Showing posts with label ਅਮੋਲਕ ਸਿੰਘ. Show all posts
Showing posts with label ਅਮੋਲਕ ਸਿੰਘ. Show all posts

Wednesday, March 9, 2016

15) ਤਰਸੇਮ ਲੋਹੀਆਂ

ਸਾਥੀ ਤਰਸੇਮ ਲੋਹੀਆਂ ਨੂੰ ਯਾਦ ਕਰਦਿਆਂ

- ਅਮੋਲਕ ਸਿੰਘ

ਪੰਜਾਬ ਭਰ ਦੇ ਬਿਜਲੀ ਕਾਮਿਆਂ, ਦੱਬੇ ਕੁਚਲੇ ਲੋਕਾਂ ਅਤੇ ਸਮੁੱਚੀ ਲੋਕ-ਪੱਖੀ ਇਨਕਲਾਬੀ-ਜਮਹੂਰੀ ਲਹਿਰ ਅੰਦਰ ਜਾਣੇ-ਪਹਿਚਾਣੇ ਜਨਤਕ ਆਗੂ ਤਰਸੇਮ ਲੋਹੀਆਂ ਦਾ ਸੰਗਰਾਮੀ ਜੀਵਨ ਬਹੁ-ਪੱਖਾਂ ਤੋਂ ਲਾ-ਮਿਸਾਲ ਅਤੇ ਪ੍ਰੇਰਨਾਦਾਇਕ  ਹੈ।
ਲੋਹੀਆਂ ਦਾ ਜਨਮ ਪਾਸ਼ਟਾ ਲਾਗੇ ਨੰਗਲ ਠੰਡਲ ਪਿੰਡ ’ਚ ਹੋਇਆ ਪਰ ਬਿਜਲੀ ਬੋਰਡ ਅੰਦਰ ਲੰਮਾ ਸਮਾਂ ਲੋਹੀਆਂ ਕਸਬੇ ਅੰਦਰ ਸੇਵਾਵਾਂ ਕਾਰਨ ‘ਲੋਹੀਆਂ’ ਤਰਸੇਮ ਦੇ ਨਾਂਅ ਨਾਲ ਅਟੁੱਟ ਤੌਰ ’ਤੇ ਜੁੜ ਗਿਆ।
ਬਿਜਲੀ ਕਾਮਿਆਂ ਦੀ ਪਰਿਵਾਰਕ, ਸੇਵਾਵਾਂ ਦੌਰਾਨ ਜ਼ਿੰਦਗੀ ਨੂੰ ਸਮਾਜੀ ਜੀਵਨ ਦੇ ਦਰਪਣ ਵਜੋਂ ਲੈਂਦਿਆਂ ਤਰਸੇਮ ਲੋਹੀਆਂ ਦੇ ਮਨ ਮਸਤਕ ਅੰਦਰ ਨਵੇਂ ਵਿਗਿਆਨਕ ਇਨਕਲਾਬੀ ਵਿਚਾਰਾਂ ਦਾ ਸੰਚਾਰ ਹੋਇਆ। ਬਹੁਤ ਹੀ ਤੇਜ਼ੀ ਨਾਲ ਵਾਪਰਦੀਆਂ ਚੌਗਿਰਦੇ ਦੀਆਂ ਆਰਥਕ, ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਹਾਲਤਾਂ ਦਾ ਗਹਿਰਾ ਭੇਦ ਪਾਉਣ ਲਈ ਉਹ ਮਾਰਕਸੀ ਦਰਸ਼ਨ ਤੋਂ ਪ੍ਰਭਾਤ ਹੋਵੇ। ਮਾਰਕਸੀ ਦ੍ਰਿਸ਼ਟੀ ਨੂੰ ਜੀਵਨ ਦ੍ਰਿਸ਼ਟੀ ਤੌਰ ’ਤੇ ਆਤਮਸਾਤ ਕਰਦਿਆਂ ਉਹਨਾਂ ਨੇ ਬਿਜਲੀ ਕਾਮਿਆਂ ਅਤੇ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਆਪਾ ਸਮਰਪਤ ਕਰ ਦਿੱਤਾ।
