Thursday, October 8, 2026

ਪੰਜਾਬ ਸਰਕਾਰ ਦੇ ਸਿਰ ਚੜ੍ਹ ਮਰਿਆ ਬੇ-ਇਨਸਾਫ਼ੀ ਦਾ ਡੰਗਿਆ ਮਜ਼ਦੂਰ ਗੁਲਜ਼ਾਰ



  ਪੰਜਾਬ ਸਰਕਾਰ ਦੇ ਸਿਰ  ਚੜ੍ਹ ਮਰਿਆ

 ਬੇ-ਇਨਸਾਫ਼ੀ ਦਾ ਡੰਗਿਆ ਮਜ਼ਦੂਰ ਗੁਲਜ਼ਾਰ 

 -ਲਛਮਣ ਸੇਵੇਵਾਲਾ
ਪੰਜਾਬ ਦੀ ਧਰਤੀ 'ਤੇ ਆਏ ਦਿਨ ਖੁਦਕੁਸ਼ੀਆਂ ਦਾ ਭਾਣਾ ਵਾਪਰ ਰਿਹਾ। ਕਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਦੇ ਦੋ ਕਿਸਾਨ ਭਰਾ ਕਰਜ਼ੇ ਕਰਕੇ ਇਕੱਠੇ ਖੁਦਕੁਸ਼ੀ ਕਰ ਜਾਂਦੇ ਆ। ਕਦੇ ਆਰਥਿਕ ਤੰਗੀਆਂ ਦਾ ਝੰਬਿਆ ਕੋਈ ਮਜ਼ਦੂਰ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰ ਜਾਂਦਾ ਤੇ ਕਦੇ ਕੋਈ ਬੇਰੁਜ਼ਗਾਰ ਅਧਿਆਪਕਾ ਖੁਦਕੁਸ਼ੀ ਵਰਗਾ ਕਲਿਹਣਾ ਕਦਮ ਚੁੱਕ ਲੈਂਦੀ ਹੈ। ਹੁਣ ਤਾਂ ਕਰਜ਼ੇ ਤੇ ਆਰਥਿਕ ਤੰਗੀਆਂ ਦੇ ਕਾਰਨ  ਨਿੱਤ ਦਿਨ ਹੁੰਦੀਆਂ  ਮਜ਼ਦੂਰਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਵਰਤਾਰਾ ਏਨਾ ਆਮ ਹੋ ਗਿਆ ਹੈ ਕਿ  ਅਖ਼ਬਾਰਾਂ ਵੀ ਇਹਨਾਂ ਨੂੰ ਤਵੱਜੋ ਨਹੀਂ ਦੇ ਰਹੀਆਂ। ਪਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰਵਣਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਘਟਨਾ ਨਿਵੇਕਲੀ ਹੋ ਨਿੱਬੜੀ । ਜੀਹਨੇ  ਇਕੇਰਾਂ ਤਾਂ ਹੁਕਮਰਾਨਾਂ ਨੂੰ ਵੀ ਵਖਤ ਪਾ ਕੇ ਰੱਖ ਦਿੱਤਾ । 
ਇਨਕਲਾਬੀ ਕਵੀ ਪਾਸ਼ ਨੇ ਲਿਖਿਆ ਸੀ 

 "ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ ,
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ।
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ 
ਸਰ -ਇ-ਆਮ ਬੇ ਪਰਦ ਕਰ ਦੇਣਾ।"

ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਵਣਜਾਰਾ ਦਾ ਮਜ਼ਦੂਰ ਗੁਲਜ਼ਾਰ ਸਿੰਘ ਵੀ ਇਸੇ ਤਰ੍ਹਾਂ ਰੁਖ਼ਸਤ ਹੋਇਆ ਕਿ ਉਸਨੇ  ਹਾਕਮ ਦੀ ਚਾਰ ਸੌ ਵੀਹ ਨੂੰ ਸ਼ਰੇਆਮ ਬੇਪਰਦ ਕਰਕੇ ਰੱਖ ਦਿੱਤਾ।  ਉਸ ਨੇ ਪਿੰਡ 'ਚ ਆ ਕੇ ਆਪਣੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਛੇੜਨ ਦੇ ਦਮਗਜੇ ਮਾਰ ਰਹੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਨਸ਼ੇ ਦੀ ਭੇਟ ਚੜ੍ਹ ਕੇ ਘਰ ਦੀ ਗਰਾਗਾਤ ਕਰ ਰਹੇ ਆਪਣੇ ਨੌਜਵਾਨ ਪੁੱਤ ਦੀ ਦਰਦ ਵਿੰਨ੍ਹੀ ਗਾਥਾ ਦਾ ਰੋਣਾ ਕੀ ਰੋਇਆ ਕਿ ਏਨੇ ਨਾਲ ਹੀ ਹਾਕਮਾਂ  ਦੇ ਸ਼ਾਮਿਆਨੇ ਡੋਲ ਉੱਠੇ । ਉਸਨੂੰ ਆਪਣੇ ਯੁੱਧ ਨਸ਼ਿਆਂ ਵਿਰੁੱਧ ਵਾਲੇ  ਬਾਦਬਾਨਾਂ 'ਚੋਂ ਹਵਾ ਸਰਕਦੀ ਦਿਖਾਈ ਦੇਣ ਲੱਗੀ ਤੇ ਬੰਨਵੇਂ (92) ਵਿਧਾਇਕਾਂ ਵਾਲਾ ਬਹੁਮਤ ਭਰੀ ਕਚਿਹਰੀ 'ਚ "ਨੌ ਦੋ ਗਿਆਰਾਂ"  ਹੁੰਦਾ ਜਾਪਿਆ । ਉਸ ਦੀ ਸੁਰਤ ਗੋਤਾ ਖਾ ਗਈ। ਉਹ ਬੌਂਦਲ ਗਿਆ ਤੇ ਬੌਂਦਲ ਕੇ ਬੁਖਲਾ ਉੱਠਿਆ। ਉਸਨੇ ਆਪਣੇ ਅਹਿਲਕਾਰਾਂ ਤੇ ਟਹਿਲਕਾਰਾਂ ਦੇ ਪਟੇ ਖੋਲ੍ਹ ਦਿੱਤੇ । ਜੋ ਭੁੱਖੇ ਬਘਿਆੜਾਂ ਦੀ ਤਰ੍ਹਾਂ ਇਸ ਮਜ਼ਦੂਰ  'ਤੇ ਟੁੱਟ ਕੇ ਪੈ ਗਏ ਅਤੇ ਮੰਤਰੀ ਦੀ ਛਛਕੇਰੀ  ਸਰਪੰਚਣੀ ਦੇ ਪਤੀ ਤੇ ਉਸਦੀ ਢਾਣੀ ਮਜ਼ਦੂਰ ਗੁਲਜ਼ਾਰ ਸਿੰਘ ਨੂੰ "ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ" ਲਾਉਣ ਦਾ ਅਹਿਸਾਸ ਕਰਾਉਣ 'ਚ ਜੁਟ ਗਈ । ਇਸ ਢਾਣੀ ਨੇ ਉਸਨੂੰ ਭਰੇ ਇਕੱਠ ਵਿੱਚ ਮੰਤਰੀ ਦੇ ਸਾਹਮਣੇ ਨਸ਼ੇ ਦੀ ਅਲਾਮਤ ਬਾਰੇ ਬੋਲਣ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਦਿੱਤੀਆਂ  ਅਤੇ ਸਰਪੰਚ ਦੇ ਘਰ ਆ ਕੇ ਮੁਆਫ਼ੀ ਮੰਗਣ ਦਾ ਹੁਕਮ ਚਾੜ੍ਹ ਦਿੱਤਾ।
ਪਰ ਇਹ ਕਿਰਤੀ ਜਰਵਾਣਿਆਂ ਦੀ ਈਨ ਮੰਨਣ ਤੋਂ ਆਕੀ ਹੋ ਉੱਠਿਆ । ਉਸਦੇ ਅੰਦਰ ਨਸ਼ੇ ਦੀ ਮਾਰ ਅਤੇ ਵਰ੍ਹਿਆਂ ਦੀ ਗ਼ਰੀਬੀ, ਲਾਚਾਰੀ ਤੇ ਜਾਤਪਾਤੀ ਦਾਬੇ ਦਾ ਹੰਢਾਇਆ ਸੰਤਾਪ ਰੋਹ ਦਾ ਲਾਵਾ ਬਣ ਗਿਆ। ਉਸਨੇ ਜੋਰਾਵਰਾਂ ਦੇ ਅੱਗੇ ਝੁਕਣ ਦੀ ਬਜਾਏ ਸਲਫ਼ਾਸ ਨਿਗਲ ਕੇ ਮੌਤ ਨੂੰ ਜਾ ਗਲਵੱਕੜੀ  ਪਾਈ । ਪਰ ਉਹ ਚੁੱਪ ਚਪੀਤਾ ਨਹੀਂ ਮਰਿਆ। ਉਹ ਆਪਣੇ ਨਾਲ ਹੋਈ ਨਾ- ਇਨਸਾਫ਼ੀ ਤੇ ਉਸਨੂੰ ਮੌਤ ਦੇ ਮੂੰਹ ਧੱਕਣ ਦੇ ਦੋਸ਼ੀਆਂ ਨੂੰ ਜੱਗ ਜਹਾਨ ਦੇ ਸਾਹਮਣੇ, ਆਪਣੀ ਮੌਤ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਕੇ ਮਰਿਆ ਹੈ। ਇਉਂ ਉਸਦੀ ਮੌਤ ਖੁਦਕੁਸ਼ੀ ਨਹੀਂ, ਸਗੋਂ ਬੇਇਨਸਾਫ਼ੀ ਖਿਲਾਫ਼  ਨਾਬਰੀ ਦਾ ਪ੍ਰਤੀਕ ਹੈ। ਉਸਦੀ ਬੁੱਧੀ ਅਨੁਸਾਰ ਜ਼ਾਲਮਾਂ ਨੂੰ ਸਜ਼ਾ ਦੇਣ ਦਾ ਨਿਵੇਕਲਾ ਅੰਦਾਜ਼ ਹੈ। ਜਦੋਂ ਕਿਸੇ ਨੂੰ ਆਵਦੇ ਹੱਕਾਂ ਦੀ ਲਹਿਰ ਕਮਜ਼ੋਰ ਦਿਖਾਈ ਦੇ ਰਹੀ ਹੋਵੇ । ਖੁਦ ਜਰਵਾਣਿਆਂ ਨਾਲ ਸਿੱਧੇ ਮੱਥੇ ਭਿੜਣ ਦੀ ਲਾਚਾਰੀ ਦਿਸਦੀ ਹੋਵੇ । ਪਰ ਡਾਢਿਆਂ ਅੱਗੇ ਝੁਕਣਾ ਵੀ ਮਨਜ਼ੂਰ ਨਾ ਹੋਵੇ ਤਾਂ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਪਣੀ ਸੋਝੀ ਤੇ ਆਪਣੇ ਤਰੀਕੇ ਨਾਲ ਇਸਦੇ ਜਿੰਮੇਵਾਰਾਂ ਨੂੰ ਸਜ਼ਾ ਦੇਣ ਦਾ ਕਦਮ ਚੁੱਕ ਲਵੇ ਤਾਂ ਇਹ ਖੁਦਕੁਸ਼ੀ ਦੀ ਬਜਾਏ ਉਸ ਵੱਲੋਂ ਚੁੱਕਿਆ ਨਾਬਰੀ ਦਾ ਕਦਮ ਹੀ ਹੋ ਨਿੱਬੜਦਾ ਹੈ ਅਤੇ ਇਉਂ ਹੀ ਕੀਤਾ ਹੈ ਗੁਲਜ਼ਾਰ ਸਿੰਘ ਨੇ। ਬਿਨਾਂ ਸ਼ੱਕ ਅਜਿਹੇ ਕਦਮ ਨੂੰ ਇੱਕ ਰਾਹ ਵਜੋਂ ਦਰੁਸਤ ਨਹੀਂ ਠਹਿਰਾਇਆ ਜਾ ਸਕਦਾ , ਪਰ ਉਸਦੀ ਮੌਤ ਨੇ ਬਦਲਾਅ ਦੇ ਝੂਠੇ ਦਾਅਵਿਆਂ ਨਾਲ ਸੱਤਾ 'ਤੇ ਕਾਬਜ਼ ਹੋਏ ਅਖੌਤੀ ਇਨਕਲਾਬੀਆਂ ਦਾ ਮਖੌਟਾ ਹੋਰ ਵੀ ਬੇਨਕਾਬ ਕਰ ਦਿੱਤਾ। ਉਹਨਾਂ ਨੂੰ ਜੱਗ ਜਹਾਨ ਦੇ ਸਾਹਮਣੇ ਦੋਸ਼ੀਆਂ ਦੇ ਕਟਹਿਰੇ 'ਚ ਖੜ੍ਹੇ ਕਰ ਦਿੱਤਾ। ਪਰ ਸੱਤਾ ਦੇ ਨਸ਼ੇ 'ਚ ਗੁਲਤਾਨ ਆਪ ਸਰਕਾਰ ਪੀੜਤ ਪਰਿਵਾਰ ਦੀ ਬਾਂਹ ਫੜਨ ਦੀ ਬਜਾਏ ਬਾਂਹ ਮੋਰੜਨ ਦੇ ਰਾਹ ਹੀ ਤੁਰ ਪਈ। ਕੋਈ ਸਰਕਾਰੀ ਨੁਮਾਇੰਦਾ ਪੀੜਤ ਪਰਿਵਾਰ ਦਾ ਦੁੱਖ ਵੰਡਾਉਣ ਨਾ ਆਇਆ। ਜੇ ਆਈ ਤਾਂ ਪੁਲਿਸ ਦੀ ਧਾੜ ਹੀ ਆਈ । ਜੀਹਨੇ ਉਹਦੇ ਮਰਨ ਉਪਰੰਤ ਹੋਣ ਵਾਲੀਆਂ ਅੰਤਿਮ ਰਸਮਾਂ ਵੀ ਖੇਹ ਖਰਾਬ ਕਰਕੇ ਰੱਖ ਦਿੱਤੀਆਂ। ਜੋ ਮੌਜੂਦਾ ਸਰਕਾਰ ਅਤੇ ਰਾਜ ਮਸ਼ੀਨਰੀ ਦੀ ਮਜ਼ਦੂਰ ਵਰਗ ਪ੍ਰਤੀ ਅੰਨ੍ਹੀ ਜਮਾਤੀ ਤੇ ਜਾਤਪਾਤੀ ਨਫ਼ਰਤ ਦਾ ਇੱਕ ਹੋਰ ਨਮੂਨਾ ਹੈ। 
ਗੁਲਜ਼ਾਰ ਸਿੰਘ ਖੁਦਕੁਸ਼ੀ ਕਾਂਡ - ਸਿਆਸੀ ਪਾਰਟੀਆਂ ਲਈ ਚਿੜੀਆਂ ਦਾ ਮਰਨ ਗਵਾਰਾ ਦਾ ਹਾਸਾ
  ਗੁਲਜ਼ਾਰ ਸਿੰਘ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਬਾਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ ਨਾਲ਼ ਸੰਪਰਕ ਕਰਨ ਉਪਰੰਤ ਪਰਿਵਾਰ ਤੇ ਮਜ਼ਦੂਰ ਆਗੂਆਂ ਵੱਲੋਂ ਉਸਨੂੰ ਬਚਾਉਣ ਲਈ ਅੰਤਾਂ ਦੀ ਵਾਹ ਲਾਈ ਗਈ। ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਉਸਦਾ ਇਲਾਜ ਸਰਕਾਰੀ ਖਰਚੇ 'ਤੇ ਕਰਾਉਣ ਦੀ ਮੰਗ ਮਨਾਈ ਗਈ। ਉਸਨੂੰ ਸਰਕਾਰੀ ਹਸਪਤਾਲ ਸੰਗਰੂਰ ਤੋਂ ਰਾਜਿੰਦਰਾ ਹਸਪਤਾਲ ਪਟਿਆਲੇ ਲਿਜਾਇਆ ਗਿਆ ਅਤੇ ਫਿਰ ਸਰਕਾਰੀ ਪ੍ਰਬੰਧਾਂ ਦੀ ਬਦਇੰਤਜਾਮੀ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ। ਪਰ ਆਖ਼ਰ ਉਸਨੂੰ ਬਚਾਇਆ ਨਾ ਜਾ ਸਕਿਆ। ਮਜ਼ਦੂਰ ਗੁਲਜ਼ਾਰ ਸਿੰਘ ਦੀ ਹੋਈ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਦੁਖਦਾਈ ਮੌਤ ਉਪਰੰਤ ਜਿੱਥੇ ਮਜ਼ਦੂਰ ਕਿਸਾਨ ਹਿਤਾਂ ਲਈ ਜੂਝਦੀਆਂ ਜਥੇਬੰਦੀਆਂ ਦੇ ਆਗੂ ਪੀੜਤ ਪਰਿਵਾਰ ਦੇ ਘਰ ਪਹੁੰਚੇ, ਉੱਥੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਲੀਡਰ ਵੀ ਆਪਣੇ ਨਾਲ ਕੈਮਰਿਆਂ ਵਾਲੇ ਪੱਤਰਕਾਰਾਂ ਸਮੇਤ ਆ ਧਮਕੇ। ਪਰ ਉੱਥੇ ਮੌਜੂਦ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ  ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ 'ਚ ਜਿੱਥੇ ਮਜ਼ਦੂਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਉਥੇ ਪਰਿਵਾਰ ਦੇ ਵੀ ਦੋ ਮੈਂਬਰ ਸ਼ਾਮਲ ਕਰਕੇ ਸੰਘਰਸ਼ ਦੀ ਮੁਢਲੀ ਵਿਉਂਤਬੰਦੀ ਕੀਤੀ ਗਈ ਅਤੇ ਮੰਗਾਂ ਦਾ ਚੌਖਟਾ ਤਿਆਰ ਕਰਕੇ ਪ੍ਰਸ਼ਾਸਨ ਦੇ ਅੱਗੇ ਰੱਖਿਆ ਗਿਆ। 
  ਜ਼ਿਲ੍ਹੇ  ਦੀ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਸਮੇਤ ਹੋਰਨਾਂ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਮੈਂਬਰਾਂ ਤੇ ਬਾਕੀ ਕਮੇਟੀ ਨਾਲ ਮੀਟਿੰਗ ਕੀਤੀ ਗਈ। ਪ੍ਰਸ਼ਾਸਨ ਵੱਲੋਂ ਪਿੰਡ ਦੀ ਸਰਪੰਚ ਤੇ ਉਸਦੇ ਪਤੀ ਸਮੇਤ ਬਾਕੀਆਂ ਉਤੇ ਗੁਲਜ਼ਾਰ ਸਿੰਘ ਦੇ ਵੀਡੀਓ ਬਿਆਨਾਂ ਦੇ ਅਧਾਰ 'ਤੇ ਪਰਚਾ ਦਰਜ ਕਰਕੇ ਸਰਪੰਚਣੀ ਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਰਿਵਾਰ ਨੂੰ 45 ਲੱਖ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ, ਪਿੰਡ 'ਚੋਂ ਨਸ਼ਾ ਖਤਮ ਕਰਨ ਲਈ ਢੁਕਵੀਂ ਕਾਰਵਾਈ ਕਰਨ ਅਤੇ ਇਲਾਜ 'ਚ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਖ਼ਿਲਾਫ਼ ਪੜਤਾਲ ਕਰਕੇ ਕਾਰਵਾਈ ਕਰਨ ਆਦਿ ਮੰਗਾਂ ਮੰਨ ਲਈਆਂ। ਪ੍ਰੰਤੂ ਖਜ਼ਾਨਾ ਮੰਤਰੀ ਹਰਪਾਲ ਚੀਮਾ 'ਤੇ ਪਰਚਾ ਦਰਜ ਕਰਨ ਦੀ ਥਾਂ ਉਸਦੀ ਪੜਤਾਲ ਇੱਕ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਤੋਂ ਕਰਾਉਣ ਦਾ ਵਾਅਦਾ ਕੀਤਾ ਗਿਆ ਕਿ ਪੜਤਾਲ 'ਚ ਦੋਸ਼ੀ ਪਾਏ ਜਾਣ ਤੇ ਮੰਤਰੀ ਨੂੰ ਕੇਸ 'ਚ ਸ਼ਾਮਲ ਕੀਤਾ ਜਾਵੇਗਾ। ਪਰਿਵਾਰ ਮੈਂਬਰਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਬਣਨ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ। ਪ੍ਰੰਤੂ ਪ੍ਰਸਾਸ਼ਨ ਵੱਲੋਂ ਮ੍ਰਿਤਕ ਗੁਲਜ਼ਾਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਨੂੰ ਘਰ ਲਿਜਾਣ ਦੀ ਬਜਾਏ ਭਾਰੀ ਪੁਲਸ ਫੋਰਸ ਝੋਕ ਕੇ ਸਿੱਧਾ ਹੀ ਸ਼ਮਸ਼ਾਨ ਘਾਟ ਲਿਜਾਇਆ ਗਿਆ।
ਪ੍ਰਸ਼ਾਸਨ ਦੀ ਇਸ ਧੱਕੜ ਕਾਰਵਾਈ ਖਿਲਾਫ਼ ਉਥੇ ਮੌਜੂਦ ਲੋਕਾਂ 'ਚ ਤਿੱਖਾ ਰੋਸ ਪੈਦਾ ਹੋਣਾ ਸੁਭਾਵਿਕ ਹੀ ਸੀ। ਪਰ ਉੱਥੇ ਮੌਜੂਦ ਕਾਂਗਰਸੀ ਆਗੂ ਸੁਖਪਾਲ ਖਹਿਰਾ ਤੇ ਅਕਾਲੀ ਦਲ ਬਾਦਲ ਦੇ ਮੌਕਾਪ੍ਰਸਤ ਆਗੂਆਂ ਵੱਲੋਂ ਇਸ ਨੂੰ ਨਿਆਮਤੀ ਮੌਕਾ ਸਮਝਦੇ ਹੋਏ ਖੂਬ ਹੰਗਾਮਾ ਖੜ੍ਹਾ ਕੀਤਾ ਗਿਆ। ਇਹਨਾਂ ਮੌਕਾਪ੍ਰਸਤ ਸਿਆਸੀ ਆਗੂਆਂ ਵੱਲੋਂ  ਪੀੜਤ ਪਰਿਵਾਰ ਨਾਲ ਡਟ ਕੇ ਖੜ੍ਹਨ ਵਾਲੇ ਮਜ਼ਦੂਰ ਆਗੂਆਂ ਤੇ ਕਮੇਟੀ ਖਿਲਾਫ਼ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਦੋਸ਼ ਲਾ ਕੇ ਭੰਡੀ ਪ੍ਰਚਾਰ ਵਿੱਢ ਦਿੱਤਾ । ਇਹਨਾਂ ਮੌਕਾਪ੍ਰਸਤ ਸਿਆਸੀ ਆਗੂਆਂ ਦੀ ਬੁਖਲਾਹਟ ਦਾ ਕਾਰਨ ਜਿਥੇ ਪਰਿਵਾਰ ਵੱਲੋਂ ਸਮਝੌਤਾ ਕਰਨ ਸਦਕਾ ਇਹਨਾਂ ਲਈ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਖੇਡ ਖਤਮ ਹੋਣਾ ਜਾਪਿਆ ਉਥੇ ਇਹ ਵੀ ਇੱਕ ਅਹਿਮ ਕਾਰਨ ਸੀ ਕਿ ਉਹਨਾਂ ਨੂੰ ਕਮੇਟੀ ਵੱਲੋਂ ਸਟੇਜ ਤੋਂ ਬੋਲਣ ਦੀ ਮਨਾਹੀ ਕਰ ਰੱਖੀ ਸੀ। ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਅਜਿਹੇ ਮੌਕਾਪ੍ਰਸਤ ਲੀਡਰਾਂ ਨੂੰ ਇਹ ਕਿਵੇਂ ਹਜ਼ਮ ਹੋ ਸਕਦਾ ਹੈ ਕਿ ਮਜ਼ਦੂਰ ਪਰਿਵਾਰਾਂ ਦੇ ਜਾਏ ਉਹਨਾਂ ਨੂੰ ਸਟੇਜ ਦੇ ਨੇੜੇ ਨਾ ਫਟਕਣ ਦੇਣ। ਇਸ ਲਈ ਉਹਨਾਂ ਵੱਲੋਂ ਮਜ਼ਦੂਰ ਆਗੂਆਂ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਗਈ। ਖੈਰ ਉਸ ਸਮੇਂ ਤਾਂ ਪਰਿਵਾਰ ਦੇ ਮੈਂਬਰਾਂ ਨੇ ਜਿਵੇਂ ਕਿਵੇਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਅਤੇ ਆਪਣੀ ਸਹਿਮਤੀ ਬਾਰੇ ਮੀਡੀਆ 'ਚ ਬਿਆਨ ਵੀ ਦੇ ਦਿੱਤੇ । 
ਪ੍ਰੰਤੂ ਬਾਅਦ ਵਿੱਚ ਕਾਂਗਰਸੀ , ਅਕਾਲੀ ਤੇ ਭਾਜਪਾ ਸਮੇਤ ਕਈ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਪੀੜਤ ਪਰਿਵਾਰ ਦੁਆਲੇ ਘੇਰਾ ਘੱਤ ਲਿਆ । ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਕੀਤੇ ਸਮਝੌਤੇ ਨੂੰ ਨਾਮਨਜ਼ੂਰ ਕਰਨ ਦੇ ਬਿਆਨ ਦੁਆਏ ਗਏ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਦਬਾਅ ਪਾਉਣ ਦੀ ਥਾਂ ਇਸ ਨੂੰ ਇੱਕ ਵਾਰ ਤਾਂ ਖਟਾਈ 'ਚ ਪਾ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨ ਲਈ ਇਸ ਬੇਹੱਦ ਗੰਭੀਰ ਮਸਲੇ ਨੂੰ ਛੋਟੀ ਮੋਟੀ ਘਟਨਾ ਕਰਾਰ ਦੇ ਕੇ ਆਪਣੀ ਸਰਕਾਰ ਅਤੇ ਪਾਰਟੀ ਦੀ ਮਜ਼ਦੂਰ ਤੇ ਲੋਕ ਵਿਰੋਧੀ ਖਸਲਤ ਦੀ ਨੰਗੀ ਚਿੱਟੀ ਨੁਮਾਇਸ਼ ਲਾਈ ਗਈ। ਇਹਨਾਂ ਸਿਆਸੀ ਪਾਰਟੀਆਂ ਦੇ ਭੁਚਲਾਵੇ 'ਚ ਆਉਣ ਕਾਰਨ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਆਪਸੀ ਸਾਂਝ ਨੂੰ ਵੀ ਫੇਟ ਵੱਜਣ ਦੀਆਂ ਕਨਸੋਆ ਮਿਲ ਰਹੀਆਂ ਹਨ। ਕੁੱਲ ਮਿਲਾ ਕੇ ਹੁਕਮਰਾਨ ਆਪ ਪਾਰਟੀ ਅਤੇ ਬਾਕੀ ਸਿਆਸੀ ਪਾਰਟੀਆਂ ਲਈ ਤਾਂ ਇਹ ਖੁਦਕੁਸ਼ੀ ਕਾਂਡ ਚਿੜੀਆਂ ਦੀ ਮੌਤ ਗਵਾਰਾ ਦਾ ਹਾਸਾ ਹੋ ਨਿੱਬੜਿਆ।
ਬਿਨਾਂ ਸ਼ੱਕ ਇਸ ਘਟਨਾ ਮੌਕੇ ਅਗਵਾਈ ਕਰ ਰਹੀਆਂ ਮਜ਼ਦੂਰ ਜਥੇਬੰਦੀਆਂ ਬਣੇ ਹਲਾਤਾਂ 'ਚੋਂ ਕੁੱਝ ਹੋਰ ਵਧੇਰੇ ਚੌਕਸੀ ਵਰਤ ਕੇ ਸਮਝੌਤੇ ਨੂੰ ਹੋਰ ਬਿਹਤਰ ਬਣਾ ਕੇ ਇਸਨੂੰ ਸੁਚੱਜੇ ਢੰਗ ਨਾਲ ਲਾਗੂ ਕਰਾਉਣ ਲਈ ਪ੍ਰਸ਼ਾਸਨ ਨੂੰ ਮਜ਼ਬੂਰ ਕਰ ਸਕਦੀਆਂ ਸਨ। ਪਰ ਇਹਨਾਂ ਖਿਲਾਫ਼ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜੀ 'ਚ ਭੋਰਾ ਭਰ ਵੀ ਸਚਾਈ ਨਹੀਂ।
--0--

