Tuesday, July 10, 2018

ਦੁਆਬਾ ਖੇਤਰ ’ਚ ਦਲਿਤ ਹੱਕਾਂ ਦੀ ਗੂੰਜ



ਦੁਆਬਾ ਖੇਤਰ ’ਚ ਦਲਿਤ ਹੱਕਾਂ ਦੀ ਗੂੰਜ
ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਪੰਜਾਬ ਵੱਲੋਂ, 28 ਅਪ੍ਰੈਲ ਨੂੰ ਬਠਿੰਡਾ ਵਿਖੇ ਸਫ਼ਲ ਕਾਨਫਰੰਸ ਅਤੇ ਮਾਰਚ ਕਰਨ ਤੋਂ ਬਾਅਦ ਪੰਜਾਬ ਦੇ ਦੋਆਬਾ ਖੇਤਰ ’ਚ ਵੀ ਅਜਿਹੀ ਹੀ ਕਾਨਫਰੰਸ ਕਰਨ ਲਈ 21 ਮਈ ਨੂੰ ਜਲੰਧਰ ’ਚ ਮੀਟਿੰਗ ਕਰਕੇ 17 ਜੂਨ ਨੂੰ ਦੋਆਬਾ ਖੇਤਰ ਦੇ ਮਲਸੀਆਂ ਕਸਬੇ ’ਚ ‘ਦਲਿਤਾਂ ’ਤੇ ਜਬਰ ਵਿਰੋਧੀ ਕਾਨਫਰੰਸ’ ਕਰਨ ਦਾ ਐਲਾਨ ਕੀਤਾ ਗਿਆ।
          ਜ਼ਿਕਰਯੋਗ ਹੈ ਕਿ ਮੁਲਕ ਭਰ ਵਿੱਚ ਐੱਸ.ਸੀ.-ਐੱਸ.ਟੀ. ਕਾਨੂੰਨ ਨੂੰ ਉੱਚ ਅਦਾਲਤ ਵੱਲੋਂ ਬੇਅਸਰ ਕਰਨ ਦੇ ਰੋਸ ਵਜੋਂ ਮੁਲਕ ਭਰ ’ਚ ਉੱਭਰੀ ਦਲਿਤ ਹਿੱਸਿਆਂ ਦੀ ਰੋਸ ਲਹਿਰ ਨੂੰ ਜਿੱਥੇ ਪੰਜਾਬ ਭਰ ’ਚ ਭਰਵਾਂ ਹੁੰਗਾਰਾ ਮਿਲਿਆ ਉੱਥੇ ਦੋਆਬਾ ਖੇਤਰ ਇਸ ਪੱਖੋਂ ਵਧੇਰੇ ਹਰਕਤਸ਼ੀਲ ਰਿਹਾ। ਇਸ ਦਾ ਵਿਸੇਸ਼ ਕਾਰਨ ਪੰਜਾਬ ਦੇ ਦੂਜੇ ਖੇਤਰਾਂ ਦੇ ਮੁਕਾਬਲੇ ਇੱਥੇ ਦਲਿਤਾਂ ਦੀ ਬਹੁਗਿਣਤੀ ਹੈ ਅਤੇ ਇੱਥੋਂ ਦੇ ਦਲਿਤ ਹਿੱਸਿਆਂ ’ਚੋਂ ਚੋਖ਼ੀ ਗਿਣਤੀ ਲੋਕ ਯੂਰਪੀਨ ਮੁਲਕਾਂ ਅਤੇ ਅਰਬ ਦੇਸ਼ਾਂ ’ਚ ਕਮਾਈ ਕਰਨ ਲਈ ਗਏ ਹੋਣ ਕਰਕੇ ਆਰਥਿਕ ਹਾਲਤ ਕੁਝ ਸੁਖਾਵੀਂ ਹੈ ਜਿਸ ਕਾਰਨ ਉਨ੍ਹਾਂ ’ਚ ਸਵੈਮਾਣ ਲਈ ਲੜਨ ਦੀ ਜੁਰੱਅਤਮੰਦੀ ਵੀ ਮੁਕਾਬਲਤਨ ਵਧੇਰੇ ਹੈ।
          ਇਸ ਖੇਤਰ ’ਚ ਕੰਮ ਕਰਦੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਚੰਗਾ ਅਸਰ ਰਸੂਖ ਹੈ। ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਦੇ ਹੋਂਦ ’ਚ ਆਉਣ ਅਤੇ ਉਸ ਵੱਲੋਂ ਦਲਿਤ ਮੁੱਦਿਆਂ ’ਤੇ ਸਰਗਰਮੀ ਵਿੱਢਣ ਦੇ ਆਰੰਭ ਤੋਂ ਹੀ ਖੇਤ ਮਜ਼ਦੂਰ ਜਥੇਬੰਦੀ ਦੀ ਸੂਬਾ ਕਮੇਟੀ ਨੇ ਬਕਾਇਦਾ ਫੈਸਲਾ ਕਰਕੇ ਜਥੇਬੰਦੀ ਵੱਲੋਂ ਸਮਰਥਨ ਦਾ ਐਲਾਨ ਕੀਤਾ ਹੋਇਆ ਹੈ ਇਸ ਲਈ ਜਥੇਬੰਦੀ ਦੀ ਇਲਾਕਾ ਕਮੇਟੀ ਨਕੋਦਰ ਨੇ ਵੀ ਪੂਰੀ ਜਥੇਬੰਦਕ ਤਾਕਤ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਲਾਉਣ ਦਾ ਫੈਸਲਾ ਕੀਤਾ।