ਬਿਜਲੀ ਕਾਮਿਆਂ ਅੰਦਰ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਜੜ੍ਹ ਲਾਉਣ, ਜਥੇਬੰਦੀ ਨੂੰ ਆਪਣੀ ਅੱਖ ਦੀ ਪੁਤਲੀ ਤੋਂ ਵੀ ਵੱਧ ਪਿਆਰਾ ਸਮਝਣ ਦੀ ਸੋਚ ਨੂੰ ਪਰਨਾਏ ਲੋਹੀਆਂ ਨੇ ਲੱਕ ਬੰਨ੍ਹਵੀਂ ਮਿਹਨਤ ਕੀਤੀ। ਜਥੇਬੰਦੀ ਦਾ ਬੂਟਾ ਲਾਉਣ, ਉਸਨੂੰ ਆਪਣੇ ਲਹੂ-ਪਸੀਨੇ ਨਾਲ ਸਿੰਜਣ ਅਤੇ ਇਸਦੇ ਅਮਲ ਰਾਹੀਂ ਇਨਕਲਾਬੀ ਵਿਚਾਰਾਂ ਦੀ ਗੁੜ੍ਹਤੀ ਕਿਰਤੀ ਕਿਸਾਨਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਦੇਣ ਦੇ ਕਾਰਜ ਨੂੰ ਤਰਸੇਮ ਲੋਹੀਆਂ ਨੇ ਤਨਦੇਹੀ ਨਾਲ ਨੇਪਰੇ ਚਾੜ੍ਹਿਆ। ਤਰਸੇਮ ਲੋਹੀਆਂ ਦੀ ਅਗਵਾਈ ’ਚ ਬਿਜਲੀ ਕਾਮਿਆਂ ਵੱਲੋਂ ਸਮੇਂ ਸਮੇਂ ਦੀਆਂ ਵੰਨ-ਸੁਵੰਨੀਆਂ ਹਕੂਮਤਾਂ, ਅਫ਼ਸਰਸ਼ਾਹੀ, ਜਬਰ-ਜੁਲਮ, ਧੱਕੇਸ਼ਾਹੀ ਖਿਲਾਫ਼ ਅਤੇ ਜਮਹੂਰੀ ਹੱਕਾਂ ਦਾ ਪਰਚਮ ਬੁਲੰਦ ਕਰਨ ਲਈ ਲੜੇ ਸੰਘਰਸ਼ਾਂ ਦੀ ਗਾਥਾ ਬੇਹੱਦ ਲੰਮੀ ਅਤੇ ਮਾਣਮੱਤੀ ਹੈ।
ਇਨਕਲਾਬੀ ਜਮਹੂਰੀ ਟਰੇਡ ਯੂਨੀਅਨ ਲਹਿਰ ਦੇ ਵਧਾਰੇ-ਪਸਾਰੇ ਲਈ ਉਹਨਾਂ ਨੇ ਪੂਰੀ ਸਪੱਸ਼ਟਤਾ ਨਾਲ ਸਿਰੜੀ ਘੋਲ ਲੜੇ। ਹਰ ਵੰਨਗੀ ਦੇ ਗਲਤ ਰੁਝਾਨਾਂ ਖਿਲਾਫ਼, ਜਥੇਬੰਦੀ ਦੀ ਦਰੁਸਤ ਇਨਕਲਾਬੀ ਮਾਰਗ ਸੇਧ ਉੱਪਰ ਡਟੇ ਰਹਿਣ ਦਾ ਦੂਜਾ ਨਾਂਅ ਹੈ, ਤਰਸੇਮ ਲੋਹੀਆਂ। ਉਹਨੇ ਬਿਜਲੀ ਕਾਮਿਆਂ ਦਾ ਅਖੌਤੀ ਆਗੂ ਬਣਨ ਲਈ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।