ਹਜ਼ਾਰਾਂ ਬੇਜ਼ਮੀਨੇ ਮਜ਼ਦੂਰਾਂ ਨੇ ਕੀਤਾ ਮੁੱਖ ਮੰਤਰੀ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਮਾਰਚ

 

ਹਜ਼ਾਰਾਂ ਬੇਜ਼ਮੀਨੇ ਮਜ਼ਦੂਰਾਂ ਨੇ ਕੀਤਾ ਮੁੱਖ ਮੰਤਰੀ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਮਾਰਚ
ਹੱਕੀ ਮੰਗਾਂ ਲਈ ਸੰਘਰਸ਼ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ: ਮਜ਼ਦੂਰ ਆਗੂ 

ਜਲੰਧਰ, 5 ਅਗਸਤ-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਐਲਾਨੇ ਸੰਘਰਸ਼ ਸੱਦੇ ਤਹਿਤ, ਅੱਜ ਪੰਜਾਬ ਭਰ 'ਚੋਂ ਆਏ ਬੇਜ਼ਮੀਨੇ ਮਜ਼ਦੂਰ ਮਰਦ ਔਰਤਾਂ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰੈਲੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਰੋਹਲਾ ਮਾਰਚ ਕੀਤਾ, ਸਰਕਾਰ ਵਿਰੁੱਧ ਗੁੱਸੇ ਤੇ ਰੋਹ ਨਾਲ ਭਰੇ ਪੀਤੇ ਮਜ਼ਦੂਰ ਇਸ ਗੱਲੋਂ ਖਫ਼ਾ ਹਨ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਜ਼ਮੀਨੇ ਲੋਕਾਂ ਦੀ ਸਾਰ ਨਹੀਂ ਲਈ, ਫੋਕੇ ਲਾਰੇ ਅਤੇ ਝੂਠੇ ਵਾਅਦਿਆਂ ਨਾਲ ਹੁਣ ਤਕ ਸਰਕਾਰ " ਡੰਗ" ਸਾਰ ਰਹੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਨਾਲ  ਪੰਜ ਵਾਰ ਮੀਟਿੰਗ ਤਹਿ ਕਰਕੇ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸਲ ਵਿਚ ਮੁੱਖ ਮੰਤਰੀ ਸਮਾਜ ਦੇ ਸਭ ਤੋਂ ਦਰੜੇ ਲੋਕਾਂ ਪ੍ਰਤੀ ਵਿਤਕਰੇਬਾਜ਼ੀ ਕਰ ਰਹੇ ਹਨ।

ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ , ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਮੁੱਖ ਆਗੂ ਗੁਲਜ਼ਾਰ ਗੋਰੀਆ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਚਮਕੌਰ ਸਿੰਘ ਖੇੜੀ,  ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਪਾਲ ਹਰੀਗੜ੍ਹ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਤਿੰਨ ਮਹੀਨਿਆਂ ਵਿਚ ਨਸ਼ੇ ਖ਼ਤਮ ਕਰਨ, ਲਾਲ ਲਕੀਰ ਅੰਦਰਲੇ ਘਰਾਂ ਦੀਆਂ ਰਜਿਸਟਰੀਆਂ ਕਰਨ, ਵਿਧਵਾ, ਬੁਢਾਪਾ, ਅੰਗਹੀਣ ਪੈਨਸ਼ਨਾਂ 'ਚ ਵਾਧਾ ਕਰਨ ਅਤੇ ਸਭ ਤੋਂ ਵੱਧ ਕੇ ਪ੍ਰਚਾਰਿਆ ਗਿਆ ਕਿ "ਸਾਡੇ ਰਾਜ ਵਿੱਚ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ" ਪਰ ਹੋਇਆ ਇਸ ਤੋਂ ਉਲਟ, ਮੋਦੀ ਸਰਕਾਰ ਵਲੋਂ ਲਿਆਂਦੇ ਮਜ਼ਦੂਰ ਵਿਰੋਧੀ ਲੇਬਰ ਕੋਡ, ਪੰਜਾਬ ਵਿੱਚ  ਸਭ ਤੋ ਪਹਿਲਾਂ ਲਾਗੂ ਕੀਤੇ ਗਏ, ਹੁਣ ਕੇਂਦਰ ਸਰਕਾਰ ਵੱਲੋਂ ਜੀ ਰਾਮ ਜੀ ਕਾਨੂੰਨ ਰਾਹੀਂ, ਜੋ ਮਨਰੇਗਾ ਦਾ ਭੋਗ ਪਾਇਆ, ਉਵੇਂ ਹੀ ਪੰਜਾਬ ਵਿਚ ਮਨਰੇਗਾ ਮਜ਼ਦੂਰਾਂ ਦਾ ਰੁਜ਼ਗਾਰ ਠੱਪ ਪਿਆ ਹੈ , ਮਜ਼ਦੂਰ ਆਗੂਆਂ ਨੇ ਕਿਹਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਮਸ਼ਹੂਰੀਆਂ 'ਤੇ ਪੈਸੇ ਨਹੀਂ ਖਰਚਣੇ ,ਉਹ ਬੱਚਿਆਂ ਦੇ ਸਕੂਲ ਬੈਗਾਂ ਅਤੇ ਤੀਰਥ ਯਾਤਰੀ ਬੱਸਾਂ 'ਤੇ ਵੀ ਇਸ਼ਤਿਹਾਰ ਲਾ ਰਹੀ ਹੈ।  ਮਜ਼ਦੂਰ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਵੀ ਬੀ ਜੀ ਰਾਮ ਜੀ ਕਾਨੂੰਨ ਰੱਦ ਕਰਕੇ, ਮਨਰੇਗਾ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਇਸ ਤਹਿਤ, ਸਾਲ ਭਰ ਲਈ ਰੁਜ਼ਗਾਰ ਤੇ ਘੱਟੋ ਘੱਟ ਦਿਹਾੜੀ 700/- ਕੀਤੀ ਜਾਵੇ, ਵਿਧਵਾ ਬੁਢਾਪਾ ਅੰਗਹੀਣ ਪੈਨਸ਼ਨ ਪ੍ਰਤੀ ਮਹੀਨਾ 5000/- ਹੋਵੇ, ਔਰਤਾਂ ਦੇ ਖਾਤੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦਾ ਬਕਾਇਆ ਪਾਇਆ ਜਾਵੇ, ਮਜ਼ਦੂਰਾਂ ਨੂੰ ਦਸ-ਦਸ ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ , ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਨ ਲਈ, ਜ਼ਮੀਨ ਹੱਦ ਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ 'ਚ ਵੰਡੀਆਂ ਜਾਣ , ਪੰਚਾਇਤੀ ਜ਼ਮੀਨ 'ਚੋਂ ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣਾ ਯਕੀਨੀ ਕੀਤਾ ਜਾਵੇ ਆਦਿਕ। ਆਗੂਆਂ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ 'ਤੇ ਸੰਘਰਸ਼ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕੱਠ ਨੂੰ ਮਜ਼ਦੂਰ ਆਗੂ ਦਰਸ਼ਨ ਨਾਹਰ,ਜੋਰਾ ਸਿੰਘ ਨਸਰਾਲੀ,  ਕਸ਼ਮੀਰ ਸਿੰਘ ਘੁਗਸ਼ੋਰ, ਲਖਵੀਰ ਲੌਂਗੋਵਾਲ, ਸੱਤਪਾਲ ਬਨੂੜ,  ਦੇਵੀ ਕੁਮਾਰੀ ਸਰਹਾਲੀ ਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ। --0--

( ਪ੍ਰੈਸ ਲਈ ਜਾਰੀ ਬਿਆਨ)

ਸਾਮਰਾਜੀ ਲੁਟੇਰੇ ਕਾਰੋਬਾਰ ਖਿਲਾਫ਼ ਸਾਂਝੀ ਲੋਕ ਲਲਕਾਰ

 ਸਾਮਰਾਜੀ ਲੁਟੇਰੇ ਕਾਰੋਬਾਰ ਖਿਲਾਫ਼ ਸਾਂਝੀ ਲੋਕ ਲਲਕਾਰ 

    ਅਮਰੀਕਨ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਤੇ ਉਹਨਾਂ ਦੀ ਸੇਵਾਦਾਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੋਟ ਨਿਸ਼ਾਨੇ 'ਤੇ ਰੱਖਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 20 ਅਗਸਤ ਨੂੰ ਅਮਰੀਕਨ ਕੰਪਨੀ ਪੈਪਸੀਕੋ (ਚੰਨੋ) , ਸੰਗਰੂਰ 'ਚ ਕੀਤੀ ਕਾਨਫਰੰਸ 'ਚ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ:) ਲੁਧਿਆਣਾ , ਹਿੰਦੋਸਤਾਨ ਯੂਨੀਲੀਵਰ ਮੁਲਾਜ਼ਮ ਯੂਨੀਅਨ ਰਾਜਪੁਰਾ (ਏਟਕ),ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਦਾ ਮਹੱਤਵ ਇਸ ਕਰਕੇ ਵੀ ਮਹੱਤਵਪੂਰਨ ਸੀ ਕਿ ਇੱਥੇ ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰ , ਕਿਸਾਨਾਂ ਦੀ ਹੱਲਾਸ਼ੇਰੀ ਤੇ ਮੱਦਦ ਨਾਲ ਜਥੇਬੰਦ ਹੋ ਕੇ ਕੰਪਨੀ ਪ੍ਰਬੰਧਕਾਂ ਤੇ ਠੇਕੇਦਾਰਾਂ ਦੀ ਲੁੱਟ ਤੇ ਜਬਰ ਖਿਲਾਫ਼ ਰੱਤ-ਨਿਚੋੜੂ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਪੱਕੇ ਰੁਜ਼ਗਾਰ , ਤਨਖਾਹ ਵਾਧੇ ਤੇ ਹੋਰ ਭਖਦੀਆਂ ਮੰਗਾਂ ਲਈ ਜੂਝਦੇ ਆ ਰਹੇ ਹਨ। ਜਿਸਦੀ ਬਦੌਲਤ ਪ੍ਰਬੰਧਕ ਮਜ਼ਦੂਰਾਂ ਦੀਆਂ ਕੁੱਝ ਫੌਰੀ ਮੰਗਾਂ ਨੂੰ ਮੰਨਕੇ ਵੀ ਲਾਗੂ ਕਰਨ ਤੋਂ ਆਨੀਂ-ਬਹਾਨੀਂ ਭੱਜ ਰਹੇ ਹਨ। ਉੱਸਰ ਰਹੀ ਮਜ਼ਦੂਰ ਏਕਤਾ ਤੇ ਜਥੇਬੰਦੀ ਨੂੰ ਤੋੜਨਾ -ਖਿੰਡਾਉਣਾ ਚਾਹੁੰਦੇ ਹਨ। ਖਰੀ ਮਦਦ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਖਿਲਾਫ਼ ਕੂੜ -ਪ੍ਰਚਾਰ ਕਰਕੇ ਆਲੂ ਉਤਪਾਦਕਾਂ 'ਚੋਂ ਨਿਖੇੜਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜੇਹੀ ਹਾਲਤ 'ਚ ਜਿੱਥੇ ਪੈਪਸੀਕੋ ਦੇ ਰੈਗੂਲਰ ਮੁਲਾਜ਼ਮਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਉਥੇ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਵੀ ਆਪਣੀਆਂ ਸ਼ਿਫਟਾਂ ਮੁਤਾਬਕ ਡਿਊਟੀ ਕਰਨ ਉਪਰੰਤ ਆਪਣੇ ਪ੍ਰੀਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਦੀਆਂ ਵਰਕਰਾਂ ਨੂੰ ਕੰਮ ਤੋਂ ਹਟਾਉਣ ਦੀਆਂ ਦਹਿਸ਼ਤੀ ਕਾਰਵਾਈਆਂ ਨੂੰ ਮਸਲ ਕੇ ਰੱਖ ਦਿੱਤਾ। ਕਿਸਾਨ ਘੋਲ ਦੀਆਂ ਪ੍ਰਮੁੱਖ 13 ਮੰਗਾਂ ਦਾ ਸਮਰਥਨ ਕਰਦੇ ਪੈਪਸੀਕੋ ਦੇ ਸੰਘਰਸ਼ਸ਼ੀਲ ਕੰਟਰੈਕਟ ਮਜ਼ਦੂਰਾਂ ਦੇ ਹੱਕੀ ਘੋਲ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਲੀਫਲੈਟ 5000 ਦੀ ਗਿਣਤੀ 'ਚ ਛਪਵਾਕੇ ਰੈਗੂਲਰ , ਕੰਟਰੈਕਟ ਮਜ਼ਦੂਰਾਂ ,ਚੰਨੋ ਬਜ਼ਾਰ ਤੇ ਕਿਸਾਨਾਂ 'ਚ ਵੰਡਿਆ ਗਿਆ। ਇਸ ਕਾਨਫਰੰਸ ਨੇ ਜਿੱਥੇ ਹਕੀਕੀ ਰੂਪ 'ਚ ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਦੇ ਗਠਜੋੜ ਦੁਆਲੇ ਹੋਰਨਾਂ ਮਿਹਨਤਕਸ਼ ਲੋਕਾਂ ਦੀ ਹਕੀਕੀ ਸਾਂਝ ਤੇ ਘੋਲ ਦੀ ਮਹੱਤਤਾ ਉਭਾਰੀ ਉਥੇ ਸਾਮਰਾਜ -ਕਾਰਪੋਰੇਟ ,ਜਾਗੀਰਦਾਰਾਂ ਤੇ ਉਹਨਾਂ ਦੀਆਂ ਰਖੇਲ ਸਰਕਾਰਾਂ ਨੂੰ ਚੋਟ ਨਿਸ਼ਾਨੇ 'ਤੇ ਰੱਖਕੇ , ਸਾਮਰਾਜੀ ਨੀਤੀ ਹਮਲਿਆਂ ਖਿਲਾਫ਼ ਸਾਂਝੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।

ਕਿਸਾਨ ਧਰਨੇ ਦਾ ਸਨਅਤੀ ਮਜ਼ਦੂਰ ਜਥੇਬੰਦੀ ਵੱਲੋਂ ਸਮਰਥਨ



 ਕਿਸਾਨ ਧਰਨੇ ਦਾ ਸਨਅਤੀ ਮਜ਼ਦੂਰ ਜਥੇਬੰਦੀ ਵੱਲੋਂ ਸਮਰਥਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਦੁਸ਼ਮਣ ਸਾਮਰਾਜੀ ਨੀਤੀਆਂ , ਭਾਰਤ -ਅਮਰੀਕਾ ਮੁਕਤ ਵਪਾਰ ਵਾਰਤਾ , ਮਜ਼ਦੂਰ ਵਿਰੋਧੀ 4 ਕਿਰਤ ਕੋਡਾਂ , ਨਿੱਜੀਕਰਨ , ਵਧਦੀ ਮਹਿੰਗਾਈ ਤੇ ਹਕੂਮਤੀ ਜਬਰ ਖਿਲਾਫ਼ ਅਤੇ ਹੱਕੀ ਮੰਗਾਂ ਸਬੰਧੀ 30 ਅਗੱਸਤ ਤੋਂ 14 ਸਤੰਬਰ ਤੱਕ ਸੂਬੇ ਭਰ 'ਚ ਡੀ ਸੀ ਦਫਤਰਾਂ ਅੱਗੇ ਦਿਨ -ਰਾਤ ਦੇ ਲਾਏ ਪੱਕੇ ਮੋਰਚਿਆਂ ਦਾ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ:) ਲੁਧਿਆਣਾ ਵਲੋਂ ਸਮਰਥਨ ਕਰਦੇ ਹੋਏ ਜ਼ਿਲਾ ਕਚਹਿਰੀ ਲੁਧਿਆਣਾ 'ਚ ਕਿਸਾਨ ਮੋਰਚੇ 'ਚ ਵਰਕਰ ਸਾਥੀਆਂ ਸਮੇਤ ਸ਼ਮੂਲੀਅਤ ਕਰਦੇ ਰਹੇ। ਸਨਅਤੀ ਮਜ਼ਦੂਰਾਂ ਤੇ ਹੌਜਰੀ ਵਰਕਰਾਂ ਦੀਆਂ ਜਨਤਕ ਮੀਟਿੰਗਾਂ ਕਰਵਾ ਕੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨਾਲ ਪਹਿਲਾਂ ਹੀ ਸੰਕਟਗ੍ਰਸਤ ਖੇਤੀ-ਬਾੜੀ , ਸਹਾਇਕ ਧੰਦਿਆਂ ਡੇਅਰੀ , ਪੋਲਟਰੀ, ਮੱਛੀ ਪਾਲਣ ਦੇ ਨਾਲ ਨਾਲ ਛੋਟੇ ਕਾਰੋਬਾਰਾਂ, ਪ੍ਰਚੂਨ ਵਪਾਰ, ਛੋਟੀ ਸਨਅਤ, ਹੌਜਰੀ/ਕੱਪੜਾ ਸਨਅਤ ਦੀ ਤਬਾਹੀ ਨਾਲ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਵਿਆਪਕ ਮਾਰ ਪਵੇਗੀ। ਕਿਰਤ ਕੋਡ , ਨਿੱਜੀਕਰਨ , ਹਕੂਮਤੀ ਜਬਰ , ਕਰਜ਼ੇ , ਸਮੇਤ 13 ਮੰਗਾਂ 'ਤੇ  ਬੀ ਕੇ ਯੂ ਏਕਤਾ ਉਗਰਾਹਾਂ ਵਲੋਂ ਸ਼ੁਰੂ ਕੀਤਾ ਅੰਦੋਲਨ ਮਜ਼ਦੂਰ ਕਿਸਾਨ , ਮੁਲਾਜ਼ਮ ਤੇ ਮਿਹਨਤਕਸ਼ ਲੋਕਾਂ ਦਾ ਸਾਂਝਾ ਅੰਦੋਲਨ ਬਣਦਾ ਹੈ, ਉਸ ਵਿੱਚ ਸ਼ਮੂਲੀਅਤ ਕਰਕੇ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਕਿਸਾਨ ਮੋਰਚੇ ਦੇ ਪਹਿਲੇ ਦਿਨ , 4 ਸਤੰਬਰ ਨੂੰ ਸੰਘਰਸ਼ਸ਼ੀਲ ਮਜ਼ਦੂਰ ਮੁਲਾਜ਼ਮ ਪੈਨਸ਼ਨਰਾਂ ਨੂੰ ਸਮਰਪਿਤ , 12 ਸਤੰਬਰ ਆਮ ਆਦਮੀ ਪਾਰਟੀ ਮੰਤਰੀ ਤਰੁਨਪ੍ਰੀਤ ਸੌਂਦ ਖੰਨਾ ਦੀ ਕੋਠੀ ਦਾ ਘੇਰਾਓ ਪ੍ਰੋਗਰਾਮ ਅਤੇ ਅਖੀਰਲੇ ਦਿਨ ਡੀ ਸੀ ਦਫ਼ਤਰਾਂ ਦੇ ਘੇਰਾਓ ਐਕਸ਼ਨਾਂ 'ਚ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਘੋਲ ਸੱਦੇ ਦੌਰਾਨ ਹਰਜਿੰਦਰ ਸਿੰਘ ਪ੍ਰਧਾਨ , ਜੀ ਐਸ ਜੌਹਰੀ , ਭੈਣ ਮਨਜੀਤ ਕੌਰ ਵੀ ਸੰਬੋਧਨ ਕਰਦੇ ਰਹੇ।

