Showing posts with label ਸੰਸਿਤੀ - ਲਾਲ ਸਿੰਘ ਦਿਲ. Show all posts
Showing posts with label ਸੰਸਿਤੀ - ਲਾਲ ਸਿੰਘ ਦਿਲ. Show all posts

Thursday, April 26, 2018

ਸੰਸਿਤੀ - ਲਾਲ ਸਿੰਘ ਦਿਲ



ਸੰਸਿਤੀ
ਤੂੰ ਕੀ ਏਂ?
ਕਿਉਂ ਚਿਹਰਾ ਲੁਕਾਇਆ ਹੈ?
ਉਹਲਿਆਂ ’ਚ ਤੁਰਦੀ ਏਂ ਕਿਉਂ?
ਕਿਉਂ ਨਹੁੰ ਵੀ ਲੁਕਾਏ ਨੇ?
ਆਖਰ ਤੂੰ ਹੈ ਕੌਣ?
ਉਸ ਬੰਦੇ ਨੂੰ ਕਿਤੇ ਵੇਖੋ
ਜੋ ਦਿਨ ਰਾਤ ਭਾਰਾ ਰਥ ਖਿੱਚਦਾ ਹੈ
ਉਸਦੇ ਕੰਨਾਂ ’ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
ਉਸਦੇ ਪਿੰਡੇ ’ਤੇ ਉਹਨਾਂ ਬੈਂਤਾਂ ਦੀਆਂ ਲਾਸਾਂ ਹਨ
ਜਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ
ਉਹ ਜ਼ਰੂਰ ਪਛਾਣਦਾ ਹੋਵੇਗਾ
ਉਹ ਰਾਤਾਂ ’ਚ ਕਦੇ ਕਦੇ ਅੰਬਰ ਜੇਡਾ ਹੌਂਕਾ ਭਰਦਾ ਹੈ
ਤਾਰੇ ਮੁਰਝਾ ਜਿਹੇ ਜਾਂਦੇ ਹਨ
ਉਹ ਕਹਿੰਦਾ ਹੈ:
‘‘ਧਰਤੀ ਮੇਰੀ ਪਹਿਲੀ ਮੁਹੱਬਤ ਹੈ!’’
ਉਹ ਜ਼ਿਕਰ ਕਰਦਾ ਹੈ
‘‘ਇਹ ਤਾਰੇ ਅਸਮਾਨ ਵਿੱਚ,
ਮੈਂ ਜੜੇ ਸਨ!’’
ਉਹ ਈਸਾ ਦੇ ਵਤਨਾਂ ’ਚ ਫਿਰਿਆ ਹੈ
ਉਹ ਗੌਤਮ ਦੇ ਮੁਲਕਾਂ ’ਚ ਤੁਰਿਆ ਹੈ
ਉਸ ਦੇ ਕੰਨਾਂ ’ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
                                 - ਲਾਲ ਸਿੰਘ ਦਿਲ