ਔਰਤ ਦੀ ਵੰਗਾਰ
-ਅਮੋਲਕ ਸਿੰਘ
ਅਸੀਂ ਨਿੱਤ ਹੀ ਖ਼ਬਰਾਂ ਸੁਣਦੇ ਹਾਂਸੋਚਾਂ ਦੇ ਤਾਣੇ ਬੁਣਦੇ ਹਾਂ
ਖ਼ਬਰਾਂ ਨਾ ਬਣ ਕੇ ਰਹਿ ਜਾਈਏ
ਕੁੱਝ ਸੁਣ ਜਾਈਏ, ਕੁੱਝ ਕਹਿ ਜਾਈਏ
ਲੋਕੋ ਮੈਂ ਆਵਾਜ਼ਾਂ ਮਾਰ ਰਹੀ
ਮੈਂ ਔਰਤ ਅੱਜ ਵੰਗਾਰ ਰਹੀ।
ਮੈਂ ਔਰਤ ਅੱਜ........
ਮੈਂ ਉਸ ਦੇਸ਼ ਦੀ ਵਾਸੀ ਹਾਂ
ਜਿੱਥੇ ਔਰਤ ਲੁੱਟੀ ਜਾਂਦੀ ਏ
ਔਰਤ ਇਨਸਾਫ ਦੀ ਗੱਲ ਕਰੇ
ਸੜਕਾਂ 'ਤੇ ਕੁੱਟੀ ਜਾਂਦੀ ਏ
ਰੌਸ਼ਨੀਆਂ ਦਾ ਕੀ ਕਹਿਣਾ
ਪਰ ਜਿੰਦ ਮੇਰੀ ਅੰਧਕਾਰ ਰਹੀ
ਮੈਂ ਔਰਤ ਅੱਜ........
ਮੈਂ ਉਸ ਦੇਸ਼ ਦੀ ਵਾਸੀ ਹਾਂ
ਜਿੱਥੇ ਹਾਕਮ ਅੰਨ੍ਹੇ ਕਾਣੇ ਨੇ
ਜਿੱਥੇ ਹਵਸ਼ੀ ਭੰਗੜੇ ਪਾਉਂਦੇ ਨੇ
ਜਿੱਥੇ ਸੱਚ ਜੇਲ੍ਹਾਂ ਥਾਣੇ ਨੇ
ਮੇਰਾ ਹੱਕ ਹੈ ਪੁੱਛਣੇ ਦਾ
ਕਿਉਂ ਛਮਕਾ ਦੀ ਝੱਲ ਮਾਰ ਰਹੀ
ਮੈਂ ਔਰਤ ਅੱਜ........
ਮੇਰੇ ਲਈ ਮੌਸਮ ਔੜਾਂ ਦਾ
ਮੈਂ ਭਾਵੇਂ ਮੀਂਹ ਹੀ ਮੰਗਿਆ ਏ
ਚਿੜੀਆਂ 'ਤੇ ਝੁਰਮਟ ਬਾਜ਼ਾਂ ਦਾ
ਤੇ ਹਵਸ਼ੀ ਨਾਗਾਂ ਡੰਗਿਆ ਏ
ਮੇਰੇ ਸੁਪਨੇ ਲੀਰੋ ਲੀਰ ਕਰੇ
ਮੇਰੇ ਸੀਨੇ ਸਦਾ ਕਟਾਰ ਰਹੀ
ਮੈਂ ਔਰਤ ਅੱਜ........
ਮੈਂ ਤਿਤਲੀ, ਤਿਤਲੀਆਂ ਫੜਦੀ ਸੀ
ਇਸ ਉਮਰ ਦਰਿੰਦੇ ਝਪਟੇ ਨੇ
ਮੈਂ ਧੀਆਂ ਵਰਗੀ ਜਿਨ੍ਹਾਂ ਦੀ
ਆ ਧੌਲੇ ਝਾਟੇ ਧਮਕੇ ਨੇ
ਕੀ ਮੇਰੀ ਮਾਂ ਵੀ ਏਦਾਂ ਹੀ
ਏਨ੍ਹਾਂ ਦੀ ਝੱਲਦੀ ਮਾਰ ਰਹੀ
ਮੈਂ ਔਰਤ ਅੱਜ........
ਨਾ ਝੂਲੇ, ਪੀਂਘਾਂ ਜੁੜੀਆਂ ਨੇ
ਬਿਰਖਾਂ 'ਤੇ ਟੰਗੀਆਂ ਕੁੜੀਆਂ ਨੇ
ਕਹਿੰਦੇ ਚੱਕ ਲਓ, ਲੁੱਟ ਲਓ, ਪੀ ਜਾਵੋ
ਇਹ ਕੁੜੀਆਂ ਕਿ ਖੰਡ-ਪੁੜੀਆਂ ਨੇ?