ਵਿਦਿਆਰਥੀਆਂ ਨੇ ਮਨਾਇਆ ਸ਼ਹੀਦ ਭਗਤ ਦਾ ਜਨਮ ਦਿਹਾੜਾ



 ਵਿਦਿਆਰਥੀਆਂ ਨੇ ਮਨਾਇਆ ਸ਼ਹੀਦ ਭਗਤ ਦਾ ਜਨਮ ਦਿਹਾੜਾ 

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਵਿੱਦਿਅਕ ਸੰਸਥਾਵਾਂ ਅਤੇ ਪਿੰਡਾਂ ਵਿੱਚ ਲਿਜਾਣ ਲਈ ਮੁਹਿੰਮ ਚਲਾਈ ਗਈ।ਇਸ ਸਰਗਰਮੀ ਨੂੰ ਵਿਉਂਤਣ ਲਈ ਸਰਗਰਮ ਵਿਦਿਆਰਥੀਆਂ ਦੀ ਮੀਟਿੰਗ ਕੀਤੀ ਗਈ ਅਤੇ ਵੱਖ-ਵੱਖ ਢੰਗਾਂ ਰਾਹੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਦਿਨ ਨੂੰ ਮਨਾਉਣ ਲਈ ਪੁਸਤਕ ਪ੍ਰਦਰਸ਼ਨੀ,ਕੰਧ ਨਾਹਰੇ, ਇਕੱਤਰਤਾਵਾਂ,ਨਾਟਕ ਅਤੇ ਮੋਟਰਸਾਈਕਲ ਮਾਰਚ ਆਦਿ ਢੰਗ ਅਪਣਾਏ ਗਏ।    ਰੀਜ਼ਨਲ ਸੈਂਟਰ ਬਠਿੰਡਾ,ਯੂਨੀਵਰਸਿਟੀ ਕਾਲਜ ਘੁੱਦਾ,ਕੇਂਦਰੀ ਯੂਨੀਵਰਸਿਟੀ ਪੰਜਾਬ(ਬਠਿੰਡਾ) ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਜਿਸ ਵਿੱਚ ਸ਼ਹੀਦਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਅਤੇ ਅਗਾਂਹਵਧੂ ਸਾਹਿਤ ਵਿਦਿਆਰਥੀਆਂ ਦੇ ਸਨਮੁੱਖ ਕਰਵਾਇਆ ਗਿਆ।ਇਸ ਪ੍ਰਦਰਸ਼ਨੀ ਦੌਰਾਨ ਸ਼ਹੀਦ ਭਗਤ ਸਿੰਘ ਤੋਂ ਇਲਾਵਾ ਕੌਮੀ ਮੁਕਤੀ ਲਹਿਰ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸ਼ਹੀਦਾਂ ਦੇ ਪੋਸਟਰ ਵੀ ਲਗਾਏ ਗਏ।ਇਸ ਪ੍ਰਦਰਸ਼ਨੀ ਦੌਰਾਨ ਕੌਮੀ ਮੁਕਤੀ ਲਈ ਜੂਝ ਰਹੇ ਫ਼ਲਸਤੀਨ ਅਤੇ ਕਸ਼ਮੀਰ ਦੇ ਪੋਸਟਰ ਵੀ ਲਗਾਏ ਗਏ।ਇਸ ਪ੍ਰਦਰਸ਼ਨੀ ਰਾਹੀਂ ਮੋਦੀ ਹਕੂਮਤ ਦੇ ਝੂਠੇ ਦੇਸ਼ ਭਗਤੀ ਦੇ ਬਿਰਤਾਂਤ ਦੀ ਥਾਂ ਹਕੀਕੀ ਦੇਸ਼ ਭਗਤੀ ਦਾ ਬਿਰਤਾਂਤ ਪੇਸ਼ ਕੀਤਾ ਗਿਆ। ਸੰਗਤ ਇਲਾਕੇ ਦੇ ਪਿੰਡ ਜੰਗੀਰਾਣਾ ਵਿੱਚ ਨੌਜਵਾਨਾਂ,ਵਿਦਿਆਥੀਆਂ ਦੀ ਇਕੱਤਰਤਾ ਕੀਤੀ ਗਈ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਿੰਘੇਵਾਲਾ ਅਤੇ ਘੁੱਦਾ ਵਿੱਚ ਵਿਦਿਆਰਥੀਆਂ ਵੱਲੋਂ ਕੰਧ ਨਾਹਰੇ ਲਿਖੇ ਗਏ। ਸੰਗਤ ਇਲਾਕੇ 'ਚ ਇਸ ਮੁਹਿੰਮ ਦੇ ਸਿਖਰ 'ਤੇ ਮੋਟਰਸਾਈਕਲ ਮਾਰਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮਾਰਚ ਦੀ ਸ਼ੁਰੂਆਤ ਪਿੰਡ ਘੁੱਦਾ ਦੀ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਤੋਂ ਕੀਤੀ ਗਈ ਅਤੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਦੀ ਹੁੰਦੇ ਹੋਏ ਇਸ ਮਾਰਚ ਦੀ ਸਮਾਪਤੀ ਇਨਕਲਾਬੀ ਨਾਅਰਿਆਂ ਨਾਲ ਯੂਨੀਵਰਸਿਟੀ ਕਾਲਜ ਘੁੱਦਾ ਅੱਗੇ ਕੀਤੀ ਗਈ।  ਯੂਨੀਵਰਸਿਟੀ ਕਾਲਜ ਜੈਤੋ ਅਤੇ ਟੀ.ਪੀ.ਡੀ ਕਾਲਜ ਰਾਮਪੁਰਾ ਫੂਲ ਵਿੱਚ ਵਿਦਿਆਰਥੀ ਇਕੱਤਰਤਾਵਾਂ ਕੀਤੀਆਂ ਗਈਆਂ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ।ਕਾਲਜ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਇਸ ਇਕੱਤਰਤਾ ਵਿੱਚ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਕਾਲਜ ਮੂਨਕ ਦੀ ਇਕਾਈ ਵੱਲੋਂ ਇਸ ਦਿਨ ਨੂੰ ਸਮਰਪਿਤ ਸਟੇਜੀ ਨਾਟਕ ਕਰਵਾਏ ਗਏ।ਜਿਸ ਵਿੱਚ ਪ੍ਰੋ. ਚਰਨਜੀਤ ਦੇਹਲਾ ਦੀ ਟੀਮ ਵੱਲੋਂ ਨਾਟਕ "ਕੱਚਾ ਮਾਸਟਰ" ਪੇਸ਼ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ,ਕਾਲਜ ਅਧਿਆਪਕਾਂ ਅਤੇ ਹੋਰ ਸਟਾਫ਼ ਨੇ ਸ਼ਮੂਲੀਅਤ ਕੀਤੀ। ਇਸ ਸਾਰੀ ਸਰਗਰਮੀ ਨੂੰ ਵਿਉਂਤ ਅਨੁਸਾਰ ਨੇਪਰੇ ਲਾਉਣ ਲਈ 15 ਦੇ ਲਗਭਗ ਵਿਦਿਆਰਥੀਆਂ ਨੇ ਸਰਗਰਮ ਭੂਮਿਕਾ ਨਿਭਾਈ। ਇਸ ਮੁਹਿੰਮ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਸ਼ਹੀਦ ਭਗਤ ਸਿੰਘ ਨੂੰ ਜਾਨਣ ਸਮਝਣ ਲਈ ਹੋਰ ਅਧਿਐਨ ਕਰਨ ਦੀ ਚੇਟਕ ਵੀ ਲਾਈ।

--0--

ਪੇਂਟਿੰਗ ਮੁਕਾਬਲੇ ਕਰਵਾਏ ਤੇ ਕੱਢਿਆ ਮਾਰਚ 

 ਲੰਬੀ,20 ਸਤੰਬਰ -- ਪਿੰਡ ਸਿੰਘੇਵਾਲਾ ਫਤੂਹੀਵਾਲਾ ਦੇ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਨਸ਼ਿਆਂ ਤੋਂ ਮੁਕਤੀ ਅਤੇ ਆਰਥਿਕ ਤੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਲਈ ਜੱਦੋਜਹਿਦ ਤੇਜ਼ ਕਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਸਿਰਾਂ 'ਤੇ ਬਸੰਤੀ ਦਸਤਾਰਾਂ ਤੇ ਚੁੰਨੀਆਂ ਸਜਾ ਕੇ ਪਿੰਡ ਦੇ ਵਿੱਚ ਭਾਵਪੂਰਤ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਜੁੜੇ ਨੌਜਵਾਨਾਂ ਤੇ ਖੇਤ ਮਜ਼ਦੂਰਾਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਅਕਾਸ਼ਦੀਪ ਸਿੰਘ, ਪਿੰਡ ਦੇ ਨੌਜਵਾਨ ਆਗੂ ਮਹੇਸ਼ ਸਿੰਘ, ਜਗਦੀਪ ਸਿੰਘ, ਕਰਾਂਤੀ ਪਾਲ , ਰਾਜਪ੍ਰੀਤ ਸਿੰਘ ਤੇ ਅਮਨਦੀਪ ਕੌਰ ਨੇ ਸੰਬੋਧਨ ਕੀਤਾ। ਉਹਨਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਆਪਣੇ ਇਨਕਲਾਬੀ ਵਿਚਾਰਾਂ ਅਤੇ ਲਾਸਾਨੀ ਕੁਰਬਾਨੀ ਦੀ ਬਦੌਲਤ ਹਮੇਸ਼ਾ ਜਿੰਦਾ ਰਹਿਣਗੇ।  ਉਹਨਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਲੁੱਟ ਰਹਿਤ ਸਮਾਜ ਸਿਰਜਣ ਦਾ ਸੁਪਨਾ ਲਿਆ ਗਿਆ ਸੀ ਉਹ ਅੱਜ ਵੀ ਅਧੂਰਾ ਹੈ। । ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਇਸ ਨਾਬਰਾਬਰੀ ਵਾਲੇ ਪ੍ਰਬੰਧ ਦੇ ਖਿਲਾਫ ਸੰਘਰਸ਼ਾਂ ਦੇ ਮੈਦਾਨ 'ਚ ਨਿੱਤਰਣ । ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸ਼ਹੀਦ ਭਗਤ ਸਿੰਘ ਦੇ ਆਦਰਸ਼ ਵਾਲਾ ਲੁੱਟ ਰਹਿਤ ਸਮਾਜ ਸਿਰਜਣ ਦੇ ਲਈ ਅੱਜ ਨੌਜਵਾਨਾਂ ਵੱਲੋਂ ਨਸ਼ਿਆਂ, ਲੱਚਰਤਾ ਤੇ ਗੁੰਡਾ ਗ੍ਰੋਹਾਂ ਵਰਗੇ ਨਿਘਾਰਾਂ ਖਿਲਾਫ਼ ਬਗਾਵਤ ਕਰਨ ਅਤੇ ਜਾਬਰ ਹਕੂਮਤੀ ਨੀਤੀਆਂ ਖਿਲਾਫ਼ ਡਟ ਕੇ ਖੜ੍ਹਨ ਦੀ ਲੋੜ ਹੈ। ਇਸ ਮੌਕੇ ਹਰਮੀਤ ਸਿੰਘ ਤੇ ਨਵਰੀਤ ਕੌਰ ਕੋਟ ਗੁਰੂ ਅਤੇ ਰਾਣੀ ਕੌਰ ਸਿੰਘੇਵਾਲਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਪੇਂਟਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਕਿਤਾਬ "ਇਨਕਲਾਬ ਦਾ ਸੂਹਾ ਚਿੰਨ੍ਹ" ਦੇ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

