ਅੰਮਿ੍ਤਸਰ ਰੇਲ ਹਾਦਸਾ
ਲੋਕ ਦੋਖੀ ਨਿਜ਼ਾਮ ਦੀ ਦੇਣ ਹਨ ਅਜਿਹੇ ਹਾਦਸੇ
19 ਅਕਤੂਬਰ ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ ਅੰਦਰ ਕੀਮਤੀ ਮਨੁੱਖੀ ਜ਼ਿੰਦਗੀਆਂ
ਇਸ ਕਾਤਲ ਪ੍ਰਬੰਧ ਦੀ ਭੇਟ ਚੜ੍ਹ ਗਈਆਂ। ਰੇਲਵੇ ਲਾਈਨਾਂ ਦੇ ਨਾਲ ਲੱਗਦੇ ਗਰਾਊਂਡ ਵਿੱਚ ਦੁਸਹਿਰਾ
ਮਨਾਇਆ ਜਾ ਰਿਹਾ ਸੀ, ਜਦ ਅਕਾਸ਼
ਗੁੰਜਾਊ ਪਟਾਕਿਆਂ ਦੇ ਰੌਲੇ ਦਰਮਿਆਨ ਤੇਜ਼ ਰਫਤਾਰ ਰੇਲ ਗੱਡੀ ਨੇ ਰੇਲਵੇ ਲਾਈਨਾਂ ਤੇ ਖੜ੍ਹੇ ਦੁਸਹਿਰੇ
ਦੇ ਜ਼ਸ਼ਨ ਦੇਖ ਰਹੇ ਲੋਕਾਂ ਨੂੰ ਦਰੜ ਦਿੱਤਾ। ਇਸ ਘਟਨਾ ਵਿੱਚ 62 ਜਣੇ ਮਾਰੇ ਗਏ ਤੇ 90 ਦੇ ਕਰੀਬ ਹੋਰ ਗੰਭੀਰ ਜਖਮੀ ਹੋ ਗਏ। ਮਰਨ
ਵਾਲਿਆਂ ਵਿੱਚੋਂ ਵਧੇਰੇ ਪਰਵਾਸੀ ਮਜ਼ਦੂਰ ਸਨ ਜਿਹੜੇ ਆਪਣੇ ਟੱਬਰਾਂ ਲਈ ਰੋਟੀ ਦਾ ਜੁਗਾੜ ਕਰਨ ਪਰਦੇਸੀਂ
ਬੈਠੇ ਸਨ। ਕਈ ਬੱਚੇ ਸਨ। ਕਈ ਬੱਚੇ ਮਾਂ-ਬਾਪ ਤੋਂ ਵਾਂਝੇ
ਹੋ ਗਏ ਤੇ ਕਈ ਬਜੁਰਗ ਡੰਗੋਰੀਓਂ ਸੱਖਣੇ ਹੋ ਗਏ। ਕਮਾਊ
ਜੀਆਂ ਦੇ ਤੁਰ ਜਾਣ ਸਦਕਾ ਅਨੇਕਾਂ ਪਰਿਵਾਰਾਂ ਦਾ ਭਵਿੱਖ ਅਨਿਸ਼ਚਤ ਹੋ ਗਿਆ। ਇਸ ਘਟਨਾ ਨੇ ਇੱਕ ਵਾਰ ਫੇਰ ਬਹੁਤ ਕਰੂਰਤਾ ਨਾਲ ਇਹ ਹਕੀਕਤ ਉਘਾੜ ਦਿੱਤੀ ਕਿ ਇਸ ਗੈਰਮਨੁੱਖੀ
ਪ੍ਰਬੰਧ ਅੰਦਰ ਕਿਰਤੀ ਲੋਕਾਂ ਦੀ ਹੈਸੀਅਤ ਕੀੜੇ ਮਕੌੜਿਆਂ ਤੋਂ ਵੱਧ ਨਹੀਂ। ਉਹ ਮਨੁੱਖੀ ਸ਼ਾਨ ਤੋਂ ਸੱਖਣੀ, ਗੁਰਬਤ,
ਲਾਚਾਰੀ, ਜਲਾਲਤ ਤੇ ਅਸੁਰੱਖਿਆ ਭਰੀ ਜਿੰਦਗੀ ਜਿਉਣ ਨੂੰ
ਅਤੇ ਅਣਆਈਆਂ ਮੌਤਾਂ ਮਰਨ ਨੂੰ ਸਰਾਪੇ ਹੋਏ ਹਨ।
