Showing posts with label ‘‘ਫ਼ਿਰਕੂ ਫ਼ਸਾਦ ਰੋਕਣ ਲਈ ਸ਼੍ਰੇਣੀ ਜਾਗਰਤੀ ਦੀ ਲੋੜ’’. Show all posts
Showing posts with label ‘‘ਫ਼ਿਰਕੂ ਫ਼ਸਾਦ ਰੋਕਣ ਲਈ ਸ਼੍ਰੇਣੀ ਜਾਗਰਤੀ ਦੀ ਲੋੜ’’. Show all posts

Tuesday, September 20, 2022

‘‘ਫ਼ਿਰਕੂ ਫ਼ਸਾਦ ਰੋਕਣ ਲਈ ਸ਼੍ਰੇਣੀ ਜਾਗਰਤੀ ਦੀ ਲੋੜ’’

 ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕਲਮ ਤੋ

‘‘ਫ਼ਿਰਕੂ ਫ਼ਸਾਦ ਰੋਕਣ ਲਈ ਸ਼੍ਰੇਣੀ ਜਾਗਰਤੀ ਦੀ ਲੋੜ’’




ਭਾਰਤ-ਵਰਸ਼ ਦੀ ਇਸ ਵੇਲੇ ਬੜੀ ਤਰਸਯੋਗ ਹਾਲਤ ਹੈ। ਇੱਕ ਧਰਮ ਦੇ ਪਿੱਛੇ-ਲੱਗ ਦੂਜੇ ਧਰਮ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਇੱਕ ਧਰਮ ਦੇ ਹੋਣਾ ਹੀ ਦੂਜੇ ਧਰਮ ਦੇ ਕੱਟੜ ਵੈਰੀ ਹੋਣਾ ਹੈ, ਜੇ ਇਸ ਗੱਲ ਦਾ ਅਜੇ ਵੀ ਯਕੀਨ ਨਾ ਹੋਵੇ ਤਾਂ ਲਾਹੌਰ ਦੇ ਤਾਜ਼ੇ ਫ਼ਸਾਦ ਹੀ ਦੇਖ ਲਉ। ਕਿੱਦਾਂ ਮੁਸਲਮਾਨਾਂ ਨੇ ਬੇਗੁਨਾਹ ਸਿੱਖਾਂ, ਹਿੰਦੂਆਂ ਦੇ ਆਹੂ ਲਾਹੇ ਹਨ, ਤੇ ਕਿੱਦਾਂ ਸਿੱਖਾਂ ਨੇ ਵੀ ਵਾਹ ਲੱਗਦੀ ਕੋਈ ਕਸਰ ਨਹੀਂ ਛੱਡੀ ਹੈ। ਇਹ ਆਹੂ ਇਸ ਲਈ ਨਹੀਂ ਲਾਹੇ ਗਏ ਹਨ ਕਿ ਫਲਾਣਾ ਪੁਰਸ਼ ਦੋਸ਼ੀ ਹੈ, ਸਗੋਂ ਇਸ ਲਈ ਕਿ ਫਲਾਣਾ ਪੁਰਸ਼ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ। ਬੱਸ, ਕਿਸੇ ਪੁਰਸ਼ ਦਾ ਸਿੱਖ ਜਾਂ ਹਿੰਦੂ ਹੋਣਾ ਮੁਸਲਮਾਨਾਂ ਦੇ ਕਤਲ ਕਰਨ ਲਈ ਕਾਫੀ ਕਾਰਨ ਸੀ ਅਤੇ ਇਸੇ ਤਰ੍ਹਾਂ ਹੀ ਕਿਸੇ ਪੁਰਸ਼ ਦਾ ਮੁਸਲਮਾਨ ਹੋਣਾ ਹੀ, ਉਸ ਦੀ ਜਾਨ ਲੈਣ ਲਈ ਕਾਫੀ ਦਲੀਲ ਸੀ। ਜਦ ਇਹੋ ਜਿਹੀ ਹਾਲਤ ਹੋਵੇ ਤਾਂ ਹਿੰਦੁਸਤਾਨ ਦਾ ਅੱਲਾ ਹੀ ਬੇਲੀ ਹੈ।.. 

ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਸ਼ੇ੍ਰਣੀ ਜਾਗਰਤੀ ਦੀ ਲੋੜ ਹੈ। ਗਰੀਬਾਂ ਕਿਰਤੀਆਂ ਤੇ ਕਿਰਸਾਣਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਹਨਾਂ ਦੇ ਹੱਥ-ਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਤੇ ਇਨ੍ਹਾਂ ਦੇ ਹੱਥ ’ਤੇ ਚੜ੍ਹ ਕੇ ਕੁੱਛ ਨਹੀਂ ਕਰਨਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਗਵਰਨਮੈਂਟ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ਾ ਨਹੀਂ ਹੋਵੇਗਾ, ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਸੁਤੰਤਰਤਾ ਮਿਲ ਜਾਵੇਗੀ। 

ਜਿੰਨ੍ਹਾਂ ਲੋਕਾਂ ਨੂੰ ਰੂਸ ਦੇ ਇਤਿਹਾਸ ਦਾ ਪਤਾ ਹੈ, ਉਹ ਜਾਣਦੇ ਹਨ ਕਿ ਜ਼ਾਰ ਦੇ ਵੇਲੇ ਉੱਥੇ ਵੀ ਇਹੋ ਹਿੰਦੁਸਤਾਨ ਵਾਲੀ ਹਾਲਤ ਸੀ, ਉੱਥੇ ਵੀ ਕਿੰਨੇ ਹੀ ਫਿਰਕੇ ਸਨ ਜਿਹੜੇ ਆਪਸ ਵਿੱਚ ਛਿੱਤਰ-ਪੋਲਾ ਹੀ ਖੜਕਾਉਦੇ ਰਹਿੰਦੇ ਸਨ। ਪਰ ਜਿਸ ਦਿਨ ਤੋਂ ਕਿਰਤੀ ਰਾਜ ਹੋਇਆ ਹੈ ਉੱਥੇ ਨਕਸ਼ਾ ਹੀ ਬਦਲ ਗਿਆ ਹੈ। ਹੁਣ ਉੱਥੇ ਕਦੇ ਫਸਾਦ ਹੋਏ ਹੀ ਨਹੀਂ, ਹੁਣ ਉੱਥੇ ਹਰ ਇੱਕ ਨੂੰ ‘ਇਨਸਾਨ’ ਸਮਝਿਆ ਜਾਂਦਾ ਹੈ ‘ਧਰਮੀ’ ਨਹੀਂ।  ਜ਼ਾਰ ਦੇ ਵੇਲੇ ਲੋਕਾਂ ਦੀ ਆਰਥਕ ਦਸ਼ਾ ਬਹੁਤ ਹੀ ਭੈੜੀ ਸੀ। ਇਸ ਲਈ ਸਭ ਫ਼ਸਾਦ-ਝਗੜੇ ਹੁੰਦੇ ਸਨ। ਪਰ ਹੁਣ ਰੂਸੀਆਂ ਦੀ ਆਰਥਕ ਹਾਲਤ ਸੁਧਰ ਗਈ ਹੈ ਤੇ ਉਨ੍ਹਾਂ ਵਿੱਚ ਸ਼ੇ੍ਰਣੀ-ਜਾਗਰਤੀ ਘਰ ਕਰ ਗਈ ਹੈ। ਇਸ ਲਈ ਉੱਥੇ ਹੁਣ ਤਾਂ ਕਦੇ ਕੋਈ ਫ਼ਸਾਦ ਸੁਣਨ ਵਿੱਚ ਨਹੀਂ ਆਏ। 