 29 ਮਈ ਨੂੰ ਮਜ਼ਦੂਰ ਯੂਨੀਅਨ ਦੇ ਸਰਗਰਮ ਮੈਂਬਰਾਂ ਦੀ ਪਹਿਲਾਂ ਹੀ ਵਧਵੀਂ ਮੀਟਿੰਗ ਤਹਿ ਕਰ ਲਈ ਗਈ ਸੀ। ਵਿਸ਼ੇਸ਼ ਜਿਕਰਯੋਗ ਹੈ ਜਥੇਬੰਦੀ ਦੇ 70 ਕੁ ਅਜਿਹੇ ਵਰਕਰ ਹਨ ਜਿਨ੍ਹਾਂ ਨੇ ਸਰਗਰਮੀ ’ਚ ਮੁਹਰੀ ਰੋਲ ਅਦਾ ਕਰਨਾ ਸੀ ਤੇ ਉਹ ਹਾਜ਼ਰ ਵੀ ਹੋਏ, ਪਰ ਰਸੂਲਪੁਰ ਕਲਾਂ (ਜਿੱਥੇ ਮੀਟਿੰਗ ਰੱਖੀ ਗਈ) ਉੱਥੋਂ ਜਥੇਬੰਦੀ ਦੇ ਡੇਢ ਸੌ ਤੋਂ ਵੱਧ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਗਿਣਤੀ ਢਾਈ ਸੌ ਤੋਂ ਵੀ ਟੱਪ ਗਈ, ਬਕਾਇਦਾ ਸਪੀਕਰ ਲਾ ਕੇ ਸਿੱਖਿਆ-ਦਾਇਕ ਮੀਟਿੰਗ ਨੂੰ ਜਬਰ ਵਿਰੋਧੀ ਕਮੇਟੀ ਮੈਂਬਰ ਡਾ. ਪਰਮਿੰਦਰ ਸਿੰਘ ਤੇ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਦਲਿਤਾਂ ’ਤੇ ਸਦੀਆਂ ਤੋਂ ਹੁੰਦੇ ਆ ਰਹੇ ਅਣਮਨੁੱਖੀ ਜਬਰ ਦੀ ਪੈੜ ਨੱਪਦਿਆਂ ਇਸ ਦੀ ਜੜ੍ਹ ਤੱਕ ਫਰੋਲਾ ਫਰਾਲੀ ਕਰਕੇ ਇਸ ਤੋਂ ਛੁਟਕਾਰੇ ਦੇ ਸੇਧਤ ਨੁਕਤਿਆਂ ਦੀ ਚਰਚਾ ਕੀਤੀ। ਉਪਰੋਕਤ ਇਲਾਕੇ ਅੰਦਰ ਗੰੁਦਵੀਂ ਤੇ ਠੋਸ ਪ੍ਰਚਾਰ ਮੁਹਿੰਮ ਚਲਾਉਣ ਲਈ ਠੋਸ ਵਿਉਂਤਬੰਦੀ ਕੀਤੀ ਗਈ।
          ਇਸ ਤਰ੍ਹਾਂ ਹੀ ਇਲਾਕਾ ਬੰਗਾ ਦੇ 20 ਦੇ ਕਰੀਬ ਇਨਕਲਾਬੀ ਜਮਹੂਰੀ ਕਰਿੰਦਿਆਂ ਦੀ ਇੱਕ ਮੀਟਿੰਗ, ਕਮੇਟੀ ਵੱਲੋਂ ਕਰਵਾ ਕੇ 12 ਮੈਂਬਰੀ ਕਮੇਟੀ ਚੁਣੀ ਗਈ ਜਿਸਨੇ ਅੱਗੋਂ ਪ੍ਰਚਾਰ ਮੁਹਿੰਮ ਨੂੰ ਗੁੰਦਣਾ ਸੀ। ਇਉਂ ਹੀ ਕਾਨਫਰੰਸ ਵੱਲੋਂ ਉਠਾਏ ਗਏ ਦਲਿਤ ਮੁੱਦਿਆਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ, ਬਿਜਲੀ ਮੁਲਾਜ਼ਮਾਂ ’ਚ ਕੰਮ ਕਰਦੇ ਇਨਕਲਾਬੀ ਜ਼ਮਹੂਰੀ ਫਰੰਟ ਵੱਲੋਂ ਵੀ ਮਲਸੀਆਂ ਕਾਨਫਰੰਸ ਦਾ ਸਮਰਥਨ ਕਰਦਿਆਂ ਜਲੰਧਰ ਅਤੇ ਕਪੂਰਥਲਾ ਸਰਕਲਾਂ ’ਚ ਕਾਮਿਆਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ.
          ਇਉਂ ਅਖਬਾਰਾਂ ਤੇ ਸ਼ੋਸ਼ਲ ਮੀਡੀਏ ਜ਼ਰੀਏ ਮੁਹਿੰਮ ਭਖਾਅ ਫੜ ਗਈ। ਨਕੋਦਰ ਸ਼ਾਹਕੋਟ ਤਹਿਸੀਲ ਦੇ ਸੌ ਤੋਂ ਵੱਧ ਪਿੰਡਾਂ ’ਚ ਕਾਨਫਰੰਸ ਦੇ ਪੋਸਟਰ ਲੱਗਣ ਤੋਂ ਬਿਨਾਂ ਨੂਰਮਹਿਲ ਫਿਲੌਰ, ਬੰਗਾ ਅਤੇ ਹੁਸ਼ਿਆਰਪੁਰ ਦੇ ਕੁਝ ਪਿੰਡਾਂ ’ਚ ਲੱਗੇ ਪੋਸਟਰਾਂ ਵਾਲੇ ਪਿੰਡਾਂ, ਸ਼ਹਿਰਾਂ ਦੀ ਗਿਣਤੀ 170 ਦੇ ਲਗਪਗ ਬਣਦੀ ਹੈ। ਇਸ ਤੋਂ ਬਿਨ੍ਹਾਂ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੁਧਿਆਣਾ ਅਤੇ ਮਲਾਗਰ ਸਿੰਘ ਖਮਾਣੋਂ ਵੱਲੋਂ ਦਰਜਨਾਂ ਪਿੰਡਾਂ ’ਚ ਅਤੇ ਮਾਝੇ ਦੇ ਪਿੰਡਾਂ ’ਚ ਲੱਗੇ ਇਸ਼ਤਿਹਾਰਾਂ ਦੀ ਗਿਣਤੀ ਵੱਖਰੀ ਹੈ। ਨਕੋਦਰ, ਸ਼ਾਹਕੋਟ, ਲੋਹੀਆਂ, ਨੂਰਮਹਿਲ, ਫਿਲੌਰ ਅਤੇ ਬੰਗਾ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ’ਚ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ’ਚੋਂ 30 ਦੇ ਕਰੀਬ ਪਿੰਡ ਨਵੇਂ ਹਨ, ਜਿੱਥੇ ਕਿਤੇ ਕੋਈ ਮਾੜਾ ਮੋਟਾ ਸੰਪਰਕ ਜਾਂ ਰਿਸ਼ਤੇਦਾਰਾਂ ਨੇ ਹਾਮੀ ਭਰੀ, ਉੱਥੇ ਹੀ ਸਾਥੀਆਂ ਨੇ ਮੀਟਿੰਗਾਂ ਕਰਾਉਣ ਜਾਂ ਸੰਪਰਕ ਸਾਧ ਕੇ ਪ੍ਰਚਾਰ ਸਮੱਗਰੀ ਪਹੁੰਚ ਦੀ ਕੀਤੀ ਗਈ।
          ਕਾਨਫਰੰਸ ’ਤੇ ਪਹੁੰਚੇ ਲੋਕਾਂ ਲਈ ਚੌਲਾਂ ਦਾ ਪ੍ਰਬੰਧ ਦਾ ਜ਼ਿੰਮਾ ਤਰਕਸ਼ੀਲ ਸੁਸਾਇਟੀ ਸ਼ਾਹਕੋਟ ਨੇ ਲੈ ਲਿਆਇਉਂ ਹੀ ਬਿਜਲੀ, ਮੁਲਾਜ਼ਮਾਂ, ਰੋਵਡੇਜ਼ ਕਾਮਿਆਂ, ਖੇਤ ਮਜ਼ਦੂਰ ਯੂਨੀਅਨ ਅਤੇ ਵਿਅਕਤੀਗਤ ਤੌਰ ’ਤੇ ਸਟੇਜ ਤੋਂ ਹੀ 22500 ਰੁਪੈ ਫੰਡ ਹੋ ਗਿਆ। ਖਰਚਿਆਂ ਦੇ ਸਬੰਧ ਵਿੱਚ ਹੀ ਇੱਕ ਹੋਰ ਮਹੱਤਵਪੂਰਨ, ਜ਼ਿਕਰਯੋਗ ਗੱਲ ਇਹ ਵਾਪਰੀ ਵੀ, ਮਲਸੀਆਂ ਪਿੰਡ ਦੇ ਬਸ ਸਟੈਂਡ ਲਾਗੇ ਜਿੱਥੇ ਕਾਨਫਰੰਸ ਲਈ ਜਿਸ ਜਗ੍ਹਾ ਦੀ ਚੋਣ ਕੀਤੀ ਸੀ, ਉੱਥੇ 16 ਤਰੀਕ ਨੂੰ ਹੀ ਟੈਂਟ ਲਾ ਦਿੱਤਾ ਗਿਆ ਸੀ, ਸਖਤ ਗਰਮੀ ਦਾ ਮੌਸਮ ਹੋਣ ਕਰਕੇ ਸੂਤੀ ਦਾ ਟੈਂਟ ਦਾ ਪ੍ਰਬੰਧ ਕੀਤਾ ਗਿਆ, ਸਾਰੇ ਪੰਡਾਲ ਲਈ ਗੱਡੀ ਭਰਕੇ ਪੱਖੇ ਵੀ ਲਿਆਂਦੇ ਗਏ ਸੀ ਤੇ ਦੂਰ ਤੱਕ ਲਾਉਡ ਸਪੀਕਰ/ਸਾੳਂੂਡ ਲਿਆਂਦੀ ਜਾ ਚੁੱਕੀ ਸੀ, ਪਰ ਸਾਰੀ ਰਾਤ ਮੀਂਹ ਪੈਣ ਕਰਕੇ ਪੂਰਾ ਲਗਾਇਆ ਟੈਂਟ ਭਿੱਜ ਗਿਆਇੱਥੇ ਅਸਲ ਵਿੱਚ ਜ਼ਿਕਰਯੋਗ ਗੱਲ ਇਹ ਹੈ ਕਿ ਟੈਂਟ ਦਾਂ ਅੰਦਾਜਨ ਖਰਚਾ 25 ਹਜ਼ਾਰ ਦੇ ਲਗਪਗ ਬਣਦਾ ਸੀ, ਕਿਉਂਕਿ ਟੈਂਟ ਵਾਲਿਆਂ ਦਾ ਤਾਂ ਕੋਈ ਕਸੂਰ ਨਹੀਂ ਸੀਪਰ ਟੈਂਟ ਵਾਲਿਆਂ (ਜੋ ਕਿ ਪਿੰਡ ਮਾਲੜੀ ਤੋਂ ਮਜ਼ਦੂਰ ਯੂਨੀਅਨ ਦੇ ਸਾਥੀ ਹੀ ਹਨ) ਨੇ ਸਿਰਫ ਆਪਣਾ ਲੇਬਰ ਖਰਚਾ ਹੀ ਲਿਆ ਇਸ ਤੋਂ ਕਮਾਲ ਦੀ ਗੱਲ ਇਹ ਹੋਈ 17 ਜੂਨ ਸਵੇਰੇ ਛੇ ਵਜੇ ਪ੍ਰਬੰਧਕਾਂ ਨੇ ਫੈਸਲਾ ਕਰ ਲਿਆ ਕਾਨਫਰੰਸ ਲਈ ਕਿਸੇ ਪੈਲਸ ਵਾਲਿਆਂ ਨਾਲ ਗੱਲ ਕੀਤੀ ਜਾਵੇ. ਹੁਣ ਖੜ੍ਹੇ ਪੈਰ ਜਿਨ੍ਹੇਂ ਮਰਜ਼ੀ ਪੈਸੇ ਲੱਗ ਜਾਣ ਕਾਨਫਰੰਸ ਤਾਂ ਕਰਨੀ ਹੀ ਹੈ, ਪ੍ਰਬੰਧਕਾਂ ਵੱਲੋਂ ਮਲਸੀਆਂ ’ਚ ਸਭ ਤੋਂ ਵੱਡੇ ਪੈਲਸ ਦੇ ਮਾਲਕ ਨਾਲ ਗੱਲ ਕੀਤੀ। ਇਸ ਪੈਲਸ ਦਾ ਆਮ ਬੁਕਿੰਗ ਕਿਰਿਆ 40-45 ਹਜ਼ਾਰ ਰੁਪੈ ਹੈ) ਪਰ ਪੈਲਸ ਮਾਲਕ ਨੇ ਵੀ ਬਿਜਲੀ ਪਾਣੀ ਤੇ ਲੇਬਰ ਦੇ ਬਣਦੇ ਸਿਰਫ 12 ਹਜ਼ਾਰ ਰੁਪੈ ਹੀ ਲਏ। ਇਉਂ ਮੀਂਹ ਦੇ ਉਖੇੜੇ ਦੇ ਕਾਰਨ ਜਿਹੜਾ ਵੱਡੇ ਖਰਚਿਆਂ ਦਾ ਬੋਝ ਪ੍ਰਬੰਧਕਾਂ ਦੇ ਮਨਾਂ ’ਤੇ ਸੀ ਹੱਲ ਹੋ ਗਿਆ।
