Sunday, October 28, 2018

ਅੰਮਿ੍ਤਸਰ ਰੇਲ ਹਾਦਸਾ ਲੋਕ ਦੋਖੀ ਨਿਜ਼ਾਮ ਦੀ ਦੇਣ ਹਨ ਅਜਿਹੇ ਹਾਦਸੇ

ਅੰਮਿ੍ਤਸਰ  ਰੇਲ ਹਾਦਸਾ

ਲੋਕ ਦੋਖੀ ਨਿਜ਼ਾਮ ਦੀ ਦੇਣ ਹਨ ਅਜਿਹੇ ਹਾਦਸੇ

19 ਅਕਤੂਬਰ ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ ਅੰਦਰ ਕੀਮਤੀ ਮਨੁੱਖੀ ਜ਼ਿੰਦਗੀਆਂ ਇਸ ਕਾਤਲ ਪ੍ਰਬੰਧ ਦੀ ਭੇਟ ਚੜ੍ਹ ਗਈਆਂ। ਰੇਲਵੇ ਲਾਈਨਾਂ ਦੇ ਨਾਲ ਲੱਗਦੇ ਗਰਾਊਂਡ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਸੀ, ਜਦ ਅਕਾਸ਼ ਗੁੰਜਾਊ ਪਟਾਕਿਆਂ ਦੇ ਰੌਲੇ ਦਰਮਿਆਨ ਤੇਜ਼ ਰਫਤਾਰ ਰੇਲ ਗੱਡੀ ਨੇ ਰੇਲਵੇ ਲਾਈਨਾਂ ਤੇ ਖੜ੍ਹੇ ਦੁਸਹਿਰੇ ਦੇ ਜ਼ਸ਼ਨ ਦੇਖ ਰਹੇ ਲੋਕਾਂ ਨੂੰ ਦਰੜ ਦਿੱਤਾ। ਇਸ ਘਟਨਾ ਵਿੱਚ 62 ਜਣੇ ਮਾਰੇ ਗਏ ਤੇ 90 ਦੇ ਕਰੀਬ ਹੋਰ ਗੰਭੀਰ ਜਖਮੀ ਹੋ ਗਏ। ਮਰਨ ਵਾਲਿਆਂ ਵਿੱਚੋਂ ਵਧੇਰੇ ਪਰਵਾਸੀ ਮਜ਼ਦੂਰ ਸਨ ਜਿਹੜੇ ਆਪਣੇ ਟੱਬਰਾਂ ਲਈ ਰੋਟੀ ਦਾ ਜੁਗਾੜ ਕਰਨ ਪਰਦੇਸੀਂ ਬੈਠੇ ਸਨ। ਕਈ ਬੱਚੇ ਸਨ। ਕਈ ਬੱਚੇ ਮਾਂ-ਬਾਪ ਤੋਂ ਵਾਂਝੇ ਹੋ ਗਏ ਤੇ ਕਈ ਬਜੁਰਗ ਡੰਗੋਰੀਓਂ ਸੱਖਣੇ ਹੋ ਗਏ। ਕਮਾਊ ਜੀਆਂ ਦੇ ਤੁਰ ਜਾਣ ਸਦਕਾ ਅਨੇਕਾਂ ਪਰਿਵਾਰਾਂ ਦਾ ਭਵਿੱਖ ਅਨਿਸ਼ਚਤ ਹੋ ਗਿਆ। ਇਸ ਘਟਨਾ ਨੇ ਇੱਕ ਵਾਰ ਫੇਰ ਬਹੁਤ ਕਰੂਰਤਾ ਨਾਲ ਇਹ ਹਕੀਕਤ ਉਘਾੜ ਦਿੱਤੀ ਕਿ ਇਸ ਗੈਰਮਨੁੱਖੀ ਪ੍ਰਬੰਧ ਅੰਦਰ ਕਿਰਤੀ ਲੋਕਾਂ ਦੀ ਹੈਸੀਅਤ ਕੀੜੇ ਮਕੌੜਿਆਂ ਤੋਂ ਵੱਧ ਨਹੀਂ। ਉਹ ਮਨੁੱਖੀ ਸ਼ਾਨ ਤੋਂ ਸੱਖਣੀ, ਗੁਰਬਤ, ਲਾਚਾਰੀ, ਜਲਾਲਤ ਤੇ ਅਸੁਰੱਖਿਆ ਭਰੀ ਜਿੰਦਗੀ ਜਿਉਣ ਨੂੰ ਅਤੇ ਅਣਆਈਆਂ ਮੌਤਾਂ ਮਰਨ ਨੂੰ ਸਰਾਪੇ ਹੋਏ ਹਨ।
ਇਸ ਅਸੁਰੱਖਿਅਤ ਥਾਂ ਉਪਰ ਲਗਭਗ ਪਿਛਲੇ 40 ਸਾਲਾਂ ਤੋਂ ਦੁਸਹਿਰਾ ਮਨਾਇਆ ਜਾ ਰਿਹਾ ਸੀ, ਜਿਸਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ, ਪੁਲੀਸ, ਰਾਜਸੀ ਆਗੂਆਂ, ਨਗਰਨਿਗਮ ਅਤੇ ਰੇਲਵੇ ਸਮੇਤ ਸਭ ਨੂੰ ਸੀ। ਬਦਲਦੀਆਂ ਸਰਕਾਰਾਂ ਨਾਲ ਬਦਲਦੀਆਂ ਦੁਸਹਿਰਾ ਕਮੇਟੀਆਂ ਤੇ ਬਦਲਦੇ ਪ੍ਰਬੰਧਕ ਇਸ ਸਮਾਗਮ ਨੂੰ ਜਥੇਬੰਦ ਕਰਦੇ ਆਏ ਸਨ। ਸਭ ਵੰਨਗੀਆਂ ਦੇ ਰਾਜਸੀ ਆਗੂ ਸਮੇਂ ਸਮੇਂ ਇਸਦੀਆਂ ਸਟੇਜਾਂ ਤੇ ਸੁਸ਼ੋਭਿਤ ਹੋਏ ਸਨ। ਹਰ ਵਾਰ ਇੰਜ ਹੀ ਲੋਕ ਉਪੋਰਕਤ ਸਭਨਾਂ ਦੀ ਹਾਜਰੀ ਵਿੱਚ ਦੁਸਹਿਰਾ ਦੇਖਦੇ ਆਏ ਸਨ। ਇੰਜ ਹੀ ਰੇਲਵੇ ਲਾਈਨਾਂ ਉਪਰ ਆਵਾਜਾਈ ਬਣਦੀ ਰਹੀ ਸੀ। ਰੇਲਵੇ ਗੇਟਮੈਨਾਂ ਨੂੰ ਵੀ ਇਸਦੀ ਜਾਣਕਾਰੀ ਸੀ। ਸਥਾਨਕ ਲੋਕਾਂ ਅਨੁਸਾਰ ਪ੍ਰਬੰਧਕਾਂ ਨੇ ਰੇਲਵੇ ਗਾਰਡਾਂ ਨੂੰ ਟਰੇਨ ਆਉਣ ਤੋਂ 5-10 ਮਿੰਟ ਪਹਿਲਾਂ ਸੂਚਿਤ ਕਰਨ ਲਈ ਕਿਹਾ ਹੁੰਦਾ ਸੀ ਤੇ ਪ੍ਰਬੰਧਕ ਏਨੇ ਸਮੇਂ ਵਿੱਚ ਲੋਕਾਂ ਤੋਂ ਰੇਲਵੇ ਲਾਈਨਾਂ ਖਾਲੀ ਕਰਵਾ ਲੈਂਦੇ ਸਨ। ਹਰ ਵਾਰ ਇਉਂ ਹੀ ਹੁੰਦਾ ਆਇਆ ਸੀ। ਪਰ ਅੱਜ ਤੱਕ ਰੇਲਵੇ ਮਹਿਕਮੇ ਸਮੇਤ ਕਿਸੇ ਨੂੰ ਵੀ ਇਸ ਥਾਂ ਦੀ ਵਰਤੋਂ ਬਾਰੇ ਕਿੰਤੂ ਨਹੀਂ ਸੀ ਹੋਇਆ ਪੁਲੀਸ ਪ੍ਰਸਾਸ਼ਨ ਨੇ ਤਾਂ ਬਕਾਇਦਾ ਇਸ ਪ੍ਰੋਗਰਾਮ ਦੀ ਮਨਜੂਰੀ ਵੀ ਦਿੱਤੀ ਸੀ। ਸੋ, ਇਹ ਘਟਨਾ ਕੋਈ ਇਤਫਾਕ ਨਹੀਂ ਸੀ। ਇਤਫਾਕ ਤਾਂ ਇਸਦਾ ਪਿਛਲੇ ਚਾਲੀ ਸਾਲਾਂ ਦੌਰਾਨ ਨਾ ਵਾਪਰਨਾ ਸੀ। ਹੁਣ ਘਟਨਾ ਤੋਂ ਬਾਅਦ ਸਭ ਧਿਰਾਂ ਇੱਕ ਦੂਜੇ ’ਤੇ ਜਿੰਮੇਵਾਰੀ ਸੁੱਟ ਕੇ ਖੁਦ ਨੂੰ ਦੋਸ਼-ਮੁਕਤ ਕਰ ਰਹੀਆਂ ਹਨ। ਰੇਲਵੇ ਵੱਲੋਂ ਤਾਂ ਮਾਰੇ ਗਏ ਲੋਕਾਂ ਨੂੰ ਹੀ ਰੇਲਵੇ ਲਾਈਨਾਂ ਉਪਰ ਘੁਸਪੈਠ ਦੇ ਦੋਸ਼ੀ ਤੇ ਘਟਨਾ ਦੇ ਕਸੂਰਵਾਰ ਬਣਾ ਦਿੱਤਾ ਗਿਆ ਹੈ। ਮੀਡੀਆ ਦੇ ਇੱਕ ਹਿੱਸੇ ਵੱਲੋਂ ਵੀ ਜ਼ਮੀਨੀ ਹਕੀਕਤ ਅਤੇ ਪ੍ਰਬੰਧ ਨੂੰ ਸੁਰਖਰੂ ਕਰਕੇ ਰੇਲਵੇ ਲਾਈਨਾਂ ’ਤੇ ਖੜ੍ਹੇ ਲੋਕਾਂ ਨੂੰ ਹੀ ਘਟਨਾ ਦੇ ਜੁੰਮੇਵਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ, ਜਿਹਨਾਂ ਨੇ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਅੱਗੇ ਰੇਲਵੇ ਲਾਈਨਾਂ ’ਤੇ ਖੜ੍ਹੇ ਲੋਕਾਂ ਦੀ ਸ਼ੇਖੀ ਮਾਰਦੇ ਹੋਏ ਕਿਹਾ ਸੀ ਕਿ ‘‘ਦੇਖੋ, 5000 ਬੰਦਾ ਰੇਲਵੇ ਲਾਈਨਾਂ ’ਤੇ ਖੜ੍ਹਾ ਹੈ ਤੇ ਭਾਵੇਂ 500 ਟਰੇਨਾਂ ਲੰਘ ਜਾਣ, ਇਹ ਲੋਕ ਇੰਜ ਹੀ ਖੜ੍ਹੇ ਰਹਿਣਗੇ’’ ਉਹ ਇਸ ਘਟਨਾ ਤੋਂ ਬਾਅਦ ਸਰੁੱਖਿਅਤ ਗਾਇਬ ਹੋ ਚੁੱਕੇ ਹਨ। ਨਵਜੋਤ ਕੌਰ ਸਿੱਧੂ ਜਿਸਦਾ ਇਸ ਘਟਨਾ ਤੋਂ ਤਿੰਨ ਮਿੰਟ ਬਾਅਦ ਚੁੱਪਚਾਪ ਮੌਕੇ ਤੋਂ ਖਿਸਕਣ ਦਾ ਵੀਡਿਓ ਵਾਇਰਲ ਹੋ ਚੁੱਕਾ ਹੈ ਤੇ ਉਸਦਾ ਪਤੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਪੂਰੀ ਤਰ੍ਹਾਂ ਇਹਨਾਂ ਪ੍ਰਬੰਧਕਾਂ ਦੀ ਪਿੱਠ ’ਤੇ ਹਨ ਅਤੇ ਇਹਨਾਂ ਨੂੰ ਜਿੰਮੇਵਾਰੀ ਤੋਂ ਸਾਫ ਬਰੀ ਕਰ ਰਹੇ ਹਨ। ਇਸ ਪ੍ਰੋਗਰਾਮ ਦਾ ਮੁੱਖ ਪ੍ਰਬੰਧਕ ਸਥਾਨਕ ਕਾਂਗਰਸ ਕੌਂਸਲਰ ਵਿਜੈ ਮਦਾਨ ਦਾ ਮੁੰਡਾ ਸੌਰਭ ਮਿੱਠੂ ਮਦਾਨ ਹੈ। ਇਹਨਾਂ ਪ੍ਰਬੰਧਕਾਂ ਦੀ ਹਿਫਾਜ਼ਤ ਕਰ ਰਹੇ ਨਵਜੋਤ ਸਿੱਧੂ ਨੂੰ ਜ਼ਖਮੀਆਂ ਦਾ ਪਤਾ ਲੈਣ ਵੇਲੇ ਹਸਪਤਾਲ ਫੇਰੀ ਦੌਰਾਨ ਤਿੱਖੇ ਸਵਾਲਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਵਿਅਕਤੀ ਜਿਸਦਾ 17 ਸਾਲਾ ਪੁੱਤਰ ਇਸ ਹਾਦਸੇ ’ਚ ਮਾਰਿਆ ਗਿਆ, 2 ਘੰਟੇ ਹਸਪਤਾਲ ਦੇ ਬਾਹਰ ਨਵਜੋਤ ਸਿੱਧੂ ਨੂੰ ਇਹ ਪੁੱਛਣ ਲਈ ਉਡੀਕਦਾ ਰਿਹਾ ਹੈ ਕਿ ਕੀ ਉਹ ਆਪਣੇ ਕਾਂਗਰਸੀ ਸਾਥੀ ਤੇ ਪ੍ਰਬੰਧਕ ਖਿਲਾਫ ਐਫ. ਆਈ. ਆਰ. ਦਰਜ ਕਰਵਾਉਣ ਉਸ ਨਾਲ ਚੱਲਣਗੇ?
ਇਸ ਘਟਨਾ ਤੋਂ ਪਹਿਲਾਂ ਲੰਘੀ ਗੱਡੀ ਵੇਲੇ ਵੀ ਲੋਕਾਂ ਨੇ ਰੇਲਵੇ ਲਾਈਨਾਂ ਤੋਂ ਪਾਸੇ ਹੋ ਕੇ ਗੱਡੀ ਨੂੰ ਲਾਂਘਾ ਦਿੱਤਾ ਸੀ। ਇਹ ਸਭ ਓਥੇ ਮੌਜੂਦ ਪੁਲੀਸ, ਅਧਿਕਾਰੀਆਂ, ਪ੍ਰਬੰਧਕਾਂ ਦੀ ਨਿਗਾਹ ਸਾਹਮਣੇ ਸੀ। ਪਰ ਹਕੀਕਤ ਇਹ ਹੈ ਕਿ ਨਾ ਤਾਂ ਵੀ.ਆਈ. ਪੀ. ਦੌਰਿਆਂ ਵੇਲੇ ਸੁਰੱਖਿਆ ਲਈ ਭੰਬੀਰੀ ਵਾਂਗ ਘੁਕਦੇ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਦੀ ਰੱਤੀ ਭਰ ਫਿਕਰ ਸੀ, ਨਾ ਸਾਲ ਦਰ ਸਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਖਾਤਰ ਅਜਿਹੇ ਲੋਕ ਤਿਉਹਾਰਾਂ ਨੂੰ ਰਾਜਸੀ ਸਮਾਗਮ ਬਣਾ ਧਰਨ ਵਾਲੇ ਅਤੇ ਹਰ ਵੇਲੇ ਸਰਕਾਰੀ ਸੁਰੱਖਿਆ ਅਮਲੇ ਦੀ ਛਾਂ ਹੇਠ ਰਹਿਣ ਵਾਲੇ ਕਿਸੇ ਵੀ ਰੰਗ ਦੇ ਸਿਆਸੀ ਆਗੂ ਨੂੰ ਇਹ ਹਾਲਤ ਕਦੇ ਖਟਕੀ ਸੀ, ਨਾ ਸਿਆਸਤ ਦੀਆਂ ਪੌੜੀਆਂ ਵਿੱਚ ਉਤਾਂਹ ਜਾਣ ਦੇ ਸੁਪਨੇ ਪਾਲਦੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸਥਾਨਕ ਕੌਂਸਲਰ ਲਈ ਲੋਕਾਂ ਦੀਆਂ ਜਾਨਾਂ ਆਪਣੇ ਆਗੂਆਂ ਅੱਗੇ ਸ਼ਕਤੀ ਪ੍ਰਦਰਸ਼ਨ ਦੇ ਮੁਕਾਬਲੇ ਕੋਈ ਮਹੱਤਵ ਰੱਖਦੀਆਂ ਸਨ, ਨਾ ਅਫਰਸਸ਼ਾਹੀ ਤੇ ਅਮੀਰਜ਼ਾਦਿਆਂ ਦੇ ਸਮਾਗਮਾਂ ਲਈ ਸਰਕਟ ਹਾਊਸਾਂ, ਆਡੀਟੋਰੀਅਮਾਂ, ਰੈਸਟ ਹਾਊਸਾਂ ਦੇ ਪ੍ਰਬੰਧ ਕਰਨ ਵਾਲੇ ਸਥਾਨਕ ਅਧਿਕਾਰੀਆਂ ਜਾਂ ਮਿਊਂਸਪਲ ਕਮੇਟੀ ਲਈ ਲੋਕਾਂ ਦੇ ਸਮਾਗਮਾਂ ਲਈ ਕੋਈ ਸੁਰੱਖਿਅਤ ਅਤੇ ਯੋਗ ਥਾਂ ਮੁਹੱਈਆਂ ਕਰਾਉਣਾ ਕੋਈ ਏਜੰਡਾ ਸੀ ਤੇ ਨਾ ਹੀ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਉਪਰ ਲੋੜੀਂਦੀ ਨਫਰੀ ਦੀ ਤੈਨਾਤੀ, ਵਿਸ਼ੇਸ਼ ਦਿਨਾਂ ਦੇ ਮੱਦੇਨਜ਼ਰ ਵਿਸ਼ੇਸ਼ ਬੰਦੋਬਸਤ, ਐਂਮਰਜੈਂਸੀ ਕੰਟਰੋਲ ਪ੍ਰਬੰਧ, ਆਧੁਨਿਕ ਸੰਚਾਰ ਸਿਸਟਮ ਵਰਗੇ ਸੁਰੱਖਿਆ ਇੰਤਜਾਮ ਰੇਲਵੇ ਲਈ ਕੋਈ ਮੁੱਦਾ ਸੀ।
ਏਥੇ ਆਏ ਦਿਨ ਘੋਨੇ ਪੁਲ ਅਤੇ ਬਿਨਾਂ ਗੇਟਮੈਨ ਦੇ ਫਾਟਕ, ਅਵਾਰਾ ਪਸ਼ੂ, ਬੰਦ ਟਰੇਨਾਂ, ਟੁੱਟੀਆਂ ਸੜਕਾਂ, ਅਸੁਰੱਖਿਅਤ ਇਮਾਰਤਾਂ, ਮਾੜੇ ਪੁਲ, ਖਸਤਾਹਾਲ ਡਾਕਟਰੀ ਸਹੂਲਤਾਂ ਹਜ਼ਾਰਾਂ ਮਨੁੱਖੀ ਜਾਨਾਂ ਨਿਗਲਦੀਆਂ ਹਨ। ਪਰ ਇਹਨਾਂ ਜਾਨਾਂ ਨੂੰ ਬਚਾਉਣਾ ਹਕੂਮਤਾਂ ਦਾ ਏਜੰਡਾ ਨਹੀਂ ਹੈ। ਅਜੇ ਹਾਲ ਹੀ ਵਿੱਚ ਡਰੇਨਾਂ ਅੰਦਰ ਅਣਅਧਿਕਾਰਤ ਉਸਾਰੀਆਂ ਅਤੇ ਨਾਕਸ ਪ੍ਰਬੰਧ ਕੇਰਲਾ ਅੰਦਰ ਸੈਂਕੜੇ ਜਾਨਾਂ ਲੈ ਕੇ ਹਟੇ ਹਨ ਅਤੇ ਇਹੋ ਕੁੱਝ ਕਸ਼ਮੀਰ ਅਤੇ ਉਤਰਾਖੰਡ ਅੰਦਰ ਪਿਛਲੇ ਸਾਲਾਂ ਦੌਰਾਨ ਵਾਪਰਿਆ ਹੈ। 2015 ਤੋਂ 2017 ਦੌਰਾਨ ਇਕੱਲੇ ਰੇਲ ਹਾਦਸਿਆਂ ਵਿੱਚ 50,000 ਦੇ ਕਰੀਬ ਮੌਤਾਂ ਹੋਈਆਂ ਹਨ। ਆਏ ਸਾਲ ਸੜਕ ਹਾਦਸਿਆਂ ਵਿੱਚ ਡੇਢ ਲੱਖ ਦੇ ਕਰੀਬ ਜਾਨਾਂ ਜਾਂਦੀਆਂ ਹਨ। ਏਥੇ ਲੋਕ ਨੱਕੋ ਨੱਕ ਤੂੜੀਆਂ ਬੱਸਾਂ, ਰੇਲਗੱਡੀਆਂ ਦੀਆਂ ਛੱਤਾਂ ’ਤੇ ਬੈਠਕੇ ਰੋਜ਼ ਸਫਰ ਕਰਨ ਲਈ ਮਜ਼ਬੂਰ ਹਨ ਡਿਗੂੰ ਡਿਗੂੰ ਕਰਦੀਆਂ ਇਮਾਰਤਾਂ ਵਿੱਚ ਰਹਿਣ ਲਈ ਮਜ਼ਬੂਰ ਹਨ, ਨਕਲੀ ਦੁੱਧ, ਗੰਦਾ ਪਾਣੀ, ਜ਼ਹਿਰੀਲੇ ਫਲ ਸਬਜੀਆਂ ਖਾਣ ਲਈ ਮਜਬੂਰ ਹਨ। ਪਰ ਇਹ ਸਾਰੇ ਉਹ ਲੋਕ ਹਨ, ਜਿਹਨਾਂ ਦੀਆਂ ਮੌਤਾਂ ਇਸ ਪ੍ਰਬੰਧ ਅੰਦਰ ਇੱਕ ਸਧਾਰਨ ਗੱਲ ਹਨ। ਇਸ ਸਿਸਟਮ ਦੀਆਂ ਨਜ਼ਰਾਂ ਵਿੱਚ ਇਹਨਾਂ ਜਾਨਾਂ ਦਾ ਕੌਡੀ ਮੁੱਲ ਨਹੀਂ ਹੈ। ਤਾਂ ਹੀ ਤਾਂ ਹਾਦਸਾ-ਦਰ-ਹਾਦਸਾ ਅਜਿਹੀਆਂ ਘਟਨਾਵਾਂ ਨਿਰਵਿਘਨ ਵਾਪਰਦੀਆਂ ਹਨ ਅਤੇ ਕਿਤੇ ਕੋਈ ਤਬਦੀਲੀ ਨਹੀਂ ਹੁੰਦੀ। ਇਹਨਾਂ ਹਾਲਤਾਂ ਅੰਦਰ ਅਜਿਹੇ ਹਾਦਸੇ ਵਾਪਰਦੇ ਰਹਿਣਾ ਹੈਰਾਨਕੁਨ ਨਹੀਂ। ਸਗੋਂ ਏਨੀਆਂ ਅਸੁਰੱਖਿਅਤ ਜੀਵਨ ਹਾਲਤਾਂ ਦੇ ਚੱਲਦੇ ਕੋਈ ਹਾਦਸਾ ਨਾ ਹੋਣਾ ਹੈਰਾਨੀ ਦੀ ਗੱਲ ਹੋਵੇਗੀ।
ਸਿਤਮਜ਼ਰੀਫੀ ਇਹ ਹੈ ਕਿ ਇਹ ਹਾਲਤਾਂ ਭੋਗਦੇ ਲੋਕਾਂ ਸਿਰ ਹੀ ਹਾਦਸਿਆਂ ਦਾ ਦੋਸ਼ ਮੜ੍ਹਿਆ ਜਾਂਦਾ ਹੈ। ਜਿਵੇਂ ਮੌਜੂਦਾ ਮਾਮਲੇ ’ਚ ਹੋਇਆ ਹੈ। ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹਨਾਂ ਰੇਲਵੇ ਲਾਈਨਾਂ ਉਪਰੋਂ ਲੰਘਣਾ ਜਾਂ ਨਾ ਲੰਘਣਾ ਲੋਕਾਂ ਲਈ ਚੋਣ ਦਾ ਮਸਲਾ ਹੈ। ਸਥਾਨਕ ਲੋਕਾਂ ਅਨੁਸਾਰ ਉਹ ਲੰਮੇ ਸਮੇਂ ਤੋਂ ਏਥੇ ਓਵਰਬ੍ਰਿਜ ਦੀ ਮੰਗ ਕਰਦੇ ਆਏ ਹਨ। ਇਸ ਵਿੱਚ ਅਨੇਕਾਂ ਵਾਰ ਉਹ ਲਾਈਨਾਂ ਤੋਂ ਆਰ ਪਾਰ ਲੰਘਦੇ ਹਨ। ਹਰ ਵਾਰ ਉਹਨਾਂ ਨੂੰ ਖਤਰਾ ਸਹੇੜ ਕੇ ਇਹ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ ਤੇ ਉਹ ਇਸਦੇ ਆਦੀ ਹੋ ਚੁੱਕੇ ਹਨ। ਏਨੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਖੁੱਲ੍ਹੀਆਂ ਰੇਲ ਲਾਈਨਾਂ ਦੀ ਹਾਜ਼ਰੀ ਵੈਸੇ ਹੀ ਹਾਦਸੇ ਨੂੰ ਸੱਦਾ ਦੇਣ ਵਾਲੀ ਹੈ। ਪਹਿਲਾਂ ਵੀ ਨੇੜਲੇ ਸਮੇਂ ਅੰਦਰ ਇਹਨਾਂ ਲਾਈਨਾਂ ਉਪਰ ਤਿੰਨ ਰੇਲ ਹਾਦਸੇ ਵਾਪਰ ਚੁੱਕੇ ਹਨ। ਭਾਰਤ ਦਾ ਹਕੀਕੀ ਵਿਕਾਸ ਬੁਲਟ ਟਰੇਨਾਂ ਚੱਲਣ ਨਾਲ ਨਹੀਂ ਸਗੋਂ ਆਮ ਲੋਕਾਂ ਦੀ ਅਜਿਹੇ ਹਾਦਸਿਆਂ ਤੋਂ ਸੁਰੱਖਿਆ ਨਾਲ ਹੋਣਾ ਹੈ।
ਇਸ ਘਟਨਾ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਆਮ ਲੋਕ ਪੀੜਤਾਂ ਦੀ ਬਾਂਹ ਫੜਨ ਲਈ ਬਹੁੜੇ ਹਨ। ਦੂਰੋਂ ਦੂਰੋਂ ਲੋਕ ਤੇ ਸਮਾਜਸੇਵੀ ਜਥੇਬੰਦੀਆਂ ਖੂਨਦਾਨ ਕਰਨ ਲਈ, ਜਖਮੀਆਂ ਨੂੰ ਸੰਭਾਲਣ ਲਈ, ਭੋਜਨ ਦਾ ਪ੍ਰਬੰਧ ਕਰਨ ਲਈ ਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਆਏ ਹਨ। ਘਟਨਾ ਲਈ ਜਿੰਮੇਵਾਰ ਪ੍ਰਬੰਧ ਪ੍ਰਤੀ ਲੋਕਾਂ ਦੀ ਔਖ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਅਖੌਤੀ ਲੋਕ ਨੁਮਾਇੰਦਿਆਂ ਦੇ ਵਿਰੋਧ ਰਾਹੀਂ ਨਿਕਲੀ ਹੈ। ਲੋਕਾਂ ਨੇ ਪੁਲਸ, ਰੇਲਵੇ, ਜਿਲ੍ਹਾ ਪ੍ਰਸ਼ਾਸਨ, ਪ੍ਰਬੰਧਕਾਂ ਅਤੇ ਨਵਜੋਤ ਕੌਰ ਸਿੱਧੂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਹਕੂਮਤ ਦੇ ਸਿਲੀਆਂ ਅੱਖਾਂ ਪੂੰਝਣ ਦੇ ਰੋਲ ਤੋਂ ਜਾਣੂੰ ਲੋਕਾਂ ਨੇ ਪੀੜਤਾਂ ਲਈ ਯੋਗ ਮੁਆਵਜੇ ਤੇ ਨੌਕਰੀ ਦੀ ਮੰਗ ਕੀਤੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਰੇਲਵੇ ਲਾਈਨਾਂ ਉੱਪਰ ਧਰਨਾ ਲਾਇਆ ਹੈ ਅਤੇ ਇਹ ਮੰਗਾਂ ਨਾ ਮੰਨਣ ਤੱਕ ਰੇਲਾਂ ਰੋਕਣ ਦਾ ਯਤਨ ਕੀਤਾ ਹੈ। ਪੀੜਤਾਂ ਦੇ ਜਖਮਾਂ ’ਤੇ ਲੂਣ ਭੁੱਕਦੇ ਹੋਏ ਇਸ ਧਰਨੇ ਨੂੰ ਪੁਲੀਸ ਨੇ ਲਾਠੀਚਾਰਜ ਕਰਕੇ ਖਤਮ ਕੀਤਾ ਹੈ। ਇਹਨਾਂ ਧਰਨਾਕਾਰੀਆਂ ਵਿੱਚੋਂ ਚਾਲੀਆਂ ਉੱਤੇ ਪੁਲਸ ਨੇ ਹਿੰਸਾ ਭੜਕਾਉਣ ਦਾ ਦੋਸ਼ ਲਾ ਕੇ ਕੇਸ ਦਰਜ ਕੀਤਾ ਹੈ। ਦੁੱਖ ਝੱਲ ਰਹੇ ਇਹਨਾਂ ਲੋਕਾਂ ’ਤੇ ਅਜਿਹੇ ਮੌਕੇ ਲਾਠੀਚਾਰਜ, ਹਕੂਮਤ ਦੇ ਲੋਕਾਂ ਨਾਲ ਦੁਸ਼ਮਣਾਨਾ ਰਿਸ਼ਤੇ ਦੀ ਨਿੱਗਰ ਗਵਾਹੀ ਹੈ।
ਜਿੰਨਾ ਚਿਰ ਇਹ ਲੋਕ ਦੋਖੀ ਪ੍ਰਬੰਧ ਸਲਾਮਤ ਰਹਿਣਾ ਹੈ, ਅਜਿਹੇ ਹਾਦਸੇ ਵਾਪਰਦੇ ਰਹਿਣੇ ਹਨ। ਮਨੁੱਖੀ ਜਾਨ ਦੀ ਕੀਮਤ ਮਨੁੱਖ ਦਾ ਸਮਾਜ ਅੰਦਰ ਰੁਤਬਾ ਹੈ। ਜਿੰਨਾ ਚਿਰ ਕਿਰਤੀ ਲੋਕਾਂ ਨੂੰ ਇਸ ਸਮਾਜ ਅੰਦਰ ਹਕੀਕੀ ਮਨੁੱਖੀ ਰੁਤਬਾ ਹਾਸਲ ਨਹੀਂ ਹੁੰਦਾ, ਓਨਾ ਚਿਰ ਮਨੁੱਖੀ ਜਾਨਾਂ ਅਜਾਂੲÆ ਜਾਂਦੀਆਂ ਰਹਿਣੀਆਂ ਹਨ। ਇਹਨਾਂ ਜ਼ਿੰਦਗੀਆਂ ਦੀ ਸੁਰੱਖਿਆ ਦੇ ਪ੍ਰਬੰਧ ਹਕੀਕੀ ਲੋਕ ਰਾਜ ਅੰਦਰ ਹੋਣੇ ਹਨ। ਓਨਾ ਚਿਰ ਮਨੁੱਖੀ ਜਿੰਦਗੀਆਂ ਦੀ ਇਸ ਅਸੁਰੱਖਿਅਤ ਮਾਹੌਲ ਤੋਂ ਰਾਖੀ ਲਈ ਥਾਂ ਥਾਂ ਲੋਕਾਂ ਨੂੰ ਹਕੂਮਤ ਨਾਲ ਭਿੜਨਾ ਪੈਣਾ ਹੈ। ਬੇਹਤਰ ਥਾਵਾਂ, ਬੇਹਤਰ ਹਾਲਤਾਂ, ਬੇਹਤਰ ਚੀਜਾਂ, ਬੇਹਤਰ ਪ੍ਰਬੰਧਾਂ ਤੇ ਬੇਹਤਰ ਸੁਰੱਖਿਆ ਲਈ ਆਪਣਾ ਹੱਕ ਲਗਾਤਾਰ ਲੋਕ ਤਾਕਤ ਜੋੜਦੇ ਹੋਏ ਪੁਗਾਉਣਾ ਚਾਹੀਦਾ ਹੈ।

ਬਰਗਾੜੀ ਮੋਰਚਾ: ਹਾਕਮ ਜਮਾਤੀ ਸਿਆਸਤਦਾਨ ਅਤੇ ਲੋਕ ਮੁੱਦੇ


ਬਰਗਾੜੀ ਮੋਰਚਾ:



ਹਾਕਮ ਜਮਾਤੀ ਸਿਆਸਤਦਾਨ ਅਤੇ ਲੋਕ ਮੁੱਦੇ