--0--

ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲਾ ਪੱਧਰ ਧਰਨੇ ਅਹਿਮ ਕਿਸਾਨ ਮੰਗਾਂ ਲਈ ਵਿਸ਼ਾਲ ਜਨਤਕ ਲਾਮਬੰਦੀ

 

ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲਾ ਪੱਧਰ ਧਰਨੇ 
ਅਹਿਮ ਕਿਸਾਨ ਮੰਗਾਂ ਲਈ ਵਿਸ਼ਾਲ ਜਨਤਕ ਲਾਮਬੰਦੀ

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਹਿਮ ਅਤੇ ਫੌਰੀ ਕਿਸਾਨ ਮੰਗਾਂ ਨੂੰ ਲੈ ਕੇ 30 ਅਗਸਤ ਤੋਂ ਲੈ ਕੇ 13 ਸਤੰਬਰ ਤੱਕ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ 'ਤੇ ਲਗਾਤਾਰ ਧਰਨੇ ਦਿੱਤੇ ਗਏ ਹਨ। ਪਹਿਲਾਂ 19 ਅਗਸਤ ਨੂੰ ਪੰਜਾਬ ਅੰਦਰ ਕਾਰਪੋਰੇਟ ਲੁੱਟ ਦੇ ਤਿੰਨ ਉਭਰਵੇਂ ਚਿੰਨ੍ਹਾਂ ਨੂੰ ਕਿਸਾਨ ਰੋਹ ਦਾ ਨਿਸ਼ਾਨਾ ਬਣਾਉਂਦਿਆਂ ਉਹਨਾਂ ਥਾਵਾਂ 'ਤੇ ਧਰਨੇ ਮਾਰੇ ਗਏ ਸਨ। ਖੇਤੀ ਖੇਤਰ ਦੀ ਵੱਡੀ ਲੁਟੇਰੀ ਬਹੁਕੌਮੀ ਸਾਮਰਾਜੀ ਕੰਪਨੀ ਕਾਰਗਿਲ ਦੀ ਬਠਿੰਡਾ ਸਥਿਤ ਪਸ਼ੂ ਖੁਰਾਕ ਫੈਕਟਰੀ, ਪੈਪਸੀਕੋ ਫੈਕਟਰੀ ਚੰਨੋ ਸੰਗਰੂਰ ਅਤੇ ਸੰਸਾਰ ਬੈਂਕ ਦੀ ਵਿਉਂਤ ਤਹਿਤ ਅੰਮ੍ਰਿਤਸਰ ਵਿੱਚ ਲੱਗੇ ਹੋਏ ਪਾਣੀ ਪ੍ਰੋਜੈਕਟ ਮੂਹਰੇ ਲਾਏ ਗਏ। ਇਹਨਾਂ ਇੱਕ ਰੋਜਾ ਧਰਨਿਆਂ ਵਿੱਚ ਪੰਜਾਬ ਭਰ ਤੋਂ ਦਹਿ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਏ ਸਨ। ਇਹਨਾਂ ਇਕੱਠਾਂ ਚੋਂ 30 ਤਰੀਕ ਤੋਂ ਜਿਲ੍ਹਾ ਕੇਂਦਰਾਂ 'ਤੇ ਲਗਾਤਾਰ ਧਰਨੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਜਥੇਬੰਦੀ ਵੱਲੋਂ ਉਭਾਰੇ ਗਏ ਮੰਗ ਪੱਤਰ ਵਿੱਚ ਹੇਠਾਂ ਦਿੱਤੀਆਂ ਗਈਆਂ ਮੰਗਾਂ ਸ਼ਾਮਿਲ ਸਨ।

1. ਦੁਬਾਰਾ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪਾਲਸੀ ਦੀ ਸਕੀਮ ਰੱਦ ਕੀਤੀ ਜਾਵੇ ਪੰਜਾਬ ਦੇ ਵਿੱਚ ਡਰੋਨਾਂ ਨਾਲ ਕੀਤੇ ਸਰਵੇ ਬੰਦ ਕੀਤੇ ਜਾਣ। ਕਾਸ਼ਤਕਾਰਾਂ ,ਆਬਾਦਕਾਰਾਂ, ਮੁਜ਼ਾਰਿਆਂ ਮਾਲਕੀ ਹੱਕ ਦੇਣ ਦਾ ਕਾਨੂੰਨ ਬਣਾਇਆ ਜਾਵੇ।

2. ਗਰੀਬ ਕਿਸਾਨਾਂ ਮਜ਼ਦੂਰਾਂ ਦਾ ਉਜਾੜਾ ਬੰਦ ਕੀਤਾ ਜਾਵੇ ।

3. ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਖਤਮ ਕੀਤਾ ਜਾਵੇ। ਸੂਦਖੋਰੀ ਨੂੰ ਨੱਥ ਮਾਰਦਾ ਕਰਜ਼ਾ ਕਾਨੂੰਨ ਬਣਾਇਆ ਜਾਵੇ। ਅਤੇ ਖੁਦਕਸ਼ੀ ਪੀੜਤ  ਪਰਿਵਾਰਾਂ ਨੂੰ ਤੁਰੰਤ ਨੌਕਰੀ ਤੇ ਮੁਆਵਜ਼ਾ ਦਿੱਤਾ  ਜਾਵੇ।        

4. ਕਿਸਾਨਾਂ, ਮਜ਼ਦੂਰਾਂ ਪੱਖੀ,  ਸਾਮਰਾਜ -ਕਾਰਪੋਰੇਟ  ਵਿਰੋਧੀ ਵਾਤਾਵਰਨ ਦੇ ਅਨੁਕੂਲ ਖੇਤੀ ਨੀਤੀ ਬਣਾਈ ਜਾਵੇ ਤੇ ਤੁਰੰਤ ਲਾਗੂ ਕੀਤੀ ਜਾਵੇ। ਝੋਨੇ ਦੇ ਮੁਕਾਬਲੇ ਬਦਲਵੀਆਂ ਫ਼ਸਲਾਂ ਦਾ ਪ੍ਰਬੰਧ ਕਰਦੇ ਹੋਏ ਉਹਨਾਂ ਫ਼ਸਲਾਂ ਦੀ ਖਰੀਦ ਦੀ ਕਨੂੰਨੀ ਗਰੰਟੀ ਕੀਤੀ ਜਾਵੇ ।                     

5. ਅੰਦੋਲਨ ਦੌਰਾਨ ਕਿਸਾਨ ਆਗੂਆਂ 'ਤੇ ਪਾਏ ਝੂਠੇ ਸਾਰੇ ਪੁਲਿਸ ਕੇਸ  ਅਤੇ ਪਰਾਲੀ ਸਾੜਨ ਵਿਰੁੱਧ ਬਣਾਏ ਕੇਸ  ਰੱਦ ਕੀਤੇ ਜਾਣ। ਲੜਦੇ ਲੋਕਾਂ ਤੇ ਕੁੱਲ ਜਬਰ ਕਰਨਾ ਬੰਦ ਕੀਤਾ ਜਾਵੇ।।         

6. ਪਿਛਲੇ ਸਾਲ ਹੜ੍ਹਾਂ, ਕੁਦਰਤੀ ਕਰੋਪੀ ਨਾਲ ਹੋਏ ਨੁਕਸਾਨ ਦਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਣ ਲਈ ਬੱਜਟ ਰੱਖਿਆ ਜਾਵੇ।                   

7. ਮਹਿੰਗਾਈ ਵਧਾਉਣ ਦੇ ਸਾਰੇ ਕਦਮ ਵਾਪਸ ਲਏ   ਜਾਣ 

8. ਕੇਂਦਰ ਵੱਲੋਂ ਲਿਆਂਦੇ ਜਾ ਰਹੇ ਬੀਜ ਬਿੱਲ, ਬਿਜਲੀ ਬਿੱਲ , ਜੀ ਰਾਮ ਜੀ ਅਤੇ ਲੇਬਰ ਕੋਡ ਇੰਨ੍ਹਾ ਸਾਰੇ ਹਮਲਿਆਂ ਖਿਲਾਫ਼ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਰੱਦ ਕਨ ਦਾ ਮਤਾ ਪਾਸ ਕਰਕੇ  ਸੈਂਟਰ ਨੂੰ ਭੇਜਿਆ ਜਾਵੇ।                       

9.   ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਸਭਨਾ ਸਾਮਰਾਜੀ ਮੁਲਕਾਂ ਨਾਲ ਕੀਤੇ ਹੋਏ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਜਾਣ।                      

10. ਬਹੁਕੌਮੀ ਸਾਮਰਾਜੀ ਕੰਪਨੀਆਂ, ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਤੇ ਭਾਰੀ ਟੈਕਸ ਲਾਏ ਜਾਣ ।ਲੋਕਾਂ ਤੋਂ ਟੈਕਸਾਂ ਦਾ ਭਾਰ ਘਟਾਇਆ ਜਾਵੇ ਸਰਕਾਰੀ ਜਾਇਦਾਦਾਂ  ਵੇਚਣੀਆਂ ਬੰਦ ਕੀਤੀਆਂ ਜਾਣ ।       

11.    ਸਾਰੀਆਂ ਫ਼ਸਲਾਂ ਤੇ ਸੀ 2+ 50% ਫਾਰਮੂਲੇ ਨਾਲ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਸਰਬ ਵਿਆਪਕ ਜਨਤਕ ਵੰਡ ਪ੍ਰਣਾਲੀ( ਪੀਡੀਐਸ) ਨੂੰ ਲਾਗੂ ਕੀਤਾ ਜਾਵੇ।   