ਪੂਰੇ ਗਿਆਰਾਂ ਵਜੇ ਕਾਫ਼ਲੇ ਨਾਅਰੇ ਮਾਰਦੇ ਆਉਣ ਲੱਗ ਪਏ, ਮੀਂਹ ਦੀ ਵਜ੍ਹਾ ਕਰਕੇ ਗਿਣਤੀ ਘਟਣ ਦਾ ਖਦਸ਼ਾ ਸੀ, ਪ੍ਰਬੰਧਕਾਂ ਪੈਲਸ ਵਾਲਿਆਂ ਨੂੰ ਸਿਰਫ਼ ਸੌ ਕੁਰਸੀ ਲਾਉਣ ਨੂੰ ਕਿਹਾਆਪੋ ਵਿਚੀ ਚਰਚਾ ਚੱਲਣ ਪਈ ‘‘ਜੇ ਇਹੀ ਕੁਰਸੀਆਂ ਪੁਰ ਹੋ ਜਾਣ ਤਾਂ ਗਨੀਮਤ ਆ’’
          ਪਰ ਪਹਿਲੇ ਹੀ ਕਾਫ਼ਲੇ ਨੇ ਖਦਸ਼ੇ ਦੂਰ ਕਰ ਦਿੱਤੇ। 105 ਮਰਦ ਔਰਤਾਂ ਦਾ ਪਿੰਡ ਮਾਲੜੀ ਤੋਂ ਆਏ ਕਾਫ਼ਲੇ ਨੇ ਵਾਹਵਾ ਰੌਣਕ ਕਰ ਦਿੱਤੀ। ਮਗਰੇ ਹੀ ਏਡਾ ਕਾਫਲੇ ਰਸੂਲਪੁਰੋਂ, ਫਿਰ ਉੱਗੀਓਂ, ਫਿਰ ਨੂਰਪੁਰੋਂ, ਸੌ ਕੁਰਸੀ ਭਰ ਗਈਢਾਈ ਸੌ ਕੁਰਸੀ ਪੈਲਸ ਵਾਲਿਆਂ ਕੋਲ ਹੋਰ ਸੀ, ਵਲੰਟੀਅਰਾਂ ਨੇ ਉਹ ਵੀ ਲਾ ਦਿੱਤੀ, ਅੱਧੇ ਘੰਟੇ ਉਹ ਵੀ ਭਰ ਗਈ, ਪੰਜਾਹ ਕੁਰਸੀਆਂ ਟੈਂਟ ਵਾਲੇ ਲਿਆਏ ਹੋਏ ਸੀ ਉਹ ਵੀ ਲਾ ਦਿੱਤੀਆਂਬਾਕੀ ਦੀ ਆਈ ਜਨਤਾ ਨੂੰ ਫਿਰ ਹੇਠਾਂ ਮੈਟਾਂ ’ਤੇ ਬਹਿਣਾ ਪਿਆ, ਵੱਡਾ ਹਾਲ ਨੱਕੋ-ਨੱਕ ਭਰ ਗਿਆਪੂਰੇ ਜਾਹੋ ਜਲਾਲ ਨਾਲ ਸਭਨਾਂ ਦੇ ਚਿਹਰੇ ਖਿੜ ਉੱਠੇ, ਕਮੇਟੀ ਅਮੋਲਕ ਸਿੰਘ ਸਟੇਜ ਦੀ ਜਿੰਮੇਵਾਰੀ ਸੰਭਾਲ ਲਈ, ਮਾਨਵਤਾ ਕਲਾ ਮੰਚ ਨਗਰ ਵੱਲੋਂ ਕੋਰੀਓਗ੍ਰਾਫੀ ਨੇ ਰੰਗ ਬੰਨ੍ਹ ਦਿੱਤਾ.ਉਪਰੰਤ ਲਗਾਤਾਰ ਬੁਲਾਰੇ ਬੋਲੇ, ਹਰਮੇਸ਼ ਮਾਲੜੀ, ਡਾ. ਪਰਮਿੰਦਰ ਸਿੰਘ, ਡਾ. ਸਾਹਿਬ ਸਿੰਘ, ਜਗਸੀਰ ਜੀਦਾ, ਗੁਰਮੀਤ ਕੜਿਆਲਵੀ, ਡਾ. ਨਵਸ਼ਰਨ ਕੌਰ, ਝੰਡਾ ਸਿੰਘ ਜੇਠੂਕੇ, ਸੁਰਿੰਦਰ ਕੁਮਾਰ ਕੋਛੜ, ਸਵਰਨ ਸਿੰਘ ਕਲਿਆਣ, ਪ੍ਰੋ. ਤਰਸੇਮ ਸਾਗਰ ਅਤੇ ਅਖੀਰ ’ਤੇ ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾਸ਼ਾਮ ਦੇ ਪੰਜ ਵਜੱ ਤਾਂਈ ਇੱਕ ਟੱਕ ਲੋਕਾਂ ਨੇ ਬੁਲਾਰਿਆਂ ਨੂੰ ਸੁਣਿਆ। ਕਾਨਫਰੰਸ ਪੂਰੀ ਤਰ੍ਹਾਂ ਆਪਣਾ ਸੰਦੇਸ਼ ਉਭਾਰਨ ’ਚ ਸਫਲ ਰਹੀ।

ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਦੌਰਾਨ ਕੁੱਝ ਅਹਿਸਾਸ





          ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਦੌਰਾਨ ਕੁੱਝ ਅਹਿਸਾਸ
ਐਸ. ਸੀ./ਐਸ. ਟੀ. ਐਕਟ ਨੂੰ ਕਮਜ਼ੋਰ ਕਰਨ ਖਿਲਾਫ ੳੱੁਠੇ ਰੋਸ ਦਰਮਿਆਨ ਪੰਜਾਬ ’ਚ ਬਣੀ ਕਮੇਟੀ ਦੀ ਸਰਗਰਮੀ ਦਾ ਮੈਂ ਵੀ ਹਿੱਸਾ ਸਾਂ। ਦਲਿਤਾਂ ’ਤੇ ਹੋ ਰਹੇ ਜਬਰ ਤੇ ਵਿਤਕਰਿਆਂ ਖਿਲਾਫ ਖੜ੍ਹਨ ਲਈ ਮਨ ’ਚ ਕੋਈ ਦੁਚਿੱਤੀ ਨਹੀਂ ਸੀ ਕਿ ਐਸੇ ਅਣਮਨੁੱਖੀ ਵਰਤਾਰੇ ਖਿਲਾਫ ਕਿਉ ਨਾ ਬੋਲਿਆ ਜਾਵੇ ਤੇ ਕਿਉ ਕੋਈ ਏਸ ਸਮਾਜ ’ਚ ਸਿਰਫ ਜਾਤ ਕਰਕੇ  ਹੀ ਸੰਤਾਪ ਭੋਗੇ। ਪਰ ਮਨ ’ਚ ਇੱਕ ਦੁਬਿਧਾ ਜਰੂਰ ਸੀ। ਇਹ ਦੁਬਿਧਾ ਜਨਰਲ ਕੈਟੀਗਰੀ ਨਾਲ ਸਬੰਧਤ ਮੁਲਾਜ਼ਮ ਹਿੱਸਿਆਂ ’ਚ ਰਿਜਰਵੇਸ਼ਨ ਖਿਲਾਫ ਮੌਜੂਦ ਭਰਮ ਭੁਲੇਖਿਆਂ ਕਾਰਨ ਬਣੇ ਮਹੌਲ ਦਾ ਸਾਹਮਣਾ ਕਰਨ ਦੀ ਸੀ। ਮੁਲਾਜ਼ਮਾਂ ਦੇ ਕੁਝ ਹਿੱਸਿਆਂ ’ਚ ਨੌਕਰੀਆਂ ਤੇ ਤਰੱਕੀਆਂ ’ਚ ਸੁੰਗੜਦੇ ਮੌਕਿਆਂ ਦੀ ਜ਼ਿੰਮੇਵਾਰ ਦਲਿਤਾਂ ਲਈ ਰਿਜਰਵੇਸ਼ਨ ਦੀ ਨੀਤੀ ਨੂੰ ਸਮਝਿਆ ਜਾਂਦਾ ਹੋਣ ਕਰਕੇ, ਏਥੇ ਧੜੱਲੇ ਨਾਲ ਆਪਣੀ ਗੱਲ ਕਹਿਣੀ ਮੁਸ਼ਕਿਲ ਜਾਪਦੀ ਸੀ। ਨਾਲ ਹੀ ਐਸ ਸੀ /ਐਸ ਟੀ ਐਕਟ ਦੇ ਸਵਾਗਤ ਦਾ ਮਹੌਲ (ਜੀਹਦੇ ’ਚ ਪੜਤਾਲ ਤਾਂ ਹੋਣੀ ਹੀ ਚਾਹੀਦੀ ਹੈ) ਵੀ ਏਥੇ ਕੁੱਝ ਹਿੱਸਿਆਂ ’ਚ ਮੌਜੂਦ ਸੀ। ਇਹਨਾਂ ਪਰਤਾਂ ’ਚ ਝੂਠੇ ਕੇਸਾਂ ’ਚ ਫਸਾਏ ਜਾਣ ਦੀਆਂ ਦਲੀਲਾਂ ਦੀ ਵੀ ਭਰਮਾਰ ਸੀ। ਅਜਿਹੀ ਹਾਲਤ ਵਿਚ ਦਲਿਤਾਂ ਦੇ ਪੱਖ ਵਿਚ ਖੜ੍ਹਨਾ ਤੇ ਲਾਮਬੰਦੀ ਕਰਨੀ ਡਾਢਾ ਮੁਸ਼ਕਲ ਜਾਪਦਾ ਕਾਰਜ ਸੀ। ਸਰਗਰਮੀ ਇਹਨਾਂ ਗੁੰਝਲਦਾਰ ਹਾਲਤਾਂ ’ਚ ਕਰਨੀ ਪੈਣੀ ਸੀ। ਆਪਣੀ ਗੱਲ ’ਤੇ ਭਰੋਸਾ ਹੋਣ ਦੇ ਬਾਵਜੂਦ ਇਹ ਹਿਸਾਬ ਨਹੀਂ ਸੀ ਲਗਦਾ ਕਿ ਆਪਣੀ ਪੁਜ਼ੀਸ਼ਨ ਕਿਵੇਂ ਰੱਖੀ ਜਾਵੇ ਤਾਂ ਜੋ ਉਸ ਦੀ ਅਸਰਕਾਰੀ ਬਣੇ। ਨਾਲ ਹੀ ਇਉ ਵੀ ਲਗਦਾ ਸੀ ਕਿ ਕਿਤੇ ਵੱਡਾ ਹਿੱਸਾ ਉਲਟ ਹੀ ਨਾ ਖੜ੍ਹ ਜਾਵੇ। ਇਹ ਸਮਝ ਨਹੀਂ ਲਗਦਾ ਸੀ ਕਿ ਕੁੱਝ ਹਿੱਸੇ ਦੀ ਨਰਾਜ਼ਗੀ ਝੱਲੀ ਜਾਵੇ ਜਾਂ ਨਾ। ਕੀ ਸਾਡੀ ਮੁਲਾਜ਼ਮ ਜਥੇਬੰਦੀ ’ਚ ਸਾਡੇ ਆਗੂਆਂ ਵਾਸਤੇ ਇਹ ਘਾਟੇਵੰਦਾ ਤਾਂ ਨਹੀਂ? ਆਮ ਮੁਲਾਜ਼ਮ ਮਸਲਿਆਂ ਨਾਲੋਂ, ਉਚੇਰੀ ਸਿਆਸੀ ਚੇਤਨਾ ਵਾਲੀਆਂ ਸਰਗਰਮੀਆਂ ਨਾਲੋਂ, ਇਹ ਵੱਖਰੀ ਤਰ੍ਹਾਂ ਦੀ ਸਰਗਰਮੀ ਸੀ। ਕਿਸੇ ਹੱਦ ਤੱਕ ਮਸਲੇ ਦੀ ਪੂਰੀ ਗਹਿਰਾਈ ਅਤੇ ਇਸ ਦੇ ਵੱਖ ਵੱਖ ਪੱਖਾਂ ’ਤੇ ਪਕੜ ਦੀ ਘਾਟ  ਵੀ ਲਗਦੀ ਸੀ। ਸੋ, ਆਪਣੀ ਚੇਤਨਾ ਦੇ ਜੋਰ ਹੀ ਨਿੱਤਰਿਆ ਜਾ ਸਕਦਾ ਸੀ ਤੇ ਅਸੀਂ ਕੁੱਝ ਸਾਥੀ ਤੁਰੇ। ਇਹ ਸਰਗਰਮੀ ਅਸੀਂ ਜਥੇਬੰਦੀ ਦੇ ਪਲੇਟਫਾਰਮ ਤੋਂ ਨਹੀਂ ਸਗੋਂ ਵਿਅਕਤੀਗਤ ਪੱਧਰ ’ਤੇ ਕਰਨੀ ਸੀ।
ਅਜਿਹੀ ਹਾਲਤ ’ਚ ਮੁਹਿੰਮ ’ਚ ਪੈਣ ਲਈ ਸਾਡੇ ਇਰਾਦੇ ਤੇ ਜੁਰੱਅਤ ਦਾ ਅਹਿਮ ਰੋਲ ਬਣਿਆ। ਅਸੀਂ ਤੁਰੇ ਉਥੋਂ ਜਿੱਥੇ ਸਾਡੀ ਗੱਲ ਸੁਣੇ ਸਮਝੇ ਜਾਣ ਦੀ ਵਧੇਰੇ ਆਸ ਸੀ ਇਹਨੇ ਕੁੱਝ ਹੌਂਸਲਾ ਵਧਾਇਆ ਤੇ ਸਾਨੂੰ ਆਪਣੀ ਗੱਲ ’ਚ ਹੋਰ ਭਰੋਸਾ ਵਧਿਆ।