ਲੋਹੀਆਂ ਨੇ ਆਪਣੇ ਆਪ ਨੂੰ ਸਿਰਫ਼ ਬਿਜਲੀ ਕਾਮਿਆਂ ਦੇ ਤਬਕਾਤੀ ਮੰਗਾਂ/ਮਸਲਿਆਂ ਤੱਕ ਸੀਮਤ ਨਹੀਂ ਰੱਖਿਆ। ਉਸਨੂੰ ਬੋਧ ਸੀ ਕਿ, ‘‘ਦੋ ਢੋਕਾਂ ਵਿੱਚ ਦੁਨੀਆਂ ਵੰਡੀ, ਇੱਕ ਲੋਕਾਂ ਦੀ, ਇੱਕ ਜੋਕਾਂ ਦੀ’’ ਉਹ ਜਮਾਤੀ ਵੰਡ, ਜਮਾਤੀ ਦਾਬੇ, ਜਾਗੀਰੂ-ਸਾਮਰਾਜੀ ਪ੍ਰਬੰਧ, ਸਾਮਰਾਜੀਆਂ ਦੇ ਸੇਵਾਦਾਰ ਰੰਗ-ਬਰੰਗੇ ਹਾਕਮਾਂ ਦੀਆਂ ਨੀਤੀਆਂ ਤੋਂ ਚੇਤਨ ਸੀ ਅਤੇ ਸਦੀਆਂ ਦੇ ਦਰੜੇ ਲੋਕਾਂ ਨੂੰ ਇਨਕਲਾਬੀ ਸਮਾਜਕ ਤਬਦੀਲੀ ਦਾ ਹੋਕਾ ਉਹ ਜੀਵਨ ਭਰ ਦਿੰਦਾ ਰਿਹਾ।
ਆਮ ਮਿਹਨਤੀ, ਮਿੱਠ ਬੋਲੜਾ, ਕੁਰਬਾਨੀ ਦਾ ਪੁੰਜ, ਘਰਾਂ-ਪਰਿਵਾਰਾਂ ਵਿੱਚ ਘਿਓ-ਖਿਚੜੀ ਹੋਣ ਵਾਲਾ ਤਰਸੇਮ ਲੋਹੀਆਂ, ਲੋਕ-ਦੁਸ਼ਮਣ ਤਾਕਤਾਂ ਲਈ ਰੋਹਲਾ ਅੰਗਿਆਰ ਸੀ ਅਤੇ ਲੋਕਾਂ ਲਈ ਮਹਿਕਦਾ ਸੂਹਾ ਗ਼ੁਲਾਬ ਸੀ।
ਉਸਨੇ ਆਪਣੇ 68 ਵਰ੍ਹਿਆਂ ਦੇ ਜੀਵਨ ਦੀ ਅੱਧੀ ਸਦੀ ਆਪਣੇ ਸਮਾਜੀ ਫਰਜ਼ਾਂ ਦੇ ਲੇਖੇ ਲਾਈ। ਹੰਗਾਮੀ ਹਾਲਤ ਹੋਵੇ, ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦਾ ਦੌਰ ਹੋਵੇ, ਕਮਿਊਨਿਸਟ ਇਨਕਲਾਬੀਆਂ ਦੇ ਝੂਠੇ ਪੁਲਸ ਮੁਕਾਬਲਿਆਂ ਦਾ ਕਹਿਰ ਹੋਵੇ, ਨਿੱਜੀਕਰਨ, ਵਿਸ਼ਵੀਕਰਨ, ਉਦਾਰੀਕਰਨ ਦੇ ਨਾਂਅ ਹੇਠ ਨਵੀਆਂ ਸਾਮਰਾਜੀ ਨੀਤੀਆਂ ਦਾ ਹੱਲਾ ਹੋਵੇ, ਜ਼ਿੰਦਗੀ ਭਰ ਲੋਹੀਆਂ ਆਪਣੀ ਲੋਕਾਂ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਪਾੜੇ ਵਿੱਚ ਝੰਡਾ ਲੈ ਕੇ ਤੁਰਿਆ ਹੈ।
ਆਪਣੀ ਜੀਵਨ-ਸਾਥਨ ਸੁਮਨ ਲਤਾ ਨੂੰ ਔਰਤ ਵਰਗ ਅਤੇ ਵਿਸ਼ੇਸ਼ ਕਰਕੇ ਰੰਗਮੰਚੀ (ਪਲਸ ਮੰਚ) ਸਰਗਰਮੀਆਂ ਲਈ ਉਤਸ਼ਾਹਤ ਕਰਕੇ ਅੱਗੇ ਆਉਣ ਲਈ ਪ੍ਰੇਰਿਆ। ਟ੍ਰੇਡ ਯੂਨੀਅਨ ਸਰਗਰਮੀਆਂ ਦੇ ਨਾਲ ਨਾਲ ਉਹ ਆਪ ਵੀ ਸਭਿਆਚਾਰਕ ਸਰਗਰਮੀਆਂ ਵਿੱਚ ਡਟਕੇ ਭਾਗ ਲੈਂਦੇ ਰਹੇ। ਜਦੋਂ 9 ਅਪ੍ਰੈਲ 1991 ਨੂੰ ਸੇਵੇਵਾਲਾ ਕਾਂਡ ਵਾਪਰਿਆ। ਜਿੱਥੇ ਅੰਨ੍ਹੇ ਨਿਸ਼ਾਨਚੀ ਨਾਟਕ ਖੇਡਦੇ ਸਮੇਂ ਖਾਲਿਸਤਾਨੀ ਕਾਤਲੀ ਗਰੋਹ ਨੇ ਅਨ੍ਹੇਵਾਹ ਗੋਲੀਆਂ ਦੀ ਵਾਛੜ ਕਰਕੇ 18 ਸਾਥੀ ਸ਼ਹੀਦ ਕਰ ਦਿੱਤੇ ਸੀ ਉਸ ਮੌਕੇ ਤਰਸੇਮ ਦੀ ਸਾਥਣ ਸੁਮਨ ਲਤਾ ਮੰਚ ’ਤੇ ਸੀ।
7 ਜਨਵਰੀ ਨੂੰ ਦਿਲ ਦੇ ਦੌਰੇ ਕਾਰਨ ਲੋਕ-ਕਾਫ਼ਲੇ ਨੂੰ ਸਾਥੀ ਤਰਸੇਮ ਲੋਹੀਆਂ ਸਦੀਵੀ ਵਿਛੋੜਾ ਦੇ ਗਏ ਹਨ। ਟਰੇਡ ਯੂਨੀਅਨਾਂ ਸਮੇਤ ਵੱਖ ਵੱਖ ਖੇਤਰਾਂ ਦੇ ਸੰਘਰਸ਼ਸ਼ੀਲ ਹਿੱਸੇ ਉਹਨਾਂ ਨੂੰ ਅਤੇ ਉਹਨਾਂ ਦੇ ਕਾਰਨਾਮਿਆਂ ਨੂੰ ਲੰਮਾਂ ਸਮਾਂ ਯਾਦ ਕਰਦੇ ਰਹਿਣਗੇ। ਅਦਾਰਾ ਸੁਰਖ਼ ਲੀਹ ਬਿਜਲੀ ਕਾਮਿਆਂ ਦੀ ਟਰੇਡ ਯੂਨੀਅਨ ਲਹਿਰ ’ਚ ਇਨਕਲਾਬੀ ਵਿਚਾਰਾਂ ਦਾ ਸੰਚਾਰ ਕਰਨ ਅਤੇ ਇਸ ਨੂੰ ਸਮੁੱਚੀ ਜਮਹੂਰੀ ਇਨਕਲਾਬੀ ਲਹਿਰ ਦੇ ਅੰਗ ਵਜੋਂ ਵਿਕਸਤ ਕਰਨ ’ਚ ਅਹਿਮ ਰੋਲ ਅਦਾ ਕਰਨ ਵਾਲੇ ਸਾਥੀ ਤਰਸੇਮ ਲੋਹੀਆਂ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

Saturday, July 5, 2014

ਔਰਤ ਦੀ ਵੰਗਾਰ -ਅਮੋਲਕ ਸਿੰਘ


ਔਰਤ ਦੀ ਵੰਗਾਰ
-ਅਮੋਲਕ ਸਿੰਘ 
ਅਸੀਂ ਨਿੱਤ ਹੀ ਖ਼ਬਰਾਂ ਸੁਣਦੇ ਹਾਂ
ਸੋਚਾਂ ਦੇ ਤਾਣੇ ਬੁਣਦੇ ਹਾਂ
ਖ਼ਬਰਾਂ ਨਾ ਬਣ ਕੇ ਰਹਿ ਜਾਈਏ
ਕੁੱਝ ਸੁਣ ਜਾਈਏ, ਕੁੱਝ ਕਹਿ ਜਾਈਏ
ਲੋਕੋ ਮੈਂ ਆਵਾਜ਼ਾਂ ਮਾਰ ਰਹੀ
ਮੈਂ ਔਰਤ ਅੱਜ ਵੰਗਾਰ ਰਹੀ।
ਮੈਂ ਔਰਤ ਅੱਜ........
ਮੈਂ ਉਸ ਦੇਸ਼ ਦੀ ਵਾਸੀ ਹਾਂ
ਜਿੱਥੇ ਔਰਤ ਲੁੱਟੀ ਜਾਂਦੀ ਏ
ਔਰਤ ਇਨਸਾਫ ਦੀ ਗੱਲ ਕਰੇ
ਸੜਕਾਂ 'ਤੇ ਕੁੱਟੀ ਜਾਂਦੀ ਏ
ਰੌਸ਼ਨੀਆਂ ਦਾ ਕੀ ਕਹਿਣਾ
ਪਰ ਜਿੰਦ ਮੇਰੀ ਅੰਧਕਾਰ ਰਹੀ
ਮੈਂ ਔਰਤ ਅੱਜ........
ਮੈਂ ਉਸ ਦੇਸ਼ ਦੀ ਵਾਸੀ ਹਾਂ
ਜਿੱਥੇ ਹਾਕਮ ਅੰਨ੍ਹੇ ਕਾਣੇ ਨੇ
ਜਿੱਥੇ ਹਵਸ਼ੀ ਭੰਗੜੇ ਪਾਉਂਦੇ ਨੇ
ਜਿੱਥੇ ਸੱਚ ਜੇਲ੍ਹਾਂ ਥਾਣੇ ਨੇ
ਮੇਰਾ ਹੱਕ ਹੈ ਪੁੱਛਣੇ ਦਾ
ਕਿਉਂ ਛਮਕਾ ਦੀ ਝੱਲ ਮਾਰ ਰਹੀ
ਮੈਂ ਔਰਤ ਅੱਜ........
ਮੇਰੇ ਲਈ ਮੌਸਮ ਔੜਾਂ ਦਾ 
ਮੈਂ ਭਾਵੇਂ ਮੀਂਹ ਹੀ ਮੰਗਿਆ ਏ
ਚਿੜੀਆਂ 'ਤੇ ਝੁਰਮਟ ਬਾਜ਼ਾਂ ਦਾ
ਤੇ ਹਵਸ਼ੀ ਨਾਗਾਂ ਡੰਗਿਆ ਏ
ਮੇਰੇ ਸੁਪਨੇ ਲੀਰੋ ਲੀਰ ਕਰੇ
ਮੇਰੇ ਸੀਨੇ ਸਦਾ ਕਟਾਰ ਰਹੀ
ਮੈਂ ਔਰਤ ਅੱਜ........
ਮੈਂ ਤਿਤਲੀ, ਤਿਤਲੀਆਂ ਫੜਦੀ ਸੀ
ਇਸ ਉਮਰ ਦਰਿੰਦੇ ਝਪਟੇ ਨੇ
ਮੈਂ ਧੀਆਂ ਵਰਗੀ ਜਿਨ੍ਹਾਂ ਦੀ
ਆ ਧੌਲੇ ਝਾਟੇ ਧਮਕੇ ਨੇ
ਕੀ ਮੇਰੀ ਮਾਂ ਵੀ ਏਦਾਂ ਹੀ
ਏਨ੍ਹਾਂ ਦੀ ਝੱਲਦੀ ਮਾਰ ਰਹੀ
ਮੈਂ ਔਰਤ ਅੱਜ........
ਨਾ ਝੂਲੇ, ਪੀਂਘਾਂ ਜੁੜੀਆਂ ਨੇ
ਬਿਰਖਾਂ 'ਤੇ ਟੰਗੀਆਂ ਕੁੜੀਆਂ ਨੇ
ਕਹਿੰਦੇ ਚੱਕ ਲਓ, ਲੁੱਟ ਲਓ, ਪੀ ਜਾਵੋ
ਇਹ ਕੁੜੀਆਂ ਕਿ ਖੰਡ-ਪੁੜੀਆਂ ਨੇ?
ਇਹ ਪੁੱਛਣੈਂ ਮਿਲਕੇ, ਪੁੱਛਣਾ ਏ
ਮੈਂ ਤਾਹੀਓਂ ਹਾਂ ਲਲਕਾਰ ਰਹੀ
ਮੈਂ ਔਰਤ ਅੱਜ........