ਇਹਨਾਂ ਮੰਗਾਂ ਵਿੱਚ ਦਰਿਆਈ ਪਾਣੀਆਂ ਦੀ ਵੰਡ ਦੇ ਰੱਟੇ ਨੂੰ ਭਰਾਤਰੀ ਢੰਗ ਨਾਲ ਹੱਲ ਕਰਨ ਤੇ ਸਾਮਰਾਜੀ ਲੁੱਟ ਦੇ ਮਾਡਲ 'ਚੋਂ ਉਪਜੇ ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਕਈ ਤਰ੍ਹਾਂ ਦੇ ਠੋਸ ਕਦਮਾਂ ਦੀਆਂ ਮੰਗਾਂ ਵੀ ਸ਼ਾਮਿਲ ਸਨ। ਇਸ ਦੌਰਾਨ ਹੀ ਕਈ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿੱਚ ਇੱਕ ਹਫਤੇ ਦੇ ਧਰਨੇ ਮਗਰੋਂ ਪੰਜਾਬ ਸਰਕਾਰ ਵੱਲੋਂ ਧਾਰਾ 78, 79, 80 ਨੂੰ ਰੱਦ ਕਰਨ ਦਾ ਮਤਾ ਵਿਧਾਨ ਸਭਾ 'ਚ ਲਿਆਉਣ ਦਾ ਵਾਅਦਾ ਉਹਨਾਂ ਜਥੇਬੰਦੀਆਂ ਨਾਲ ਕੀਤਾ ਗਿਆ। ਇਸ ਪ੍ਰਸੰਗ ਵਿੱਚ ਕਿਸਾਨ ਜਥੇਬੰਦੀ ਨੇ ਮੰਗ ਉਭਾਰੀ ਕਿ ਦਰਿਆਈ ਪਾਣੀਆਂ ਬਾਰੇ ਮਤਾ ਪਾਸ ਕਰਨ ਸਮੇਂ ਆਪਸ ਵਿੱਚ ਮਿਲ ਬੈਠ ਕੇ ਮਸਲਾ ਨਿਬੇੜਨ ਦੀ ਸੇਧ ਰੱਖੀ ਜਾਵੇ। ਸਬੰਧਤ ਸੂਬਿਆਂ ਦੇ ਲੋਕਾਂ ਦਰਮਿਆਨ ਪਾਟਕ ਪਾਉਣ ਦੀ  ਸੇਧ ਨੂੰ ਰੱਦ  ਕੀਤਾ ਜਾਵੇ । ਰਾਵੀ ਦਰਿਆ ਤੇ ਹੋਰਨਾਂ ਨਦੀਆਂ ਨਾਲਿਆਂ ਦਾ ਪਾਕਿਸਤਾਨ ਵੱਲ  ਅਜਾਈਂ ਜਾਂਦੇ ਪਾਣੀ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਉਸ ਅਜਾਈਂ ਜਾਂਦੇ ਪਾਣੀ ਨੂੰ ਰੋਕਣ ਦਾ ਪ੍ਰਬੰਧ ਕੀਤਾ ਜਾਵੇ ਤੇ ਬੱਜਟ ਰੱਖਿਆ ਜਾਵੇ।

ਇਨਾਂ ਅਹਿਮ ਤੇ ਫੌਰੀ ਕਿਸਾਨ ਮੰਗਾਂ ਲਈ ਸੂਬੇ ਭਰ 'ਚੋਂ ਵੱਡੀ ਜਨਤਕ ਲਾਮਬੰਦੀ ਹੋਈ ਹੈ। ਜ਼ਿਲ੍ਹਾ ਕੇਂਦਰਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜੁੜਦੇ ਰਹੇ ਹਨ । ਜਿਹਨਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਸ਼ਮੂਲੀਅਤ ਵੀ ਹੋਈ ਹੈ। ਸਰਕਾਰ ਦੇ ਕੰਨ ਤੇ ਜੂੰ ਨਾ ਸਰਕਦੀ ਦੇਖ ਕੇ ਇਹਨਾਂ ਧਰਨਿਆਂ ਦੌਰਾਨ ਮਿਨੀ ਸਕੱਤਰੇਤਾਂ ਦੇ ਘਿਰਾਓ ਕਰਨ ਦਾ ਐਕਸ਼ਨ ਵੀ ਹੋਇਆ ਹੈ। ਮੁਲਾਜ਼ਮ ਸੰਘਰਸ਼ ਦੀ ਹਿਮਾਇਤ ਵੀ ਇਹਨਾਂ ਧਰਨਿਆਂ 'ਚ ਹੋਈ ਹੈ ਤੇ ਇਕ ਦਿਨ ਮੁਲਾਜ਼ਮ ਸੰਘਰਸ਼ ਦੀ ਹਮਾਇਤ ਨੂੰ ਸਮਰਪਿਤ ਕੀਤਾ ਗਿਆ ਸੀ। 4 ਸਤੰਬਰ ਨੂੰ ਮਿਥੇ ਗਏ ਇਸ ਦਿਨ ਤੇ ਸਭਨਾਂ ਜ਼ਿਲ੍ਹਾ ਕੇਂਦਰਾਂ ਤੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੇ ਪਹੁੰਚ ਕੇ ਬੀਕੇਯੂ ਏਕਤਾ ਉਗਰਾਹਾ ਵੱਲੋਂ ਤਬਕਾਤੀ ਸਾਂਝ ਉਭਾਰਨ ਦੇ ਉੱਦਮ ਨੂੰ ਚੰਗਾ ਹੁੰਗਾਰਾ ਭਰਿਆ ਸੀ। ਇਸ ਤੋਂ ਮਗਰੋਂ ਵੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਦੇ ਦਿਨ ਹੀ ਕਿਸਾਨ ਜਥੇਬੰਦੀ ਵੱਲੋਂ ਵੀ ਤਾਲਮੇਲਵੇਂ ਐਕਸ਼ਨ ਰਾਹੀਂ ਸਾਂਝ ਉਭਾਰਨ ਦਾ ਯਤਨ ਕੀਤਾ ਗਿਆ। ਜਿਹੜੇ ਮੰਤਰੀਆਂ ਦੇ ਘਰਾਂ ਅੱਗੇ ਮੁਲਾਜ਼ਮਾਂ ਦੇ ਧਰਨੇ ਨਹੀਂ ਸਨ ਲੱਗ ਰਹੇ, ਉਹਨਾਂ ਮੰਤਰੀਆਂ ਦੇ ਘਰਾਂ ਅੱਗੇ ਉਸੇ ਦਿਨ ਕਿਸਾਨ ਜਥੇਬੰਦੀ ਵੱਲੋਂ ਵੀ ਧਰਨੇ ਲਾਏ ਗਏ ਤਾਂ ਕਿ ਪੰਜਾਬ ਸਰਕਾਰ ਖਿਲਾਫ਼ ਲੋਕਾਂ ਦੇ ਸੰਘਰਸ਼ਾਂ ਦੀ ਸਾਂਝ ਉਭਾਰੀ ਜਾ ਸਕੇ ਤੇ ਸਾਂਝਾ ਦਬਾਅ ਪਾਇਆ ਜਾ ਸਕੇ। ਫਿਰ ਉਸ ਤੋਂ ਮਗਰੋਂ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਵਿਸ਼ੇਸ਼ ਕਰਕੇ ਉਭਾਰਨ ਲਈ 13 ਸਤੰਬਰ ਨੂੰ ਭਾਜਪਾ ਨਾਲ ਸੰਬੰਧਿਤ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਗਏ। ਇਸ ਅਰਸੇ ਦੌਰਾਨ ਕਿਸਾਨ ਆਗੂਆਂ ਤੇ ਵਰਕਰਾਂ ਵੱਲੋਂ ਜ਼ੋਰਦਾਰ ਮਿਹਨਤ ਨਾਲ ਕੀਤੀ ਗਈ ਜਨਤਕ ਲਾਮਬੰਦੀ ਬਹੁਤ ਡੂੰਘੀ ਸੀ। ਇਹਨਾਂ ਧਰਨਿਆਂ ਦੇ ਦੌਰਾਨ ਹੀ 9 ਸਤੰਬਰ ਨੂੰ ਉੱਘੇ ਇਨਕਲਾਬੀ ਕਵੀ ਮਰਹੂਮ ਪਾਸ਼ ਦੇ ਜਨਮਦਿਨ ਮੌਕੇ ਵੀ ਹਜ਼ਾਰਾਂ ਕਿਸਾਨ ਪੰਜਾਬ ਭਰ 'ਚੋਂ ਤਲਵੰਡੀ ਸਲੇਮ ਪਹੁੰਚੇ। 

ਪੰਜਾਬ ਸਰਕਾਰ ਨੇ ਘੇਸਲ ਮਾਰ ਕੇ ਇਸ ਕਿਸਾਨ ਰੋਹ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਹੈ। ਪਰ ਆਖਰ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ। ਆਗੂਆਂ ਵੱਲੋਂ ਪ੍ਰੈਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦਾ ਰਵੱਈਆ ਕਿਸਾਨ ਮੰਗਾਂ ਪ੍ਰਤੀ ਲਗਭਗ ਨਾ ਪੱਖੀ ਰਵੱਈਆ ਹੈ। ਇਸ ਲਈ ਇਸੇ ਸੰਘਰਸ਼ ਨੂੰ ਜਾਰੀ ਰੱਖਦਿਆਂ ਅਗਲੇ ਸੱਦੇ ਵਜੋਂ ਪੰਜ ਅਕਤੂਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਕੇਂਦਰਾਂ 'ਤੇ ਸਥਿਤ ਮਿਨੀ ਸਕੱਤਰੇਤ ਦਫ਼ਤਰਾਂ ਨੂੰ ਮੁੜ ਤੋਂ ਘੇਰਨ ਦਾ ਸੱਦਾ ਦਿੱਤਾ ਗਿਆ ਹੈ। ਸਾਮਰਾਜੀ ਦਿਸ਼ਾ ਨਿਰਦੇਸ਼ਤ ਆਰਥਿਕ ਸੁਧਾਰਾਂ ਦੇ ਉਸੇ ਚੌਖਟੇ ਵਿੱਚ ਹੋਣ ਕਾਰਨ ਆਮ ਆਦਮੀ ਪਾਰਟੀ ਤਿੰਨਾਂ ਮੰਗਾਂ ਪ੍ਰਤੀ ਅਜਿਹਾ ਨਕਾਰੀ ਰਵੱਈਆ ਹੀ ਧਾਰਨ ਕਰ ਸਕਦੀ ਹੈ ਜੋ ਉਸਨੇ ਆਪਣੇ ਸਾਰੇ ਕਾਰਜਕਾਲ ਦੌਰਾਨ ਕੀਤਾ ਹੋਇਆ ਹੈ। ਇਸ ਲਈ ਕਿਸਾਨ ਜਨਤਾ ਨੂੰ ਇਸ ਸਥਿਤੀ ਦੇ ਵਿਸ਼ੇਸ਼ ਲੱਛਣਾਂ ਨੂੰ ਗ੍ਰਹਿਣ ਕਰਨ ਦੀ ਲੋੜ ਹੈ ਕਿ ਹਾਕਮ ਜਮਾਤਾਂ ਦੀਆਂ ਮੌਜੂਦਾ ਸਰਕਾਰਾਂ ਸਾਮਰਾਜੀਆਂ ਤੇ ਵੱਡੇ ਸਰਮਾਏਦਾਰਾਂ ਜਗੀਰਦਾਰਾਂ  ਦੀ ਰਾਖੀ ਲਈ ਇੰਨੀ ਡੂੰਘੀ ਤਰ੍ਹਾਂ ਵਚਨਬੱਧ ਹਨ ਕਿ ਉਹ ਸਾਰੇ ਆਰਥਿਕ ਸੰਕਟਾਂ ਦਾ ਭਾਰ ਲੋਕਾਂ 'ਤੇ ਲੱਦ  ਰਹੀਆਂ ਹਨ। ਲੋਕਾਂ ਲਈ ਖਰਚੇ ਜਾਣ ਵਾਲੇ ਬਜਟਾਂ 'ਚ ਵਾਧੇ ਤਾਂ ਦੂਰ ਉਹ ਜ਼ਮੀਨਾਂ, ਫ਼ਸਲਾਂ ਤੋਂ ਲੈ ਕੇ ਸਭ ਕੁੱਝ ਲੁਟੇਰੀਆਂ ਕੰਪਨੀਆਂ ਦੀ ਸੇਵਾ 'ਚ ਪਰੋਸ ਰਹੀਆਂ ਹਨ। ਅਜਿਹੀ ਹਾਲਤ 'ਚ ਉਹ ਕਿਸਾਨਾਂ ਨਾਲ ਨਕਲੀ ਤੇ ਰਸਮੀ ਵਾਅਦਾ ਕਰਨ ਤੋਂ ਵੀ ਕਤਰਾਉਂਦੀਆਂ ਹਨ ਕਿਉਂਕਿ ਉਹ ਵਾਅਦੇ ਫਿਰ ਸੰਘਰਸ਼ ਦਾ ਮੁੱਦਾ ਬਣ ਜਾਂਦੇ ਹਨ। ਇਸ ਲਈ ਸੰਘਰਸ਼ ਲਹਿਰ ਦਾ ਵਧਾਰਾ ਪਸਾਰਾ ਤੇ ਮੌਜੂਦਾ ਸਮੇਂ ਨਾਲੋਂ ਕਿਤੇ ਹੋਰ ਉਚੇਰੇ ਪੱਧਰ ਦੀ ਜਥੇਬੰਦੀ ਤੇ ਉਚੇਰੇ ਪੱਧਰ ਦੇ ਸੰਘਰਸ਼ ਹੀ ਕਿਸਾਨ ਹਿੱਤਾਂ ਦੀ ਰਾਖੀ ਕਰ ਸਕਦੇ ਹਨ। ਇਹਨਾਂ ਮੌਜੂਦਾ ਸੰਘਰਸ਼ਾਂ ਵਿੱਚ ਵੀ ਆਰਥਿਕ ਪ੍ਰਾਪਤੀਆਂ ਨਾਲੋਂ ਜ਼ਿਆਦਾ ਸਿਆਸੀ ਪ੍ਰਾਪਤੀਆਂ ਮਹੱਤਵਪੂਰਨ ਹਨ। ਇਸ ਲਈ ਇਹਨਾਂ ਲਗਾਤਾਰ ਧਰਨਿਆਂ ਦੌਰਾਨ ਭਾਵੇਂ ਪੰਜਾਬ ਸਰਕਾਰ ਮੰਗਾਂ ਨਾ ਮੰਨਣ ਦੇ ਹੱਠ 'ਤੇ ਕਾਇਮ ਰਹੀ ਹੈ ਪਰ ਉਸਦੀ ਸਿਆਸੀ ਪੜਤ ਨੂੰ ਪਿਆ ਖੋਰਾ ਤੇ ਲੋਕਾਂ ਅੰਦਰ ਫੈਲਿਆ ਜਾਗਿਆ ਰੋਹ ਇਸ ਸੰਘਰਸ਼ ਦਾ ਹਾਸਲ ਹੈ।