ਸੂਬੇ ਦੀ ਹਾਕਮ ਜਮਾਤੀ ਸਿਆਸਤ ’ਚ ਤਿੱਖੇ ਹੋਏ ਖਹਿ-ਭੇੜ ਲਈ ਧਾਰਮਕ ਡੰਗੋਰੀ ਮੁੜ ਸਹਾਰਾ ਬਣ ਰਹੀ ਹੈ। ਹਾਕਮ ਜਮਾਤੀ ਸਿਆਸਤ ਦੇ ਸਭਨਾਂ ਖਿਡਾਰੀਆਂ ਲਈ ਆਪੋ ਵਿੱਚ ਭਿੜਨ ਖਾਤਰ ਜਮਾਤੀ ਤਬਕਾਤੀ ਮੁੱਦਿਆਂ ਦੀ ਧਾਰਮਕ ਜਜ਼ਬਾਤਾਂ ਨੂੰ ਹਵਾਲਾ ਨੁਕਤਾ ਬਣਾਉਣਾ ਪਸੰਦੀਦਾ ਚੋਣ ਹੁੰਦੀ ਹੈ ਤੇ ਹੁਣ ਕੁੱਝ ਮਹੀਨਿਆਂ ਤੋਂ ਫਿਰ ਪੂਰੇ ਜ਼ੋਰ ਨਾਲ ਲੋਕਾਂ ਦੇ ਧਾਰਮਕ ਜਜ਼ਬਾਤਾਂ ਦੇ ਆਸਰੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਦੀਆਂ ਫੌਰੀ ਪ੍ਰਸੰਗ ’ਚ ਵੀ ਤੇ ਦੂਰ-ਰਸ ਨਤੀਜਿਆਂ ਪੱਖੋਂ ਵੀ ਸੂਬੇ ਦੇ ਲੋਕਾਂ ਲਈ ਗੰਭੀਰ ਨਾਂਹ-ਪੱਖੀ ਅਰਥ ਸੰਭਾਵਨਾਵਾਂ ਬਣਦੀਆਂ ਹਨ।
ਵਿਕਸਤ ਹੋਈ ਹਾਲਤ ਦਾ ਇੱਕ ਪਹਿਲੂ ਮੌਜੂਦਾ ਕਾਂਗਰਸ ਹਕੂਮਤ ਵੱਲੋਂ ਗੱਦੀ ’ਤੇ ਕਾਬਜ ਹੋਣ ਲਈ ਕਰਜਾ ਮੁਆਫੀ ਤੇ ਰੁਜ਼ਗਾਰ ਵਰਗੇ ਕੀਤੇ ਵੱਡੇ ਵੱਡੇ ਵਾਅਦਿਆਂ ਦਾ ਉਸ ਦੇ ਗਲੇ ਦੀ ਹੱਡੀ ਬਣਿਆ ਹੋਣਾ ਹੈ। ਲੋਕਾਂ ਦੇ ਉਜਾੜੇ ਵਾਲੀਆਂ ਸੰਸਾਰੀਕਰਨ ਦੀਆਂ ਨੀਤੀਆਂ ਪ੍ਰਤੀ ਹਕੂਮਤੀ ਵਫਾਦਾਰੀ ਉਸ ਨੂੰ ਇਹ ਵਾਅਦੇ ਲਾਗੂੁ ਕਰਨੇ ਤਾਂ ਦੂਰ, ਸਗੋਂ ਲੋਕਾਂ ਕੋਲ ਬਚੇ-ਖੁਚੇ ਗੁਜਾਰੇ ਦੇ ਸਾਧਨ ਖੋਹਣ ਦੇ ਕਦਮ ਲੈਣ ਦੇ ਰਾਹ ਤੋਰਦੀ ਹੈ। ਏਸੇ ਕਾਰਨ ਹੀ ਲੋਕਾਂ ’ਚ ਕਾਂਗਰਸ ਹਕੂਮਤ ਬਣਨ ਨਾਲ ਜਾਗੀਆਂ ਨਿਗੂਣੀਆਂ ਤੇ ਧੁੰਦਲੀਆਂ ਆਸਾਂ ਪਹਿਲੇ ਵਰ੍ਹੇ ’ਚ ਹੀ ਕਾਫੂਰ ਹੋ ਗਈਅ» ਸਨ ਤੇ ਹਕੂਮਤ ਦੇ ਗੱਦੀ ਸਾਂਭਣ ਦੇ ਪਹਿਲੇ ਮਹੀਨਿਆਂ ’ਚ ਹੀ ਹਰ ਤਬਕਾ ਆਪਣੇ ਹੱਕਾਂ ਲਈ ਮੁੜ ਸੰਘਰਸ਼ ਦਾ ਮੋਰਚਾ ਮੱਲ ਚੁੱਕਾ ਸੀ। ਇਹਦੀ ਇੱਕ ਵਜ੍ਹਾ ਸੂਬੇ ਦੇ ਲੋਕਾਂ ਵੱਲੋਂ ਘੋਲਾਂ ’ਚੋਂ ਹਾਸਲ ਕੀਤੀ ਅਜਿਹੀ ਚੇਤਨਾ ਵੀ ਹੈ ਜਿਹੜੀ ਉਹਨਾਂ ਨੂੰ ਕੁੱਝ ਵੀ ਹਾਸਲ ਕਰਨ ਲਈ ਹਕੂਮਤ ਨਾਲ ਦਸਤਪੰਜਾ ਲੈਣ ਦੀ ਲਾਜ਼ਮੀ ਸ਼ਰਤ ਦਾ ਮਹੱਤਵ ਦਰਸਾਉਂਦੀ ਰਹਿੰਦੀ ਹੈ ਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦੀ ਜਰੂਰਤ ਉਭਾਰਦੀ ਹੈ। ਅਜਿਹੀ ਹਾਲਤ ’ਚ ਸੂਬਾ ਹਕੂਮਤ ਲਈ ਲੋਕਾਂ ਦਾ ਧਿਆਨ ਜਮਾਤੀ ਤਬਕਾਤੀ ਮੁਦਿਆਂ ਤੋਂ ਤਿਲ੍ਹਕਾਉਣ ਤੇ ਆਪਣੀ ਜਾਨ ਛੁਡਾਉਣ ਲਈ ਕੋਈ ਬਦਲਵਾਂ ਮਸਲਾ ਲੋੜੀਂਦਾ ਸੀ। ਦੂਜੇ ਪਾਸੇ 2015 ’ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਮਗਰੋਂ ਰੋਸ ਪ੍ਰਗਟਾਉਦੇ ਲੋਕਾਂ ’ਤੇ ਜਬਰ ਢਾਹੁਣ ਦੇ ਘਟਨਾਕ੍ਰਮ ਖਿਲਾਫ ਰੋਹ ਵੀ ਅਜੇ ਲੋਕ ਹਿੱਸਿਆਂ ’ਚ ਮੌਜੂਦ ਸੀ ਤੇ ਕੈਪਟਨ ਵੱਲੋਂ ਇਹਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਚੋਣਾਂ ’ਚ ਕੀਤਾ ਗਿਆ ਵਾਅਦਾ ਵੀ ਵਿਰੋਧੀ ਸਿਆਸੀ ਸ਼ਕਤੀਆਂ ਵੱਲੋਂ ਹਕੂਮਤ ਨੂੰ ਘੇਰਨ ਦਾ ਇਕ ਕਾਰਨ ਬਣਦਾ ਸੀ। ਕੈਪਟਨ ਹਕੂਮਤ ਨੇ ਆਪਣੀਆਂ ਫੌਰੀ ਸਿਆਸੀ ਗਿਣਤੀਆਂ ਤਹਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰਾਹੀਂ ਸਿਆਸੀ ਸ਼ਤਰੰਜ ਦੀਆਂ ਚਾਲਾਂ ਸ਼ੁਰੂ ਕਰ ਲਈਆਂ। ਬਾਦਲ ਲਾਣਾ ਪਹਿਲਾਂ ਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜੁੰਮੇਵਾਰਾਂ ਵਜੋਂ ਲੋਕ ਮਾਨਸਿਕਤਾ ’ਚ ਸਥਾਪਤ ਹੋ ਚੁੱਕਾ ਹੈ ਤੇ ਆਪਣੇ ਬੀਤੇ ਦਸ ਸਾਲਾਂ ਦੇ ਲੋਕ ਵਿਰੋਧੀ ਅਮਲਾਂ ਕਾਰਨ ਅਜੇ ਤੱਕ ਵੀ ਲੋਕਾਂ ਦੇ ਚੇਤਿਆਂ ’ਚ ਖਲਨਾਇਕਾਂ ਵਜੋਂ ਹੀ ਪਹਿਚਾਣਿਆ ਜਾ ਰਿਹਾ ਹੈ। ਬਾਦਲ ਦਲ ਨੂੰ ਸਿਆਸੀ ਠਿੱਬੀ ਲਾਉਣ ਲਈ ਏਸ ਹਾਲਤ ਦਾ ਲਾਹਾ ਲੈਣ, ਆਪਣੇ ਆਪ ਨੂੰ ਸਿੱਖ ਜਨਤਾ ਦੇ ਖੈਰ-ਖੁਆਹਾਂ ਵਜੋਂ ਪੇਸ਼ ਕਰਨ ਤੇ ਜਮਾਤੀ ਤਬਕਾਤੀ ਘੋਲਾਂ ਦੇ ਸ਼ਿਕੰਜੇ ’ਚੋਂ ਜਾਨ ਛੁਡਾਉਣ ਲਈ ਬਾਦਲਾਂ ਖਿਲਾਫ ਬਣੇ ਮਹੌਲ ਨੂੰ ਹੋਰ ਹਵਾ ਦੇ ਕੇ ਉਹਨਾਂ ਨੂੰ ਦੋਸ਼ੀਆਂ ਵਜੋਂ ਉਭਾਰਨਾ ਸ਼ੁਰੂ ਕਰ ਦਿੱਤਾ । ਕੈਪਟਨ ਇਕ ਪਾਸੇ ਬਾਦਲਾਂ ਨੂੰ ਸਜ਼ਾ ਦੁਆਉਣ ਜਾਂ ਗ੍ਰਿਫਤਾਰ ਕਰਾਉਣ ਵਰਗੇ ਕਦਮਾਂ ਤੋਂ ਪ੍ਰਹੇਜ਼ ਕਰਨਾ ਚਾਹੁੰਦਾ ਹੈ ਤੇ ਨਾਲ ਹੀ ਉਹਨਾਂ ਖਿਲਾਫ ਬਣੇ ਮਹੌਲ ਦਾ ਲਾਹਾ ਲੈ ਕੇ ਉਹਨਾਂ ਨੂੰ ਦੋਸ਼ੀਆਂ ਵਜੋਂ ਸਥਾਪਤ ਕਰ ਰਿਹਾ ਹੈ। ਇਹ ਹਾਲਤ ਚਾਹੇ ਕਾਂਗਰਸ ਦੀ ਅੰਦਰਲੀ ਧੜੇਬੰਦੀ ’ਚ ਉਸ ਨੂੰ ਸਮੱਸਿਆਵਾਂ ਵੀ ਖੜ੍ਹੀਆਂ ਕਰ ਰਹੀ ਹੈ ਤੇ ਹੋਰ ਧੜੇ ਏਸ ਹਾਲਤ ਦਾ ਲਾਹਾ ਲੈ ਕੇ ਆਪਣੇ ਆਪ ਨੂੰ ਸਿੱਖ ਜਨਤਾ ਦੇ ਅਸਲ ਮੋਢੀਆਂ ਵਜੋਂ ਪੇਸ਼ ਕਰਨਾ ਚਾਹੁ¿ਦੇ ਹਨ। ਕਾਂਗਰਸ ਹਕੂਮਤ ਦੇ ਇਹ ਸਾਰੇ ਪੈਂਤੜੇ ਜਾਹਰ ਕਰਦੇ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਤੇ ਸਜ਼ਾ ਦੇਣ ਨਾਲੋਂ ਉਸ ਦੇ ਸਾਰੋਕਾਰ ਹੋਰ ਹਨ ਤੇ ਇਹ ਅਸਲ ਮਨਸ਼ੇ ਲੋਕਾਂ ’ਚ ਨਸ਼ਰ ਕਰਨ ਦੀ ਜਰੂਰਤ ਹੈ। ਇਹ ਮਾਮਲਾ ਉਸ ਲਈ ਚੋਣਾਂ ਵੇਲੇ ਵੀ ਨਿਆਮਤ ਬਣ ਕੇ ਆਇਆ ਸੀ ਹੁਣ ਵੀ ਉਹ ਅਜੇ ਏਸੇ ’ਤੇ ਹੋਰ ਰੋਟੀਆਂ ਸੇਕਣ ਦੀ ਗੁੰਜਾਇਸ਼ ਦੇਖ ਰਹੇ ਹਨ। ਉਹਨਾਂ ਲਈ ਅਸਲ ਦੋਸ਼ੀ ਲੱਭ ਕੇ ਸਜ਼ਾ ਦੇਣੀ ਤਾਂ ਹੱਥ ਆਏ ਮੌਕੇ ਨੂੰ ਗਵਾਉਣਾ ਹੈ। ਉਂਜ ਵੀ ਦੋਸ਼ੀਆਂ ਦੀ ਪਛਾਣ ਕਰਨੀ ਵੀ ਸਿਆਸੀ ਲਾਹੇ ਨਾਲ ਹੀ ਜੁੜੀ ਹੋਈ ਹੈ, ਇਹ ਵੀ ਸਿਆਸੀ ਵੋਟ ਗਿਣਤੀਆਂ ਹੀ ਤਹਿ ਕਰਨਗੀਆਂ ਕਿ ਦੋਸ਼ੀ ਕੌਣ ਹਨ? ਜਿਵੇਂ ਉਦੋਂ ਵੀ ਬਾਦਲ ਨੇ ਮੌਕੇ ਦੀਆਂ ਗਿਣਤੀਆਂ ਕਾਰਨ ਹੀ ਦੋਸ਼ੀ ਲੱਭਣ, ਫੜਨ, ਤੇ ਛੱਡਣ ਦੇ ਕਦਮ ਲਏ ਸਨ।
ਇਹ ਮਸਲਾ ਆਮ ਆਦਮੀ ਪਾਰਟੀ ਦੇ ਅੰਦਰੂਨੀ ਖਹਿ-ਭੇੜ ਲਈ ਵੀ ਨਿਆਮਤ ਬਣ ਕੇ ਆਇਆ ਹੈ। ਪਾਰਟੀ ਦੀ ਅੰਦਰੂਨੀ ਲੜਾਈ ’ਚ ਵੱਖ ਹੋਏ ਖਹਿਰਾ ਧੜੇ ਲਈ ਬਰਗਾੜੀ ਕਾਂਡ ਦੇ ਮੁੱਦੇ ’ਤੇ ਹੋ ਰਹੀ ਲਾਮਬੰਦੀ ਆਸਰਾ ਬਣ ਕੇ ਬਹੁੜੀ ਹੈ ਤੇ ਉਹ ਇਹਦੇ ’ਤੇ ਸਵਾਰ ਹੋ ਕੇ ਹਾਕਮ ਜਮਾਤੀ ਸਿਆਸੀ ਭੇੜ ’ਚ ਨੇਤਾ ਵਜੋਂ ਸਥਾਪਤ ਹੋਣ ਲਈ ਸੁਪਨੇ ਬੁਣ ਰਿਹਾ ਹੈ। ਇਸ ਹਾਲਤ ਨੇ ਆਮ ਆਦਮੀ ਪਾਰਟੀ ਦਾ ਰਵਾਇਤੀ ਤੌਰ ਤਰੀਕਿਆਂ ਤੋਂ ਹਟਵੀਂ ਵੱਖਰੀ ਸਿਆਸਤ ਦੇ ਨਾਅਰਿਆਂ ਦਾ ਪਹਿਲਾਂ ਹੀ ਨਿੱਕਲ ਚੁੱਕਾ ਜਲੂਸ ਹੋਰ ਅੱਗੇ ਵਧਾ ਦਿੱਤਾ ਹੈ ਤੇ ਇਸ ਹਕੀਕਤ ਨੂੰ ਮੁੜ ਉਘਾੜ ਦਿੱਤਾ ਹੈ ਕਿ ਮੌਜੂਦਾ ਦੌਰ ਦੀ ਹਾਕਮ ਜਮਾਤੀ ਸਿਆਸਤ ’ਚ ਲੋਕਾਂ ਦੇ ਜਮਾਤੀ ਤਬਕਾਤੀ ਮਸਲੇ ਆਖਰੀ ਤੇ ਅਣਸਰਦੇ ਦੀ ਚੋਣ ਹੁੰਦੇ ਹਨ ਜਦ ਕਿ ਲੋਕਾਂ ਦੇ ਧਾਰਮਕ ਜਜ਼ਬਾਤਾਂ, ਇਲਾਕਾਈ ਵੰਡਾਂ, ਜਾਤਪਾਤੀ ਵੰਡਾਂ ਵਰਗੇ ਮਸਲਿਆਂ ਦੁਆਲੇ ਵੋਟਾਂ ਦੀ ਫਸਲ ਕੱਟਣਾ ਹਮੇਸ਼ਾ ਰਾਸ ਬੈਠਦਾ ਹੈ।
ਬਰਗਾੜੀ ਕਾਂਡ ਤੋਂ ਲਾਹਾ ਲੈਣ ਦੀ ਦੌੜ ’ਚ ਏਸ ਵੇਲੇ ਉੱਭਰਵੇਂ ਖਿਡਾਰੀ ਗਰਮ ਖਿਆਲੀ ਕਹਾਉਦੇ ਸਿੱਖ ਫਿਰਕਾਪ੍ਰਸਤਾਂ ਦੇ ਧੜੇ ਹਨ ਜਿਹੜੇ ਅਕਾਲੀ ਦਲ ਦੇ ਅੰਦਰੂਨੀ ਭੇੜ ’ਚ ਬਾਦਲ ਨੇ ਵਰ੍ਹਿਆਂ ਤੋਂ ਗੁੱਠੇ ਲਾਈ ਰੱਖੇ ਸਨ ਤੇ ਆਪੋ ਆਪਣੇ ਦਲ ਬਣਾ ਕੇ ਵੀ ਜਿਨ੍ਹਾਂ ਦੇ ਹਾਕਮ ਜਮਾਤੀ ਭੇੜ ਦਰਮਿਆਨ ਪੈਰ ਨਹੀਂ ਲੱਗ ਸਕੇ। ਸਿੱਖ ਧਾਰਮਕ ਸੰਸਥਾਵਾਂ ਦੀ ਵਰਤੋਂ ਕਰਕੇ ਵੋਟਾਂ ਵਟੋਰਨ ਤੇ ਨਾਲ ਹੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਦੌਰ ’ਚ ਵਡੇਰੇ ਹਾਕਮ ਜਮਾਤੀ ਸਿਆਸੀ ਸਰੋਕਾਰਾਂ ਨਾਲ ਸੁਰ-ਤਾਲ ਬਿਠਾਉਣ ਦੀਆਂ ਜੁਗਲਬੰਦੀਆਂ ’ਚ ਉਹ ਬਾਦਲ ਦਲ ਤੋਂ ਪਛੜ ਗਏ ਸਨ। ਹੁਣ ਕੁੱਝ ਸਾਲਾਂ ਤੋਂ ਇਹਨਾਂ ਲਈ ਬਰਗਾੜੀ ਘਟਨਾਕ੍ਰਮ ਇਕ ਮੌਕਾ ਬਣ ਕੇ ਆਇਆ ਹੈ ਤੇ ਇਹਦੇ ’ਚ ਹੋ ਰਹੀ ਲਾਮਬੰਦੀ ਨਾਲ ਜੁੜ ਕੇ ਹੀ ਇਹਨਾਂ ’ਚ ਕੁੱਝ ਜਾਨ ਪਈ ਹੈ। ਸਰਬੱਤ ਖਾਲਸਾ ਸੱਦਣ ਦੇ ਕਦਮਾਂ ਤੋਂ ਲੈ ਕੇ ਹੁਣ ਤੱਕ ਉਹ ਇਹਨਾਂ ਯਤਨਾਂ ਨੂੰ ਲਗਾਤਾਰ ਤੇਜ਼ ਕਰ ਰਹੇ ਹਨ। ਬਾਦਲ ਦਲ ਦੀ ਡਿੱਗ ਰਹੀ ਸ਼ਾਖ ਉਹਨਾਂ ਦੀਆਂ ਕੋਸ਼ਿਸ਼ਾਂ ਲਈ ਹੋਰ ਵਧੇਰੇ ਅਧਾਰ ਬਣ ਰਹੀ ਹੈ। ਖਾਸ ਕਰਕੇ ਸ਼ਰੋਮਣੀ ਕਮੇਟੀ ਤੇ ਹੋਰਨਾਂ ਸਿੱਖ ਧਾਰਮਕ ਸੰਸਥਾਵਾਂ ’ਤੇ ਗਲਬੇ ਦੇ ਭੇੜ ’ਚ ਉਹ ਵਧ ਰਹੀਆਂ ਸਫਲਤਾਵਾਂ ਦੀਆਂ ਗੁੰਜਾਇਸ਼ਾਂ ਨੂੰ ਦੇਖਦੇ ਹਨ ਤੇ ਕਾਂਗਰਸ ਹਕੂਮਤ ਉਹਨਾਂ ਲਈ ਬਾਦਲ ਧੜੇ ਨਾਲ ਭਿੜਨ ਪੱਖੋਂ ਇਕ ਅਹਿਮ ਸਹਾਈ ਕਾਰਨ ਬਣਦਾ ਹੈ। ਇਹ ਸਮੁੱਚੀ ਹਾਲਤ ਇਹਨਾਂ ਧੜਿਆਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਜਰਬਾਂ ਦੇ ਰਹੀ ਹੈ ਤੇ ਹੁਣ ਆ ਰਹੀਆਂ ਖਬਰਾਂ ਅਨੁਸਾਰ ਬਰਗਾੜੀ ਮੋਰਚੇ ਨੂੰ ਅਕਾਲੀ ਸਿਆਸਤ ’ਚ ਅਗਲੀ ਸਫਬੰਦੀ ਦਾ ਸਾਧਨ ਬਣਾਉਣ ਦੀਆਂ ਕੋਸ਼ਿਸ਼ਾਂ ਦੇਖੀਆਂ ਜਾ ਸਕਦੀਆਂ ਹਨ। ਬਾਦਲ ਦਲ ਦੀ ਪੜਤ ਨੂੰ ਬੁਰੀ ਤਰ੍ਹਾਂ ਪੈ ਰਿਹਾ ਖੋਰਾ ਇਸਦੀ ਅੰਦਰੂਨੀ ਧੜੇਬੰਦੀ ਨੂੰ ਉਭਾਰ ਰਿਹਾ ਹੈ ਜਿਸ ਕਾਰਨ ਬਾਦਲ ਪਰਿਵਾਰ ਦੀ ਚੌਧਰ ਤੋਂ ਨਰਾਜ਼ ਹਿੱਸੇ ਹੁਣ ਸਿਰ ਚੁੱਕ ਰਹੇ ਹਨ ਤੇ ਫਿਰਕੂ ਜਾਨੂੰਨੀ ਪੈਂਤੜੇ ਵਾਲੇ ਲੀਡਰਾਂ ਲਈ ਆਸ ਦੀ ਕਿਰਨ ਬਣ ਰਹੇ ਹਨ। ਇਉ ਇਨਸਾਫ ਦੇ ਨਾਂ ਥੱਲੇ ਬਰਗਾੜੀ ਮੋਰਚੇ ਰਾਹੀਂ ਵਡੇਰੀਆਂ ਸਿਆਸੀ ਖਾਹਸ਼ਾਂ ਦਾ ਪ੍ਰਗਟਾਵਾ ਡੁੱਲ੍ਹ-ਡੁੱਲ੍ਹ ਪੈ ਰਿਹਾ ਹੈ।
ਇਹਨਾਂ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਲੀਡਰਾਂ ਵੱਲੋਂ ਇਨਸਾਫ ਲੈਣ ਦੇ ਦੰਭ ਹੇਠ ਪੂਰੇ ਜ਼ੋਰ ਨਾਲ ਧਾਰਮਕ ਸਿੱਖ ਜਨਤਾ ਦੇ ਜਜ਼ਬਾਤਾਂ ਦਾ ਲਾਹਾ ਆਪੋ ਆਪਣੇ ਹਿੱਤਾਂ ਲਈ ਜੁਟਾਉਣ ਖਾਤਰ ਤਰਲੋ-ਮੱਛੀ ਹੋਇਆ ਜਾ ਰਿਹਾ ਹੈ। ਇਹਨਾਂ ਸਭਨਾਂ ਲਈ ਇਹ ਸਮੁੱਚਾ ਘਟਨਾਕ੍ਰਮ ਤਾਂ ਪੈਰ ਹੇਠ ਆਇਆ ਬਟੇਰਾ ਹੈ। ਇਸ ’ਚੋਂ ਹਕੀਕੀ ਦੋਸ਼ੀਆਂ ਨੂੰ ਟਿੱਕ ਕੇ ਸਜਾਵਾਂ ਦੇਣਾ ਨਾ ਕਾਂਗਰਸ ਸਰਕਾਰ ਦੀ ਦਿਲਚਸਪੀ ਹੈ ਤੇ ਨਾ ਹੀ ਇਨਸਾਫ ਮੰਗਣ ਲਈ ਮੋਰਚਾ ਲਾਉਣ ਦਾ ਦੰਭ ਕਰ ਰਹੇ ਮੌਕਾਪ੍ਰਸਤ ਲੀਡਰਾਂ ਦੀ ਇਹਦੇ ਮੁੱਕ ਜਾਣ ’ਚ ਕੋਈ ਦਿਲਚਸਪੀ ਹੈ। ਸਭਨਾਂ ਲਈ ਇਹ ਸੁਲਘਦਾ ਰਹਿਣਾ ਜਰੂਰੀ ਹੈ ਤਾਂ ਕਿ ਧਾਰਮਕ ਸਿੱਖ ਜਨਤਾ ਦੇ ਜਜ਼ਬਾਤਾਂ ਦੇ ਸੇਕ ’ਤੇ ਰੋਟੀਆਂ ਸੇਕਣ ਦਾ ਸਿਲਸਿਲਾ ਚਲਦਾ ਰਹੇ। ਇਹ ਦਹਾਕਿਆਂ ਤੋਂ ਅਜਿਹੀਆਂ ਖੇਡਾਂ ਹੀ ਖੇਡਦੇ ਆ ਰਹੇ ਹਨ। ਇਹਨਾਂ ਮੌਕਾਪ੍ਰਸਤ ਤੇ ਲੋਕ ਵਿਰੋਧੀ ਪਾਰਟੀਆਂ ਅਤੇ ਲੀਡਰਾਂ ਦੇ ਅਜਿਹੇ ਕੁਕਰਮਾਂ ਨੇ ਹੀ ਪਹਿਲਾਂ ਪੰਜਾਬ ਦੇ ਲੋਕਾਂ ਸਿਰ ਡੇਢ ਦਹਾਕਾ ਸਾੜ੍ਹ-ਸਤੀ ਲਿਆਈ ਰੱਖੀ ਸੀ ਤੇ ਮੁੜ ਆਪਣੇ ਖੋਟੇ ਮਨਸੂਬਿਆਂ ਲਈ ਇਸ ਅੱਗ ਨਾਲ ਬੇਝਿਜਕ ਹੋ ਕੇ ਖੇਡਿਆ ਜਾ ਰਿਹਾ ਹੈ।