ਇਸ ਅਸੁਰੱਖਿਅਤ ਥਾਂ ਉਪਰ ਲਗਭਗ ਪਿਛਲੇ 40 ਸਾਲਾਂ ਤੋਂ ਦੁਸਹਿਰਾ ਮਨਾਇਆ ਜਾ ਰਿਹਾ ਸੀ,
ਜਿਸਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ, ਪੁਲੀਸ, ਰਾਜਸੀ ਆਗੂਆਂ, ਨਗਰਨਿਗਮ ਅਤੇ ਰੇਲਵੇ ਸਮੇਤ ਸਭ ਨੂੰ ਸੀ। ਬਦਲਦੀਆਂ ਸਰਕਾਰਾਂ ਨਾਲ ਬਦਲਦੀਆਂ ਦੁਸਹਿਰਾ ਕਮੇਟੀਆਂ ਤੇ ਬਦਲਦੇ ਪ੍ਰਬੰਧਕ ਇਸ ਸਮਾਗਮ ਨੂੰ
ਜਥੇਬੰਦ ਕਰਦੇ ਆਏ ਸਨ। ਸਭ ਵੰਨਗੀਆਂ ਦੇ ਰਾਜਸੀ ਆਗੂ ਸਮੇਂ ਸਮੇਂ ਇਸਦੀਆਂ ਸਟੇਜਾਂ ਤੇ ਸੁਸ਼ੋਭਿਤ ਹੋਏ ਸਨ। ਹਰ ਵਾਰ ਇੰਜ ਹੀ ਲੋਕ ਉਪੋਰਕਤ ਸਭਨਾਂ ਦੀ ਹਾਜਰੀ ਵਿੱਚ ਦੁਸਹਿਰਾ ਦੇਖਦੇ ਆਏ ਸਨ। ਇੰਜ ਹੀ ਰੇਲਵੇ ਲਾਈਨਾਂ ਉਪਰ ਆਵਾਜਾਈ ਬਣਦੀ ਰਹੀ ਸੀ। ਰੇਲਵੇ
ਗੇਟਮੈਨਾਂ ਨੂੰ ਵੀ ਇਸਦੀ ਜਾਣਕਾਰੀ ਸੀ। ਸਥਾਨਕ ਲੋਕਾਂ ਅਨੁਸਾਰ ਪ੍ਰਬੰਧਕਾਂ ਨੇ ਰੇਲਵੇ ਗਾਰਡਾਂ
ਨੂੰ ਟਰੇਨ ਆਉਣ ਤੋਂ 5-10 ਮਿੰਟ
ਪਹਿਲਾਂ ਸੂਚਿਤ ਕਰਨ ਲਈ ਕਿਹਾ ਹੁੰਦਾ ਸੀ ਤੇ ਪ੍ਰਬੰਧਕ ਏਨੇ ਸਮੇਂ ਵਿੱਚ ਲੋਕਾਂ ਤੋਂ ਰੇਲਵੇ ਲਾਈਨਾਂ
ਖਾਲੀ ਕਰਵਾ ਲੈਂਦੇ ਸਨ। ਹਰ ਵਾਰ ਇਉਂ ਹੀ ਹੁੰਦਾ ਆਇਆ ਸੀ। ਪਰ ਅੱਜ ਤੱਕ ਰੇਲਵੇ ਮਹਿਕਮੇ ਸਮੇਤ ਕਿਸੇ ਨੂੰ ਵੀ ਇਸ ਥਾਂ ਦੀ ਵਰਤੋਂ ਬਾਰੇ ਕਿੰਤੂ ਨਹੀਂ
ਸੀ ਹੋਇਆ ਪੁਲੀਸ ਪ੍ਰਸਾਸ਼ਨ ਨੇ ਤਾਂ ਬਕਾਇਦਾ ਇਸ ਪ੍ਰੋਗਰਾਮ ਦੀ ਮਨਜੂਰੀ ਵੀ ਦਿੱਤੀ ਸੀ। ਸੋ, ਇਹ ਘਟਨਾ ਕੋਈ ਇਤਫਾਕ
ਨਹੀਂ ਸੀ। ਇਤਫਾਕ ਤਾਂ ਇਸਦਾ ਪਿਛਲੇ ਚਾਲੀ ਸਾਲਾਂ ਦੌਰਾਨ ਨਾ ਵਾਪਰਨਾ ਸੀ। ਹੁਣ