ਪਰ ਛੇਤੀ ਹੀ ਰਿਜ਼ਰਵੇਸ਼ਨ ਖਿਲਾਫ ਕੀਤੇ ਜਾਂਦੇ ਭਟਕਾੳੂ ਪ੍ਰਚਾਰ ਦੀ ਮਾਰ ’ਚ ਆਏ ਹਿੱਸੇ ਦਾ ਪ੍ਰਤੀਕਰਮ ਆਇਆ ਤੇ ਸਾਨੂੰ ਇਕ ਧਿਰ ਨਾਲ ਖੜ੍ਹਨ ਦਾ ਫਤਵਾ ਦਿੱਤਾ ਗਿਆ। ਯੂਨੀਅਨ ਦੀਆਂ ਚੋਣਾਂ ’ਚ ਸਬਕ ਸਿਖਾਉਣ ਦੀਆਂ ਧਮਕੀਆਂ ਮਿਲੀਆਂ। ਇਹ ਏਨੀ ਮੁਸ਼ਕਲ ਗੱਲ ਨਹੀਂ ਸੀ। ਮੁਸ਼ਕਲ ਗੱਲ ਇਹ ਸੀ ਕਿ ਜਥੇਬੰਦੀ ’ਚ ਸਾਡੀਆਂ ਟਰੇਡ ਯੂਨੀਅਨ ਨੀਤੀਆਂ/ਸਮਝਾਂ ਤੇ ਸਾਡੇ ਨਾਲ ਖੜ੍ਹਨ ਵਾਲੇ ਤੇ ਨਿਭਣ ਵਾਲੇ ਕੁੱਝ ਸਾਥੀ ਜਦੋਂ ਇਸ ਦਬਾਅ ਨੂੰ ਸਹਿ ਨਾ ਸਕੇ ਤਾਂ ਸਾਡੀ ਸਰਗਰਮੀ ਪ੍ਰਤੀ ਨਰਾਜ਼ਗੀ ਜਾਹਰ ਕਰਨ ਲੱਗੇ। ਇਸਨੂੰ ਸਾਡੀ ਜਥੇਬੰਦੀ ਲਈ ਘਾਟੇਵੰਦੀ ਕਰਾਰ ਦੇਣ ਲੱਗੇ। ਇਹਨਾਂ ਸਾਥੀਆਂ ਨਾਲ ਨਿਜਿੱਠਣਾ ਤੇ ਅੱਗੇ ਵਧਣਾ ਮੁਸ਼ਕਲ ਕਾਰਜ ਲੱਗਿਆ। ਪਰ ਅਸੀਂ ਆਪਣੇ ਭਰੋਸੇ ਤੇ ਇਰਾਦੇ ਦੇ ਜੋਰ ਡਟੇ ਰਹੇ ਤੇ ਵੱਖ ਵੱਖ ਪਰਤਾਂ ਤੱਕ ਵਿਅਕਤੀਗਤ ਹੈਸੀਅਤ ’ਚ ਆਪਣੀ ਗੱਲ ਲਿਜਾਂਦੇ ਰਹੇ । ਜਨਰਲ ਕੈਟਾਗਿਰੀ ਨਾਲ ਸਬੰਧਤ ਇਕ ਹਿੱਸੇ ਨੇ ਸਾਡੇ ਯਤਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ, ਫੰਡ ਵੀ ਦਿੱਤਾ ਤੇ ਸਹੀ ਗੱਲ ਕਹਿਣ ਤੇ ਉਸ ’ਤੇ ਖੜ੍ਹਨ ਲਈ ਹੱਲਾਸ਼ੇਰੀ ਵੀ ਦਿੱਤੀ ਤੇ ਨਾਲ ਹੀ ਜਾਤ-ਪਾਤ ਰਹਿਤ ਸਮਾਜ ਉਸਾਰਨ ਦੇ ਸਾਡੇ ਆਸ਼ਿਆਂ ਨੂੰ ਅਸੰਭਵ ਕਰਾਰ ਦਿੱਤਾ। ਉਹਨਾਂ ਦੀਆਂ ਸੋਚਾਂ ਸੰਸਕਾਰਾਂ ’ਚ ਜੰਮੇ ਪਏ ‘ਸਦੀਆਂ ਤੋਂ ਇਉ ਹੀ ਚਲਦਾ ਆਇਆ ਐ’, ਦੇ ਵਿਚਾਰਾਂ ਦਾ ਪ੍ਰਗਟਾਵਾ ਵੀ ਹੋਇਆ। ਰਿਜ਼ਰਵੇਸ਼ਨ ਠੀਕ ਜਾਂ ਗਲਤ ਹੋਣ ਦੇ ਮਸਲੇ ’ਤੇ ਭਖਵੀਆਂ ਵਿਚਾਰਾਂ ਵੀ ਚੱਲੀਆਂ।
ਸਮੁੱਚੀ ਸਰਗਰਮੀ ਮਗਰੋਂ ਸਾਨੂੰ ਤਾਂ ਇਉ ਲੱਗਿਆ ਕਿ ਸਮਾਜ ’ਚ ਪਛੜੀ ਤੇ ਨੀਵੀਂ ਚੇਤਨਾ ਵਾਲੇ ਹਿੱਸੇ ਹੀ ਹਨ ਜਿਹੜੇ ਦੁਸ਼ਮਣ ਜਮਾਤਾਂ ਦੇ ਭਟਕਾੳੂ ਪ੍ਰਚਾਰ ਦੀ ਮਾਰ ਹੇਠ ਸਭ ਤੋਂ ਪਹਿਲਾਂ ਆਉਦੇ ਹਨ। ਇਹ ਕਿਸੇ ਠੋਸ ਹਾਲਤ ’ਚ ਵੱਖ ਵੱਖ ਪੱਖਾਂ ਦਾ ਸਹੀ ਜੋੜ ਬਿਠਾ ਕੇ ਕੀਤਾ ਨਿਰਣਾ ਹੀ ਹੁੰਦਾ ਹੈ ਕਿ ਕਿਹੜੀ ਸਰਗਰਮੀ ਸਬੰਧਤ ਤਬਕੇ ਦੀ ਏਕਤਾ ਜੋੜਨ ਜਾਂ ਖਿੰਡਾਉਣ ਦਾ ਸਾਧਨ ਬਣ ਸਕਦੀ ਹੈ। ਮੈਨੂੰ ਲੱਗਿਆ ਕਿ ਇਸ ਬੇਹੱਦ ਮਹੱਤਵਪੁੂਰਨ ਮੁੱਦੇ ’ਤੇ ਕੁੱਝ ਭਟਕੇ ਹਿੱਸਿਆਂ ਦੀ ਨਰਾਜ਼ਗੀ ਵੀ ਝੱਲਣੀ ਚਾਹੀਦੀ ਹੈ। ਆਖਰਕਾਰ ਭਵਿੱਖ ਦੀ ਵਡੇਰੀ ਏਕਤਾ ਲਈ ਇਹਦਾ ਫਾਇਦਾ ਹੀ ਹੋਣਾ ਹੈ। ਹਾਂ ਅਜਿਹੇ ਮੁੱਦੇ ਪ੍ਰਚਾਰ ਲਾਮਬੰਦੀ ਦੌਰਾਨ ਆਪਣੀ ਪੁਜੀਸ਼ਨ ’ਤੇ ਕਾਇਮ ਰਹਿੰਦਿਆਂ ਲਚਕ ਦੇਣ ਤੇ ਪ੍ਰਚਾਰ ਦੀ ਸੁਰ ਵਧੇਰੇ ਜਚਾੳੂ-ਮਨਾੳੂ ਰੱਖਣ ਦਾ ਮਹੱਤਵ ਵਧ ਜਾਂਦਾ ਹੈ।
