ ਲਾਮਬੰਦ ਤੇ
ਜਥੇਬੰਦ ਕਰਨਾ ਪੈਣਾ ਹੈ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸੰਗਰਾਮੀ ਸਾਂਝ ਗੰਢਣੀ ਪੈਣੀ ਹੈ, ਸਗੋਂ ਇਹਦੇ ਲਈ
ਜਾਨਹੂਲਵੀਆਂ/ਲਹੂ ਵੀਟਵੀਂਆਂ ਵੱਡੀਆਂ ਲੜਾਈਆਂ ਲਈ ਚੇਤਨਾ ਤੇ ਮਾਨਸਕਤਾ ਪੱਖੋਂ ਤਿਆਰ ਹੋਈਏ। ਇਹ
ਲੜਾਈ ਵੱਡੇ ਸਿਦਕ, ਸਿਰੜ ਤੇ ਜਾਂ-ਬਾਜੀ
ਦੀ ਮੰਗ ਕਰਦੀ ਹੈ। ਆਓ ਏਸ ਰਸਤੇ ਜਾਨ ਨਿਸ਼ਾਵਰ ਕਰਨ ਵਾਲੇ ਸਾਧੂ ਸਿੰਘ ਤੋਂ ਪ੍ਰੇਰਨਾ ਲੈ ਕੇ ਅੱਗੇ
ਵਧੀਏ। ਇਹੋ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।
No comments:
Post a Comment