ਘਟਨਾ ਤੋਂ ਬਾਅਦ ਸਭ ਧਿਰਾਂ ਇੱਕ ਦੂਜੇ ’ਤੇ ਜਿੰਮੇਵਾਰੀ ਸੁੱਟ ਕੇ ਖੁਦ ਨੂੰ ਦੋਸ਼-ਮੁਕਤ ਕਰ ਰਹੀਆਂ ਹਨ। ਰੇਲਵੇ ਵੱਲੋਂ ਤਾਂ ਮਾਰੇ ਗਏ ਲੋਕਾਂ ਨੂੰ ਹੀ ਰੇਲਵੇ ਲਾਈਨਾਂ ਉਪਰ ਘੁਸਪੈਠ ਦੇ ਦੋਸ਼ੀ ਤੇ ਘਟਨਾ
ਦੇ ਕਸੂਰਵਾਰ ਬਣਾ ਦਿੱਤਾ ਗਿਆ ਹੈ। ਮੀਡੀਆ ਦੇ ਇੱਕ ਹਿੱਸੇ ਵੱਲੋਂ ਵੀ ਜ਼ਮੀਨੀ ਹਕੀਕਤ ਅਤੇ
ਪ੍ਰਬੰਧ ਨੂੰ ਸੁਰਖਰੂ ਕਰਕੇ ਰੇਲਵੇ ਲਾਈਨਾਂ ’ਤੇ ਖੜ੍ਹੇ ਲੋਕਾਂ ਨੂੰ ਹੀ ਘਟਨਾ
ਦੇ ਜੁੰਮੇਵਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ, ਜਿਹਨਾਂ ਨੇ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ
ਅੱਗੇ ਰੇਲਵੇ ਲਾਈਨਾਂ ’ਤੇ ਖੜ੍ਹੇ ਲੋਕਾਂ ਦੀ ਸ਼ੇਖੀ ਮਾਰਦੇ ਹੋਏ ਕਿਹਾ ਸੀ ਕਿ
‘‘ਦੇਖੋ,
5000 ਬੰਦਾ ਰੇਲਵੇ ਲਾਈਨਾਂ ’ਤੇ ਖੜ੍ਹਾ ਹੈ ਤੇ ਭਾਵੇਂ 500 ਟਰੇਨਾਂ ਲੰਘ ਜਾਣ, ਇਹ ਲੋਕ ਇੰਜ ਹੀ ਖੜ੍ਹੇ ਰਹਿਣਗੇ’’ ਉਹ ਇਸ ਘਟਨਾ ਤੋਂ
ਬਾਅਦ ਸਰੁੱਖਿਅਤ ਗਾਇਬ ਹੋ ਚੁੱਕੇ ਹਨ। ਨਵਜੋਤ ਕੌਰ ਸਿੱਧੂ ਜਿਸਦਾ ਇਸ ਘਟਨਾ ਤੋਂ ਤਿੰਨ ਮਿੰਟ
ਬਾਅਦ ਚੁੱਪਚਾਪ ਮੌਕੇ ਤੋਂ ਖਿਸਕਣ ਦਾ ਵੀਡਿਓ ਵਾਇਰਲ ਹੋ ਚੁੱਕਾ ਹੈ ਤੇ ਉਸਦਾ ਪਤੀ ਤੇ ਸਥਾਨਕ ਸਰਕਾਰਾਂ
ਬਾਰੇ ਮੰਤਰੀ ਨਵਜੋਤ ਸਿੱਧੂ ਪੂਰੀ ਤਰ੍ਹਾਂ ਇਹਨਾਂ ਪ੍ਰਬੰਧਕਾਂ ਦੀ ਪਿੱਠ ’ਤੇ ਹਨ ਅਤੇ ਇਹਨਾਂ ਨੂੰ ਜਿੰਮੇਵਾਰੀ ਤੋਂ ਸਾਫ ਬਰੀ ਕਰ ਰਹੇ ਹਨ। ਇਸ
ਪ੍ਰੋਗਰਾਮ ਦਾ ਮੁੱਖ ਪ੍ਰਬੰਧਕ ਸਥਾਨਕ ਕਾਂਗਰਸ ਕੌਂਸਲਰ ਵਿਜੈ ਮਦਾਨ ਦਾ ਮੁੰਡਾ ਸੌਰਭ ਮਿੱਠੂ ਮਦਾਨ
ਹੈ। ਇਹਨਾਂ ਪ੍ਰਬੰਧਕਾਂ ਦੀ ਹਿਫਾਜ਼ਤ ਕਰ ਰਹੇ ਨਵਜੋਤ ਸਿੱਧੂ ਨੂੰ ਜ਼ਖਮੀਆਂ ਦਾ ਪਤਾ ਲੈਣ ਵੇਲੇ ਹਸਪਤਾਲ
ਫੇਰੀ ਦੌਰਾਨ ਤਿੱਖੇ ਸਵਾਲਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇੱਕ
ਵਿਅਕਤੀ ਜਿਸਦਾ 17 ਸਾਲਾ ਪੁੱਤਰ ਇਸ
ਹਾਦਸੇ ’ਚ ਮਾਰਿਆ ਗਿਆ,
2 ਘੰਟੇ ਹਸਪਤਾਲ ਦੇ ਬਾਹਰ ਨਵਜੋਤ ਸਿੱਧੂ ਨੂੰ ਇਹ ਪੁੱਛਣ ਲਈ ਉਡੀਕਦਾ ਰਿਹਾ ਹੈ ਕਿ
ਕੀ ਉਹ ਆਪਣੇ ਕਾਂਗਰਸੀ ਸਾਥੀ ਤੇ ਪ੍ਰਬੰਧਕ ਖਿਲਾਫ ਐਫ. ਆਈ. ਆਰ. ਦਰਜ ਕਰਵਾਉਣ ਉਸ ਨਾਲ ਚੱਲਣਗੇ?
ਇਸ ਘਟਨਾ ਤੋਂ ਪਹਿਲਾਂ ਲੰਘੀ ਗੱਡੀ ਵੇਲੇ ਵੀ ਲੋਕਾਂ ਨੇ ਰੇਲਵੇ ਲਾਈਨਾਂ
ਤੋਂ ਪਾਸੇ ਹੋ ਕੇ ਗੱਡੀ ਨੂੰ ਲਾਂਘਾ ਦਿੱਤਾ ਸੀ। ਇਹ ਸਭ ਓਥੇ ਮੌਜੂਦ ਪੁਲੀਸ, ਅਧਿਕਾਰੀਆਂ, ਪ੍ਰਬੰਧਕਾਂ
ਦੀ ਨਿਗਾਹ ਸਾਹਮਣੇ ਸੀ। ਪਰ ਹਕੀਕਤ ਇਹ ਹੈ ਕਿ ਨਾ ਤਾਂ ਵੀ.ਆਈ. ਪੀ. ਦੌਰਿਆਂ ਵੇਲੇ ਸੁਰੱਖਿਆ ਲਈ ਭੰਬੀਰੀ ਵਾਂਗ ਘੁਕਦੇ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਦੀ
ਰੱਤੀ ਭਰ ਫਿਕਰ ਸੀ, ਨਾ ਸਾਲ ਦਰ ਸਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਖਾਤਰ
ਅਜਿਹੇ ਲੋਕ ਤਿਉਹਾਰਾਂ ਨੂੰ ਰਾਜਸੀ ਸਮਾਗਮ ਬਣਾ ਧਰਨ ਵਾਲੇ ਅਤੇ ਹਰ ਵੇਲੇ ਸਰਕਾਰੀ ਸੁਰੱਖਿਆ ਅਮਲੇ
ਦੀ ਛਾਂ ਹੇਠ ਰਹਿਣ ਵਾਲੇ ਕਿਸੇ ਵੀ ਰੰਗ ਦੇ ਸਿਆਸੀ ਆਗੂ ਨੂੰ ਇਹ ਹਾਲਤ ਕਦੇ ਖਟਕੀ ਸੀ, ਨਾ ਸਿਆਸਤ ਦੀਆਂ ਪੌੜੀਆਂ ਵਿੱਚ ਉਤਾਂਹ ਜਾਣ ਦੇ ਸੁਪਨੇ ਪਾਲਦੇ ਇਸ ਪ੍ਰੋਗਰਾਮ ਦੇ ਪ੍ਰਬੰਧਕ
ਅਤੇ ਸਥਾਨਕ ਕੌਂਸਲਰ ਲਈ ਲੋਕਾਂ ਦੀਆਂ ਜਾਨਾਂ ਆਪਣੇ ਆਗੂਆਂ ਅੱਗੇ ਸ਼ਕਤੀ ਪ੍ਰਦਰਸ਼ਨ ਦੇ ਮੁਕਾਬਲੇ ਕੋਈ
