ਇਨਕਲਾਬੀ ਤਬਦੀਲੀ ਲਈ ਜੂਝਣ ਦਾ ਸੰਦੇਸ਼ ਦੇ ਕੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਪਿੰਡ ਸੇਵੇਵਾਲਾ (ਫਰੀਦਕੋਟ) ਵਿਖੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਕਵੀਸ਼ਰੀ, ਗੀਤਾਂ ਤੇ ਨਾਟਕਾਂ ਦਾ ਆਯੋਜਨ ਕੀਤਾ ਗਿਆ ਹੈ। ਸਮਾਗਮ ਦੀ ਸਟੇਜ ਤੋਂ ਭਗਤ ਸਿੰਘ ਦੀ ਇਨਕਲਾਬੀ ਸਿਆਸਤ ਨੂੰ ਉਭਾਰਿਆ ਗਿਆ ਤੇ ਇਲਾਕੇ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਸਾਮਰਾਜ ਉਹਨਾਂ ਦੇ ਜੋਟੀਦਾਰਾਂ ਖਿਲਾਫ ਸੰਘਰਸ਼ ਕਰਨ ਲਈ ਲੋਕਾਂ ਦੀ ਸਾਂਝੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ।
ਰਸੂਲਪੁਰ ਵਾਲੇ ਕਵੀਸ਼ਰੀ ਜਥੇ ਨੇ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਨਾਲ ਜੁੜਵੀਂ ਕਵੀਸ਼ਰੀ ਗਾ ਕੇ ਪੰਡਾਲ -ਇਨਕਲਾਬੀ ਜੋਸ਼ ਭਰਨ ਦਾ ਕੰਮ ਕੀਤਾ। ਗਾਇਕਾਂ ਵੱਲੋਂ ਗਾਏ ਗੀਤਾਂ ਨੇ ਪੰਡਾਲ ਨੂੰ ਸ਼ਹੀਦ ਨਾਲ ਜੋੜੀ ਰੱਖਿਆ। ਸਕੂਲੀ ਬੱਚਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ 'ਤੇ ਆਧਾਰਿਤ ਕੀਤੇ ਨਾਟਕ ਨੂੰ ਟਿਕਟਿਕੀ ਲਾ ਕੇ ਵੇਖਿਆ।
ਸ਼ਹੀਦ ਭਗਤ ਸਿੰਘ ਵੱਲੋਂ ਭਾਰਤੀ ਲੋਕਾਂ ਦੀ ਮੁਕਤੀ ਲਈ ਵਿੱਢੀ ਲੜਾਈ ਨੂੰ ਜਾਰੀ ਰੱਖੇ ਜਾਣ ਦਾ ਸੱਦਾ ਦਿੰਦਿਆਂ ਮੋਰਚੇ ਦੀ ਸੂਬਾਈ ਆਗੂ ਸ਼ੀਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਇਨਕਲਾਬ, ਗਏ ਅੰਗਰੇਜ਼ ਸਾਮਰਾਜੀਆਂ ਨੂੰ ਮੁਲਕ ਮੁਕੰਮਲ ਰੂਪ ਵਿੱਚ ਬਾਹਰ ਕਰਨਾ, ਇਥੋਂ ਲੁੱਟ ਕੇ ਇਕੱਠੀ ਕੀਤੀ ਪੂੰਜੀ ਤੇ ਚਲਾਏ ਜਾ ਰਹੇ ਕਾਰੋਬਾਰਾਂ ਨੂੰ ਜ਼ਬਤ ਕਰਕੇ ਭਾਰਤੀ ਲੋਕਾਂ ਦੀ ਤਰੱਕੀ ਵਿੱਚ ਲਾਏ ਜਾਣਾ ਹੈ। ਇਸ ਦੇ ਨਾਲ ਹੀ ਉਹਨਾਂ ਦੇ ਜੋਟੀਦਾਰ ਵੱਡੇ ਵੱਡੇ ਜਗੀਰਦਾਰਾਂ ਦੀਆਂ ਜ਼ਮੀਨਾਂ ਤੇ ਸਾਧਨ ਖੇਤੀ ਕਿੱਤੇ ਵਿੱਚ ਦਿਨ ਰਾਤ ਖਪਦੇ ਬੇਜ਼ਮੀਨੇ, ਥੁੜ ਜ਼ਮੀਨੇ ਤੇ ਖੇਤ ਮਜ਼ਦੂਰਾਂ ਵਿੱਚ ਵੰਡੇ ਜਾਣਾ ਹੈ। ਸ਼ਹੀਦ ਭਗਤ ਸਿੰਘ ਦਾ ਇਹ ਕਹਿਣਾ ਕਿ ਸਾਮਰਾਜੀ ਅਤੇ ਜਗੀਰੂ ਲੁੱਟ ਦੇ ਸੰਗਲਾਂ ਨੂੰ ਤੋੜਨ ਲਈ ਮਜ਼ਦੂਰਾਂ ਕਿਸਾਨਾਂ ਨੂੰ ਜੱਟੀ ਪਾ ਕੇ ਜਾਨ ਹੂਲਵੇਂ ਸੰਘਰਸ਼ਾਂ ਦੇ ਮੈਦਾਨ ਭਖਾਉਣੇ ਪੈਣੇ ਹਨ। ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਸ ਸੰਘਰਸ਼ ਲਈ ਤਿਆਰ ਕਰਨ ਦਾ ਕੰਮ ਕਰਨਾ ਪੈਣਾ ਹੈ। ਸ਼ਹੀਦ ਭਗਤ ਸਿੰਘ ਦਾ ਇਨਕਲਾਬ ਅੱਜ ਵੀ ਪ੍ਰਸੰਗਿਕ ਹੈ ਅਤੇ ਲੋੜੀਦਾ ਹੈ। ਅੱਜ ਵੀ ਸਾਡੇ ਦੇਸ਼ ਦੇ ਹਾਕਮ ਸਾਮਰਾਜੀਆਂ ਦੀਆਂ ਹਿਦਾਇਤਾਂ ਦਾ ਇੰਨਾ ਬਿੰਨ ਪਾਲਣ ਕਰ ਰਹੇ ਹਨ। ਵਿਦੇਸ਼ੀ ਕੰਪਨੀਆਂ ਨੂੰ ਸੱਦੇ ਦੇ ਰਹੇ ਹਨ। ਮੁਲਕ ਦੀ ਭਾਜਪਾ ਹਕੂਮਤ ਤੇ ਪੰਜਾਬ ਦੀ ਆਪ ਪਾਰਟੀ ਦੀ ਹਕੂਮਤ ਵਿਦੇਸ਼ੀ ਵੱਡੀਆਂ ਕੰਪਨੀਆਂ ਨੂੰ ਮੁਲਕ ਤੇ ਲੁੱਟਣ ਦੇ ਸੱਦੇ ਦੇਣ ਵਿੱਚ ਇੱਕ ਦੂਜੇ ਤੋਂ ਮੂਹਰੇ ਨਿਕਲਣ ਦੀ ਦੌੜ ਦੌੜ ਰਹੇ ਹਨ। ਇਥੋਂ ਦੇ ਜਗੀਰਦਾਰਾਂ ਤੇ ਸਰਮਾਏਦਾਰ ਜਮੀਨਾਂ ਤੇ ਪੈਸੇ ਦੀਆਂ ਢੇਰੀਆਂ ਵੱਡੀਆਂ ਕਰਨ ਵਿਚ ਹਰ ਪ੍ਰਕਾਰ ਦੀ ਮਦਦ ਕਰ ਰਹੀਆਂ ਹਨ ਦੂਜੇ ਪਾਸੇ ਲੋਕ ਅੰਗਰੇਜ਼ੀ ਵੇਲੇ ਵਾਂਗੂ ਹੀ ਬੇਰੁਜ਼ਗਾਰੀ ਤੇ ਗੁਰਬਤ ਭਰੀ ਜ਼ਿੰਦਗੀ ਜੀਅ ਰਹੇ ਹਨ। ਆਵਾਜ਼ ਉਠਾਉਂਦੇ ਹਨ ਤਾਂ ਸਭ ਸਰਕਾਰਾਂ ਐਨੇ ਜ 'ਤੇ ਉੱਤਰ ਆਉਂਦੀ ਹੈ। ਅੰਗਰੇਜ਼ੀ ਰਾਜ ਦੀ ਤਰ੍ਹਾਂ ਹੀ ਸੈਂਕੜੇ ਜਾਬਰ ਕਾਨੂੰਨ ਹਨ।
ਬੁਲਾਰੇ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਹਨਾਂ ਦੇ ਇਨਕਲਾਬ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸਾਨ ਮਜ਼ਦੂਰ ਜੱਟੀ ਪਾਉਣ, ਨੌਜਵਾਨ ਇਸ ਵਿੱਚ ਬਣਦਾ ਰੋਲ ਨਿਭਾਉਣ ਤੇ ਲੋਕਾਂ ਦਾ ਹਰ ਵਰਗ ਇਸ ਜੋਟੀ ਦੁਆਲੇ ਜੁੜੇ। ਸਟੇਜ ਸਕੱਤਰ ਦੀ ਭੂਮਿਕਾ ਬਲਕਰਨ ਸਿੰਘ ਵੱਲੋਂ ਨਿਭਾਈ ਗਈ।
ਅਜਿਹਾ ਹੀ ਇਕ ਸਮਾਗਮ ਪਿੰਡ ਕੋਟਗੁਰੂ (ਬਲਾਕ ਸੰਗਤ) ਵਿੱਚ ਕੀਤਾ ਗਿਆ ਜਿੱਥੇ ਪਿੰਡ ਤੇ ਇਲਾਕੇ ਦੇ ਲੋਕਾਂ ਭਰਵੀਂ ਸ਼ਮੂਲੀਅਤ ਕੀਤੀ ਗਈ।
(ਪ੍ਰੈਸ ਲਈ ਜਾਰੀ ਬਿਆਨ,ਸੰਖੇਪ)