ਹੁਣ ਬਿਰਖ਼ੀਂ ਮੇਵੇ ਲੱਗਦੇ ਨਾ
ਬਿਰਖਾਂ 'ਤੇ ਧੀਆਂ ਲਟਕ ਰਹੀਆਂ
ਲੋਕੀਂ ਕਰਨ ਸਿਆਪਾ ਰਾਜੇ ਦਾ
ਇਹ ਕੌਣ ਜੋ ਅੰਬਰੀਂ ਤੜਫ਼ ਰਹੀਆਂ?
ਵੇਲੇ ਨੂੰ ਲੋੜ ਤੂਫ਼ਾਨਾਂ ਦੀ
ਹੈ ਧਰਤੀ ਮਾਂ ਪੁਕਾਰ ਰਹੀ
ਮੈਂ ਔਰਤ ਅੱਜ........
ਹੁਣ ਸੰਗਤਾਂ ਕਰਨ ਸੁਆਲ ਬੜੇ
ਏਹਨਾਂ ਦਾ ਕੌਣ ਜਵਾਬ ਦੇਊ
ਜੋ ਲੁੱਟੀਆਂ ਪੁੱਟੀਆਂ ਕੁੜੀਆਂ ਨੇ
ਏਹਨਾਂ ਦਾ ਕੌਣ ਹਿਸਾਬ ਦੇਊ
ਨਾ ਅਬਲਾ ਬਣ ਕੇ ਜੀਣਾ ਏ
ਬਣ ਛਵੀਆਂ ਤੇ ਤਲਵਾਰ ਜੇਹੀ
ਮੈਂ ਔਰਤ ਅੱਜ........
ਇਹ ਜ਼ੋਰ ਜਾਗੀਰਾਂ ਵਾਲੇ ਜੋ
ਧੀਆਂ ਦੀ ਪੱਤ ਨੂੰ ਲੁੱਟਦੇ ਨੇ
ਮੂੰਹ ਤਾਲੇ, ਹੱਥੀਂ ਹੱਥਕੜੀਆਂ
ਮਾਂ-ਬਾਪ ਨੂੰ ਜੇਲ੍ਹੀਂ ਸੁੱਟਦੇ ਨੇ
ਦੜ ਵੱਟ ਜ਼ਮਾਨਾ ਕੱਟਣਾ ਨਾ
'ਵਾ ਸਮਿਆਂ ਦੀ ਵੰਗਾਰ ਰਹੀ
ਮੈਂ ਔਰਤ ਅੱਜ........
ਏਹ ਪੱਥਰ ਯੁੱਗ ਦੇ ਜਾਬਰ ਨੇ
ਮੈਨੂੰ ਹੀ ਪੱਥਰ ਦੱਸਦੇ ਨੇ
ਲਾਹ ਸ਼ਰਮ ਹਯਾ ਦੇ ਪਰਦੇ ਏਹ
ਮੇਰੇ ਜਿਸਮੀਂ ਪੱਥਰ ਧੱਕਦੇ ਨੇ
'ਇਨਸਾਫ ਦੇ ਮੰਦਰ' ਪੱਥਰ ਨੇ
ਇਨ੍ਹਾਂ ਪੱਥਰਾਂ ਨੂੰ ਦੁਰਕਾਰ ਰਹੀ
ਮੈਂ ਔਰਤ ਅੱਜ........
ਨਵਾਂ ਲਿਖੀਏ ਨਗ਼ਮਾ ਜ਼ਿੰਦਗੀ ਦਾ
ਦਸਤੂਰ ਬਦਲਣਾ ਪੈਣਾ ਏ
ਸਭ ਤੋੜ ਜੰਜ਼ੀਰਾਂ ਬੰਧਨਾਂ ਨੂੰ 
ਯੁੱਗ ਨਵਾਂ ਸਿਰਜਣਾ ਪੈਣਾ ਏ
ਆ ਸੂਰਜਾ ਸਾਡੇ ਆ ਵੇਹੜੇ
ਮੈਂ ਤੇਰਾ ਮੁੱਖ ਨਿਹਾਰ ਰਹੀ
ਮੈਂ ਔਰਤ ਅੱਜ........
0-0