ਮਹੱਤਵ ਰੱਖਦੀਆਂ ਸਨ, ਨਾ ਅਫਰਸਸ਼ਾਹੀ ਤੇ ਅਮੀਰਜ਼ਾਦਿਆਂ ਦੇ ਸਮਾਗਮਾਂ ਲਈ ਸਰਕਟ
ਹਾਊਸਾਂ, ਆਡੀਟੋਰੀਅਮਾਂ, ਰੈਸਟ ਹਾਊਸਾਂ ਦੇ ਪ੍ਰਬੰਧ
ਕਰਨ ਵਾਲੇ ਸਥਾਨਕ ਅਧਿਕਾਰੀਆਂ ਜਾਂ ਮਿਊਂਸਪਲ ਕਮੇਟੀ ਲਈ ਲੋਕਾਂ ਦੇ ਸਮਾਗਮਾਂ ਲਈ ਕੋਈ ਸੁਰੱਖਿਅਤ ਅਤੇ
ਯੋਗ ਥਾਂ ਮੁਹੱਈਆਂ ਕਰਾਉਣਾ ਕੋਈ ਏਜੰਡਾ ਸੀ ਤੇ ਨਾ ਹੀ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਉਪਰ ਲੋੜੀਂਦੀ
ਨਫਰੀ ਦੀ ਤੈਨਾਤੀ, ਵਿਸ਼ੇਸ਼ ਦਿਨਾਂ ਦੇ ਮੱਦੇਨਜ਼ਰ ਵਿਸ਼ੇਸ਼ ਬੰਦੋਬਸਤ,
ਐਂਮਰਜੈਂਸੀ ਕੰਟਰੋਲ ਪ੍ਰਬੰਧ, ਆਧੁਨਿਕ ਸੰਚਾਰ ਸਿਸਟਮ ਵਰਗੇ
ਸੁਰੱਖਿਆ ਇੰਤਜਾਮ ਰੇਲਵੇ ਲਈ ਕੋਈ ਮੁੱਦਾ ਸੀ।
ਏਥੇ ਆਏ ਦਿਨ ਘੋਨੇ ਪੁਲ ਅਤੇ ਬਿਨਾਂ ਗੇਟਮੈਨ ਦੇ ਫਾਟਕ, ਅਵਾਰਾ ਪਸ਼ੂ, ਬੰਦ ਟਰੇਨਾਂ,
ਟੁੱਟੀਆਂ ਸੜਕਾਂ, ਅਸੁਰੱਖਿਅਤ ਇਮਾਰਤਾਂ, ਮਾੜੇ ਪੁਲ, ਖਸਤਾਹਾਲ ਡਾਕਟਰੀ ਸਹੂਲਤਾਂ ਹਜ਼ਾਰਾਂ ਮਨੁੱਖੀ ਜਾਨਾਂ
ਨਿਗਲਦੀਆਂ ਹਨ। ਪਰ ਇਹਨਾਂ ਜਾਨਾਂ ਨੂੰ ਬਚਾਉਣਾ ਹਕੂਮਤਾਂ ਦਾ ਏਜੰਡਾ ਨਹੀਂ ਹੈ। ਅਜੇ
ਹਾਲ ਹੀ ਵਿੱਚ ਡਰੇਨਾਂ ਅੰਦਰ ਅਣਅਧਿਕਾਰਤ ਉਸਾਰੀਆਂ ਅਤੇ ਨਾਕਸ ਪ੍ਰਬੰਧ ਕੇਰਲਾ ਅੰਦਰ ਸੈਂਕੜੇ ਜਾਨਾਂ
ਲੈ ਕੇ ਹਟੇ ਹਨ ਅਤੇ ਇਹੋ ਕੁੱਝ ਕਸ਼ਮੀਰ ਅਤੇ ਉਤਰਾਖੰਡ ਅੰਦਰ ਪਿਛਲੇ ਸਾਲਾਂ ਦੌਰਾਨ ਵਾਪਰਿਆ ਹੈ। 2015 ਤੋਂ 2017 ਦੌਰਾਨ
ਇਕੱਲੇ ਰੇਲ ਹਾਦਸਿਆਂ ਵਿੱਚ 50,000 ਦੇ ਕਰੀਬ ਮੌਤਾਂ ਹੋਈਆਂ ਹਨ। ਆਏ ਸਾਲ ਸੜਕ ਹਾਦਸਿਆਂ ਵਿੱਚ ਡੇਢ ਲੱਖ ਦੇ ਕਰੀਬ ਜਾਨਾਂ ਜਾਂਦੀਆਂ ਹਨ। ਏਥੇ ਲੋਕ ਨੱਕੋ ਨੱਕ ਤੂੜੀਆਂ ਬੱਸਾਂ,
ਰੇਲਗੱਡੀਆਂ ਦੀਆਂ ਛੱਤਾਂ ’ਤੇ ਬੈਠਕੇ ਰੋਜ਼ ਸਫਰ ਕਰਨ ਲਈ
ਮਜ਼ਬੂਰ ਹਨ ਡਿਗੂੰ ਡਿਗੂੰ ਕਰਦੀਆਂ ਇਮਾਰਤਾਂ ਵਿੱਚ ਰਹਿਣ ਲਈ ਮਜ਼ਬੂਰ ਹਨ, ਨਕਲੀ ਦੁੱਧ, ਗੰਦਾ
ਪਾਣੀ, ਜ਼ਹਿਰੀਲੇ ਫਲ ਸਬਜੀਆਂ ਖਾਣ ਲਈ ਮਜਬੂਰ ਹਨ। ਪਰ ਇਹ ਸਾਰੇ ਉਹ ਲੋਕ ਹਨ, ਜਿਹਨਾਂ ਦੀਆਂ
ਮੌਤਾਂ ਇਸ ਪ੍ਰਬੰਧ ਅੰਦਰ ਇੱਕ ਸਧਾਰਨ ਗੱਲ ਹਨ। ਇਸ
ਸਿਸਟਮ ਦੀਆਂ ਨਜ਼ਰਾਂ ਵਿੱਚ ਇਹਨਾਂ ਜਾਨਾਂ ਦਾ ਕੌਡੀ ਮੁੱਲ ਨਹੀਂ ਹੈ। ਤਾਂ
ਹੀ ਤਾਂ ਹਾਦਸਾ-ਦਰ-ਹਾਦਸਾ ਅਜਿਹੀਆਂ ਘਟਨਾਵਾਂ ਨਿਰਵਿਘਨ ਵਾਪਰਦੀਆਂ ਹਨ ਅਤੇ ਕਿਤੇ ਕੋਈ ਤਬਦੀਲੀ ਨਹੀਂ ਹੁੰਦੀ। ਇਹਨਾਂ ਹਾਲਤਾਂ ਅੰਦਰ ਅਜਿਹੇ ਹਾਦਸੇ ਵਾਪਰਦੇ ਰਹਿਣਾ ਹੈਰਾਨਕੁਨ ਨਹੀਂ। ਸਗੋਂ ਏਨੀਆਂ ਅਸੁਰੱਖਿਅਤ ਜੀਵਨ ਹਾਲਤਾਂ ਦੇ ਚੱਲਦੇ ਕੋਈ ਹਾਦਸਾ ਨਾ ਹੋਣਾ ਹੈਰਾਨੀ ਦੀ ਗੱਲ
ਹੋਵੇਗੀ।
ਸਿਤਮਜ਼ਰੀਫੀ ਇਹ ਹੈ ਕਿ ਇਹ ਹਾਲਤਾਂ ਭੋਗਦੇ ਲੋਕਾਂ ਸਿਰ ਹੀ ਹਾਦਸਿਆਂ
ਦਾ ਦੋਸ਼ ਮੜ੍ਹਿਆ ਜਾਂਦਾ ਹੈ। ਜਿਵੇਂ ਮੌਜੂਦਾ ਮਾਮਲੇ ’ਚ ਹੋਇਆ ਹੈ। ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹਨਾਂ ਰੇਲਵੇ ਲਾਈਨਾਂ ਉਪਰੋਂ ਲੰਘਣਾ ਜਾਂ ਨਾ ਲੰਘਣਾ ਲੋਕਾਂ
ਲਈ ਚੋਣ ਦਾ ਮਸਲਾ ਹੈ। ਸਥਾਨਕ ਲੋਕਾਂ ਅਨੁਸਾਰ ਉਹ ਲੰਮੇ ਸਮੇਂ ਤੋਂ ਏਥੇ ਓਵਰਬ੍ਰਿਜ ਦੀ ਮੰਗ ਕਰਦੇ ਆਏ ਹਨ। ਇਸ ਵਿੱਚ ਅਨੇਕਾਂ ਵਾਰ ਉਹ ਲਾਈਨਾਂ ਤੋਂ ਆਰ ਪਾਰ ਲੰਘਦੇ ਹਨ। ਹਰ
ਵਾਰ ਉਹਨਾਂ ਨੂੰ ਖਤਰਾ ਸਹੇੜ ਕੇ ਇਹ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ ਤੇ ਉਹ ਇਸਦੇ ਆਦੀ ਹੋ ਚੁੱਕੇ
ਹਨ। ਏਨੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਖੁੱਲ੍ਹੀਆਂ ਰੇਲ ਲਾਈਨਾਂ ਦੀ ਹਾਜ਼ਰੀ ਵੈਸੇ ਹੀ ਹਾਦਸੇ
ਨੂੰ ਸੱਦਾ ਦੇਣ ਵਾਲੀ ਹੈ। ਪਹਿਲਾਂ ਵੀ ਨੇੜਲੇ ਸਮੇਂ ਅੰਦਰ ਇਹਨਾਂ ਲਾਈਨਾਂ ਉਪਰ ਤਿੰਨ ਰੇਲ ਹਾਦਸੇ ਵਾਪਰ ਚੁੱਕੇ ਹਨ। ਭਾਰਤ ਦਾ ਹਕੀਕੀ ਵਿਕਾਸ ਬੁਲਟ ਟਰੇਨਾਂ ਚੱਲਣ ਨਾਲ ਨਹੀਂ ਸਗੋਂ ਆਮ ਲੋਕਾਂ ਦੀ ਅਜਿਹੇ ਹਾਦਸਿਆਂ
ਤੋਂ ਸੁਰੱਖਿਆ ਨਾਲ ਹੋਣਾ ਹੈ।
ਇਸ ਘਟਨਾ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਆਮ ਲੋਕ ਪੀੜਤਾਂ ਦੀ ਬਾਂਹ
ਫੜਨ ਲਈ ਬਹੁੜੇ ਹਨ। ਦੂਰੋਂ ਦੂਰੋਂ ਲੋਕ ਤੇ ਸਮਾਜਸੇਵੀ ਜਥੇਬੰਦੀਆਂ ਖੂਨਦਾਨ ਕਰਨ ਲਈ, ਜਖਮੀਆਂ ਨੂੰ ਸੰਭਾਲਣ ਲਈ, ਭੋਜਨ ਦਾ ਪ੍ਰਬੰਧ ਕਰਨ ਲਈ ਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਆਏ ਹਨ। ਘਟਨਾ ਲਈ ਜਿੰਮੇਵਾਰ ਪ੍ਰਬੰਧ ਪ੍ਰਤੀ ਲੋਕਾਂ ਦੀ ਔਖ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਅਖੌਤੀ ਲੋਕ
ਨੁਮਾਇੰਦਿਆਂ ਦੇ ਵਿਰੋਧ ਰਾਹੀਂ ਨਿਕਲੀ ਹੈ। ਲੋਕਾਂ ਨੇ ਪੁਲਸ, ਰੇਲਵੇ, ਜਿਲ੍ਹਾ ਪ੍ਰਸ਼ਾਸਨ,
ਪ੍ਰਬੰਧਕਾਂ ਅਤੇ ਨਵਜੋਤ ਕੌਰ ਸਿੱਧੂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਹਕੂਮਤ ਦੇ ਸਿਲੀਆਂ ਅੱਖਾਂ ਪੂੰਝਣ ਦੇ ਰੋਲ ਤੋਂ ਜਾਣੂੰ ਲੋਕਾਂ ਨੇ ਪੀੜਤਾਂ ਲਈ ਯੋਗ ਮੁਆਵਜੇ