ਇਹਨਾਂ ਸਭਨਾਂ ਦਾ ਸਾਂਝਾ ਹਿੱਤ ਲੋਕਾਂ ਦੇ ਜਮਾਤੀ-ਤਬਕਾਤੀ ਮੁੱਦਿਆਂ ਨੂੰ ਰੋਲਣਾ ਤੇ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰਨਾ ਹੈ। ਹਰ ਮਿਹਨਤਕਸ਼ ਤਬਕੇ ਦੇ ਲੋਕਾਂ ਦੀਆਂ ਜ਼ਿੰਦਗੀਆਂ ’ਚ ਆਏ ਦਿਨ ਤਬਾਹੀ ਦੇ ਆਲਮ ਦਾ ਪਸਾਰਾ ਹੋ ਰਿਹਾ ਹੈ। ਲੋਕਾਂ ਦੇ ਰੋਟੀ ਰੋਜ਼ੀ ਦੇ ਮਸਲਿਆਂ ’ਤੇ ਸਾਹਮਣਾ ਕਰਨ ਤੋਂ ਹਰ ਮੌਕਾਪ੍ਰਸਤ ਪਾਰਟੀ ਤੇ ਲੀਡਰ ਟਾਲਾ ਵੱਟ ਰਿਹਾ ਹੈ ਤੇ ਇਹਨਾਂ ਤੋਂ ਕਿਨਾਰਾ ਕਰਕੇ ਧਾਰਮਕ ਮੁੱਦਿਆਂ ਦੀ ਓਟ ਚਾਹੁੰਦਾ ਹੈ। ਪਰ ਲੋਕਾਂ ਦੀਆਂ ਜ਼ਿੰਦਗੀਆਂ ’ਚ ਖਲਲ ਪਾ ਰਹੇ ਜਮਾਤੀ ਮਸਲਿਆਂ ਦਾ ਆਪਣਾ ਜ਼ੋਰ ਹੈ ਤੇ ਇਹਨਾਂ ਮੁੱਦਿਆਂ ’ਤੇ ਘੋਲਾਂ ਦਾ ਰੁਝਾਨ ਵੀ ਹਾਕਮ ਜਮਾਤੀ ਮਨਸੂਬਿਆਂ ਨਾਲ ਭੇੜ ’ਚ ਆ ਰਿਹਾ ਹੈ। ਪਰਾਲੀ ਮੁੱਦੇ ’ਤੇ ਵੱਡੀਆਂ ਕਿਸਾਨ ਲਾਮਬੰਦੀਆਂ ਹੋ ਰਹੀਆਂ ਹਨ, ਕਰਜ਼ੇ, ਬਿਜਲੀ ਤੇ ਹੋਰ ਮਸਲਿਆਂ ’ਤੇ ਮਾਝੇ ’ਚ ਕਿਸਾਨਾਂ ਦੇ ਜਨਤਕ ਐਕਸ਼ਨ ਹੋ ਰਹੇ ਹਨ, ਪੰਜਾਬ ਦੇ ਅਧਿਆਪਕ ਤਨਖਾਹ ਕਟੌਤੀ ਸਮੇਤ ਹੱਕੀ ਮੰਗਾਂ ਲਈ ਕਈ ਮਹੀਨਿਆਂ ਤੋਂ ਜੂਝ ਰਹੇ ਹਨ, ਠੇਕਾ ਕਾਮਿਆਂ ਦੇ ਥਾਂ ਥਾਂ ਦਰਜਨਾਂ ਸੰਘਰਸ਼ਾਂ ਦੀ ਲੜੀ ਹੈ ਤੇ ਇਉ ਹੀ ਨੌਜਵਾਨ ਵਿਦਿਆਰਥੀ ਮੈਦਾਨ ਵਿਚ ਹਨ। ਖੇਤ ਮਜ਼ਦੂਰ ਤਬਕਾ ਵੀ ਜਮੀਨਾਂ, ਪਲਾਟਾਂ ਤੇ ਹੋਰ ਸਹੂਲਤਾਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾ ਰਿਹਾ ਹੈ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ ਜਮਹੂਰੀ ਲਹਿਰ ਦੀ ਸਰਗਰਮੀ ਬਣੀ ਰਹਿ ਰਹੀ ਹੈ। ਅਜਿਹੀ ਹਾਲਤ ਦਰਮਿਆਨ ਇਹਨਾਂ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਇਹਨਾਂ ਹਾਕਮ ਜਮਾਤੀ ਸ਼ਕਤੀਆਂ ਦਾ ਸਾਂਝਾ ਸਰੋਕਾਰ ਹੈ। ਉਹ ਰਾਜ ਮਸ਼ੀਨਰੀ ’ਤੇ ਕਬਜ਼ੇ ਲਈ ਆਪਸ ਵਿਚ ਭਿੜ ਰਹੇ ਹਨ ਤੇ ਲੋਕਾਂ ਨਾਲ ਰਲ ਕੇ ਨਜਿੱਠ ਰਹੇ ਹਨ। ਇਸ ਲਈ ਸਭਨਾਂ ਲੋਕ-ਪੱਖੀ ਸ਼ਕਤੀਆਂ ਦਾ ਇਹ ਸਰੋਕਾਰ ਬਣਨਾ ਚਾਹੀਦਾ ਹੈ ਕਿ ਲੋਕਾਂ ਦੇ ਸੰਘਰਸ਼ ਰੁਝਾਨ ਦਾ ਹੱਥ ਉਪਰ ਦੀ ਰੱਖਣ ਲਈ ਜ਼ੋਰਦਾਰ ਯਤਨ ਜੁਟਾਏ ਜਾਣ, ਲੋਕਾਂ ਦੇ ਜਮਾਤੀ ਮੁੱਦਿਆਂ ਨੂੰ ਉਭਾਰਿਆ ਜਾਵੇ, ਲੋਕ ਆਪੋ ਆਪਣੀਆਂ ਤਬਕਾਤੀ ਮੰਗਾਂ ਲਈ ਸੰਘਰਸ਼ਾਂ ਦਾ ਸਿਲਸਿਲਾ ਤੇਜ਼ ਕਰਨ। ਵਾਜਬ ਧਾਰਮਕ ਸਰੋਕਾਰਾਂ ਵਾਲੀ ਸਿੱਖ ਜਨਤਾ ਨੂੰ ਵੀ ਇਹ ਦਰਸਾਇਆ ਜਾਣਾ ਚਾਹੀਦਾ ਹੈ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਅਤੇ ਲੋਕਾਂ ’ਤੇ ਜਬਰ ਢਾਹੁਣ ਵਾਲੇ ਬਾਦਲ ਲਾਣੇ ਤੇ ਅਫਸਰਾਂ ਨੂੰ ਸਜ਼ਾਵਾਂ ਦੁਆਉਣ ਲਈ ਸੰਘਰਸ਼ ਦਾ ਸਾਧਨ ਇਹ ਧਾਰਮਕ ਤੇ ਸਿਆਸੀ ਮੌਕਾਪ੍ਰਸਤ ਲੀਡਰ ਨਹੀਂ ਬਣ ਸਕਦੇ, ਸਗੋਂ ਜਮਾਤੀ ਤਬਕਾਤੀ ਮੰਗਾਂ ਲਈ ਜਮਹੂਰੀ ਪੈਂਤੜੇ ਤੋਂ ਸੰਘਰਸ਼ ਕਰਦੀ ਲੋਕ ਤਾਕਤ ਹੀ ਹੋ ਸਕਦੀ ਹੈ। ਅਜਿਹੀ ਲੋਕ ਤਾਕਤ ਜਿਹੜੀ ਇਹਨਾਂ ਪਾਰਟੀਆਂ ਤੇ ਲੀਡਰਾਂ ਦੇ ਅਜਿਹੇ ਦੰਭ ਨੂੰ ਪਹਿਚਾਣਦੀ ਹੋਵੇ ਤੇ ਇਹਨਾਂ ਦੇ ਜਮਾਤੀ ਹਿੱਤਾਂ ਦੀ ਪੈੜ ਨੱਪ ਸਕਦੀ ਹੋਵੇ ਤੇ ਆਪਣੇ ਜਮਾਤੀ ਸਰੋਕਾਰਾਂ ਪ੍ਰਤੀ ਪੂਰੀ ਤਰ੍ਹਾਂ ਚੇਤਨ ਹੋਵੇ। ਅਜਿਹੀ ਚੇਤਨਾ ਤੇ ਜਮਹੂਰੀ ਪੈਂਤੜੇ ’ਤੇ ਉੱਸਰੀ ਜਥੇਬੰਦਕ ਤਾਕਤ ਤੋਂ ਬਿਨਾਂ ਲੋਕ ਅਜਿਹੇ ਮੁੱਦਿਆਂ ’ਤੇ ਲਾਮਬੰਦੀ ਦੌਰਾਨ ਫਿਰਕੂ ਮਨਸੂਬਿਆਂ ਦੀ ਭੇਂਟ ਚੜ੍ਹਨ ਲਈ ਹੀ ਸਰਾਪੇ ਜਾਂਦੇ ਹਨ ਤੇ ਫਿਰਕਾਪ੍ਰਸਤੀ ਦੀ ਮਾਰ ’ਚ ਆ ਕੇ ਜਮਾਤੀ ਏਕਤਾ ਖੰਡਤ ਕਰ ਬੈਠਦੇ ਹਨ।