          ਸਾਰੀ ਸਰਗਰਮੀ ਸਾਡੇ ਲਈ ਇਕ ਵਿਲੱਖਣ ਤਜਰਬਾ ਹੋ ਨਿੱਬੜੀ। ਇਕ ਪਾਸੇ ਦਲਿਤ ਹਿੱਸਿਆਂ ’ਚੋਂ ਆਉਦੇ ਅਧਿਆਪਕਾਂ ਦੇ ਮਨਾਂ ’ਚ ਹੰਢਾਏ ਜਾਂਦੇ ਸੰਤਾਪ ਦੀ ਗਹਿਰਾਈ ਤੇ ਪੀੜ ਨੂੰ ਹੋਰ ਨੇੜਿਉ ਦੇਖਣ ਦਾ ਮੌਕਾ ਮਿਲਿਆ। ਨੀਵੀਂਆਂ ਕਹੀਆਂ ਜਾਂਦੀਆਂ ਜਾਤਾਂ ’ਚੋਂ ਹੋਣ ਦਾ ਅਹਿਸਾਸ ਉਹਨਾਂ ਨੂੰ ਕਿਵੇਂ ਪੈਰ ਪੈਰ ’ਤੇ ਡੰਗਦਾ ਹੈ, ਕਿਵੇਂ ਹੀਣ ਭਾਵਨਾ ਦੇ ਸਮੁੰਦਰਾਂ ’ਚੋਂ ਵਾਰ ਵਾਰ ਗੁਜ਼ਰਨਾ ਤੇ ਉਭਰਨਾ ਉਹਨਾਂ ਦੀ ਹੋਣੀ ਬਣੀ ਹੋਈ ਹੈ, ਇਹਨਾਂ ਅਹਿਸਾਸਾਂ ਨੂੰ ਹੋਰ ਵਧੇਰੇ ਸਮਝਣ ਦਾ ਮੌਕਾ ਬਣਿਆ। ਇਥੋਂ ਤੱਕ ਕਿ ਦਲਿਤ ਹਿੱਸਿਆਂ ’ਚ ਇਹ ਅਹਿਸਾਸ ਪੈਦਾ ਹੋਇਆ ਵੀ ਦੇਖਿਆ ਜਿਵੇਂ ਉਹ ਰਿਜ਼ਰਵੇਸ਼ਨ ਲੈ ਕੇ ਗੁਨਾਹ ਦੇ ਹਿਸੇਦਾਰ ਜਿਹੇ ਬਣੇ ਹੋਏ ਹੋਣ। ਚਲਦੀ ਸਰਗਰਮੀ ਦੌਰਾਨ ਦਲਿਤ ਜਾਤਾਂ ਦੇ ਅਧਿਆਪਕਾਂ ਦੇ ਮਨਾਂ ’ਚ ਉਠਦੇ ਵਲਵਲਿਆਂ ਨੂੰ ਮਹਿਸੂਸ ਕਰਨਾ ਸਭ ਤੋਂ ਕੀਮਤੀ ਪ੍ਰਾਪਤੀ ਰਹੀ।
          ੳੱੁਚ-ਜਾਤੀ ਕਹੇ ਜਾਂਦੇ ਹਿੱਸਿਆਂ ’ਚ ਡੂੰਘੇ ਪਏ ਜਾਤ-ਹੰਕਾਰ ਦੇ ਸੰਭਾਵਤ ਹੁੰਗਾਰੇ  ਉਹਨਾਂ ਦੀਆਂ ਸੁਤੇ ਸਿਧ ਉਪਜਦੀਆਂ ਦਲੀਲਾਂ ’ਚੋਂ ਡੁਲ੍ਹ ਡੁਲ੍ਹ ਪੈਂਦੇ ਰਹੇ। ਕਿਸੇ ਨੂੰ ਜਾਤ ਅਧਾਰ ’ਤੇ ਨੀਵੇਂ ਹੋਣ ਦੀ ਪੀੜ ਦਾ ਅਹਿਸਾਸ ਤਰੱਕੀ ਤੋਂ ਵਾਂਝੇ ਰਹਿ ਜਾਣ ਦੇ ਦਰਦ ਤੋਂ ਕਿਤੇ ਨਿਗੂਣਾ ਲਗਦਾ ਸੀ ਤੇ ਇਉ ਹੀ ਕਿਸੇ ੳੱੁਚ ਜਾਤੀ ਮੈਡਮ ਨੂੰ ਇਹ ਸਮਝ ਨਹੀਂ ਆਉਦਾ ਸੀ ਕਿ ਭਲਾਂ ਫਲਾਣੀ (ਦਲਿਤ) ਮੈਡਮ ਕੇ ਉਹਨਾਂ ਨਾਲੋਂ ਕਿਹੜੀ ਗੱਲੋਂ ਘੱਟ ਨੇ। ਇਉ ਹੀ ਮਨੁੱਖ ਨੂੰ ਮਨੁੱਖ ਨਾ ਬਣਾ ਸਕਣ ਦੀ ਸਾਡੇ ਸਲੇਬਸੀ ਗਿਆਨ ਦੀ ਲਾਚਾਰੀ ਹੋਰ ਵਧੇਰੇ ਉਘੜ ਕੇ ਦਿਖੀ।
          ਮੇਰੇ ਆਪਣੇ ਲਈ ਇਹ ਸਰਗਰਮੀ ਮਨ ਨੂੰ ਤਸੱਲੀ ਦੇਣ ਵਾਲੀ ਰਹੀ। ਦਲਿਤਾਂ ’ਤੇ ਹੁੰਦੇ ਵਿਤਕਰਿਆਂ ਤੇ ਜਬਰ ਖਿਲਾਫ ਖੜ੍ਹਨਾ, ਆਵਾਜ ਉਠਾਉਣੀ, ਅਧਿਆਪਕ ਮਸਲਿਆਂ ’ਤੇ ਹੁੰਦੀਆਂ ਸਰਗਰਮੀਆਂ ਨਾਲੋਂ ਕਿਤੇ ਵਧੇਰੇ ਮਾਨਸਿਕ ਤਸੱਲੀ ਦਾ ਕਾਰਨ ਬਣਿਆ। ਇਕ ਕਾਰਕੁੰਨ ਵਜੋਂ ਇਸ ਸਰਗਰਮੀ ਦੌਰਾਨ  ਮੈਂ ਜੋ ਮਹਿਸੂਸ ਕੀਤਾ ਮੈਂ ਉਹਦੇ ਕੁੱਝ ਪੱਖ ਹੀ ਤੁਹਾਡੇ ਨਾਲ ਸਾਂਝੇ ਕੀਤੇ ਹਨ। ਸਾਰੇ ਅਹਿਸਾਸ ਪ੍ਰਗਟਾਅ ਸਕਣਾ ਮੇਰੇ ਵੱਸ ਨਹੀਂ ਹੈ।