ਤੇ ਨੌਕਰੀ ਦੀ ਮੰਗ ਕੀਤੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਰੇਲਵੇ ਲਾਈਨਾਂ ਉੱਪਰ ਧਰਨਾ
ਲਾਇਆ ਹੈ ਅਤੇ ਇਹ ਮੰਗਾਂ ਨਾ ਮੰਨਣ ਤੱਕ ਰੇਲਾਂ ਰੋਕਣ ਦਾ ਯਤਨ ਕੀਤਾ ਹੈ। ਪੀੜਤਾਂ
ਦੇ ਜਖਮਾਂ ’ਤੇ ਲੂਣ ਭੁੱਕਦੇ ਹੋਏ ਇਸ ਧਰਨੇ ਨੂੰ ਪੁਲੀਸ ਨੇ ਲਾਠੀਚਾਰਜ ਕਰਕੇ
ਖਤਮ ਕੀਤਾ ਹੈ। ਇਹਨਾਂ ਧਰਨਾਕਾਰੀਆਂ ਵਿੱਚੋਂ ਚਾਲੀਆਂ ਉੱਤੇ ਪੁਲਸ ਨੇ ਹਿੰਸਾ ਭੜਕਾਉਣ ਦਾ ਦੋਸ਼ ਲਾ ਕੇ ਕੇਸ
ਦਰਜ ਕੀਤਾ ਹੈ। ਦੁੱਖ ਝੱਲ ਰਹੇ ਇਹਨਾਂ ਲੋਕਾਂ ’ਤੇ ਅਜਿਹੇ ਮੌਕੇ ਲਾਠੀਚਾਰਜ, ਹਕੂਮਤ ਦੇ ਲੋਕਾਂ ਨਾਲ ਦੁਸ਼ਮਣਾਨਾ ਰਿਸ਼ਤੇ ਦੀ
ਨਿੱਗਰ ਗਵਾਹੀ ਹੈ।
ਜਿੰਨਾ ਚਿਰ ਇਹ ਲੋਕ ਦੋਖੀ ਪ੍ਰਬੰਧ ਸਲਾਮਤ ਰਹਿਣਾ ਹੈ, ਅਜਿਹੇ ਹਾਦਸੇ ਵਾਪਰਦੇ ਰਹਿਣੇ ਹਨ। ਮਨੁੱਖੀ ਜਾਨ ਦੀ ਕੀਮਤ ਮਨੁੱਖ ਦਾ ਸਮਾਜ ਅੰਦਰ ਰੁਤਬਾ ਹੈ। ਜਿੰਨਾ
ਚਿਰ ਕਿਰਤੀ ਲੋਕਾਂ ਨੂੰ ਇਸ ਸਮਾਜ ਅੰਦਰ ਹਕੀਕੀ ਮਨੁੱਖੀ ਰੁਤਬਾ ਹਾਸਲ ਨਹੀਂ ਹੁੰਦਾ, ਓਨਾ ਚਿਰ ਮਨੁੱਖੀ ਜਾਨਾਂ ਅਜਾਂੲÆ ਜਾਂਦੀਆਂ ਰਹਿਣੀਆਂ
ਹਨ। ਇਹਨਾਂ ਜ਼ਿੰਦਗੀਆਂ ਦੀ ਸੁਰੱਖਿਆ ਦੇ ਪ੍ਰਬੰਧ ਹਕੀਕੀ ਲੋਕ ਰਾਜ ਅੰਦਰ ਹੋਣੇ ਹਨ। ਓਨਾ ਚਿਰ ਮਨੁੱਖੀ ਜਿੰਦਗੀਆਂ ਦੀ ਇਸ ਅਸੁਰੱਖਿਅਤ ਮਾਹੌਲ ਤੋਂ ਰਾਖੀ ਲਈ ਥਾਂ ਥਾਂ ਲੋਕਾਂ ਨੂੰ
ਹਕੂਮਤ ਨਾਲ ਭਿੜਨਾ ਪੈਣਾ ਹੈ। ਬੇਹਤਰ ਥਾਵਾਂ, ਬੇਹਤਰ ਹਾਲਤਾਂ, ਬੇਹਤਰ ਚੀਜਾਂ, ਬੇਹਤਰ ਪ੍ਰਬੰਧਾਂ ਤੇ ਬੇਹਤਰ ਸੁਰੱਖਿਆ ਲਈ ਆਪਣਾ ਹੱਕ ਲਗਾਤਾਰ ਲੋਕ ਤਾਕਤ ਜੋੜਦੇ ਹੋਏ ਪੁਗਾਉਣਾ
ਚਾਹੀਦਾ ਹੈ।
No comments:
Post a Comment