ਇਹ ਪੁੱਛਣੈਂ ਮਿਲਕੇ, ਪੁੱਛਣਾ ਏ
ਮੈਂ ਤਾਹੀਓਂ ਹਾਂ ਲਲਕਾਰ ਰਹੀ
ਮੈਂ ਔਰਤ ਅੱਜ........
ਹੁਣ ਬਿਰਖ਼ੀਂ ਮੇਵੇ ਲੱਗਦੇ ਨਾ
ਬਿਰਖਾਂ 'ਤੇ ਧੀਆਂ ਲਟਕ ਰਹੀਆਂ
ਲੋਕੀਂ ਕਰਨ ਸਿਆਪਾ ਰਾਜੇ ਦਾ
ਇਹ ਕੌਣ ਜੋ ਅੰਬਰੀਂ ਤੜਫ਼ ਰਹੀਆਂ?
ਵੇਲੇ ਨੂੰ ਲੋੜ ਤੂਫ਼ਾਨਾਂ ਦੀ
ਹੈ ਧਰਤੀ ਮਾਂ ਪੁਕਾਰ ਰਹੀ
ਮੈਂ ਔਰਤ ਅੱਜ........
ਹੁਣ ਸੰਗਤਾਂ ਕਰਨ ਸੁਆਲ ਬੜੇ
ਏਹਨਾਂ ਦਾ ਕੌਣ ਜਵਾਬ ਦੇਊ
ਜੋ ਲੁੱਟੀਆਂ ਪੁੱਟੀਆਂ ਕੁੜੀਆਂ ਨੇ
ਏਹਨਾਂ ਦਾ ਕੌਣ ਹਿਸਾਬ ਦੇਊ
ਨਾ ਅਬਲਾ ਬਣ ਕੇ ਜੀਣਾ ਏ
ਬਣ ਛਵੀਆਂ ਤੇ ਤਲਵਾਰ ਜੇਹੀ
ਮੈਂ ਔਰਤ ਅੱਜ........
ਇਹ ਜ਼ੋਰ ਜਾਗੀਰਾਂ ਵਾਲੇ ਜੋ
ਧੀਆਂ ਦੀ ਪੱਤ ਨੂੰ ਲੁੱਟਦੇ ਨੇ
ਮੂੰਹ ਤਾਲੇ, ਹੱਥੀਂ ਹੱਥਕੜੀਆਂ
ਮਾਂ-ਬਾਪ ਨੂੰ ਜੇਲ੍ਹੀਂ ਸੁੱਟਦੇ ਨੇ
ਦੜ ਵੱਟ ਜ਼ਮਾਨਾ ਕੱਟਣਾ ਨਾ
'ਵਾ ਸਮਿਆਂ ਦੀ ਵੰਗਾਰ ਰਹੀ
ਮੈਂ ਔਰਤ ਅੱਜ........
ਏਹ ਪੱਥਰ ਯੁੱਗ ਦੇ ਜਾਬਰ ਨੇ
ਮੈਨੂੰ ਹੀ ਪੱਥਰ ਦੱਸਦੇ ਨੇ
ਲਾਹ ਸ਼ਰਮ ਹਯਾ ਦੇ ਪਰਦੇ ਏਹ
ਮੇਰੇ ਜਿਸਮੀਂ ਪੱਥਰ ਧੱਕਦੇ ਨੇ
'ਇਨਸਾਫ ਦੇ ਮੰਦਰ' ਪੱਥਰ ਨੇ
ਇਨ੍ਹਾਂ ਪੱਥਰਾਂ ਨੂੰ ਦੁਰਕਾਰ ਰਹੀ
ਮੈਂ ਔਰਤ ਅੱਜ........
ਨਵਾਂ ਲਿਖੀਏ ਨਗ਼ਮਾ ਜ਼ਿੰਦਗੀ ਦਾ
ਦਸਤੂਰ ਬਦਲਣਾ ਪੈਣਾ ਏ
ਸਭ ਤੋੜ ਜੰਜ਼ੀਰਾਂ ਬੰਧਨਾਂ ਨੂੰ
ਯੁੱਗ ਨਵਾਂ ਸਿਰਜਣਾ ਪੈਣਾ ਏ
ਆ ਸੂਰਜਾ ਸਾਡੇ ਆ ਵੇਹੜੇ
ਮੈਂ ਤੇਰਾ ਮੁੱਖ ਨਿਹਾਰ ਰਹੀ
ਮੈਂ ਔਰਤ ਅੱਜ........
0-0
No comments:
Post a Comment