--0-- 

ਇਨਕਲਾਬੀ ਤਬਦੀਲੀ ਲਈ ਜੂਝਣ ਦਾ ਸੰਦੇਸ਼ ਦੇ ਕੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ



 ਇਨਕਲਾਬੀ ਤਬਦੀਲੀ ਲਈ ਜੂਝਣ ਦਾ ਸੰਦੇਸ਼ ਦੇ ਕੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ


ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਪਿੰਡ ਸੇਵੇਵਾਲਾ (ਫਰੀਦਕੋਟ) ਵਿਖੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਕਵੀਸ਼ਰੀ, ਗੀਤਾਂ ਤੇ ਨਾਟਕਾਂ ਦਾ ਆਯੋਜਨ ਕੀਤਾ ਗਿਆ ਹੈ। ਸਮਾਗਮ ਦੀ ਸਟੇਜ ਤੋਂ ਭਗਤ ਸਿੰਘ ਦੀ ਇਨਕਲਾਬੀ ਸਿਆਸਤ ਨੂੰ ਉਭਾਰਿਆ ਗਿਆ ਤੇ ਇਲਾਕੇ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਸਾਮਰਾਜ ਉਹਨਾਂ ਦੇ ਜੋਟੀਦਾਰਾਂ ਖਿਲਾਫ ਸੰਘਰਸ਼ ਕਰਨ ਲਈ ਲੋਕਾਂ ਦੀ ਸਾਂਝੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ।


ਰਸੂਲਪੁਰ ਵਾਲੇ ਕਵੀਸ਼ਰੀ ਜਥੇ ਨੇ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਨਾਲ ਜੁੜਵੀਂ ਕਵੀਸ਼ਰੀ ਗਾ ਕੇ ਪੰਡਾਲ -ਇਨਕਲਾਬੀ ਜੋਸ਼ ਭਰਨ ਦਾ ਕੰਮ ਕੀਤਾ। ਗਾਇਕਾਂ ਵੱਲੋਂ ਗਾਏ ਗੀਤਾਂ ਨੇ ਪੰਡਾਲ ਨੂੰ ਸ਼ਹੀਦ ਨਾਲ ਜੋੜੀ ਰੱਖਿਆ। ਸਕੂਲੀ ਬੱਚਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ 'ਤੇ ਆਧਾਰਿਤ ਕੀਤੇ ਨਾਟਕ ਨੂੰ ਟਿਕਟਿਕੀ ਲਾ ਕੇ ਵੇਖਿਆ।


ਸ਼ਹੀਦ ਭਗਤ ਸਿੰਘ ਵੱਲੋਂ ਭਾਰਤੀ ਲੋਕਾਂ ਦੀ ਮੁਕਤੀ ਲਈ ਵਿੱਢੀ ਲੜਾਈ ਨੂੰ ਜਾਰੀ ਰੱਖੇ ਜਾਣ ਦਾ ਸੱਦਾ ਦਿੰਦਿਆਂ ਮੋਰਚੇ ਦੀ ਸੂਬਾਈ ਆਗੂ ਸ਼ੀਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਇਨਕਲਾਬ, ਗਏ ਅੰਗਰੇਜ਼ ਸਾਮਰਾਜੀਆਂ ਨੂੰ ਮੁਲਕ ਮੁਕੰਮਲ ਰੂਪ ਵਿੱਚ ਬਾਹਰ ਕਰਨਾ, ਇਥੋਂ ਲੁੱਟ ਕੇ ਇਕੱਠੀ ਕੀਤੀ ਪੂੰਜੀ ਤੇ ਚਲਾਏ ਜਾ ਰਹੇ ਕਾਰੋਬਾਰਾਂ ਨੂੰ ਜ਼ਬਤ ਕਰਕੇ ਭਾਰਤੀ ਲੋਕਾਂ ਦੀ ਤਰੱਕੀ ਵਿੱਚ ਲਾਏ ਜਾਣਾ ਹੈ। ਇਸ ਦੇ ਨਾਲ ਹੀ ਉਹਨਾਂ ਦੇ ਜੋਟੀਦਾਰ ਵੱਡੇ ਵੱਡੇ ਜਗੀਰਦਾਰਾਂ ਦੀਆਂ ਜ਼ਮੀਨਾਂ ਤੇ ਸਾਧਨ ਖੇਤੀ ਕਿੱਤੇ ਵਿੱਚ ਦਿਨ ਰਾਤ ਖਪਦੇ ਬੇਜ਼ਮੀਨੇ, ਥੁੜ ਜ਼ਮੀਨੇ ਤੇ ਖੇਤ ਮਜ਼ਦੂਰਾਂ ਵਿੱਚ ਵੰਡੇ ਜਾਣਾ ਹੈ। ਸ਼ਹੀਦ ਭਗਤ ਸਿੰਘ ਦਾ ਇਹ ਕਹਿਣਾ ਕਿ ਸਾਮਰਾਜੀ ਅਤੇ ਜਗੀਰੂ ਲੁੱਟ ਦੇ ਸੰਗਲਾਂ ਨੂੰ ਤੋੜਨ ਲਈ ਮਜ਼ਦੂਰਾਂ ਕਿਸਾਨਾਂ ਨੂੰ ਜੱਟੀ ਪਾ ਕੇ ਜਾਨ ਹੂਲਵੇਂ ਸੰਘਰਸ਼ਾਂ ਦੇ ਮੈਦਾਨ ਭਖਾਉਣੇ ਪੈਣੇ ਹਨ। ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਸ ਸੰਘਰਸ਼ ਲਈ ਤਿਆਰ ਕਰਨ ਦਾ ਕੰਮ ਕਰਨਾ ਪੈਣਾ ਹੈ। ਸ਼ਹੀਦ ਭਗਤ ਸਿੰਘ ਦਾ ਇਨਕਲਾਬ ਅੱਜ ਵੀ ਪ੍ਰਸੰਗਿਕ ਹੈ ਅਤੇ ਲੋੜੀਦਾ ਹੈ। ਅੱਜ ਵੀ ਸਾਡੇ ਦੇਸ਼ ਦੇ ਹਾਕਮ ਸਾਮਰਾਜੀਆਂ ਦੀਆਂ ਹਿਦਾਇਤਾਂ ਦਾ ਇੰਨਾ ਬਿੰਨ ਪਾਲਣ ਕਰ ਰਹੇ ਹਨ। ਵਿਦੇਸ਼ੀ ਕੰਪਨੀਆਂ ਨੂੰ ਸੱਦੇ ਦੇ ਰਹੇ ਹਨ। ਮੁਲਕ ਦੀ ਭਾਜਪਾ ਹਕੂਮਤ ਤੇ ਪੰਜਾਬ ਦੀ ਆਪ ਪਾਰਟੀ ਦੀ ਹਕੂਮਤ ਵਿਦੇਸ਼ੀ ਵੱਡੀਆਂ ਕੰਪਨੀਆਂ ਨੂੰ ਮੁਲਕ ਤੇ ਲੁੱਟਣ ਦੇ ਸੱਦੇ ਦੇਣ ਵਿੱਚ ਇੱਕ ਦੂਜੇ ਤੋਂ ਮੂਹਰੇ ਨਿਕਲਣ ਦੀ ਦੌੜ ਦੌੜ ਰਹੇ ਹਨ। ਇਥੋਂ ਦੇ ਜਗੀਰਦਾਰਾਂ ਤੇ ਸਰਮਾਏਦਾਰ ਜਮੀਨਾਂ ਤੇ ਪੈਸੇ ਦੀਆਂ ਢੇਰੀਆਂ ਵੱਡੀਆਂ ਕਰਨ ਵਿਚ ਹਰ ਪ੍ਰਕਾਰ ਦੀ ਮਦਦ ਕਰ ਰਹੀਆਂ ਹਨ ਦੂਜੇ ਪਾਸੇ ਲੋਕ ਅੰਗਰੇਜ਼ੀ ਵੇਲੇ ਵਾਂਗੂ ਹੀ ਬੇਰੁਜ਼ਗਾਰੀ ਤੇ ਗੁਰਬਤ ਭਰੀ ਜ਼ਿੰਦਗੀ ਜੀਅ ਰਹੇ ਹਨ। ਆਵਾਜ਼ ਉਠਾਉਂਦੇ ਹਨ ਤਾਂ ਸਭ ਸਰਕਾਰਾਂ ਐਨੇ ਜ 'ਤੇ ਉੱਤਰ ਆਉਂਦੀ ਹੈ। ਅੰਗਰੇਜ਼ੀ ਰਾਜ ਦੀ ਤਰ੍ਹਾਂ ਹੀ ਸੈਂਕੜੇ ਜਾਬਰ ਕਾਨੂੰਨ ਹਨ।


ਬੁਲਾਰੇ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਹਨਾਂ ਦੇ ਇਨਕਲਾਬ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸਾਨ ਮਜ਼ਦੂਰ ਜੱਟੀ ਪਾਉਣ, ਨੌਜਵਾਨ ਇਸ ਵਿੱਚ ਬਣਦਾ ਰੋਲ ਨਿਭਾਉਣ ਤੇ ਲੋਕਾਂ ਦਾ ਹਰ ਵਰਗ ਇਸ ਜੋਟੀ ਦੁਆਲੇ ਜੁੜੇ। ਸਟੇਜ ਸਕੱਤਰ ਦੀ ਭੂਮਿਕਾ ਬਲਕਰਨ ਸਿੰਘ ਵੱਲੋਂ ਨਿਭਾਈ ਗਈ।


ਅਜਿਹਾ ਹੀ ਇਕ ਸਮਾਗਮ ਪਿੰਡ ਕੋਟਗੁਰੂ (ਬਲਾਕ ਸੰਗਤ) ਵਿੱਚ ਕੀਤਾ ਗਿਆ ਜਿੱਥੇ ਪਿੰਡ ਤੇ ਇਲਾਕੇ ਦੇ ਲੋਕਾਂ ਭਰਵੀਂ ਸ਼ਮੂਲੀਅਤ ਕੀਤੀ ਗਈ।


(ਪ੍ਰੈਸ ਲਈ ਜਾਰੀ ਬਿਆਨ,ਸੰਖੇਪ)