ਸੁਰਖ ਲੀਹ ਵਿਸ਼ੇਸ਼ ਸਪਲੀਮੈਂਟ ਮੁਹਿੰਮ ਤੋਂ ਮਗਰੋਂ ਮਿਲਿਆ। ਮਸਲੇ ਨੂੰ ਸਮਝਣ ’ਚ ਇਸ ਦਾ ਲਾਹਾ ਮਿਲਿਆ। ਜੇ ਕਰ ਪਹਿਲਾਂ ਮਿਲਿਆ ਹੁੰਦਾ ਤਾਂ ਵਧੇਰੇ ਭਰਪੂਰ ਵਰਤੋਂ ਕਰਦੇ।                                                             
---0---
          ਸੁਰਖ ਲੀਹ ਦਾ ਦਲਿਤ ਵਿਸ਼ੇਸ਼ ਅੰਕ ਮਿਲਿਆ। ਪੜ੍ਹ ਕੇ ਇਹ ਅਹਿਸਾਸ ਜਾਗਿਆ ਕਿ ਸਾਡੇ ਬਾਰੇ ਏਨੀ ਗਹਿਰਾਈ ਨਾਲ ਸੋਚਣ ਵਾਲੇ ਵੀ ਹਨ। ਅੰਕੜਿਆਂ ਤਹਿਤ ਰਿਜਰਵੇਸ਼ਨ ਜਾਰੀ ਰੱਖਣ ਲਈ ਦਿਤੀ ਗਈ ਤਫਸੀਲ ਜਿੱਥੇ ਸਾਡੇ ਲਈ ਸਹਾਈ ਸਿੱਧ ਹੋ ਰਹੀ ਹੈ ਉਥੇ ਕਿਸੇ ਰਿਜਰਵੇਸ਼ਨ ਪੱਖੀ ਵਿਦਵਾਨ ਨੂੰ ਚੁੱਪ ਕਰਾਉਣ ਲਈ ਵੀ ਢੁਕਵੀਂ ਹੈ। ਇਸ ਪਰਚੇ ਦਾ ਸਮੁੱਚਾ ਵਿਸ਼ਲੇਸ਼ਣ ਹੀ ਬਹੁਤ ਮਹੱਤਵਪੂਰਨ ਸੀ। ਪਰ ਕਹਾਣੀ ‘ਲਾਗੀ’ ਪੜ੍ਹ ਕੇ ਇਹ ਅਹਿਸਾਸ ਹੋਇਆ ਕਿ ਕੇਵਲ ਪੜ੍ਹਾਈ ਹੀ ਇਸ ਮਸਲੇ ਦਾ ਹੱਲ ਨਹੀਂ। ਲੰਮੇ ਸੰਘਰਸ਼ ਲੜ ਕੇ ਹੀ ਇਸ ਸਮੱਸਿਆਂ ਦਾ ਹੱਲ ਕੀਤਾ ਜਾ ਸਕਦਾ ਹੈ
                             -ਇੱਕ ਦਲਿਤ ਨੌਜਵਾਨ ਪਾਠਕ
---0---
ਸਾਥੀ ਸੰਪਾਦਕ,
          ਸਾਰਿਆਂ ਤੋਂ ਪਹਿਲਾਂ ਤਾਂ ਅਦਾਰਾ ‘ਸੁਰਖ ਲੀਹ’ ਦਲਿਤ ਮਸਲੇ ’ਤੇ ਐਨ ਸਹੀ ਮੌਕੇ ’ਤੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਲਈ ਵਧਾਈ ਦਾ ਪਾਤਰ ਹੈ। ਅੰਕ ਅੰਦਰ ਨਾ ਸਿਰਫ ਐਸ.ਸੀ./ਐਸ.ਟੀ. ਐਕਟ ਦੀਆਂ ਸੋਧਾਂ ਦੇ ਕਾਨੂੰਨੀ ਪੱਖ ਨੂੰ ਹੀ ਵਿਚਾਰਿਆ ਗਿਆ ਹੈ, ਸਗੋਂ ਉਸ ਕਾਨੂੰਨੀ ਪੱਖ ਦੇ ਪਿੱਛੇ ਕੰਮ ਕਰਦੀ ਭਾਰਤੀ ਸਮਾਜ ਦੀ ਨਾ-ਬਰਾਬਰੀ ਤੇ ਗੈਰ-ਜਮਹੂਰੀਅਤ ਖਸਲਤ ਨੂੰ ਵੀ ਪੇਸ਼ ਕੀਤਾ ਗਿਆ ਹੈ। ਦਲਿਤਾਂ ਦੀ ਜਿੰਦਗੀ ਨਾਲ ਜੁੜੇ ਸਮਾਜ ਦੇ ਹਰੇਕ ਪੱਖ ਦੀਆਂ ਹਾਲਤਾਂ ਨੂੰ ਪ੍ਰਗਟ ਕਰਦੇ ਲੇਖ ਨਾ ਸਿਰਫ ਇਹਨਾਂ ਤਬਕਿਆਂ ਦੀ ਸਮਾਜ ਅੰਦਰ ਹੋਣੀ ਦੇ ਕਾਰਨਾਂ ਤੇ ਉਗਲ ਧਰਦੇ ਹਨ, ਸਗੋਂ ਵੋਟ ਪਰਟੀਆਂ ਦੇ ਭੁਲੇਖਾ ਪਾੳੂ ਤੇ ਲੋਕ ਏਕਤਾ ਨੂੰ ਤਾਰ-ਤਾਰ ਕਰਨ ਵਾਲੇ ਪ੍ਰਚਾਰਾਂ ਦੀ ਬਜਾਏ, ਇਸ ਹਾਲਤ ’ਚੋਂ ਅਸਲ ਮੁਕਤੀ ਦੇ ਰਾਹ ਜਰੱਈ ਇਨਕਲਾਬ ਨੂੰ ਪੇਸ਼ ਕਰਨਾ ਅੰਕ ਦੀ ਤੇ ਅਦਾਰਾ ਸੁਰਖ ਲੀਹ ਦੀ ਸਫਲ ਕੋਸ਼ਿਸ਼ ਹੈ।                                 -ਅਕਾਸ਼