ਇਹਨਾਂ ਫ਼ਸਾਦਾਂ ਵਿੱਚ ਉਞ ਤਾਂ ਬੜੇ ਦਿਲ ਢਾਉਣ ਵਾਲੇ ਸਮਾਚਾਰ ਸੁਣੇ ਜਾਂਦੇ ਹਨ ਪਰ ਕਲਕੱਤੇ ਦੇ ਫ਼ਸਾਦਾਂ ਵਿੱਚ ਇੱਕ ਗੱਲ ਬੜੀ ਖੁਸ਼ੀ ਵਾਲੀ ਸੁਣੀ ਗਈ ਸੀ। ਉਹ ਇਹ ਸੀ ਕਿ ਉੱਥੇ ਹੋਏ ਫ਼ਸਾਦਾਂ ਵਿੱਚ ਟਰੇਡ ਯੂਨੀਅਨਾਂ ਦੇ ਕਿਰਤੀਆਂ ਨੇ ਕੋਈ ਹਿੱਸਾ ਨਹੀਂ ਲਿਆ ਸੀ। ਤੇ ਨਾ ਉਹ ਆਪਸ ਵਿੱਚ ਗੁੱਥਮ-ਗੁੱਥਾ ਹੋਏ ਸਨ। ਸਗੋਂ ਉਹ ਬੜੇ ਪ੍ਰੇਮ ਨਾਲ ਸਾਰੇ ਹੀ ਹਿੰਦੂ-ਮੁਸਲਮਾਨ ਇਕੱਠੇ ਮਿੱਲਾਂ ਆਦਿ ਵਿੱਚ ਰਹਿੰਦੇ-ਬਹਿੰਦੇ ਸਨ ਤੇ ਫ਼ਸਾਦ ਹਟਾਣ ਦੇ ਵੀ ਯਤਨ ਕਰਦੇ ਰਹੇ ਸਨ। ਇਹ ਇਸ ਲਈ ਕਿ ਉਹਨਾਂ ਵਿੱਚ ਸ਼ੇ੍ਰਣੀ-ਜਾਗਰਤੀ ਆਈ ਹੋਈ ਸੀ ਤੇ ਉਹ ਆਪਣੇ ਸ਼ੇ੍ਰਣੀ ਫਾਇਦਿਆਂ ਨੂੰ ਭਲੀ-ਭਾਂਤ ਜਾਣਦੇ ਸਨ। ਇਹ ਸ਼ੇ੍ਰਣੀ ਜਾਗਰਤੀ ਦਾ ਇੱਕ ਸੁਹਣਾ ਰਾਹ ਹੈ ਜਿਹੜਾ ਕਿ ਫ਼ਸਾਦ ਰੋਕ ਸਕਦਾ ਹੈ।

.. .. .. 1914-15 ਦੇ ਸ਼ਹੀਦਾਂ ਨੇ ਧਰਮ ਨੂੰ ਪੌਲੇਟਿਕਸ ਤੋਂ ਵੱਖਰਾ ਕਰ ਦਿੱਤਾ ਹੋਇਆ ਸੀ। ਉਹ ਸਮਝਦੇ ਸਨ ਕਿ ਧਰਮ ਪੁਰਸ਼ਾਂ ਦਾ ਆਪਣਾ ਆਪਣਾ ਵੱਖਰਾ ਕਰਤੱਵ ਹੈ ਤੇ ਇਸ ਵਿੱਚ ਦੂਜੇ ਦਾ ਕੋਈ ਦਖਲ ਨਹੀਂ । ਨਾ ਹੀ ਇਸ ਨੂੰ ਰਾਜਨੀਤੀ ਵਿੱਚ ਘੁਸੇੜਨਾ ਚਾਹੀਦਾ ਹੈ ਕਿਉਕਿ ਇਹ ਸਰਬੱਤ ਨੂੰ ਸਾਂਝੇ ਇੱਕ ਥਾਂ ਮਿਲ ਕੇ ਕੰਮ ਨਹੀਂ ਕਰਨ ਦਿੰਦਾ ਹੈ। ਇਸੇ ਲਈ ਹੀ ਉਹ ਗ਼ਦਰ ਲਹਿਰ ਵਿੱਚ ਵੀ ਇੱਕਮੁੱਠ ਤੇ ਇੱਕ ਜਾਨ ਰਹੇ ਸਨ ਤੇ ਜਿੱਥੇ ਸਿੱਖ ਵਧ ਵਧ ਕੇ ਫਾਂਸੀਆਂ ’ਤੇ ਟੰਗੇ ਗਏ ਸਨ ਉੱਥੇ ਹਿੰਦੂਆਂਤੇ ਮੁਸਲਮਾਨਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਸੀ।